ਤੁਹਾਡੇ ਅਸੂਲ ਕੀ ਹਨ?
ਤੁਹਾਡੇ ਅਸੂਲ ਕੀ ਹਨ?
ਕੀ ਤੁਸੀਂ ਅਸੂਲਾਂ ਉੱਤੇ ਚੱਲਦੇ ਹੋ? ਜਾਂ ਕੀ ਤੁਹਾਡੇ ਭਾਣੇ ਅੱਜ-ਕੱਲ੍ਹ ਅਸੂਲਾਂ ਦਾ ਜ਼ਮਾਨਾ ਹੀ ਨਹੀਂ ਰਿਹਾ? ਸੱਚ ਤਾਂ ਇਹ ਹੈ ਕਿ ਹਰ ਇਨਸਾਨ ਦੇ ਕੋਈ-ਨ-ਕੋਈ ਅਸੂਲ ਹੁੰਦੇ ਹਨ ਜੋ ਉਸ ਲਈ ਅਹਿਮੀਅਤ ਰੱਖਦੇ ਹਨ। ਇਕ ਸ਼ਬਦ-ਕੋਸ਼ ਦੇ ਅਨੁਸਾਰ ਅਸੂਲ ਦਾ ਮਤਲਬ ਹੈ “ਉਹ ਕਰਨਾ ਜੋ ਤੁਸੀਂ ਸਹੀ ਸਮਝਦੇ ਹੋ।” ਅਸੀਂ ਆਪਣੇ ਅਸੂਲਾਂ ਅਨੁਸਾਰ ਚੱਲ ਕੇ ਜ਼ਿੰਦਗੀ ਦੇ ਫ਼ੈਸਲੇ ਕਰਦੇ ਹਾਂ ਅਤੇ ਅਸੂਲ ਕੰਪਾਸ ਦੀ ਤਰ੍ਹਾਂ ਜ਼ਿੰਦਗੀ ਨੂੰ ਸੇਧ ਦਿੰਦੇ ਹਨ।
ਉਦਾਹਰਣ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਮੱਤੀ 7:12 ਵਿਚ ਲਿਖੇ ਹੋਏ ਅਸੂਲ ਉੱਤੇ ਚੱਲਣ: “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” ਕਨਫਿਊਸ਼ਸ ਦੇ ਚੇਲੇ ਲੀ-ਯੈਨ ਦੇ ਅਸੂਲਾਂ ਉੱਤੇ ਚੱਲਦੇ ਹਨ ਜਿਨ੍ਹਾਂ ਵਿਚ ਦਿਆਲਤਾ, ਨਿਮਰਤਾ, ਆਦਰ, ਅਤੇ ਵਫ਼ਾਦਾਰੀ ਵਰਗੇ ਗੁਣ ਸ਼ਾਮਲ ਹਨ। ਜਿਹੜੇ ਲੋਕ ਕਿਸੇ ਮਜ਼ਹਬ ਨੂੰ ਨਹੀਂ ਵੀ ਮੰਨਦੇ ਉਹ ਵੀ ਅਸੂਲਾਂ ਉੱਤੇ ਚੱਲਦੇ ਹਨ।
ਸਾਡੇ ਅਸੂਲ ਕਿਹੋ ਜਿਹੇ ਹੋਣੇ ਚਾਹੀਦੇ ਹਨ?
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੂਲ ਚੰਗੇ ਜਾਂ ਮਾੜੇ ਹੋ ਸਕਦੇ ਹਨ। ਉਦਾਹਰਣ ਲਈ ਬਹੁਤ ਸਾਰੇ ਲੋਕ ਆਪਣੇ ਆਪ ਨੂੰ “ਨੰਬਰ ਵਨ” ਸਮਝਦੇ ਹਨ। ਅੱਜ-ਕੱਲ੍ਹ ਇਹ ਖ਼ੁਦਗਰਜ਼ ਰਵੱਈਆ ਕਾਫ਼ੀ ਵੱਧ ਚੁੱਕਾ ਹੈ। ਖ਼ੁਦਗਰਜ਼ ਹੋਣ ਦੇ ਨਾਲ-ਨਾਲ ਲੋਕ ਧਨ-ਦੌਲਤ ਦੇ ਪਿੱਛੇ ਲੱਗੇ ਹੋਏ ਹਨ। ਚੀਨ ਵਿਚ ਟੀ.ਵੀ. ਕੰਪਨੀ ਦੇ ਇਕ ਮਾਲਕ ਨੇ ਕਿਹਾ ਕਿ “ਸਾਡੇ ਤਾਂ ਸਿਰਫ਼ ਦੋ ਅਸੂਲ ਹਨ, ਇਕ ਹੈ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਅਤੇ ਦੂਜਾ ਹੈ ਪੈਸੇ ਕਮਾਉਣੇ।”
ਖ਼ੁਦਗਰਜ਼ ਰਵੱਈਏ ਦਾ ਪ੍ਰਭਾਵ ਚੁੰਬਕ ਦੇ ਪ੍ਰਭਾਵ ਵਰਗਾ ਹੋ ਸਕਦਾ ਹੈ। ਇਕ ਚੁੰਬਕ ਦਾ ਕੰਪਾਸ ਉੱਤੇ ਕੀ ਅਸਰ ਹੁੰਦਾ ਹੈ? ਜਦੋਂ ਦੋਹਾਂ ਚੀਜ਼ਾਂ ਨੂੰ ਨਾਲ-ਨਾਲ ਰੱਖਿਆ ਜਾਂਦਾ ਹੈ, ਤਾਂ ਕੰਪਾਸ ਦੀ ਸੂਈ ਗ਼ਲਤ ਪਾਸੇ ਨੂੰ ਫਿਰ ਜਾਂਦੀ ਹੈ। ਇਸੇ ਤਰ੍ਹਾਂ ਖ਼ੁਦਗਰਜ਼ ਰਵੱਈਆ ਇਨਸਾਨ ਨੂੰ ਕੁਰਾਹੇ ਪਾ ਸਕਦਾ ਹੈ, ਕਿਉਂਕਿ ਉਹ ਸਿਰਫ਼ ਆਪਣੇ ਬਾਰੇ ਹੀ ਸੋਚਦਾ ਹੈ।
ਕੀ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਅਜਿਹਾ ਖ਼ੁਦਗਰਜ਼ ਰਵੱਈਆ ਕੋਈ ਨਵੀਂ ਗੱਲ ਨਹੀਂ ਹੈ? ਇਸ ਦੀ ਸ਼ੁਰੂਆਤ ਅਦਨ ਦੇ ਬਾਗ ਵਿਚ ਹੋਈ ਸੀ ਜਦੋਂ ਸਾਡੇ ਪਹਿਲੇ ਮਾਂ-ਬਾਪ ਨੇ ਰੱਬ ਦੇ ਦਿੱਤੇ ਗਏ ਅਸੂਲਾਂ ਨੂੰ ਛੱਡ ਦਿੱਤਾ ਸੀ। ਇਸ ਕਰਕੇ ਉਨ੍ਹਾਂ ਦਾ ਨੈਤਿਕ ਕੰਪਾਸ ਗ਼ਲਤ ਪਾਸੇ ਨੂੰ ਫਿਰ ਗਿਆ। ਆਦਮ ਅਤੇ ਹੱਵਾਹ ਦੇ ਬੱਚਿਆਂ ਵਜੋਂ ਸਾਰੇ ਇਨਸਾਨ ਕੁਝ ਹੱਦ ਤਕ ਖ਼ੁਦਗਰਜ਼ ਹਨ।—ਉਤਪਤ 3:6-8, 12.
ਬਾਈਬਲ ਦੀ ਭਵਿੱਖਬਾਣੀ ਮੁਤਾਬਕ ਇਹ ਰਵੱਈਆ ਖ਼ਾਸ ਕਰਕੇ “ਅੰਤ ਦਿਆਂ ਦਿਨਾਂ ਵਿੱਚ” ਜ਼ਾਹਰ ਹੁੰਦਾ ਹੈ ਜਿਸ ਦੌਰਾਨ “ਭੈੜੇ ਸਮੇਂ” ਆ ਗਏ ਹਨ। ਕਈ ਲੋਕ “ਆਪ ਸੁਆਰਥੀ” ਹਨ। ਤਾਂ ਫਿਰ ਇਸ ਵਿਚ ਕੋਈ ਹੈਰਾਨੀ ਨਹੀਂ ਕਿ ਸਾਡੇ ਉੱਤੇ ਵੀ ਖ਼ੁਦਗਰਜ਼ ਬਣਨ ਦਾ ਦਬਾਅ ਹੈ।—2 ਤਿਮੋਥਿਉਸ 3:1-5.
ਤੁਸੀਂ ਸ਼ਾਇਦ ਓਲਾਫ ਨਾਂ ਦੇ ਨੌਜਵਾਨ ਨਾਲ ਸਹਿਮਤ ਹੋਵੋ ਜਿਸ ਨੇ ਯਹੋਵਾਹ ਦੇ ਗਵਾਹਾਂ ਦੇ ਯੂਰਪੀ ਦਫ਼ਤਰ ਨੂੰ ਇਹ ਗੱਲ ਲਿਖੀ: “ਅੱਜ-ਕੱਲ੍ਹ, ਖ਼ਾਸ ਕਰਕੇ ਨੌਜਵਾਨਾਂ ਲਈ ਨੇਕ ਰਹਿਣਾ ਬਹੁਤ ਔਖਾ ਹੈ। ਮੈਂ ਲਿਖਣਾ ਚਾਹੁੰਦਾ ਹਾਂ ਕਿ ਤੁਸੀਂ ਸਾਨੂੰ ਯਾਦ ਕਰਾਉਂਦੇ ਰਹੋ ਕਿ ਬਾਈਬਲ ਦਿਆਂ ਅਸੂਲਾਂ ਉੱਤੇ ਚੱਲਣਾ ਕਿੰਨਾ ਜ਼ਰੂਰੀ ਹੈ।”
ਓਲਾਫ ਨੇ ਸੋਚ-ਸਮਝ ਕੇ ਇਹ ਗੱਲ ਲਿਖੀ ਸੀ। ਪਰਮੇਸ਼ੁਰ ਦੇ ਅਸੂਲ ਨੇਕ ਚਾਲ-ਚਲਣ ਰੱਖਣ ਵਿਚ ਸਾਡੀ ਸਾਰਿਆਂ ਦੀ ਮਦਦ ਕਰ ਸਕਦੇ ਹਨ, ਭਾਵੇਂ ਅਸੀਂ ਜਵਾਨ ਜਾਂ ਵੱਡੀ ਉਮਰ ਦੇ ਹੋਈਏ। ਇਹ ਸਾਨੂੰ ਖ਼ੁਦਗਰਜ਼ ਹੋਣ ਤੋਂ ਵੀ ਬਚਾ ਸਕਦੇ ਹਨ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਬਾਈਬਲ ਦੇ ਅਸੂਲ ਤੁਹਾਡੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਨ, ਤਾਂ ਅਗਲਾ ਲੇਖ ਪੜ੍ਹ ਕੇ ਦੇਖੋ।
[ਸਫ਼ੇ 4 ਉੱਤੇ ਤਸਵੀਰ]
ਅੱਜ-ਕੱਲ੍ਹ ਕਈ ਲੋਕ ਦੂਸਰਿਆਂ ਦੀ ਕੋਈ ਪਰਵਾਹ ਨਹੀਂ ਕਰਦੇ