Skip to content

Skip to table of contents

ਤੁਸੀਂ ਆਪਣੇ ਬਾਗ਼ੀ ਬੱਚੇ ਦੀ ਕਿਵੇਂ ਮਦਦ ਕਰ ਸਕਦੇ ਹੋ?

ਤੁਸੀਂ ਆਪਣੇ ਬਾਗ਼ੀ ਬੱਚੇ ਦੀ ਕਿਵੇਂ ਮਦਦ ਕਰ ਸਕਦੇ ਹੋ?

ਤੁਸੀਂ ਆਪਣੇ ਬਾਗ਼ੀ ਬੱਚੇ ਦੀ ਕਿਵੇਂ ਮਦਦ ਕਰ ਸਕਦੇ ਹੋ?

‘ਅਨੰਦ ਹੋਵੋ ਕਿਉਂਕਿ ਉਹ ਗੁਆਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ।’​—ਲੂਕਾ 15:32.

1, 2. (ੳ) ਕੁਝ ਨੌਜਵਾਨਾਂ ਨੇ ਮਸੀਹੀ ਸੱਚਾਈ ਪ੍ਰਤੀ ਕੀ ਪ੍ਰਤਿਕ੍ਰਿਆ ਦਿਖਾਈ ਹੈ? (ਅ) ਅਜਿਹੀ ਸਥਿਤੀ ਵਿਚ ਮਾਤਾ-ਪਿਤਾ ਤੇ ਬੱਚੇ ਕੀ ਮਹਿਸੂਸ ਕਰ ਸਕਦੇ ਹਨ?

“ਮੈਂ ਸੱਚਾਈ ਨੂੰ ਛੱਡ ਰਿਹਾ ਹਾਂ!” ਪਰਮੇਸ਼ੁਰ ਤੋਂ ਡਰਨ ਵਾਲੇ ਮਾਪਿਆਂ ਦੇ ਦਿਲ ਨੂੰ ਕਿੰਨੀ ਸੱਟ ਲੱਗਦੀ ਹੈ ਜਦੋਂ ਉਹ ਆਪਣੇ ਪੁੱਤ ਜਾਂ ਧੀ ਨੂੰ ਮਸੀਹੀ ਰਾਹ ਉੱਤੇ ਚੱਲਣ ਦੀ ਪੂਰੀ ਸਿੱਖਿਆ ਦੇਣ ਦੇ ਬਾਵਜੂਦ ਉਨ੍ਹਾਂ ਦੇ ਮੂੰਹੋਂ ਇਹ ਸ਼ਬਦ ਸੁਣਦੇ ਹਨ! ਕਈ ਦੂਸਰੇ ਨੌਜਵਾਨ ਆਪਣੇ ਇਰਾਦੇ ਨੂੰ ਜ਼ਾਹਰ ਕੀਤੇ ਬਿਨਾਂ ਹੀ ਹੌਲੀ-ਹੌਲੀ “ਵਹਿ ਕੇ” ਸੱਚਾਈ ਵਿੱਚੋਂ ਨਿਕਲ ਜਾਂਦੇ ਹਨ। (ਇਬਰਾਨੀਆਂ 2:1) ਇਨ੍ਹਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਯਿਸੂ ਦੇ ਦ੍ਰਿਸ਼ਟਾਂਤ ਵਿਚਲੇ ਉਜਾੜੂ ਪੁੱਤਰ ਵਰਗੇ ਹਨ ਜਿਸ ਨੇ ਆਪਣੇ ਪਿਤਾ ਦਾ ਘਰ ਛੱਡ ਕੇ ਕਿਸੇ ਦੂਰ ਦੇਸ਼ ਵਿਚ ਆਪਣਾ ਮਾਲ-ਧਨ ਉੜਾ ਦਿੱਤਾ ਸੀ।​—ਲੂਕਾ 15:11-16.

2 ਭਾਵੇਂ ਜ਼ਿਆਦਾਤਰ ਯਹੋਵਾਹ ਦੇ ਗਵਾਹਾਂ ਨੂੰ ਇਹ ਸਮੱਸਿਆ ਨਹੀਂ ਹੈ, ਪਰ ਜਿਨ੍ਹਾਂ ਨੂੰ ਹੈ, ਉਨ੍ਹਾਂ ਦੇ ਦੁੱਖ ਨੂੰ ਪੂਰੀ ਤਰ੍ਹਾਂ ਦੂਰ ਕਰਨ ਲਈ ਦਿਲਾਸੇ ਭਰੇ ਕੋਈ ਸ਼ਬਦ ਨਹੀਂ ਹਨ। ਤੇ ਭਟਕਿਆ ਹੋਇਆ ਨੌਜਵਾਨ ਖ਼ੁਦ ਵੀ ਬਹੁਤ ਦੁੱਖ ਝੱਲਦਾ ਹੈ। ਸ਼ਾਇਦ ਉਸ ਦਾ ਅੰਤਹਕਰਣ ਉਸ ਨੂੰ ਲਾਨ੍ਹਤਾ ਪਾਉਂਦਾ ਹੋਵੇ। ਯਿਸੂ ਦੇ ਦ੍ਰਿਸ਼ਟਾਂਤ ਵਿਚ ਉਜਾੜੂ ਪੁੱਤਰ ਅਖ਼ੀਰ ਵਿਚ ‘ਸੁਰਤ ਵਿੱਚ ਆ ਗਿਆ’ ਸੀ ਜਿਸ ਤੋਂ ਉਸ ਦੇ ਪਿਤਾ ਨੂੰ ਬਹੁਤ ਖ਼ੁਸ਼ੀ ਹੋਈ। ਅੱਜ ਮਾਪੇ ਅਤੇ ਕਲੀਸਿਯਾ ਦੇ ਦੂਸਰੇ ਭੈਣ-ਭਰਾ ਭਟਕੇ ਹੋਏ ਨੌਜਵਾਨਾਂ ਦੀ ‘ਸੁਰਤ ਵਿੱਚ ਆਉਣ’ ਵਿਚ ਕਿਵੇਂ ਮਦਦ ਕਰ ਸਕਦੇ ਹਨ?​—ਲੂਕਾ 15:17.

ਸੱਚਾਈ ਛੱਡਣ ਦਾ ਫ਼ੈਸਲਾ ਕਰਨ ਦੇ ਕੁਝ ਕਾਰਨ

3. ਕਿਹੜੇ ਕੁਝ ਕਾਰਨਾਂ ਕਰਕੇ ਕਈ ਨੌਜਵਾਨ ਮਸੀਹੀ ਕਲੀਸਿਯਾ ਨੂੰ ਛੱਡ ਦਿੰਦੇ ਹਨ?

3 ਮਸੀਹੀ ਕਲੀਸਿਯਾ ਵਿਚ ਲੱਖਾਂ ਹੀ ਨੌਜਵਾਨ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਦੇ ਹਨ। ਤਾਂ ਫਿਰ ਕਿਉਂ ਕੁਝ ਨੌਜਵਾਨ ਸੱਚਾਈ ਛੱਡ ਜਾਂਦੇ ਹਨ? ਉਹ ਸ਼ਾਇਦ ਮਹਿਸੂਸ ਕਰਦੇ ਹਨ ਕਿ ਉਹ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਵਾਂਝੇ ਰਹੇ ਹਨ ਜੋ ਦੁਨੀਆਂ ਉਨ੍ਹਾਂ ਨੂੰ ਦੇ ਸਕਦੀ ਹੈ। (2 ਤਿਮੋਥਿਉਸ 4:10) ਜਾਂ ਉਹ ਸ਼ਾਇਦ ਸੋਚਦੇ ਹਨ ਕਿ ਯਹੋਵਾਹ ਦੇ ਸੁਰੱਖਿਅਤ ਵਾੜੇ ਵਿਚ ਬਹੁਤ ਜ਼ਿਆਦਾ ਬੰਦਸ਼ਾਂ ਲੱਗੀਆਂ ਹੋਈਆਂ ਹਨ। ਦੋਸ਼ੀ ਅੰਤਹਕਰਣ, ਕਿਸੇ ਮੁੰਡੇ ਜਾਂ ਕੁੜੀ ਵਿਚ ਬਹੁਤ ਜ਼ਿਆਦਾ ਦਿਲਚਸਪੀ ਜਾਂ ਆਪਣੇ ਦੋਸਤਾਂ ਦੁਆਰਾ ਸਵੀਕਾਰ ਕੀਤੇ ਜਾਣ ਦੀ ਇੱਛਾ ਕਰਕੇ ਵੀ ਇਕ ਨੌਜਵਾਨ ਹੌਲੀ-ਹੌਲੀ ਵਹਿ ਕੇ ਯਹੋਵਾਹ ਦੇ ਝੁੰਡ ਤੋਂ ਦੂਰ ਜਾ ਸਕਦਾ ਹੈ। ਇਕ ਨੌਜਵਾਨ ਪਰਮੇਸ਼ੁਰ ਦੀ ਸੇਵਾ ਕਰਨੀ ਇਸ ਕਰਕੇ ਵੀ ਛੱਡ ਸਕਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਦੇ ਮਾਪੇ ਜਾਂ ਦੂਸਰੇ ਮਸੀਹੀ ਭਗਤੀ ਕਰਨ ਦਾ ਪਖੰਡ ਕਰਦੇ ਹਨ।

4. ਨੌਜਵਾਨਾਂ ਦੇ ਭਟਕ ਜਾਣ ਦਾ ਅਕਸਰ ਕੀ ਕਾਰਨ ਹੁੰਦਾ ਹੈ?

4 ਇਕ ਬੱਚੇ ਦਾ ਬਾਗ਼ੀ ਰਵੱਈਆ ਅਤੇ ਵਤੀਰਾ ਅਕਸਰ ਉਸ ਦੀ ਅਧਿਆਤਮਿਕ ਕਮਜ਼ੋਰੀ ਦੇ ਲੱਛਣ ਹੁੰਦੇ ਹਨ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਉਸ ਦੇ ਦਿਲ ਵਿਚ ਕੀ ਹੈ। (ਕਹਾਉਤਾਂ 15:13; ਮੱਤੀ 12:34) ਇਕ ਨੌਜਵਾਨ ਦੇ ਭਟਕ ਜਾਣ ਦਾ ਕਾਰਨ ਚਾਹੇ ਜੋ ਮਰਜ਼ੀ ਹੋਵੇ, ਪਰ ਇਸ ਸਮੱਸਿਆ ਦਾ ਮੁੱਖ ਕਾਰਨ ਅਕਸਰ ਇਹ ਹੁੰਦਾ ਹੈ ਕਿ ਉਸ ਨੇ ‘ਸਤ ਦਾ ਗਿਆਨ’ ਨਹੀਂ ਲਿਆ ਹੁੰਦਾ। (2 ਤਿਮੋਥਿਉਸ 3:7) ਅੱਧ-ਦਿਲੀ ਨਾਲ ਯਹੋਵਾਹ ਦੀ ਸੇਵਾ ਕਰਨ ਦੀ ਬਜਾਇ ਇਹ ਬਹੁਤ ਜ਼ਰੂਰੀ ਹੈ ਕਿ ਨੌਜਵਾਨ ਯਹੋਵਾਹ ਦੇ ਨਾਲ ਨਿੱਜੀ ਰਿਸ਼ਤਾ ਜੋੜਨ। ਇਸ ਤਰ੍ਹਾਂ ਕਰਨ ਵਿਚ ਕਿਹੜੀ ਚੀਜ਼ ਉਨ੍ਹਾਂ ਦੀ ਮਦਦ ਕਰੇਗੀ?

ਪਰਮੇਸ਼ੁਰ ਦੇ ਨੇੜੇ ਆਓ

5. ਪਰਮੇਸ਼ੁਰ ਦੇ ਨਾਲ ਨਜ਼ਦੀਕੀ ਰਿਸ਼ਤਾ ਜੋੜਨ ਦੇ ਲਈ ਨੌਜਵਾਨਾਂ ਨੂੰ ਕੀ ਕਰਨ ਦੀ ਲੋੜ ਹੈ?

5 “ਪਰਮੇਸ਼ੁਰ ਦੇ ਨੇੜੇ ਜਾਓ,” ਚੇਲੇ ਯਾਕੂਬ ਨੇ ਲਿਖਿਆ, “ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਇਸ ਤਰ੍ਹਾਂ ਕਰਨ ਲਈ ਨੌਜਵਾਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਆਪਣੇ ਵਿਚ ਪਰਮੇਸ਼ੁਰ ਦੇ ਬਚਨ ਲਈ ਰੁਚੀ ਪੈਦਾ ਕਰਨ। (ਜ਼ਬੂਰ 34:8) ਸ਼ੁਰੂ-ਸ਼ੁਰੂ ਵਿਚ ਉਸ ਨੂੰ “ਦੁੱਧ” ਦੀ ਲੋੜ ਪਵੇਗੀ ਜੋ ਕਿ ਬਾਈਬਲ ਦੀਆਂ ਮੂਲ ਸਿੱਖਿਆਵਾਂ ਹਨ। ਪਰ ਜਿਉਂ-ਜਿਉਂ ਉਹ ਪਰਮੇਸ਼ੁਰ ਦੇ ਬਚਨ ਵਿਚ ਆਨੰਦ ਪ੍ਰਾਪਤ ਕਰੇਗਾ ਅਤੇ “ਅੰਨ” ਯਾਨੀ ਡੂੰਘੀ ਅਧਿਆਤਮਿਕ ਜਾਣਕਾਰੀ ਲਈ ਆਪਣੇ ਵਿਚ ਭੁੱਖ ਪੈਦਾ ਕਰੇਗਾ, ਤਾਂ ਉਹ ਜਲਦੀ ਹੀ ਅਧਿਆਤਮਿਕ ਤੌਰ ਤੇ ਪਰਿਪੱਕ ਇਨਸਾਨ ਬਣ ਜਾਵੇਗਾ। (ਇਬਰਾਨੀਆਂ 5:11-14; ਜ਼ਬੂਰ 1:2) ਇਕ ਨੌਜਵਾਨ ਨੇ ਮੰਨਿਆ ਕਿ ਉਹ ਦੁਨੀਆਂ ਦੇ ਰੰਗ-ਢੰਗ ਵਿਚ ਪੂਰੀ ਤਰ੍ਹਾਂ ਰੰਗਿਆ ਗਿਆ ਸੀ, ਪਰ ਫਿਰ ਉਸ ਨੇ ਅਧਿਆਤਮਿਕ ਕਦਰਾਂ-ਕੀਮਤਾਂ ਦੀ ਕਦਰ ਕਰਨੀ ਸ਼ੁਰੂ ਕਰ ਦਿੱਤੀ। ਕਿਹੜੀ ਚੀਜ਼ ਨੇ ਉਸ ਦੀ ਗ਼ਲਤ ਰਾਹ ਤੋਂ ਮੁੜ ਆਉਣ ਵਿਚ ਮਦਦ ਕੀਤੀ? ਉਸ ਨੇ ਪੂਰੀ ਬਾਈਬਲ ਪੜ੍ਹਨ ਦੀ ਸਲਾਹ ਨੂੰ ਮੰਨਦੇ ਹੋਏ ਬਾਕਾਇਦਾ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ। ਜੀ ਹਾਂ, ਯਹੋਵਾਹ ਨਾਲ ਨਜ਼ਦੀਕੀ ਰਿਸ਼ਤਾ ਜੋੜਨ ਲਈ ਉਸ ਦੇ ਬਚਨ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ।

6, 7. ਮਾਪੇ ਪਰਮੇਸ਼ੁਰ ਦੇ ਬਚਨ ਵਿਚ ਰੁਚੀ ਪੈਦਾ ਕਰਨ ਵਿਚ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?

6 ਇਹ ਕਿੰਨੀ ਅਹਿਮ ਗੱਲ ਹੈ ਕਿ ਮਾਪੇ ਪਰਮੇਸ਼ੁਰ ਦੇ ਬਚਨ ਵਿਚ ਰੁਚੀ ਪੈਦਾ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਰਨ! ਨਿਯਮਿਤ ਤੌਰ ਤੇ ਪਰਿਵਾਰਕ ਅਧਿਐਨ ਹੋਣ ਦੇ ਬਾਵਜੂਦ ਵੀ ਇਕ ਕਿਸ਼ੋਰ ਕੁੜੀ ਵਿਗੜੇ ਮੁੰਡੇ-ਕੁੜੀਆਂ ਨਾਲ ਉੱਠਦੀ-ਬੈਠਦੀ ਸੀ। ਆਪਣੇ ਪਰਿਵਾਰਕ ਅਧਿਐਨ ਬਾਰੇ ਉਹ ਯਾਦ ਕਰਦੀ ਹੈ: “ਡੈਡੀ ਜੀ ਜਦੋਂ ਸਵਾਲ ਪੁੱਛਦੇ ਹੁੰਦੇ ਸੀ, ਤਾਂ ਮੈਂ ਉਨ੍ਹਾਂ ਵੱਲ ਦੇਖੇ ਬਿਨਾਂ ਹੀ ਜਵਾਬ ਪੜ੍ਹ ਦਿੰਦੀ ਸੀ।” ਪਰਿਵਾਰਕ ਅਧਿਐਨ ਵਿਚ ਸਾਮੱਗਰੀ ਨੂੰ ਸਿਰਫ਼ ਪੜ੍ਹਨ ਦੀ ਬਜਾਇ ਸਮਝਦਾਰ ਮਾਪੇ ਸਿਖਾਉਣ ਦੀ ਕਲਾ ਨੂੰ ਇਸਤੇਮਾਲ ਕਰਦੇ ਹਨ। (2 ਤਿਮੋਥਿਉਸ 4:2) ਬੱਚੇ ਤਾਹੀਓਂ ਅਧਿਐਨ ਦਾ ਆਨੰਦ ਮਾਣਨਗੇ ਜੇਕਰ ਅਧਿਐਨ ਦੀ ਸਾਮੱਗਰੀ ਉਨ੍ਹਾਂ ਦੀਆਂ ਚਿੰਤਾਵਾਂ ਜਾਂ ਜ਼ਿੰਦਗੀ ਨਾਲ ਸੰਬੰਧ ਰੱਖਦੀ ਹੋਵੇ। ਕਿਉਂ ਨਾ ਉਨ੍ਹਾਂ ਤੋਂ ਸਵਾਲ ਪੁੱਛਦੇ ਹੋਏ ਉਨ੍ਹਾਂ ਨੂੰ ਆਪਣੇ ਵਿਚਾਰ ਦੱਸਣ ਲਈ ਕਹੋ? ਨੌਜਵਾਨਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਅਧਿਐਨ ਕੀਤੀ ਸਾਮੱਗਰੀ ਨੂੰ ਆਪਣੇ ਉੱਤੇ ਲਾਗੂ ਕਰਨ। *

7 ਇਸ ਤੋਂ ਇਲਾਵਾ, ਅਧਿਐਨ ਨੂੰ ਦਿਲਚਸਪ ਬਣਾਓ। ਜਦੋਂ ਢੁਕਵਾਂ ਹੋਵੇ, ਤਾਂ ਬੱਚਿਆਂ ਨੂੰ ਬਾਈਬਲ ਦੀਆਂ ਘਟਨਾਵਾਂ ਉੱਤੇ ਡਰਾਮੇ ਕਰਨ ਲਈ ਕਹੋ। ਜਿਹੜੀਆਂ ਘਟਨਾਵਾਂ ਤੇ ਚਰਚਾ ਕੀਤੀ ਜਾ ਰਹੀ ਹੈ, ਉਨ੍ਹਾਂ ਘਟਨਾਵਾਂ ਵਾਲੀ ਜਗ੍ਹਾ ਦੀ ਮਨ ਵਿਚ ਤਸਵੀਰ ਬਣਾਉਣ ਵਿਚ ਬੱਚਿਆਂ ਦੀ ਮਦਦ ਕਰੋ। ਨਕਸ਼ੇ ਅਤੇ ਚਾਰਟ ਇਸਤੇਮਾਲ ਕਰਨ ਨਾਲ ਵੀ ਫ਼ਾਇਦਾ ਹੋਵੇਗਾ। ਜੀ ਹਾਂ, ਥੋੜ੍ਹੀ ਕਲਪਨਾ-ਸ਼ਕਤੀ ਇਸਤੇਮਾਲ ਕਰਨ ਨਾਲ ਪਰਿਵਾਰਕ ਅਧਿਐਨ ਨੂੰ ਦਿਲਚਸਪ ਬਣਾਇਆ ਜਾ ਸਕਦਾ ਹੈ। ਮਾਪਿਆਂ ਨੂੰ ਯਹੋਵਾਹ ਨਾਲ ਆਪਣੇ ਖ਼ੁਦ ਦੇ ਰਿਸ਼ਤੇ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ। ਜਿਉਂ-ਜਿਉਂ ਉਹ ਯਹੋਵਾਹ ਦੇ ਨੇੜੇ ਜਾਣਗੇ, ਉਹ ਆਪਣੇ ਬੱਚਿਆਂ ਦੀ ਵੀ ਇਸ ਤਰ੍ਹਾਂ ਕਰਨ ਵਿਚ ਮਦਦ ਕਰ ਸਕਦੇ ਹਨ।​—ਬਿਵਸਥਾ ਸਾਰ 6:5-7.

8. ਪਰਮੇਸ਼ੁਰ ਦੇ ਨੇੜੇ ਆਉਣ ਵਿਚ ਪ੍ਰਾਰਥਨਾ ਕਿਵੇਂ ਇਕ ਵਿਅਕਤੀ ਦੀ ਮਦਦ ਕਰ ਸਕਦੀ ਹੈ?

8 ਪ੍ਰਾਰਥਨਾ ਵੀ ਇਕ ਵਿਅਕਤੀ ਦੀ ਪਰਮੇਸ਼ੁਰ ਦੇ ਨੇੜੇ ਆਉਣ ਵਿਚ ਮਦਦ ਕਰਦੀ ਹੈ। ਇਕ ਕਿਸ਼ੋਰ ਕੁੜੀ ਇਸ ਦੁਚਿੱਤੀ ਵਿਚ ਫਸੀ ਹੋਈ ਸੀ ਕਿ ਉਹ ਮਸੀਹੀ ਰਾਹ ਉੱਤੇ ਚੱਲੇ ਜਾਂ ਆਪਣੇ ਦੋਸਤਾਂ ਨਾਲ ਚੱਲੇ ਜਿਹੜੇ ਉਸ ਦੇ ਧਰਮ ਨੂੰ ਨਹੀਂ ਮੰਨਦੇ ਸਨ। (ਯਾਕੂਬ 4:4) ਉਸ ਨੇ ਇਸ ਦੁਚਿੱਤੀ ਵਿੱਚੋਂ ਨਿਕਲਣ ਲਈ ਕੀ ਕੀਤਾ? ਉਸ ਨੇ ਦੱਸਿਆ ਕਿ “ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕੀਤੀ ਤੇ ਉਸ ਨੂੰ ਦੱਸਿਆ ਕਿ ਮੈਂ ਕਿਵੇਂ ਮਹਿਸੂਸ ਕਰਦੀ ਸੀ।” ਉਸ ਨੇ ਕਿਹਾ ਕਿ ਜਦੋਂ ਉਸ ਨੂੰ ਮਸੀਹੀ ਕਲੀਸਿਯਾ ਵਿਚ ਅਜਿਹੀ ਸਹੇਲੀ ਮਿਲੀ ਜਿਸ ਨਾਲ ਉਹ ਆਪਣੇ ਦਿਲ ਦੀ ਗੱਲ ਕਰ ਸਕਦੀ ਸੀ, ਤਾਂ ਉਸ ਨੂੰ ਆਪਣੀ ਪ੍ਰਾਰਥਨਾ ਦਾ ਜਵਾਬ ਮਿਲ ਗਿਆ। ਜਦੋਂ ਉਸ ਨੇ ਮਹਿਸੂਸ ਕੀਤਾ ਕਿ ਯਹੋਵਾਹ ਉਸ ਨੂੰ ਰਾਹ ਦਿਖਾ ਰਿਹਾ ਸੀ, ਤਾਂ ਉਸ ਦਾ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਹੋਣ ਲੱਗਾ। ਮਾਪੇ ਆਪਣੀਆਂ ਨਿੱਜੀ ਪ੍ਰਾਰਥਨਾਵਾਂ ਵਿਚ ਸੁਧਾਰ ਕਰ ਕੇ ਬੱਚਿਆਂ ਦੀ ਮਦਦ ਕਰ ਸਕਦੇ ਹਨ। ਜਦੋਂ ਪੂਰਾ ਪਰਿਵਾਰ ਮਿਲ ਕੇ ਪ੍ਰਾਰਥਨਾ ਕਰਦਾ ਹੈ, ਤਾਂ ਮਾਪੇ ਯਹੋਵਾਹ ਸਾਮ੍ਹਣੇ ਆਪਣਾ ਦਿਲ ਖੋਲ੍ਹ ਸਕਦੇ ਹਨ ਤਾਂਕਿ ਬੱਚੇ ਦੇਖ ਸਕਣ ਕਿ ਉਨ੍ਹਾਂ ਦੇ ਮਾਪਿਆਂ ਦਾ ਯਹੋਵਾਹ ਨਾਲ ਨਜ਼ਦੀਕੀ ਰਿਸ਼ਤਾ ਹੈ।

ਧੀਰਜ ਰੱਖੋ ਪਰ ਦ੍ਰਿੜ੍ਹ ਵੀ ਹੋਵੋ

9, 10. ਯਹੋਵਾਹ ਨੇ ਹਠੀ ਇਸਰਾਏਲੀਆਂ ਨਾਲ ਸਹਿਣਸ਼ੀਲਤਾ ਰੱਖਣ ਵਿਚ ਕਿਵੇਂ ਇਕ ਮਿਸਾਲ ਕਾਇਮ ਕੀਤੀ?

9 ਜਦੋਂ ਇਕ ਨੌਜਵਾਨ ਸੱਚਾਈ ਤੋਂ ਦੂਰ ਹੋਣਾ ਸ਼ੁਰੂ ਕਰ ਦਿੰਦਾ ਹੈ, ਤਾਂ ਉਹ ਸ਼ਾਇਦ ਆਪਣੇ ਆਪ ਨੂੰ ਵੱਖਰਾ ਕਰਨ ਦੀ ਕੋਸ਼ਿਸ਼ ਕਰੇ ਤੇ ਆਪਣੇ ਮਾਪਿਆਂ ਨਾਲ ਕੋਈ ਵੀ ਅਧਿਆਤਮਿਕ ਗੱਲ ਨਾ ਕਰਨੀ ਚਾਹੇ। ਇਸ ਮੁਸ਼ਕਲ ਸਥਿਤੀ ਵਿਚ ਮਾਪੇ ਕੀ ਕਰ ਸਕਦੇ ਹਨ? ਧਿਆਨ ਦਿਓ ਕਿ ਯਹੋਵਾਹ ਪ੍ਰਾਚੀਨ ਇਸਰਾਏਲ ਨਾਲ ਕਿਵੇਂ ਪੇਸ਼ ਆਇਆ ਸੀ। ਉਸ ਨੇ ‘ਹਠੀ’ ਇਸਰਾਏਲੀਆਂ ਨੂੰ 900 ਸਾਲ ਤੋਂ ਜ਼ਿਆਦਾ ਸਮੇਂ ਤਕ ਬਰਦਾਸ਼ਤ ਕੀਤਾ ਜਿਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਆਪਣੇ ਗ਼ਲਤ ਰਾਹ ਉੱਤੇ ਚੱਲਦੇ ਰਹਿਣ ਕਰਕੇ ਤਿਆਗ ਦਿੱਤਾ। (ਕੂਚ 34:9; 2 ਇਤਹਾਸ 36:17-21; ਰੋਮੀਆਂ 10:21) ਭਾਵੇਂ ਕਿ ਇਸਰਾਏਲੀਆਂ ਨੇ ਯਹੋਵਾਹ ਨੂੰ ਵਾਰ-ਵਾਰ “ਪਰਤਾਇਆ,” ਫਿਰ ਵੀ ਉਸ ਨੇ ਉਨ੍ਹਾਂ ਉੱਤੇ ‘ਰਹਮ’ ਕੀਤਾ। “ਬਹੁਤ ਵਾਰੀ ਉਸ ਨੇ ਆਪਣਾ ਕ੍ਰੋਧ ਰੋਕ ਛੱਡਿਆ, ਅਤੇ ਆਪਣਾ ਸਾਰਾ ਗੁੱਸਾ ਨਾ ਭੜਕਾਇਆ।” (ਜ਼ਬੂਰ 78:38-42) ਪਰਮੇਸ਼ੁਰ ਨੇ ਕਦੇ ਵੀ ਉਨ੍ਹਾਂ ਨਾਲ ਜ਼ਿਆਦਤੀ ਨਹੀਂ ਕੀਤੀ। ਪਿਆਰ ਕਰਨ ਵਾਲੇ ਮਾਤਾ-ਪਿਤਾ ਯਹੋਵਾਹ ਦੀ ਨਕਲ ਕਰਦੇ ਹਨ ਅਤੇ ਉਦੋਂ ਧੀਰਜ ਰੱਖਦੇ ਹਨ ਜਦੋਂ ਉਨ੍ਹਾਂ ਦਾ ਬੱਚਾ ਉਨ੍ਹਾਂ ਦੀ ਮਦਦ ਨੂੰ ਫ਼ੌਰਨ ਸਵੀਕਾਰ ਨਹੀਂ ਕਰਦਾ।

10 ਸਹਿਣਸ਼ੀਲ ਹੋਣ ਜਾਂ ਧੀਰਜ ਰੱਖਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਲੰਬੇ ਸਮੇਂ ਤਕ ਦੁੱਖ ਸਹਿਣ ਕਰਦੇ ਰਹੋ; ਇਸ ਦਾ ਅਰਥ ਹੈ ਕਿ ਤੁਸੀਂ ਵਿਗੜੇ ਹੋਏ ਰਿਸ਼ਤੇ ਵਿਚ ਮੁੜ ਸੁਧਾਰ ਹੋਣ ਦੀ ਆਸ ਨਹੀਂ ਛੱਡਦੇ। ਯਹੋਵਾਹ ਨੇ ਸਹਿਣਸ਼ੀਲ ਹੋਣ ਵਿਚ ਮਿਸਾਲ ਕਾਇਮ ਕੀਤੀ ਹੈ। ਉਸ ਨੇ “ਜਤਨ ਨਾਲ” ਇਸਰਾਏਲੀਆਂ ਕੋਲ ਆਪਣੇ ਦੂਤ ਘੱਲਣ ਵਿਚ ਪਹਿਲ ਕੀਤੀ। ਚਾਹੇ ਕਿ “ਉਨ੍ਹਾਂ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਠੱਠੇ ਕੀਤੇ ਅਤੇ ਉਨ੍ਹਾਂ ਦੀਆ ਗੱਲਾਂ ਦੀ ਨਿੰਦਿਆ ਕੀਤੀ,” ਫਿਰ ਵੀ ਯਹੋਵਾਹ ਨੂੰ “ਆਪਣੇ ਲੋਕਾਂ . . . ਉੱਤੇ ਤਰਸ ਆਉਂਦਾ ਸੀ।” (2 ਇਤਹਾਸ 36:15, 16) ਉਸ ਨੇ ਇਸਰਾਏਲੀਆਂ ਨੂੰ ਬੇਨਤੀ ਕਰਦੇ ਹੋਏ ਕਿਹਾ: ‘ਹਰ ਮਨੁੱਖ ਆਪਣਿਆਂ ਬੁਰਿਆਂ ਰਾਹਾਂ ਤੋਂ ਮੁੜੇ।’ (ਯਿਰਮਿਯਾਹ 25:4, 5) ਪਰ ਯਹੋਵਾਹ ਨੇ ਆਪਣੇ ਧਰਮੀ ਸਿਧਾਂਤਾਂ ਦਾ ਸਮਝੌਤਾ ਨਹੀਂ ਕੀਤਾ। ਇਸਰਾਏਲੀਆਂ ਨੂੰ ਪਰਮੇਸ਼ੁਰ ਅਤੇ ਉਸ ਦੇ ਰਾਹਾਂ ਵੱਲ ‘ਮੁੜਨ’ ਲਈ ਕਿਹਾ ਗਿਆ ਸੀ।

11. ਧਰਮੀ ਸਿਧਾਂਤਾਂ ਦਾ ਸਮਝੌਤਾ ਨਾ ਕਰਦੇ ਹੋਏ ਵੀ ਮਾਪੇ ਆਪਣੇ ਭਟਕੇ ਹੋਏ ਬੱਚੇ ਨਾਲ ਕਿਵੇਂ ਸਹਿਣਸ਼ੀਲਤਾ ਨਾਲ ਪੇਸ਼ ਆ ਸਕਦੇ ਹਨ?

11 ਆਪਣੇ ਭਟਕੇ ਹੋਏ ਬੱਚੇ ਤੋਂ ਕਾਹਲੀ ਵਿਚ ਸਾਰੀਆਂ ਆਸਾਂ ਨਾ ਛੱਡਣ ਦੁਆਰਾ ਮਾਪੇ ਵੀ ਸਹਿਣਸ਼ੀਲਤਾ ਰੱਖਣ ਵਿਚ ਯਹੋਵਾਹ ਦੀ ਨਕਲ ਕਰ ਸਕਦੇ ਹਨ। ਆਸ ਛੱਡੇ ਬਿਨਾਂ ਉਹ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣ ਵਿਚ ਪਹਿਲ ਕਰ ਸਕਦੇ ਹਨ ਜਾਂ ਇਸ ਨੂੰ ਮੁੜ ਸ਼ੁਰੂ ਕਰ ਸਕਦੇ ਹਨ। ਧਰਮੀ ਸਿਧਾਂਤਾਂ ਉੱਤੇ ਪੱਕੇ ਰਹਿੰਦੇ ਹੋਏ ਉਹ “ਜਤਨ ਨਾਲ” ਆਪਣੇ ਬੱਚੇ ਨੂੰ ਸੱਚਾਈ ਦੇ ਰਾਹ ਉੱਤੇ ਮੁੜ ਆਉਣ ਦੀ ਬੇਨਤੀ ਕਰ ਸਕਦੇ ਹਨ।

ਜਦੋਂ ਇਕ ਨਾਬਾਲਗ ਮਸੀਹੀ ਨੂੰ ਛੇਕਿਆ ਜਾਂਦਾ ਹੈ

12. ਜਿਹੜੇ ਨਾਬਾਲਗ ਮਸੀਹੀ ਨੂੰ ਕਲੀਸਿਯਾ ਵਿੱਚੋਂ ਛੇਕ ਦਿੱਤਾ ਗਿਆ, ਉਸ ਪ੍ਰਤੀ ਮਾਪਿਆਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ?

12 ਜਦੋਂ ਇਕ ਨਾਬਾਲਗ ਮਸੀਹੀ ਜਿਹੜਾ ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਹੈ, ਨੂੰ ਗੰਭੀਰ ਗ਼ਲਤੀ ਕਰਨ ਅਤੇ ਅਪਸ਼ਚਾਤਾਪੀ ਰਵੱਈਏ ਕਰਕੇ ਕਲੀਸਿਯਾ ਵਿੱਚੋਂ ਛੇਕਿਆ ਜਾਂਦਾ ਹੈ, ਤਾਂ ਕੀ ਕੀਤਾ ਜਾਣਾ ਚਾਹੀਦਾ ਹੈ? ਕਿਉਂਕਿ ਉਹ ਆਪਣੇ ਮਾਪਿਆਂ ਨਾਲ ਰਹਿੰਦਾ ਹੈ, ਇਸ ਲਈ ਇਹ ਮਾਪਿਆਂ ਦੀ ਹੀ ਜ਼ਿੰਮੇਵਾਰੀ ਰਹਿੰਦੀ ਹੈ ਕਿ ਉਹ ਉਸ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖਿਆ ਤੇ ਤਾੜਨਾ ਦੇਣ। ਇਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ?​—ਕਹਾਉਤਾਂ 6:20-22; 29:17.

13. ਮਾਪੇ ਗ਼ਲਤੀ ਕਰਨ ਵਾਲੇ ਬੱਚੇ ਦੇ ਦਿਲ ਤਕ ਕਿਵੇਂ ਪਹੁੰਚ ਸਕਦੇ ਹਨ?

13 ਜੇ ਸੰਭਵ ਹੋਵੇ, ਤਾਂ ਮਾਪੇ ਉਸ ਨਾਲ ਵੱਖਰੇ ਤੌਰ ਤੇ ਬਾਈਬਲ ਅਧਿਐਨ ਕਰ ਕੇ ਉਨ੍ਹਾਂ ਨੂੰ ਸਿੱਖਿਆ ਅਤੇ ਤਾੜਨਾ ਦੇ ਸਕਦੇ ਹਨ। ਦਰਅਸਲ ਇਸ ਤਰ੍ਹਾਂ ਕਰਨਾ ਹੀ ਸਭ ਤੋਂ ਵਧੀਆ ਹੋਵੇਗਾ। ਮਾਤਾ-ਪਿਤਾ ਨੂੰ ਬੱਚੇ ਦੇ ਕਠੋਰ ਰਵੱਈਏ ਨੂੰ ਹੀ ਨਹੀਂ ਦੇਖਣਾ ਚਾਹੀਦਾ, ਸਗੋਂ ਉਸ ਦੇ ਦਿਲ ਵਿਚ ਝਾਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਬੱਚਾ ਅਧਿਆਤਮਿਕ ਤੌਰ ਤੇ ਕਿੰਨਾ ਕੁ ਬੀਮਾਰ ਹੈ? (ਕਹਾਉਤਾਂ 20:5) ਕੀ ਉਸ ਦੇ ਦਿਲ ਦੇ ਕੋਮਲ ਹਿੱਸੇ ਵਿਚ ਪਹੁੰਚਿਆ ਜਾ ਸਕਦਾ ਹੈ? ਕਿਹੜੀਆਂ ਆਇਤਾਂ ਨੂੰ ਅਸਰਦਾਰ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ? ਪੌਲੁਸ ਰਸੂਲ ਸਾਨੂੰ ਯਕੀਨ ਦਿਵਾਉਂਦਾ ਹੈ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” (ਇਬਰਾਨੀਆਂ 4:12) ਜੀ ਹਾਂ, ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿਰਫ਼ ਇੰਨਾ ਹੀ ਨਹੀਂ ਕਹਿਣਾ ਚਾਹੀਦਾ ਕਿ ਉਹ ਦੁਬਾਰਾ ਅਜਿਹੀ ਗ਼ਲਤੀ ਨਾ ਕਰਨ, ਸਗੋਂ ਉਨ੍ਹਾਂ ਨੂੰ ਇਸ ਤੋਂ ਜ਼ਿਆਦਾ ਕਰਨਾ ਚਾਹੀਦਾ ਹੈ। ਉਹ ਉਸ ਨੂੰ ਅਧਿਆਤਮਿਕ ਤੌਰ ਤੇ ਚੰਗਾ ਕਰਨ ਦਾ ਸਿਲਸਿਲਾ ਸ਼ੁਰੂ ਕਰ ਸਕਦੇ ਹਨ।

14. ਗ਼ਲਤੀ ਕਰਨ ਵਾਲੇ ਨੌਜਵਾਨ ਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮੁੜ ਕਾਇਮ ਕਰਨ ਲਈ ਪਹਿਲਾਂ ਕੀ ਕਰਨ ਦੀ ਲੋੜ ਹੈ ਅਤੇ ਮਾਪੇ ਉਸ ਦੀ ਕਿਵੇਂ ਮਦਦ ਕਰ ਸਕਦੇ ਹਨ?

14 ਗ਼ਲਤੀ ਕਰਨ ਵਾਲੇ ਨੌਜਵਾਨ ਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮੁੜ ਕਾਇਮ ਕਰਨ ਦੀ ਲੋੜ ਹੈ। ਇਸ ਤਰ੍ਹਾਂ ਕਰਨ ਲਈ ਪਹਿਲਾ ਜ਼ਰੂਰੀ ਕਦਮ ਹੈ ‘ਤੋਬਾ ਕਰਨੀ ਅਤੇ ਮੁੜਨਾ।’ (ਰਸੂਲਾਂ ਦੇ ਕਰਤੱਬ 3:19; ਯਸਾਯਾਹ 55:6, 7) ਘਰ ਵਿਚ ਨੌਜਵਾਨ ਦੀ ਤੋਬਾ ਕਰਨ ਵਿਚ ਮਦਦ ਕਰਨ ਲਈ ਮਾਪਿਆਂ ਨੂੰ ‘ਸਬਰ ਕਰਨ ਵਾਲੇ ਹੋਣਾ’ ਚਾਹੀਦਾ ਹੈ ਅਤੇ ਆਪਣੇ ਭਟਕੇ ਹੋਏ ਬੱਚੇ ਦੀ ‘ਨਰਮਾਈ ਨਾਲ ਤਾੜਨਾ ਕਰਨੀ’ ਚਾਹੀਦੀ ਹੈ। (2 ਤਿਮੋਥਿਉਸ 2:24-26) ਉਨ੍ਹਾਂ ਨੂੰ ਬਾਈਬਲ ਵਿਚ ਦੱਸੇ ਗਏ ਤਰੀਕੇ ਨਾਲ ਬੱਚੇ ਨੂੰ ‘ਝਿੜਕਣਾ’ ਚਾਹੀਦਾ ਹੈ। ਬਾਈਬਲ ਵਿਚ ‘ਝਿੜਕਣਾ’ ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਅਨੁਵਾਦ “ਕਾਇਲ ਕਰਨਾ” ਵੀ ਕੀਤਾ ਜਾ ਸਕਦਾ ਹੈ। (ਪਰਕਾਸ਼ ਦੀ ਪੋਥੀ 3:19; ਯੂਹੰਨਾ 16:8) ਇਸ ਲਈ ਝਿੜਕਣ ਦਾ ਮਤਲਬ ਹੋਵੇਗਾ ਕਿ ਬੱਚੇ ਨੂੰ ਪੱਕੇ ਸਬੂਤ ਦੇ ਕੇ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਕਰਾਉਣਾ। ਇਹ ਠੀਕ ਹੈ ਕਿ ਇਸ ਤਰ੍ਹਾਂ ਕਰਨਾ ਆਸਾਨ ਨਹੀਂ ਹੈ। ਜਦੋਂ ਵੀ ਸੰਭਵ ਹੋਵੇ, ਮਾਪੇ ਬਾਈਬਲ ਮੁਤਾਬਕ ਢੁਕਵੇਂ ਤਰੀਕਿਆਂ ਨਾਲ ਆਪਣੇ ਬੱਚੇ ਦੇ ਦਿਲ ਨੂੰ ਛੋਹਣ ਦਾ ਹਰ ਸੰਭਵ ਜਤਨ ਕਰ ਸਕਦੇ ਹਨ। ਉਨ੍ਹਾਂ ਨੂੰ ਉਸ ਦੀ ਇਹ ਦੇਖਣ ਵਿਚ ਮਦਦ ਕਰਨੀ ਚਾਹੀਦੀ ਹੈ ਕਿ ਉਸ ਨੂੰ ‘ਬਦੀ ਨਾਲ ਘਿਣ ਕਰਨ ਅਤੇ ਨੇਕੀ ਨਾਲ ਪਿਆਰ ਕਰਨ’ ਦੀ ਲੋੜ ਹੈ। (ਆਮੋਸ 5:15) ਇਸ ਤਰ੍ਹਾਂ ਕਰਨ ਨਾਲ ਸ਼ਾਇਦ ਉਹ “ਸ਼ਤਾਨ ਦੀ ਫਾਹੀ” ਵਿੱਚੋਂ ਨਿਕਲ ਕੇ “ਹੋਸ਼ ਵਿੱਚ” ਆ ਜਾਵੇ।

15. ਯਹੋਵਾਹ ਨਾਲ ਮੁੜ ਰਿਸ਼ਤਾ ਕਾਇਮ ਕਰਨ ਵਿਚ ਪ੍ਰਾਰਥਨਾ ਕਿਵੇਂ ਇਕ ਗ਼ਲਤੀ ਕਰਨ ਵਾਲੇ ਵਿਅਕਤੀ ਦੀ ਮਦਦ ਕਰ ਸਕਦੀ ਹੈ?

15 ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮੁੜ ਕਾਇਮ ਕਰਨ ਲਈ ਪ੍ਰਾਰਥਨਾ ਕਰਨੀ ਬਹੁਤ ਹੀ ਜ਼ਰੂਰੀ ਹੈ। ਜੇ ਮਸੀਹੀ ਕਲੀਸਿਯਾ ਨੂੰ ਛੱਡਣ ਵਾਲਾ ਅਪਸ਼ਚਾਤਾਪੀ ਵਿਅਕਤੀ ਅਜੇ ਵੀ ਖੁੱਲ੍ਹੇ-ਆਮ ਪਾਪ ਕਰਦਾ ਹੈ, ਤਾਂ ਕਿਸੇ ਨੂੰ ਵੀ ਉਸ ਦੇ ਪਾਪ ਦੇ ਵਿਸ਼ੇ ਵਿਚ “ਬੇਨਤੀ” ਨਹੀਂ ਕਰਨੀ ਚਾਹੀਦੀ। (1 ਯੂਹੰਨਾ 5:16, 17; ਯਿਰਮਿਯਾਹ 7:16-20; ਇਬਰਾਨੀਆਂ 10:26, 27) ਪਰ ਮਾਪੇ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਯਹੋਵਾਹ ਤੋਂ ਬੁੱਧੀ ਮੰਗ ਸਕਦੇ ਹਨ। (ਯਾਕੂਬ 1:5) ਜੇ ਛੇਕਿਆ ਹੋਇਆ ਨੌਜਵਾਨ ਤੋਬਾ ਦਾ ਸਬੂਤ ਦਿੰਦਾ ਹੈ, ਪਰ ਉਸ ਵਿਚ ਪਰਮੇਸ਼ੁਰ ਨਾਲ ਬੋਲਣ ਦੀ “ਦਿਲੇਰੀ” ਨਹੀਂ ਹੈ, ਤਾਂ ਮਾਪੇ ਪ੍ਰਾਰਥਨਾ ਕਰ ਸਕਦੇ ਹਨ ਕਿ ਜੇ ਪਰਮੇਸ਼ੁਰ ਨੂੰ ਬੱਚੇ ਦੀ ਗ਼ਲਤੀ ਮਾਫ਼ ਕਰਨ ਦਾ ਆਧਾਰ ਮਿਲਦਾ ਹੈ, ਤਾਂ ਉਸ ਦੀ ਇੱਛਾ ਪੂਰੀ ਹੋਵੇ। (1 ਯੂਹੰਨਾ 3:21) ਅਜਿਹੀ ਪ੍ਰਾਰਥਨਾ ਸੁਣਨ ਤੋਂ ਨੌਜਵਾਨ ਨੂੰ ਇਹ ਦੇਖਣ ਵਿਚ ਮਦਦ ਮਿਲੇਗੀ ਕਿ ਯਹੋਵਾਹ ਇਕ ਦਿਆਲੂ ਪਰਮੇਸ਼ੁਰ ਹੈ। *​—ਕੂਚ 34:6, 7; ਯਾਕੂਬ 5:16.

16. ਅਸੀਂ ਛੇਕੇ ਗਏ ਨਾਬਾਲਗ ਨੌਜਵਾਨਾਂ ਦੇ ਪਰਿਵਾਰਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?

16 ਜੇ ਇਕ ਨੌਜਵਾਨ ਨੂੰ ਛੇਕਿਆ ਜਾਂਦਾ ਹੈ, ਤਾਂ ਕਲੀਸਿਯਾ ਦੇ ਮੈਂਬਰਾਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ‘ਉਸ ਦੀ ਸੰਗਤ ਨਹੀਂ ਕਰਨਗੇ।’ (1 ਕੁਰਿੰਥੀਆਂ 5:11; 2 ਯੂਹੰਨਾ 10, 11) ਇਸ ਨਾਲ ਸ਼ਾਇਦ ਉਸ ਨੂੰ “ਸੁਰਤ ਵਿੱਚ ਆਣ” ਅਤੇ ਯਹੋਵਾਹ ਦੇ ਸੁਰੱਖਿਅਤ ਵਾੜੇ ਵਿਚ ਮੁੜ ਆਉਣ ਵਿਚ ਮਦਦ ਮਿਲੇ। (ਲੂਕਾ 15:17) ਪਰ, ਭਾਵੇਂ ਉਹ ਵਾਪਸ ਆਉਂਦਾ ਹੈ ਜਾਂ ਨਹੀਂ, ਕਲੀਸਿਯਾ ਦੇ ਮੈਂਬਰ ਛੇਕੇ ਗਏ ਨੌਜਵਾਨ ਦੇ ਪਰਿਵਾਰ ਨੂੰ ਹੌਸਲਾ ਦੇ ਸਕਦੇ ਹਨ। ਅਸੀਂ ਸਾਰੇ ਉਨ੍ਹਾਂ ਨਾਲ ਹਮਦਰਦੀ ਦਿਖਾਉਣ ਅਤੇ “ਤਰਸਵਾਨ” ਹੋਣ ਦੇ ਮੌਕੇ ਭਾਲ ਸਕਦੇ ਹਾਂ।​—1 ਪਤਰਸ 3:8, 9.

ਦੂਸਰੇ ਕਿਵੇਂ ਮਦਦ ਕਰ ਸਕਦੇ ਹਨ

17. ਜਦੋਂ ਕਲੀਸਿਯਾ ਦੇ ਮੈਂਬਰ ਕੁਰਾਹੇ ਪੈ ਰਹੇ ਬੱਚੇ ਦੀ ਮਦਦ ਕਰਦੇ ਹਨ, ਤਾਂ ਉਨ੍ਹਾਂ ਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

17 ਉਸ ਨੌਜਵਾਨ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ ਜਿਸ ਨੂੰ ਕਲੀਸਿਯਾ ਵਿੱਚੋਂ ਛੇਕਿਆ ਤਾਂ ਨਹੀਂ ਗਿਆ, ਪਰ ਉਸ ਦੀ ਨਿਹਚਾ ਕਮਜ਼ੋਰ ਹੋ ਗਈ ਹੈ? ਪੌਲੁਸ ਰਸੂਲ ਨੇ ਲਿਖਿਆ: “ਜੇ ਇੱਕ ਅੰਗ ਨੂੰ ਦੁੱਖ ਲੱਗੇ ਤਾਂ ਸਾਰੇ ਅੰਗ ਉਸ ਦੇ ਨਾਲ ਦੁੱਖੀ ਹੁੰਦੇ ਹਨ।” (1 ਕੁਰਿੰਥੀਆਂ 12:26) ਦੂਸਰੇ ਮਸੀਹੀ ਉਸ ਨੌਜਵਾਨ ਵਿਚ ਦਿਲਚਸਪੀ ਲੈ ਸਕਦੇ ਹਨ। ਬੇਸ਼ੱਕ, ਇਸ ਤਰ੍ਹਾਂ ਕਰਨ ਲਈ ਥੋੜ੍ਹਾ ਖ਼ਬਰਦਾਰ ਰਹਿਣ ਦੀ ਲੋੜ ਹੈ ਕਿਉਂਕਿ ਅਧਿਆਤਮਿਕ ਤੌਰ ਤੇ ਬੀਮਾਰ ਨੌਜਵਾਨ ਦਾ ਦੂਸਰੇ ਨੌਜਵਾਨਾਂ ਉੱਤੇ ਬੁਰਾ ਅਸਰ ਪੈ ਸਕਦਾ ਹੈ। (ਗਲਾਤੀਆਂ 5:7-9) ਇਕ ਕਲੀਸਿਯਾ ਵਿਚ ਕੁਝ ਮਸੀਹੀ ਭੈਣ-ਭਰਾ ਅਧਿਆਤਮਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਨੌਜਵਾਨਾਂ ਦੀ ਮਦਦ ਕਰਨ ਦੇ ਇਰਾਦੇ ਨਾਲ ਉਨ੍ਹਾਂ ਨੂੰ ਪਾਰਟੀਆਂ ਵਿਚ ਬੁਲਾਉਂਦੇ ਹੁੰਦੇ ਸਨ ਅਤੇ ਮਿਲ ਕੇ ਸਾਜ਼-ਸੰਗੀਤ ਵਜਾਉਂਦੇ ਸਨ। ਭਾਵੇਂ ਕਿ ਉਨ੍ਹਾਂ ਨੌਜਵਾਨਾਂ ਨੇ ਇਨ੍ਹਾਂ ਸੱਦਿਆਂ ਨੂੰ ਫ਼ੌਰਨ ਸਵੀਕਾਰ ਕਰ ਲਿਆ ਤੇ ਉਨ੍ਹਾਂ ਨੇ ਪਾਰਟੀਆਂ ਦਾ ਆਨੰਦ ਵੀ ਮਾਣਿਆ, ਪਰ ਇਕ-ਦੂਸਰੇ ਉੱਤੇ ਉਨ੍ਹਾਂ ਦੇ ਅਸਰ ਦਾ ਨਤੀਜਾ ਇਹ ਨਿਕਲਿਆ ਕਿ ਆਖ਼ਰਕਾਰ ਉਨ੍ਹਾਂ ਸਾਰੇ ਨੌਜਵਾਨਾਂ ਨੇ ਕਲੀਸਿਯਾ ਨਾਲੋਂ ਆਪਣਾ ਨਾਤਾ ਤੋੜ ਲਿਆ। (1 ਕੁਰਿੰਥੀਆਂ 15:33; ਯਹੂਦਾਹ 22, 23) ਪਾਰਟੀਆਂ ਨਿਹਚਾ ਵਿਚ ਕਮਜ਼ੋਰ ਹੋਏ ਬੱਚੇ ਦੀ ਮਦਦ ਨਹੀਂ ਕਰ ਸਕਦੀਆਂ, ਪਰ ਜੇ ਉਹ ਅਜਿਹੇ ਲੋਕਾਂ ਨਾਲ ਸੰਗਤੀ ਕਰੇ ਜੋ ਉਸ ਵਿਚ ਅਧਿਆਤਮਿਕ ਚੀਜ਼ਾਂ ਲਈ ਰੁਚੀ ਪੈਦਾ ਕਰਨ, ਤਾਂ ਉਸ ਦੀ ਮਦਦ ਹੋ ਸਕਦੀ ਹੈ। *

18. ਅਸੀਂ ਯਿਸੂ ਦੇ ਦ੍ਰਿਸ਼ਟਾਂਤ ਵਿਚਲੇ ਉਜਾੜੂ ਪੁੱਤਰ ਦੇ ਪਿਤਾ ਦੇ ਰਵੱਈਏ ਦੀ ਕਿਵੇਂ ਨਕਲ ਕਰ ਸਕਦੇ ਹਾਂ?

18 ਜਦੋਂ ਇਕ ਨੌਜਵਾਨ ਜਿਸ ਨੇ ਕਲੀਸਿਯਾ ਨੂੰ ਛੱਡ ਦਿੱਤਾ ਹੈ, ਦੁਬਾਰਾ ਕਿੰਗਡਮ ਹਾਲ ਵਿਚ ਆਉਂਦਾ ਹੈ ਜਾਂ ਕਿਸੇ ਅਸੈਂਬਲੀ ਵਿਚ ਆਉਂਦਾ ਹੈ, ਤਾਂ ਜ਼ਰਾ ਸੋਚੋ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰਦਾ ਹੋਣਾ। ਕੀ ਸਾਨੂੰ ਯਿਸੂ ਦੇ ਦ੍ਰਿਸ਼ਟਾਂਤ ਵਿਚਲੇ ਉਜਾੜੂ ਪੁੱਤਰ ਦੇ ਪਿਤਾ ਵਾਂਗ ਉਸ ਦਾ ਸੁਆਗਤ ਨਹੀਂ ਕਰਨਾ ਚਾਹੀਦਾ? (ਲੂਕਾ 15:18-20, 25-32) ਇਕ ਕਿਸ਼ੋਰ ਨੇ ਮਸੀਹੀ ਕਲੀਸਿਯਾ ਨੂੰ ਛੱਡ ਦਿੱਤਾ ਸੀ ਤੇ ਬਾਅਦ ਵਿਚ ਉਹ ਇਕ ਜ਼ਿਲ੍ਹਾ ਸੰਮੇਲਨ ਵਿਚ ਆਇਆ। ਉਸ ਨੇ ਕਿਹਾ: “ਮੈਂ ਸੋਚਿਆ ਸੀ ਕਿ ਮੇਰੇ ਵਰਗੇ ਬੰਦੇ ਤੋਂ ਸਾਰੇ ਜਣੇ ਦੂਰ ਭੱਜਣਗੇ, ਪਰ ਭੈਣ-ਭਰਾਵਾਂ ਨੇ ਮੇਰੇ ਕੋਲ ਆ ਕੇ ਮੇਰਾ ਸੁਆਗਤ ਕੀਤਾ। ਇਸ ਗੱਲ ਨੇ ਮੇਰੇ ਦਿਲ ਨੂੰ ਛੋਹ ਲਿਆ।” ਉਸ ਨੇ ਦੁਬਾਰਾ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਅਦ ਵਿਚ ਬਪਤਿਸਮਾ ਲੈ ਲਿਆ।

ਹਾਰ ਨਾ ਮੰਨੋ

19, 20. ਸਾਨੂੰ ਬਾਗ਼ੀ ਬੱਚੇ ਪ੍ਰਤੀ ਕਿਉਂ ਸਹੀ ਰਵੱਈਆ ਰੱਖਣਾ ਚਾਹੀਦਾ ਹੈ?

19 ਬਾਗ਼ੀ ਬੱਚੇ ਦੀ “ਸੁਰਤ ਵਿੱਚ ਆਣ” ਵਿਚ ਮਦਦ ਕਰਦੇ ਸਮੇਂ ਧੀਰਜ ਰੱਖਣ ਦੀ ਲੋੜ ਹੁੰਦੀ ਹੈ ਤੇ ਧੀਰਜ ਰੱਖਣਾ ਮਾਪਿਆਂ ਅਤੇ ਦੂਸਰਿਆਂ ਲਈ ਬੜਾ ਮੁਸ਼ਕਲ ਹੋ ਸਕਦਾ ਹੈ। ਪਰ ਹਾਰ ਨਾ ਮੰਨੋ। “ਪ੍ਰਭੁ ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਸਾਨੂੰ ਬਾਈਬਲ ਵਿਚ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਲੋਕ ਤੋਬਾ ਕਰਨ ਤੇ ਜੀਉਂਦੇ ਰਹਿਣ। ਇਸੇ ਲਈ ਉਸ ਨੇ ਇਨਸਾਨਜਾਤੀ ਨਾਲ ਮੇਲ-ਮਿਲਾਪ ਕਰਨ ਦਾ ਪ੍ਰਬੰਧ ਕਰ ਕੇ ਖ਼ੁਦ ਪਹਿਲ ਕੀਤੀ ਹੈ। (2 ਕੁਰਿੰਥੀਆਂ 5:18, 19) ਉਸ ਦੇ ਧੀਰਜ ਰੱਖਣ ਕਰਕੇ ਲੱਖਾਂ ਲੋਕਾਂ ਨੂੰ ਸੁਰਤ ਵਿਚ ਆਉਣ ਦਾ ਮੌਕਾ ਮਿਲਿਆ ਹੈ।​—ਯਸਾਯਾਹ 2:2, 3.

20 ਤਾਂ ਫਿਰ, ਕੀ ਮਾਪਿਆਂ ਨੂੰ ਆਪਣੇ ਭਟਕੇ ਹੋਏ ਨਾਬਾਲਗ ਬੱਚੇ ਨੂੰ ਸੁਰਤ ਵਿਚ ਲਿਆਉਣ ਲਈ ਬਾਈਬਲ ਵਿਚ ਦੱਸਿਆ ਗਿਆ ਹਰ ਸੰਭਵ ਤਰੀਕਾ ਨਹੀਂ ਵਰਤਣਾ ਚਾਹੀਦਾ? ਜਦੋਂ ਤੁਸੀਂ ਆਪਣੇ ਬੱਚੇ ਦੀ ਯਹੋਵਾਹ ਵੱਲ ਮੁੜ ਆਉਣ ਵਿਚ ਮਦਦ ਕਰਨ ਲਈ ਵਿਵਹਾਰਕ ਕਦਮ ਚੁੱਕਦੇ ਹੋ, ਤਾਂ ਯਹੋਵਾਹ ਵਾਂਗ ਸਹਿਣਸ਼ੀਲ ਬਣੋ। ਬਾਈਬਲ ਦੇ ਸਿਧਾਂਤਾਂ ਦਾ ਕਦੀ ਸਮਝੌਤਾ ਨਾ ਕਰੋ ਤੇ ਯਹੋਵਾਹ ਦੇ ਗੁਣ ਯਾਨੀ ਪਿਆਰ, ਨਿਆਂ ਅਤੇ ਬੁੱਧੀ ਦਿਖਾਉਣ ਦੀ ਕੋਸ਼ਿਸ਼ ਕਰੋ ਤੇ ਮਦਦ ਲਈ ਉਸ ਨੂੰ ਪ੍ਰਾਰਥਨਾ ਕਰੋ। ਠੀਕ ਜਿਵੇਂ ਬਹੁਤ ਸਾਰੇ ਬਾਗ਼ੀ ਨੌਜਵਾਨ ਯਹੋਵਾਹ ਦੇ ਪਿਆਰ ਭਰੇ ਸੱਦੇ ਨੂੰ ਸਵੀਕਾਰ ਕਰ ਕੇ ਵਾਪਸ ਮੁੜ ਆਏ ਹਨ, ਉਸੇ ਤਰ੍ਹਾਂ ਤੁਹਾਡਾ ਪੁੱਤ ਜਾਂ ਧੀ ਵੀ ਯਹੋਵਾਹ ਦੇ ਸੁਰੱਖਿਅਤ ਵਾੜੇ ਵਿਚ ਵਾਪਸ ਆ ਸਕਦੇ ਹਨ।​—ਲੂਕਾ 15:6, 7.

[ਫੁਟਨੋਟ]

^ ਪੈਰਾ 6 ਚੰਗੇ ਤਰੀਕੇ ਨਾਲ ਬੱਚਿਆਂ ਨੂੰ ਸਿਖਾਉਣ ਲਈ ਹੋਰ ਸੁਝਾਵਾਂ ਵਾਸਤੇ ਪਹਿਰਾਬੁਰਜ, 1 ਜੁਲਾਈ 1999, ਸਫ਼ੇ 13-17 ਦੇਖੋ।

^ ਪੈਰਾ 15 ਛੇਕੇ ਗਏ ਨਾਬਾਲਗ ਬੱਚਿਆਂ ਲਈ ਅਜਿਹੀਆਂ ਪ੍ਰਾਰਥਨਾਵਾਂ ਕਲੀਸਿਯਾ ਸਭਾਵਾਂ ਵਿਚ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਕਿਉਂਕਿ ਦੂਸਰੇ ਲੋਕ ਸ਼ਾਇਦ ਨਾ ਜਾਣਦੇ ਹੋਣ ਕਿ ਉਸ ਨੇ ਤੋਬਾ ਕੀਤੀ ਹੈ ਜਾਂ ਨਹੀਂ।—ਪਹਿਰਾਬੁਰਜ (ਅੰਗ੍ਰੇਜ਼ੀ), 15 ਅਕਤੂਬਰ 1979 ਸਫ਼ਾ 31 ਦੇਖੋ।

^ ਪੈਰਾ 17 ਖ਼ਾਸ ਸੁਝਾਵਾਂ ਲਈ ਜਾਗਰੂਕ ਬਣੋ! (ਅੰਗ੍ਰੇਜ਼ੀ), 22 ਜੂਨ 1972, ਸਫ਼ੇ 13-16; 22 ਸਤੰਬਰ 1996, ਸਫ਼ੇ 21-3 ਦੇਖੋ।

ਕੀ ਤੁਹਾਨੂੰ ਯਾਦ ਹੈ?

• ਕਿਸ ਕਾਰਨ ਕਰਕੇ ਇਕ ਨੌਜਵਾਨ ਕਲੀਸਿਯਾ ਨੂੰ ਛੱਡ ਸਕਦਾ ਹੈ?

• ਯਹੋਵਾਹ ਨਾਲ ਨਿੱਜੀ ਰਿਸ਼ਤਾ ਕਾਇਮ ਕਰਨ ਵਿਚ ਨੌਜਵਾਨਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ?

• ਆਪਣੇ ਬਾਗ਼ੀ ਬੱਚੇ ਦੀ ਮਦਦ ਕਰਨ ਵੇਲੇ ਮਾਪਿਆਂ ਨੂੰ ਸਹਿਣਸ਼ੀਲ ਤੇ ਦ੍ਰਿੜ੍ਹ ਹੋਣ ਦੀ ਕਿਉਂ ਲੋੜ ਹੈ?

• ਕਲੀਸਿਯਾ ਦੇ ਮੈਂਬਰ ਇਕ ਬਾਗ਼ੀ ਬੱਚੇ ਦੀ ਵਾਪਸ ਮੁੜ ਆਉਣ ਵਿਚ ਕਿਵੇਂ ਮਦਦ ਕਰ ਸਕਦੇ ਹਨ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਮਾਪਿਆਂ ਦੀਆਂ ਦਿਲੀ ਪ੍ਰਾਰਥਨਾਵਾਂ ਬੱਚਿਆਂ ਦੀ ਇਹ ਦੇਖਣ ਵਿਚ ਮਦਦ ਕਰ ਸਕਦੀਆਂ ਹਨ ਕਿ ਉਨ੍ਹਾਂ ਦੇ ਮਾਪਿਆਂ ਦਾ ਯਹੋਵਾਹ ਨਾਲ ਨਜ਼ਦੀਕੀ ਰਿਸ਼ਤਾ ਹੈ

[ਸਫ਼ੇ 15 ਉੱਤੇ ਤਸਵੀਰ]

ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਕਾਇਮ ਕਰਨ ਲਈ ਉਸ ਦੇ ਬਚਨ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ

[ਸਫ਼ੇ 17 ਉੱਤੇ ਤਸਵੀਰ]

ਜਦੋਂ ਇਕ ਬਾਗ਼ੀ ਬੱਚਾ ‘ਸੁਰਤ ਵਿੱਚ ਆਉਂਦਾ ਹੈ,’ ਤਾਂ ਉਸ ਦਾ ਸੁਆਗਤ ਕਰੋ

[ਸਫ਼ੇ 18 ਉੱਤੇ ਤਸਵੀਰ]

ਯਹੋਵਾਹ ਵੱਲ ਵਾਪਸ ਮੁੜ ਆਉਣ ਵਿਚ ਆਪਣੇ ਬੱਚੇ ਦੀ ਮਦਦ ਕਰਨ ਲਈ ਵਿਵਹਾਰਕ ਕਦਮ ਚੁੱਕੋ