ਜਰਮਨੀ ਦੀ ਸਭ ਤੋਂ ਵੱਡੀ ਅਦਾਲਤ ਵਿਚ ਜਿੱਤ
ਜਰਮਨੀ ਦੀ ਸਭ ਤੋਂ ਵੱਡੀ ਅਦਾਲਤ ਵਿਚ ਜਿੱਤ
ਜਰਮਨੀ ਦੇ ਕਾਰਲਜ਼ਰੁਹੇ ਸ਼ਹਿਰ ਵਿਚ, ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਵਿਚ ਯਹੋਵਾਹ ਦੇ ਗਵਾਹਾਂ ਨੇ ਇਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਆਪ ਨੂੰ ਟੈਕਸ-ਮੁਕਤ ਜਾਂ ਪੁੰਨ-ਦਾਨ ਕਰਨ ਵਾਲੀ ਸੰਸਥਾ ਵਜੋਂ ਸਥਾਪਿਤ ਕਰਨ ਵਿਚ ਇਕ ਮਹੱਤਵਪੂਰਣ ਕਦਮ ਚੁੱਕਿਆ ਹੈ।
ਯਹੋਵਾਹ ਦੇ ਗਵਾਹ 100 ਸਾਲਾਂ ਤੋਂ ਜ਼ਿਆਦਾ ਚਿਰ ਜਰਮਨੀ ਵਿਚ ਪ੍ਰਚਾਰ ਕਰਦੇ ਆਏ ਹਨ। ਉਨ੍ਹਾਂ ਨੇ 20ਵੀਂ ਸਦੀ ਦੀਆਂ ਦੋ ਸਰਕਾਰਾਂ, ਯਾਨੀ ਨਾਜ਼ੀਵਾਦ ਅਤੇ ਕਮਿਊਨਿਸਟ ਅਧੀਨ ਸਖ਼ਤ ਸਤਾਹਟ ਸਹੀ। ਸੰਨ 1990 ਤੋਂ ਯਹੋਵਾਹ ਦੇ ਗਵਾਹਾਂ ਨੇ ਇਕ ਟੈਕਸ-ਮੁਕਤ ਜਾਂ ਪੁੰਨ-ਦਾਨ ਕਰਨ ਵਾਲੀ ਸੰਸਥਾ ਵਜੋਂ ਕਾਨੂੰਨੀ ਕਰਾਰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਦੋ ਵਾਰ ਉਨ੍ਹਾਂ ਨੂੰ ਜਿੱਤ ਹਾਸਲ ਹੋਈ, ਪਰ ਇਸ ਤੋਂ ਬਾਅਦ ਇਕ ਹਾਰ। ਇਸ ਕਰਕੇ ਉਨ੍ਹਾਂ ਨੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਵਿਚ ਆਪਣੀ ਅਪੀਲ ਪੇਸ਼ ਕੀਤੀ ਅਤੇ ਇਸ ਦਾ ਫ਼ੈਸਲਾ 19 ਦਸੰਬਰ 2000 ਦੇ ਦਿਨ ਸੁਣਾਇਆ ਗਿਆ ਸੀ।
ਸਾਰਿਆਂ ਜੱਜਾਂ ਨੇ ਗਵਾਹਾਂ ਦੇ ਪੱਖ ਵਿਚ ਫ਼ੈਸਲਾ ਕੀਤਾ
ਅਦਾਲਤ ਵਿਚ ਸੱਤ ਜੱਜ ਸਨ ਅਤੇ ਉਨ੍ਹਾਂ ਸਾਰਿਆਂ ਨੇ ਗਵਾਹਾਂ ਦੇ ਪੱਖ ਵਿਚ ਫ਼ੈਸਲਾ ਕੀਤਾ ਸੀ। ਜੱਜਾਂ ਨੇ 1997 ਵਿਚ ਬਰਲਿਨ ਦੀ ਵੱਡੀ ਅਦਾਲਤ ਦੁਆਰਾ ਕੀਤੇ ਗਏ ਫ਼ੈਸਲੇ ਨੂੰ ਉਲਟਾ ਦਿੱਤਾ ਅਤੇ ਉਸ ਨੂੰ ਕਿਹਾ ਕਿ ਉਹ ਗਵਾਹਾਂ ਦੀ ਅਰਜ਼ੀ ਨੂੰ ਦੁਬਾਰਾ ਸੁਣੇ।
ਇਸ ਮੌਕੇ ਤੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਸਰਕਾਰ ਅਤੇ ਧਾਰਮਿਕ ਸਮੂਹਾਂ ਦੇ ਬੁਨਿਆਦੀ ਰਿਸ਼ਤੇ ਉੱਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਸ ਨੇ ਕਿਹਾ ਕਿ ਧਰਮ ‘ਉਸ ਦੇ ਸਿਧਾਂਤਾਂ ਦੀ ਬਜਾਇ ਉਸ ਦੇ ਚਾਲ-ਚਲਣ ਤੋਂ ਜਾਣਿਆ ਜਾਂਦਾ ਹੈ।’
ਅਦਾਲਤ ਵਿਚ ਇਹ ਵੀ ਕਿਹਾ ਗਿਆ ਕਿ ਜਦੋਂ ਯਹੋਵਾਹ ਦੇ ਗਵਾਹ “ਮਸੀਹੀ ਨਿਰਪੱਖਤਾ” ਅਨੁਸਾਰ ਚੱਲਦੇ ਹਨ ਤਾਂ ਉਹ “ਲੋਕਰਾਜ ਦੇ ਸਿਧਾਂਤ ਵਿਰੁੱਧ ਨਹੀਂ ਚੱਲਦੇ” ਅਤੇ “ਲੋਕਰਾਜ ਦੀ ਥਾਂ ਕਿਸੇ ਹੋਰ ਸਰਕਾਰ ਨੂੰ ਬਿਠਾਉਣਾ ਨਹੀਂ ਚਾਹੁੰਦੇ।” ਯਹੋਵਾਹ ਦੇ ਗਵਾਹ ਆਪਣੀ ਮਸੀਹੀ ਨਿਰਪੱਖਤਾ ਅਨੁਸਾਰ ਇਲੈਕਸ਼ਨਾਂ ਵਿਚ ਹਿੱਸਾ ਨਹੀਂ ਲੈਂਦੇ। ਪਰ ਇਹ ਉਨ੍ਹਾਂ ਦੇ ਖ਼ਿਲਾਫ਼ ਸਬੂਤ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ ਜਦੋਂ ਉਹ ਕਾਨੂੰਨੀ ਕਰਾਰ ਚਾਹੁੰਦੇ ਹਨ।—ਯੂਹੰਨਾ 18:36; ਰੋਮੀਆਂ 13:1.
ਅਦਾਲਤ ਵਿਚ ਅੱਗੇ ਕਿਹਾ ਗਿਆ ਕਿ ਇਕ ਧਾਰਮਿਕ ਬੰਦਾ—ਚਾਹੇ ਯਹੋਵਾਹ ਦਾ ਗਵਾਹ ਜਾਂ ਕਿਸੇ ਹੋਰ ਧਰਮ ਦਾ ਬੰਦਾ—ਅਜਿਹੀ ਸਥਿਤੀ ਵਿਚ ਹੋ ਸਕਦਾ ਹੈ ਜਿੱਥੇ ਉਸ ਦੇ ਧਰਮ ਦੇ ਸਿਧਾਂਤ ਸਰਕਾਰ ਦੇ ਸਿਧਾਂਤਾਂ ਤੋਂ ਉਲਟ ਹੋਣ। ਜੇਕਰ ਇਹ ਬੰਦਾ ਆਪਣੀ ਜ਼ਮੀਰ ਅਨੁਸਾਰ “ਕਾਨੂੰਨ ਦੀ ਬਜਾਇ ਆਪਣੇ ਧਰਮ ਦੇ ਸਿਧਾਂਤ ਅਨੁਸਾਰ ਚੱਲੇ,” ਤਾਂ ਸਰਕਾਰ ਇਸ ਗੱਲ ਨੂੰ ਧਾਰਮਿਕ ਆਜ਼ਾਦੀ ਵਜੋਂ ਜਾਇਜ਼ ਸਮਝ ਸਕਦੀ ਹੈ।—ਰਸੂਲਾਂ ਦੇ ਕਰਤੱਬ 5:29.
ਅਦਾਲਤ ਦਾ ਫ਼ੈਸਲਾ ਅਖ਼ਬਾਰਾਂ ਅਤੇ ਟੈਲੀਵਿਯਨ ਵਿਚ ਐਲਾਨ ਕੀਤਾ ਗਿਆ। ਜਰਮਨੀ ਦੀਆਂ ਤਕਰੀਬਨ ਸਾਰੀਆਂ ਅਖ਼ਬਾਰਾਂ ਵਿਚ ਇਸ ਕੇਸ ਦੀ ਰਿਪੋਰਟ ਛਾਪੀ ਗਈ ਸੀ। ਟੈਲੀਵਿਯਨ ਅਤੇ ਰੇਡੀਓ ਦੇ ਹਰ ਵੱਡੇ ਚੈਨਲ ਨੇ ਰਿਪੋਰਟਾਂ ਜਾਂ ਇੰਟਰਵਿਊਆਂ ਬ੍ਰਾਡਕਾਸਟ ਕੀਤੀਆਂ। ਜਰਮਨੀ ਵਿਚ ਯਹੋਵਾਹ ਦਾ ਨਾਮ ਪਹਿਲੀ ਵਾਰ ਇੰਨੇ ਵੱਡੇ ਪੈਮਾਨੇ ਤੇ ਐਲਾਨ ਕੀਤਾ ਗਿਆ ਹੈ।
[ਸਫ਼ੇ 8 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
AP Photo/Daniel Maurer