ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਇਕ ਵਫ਼ਾਦਾਰ ਮਸੀਹੀ ਪਤਨੀ ਨੂੰ ਕਿਸ ਹੱਦ ਤਕ ਆਪਣੇ ਸਾਥੀ ਵੱਲੋਂ ਸ਼ੁਰੂ ਕੀਤੀ ਗਈ ਤਲਾਕ ਦੀ ਕਾਰਵਾਈ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?
ਜਦੋਂ ਪਹਿਲੇ ਜੋੜੇ ਦਾ ਵਿਆਹ ਹੋਇਆ ਸੀ ਤਾਂ ਪਰਮੇਸ਼ੁਰ ਨੇ ਕਿਹਾ ਸੀ ਕਿ ਇਕ ਪਤੀ ਅਤੇ ਪਤਨੀ ਨੂੰ ਇਕ ਦੂਸਰੇ ਨਾਲ ‘ਮਿਲ ਕੇ ਰਹਿਣਾ’ ਚਾਹੀਦਾ ਸੀ। (ਉਤਪਤ 2:18-24) ਪਰ ਇਨਸਾਨ ਅਪੂਰਣ ਬਣ ਗਏ ਅਤੇ ਇਸ ਕਰਕੇ ਕਈਆਂ ਵਿਆਹੁਤਾ ਜੋੜਿਆਂ ਵਿਚ ਮੁਸ਼ਕਲਾਂ ਪੈਦਾ ਹੋਣ ਲੱਗ ਪਈਆਂ। ਫਿਰ ਵੀ, ਪਰਮੇਸ਼ੁਰ ਦੀ ਇੱਛਾ ਹੈ ਕਿ ਵਿਆਹੁਤਾ ਸਾਥੀ ਇਕੱਠੇ ਮਿਲ ਕੇ ਰਹਿਣ। ਪੌਲੁਸ ਰਸੂਲ ਨੇ ਲਿਖਿਆ ਕਿ “ਗ੍ਰਿਸਤੀਆਂ ਨੂੰ ਮੈਂ ਤਗੀਦ ਕਰਦਾ ਹਾਂ ਪਰ ਮੈਂ ਤਾਂ ਨਹੀਂ ਸਗੋਂ ਪ੍ਰਭੁ, ਜੋ ਪਤਨੀ ਆਪਣੇ ਪਤੀ ਤੋਂ ਅੱਡ ਨਾ ਹੋਵੇ। ਪਰ ਜੇ ਉਹ ਅੱਡ ਹੋਵੇ ਵੀ ਤਾਂ ਅਣਵਿਆਹੀ ਰਹੇ ਅਥਵਾ ਆਪਣੇ ਪਤੀ ਨਾਲ ਸੁਲ੍ਹਾ ਕਰ ਲਵੇ ਅਤੇ ਪਤੀ ਆਪਣੀ ਪਤਨੀ ਨੂੰ ਨਾ ਤਿਆਗੇ।”—1 ਕੁਰਿੰਥੀਆਂ 7:10, 11.
ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਅਪੂਰਣ ਇਨਸਾਨਾਂ ਵਿਚਕਾਰ ਕਦੀ-ਕਦੀ ਇਕ ਸਾਥੀ ਸ਼ਾਇਦ ਦੂਸਰੇ ਨੂੰ ਛੱਡਣ ਦਾ ਫ਼ੈਸਲਾ ਕਰ ਲੈਂਦਾ ਹੈ। ਮਿਸਾਲ ਲਈ, ਪੌਲੁਸ ਨੇ ਕਿਹਾ ਸੀ ਕਿ ਜੇ ਇਕ ਸਾਥੀ ਅੱਡ ਹੋ ਜਾਵੇ ਤਾਂ ਦੋਹਾਂ ਨੂੰ ‘ਅਣਵਿਆਹੇ’ ਰਹਿਣਾ ਚਾਹੀਦਾ ਹੈ। ਪਰ ਕਿਉਂ? ਭਾਵੇਂ ਕਿ ਇਕ ਸਾਥੀ ਅੱਡ ਹੋ ਗਿਆ ਹੈ ਪਰਮੇਸ਼ੁਰ ਦੀ ਨਜ਼ਰ ਵਿਚ ਉਹ ਦੋਨੋਂ ਹਾਲੇ ਵੀ ਵਿਆਹ ਦੇ ਬੰਧਨ ਵਿਚ ਇਕ ਦੂਸਰੇ ਨਾਲ ਜੁੜੇ ਹੋਏ ਹਨ। ਪੌਲੁਸ ਇਹ ਇਸ ਲਈ ਕਹਿ ਸਕਦਾ ਸੀ ਕਿਉਂਕਿ ਯਿਸੂ ਨੇ ਮਸੀਹੀ ਵਿਆਹ ਦੇ ਮਿਆਰ ਕਾਇਮ ਕੀਤੇ ਸਨ: “ਜੋ ਕੋਈ ਆਪਣੀ ਤੀਵੀਂ ਨੂੰ ਬਿਨਾ ਹਰਾਮਕਾਰੀ [ਯੂਨਾਨੀ ਸ਼ਬਦ ਪੋਰਨੀਆਂ] ਦੇ ਕਿਸੇ ਹੋਰ ਕਾਰਨ ਤੋਂ ਤਿਆਗ ਦੇਵੇ ਅਤੇ ਦੂਈ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਹੈ।” (ਮੱਤੀ 19:9) ਬਾਈਬਲ ਅਨੁਸਾਰ ਸਿਰਫ਼ ਇਕ ਕਾਰਨ ਕਰਕੇ ਹੀ ਤਲਾਕ ਦੇਣ ਦੀ ਇਜਾਜ਼ਤ ਹੈ। ਜੀ ਹਾਂ, “ਹਰਾਮਕਾਰੀ,” ਯਾਨੀ ਨਾਜਾਇਜ਼ ਲਿੰਗੀ ਸੰਬੰਧਾਂ ਕਾਰਨ ਹੀ ਵਿਆਹ ਦਾ ਸੰਬੰਧ ਤੋੜਿਆ ਜਾ ਸਕਦਾ ਹੈ। ਜ਼ਾਹਰ ਹੈ ਕਿ ਜਿਸ ਮਾਮਲੇ ਬਾਰੇ ਪੌਲੁਸ ਗੱਲ ਕਰ ਰਿਹਾ ਸੀ, ਉਸ ਵਿਚ ਨਾ ਪਤੀ ਨੇ ਅਤੇ ਨਾ ਹੀ ਪਤਨੀ ਨੇ ਕੋਈ ਅਨੈਤਿਕ ਕੰਮ ਕੀਤਾ ਸੀ, ਇਸ ਲਈ ਜੇ ਉਹ ਜੁਦਾ ਹੋ ਜਾਂਦੇ, ਤਾਂ ਪਰਮੇਸ਼ੁਰ ਦੀ ਨਜ਼ਰ ਵਿਚ ਉਹ ਅਜੇ ਵੀ ਇਕ ਵਿਆਹੁਤਾ ਜੋੜਾ ਸਨ।
ਫਿਰ ਪੌਲੁਸ ਨੇ ਉਸ ਸਥਿਤੀ ਬਾਰੇ ਗੱਲ ਕੀਤੀ ਜਿਸ ਵਿਚ ਇਕ ਸੱਚੇ ਮਸੀਹੀ ਦਾ ਸਾਥੀ ਸੱਚਾਈ ਵਿਚ ਨਹੀਂ ਹੈ। ਪੌਲੁਸ ਦੀ ਸਲਾਹ ਵੱਲ ਜ਼ਰਾ ਧਿਆਨ ਦਿਓ: “ਪਰ ਜੇ ਉਹ ਬੇਪਰਤੀਤ ਅੱਡ ਹੋਵੇ ਤਾਂ ਅੱਡ ਹੋਣ ਦੇਹ ਅਜਿਹੇ ਹਾਲ ਵਿੱਚ ਕੋਈ ਭਰਾ ਯਾ ਭੈਣ ਬੰਧਨ ਵਿੱਚ ਨਹੀਂ ਹੈ ਪਰ ਪਰਮੇਸ਼ੁਰ ਨੇ ਸਾਨੂੰ ਸੁਲ੍ਹਾ ਦੇ ਲਈ ਸੱਦਿਆ ਹੈ।” (1 ਕੁਰਿੰਥੀਆਂ 7:12-16) ਇਕ ਵਫ਼ਾਦਾਰ ਪਤਨੀ ਕੀ ਕਰ ਸਕਦੀ ਹੈ ਜੇ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਹੋਵੇ, ਜਾਂ ਉਹ ਕਾਨੂੰਨੀ ਤੌਰ ਤੇ ਉਸ ਤੋਂ ਤਲਾਕ ਲੈਣਾ ਚਾਹੁੰਦਾ ਹੈ?
ਪਤਨੀ ਸ਼ਾਇਦ ਚਾਹੁੰਦੀ ਹੋਵੇ ਕਿ ਉਸ ਦਾ ਪਤੀ ਉਸ ਦੇ ਨਾਲ ਰਹੇ। ਉਹ ਸ਼ਾਇਦ ਹਾਲੇ ਵੀ ਉਸ ਨਾਲ ਪਿਆਰ ਕਰਦੀ ਹੋਵੇ, ਅਤੇ ਇਹ ਵੀ ਜਾਣਦੀ ਹੋਵੇ ਕਿ ਉਸ ਨੂੰ ਅਤੇ ਉਨ੍ਹਾਂ ਦਿਆਂ ਬੱਚਿਆਂ ਨੂੰ ਸਹਾਰੇ ਦੀ ਲੋੜ ਹੈ। ਉਹ ਸ਼ਾਇਦ ਇਹ ਵੀ ਉਮੀਦ ਰੱਖਦੀ ਹੋਵੇ ਕਿ ਸਮਾਂ ਆਉਣ ਤੇ ਉਸ ਦਾ ਪਤੀ ਵੀ ਸੱਚਾਈ ਅਪਣਾ ਕੇ ਬਚਾਇਆ ਜਾਵੇ। ਲੇਕਿਨ, ਜੇ ਪਤੀ ਵਿਆਹ ਦੇ ਸੰਬੰਧ ਨੂੰ ਖ਼ਤਮ ਕਰਨ ਲਈ ਕਦਮ ਚੁੱਕਦਾ ਹੈ (ਜੋ ਕਿ ਬਾਈਬਲ ਦੇ ਵਿਰੋਧ ਹੈ), ਤਾਂ ਜਿਵੇਂ ਪੌਲੁਸ ਨੇ ਲਿਖਿਆ ਸੀ ਪਤਨੀ ਉਸ ਨੂੰ “ਅੱਡ ਹੋਣ” ਦੇ ਸਕਦੀ ਹੈ। ਇਹ ਗੱਲ ਉਦੋਂ ਵੀ ਲਾਗੂ ਹੁੰਦੀ ਹੈ ਜਦੋਂ ਪਤੀ ਸੱਚਾਈ ਵਿਚ ਹੁੰਦਾ ਹੈ ਅਤੇ ਉਹ ਵਿਆਹ ਬਾਰੇ ਪਰਮੇਸ਼ੁਰ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਅੱਡ ਹੋਣਾ ਚਾਹੁੰਦਾ ਹੈ।
ਜੇਕਰ ਇਸ ਤਰ੍ਹਾਂ ਹੋਵੇ ਤਾਂ ਪਤਨੀ ਸ਼ਾਇਦ ਆਪਣੇ ਆਪ ਅਤੇ ਆਪਣਿਆਂ ਬੱਚਿਆਂ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਸਮਝਦੀ ਹੋਵੇ। ਹਾਂ, ਉਹ ਇਹ ਚਾਹੁੰਦੀ ਹੋਵੇ ਕਿ ਉਸ ਨੂੰ ਆਪਣੇ ਪਿਆਰੇ ਬੱਚਿਆਂ ਦੀ ਦੇਖ-ਭਾਲ ਕਰਨ ਦਾ ਕਾਨੂੰਨੀ ਹੱਕ ਮਿਲੇ, ਅਤੇ ਇਸ ਤਰ੍ਹਾਂ ਉਹ ਉਨ੍ਹਾਂ ਨੂੰ ਮਾਂ ਦਾ ਪਿਆਰ ਦੇ ਸਕਦੀ ਹੈ, ਉਨ੍ਹਾਂ ਨੂੰ ਨੇਕੀ ਨਾਲ ਚੱਲਣ ਦੀ ਸਿਖਲਾਈ ਦੇ ਸਕਦੀ ਹੈ, ਅਤੇ ਉਨ੍ਹਾਂ ਦਿਆਂ ਦਿਲਾਂ ਵਿਚ ਬਾਈਬਲ ਸਿੱਖਿਆਵਾਂ ਤੇ ਆਧਾਰਿਤ ਪੱਕੀ ਨਿਹਚਾ ਬਿਠਾ ਸਕਦੀ ਹੈ। (2 ਤਿਮੋਥਿਉਸ 3:15) ਤਲਾਕ ਕਾਰਨ ਸ਼ਾਇਦ ਉਹ ਆਪਣੇ ਹੱਕ ਗੁਆ ਬੈਠ ਸਕਦੀ ਹੈ। ਇਸ ਲਈ, ਬੱਚਿਆਂ ਉੱਤੇ ਹੱਕ ਰੱਖਣ ਲਈ ਅਤੇ ਇਹ ਨਿਸ਼ਚਿਤ ਕਰਨ ਲਈ ਕਿ ਉਸ ਦਾ ਪਤੀ ਆਪਣੇ ਪਰਿਵਾਰ ਨੂੰ ਸਹਾਰਾ ਦੇਣ ਲਈ ਮਜਬੂਰ ਹੋਵੇ, ਉਹ ਆਪਣਾ ਕੇਸ ਅਧਿਕਾਰਾਂ ਸਾਮ੍ਹਣੇ ਸਹੀ ਤਰੀਕੇ ਵਿਚ ਲਿਆਉਣ ਲਈ ਕਦਮ ਚੁੱਕ ਸਕਦੀ ਹੈ। ਕੁਝ ਥਾਵਾਂ ਵਿਚ ਇਕ ਤੀਵੀਂ ਜੋ ਤਲਾਕ ਨਹੀਂ ਚਾਹੁੰਦੀ ਆਪਣੇ ਪਤੀ ਨੂੰ ਤਲਾਕ ਦੇਣ ਤੋਂ ਬਗੈਰ ਕੁਝ ਕਾਨੂੰਨੀ ਕਾਗਜ਼ਾਂ ਤੇ ਦਸਤਖਤ ਕਰ ਸਕਦੀ ਹੈ ਜੋ ਬੱਚਿਆਂ ਉੱਤੇ ਹੱਕ ਰੱਖਣ ਅਤੇ ਮਾਲੀ ਸਹਾਇਤਾ ਦੇ ਪ੍ਰਬੰਧਾਂ ਨੂੰ ਤੈਅ ਕਰਦੇ ਹਨ। ਦੂਸਰਿਆਂ ਥਾਵਾਂ ਵਿਚ ਕਾਗਜ਼ ਇਹ ਕਹਿੰਦੇ ਹਨ ਕਿ ਪਤਨੀ ਤਲਾਕ ਨਾਲ ਸਹਿਮਤ ਹੈ; ਇਨ੍ਹਾਂ ਉੱਤੇ ਦਸਤਖਤ ਕਰ ਕੇ ਉਹ ਦਿਖਾ ਰਹੀ ਹੋਵੇਗੀ ਕਿ ਉਹ ਆਪਣੇ ਵਿਭਚਾਰ ਦੇ ਦੋਸ਼ੀ ਪਤੀ ਨੂੰ ਠੁਕਰਾ ਰਹੀ ਹੈ।
ਗੁਆਂਢ ਅਤੇ ਕਲੀਸਿਯਾ ਦੇ ਬਹੁਤ ਸਾਰਿਆਂ ਲੋਕਾਂ ਨੂੰ ਸ਼ਾਇਦ ਪਤੀ-ਪਤਨੀ ਦੇ ਆਪਸੀ ਮਾਮਲੇ ਬਾਰੇ ਸਾਰੀਆਂ ਗੱਲਾਂ ਦਾ ਪਤਾ ਨਾ ਹੋਵੇ, ਜਿਵੇਂ ਕਿ ਤਲਾਕ ਬਾਈਬਲ ਦੇ ਅਨੁਸਾਰ ਹੋਇਆ ਹੈ ਕਿ ਨਹੀਂ। ਇਸ ਲਈ, ਗੱਲ ਜ਼ਿਆਦਾ ਵੱਧਣ ਤੋਂ ਪਹਿਲਾਂ ਇਸ ਭੈਣ ਲਈ ਚੰਗਾ ਹੋਵੇਗਾ ਕਿ ਉਹ ਕਲੀਸਿਯਾ ਦੇ ਪ੍ਰਧਾਨ ਬਜ਼ੁਰਗ ਅਤੇ ਇਕ ਹੋਰ ਬਜ਼ੁਰਗ ਨੂੰ ਅਸਲੀਅਤ ਬਾਰੇ ਦੱਸ ਦੇਵੇ (ਬਿਹਤਰ ਹੈ ਕਿ ਉਹ ਇਹ ਚਿੱਠੀ ਰਾਹੀਂ ਕਰੇ)। ਇਸ ਤਰ੍ਹਾਂ ਕੋਈ ਵੀ ਸਵਾਲ ਉੱਠਣ ਤੇ ਉਨ੍ਹਾਂ ਨੂੰ ਇਸ ਮਾਮਲੇ ਦੀ ਅਸਲੀਅਤ ਬਾਰੇ ਪਤਾ ਹੋਵੇਗਾ, ਚਾਹੇ ਇਹ ਸਵਾਲ ਉਦੋਂ ਉੱਠਣ ਜਾਂ ਬਾਅਦ ਵਿਚ।
ਆਓ ਆਪਾਂ ਯਿਸੂ ਦੇ ਸ਼ਬਦਾਂ ਵੱਲ ਫਿਰ ਦੇਖੀਏ: “ਜੋ ਕੋਈ ਆਪਣੀ ਤੀਵੀਂ ਨੂੰ ਬਿਨਾ ਹਰਾਮਕਾਰੀ ਦੇ ਕਿਸੇ ਹੋਰ ਕਾਰਨ ਤੋਂ ਤਿਆਗ ਦੇਵੇ ਅਤੇ ਦੂਈ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਹੈ।” ਜੇਕਰ ਇਕ ਪਤੀ ਬਦਚਲਣੀ ਹੋਸ਼ੇਆ 1:1-3; 3:1-3.
ਦਾ ਸੱਚ-ਮੁੱਚ ਦੋਸ਼ੀ ਹੈ ਪਰ ਫਿਰ ਵੀ ਉਹ ਆਪਣੀ ਪਤਨੀ ਨਾਲ ਵਿਆਹਿਆ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ (ਯਾਨੀ, ਯਿਸੂ ਦੀ ਮਿਸਾਲ ਦੇ ਨਿਰਦੋਸ਼ ਸਾਥੀ ਨੂੰ) ਫ਼ੈਸਲਾ ਕਰਨਾ ਪਵੇਗਾ ਕਿ ਉਹ ਉਸ ਨੂੰ ਮਾਫ਼ ਕਰ ਕੇ ਉਸ ਨਾਲ ਵਿਆਹੁਤਾ ਸੰਬੰਧ ਰੱਖੇਗੀ ਜਾਂ ਉਸ ਨੂੰ ਠੁਕਰਾ ਦੇਵੇਗੀ। ਜੇਕਰ ਉਹ ਉਸ ਨੂੰ ਮਾਫ਼ ਕਰਨ ਲਈ ਰਾਜ਼ੀ ਹੈ ਅਤੇ ਆਪਣੇ ਕਾਨੂੰਨੀ ਪਤੀ ਨਾਲ ਰਹਿਣਾ ਚਾਹੁੰਦੀ ਹੈ ਤਾਂ ਇਸ ਤਰ੍ਹਾਂ ਕਰਨ ਲਈ ਉਸ ਨੂੰ ਨੈਤਿਕ ਤੌਰ ਤੇ ਦੋਸ਼ ਨਹੀਂ ਠਹਿਰਾਇਆ ਜਾਵੇਗਾ।—ਪਤਨੀ ਸ਼ਾਇਦ ਆਪਣੇ ਬੇਵਫ਼ਾ ਪਤੀ ਨੂੰ ਮਾਫ਼ ਕਰਨ ਲਈ ਰਾਜ਼ੀ ਹੋਵੇ ਅਤੇ ਉਸ ਨਾਲ ਰਹਿਣਾ ਚਾਹੇ ਭਾਵੇਂ ਕਿ ਬੇਵਫ਼ਾ ਪਤੀ ਉਸ ਤੋਂ ਤਲਾਕ ਮੰਗੇ। ਪਤਨੀ ਨੂੰ ਆਪਣੀ ਜ਼ਮੀਰ ਅਤੇ ਹਾਲਾਤ ਅਨੁਸਾਰ ਖ਼ੁਦ ਫ਼ੈਸਲਾ ਕਰਨਾ ਪਵੇਗਾ ਕਿ ਉਹ ਪਤੀ ਦੇ ਤਲਾਕ ਦੀ ਕਾਰਵਾਈ ਨੂੰ ਮਨਜ਼ੂਰ ਕਰੇਗੀ ਕਿ ਨਹੀਂ। ਕੁਝ ਥਾਵਾਂ ਤੇ ਤੀਵੀਂ ਕੁਝ ਕਾਗਜ਼ਾਂ ਤੇ ਦਸਤਖਤ ਕਰ ਸਕਦੀ ਹੈ ਜੋ ਬੱਚਿਆਂ ਉੱਤੇ ਹੱਕ ਰੱਖਣ ਅਤੇ ਮਾਲੀ ਸਹਾਇਤਾ ਦੇ ਪ੍ਰਬੰਧਾਂ ਨੂੰ ਤੈਅ ਕਰਦੇ ਹਨ; ਅਜਿਹੇ ਕਾਗਜ਼ਾਂ ਉੱਤੇ ਦਸਤਖਤ ਕਰਨ ਦਾ ਮਤਲਬ ਇਹ ਨਹੀਂ ਕਿ ਉਹ ਆਪਣੇ ਪਤੀ ਨੂੰ ਠੁਕਰਾ ਰਹੀ ਹੈ। ਲੇਕਿਨ, ਦੂਸਰਿਆਂ ਥਾਵਾਂ ਵਿਚ ਇਕ ਪਤਨੀ ਨੂੰ ਸ਼ਾਇਦ ਅਜਿਹੇ ਕਾਗਜ਼ਾਂ ਉੱਤੇ ਦਸਤਖਤ ਕਰਨੇ ਪੈਣ ਜੋ ਕਹਿੰਦੇ ਹਨ ਕਿ ਉਹ ਤਲਾਕ ਨਾਲ ਸਹਿਮਤ ਹੈ; ਇਨ੍ਹਾਂ ਉੱਤੇ ਦਸਤਖਤ ਕਰ ਕੇ ਉਹ ਦਿਖਾ ਰਹੀ ਹੋਵੇਗੀ ਕਿ ਉਹ ਆਪਣੇ ਦੋਸ਼ੀ ਪਤੀ ਨੂੰ ਠੁਕਰਾ ਰਹੀ ਹੈ।
ਗ਼ਲਤਫ਼ਹਿਮੀਆਂ ਤੋਂ ਬਚਣ ਲਈ, ਅਜਿਹੇ ਮਾਮਲੇ ਵਿਚ ਵੀ ਪਤਨੀ ਲਈ ਚੰਗਾ ਹੋਵੇਗਾ ਕਿ ਉਹ ਕਲੀਸਿਯਾ ਦੇ ਬਜ਼ੁਰਗਾਂ ਨੂੰ ਇਕ ਚਿੱਠੀ ਲਿਖੇ ਜਿਸ ਵਿਚ ਇਹ ਦੱਸਿਆ ਜਾਵੇ ਕਿ ਕਿਹੜੇ ਕਦਮ ਚੁੱਕੇ ਗਏ ਹਨ ਅਤੇ ਕਿਉਂ। ਉਹ ਦੱਸ ਸਕਦੀ ਹੈ ਕਿ ਉਸ ਨੇ ਆਪਣੇ ਪਤੀ ਨੂੰ ਦੱਸਿਆ ਹੈ ਕਿ ਉਹ ਉਸ ਨੂੰ ਮਾਫ਼ ਕਰਨ ਅਤੇ ਉਸ ਦੀ ਪਤਨੀ ਬਣੀ ਰਹਿਣ ਲਈ ਰਾਜ਼ੀ ਹੈ। ਇਸ ਦਾ ਮਤਲਬ ਇਹ ਹੁੰਦਾ ਕਿ ਤਲਾਕ ਉਸ ਦੀ ਮਰਜ਼ੀ ਦੇ ਖ਼ਿਲਾਫ਼ ਹੋ ਰਿਹਾ ਹੈ; ਆਪਣੇ ਪਤੀ ਨੂੰ ਠੁਕਰਾਉਣ ਦੀ ਬਜਾਇ ਉਹ ਉਸ ਨੂੰ ਮਾਫ਼ ਕਰਨ ਲਈ ਤਿਆਰ ਹੈ। ਇਹ ਸਪੱਸ਼ਟ ਕਰਨ ਤੋਂ ਬਾਅਦ ਕਿ ਉਹ ਉਸ ਨੂੰ ਮਾਫ਼ ਕਰ ਕੇ ਉਸ ਨਾਲ ਵਿਆਹੀ ਰਹਿਣਾ ਚਾਹੁੰਦੀ ਹੈ, ਜੇ ਉਹ ਪੈਸਿਆਂ ਦੇ ਮਾਮਲਿਆਂ/ਜਾਂ ਬੱਚਿਆਂ ਤੇ ਹੱਕ ਰੱਖਣ ਦੇ ਮਾਮਲਿਆਂ ਨੂੰ ਤੈਅ ਕਰਨ ਲਈ ਕਾਗਜ਼ਾਂ ਉੱਤੇ ਦਸਤਖਤ ਕਰਦੀ ਹੈ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਸ ਨੇ ਆਪਣੇ ਪਤੀ ਨੂੰ ਠੁਕਰਾ ਦਿੱਤਾ ਹੈ। *
ਇਹ ਸਥਾਪਿਤ ਕਰਨ ਤੋਂ ਬਾਅਦ ਕਿ ਉਹ ਤਲਾਕ ਤੋਂ ਬਾਅਦ ਵੀ ਉਸ ਨੂੰ ਮਾਫ਼ ਕਰਨ ਲਈ ਤਿਆਰ ਹੈ, ਨਾ ਉਹ ਅਤੇ ਨਾ ਹੀ ਉਸ ਦਾ ਪਤੀ ਦੂਸਰਾ ਵਿਆਹ ਕਰਵਾਉਣ ਲਈ ਆਜ਼ਾਦ ਹੋਣਗੇ। ਜੇਕਰ ਨਿਰਦੋਸ਼ ਸਾਥੀ ਦੀ ਮਾਫ਼ ਕਰਨ ਦੀ ਪੇਸ਼ਕਸ਼ ਨੂੰ ਇਨਕਾਰ ਕੀਤਾ ਜਾਂਦਾ ਹੈ ਤਾਂ ਉਹ ਸ਼ਾਇਦ ਬਾਅਦ ਵਿਚ ਆਪਣੇ ਪਤੀ ਦੀ ਬਦਚਲਣੀ ਕਰਕੇ ਉਸ ਨੂੰ ਠੁਕਰਾ ਸਕਦੀ ਹੈ। ਇਸ ਤਰ੍ਹਾਂ ਦੋਨੋਂ ਦੁਬਾਰਾ ਵਿਆਹ ਕਰਵਾਉਣ ਲਈ ਆਜ਼ਾਦ ਹੋਣਗੇ। ਯਿਸੂ ਨੇ ਦਿਖਾਇਆ ਸੀ ਕਿ ਨਿਰਦੋਸ਼ ਸਾਥੀ ਨੂੰ ਅਜਿਹਾ ਫ਼ੈਸਲਾ ਕਰਨ ਦਾ ਹੱਕ ਹੈ।—ਮੱਤੀ 5:32; 19:9; ਲੂਕਾ 16:18.
[ਫੁਟਨੋਟ]
^ ਪੈਰਾ 11 ਕਾਨੂੰਨੀ ਕਾਰਵਾਈ ਅਤੇ ਕਾਗਜ਼ ਹਰੇਕ ਥਾਂ ਵਿਚ ਵੱਖੋ-ਵੱਖਰੇ ਹੁੰਦੇ ਹਨ। ਇਸ ਲਈ ਇਨ੍ਹਾਂ ਕਾਨੂੰਨੀ ਕਾਗਜ਼ਾਂ ਉੱਤੇ ਦਸਤਖਤ ਕਰਨ ਤੋਂ ਪਹਿਲਾਂ ਇਨ੍ਹਾਂ ਵਿਚ ਤਲਾਕ ਸੰਬੰਧੀ ਸ਼ਰਤਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ। ਜੇਕਰ ਨਿਰਦੋਸ਼ ਸਾਥੀ ਅਜਿਹੇ ਕਾਗਜ਼ਾਂ ਤੇ ਦਸਤਖਤ ਕਰ ਦੇਵੇ ਜੋ ਦਿਖਾਉਂਦੇ ਹਨ ਕਿ ਉਸ ਨੂੰ ਤਲਾਕ ਲੈਣ ਵਿਚ ਕੋਈ ਇਤਰਾਜ਼ ਨਹੀਂ ਹੈ, ਤਾਂ ਇਹ ਆਪਣੇ ਸਾਥੀ ਨੂੰ ਠੁਕਰਾਉਣ ਦੇ ਬਰਾਬਰ ਹੈ।—ਮੱਤੀ 5:37.