ਪਰਮੇਸ਼ੁਰ ਦਾ ਰਾਜ ਕੀ ਕਰੇਗਾ?
ਪਰਮੇਸ਼ੁਰ ਦਾ ਰਾਜ ਕੀ ਕਰੇਗਾ?
“ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:10.
1. ਪਰਮੇਸ਼ੁਰ ਦੇ ਰਾਜ ਦੇ ਆਉਣ ਦਾ ਕੀ ਅਰਥ ਹੋਵੇਗਾ?
ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦੇ ਰਾਜ ਲਈ ਪ੍ਰਾਰਥਨਾ ਕਰਨੀ ਸਿਖਾਈ, ਉਹ ਜਾਣਦਾ ਸੀ ਕਿ ਇਸ ਰਾਜ ਦੇ ਆਉਣ ਨਾਲ ਪਰਮੇਸ਼ੁਰ ਤੋਂ ਆਜ਼ਾਦ ਮਨੁੱਖੀ ਸ਼ਾਸਨ ਖ਼ਤਮ ਹੋ ਜਾਵੇਗਾ, ਜੋ ਹਜ਼ਾਰਾਂ ਸਾਲਾਂ ਤੋਂ ਰਾਜ ਕਰਦਾ ਆਇਆ ਹੈ। ਇਨ੍ਹਾਂ ਸਾਲਾਂ ਦੌਰਾਨ ਧਰਤੀ ਉੱਤੇ ਆਮ ਤੌਰ ਤੇ ਪਰਮੇਸ਼ੁਰ ਦੀ ਸੇਵਾ ਨਹੀਂ ਕੀਤੀ ਗਈ ਸੀ। (ਜ਼ਬੂਰ 147:19, 20) ਪਰ ਸਵਰਗ ਵਿਚ ਰਾਜ ਸਥਾਪਿਤ ਕਰਨ ਤੋਂ ਬਾਅਦ ਪਰਮੇਸ਼ੁਰ ਦੀ ਇੱਛਾ ਸਾਰੇ ਸੰਸਾਰ ਵਿਚ ਪੂਰੀ ਕੀਤੀ ਜਾਵੇਗੀ। ਉਹ ਸਮਾਂ ਬਹੁਤ ਨਜ਼ਦੀਕ ਹੈ ਜਦੋਂ ਮਨੁੱਖੀ ਰਾਜ ਦੇ ਬਦਲੇ ਪਰਮੇਸ਼ੁਰ ਦਾ ਸਵਰਗੀ ਰਾਜ ਪ੍ਰਭਾਵਸ਼ਾਲੀ ਤਰੀਕੇ ਵਿਚ ਸ਼ੁਰੂ ਹੋਵੇਗਾ।
2. ਦੁਨੀਆਂ ਉੱਤੇ ਹਕੂਮਤ ਦੀ ਬਦਲੀ ਕਿਵੇਂ ਸ਼ੁਰੂ ਹੋਵੇਗੀ?
2 ਇਸ ਬਦਲੀ ਦੀ ਸ਼ੁਰੂਆਤ ਇਕ ਅਜਿਹੇ ਸਮੇਂ ਵਿਚ ਹੋਵੇਗੀ ਜਿਸ ਨੂੰ ਯਿਸੂ ਨੇ “ਵੱਡਾ ਕਸ਼ਟ” ਸੱਦਿਆ ਸੀ “ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਮੱਤੀ 24:21) ਬਾਈਬਲ ਇਹ ਨਹੀਂ ਦੱਸਦੀ ਕਿ ਇਹ ਸਮਾਂ ਕਿੰਨਾ ਕੁ ਲੰਬਾ ਹੋਣਾ ਹੈ, ਪਰ ਇਸ ਸਮੇਂ ਦੌਰਾਨ ਸੰਸਾਰ ਉੱਤੇ ਆਉਣ ਵਾਲੀਆਂ ਬਿਪਤਾਵਾਂ ਸਭ ਤੋਂ ਭੈੜੀਆਂ ਹੋਣਗੀਆਂ। ਵੱਡੇ ਕਸ਼ਟ ਦੇ ਸ਼ੁਰੂ ਤੇ, ਇਕ ਅਜਿਹੀ ਗੱਲ ਹੋਵੇਗੀ ਜੋ ਧਰਤੀ ਦਿਆਂ ਜ਼ਿਆਦਾਤਰ ਲੋਕਾਂ ਨੂੰ ਬਹੁਤ ਹੈਰਾਨ ਕਰੇਗੀ: ਸਾਰਿਆਂ ਝੂਠਿਆਂ ਧਰਮਾਂ ਦਾ ਨਾਸ਼ ਕੀਤਾ ਜਾਵੇਗਾ। ਯਹੋਵਾਹ ਦੇ ਗਵਾਹਾਂ ਨੂੰ ਇਸ ਤੋਂ ਕੋਈ ਹੈਰਾਨੀ ਨਹੀਂ ਹੋਵੇਗੀ, ਕਿਉਂਕਿ ਉਨ੍ਹਾਂ ਨੇ ਬਹੁਤ ਚਿਰ ਤੋਂ ਇਸ ਦੀ ਉਡੀਕ ਕੀਤੀ ਹੈ। (ਪਰਕਾਸ਼ ਦੀ ਪੋਥੀ 17:1, 15-17; 18:1-24) ਵੱਡੇ ਕਸ਼ਟ ਦੇ ਖ਼ਤਮ ਹੋਣ ਤੇ ਆਰਮਾਗੇਡਨ ਸ਼ੁਰੂ ਹੋਵੇਗਾ ਜਦੋਂ ਪਰਮੇਸ਼ੁਰ ਦਾ ਰਾਜ ਸ਼ਤਾਨ ਦੇ ਜਗਤ ਦਾ ਪੂਰੀ ਤਰ੍ਹਾਂ ਸੱਤਿਆ ਨਾਸ ਕਰੇਗਾ।—ਦਾਨੀਏਲ 2:44; ਪਰਕਾਸ਼ ਦੀ ਪੋਥੀ 16:14, 16.
ਨਾ ਕਦੇ ਹੋਵੇਗਾ।” (3. ਯਿਰਮਿਯਾਹ ਅਣਆਗਿਆਕਾਰ ਲੋਕਾਂ ਦੇ ਭਵਿੱਖ ਦਾ ਵਰਣਨ ਕਿਸ ਤਰ੍ਹਾਂ ਕਰਦਾ ਹੈ?
3 ਉਨ੍ਹਾਂ ਲੋਕਾਂ ਲਈ ਇਸ ਦਾ ਅਰਥ ਕੀ ਹੋਵੇਗਾ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ” ਅਤੇ ਮਸੀਹ ਦੇ ਹੱਥ ਵਿਚ ਦਿੱਤੇ ਗਏ ਪਰਮੇਸ਼ੁਰ ਦੇ ਸਵਰਗੀ ਰਾਜ ਦੀ “ਇੰਜੀਲ ਨੂੰ ਨਹੀਂ ਮੰਨਦੇ”? (2 ਥੱਸਲੁਨੀਕੀਆਂ 1:6-9) ਬਾਈਬਲ ਦੀ ਭਵਿੱਖਬਾਣੀ ਸਾਨੂੰ ਦੱਸਦੀ ਹੈ ਕਿ “ਵੇਖੋ, ਬੁਰਿਆਈ ਕੌਮ ਕੌਮ ਉੱਤੇ ਆ ਪਵੇਗੀ, ਅਤੇ ਇੱਕ ਵੱਡਾ ਤੁਫਾਨ ਧਰਤੀ ਦੀਆਂ ਹੱਦਾਂ ਤੋਂ ਉਠਾਇਆ ਜਾਵੇਗਾ! ਯਹੋਵਾਹ ਦੇ ਮਾਰੇ ਹੋਏ ਉਸ ਦਿਨ ਧਰਤੀ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਤੀਕ ਪਏ ਰਹਿਣਗੇ। ਓਹਨਾਂ ਲਈ ਸੋਗ ਨਾ ਹੋਵੇਗਾ, ਓਹ ਨਾ ਇਕੱਠੇ ਕੀਤੇ ਜਾਣਗੇ, ਨਾ ਦੱਬੇ ਜਾਣਗੇ, ਓਹ ਭੋਂ ਉੱਤੇ ਬਿਸ਼ਟਾ ਵਾਂਙੁ ਹੋਣਗੇ।”—ਯਿਰਮਿਯਾਹ 25:32, 33.
ਦੁਸ਼ਟਤਾ ਦਾ ਅੰਤ
4. ਯਹੋਵਾਹ ਵੱਲੋਂ ਇਸ ਦੁਸ਼ਟ ਰੀਤੀ ਦਾ ਅੰਤ ਲਿਆਉਣਾ ਬਿਲਕੁਲ ਜਾਇਜ਼ ਕਿਉਂ ਹੈ?
4 ਸਦੀਆਂ ਤੋਂ ਯਹੋਵਾਹ ਪਰਮੇਸ਼ੁਰ ਦੁਸ਼ਟਤਾ ਨੂੰ ਬਰਦਾਸ਼ਤ ਕਰਦਾ ਆਇਆ ਹੈ। ਇਸ ਸਮੇਂ ਦੌਰਾਨ ਨੇਕ-ਦਿਲ ਲੋਕ ਦੇਖ ਸਕੇ ਹਨ ਕਿ ਮਨੁੱਖਾਂ ਦਾ ਸ਼ਾਸਨ ਹਮੇਸ਼ਾ ਨਾਕਾਮ ਰਿਹਾ ਹੈ। ਮਿਸਾਲ ਲਈ, ਇਕ ਰਿਪੋਰਟ ਮੁਤਾਬਕ ਸਿਰਫ਼ ਵੀਹਵੀਂ ਸਦੀ ਵਿਚ, 15 ਕਰੋੜ ਤੋਂ ਜ਼ਿਆਦਾ ਲੋਕ ਯੁੱਧਾਂ, ਇਨਕਲਾਬਾਂ, ਅਤੇ ਹੋਰ ਸਮਾਜਕ ਗੜਬੜਾਂ ਵਿਚ ਮਾਰੇ ਗਏ ਹਨ। ਇਨਸਾਨਾਂ ਦੀ ਦੁਸ਼ਟਤਾ ਖ਼ਾਸ ਕਰਕੇ ਦੂਸਰੇ ਵਿਸ਼ਵ ਯੁੱਧ ਤੋਂ ਦੇਖੀ ਜਾ ਸਕਦੀ ਹੈ, ਜਦੋਂ ਕੁਝ 5 ਕਰੋੜ ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚੋਂ ਕਈ ਨਾਜ਼ੀ ਨਜ਼ਰਬੰਦੀ-ਕੈਂਪਾਂ ਵਿਚ ਭਿਆਨਕ ਤਰੀਕਿਆਂ ਵਿਚ ਮਾਰੇ ਗਏ ਸਨ। ਜਿਵੇਂ ਬਾਈਬਲ ਵਿਚ ਦੱਸਿਆ ਗਿਆ ਹੈ, ਸਾਡੇ ਸਮਿਆਂ ਵਿਚ ‘ਦੁਸ਼ਟ ਮਨੁੱਖ ਅਤੇ ਛਲੀਏ ਬੁਰੇ ਤੋਂ ਬੁਰੇ ਹੁੰਦੇ ਜਾ ਰਹੇ ਹਨ।’ (2 ਤਿਮੋਥਿਉਸ 3:1-5, 13) ਅੱਜ-ਕੱਲ੍ਹ, ਅਨੈਤਿਕਤਾ, ਅਪਰਾਧ, ਹਿੰਸਾ, ਭ੍ਰਿਸ਼ਟਤਾ, ਅਤੇ ਪਰਮੇਸ਼ੁਰ ਦੇ ਸਿਧਾਂਤਾਂ ਲਈ ਨਫ਼ਰਤ ਫੈਲੀ ਹੋਈ ਹੈ। ਇਸ ਲਈ, ਯਹੋਵਾਹ ਦਾ ਇਸ ਦੁਸ਼ਟ ਰੀਤੀ ਦਾ ਅੰਤ ਲਿਆਉਣਾ ਬਿਲਕੁਲ ਜਾਇਜ਼ ਹੈ।
5, 6. ਕਨਾਨ ਦੀ ਦੁਸ਼ਟਤਾ ਦਾ ਵਰਣਨ ਕਰੋ।
5 ਅੱਜ-ਕੱਲ੍ਹ ਦੇ ਹਾਲਾਤ ਬਿਲਕੁਲ ਉਨ੍ਹਾਂ ਹਾਲਾਤਾਂ ਵਰਗੇ ਹਨ ਜੋ ਕੁਝ 3,500 ਸਾਲ ਪਹਿਲਾਂ ਕਨਾਨ ਦੇਸ਼ ਵਿਚ ਦੇਖੇ ਜਾ ਸਕਦੇ ਸਨ। ਬਾਈਬਲ ਕਹਿੰਦੀ ਹੈ: “ਸਾਰੇ ਘਿਣਾਉਣੇ ਕੰਮ ਜਿਨ੍ਹਾਂ ਤੋਂ ਯਹੋਵਾਹ ਨੂੰ ਨਫ਼ਰਤ ਹੈ ਓਹਨਾਂ ਨੇ ਆਪਣੇ ਦੇਵਤਿਆਂ ਲਈ ਕੀਤੇ ਹਨ ਕਿਉਂ ਜੋ ਓਹ ਆਪਣੇ ਪੁੱਤ੍ਰਾਂ ਅਤੇ ਆਪਣੀਆਂ ਧੀਆਂ ਨੂੰ ਆਪਣੇ ਦੇਵਤਿਆਂ ਲਈ ਅੱਗ ਵਿੱਚ ਸਾੜ ਸੁੱਟਦੇ ਹਨ।” (ਬਿਵਸਥਾ ਸਾਰ 12:31) ਯਹੋਵਾਹ ਨੇ ਇਸਰਾਏਲ ਦੀ ਕੌਮ ਨੂੰ ਦੱਸਿਆ ਕਿ “ਇਨ੍ਹਾਂ ਕੌਮਾਂ ਦੀ ਬੁਰਿਆਈ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਇਨ੍ਹਾਂ ਨੂੰ ਤੁਹਾਡੇ ਅੱਗੋਂ ਕੱਢਦਾ ਹੈ।” (ਬਿਵਸਥਾ ਸਾਰ 9:5) ਬਾਈਬਲ ਦੇ ਇਤਿਹਾਸਕਾਰ ਹੈਨਰੀ ਐੱਚ. ਹੈਲੀ ਨੇ ਲਿਖਿਆ: “ਬਆਲ, ਅਸ਼ਤਾਰੋਥ, ਅਤੇ ਦੂਸਰਿਆਂ ਕਨਾਨੀ ਦੇਵਤਿਆਂ ਦੀ ਪੂਜਾ ਵਿਚ ਬੇਹੱਦ ਰੰਗਰਲੀਆਂ ਮਨਾਈਆਂ ਜਾਂਦੀਆਂ ਸਨ; ਉਨ੍ਹਾਂ ਦੇ ਮੰਦਰ ਬੁਰਾਈ ਦੇ ਅੱਡੇ ਸਨ।”
6 ਹੈਲੀ ਦਿਖਾਉਂਦਾ ਹੈ ਕਿ ਉਹ ਲੋਕ ਕਿੰਨੇ ਦੁਸ਼ਟ ਬਣ ਗਏ ਸਨ, ਕਿਉਂਕਿ ਅਜਿਹੇ ਇਕ ਇਲਾਕੇ ਤੋਂ ਪੁਰਾਣੀਆਂ ਲੱਭਤਾਂ ਦੇ ਵਿਗਿਆਨੀਆਂ ਨੂੰ “ਬਹੁਤ ਸਾਰੇ ਮਰਤਬਾਨ ਲੱਭੇ ਜਿਨ੍ਹਾਂ ਵਿਚ ਬਆਲ ਨੂੰ ਬਲੀਦਾਨ ਕੀਤੇ ਗਏ ਬੱਚਿਆਂ ਦੀਆਂ ਹੱਡੀਆਂ ਮਿਲੀਆਂ।” ਉਸ ਨੇ ਕਿਹਾ ਕਿ “ਇਹ ਸਾਰਾ ਇਲਾਕਾ ਨਵਜੰਮੇ ਬੱਚਿਆਂ ਦਾ ਕਬਰਸਤਾਨ ਨਿਕਲਿਆ। . . . ਕਨਾਨੀ ਲੋਕ ਆਪਣਿਆਂ ਦੇਵਤਿਆਂ ਸਾਮ੍ਹਣੇ ਧਾਰਮਿਕ ਰੀਤਾਂ ਵਜੋਂ ਬਦਚਲਣੀ ਦੇ ਕੰਮ ਕਰਨ ਦੁਆਰਾ ਪੂਜਾ ਕਰਦੇ ਸਨ; ਅਤੇ ਫਿਰ ਇਨ੍ਹਾਂ ਦੇਵਤਿਆਂ ਲਈ ਬਲੀ ਵਜੋਂ ਆਪਣੇ ਜੇਠੇ ਬੱਚਿਆਂ ਦਾ ਕਤਲ ਕਰਦੇ ਸਨ। ਇਸ ਤਰ੍ਹਾਂ ਲੱਗਦਾ ਹੈ ਕਿ ਕਾਫ਼ੀ ਹੱਦ ਤਕ ਕਨਾਨ ਦਾ ਦੇਸ਼ ਸਦੂਮ ਅਤੇ ਅਮੂਰਾਹ ਵਰਗਾ ਬਣ ਗਿਆ ਸੀ। . . . ਕੀ ਅਜਿਹੀ ਅਪਵਿੱਤਰਤਾ ਅਤੇ ਕਰੂਰਤਾ ਨਾਲ ਭਰੀ ਸਭਿਅਤਾ ਨੂੰ ਜਾਰੀ ਰਹਿਣ ਦਾ ਕੋਈ ਹੱਕ ਸੀ? . . . ਕਨਾਨੀ ਸ਼ਹਿਰਾਂ ਦੇ ਖੰਡਰਾਂ ਵਿਚ ਖੁਦਾਈ ਕਰਨ ਵਾਲੇ ਵਿਗਿਆਨੀ ਹੈਰਾਨ ਹੁੰਦੇ ਹਨ ਕਿ ਪਰਮੇਸ਼ੁਰ ਨੇ ਇਨ੍ਹਾਂ ਨੂੰ ਪਹਿਲਾਂ ਹੀ ਕਿਉਂ ਨਹੀਂ ਨਾਸ਼ ਕਰ ਦਿੱਤਾ।”
ਧਰਤੀ ਦੇ ਵਾਰਸ
7, 8. ਪਰਮੇਸ਼ੁਰ ਧਰਤੀ ਨੂੰ ਕਿਸ ਤਰ੍ਹਾਂ ਸਾਫ਼ ਕਰੇਗਾ?
7 ਜਿਵੇਂ ਪਰਮੇਸ਼ੁਰ ਨੇ ਕਨਾਨ ਦੇ ਦੇਸ਼ ਨੂੰ ਸਾਫ਼ ਕੀਤਾ ਸੀ, ਉਸੇ ਤਰ੍ਹਾਂ ਉਹ ਬਹੁਤ ਜਲਦ ਪੂਰੀ ਧਰਤੀ ਨੂੰ ਸਾਫ਼ ਕਰੇਗਾ ਅਤੇ ਧਰਤੀ ਉਨ੍ਹਾਂ ਨੂੰ ਦੇਵੇਗਾ ਜੋ ਉਸ ਦੀ ਇੱਛਾ ਪੂਰੀ ਕਰਦੇ ਹਨ। “ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ।” (ਕਹਾਉਤਾਂ 2:21, 22) ਅਤੇ ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ ਕਿ “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰ 37:10, 11) ਸ਼ਤਾਨ ਨੂੰ ਵੀ ਹਟਾਇਆ ਜਾਵੇਗਾ ਤਾਂਕਿ ‘ਉਹ ਕੌਮਾਂ ਨੂੰ ਫੇਰ ਨਾ ਭਰਮਾਵੇ ਜਿੰਨਾ ਚਿਰ ਹਜ਼ਾਰ ਵਰ੍ਹਾ ਪੂਰਾ ਨਾ ਹੋ ਜਾਵੇ।’ (ਪਰਕਾਸ਼ ਦੀ ਪੋਥੀ 20:1-3) ਜੀ ਹਾਂ, “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:17.
8 ਧਰਤੀ ਉੱਤੇ ਸਦਾ ਲਈ ਜੀਉਣ ਦੀ ਇੱਛਾ ਰੱਖਣ ਵਾਲਿਆਂ ਦੀ ਇਸ ਵਧੀਆ ਉਮੀਦ ਬਾਰੇ ਯਿਸੂ ਨੇ ਕਿਹਾ: “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।” (ਮੱਤੀ 5:5) ਸੰਭਵ ਹੈ ਕਿ ਉਹ ਜ਼ਬੂਰ 37:29 ਦਾ ਜ਼ਿਕਰ ਕਰ ਰਿਹਾ ਸੀ ਜਿੱਥੇ ਭਵਿੱਖਬਾਣੀ ਕੀਤੀ ਗਈ ਹੈ ਕਿ “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” ਯਿਸੂ ਨੂੰ ਯਹੋਵਾਹ ਦੇ ਮਕਸਦ ਬਾਰੇ ਪਤਾ ਸੀ ਕਿ ਨੇਕ-ਦਿਲ ਲੋਕ ਸਦਾ ਲਈ ਫਿਰਦੌਸ ਵਰਗੀ ਧਰਤੀ ਉੱਤੇ ਜੀਉਣਗੇ। ਯਹੋਵਾਹ ਕਹਿੰਦਾ ਹੈ ਕਿ “ਮੈਂ ਧਰਤੀ ਨੂੰ, ਆਦਮੀਆਂ ਨੂੰ ਅਤੇ ਡੰਗਰਾਂ ਨੂੰ ਜਿਹੜੇ ਧਰਤੀ ਉੱਤੇ ਹਨ ਆਪਣੇ ਵੱਡੇ ਬਲ . . . ਨਾਲ ਬਣਾਇਆ। ਮੈਂ ਏਹ ਉਹ ਨੂੰ ਦਿੰਦਾ ਹਾਂ ਜਿਹੜਾ ਮੇਰੀ ਨਿਗਾਹ ਵਿੱਚ ਠੀਕ ਹੈ।”—ਯਿਰਮਿਯਾਹ 27:5.
ਇਕ ਵਧੀਆ ਨਵਾਂ ਸੰਸਾਰ
9. ਪਰਮੇਸ਼ੁਰ ਦਾ ਰਾਜ ਕਿਸ ਤਰ੍ਹਾਂ ਦਾ ਸੰਸਾਰ ਲਿਆਵੇਗਾ?
9 ਆਰਮਾਗੇਡਨ ਤੋਂ ਬਾਅਦ, ਪਰਮੇਸ਼ੁਰ ਦਾ ਰਾਜ ਸ਼ਾਨਦਾਰ “ਨਵੀਂ ਧਰਤੀ” ਲਿਆਵੇਗਾ ਜਿਸ ਵਿਚ ‘ਧਰਮ ਵੱਸੇਗਾ।’ (2 ਪਤਰਸ 3:13) ਆਰਮਾਗੇਡਨ ਤੋਂ ਬਚਣ ਵਾਲਿਆਂ ਨੂੰ ਇਸ ਦੁਨੀਆਂ ਦੀਆਂ ਦੁੱਖ-ਤਕਲੀਫ਼ਾਂ ਤੋਂ ਮੁਕਤ ਹੋ ਕੇ ਕਿੰਨੀ ਰਾਹਤ ਮਿਲੇਗੀ! ਸਵਰਗੀ ਰਾਜ ਦੇ ਅਧੀਨ ਧਰਮੀ ਲੋਕ ਨਵੇਂ ਸੰਸਾਰ ਵਿਚ ਦਾਖ਼ਲ ਹੋ ਕੇ ਕਿੰਨੇ ਖ਼ੁਸ਼ ਹੋਣਗੇ, ਜਿਸ ਵਿਚ ਉਨ੍ਹਾਂ ਨੂੰ ਬਰਕਤਾਂ ਮਿਲਣਗੀਆਂ ਅਤੇ ਉਹ ਸਦਾ ਲਈ ਜੀ ਸਕਣਗੇ।—ਪਰਕਾਸ਼ ਦੀ ਪੋਥੀ 7:9-17.
10. ਰਾਜ ਦੇ ਸ਼ਾਸਨ ਅਧੀਨ ਕਿਹੜੀਆਂ ਬੁਰੀਆਂ ਚੀਜ਼ਾਂ ਨਹੀਂ ਹੋਣਗੀਆਂ?
10 ਫਿਰ ਕਦੀ ਵੀ ਲੋਕ ਯੁੱਧ, ਅਪਰਾਧ, ਜਾਂ ਭੁੱਖ ਵਰਗੀਆਂ ਚੀਜ਼ਾਂ ਤੋਂ ਦੁਖੀ ਨਹੀਂ ਹੋਣਗੇ ਅਤੇ ਨਾ ਹੀ ਉਨ੍ਹਾਂ ਨੂੰ ਵਹਿਸ਼ੀ ਜਾਨਵਰਾਂ ਤੋਂ ਡਰਨ ਦੀ ਲੋੜ ਹੋਵੇਗੀ। ਯਹੋਵਾਹ ਵਾਅਦਾ ਕਰਦਾ ਹੈ ਕਿ “ਮੈਂ [ਆਪਣੇ ਲੋਕਾਂ] ਨਾਲ ਸ਼ਾਂਤੀ ਦਾ ਨੇਮ ਬੰਨ੍ਹਾਂਗਾ ਅਤੇ ਬੁਰੇ ਦਰਿੰਦਿਆਂ ਨੂੰ ਦੇਸ ਵਿੱਚੋਂ ਮੁਕਾ ਦਿਆਂਗਾ . . . ਅਤੇ ਖੇਤ ਦੇ ਰੁੱਖ ਆਪਣਾ ਮੇਵਾ ਦੇਣਗੇ ਅਤੇ ਧਰਤੀ ਆਪਣੀ ਪੈਦਾਵਾਰ ਦੇਵੇਗੀ ਅਤੇ ਓਹ ਸੁਖ ਨਾਲ ਆਪਣੀ ਭੂਮੀ ਵਿੱਚ ਵੱਸਣਗੇ।” “ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਲੜਾਈ ਫੇਰ ਕਦੀ ਨਾ ਸਿੱਖਣਗੇ। ਪਰ ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।”—ਹਿਜ਼ਕੀਏਲ 34:25-28; ਮੀਕਾਹ 4:3, 4.
11. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਬੀਮਾਰੀਆਂ ਵੀ ਖ਼ਤਮ ਕੀਤੀਆਂ ਜਾਣਗੀਆਂ?
11 ਬੀਮਾਰੀ, ਗਮ, ਇੱਥੋਂ ਤਕ ਕੇ ਮੌਤ ਵੀ ਖ਼ਤਮ ਕੀਤੀ ਜਾਵੇਗੀ। “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ, ਜਿਹੜੇ ਲੋਕ ਉਸ ਵਿੱਚ ਵੱਸਦੇ ਹਨ, ਓਹਨਾਂ ਦੀ ਬਦੀ ਮਾਫ਼ ਕੀਤੀ ਜਾਵੇਗੀ।” (ਯਸਾਯਾਹ 33:24) “[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ। . . . ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ।” (ਪਰਕਾਸ਼ ਦੀ ਪੋਥੀ 21:4, 5) ਜਦੋਂ ਯਿਸੂ ਧਰਤੀ ਤੇ ਸੀ ਤਾਂ ਉਸ ਨੇ ਦਿਖਾਇਆ ਕਿ ਪਰਮੇਸ਼ੁਰ ਦੀ ਸ਼ਕਤੀ ਨਾਲ ਉਹ ਇਨ੍ਹਾਂ ਚੀਜ਼ਾਂ ਨੂੰ ਮਿਟਾ ਸਕਦਾ ਸੀ। ਅਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਸ ਨੇ ਪੂਰੇ ਦੇਸ਼ ਵਿਚ ਲੰਗੜਿਆਂ ਅਤੇ ਬੀਮਾਰਾਂ ਨੂੰ ਚੰਗਾ ਕੀਤਾ ਸੀ।—ਮੱਤੀ 15:30, 31.
12. ਮਰੇ ਹੋਏ ਲੋਕਾਂ ਲਈ ਕੀ ਉਮੀਦ ਹੈ?
12 ਯਿਸੂ ਨੇ ਇਸ ਨਾਲੋਂ ਵੀ ਵੱਧ ਕੀਤਾ ਸੀ। ਉਸ ਨੇ ਮੁਰਦਿਆਂ ਨੂੰ ਵੀ ਜੀ ਉਠਾਇਆ ਸੀ। ਨਿਮਰ ਲੋਕਾਂ ਨੇ ਇਹ ਦੇਖ ਕੇ ਕੀ ਕੀਤਾ ਸੀ? ਜਦੋਂ ਯਿਸੂ ਨੇ 12 ਸਾਲਾਂ ਦੀ ਇਕ ਕੁੜੀ ਨੂੰ ਜੀ ਉਠਾਇਆ ਸੀ ਤਾਂ ਉਸ ਦੇ ਮਾਪੇ ਖ਼ੁਸ਼ੀ ਦੇ ਮਾਰੇ “ਵੱਡੇ ਅਚੰਭੇ ਵਿੱਚ ਆਣ ਕੇ ਹੈਰਾਨ ਹੋ ਗਏ।” (ਮਰਕੁਸ 5:42) ਇਹ ਇਕ ਹੋਰ ਮਿਸਾਲ ਸੀ ਕਿ ਯਿਸੂ ਰਾਜ ਅਧੀਨ ਧਰਤੀ ਭਰ ਵਿਚ ਕੀ ਕਰੇਗਾ, ਕਿਉਂਕਿ ਉਸ ਵੇਲੇ ‘ਧਰਮੀ, ਅਤੇ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।’ (ਰਸੂਲਾਂ ਦੇ ਕਰਤੱਬ 24:15) ਉਸ ਖ਼ੁਸ਼ੀ ਦੀ ਜ਼ਰਾ ਕਲਪਨਾ ਕਰੋ ਜਦੋਂ ਇਕ ਤੋਂ ਬਾਅਦ ਦੂਜਾ ਸਮੂਹ ਜੀ ਉਠਾਇਆ ਜਾਵੇਗਾ ਅਤੇ ਉਹ ਆਪਣੇ ਪਿਆਰੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਦੁਬਾਰਾ ਮਿਲਣਗੇ! ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਜ ਦੀ ਨਿਗਰਾਨੀ ਅਧੀਨ ਸਿਖਲਾਈ ਦਾ ਵੱਡਾ ਕੰਮ ਜਾਰੀ ਹੋਵੇਗਾ ਤਾਂਕਿ “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”—ਯਸਾਯਾਹ 11:9.
ਯਹੋਵਾਹ ਦਾ ਰਾਜ ਕਰਨ ਦਾ ਹੱਕ ਸਹੀ ਸਾਬਤ ਕੀਤਾ ਜਾਵੇਗਾ
13. ਪਰਮੇਸ਼ੁਰ ਦਾ ਰਾਜ ਕਰਨ ਦਾ ਹੱਕ ਕਿਸ ਤਰ੍ਹਾਂ ਸਹੀ ਸਾਬਤ ਕੀਤਾ ਜਾਵੇਗਾ?
13 ਰਾਜ ਦੇ ਹਜ਼ਾਰ ਵਰ੍ਹਿਆਂ ਦੇ ਅੰਤ ਵਿਚ ਮਨੁੱਖੀ ਪਰਿਵਾਰ ਮਨ ਅਤੇ ਸਰੀਰ ਵਿਚ ਐਨ ਸੰਪੂਰਣ ਹੋਵੇਗਾ। ਸਾਰੀ ਧਰਤੀ ਅਦਨ ਦੇ ਸੋਹਣੇ ਬਾਗ਼ ਵਰਗੀ ਹੋਵੇਗੀ। ਪੂਰੀ ਦੁਨੀਆਂ ਵਿਚ ਲੋਕ ਸੁਖ-ਚੈਨ, ਖ਼ੁਸ਼ੀ, ਅਤੇ ਪ੍ਰੇਮ ਵਿਚ ਰਹਿਣਗੇ। ਮਨੁੱਖਾਂ ਦੇ ਇਤਿਹਾਸ ਦੌਰਾਨ ਅਜਿਹਾ ਰਾਜ ਕਦੀ ਵੀ ਨਹੀਂ ਦੇਖਿਆ ਗਿਆ ਹੋਵੇਗਾ। ਹਜ਼ਾਰਾਂ ਸਾਲਾਂ ਤੋਂ ਚੱਲਦੇ ਆ ਰਹੇ ਮਨੁੱਖਾਂ ਦੇ ਬੁਰੇ ਸ਼ਾਸਨ ਅਤੇ ਪਰਮੇਸ਼ੁਰ ਦੇ ਇਕ ਹਜ਼ਾਰ ਵਰ੍ਹੇ ਦੇ ਇਸ ਸ਼ਾਨਦਾਰ ਸਵਰਗੀ ਰਾਜ ਵਿਚ ਕਿੰਨਾ ਵੱਡਾ ਫ਼ਰਕ ਦੇਖਿਆ ਜਾਵੇਗਾ! ਆਪਣੇ ਰਾਜ ਰਾਹੀਂ ਪਰਮੇਸ਼ੁਰ ਦਾ ਸ਼ਾਸਨ ਹਰੇਕ ਤਰੀਕੇ ਵਿਚ ਬਿਲਕੁਲ ਉੱਤਮ ਸਾਬਤ ਹੋਵੇਗਾ। ਪਰਮੇਸ਼ੁਰ ਦਾ ਰਾਜ ਕਰਨ ਦਾ ਹੱਕ ਪੂਰੀ ਤਰ੍ਹਾਂ ਸਹੀ ਸਾਬਤ ਕੀਤਾ ਜਾਵੇਗਾ।
14. ਹਜ਼ਾਰ ਸਾਲਾਂ ਦੇ ਅੰਤ ਤੇ ਬਗਾਵਤ ਕਰਨ ਵਾਲਿਆਂ ਦਾ ਕੀ ਹੋਵੇਗਾ?
14 ਹਜ਼ਾਰ ਵਰ੍ਹਿਆਂ ਦੇ ਅੰਤ ਤੇ, ਯਹੋਵਾਹ ਸੰਪੂਰਣ ਇਨਸਾਨਾਂ ਨੂੰ ਖ਼ੁਦ ਇਹ ਫ਼ੈਸਲਾ ਕਰਨ ਦੇਵੇਗਾ ਕਿ ਉਹ ਕਿਸ ਦੀ ਸੇਵਾ ਕਰਨੀ ਚਾਹੁੰਦੇ ਹਨ। ਬਾਈਬਲ ਦਿਖਾਉਂਦੀ ਹੈ ਕਿ “ਸ਼ਤਾਨ ਆਪਣੀ ਕੈਦ ਤੋਂ ਛੱਡਿਆ ਜਾਵੇਗਾ।” ਉਹ ਫਿਰ ਇਨਸਾਨਾਂ ਨੂੰ ਗ਼ਲਤ ਪਾਸੇ ਲਾਉਣ ਦੀ ਕੋਸ਼ਿਸ਼ ਕਰੇਗਾ ਅਤੇ ਕੁਝ ਲੋਕ ਪਰਮੇਸ਼ੁਰ ਤੋਂ ਆਜ਼ਾਦ ਹੋ ਕੇ ਉਸ ਮਗਰ ਚੱਲ ਪੈਣਗੇ। ‘ਬਿਪਤਾ ਨੂੰ ਦੂਜੀ ਵਾਰ ਉੱਠਣ’ ਤੋਂ ਰੋਕਣ ਲਈ ਯਹੋਵਾਹ ਸ਼ਤਾਨ, ਉਸ ਦੇ ਦੂਤਾਂ, ਅਤੇ ਉਨ੍ਹਾਂ ਸਾਰਿਆਂ ਨੂੰ ਖ਼ਤਮ ਕਰ ਦੇਵੇਗਾ ਜੋ ਯਹੋਵਾਹ ਦੇ ਰਾਜ ਕਰਨ ਦੇ ਹੱਕ ਵਿਰੁੱਧ ਬਗਾਵਤ ਕਰਦੇ ਹਨ। ਉਸ ਵੇਲੇ ਕੋਈ ਵੀ ਇਹ ਨਹੀਂ ਕਹਿ ਸਕੇਗਾ ਕਿ ਜਿਨ੍ਹਾਂ ਇਨਸਾਨਾਂ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕੀਤਾ ਜਾਵੇਗਾ, ਉਨ੍ਹਾਂ ਨੂੰ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਸੀ, ਜਾਂ ਉਨ੍ਹਾਂ ਦੇ ਗ਼ਲਤ ਕਦਮ ਅਪੂਰਣਤਾ ਦੇ ਕਾਰਨ ਸਨ। ਉਸ ਸਮੇਂ ਉਹ ਆਦਮ ਅਤੇ ਹੱਵਾਹ ਵਾਂਗ ਸੰਪੂਰਣ ਹੋਣਗੇ, ਜਿਨ੍ਹਾਂ ਨੇ ਜਾਣ-ਬੁੱਝ ਕੇ ਯਹੋਵਾਹ ਦੇ ਧਰਮੀ ਸ਼ਾਸਨ ਵਿਰੁੱਧ ਬਗਾਵਤ ਕੀਤੀ ਸੀ।—ਪਰਕਾਸ਼ ਦੀ ਪੋਥੀ 20:7-10; ਨਹੂਮ 1:9.
15. ਵਫ਼ਾਦਾਰ ਲੋਕਾਂ ਦਾ ਯਹੋਵਾਹ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੋਵੇਗਾ?
15 ਲੇਕਿਨ ਸੰਭਵ ਹੈ ਕਿ ਬਹੁਤੇ ਲੋਕ ਯਹੋਵਾਹ ਦੇ ਰਾਜ ਅਨੁਸਾਰ ਚੱਲਣਗੇ। ਜਦੋਂ ਸਾਰੇ ਬਾਗ਼ੀ ਲੋਕਾਂ ਦਾ ਨਾਸ ਕੀਤਾ ਜਾਵੇਗਾ ਉਦੋਂ ਧਰਮੀ ਲੋਕ ਵਫ਼ਾਦਾਰੀ ਦੀ ਆਖ਼ਰੀ ਪਰੀਖਿਆ ਵਿਚ ਦੀ ਲੰਘ ਕੇ ਯਹੋਵਾਹ ਸਾਮ੍ਹਣੇ ਖੜ੍ਹੇ ਹੋਣਗੇ। ਫਿਰ ਇਨ੍ਹਾਂ ਵਫ਼ਾਦਾਰ ਲੋਕਾਂ ਨੂੰ ਯਹੋਵਾਹ ਪੁੱਤਰ-ਧੀਆਂ ਵਜੋਂ ਸਵੀਕਾਰ ਕਰੇਗਾ। ਇਸ ਤਰ੍ਹਾਂ ਯਹੋਵਾਹ ਨਾਲ ਉਨ੍ਹਾਂ ਦਾ ਅਜਿਹਾ ਰਿਸ਼ਤਾ ਹੋਵੇਗਾ ਜੋ ਬਗਾਵਤ ਕਰਨ ਤੋਂ ਪਹਿਲਾਂ ਆਦਮ ਅਤੇ ਹੱਵਾਹ ਦਾ ਸੀ। ਇਸ ਤਰ੍ਹਾਂ ਰੋਮੀਆਂ 8:21 ਦੀ ਪੂਰਤੀ ਹੋਵੇਗੀ ਕਿ “ਸਰਿਸ਼ਟੀ [ਯਾਨੀ ਮਨੁੱਖਜਾਤੀ] ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ [ਕਰੇਗੀ]।” ਨਬੀ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ “[ਪਰਮੇਸ਼ੁਰ] ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।”—ਯਸਾਯਾਹ 25:8.
ਸਦਾ ਦੇ ਜੀਵਨ ਦੀ ਉਮੀਦ
16. ਸਦਾ ਦੇ ਜੀਵਨ ਦੀ ਉਮੀਦ ਰੱਖਣੀ ਠੀਕ ਕਿਉਂ ਹੈ?
16 ਵਫ਼ਾਦਾਰ ਲੋਕਾਂ ਲਈ ਇਹ ਕਿੰਨੀ ਵਧੀਆ ਉਮੀਦ ਹੈ ਕਿ ਪਰਮੇਸ਼ੁਰ ਹਮੇਸ਼ਾ-ਹਮੇਸ਼ਾ ਲਈ ਉਨ੍ਹਾਂ ਨੂੰ ਰੂਹਾਨੀ ਅਤੇ ਭੌਤਿਕ ਬਰਕਤਾਂ ਦੇਵੇਗਾ! ਜ਼ਬੂਰਾਂ ਦੇ ਲਿਖਾਰੀ ਨੇ ਬਿਲਕੁਲ ਠੀਕ ਕਿਹਾ ਸੀ ਕਿ “ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।” (ਜ਼ਬੂਰ 145:16) ਜੋ ਇਨਸਾਨ ਧਰਤੀ ਉੱਤੇ ਰਹਿਣਗੇ ਉਨ੍ਹਾਂ ਨੂੰ ਯਹੋਵਾਹ ਉਤਸ਼ਾਹਿਤ ਕਰਦਾ ਹੈ ਕਿ ਉਹ ਫਿਰਦੌਸ ਵਿਚ ਜੀਉਣ ਦੀ ਉਮੀਦ ਵਿਚ ਵੀ ਨਿਹਚਾ ਕਰਨ। ਭਾਵੇਂ ਕਿ ਯਹੋਵਾਹ ਦੇ ਰਾਜ ਕਰਨ ਦੇ ਹੱਕ ਦੀ ਗੱਲ ਸਭ ਤੋਂ ਮਹੱਤਵਪੂਰਣ ਹੈ, ਉਹ ਲੋਕਾਂ ਤੋਂ ਇਹ ਮੰਗ ਨਹੀਂ ਕਰਦਾ ਕਿ ਉਹ ਇਨਾਮ ਦੀ ਉਮੀਦ ਬਗੈਰ ਉਸ ਦੀ ਸੇਵਾ ਕਰਨ। ਬਾਈਬਲ ਵਿਚ, ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣਾ ਅਤੇ ਸਦਾ ਦੇ ਜੀਵਨ ਦੀ ਉਮੀਦ ਰੱਖਣੀ ਦੋਵੇਂ ਮਸੀਹੀ ਨਿਹਚਾ ਦੇ ਖ਼ਾਸ ਪਹਿਲੂ ਹਨ। “ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।”—ਇਬਰਾਨੀਆਂ 11:6.
17. ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਆਪਣੀ ਉਮੀਦ ਰੱਖਣ ਦੁਆਰਾ ਨਿਹਚਾ ਵਿਚ ਪੱਕੇ ਰਹਿਣਾ ਸਹੀ ਸੀ?
17 ਯਿਸੂ ਨੇ ਕਿਹਾ ਸੀ ਕਿ “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਇੱਥੇ ਯਿਸੂ ਨੇ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਜਾਣਨ ਦਾ ਸੰਬੰਧ ਬਰਕਤਾਂ ਨਾਲ ਜੋੜਿਆ ਸੀ। ਮਿਸਾਲ ਲਈ, ਜਦੋਂ ਇਕ ਅਪਰਾਧੀ ਨੇ ਯਿਸੂ ਨੂੰ ਕਿਹਾ ਸੀ ਕਿ ਉਹ ਆਪਣੇ ਰਾਜ ਵਿਚ ਆਉਣ ਤੋਂ ਬਾਅਦ ਉਸ ਨੂੰ ਚੇਤੇ ਕਰੇ, ਤਾਂ ਯਿਸੂ ਨੇ ਕਿਹਾ: “ਤੂੰ ਮੇਰੇ ਨਾਲ ਫਿਰਦੌਸ ਵਿਚ ਹੋਵੇਂਗਾ।” (ਲੂਕਾ 23:43, ਨਿ ਵ) ਉਸ ਨੇ ਆਦਮੀ ਨੂੰ ਇਹ ਨਹੀਂ ਕਿਹਾ ਸੀ ਕਿ ਭਾਵੇਂ ਉਸ ਨੂੰ ਕੋਈ ਇਨਾਮ ਮਿਲੇ ਜਾਂ ਨਹੀਂ, ਉਸ ਨੂੰ ਨਿਹਚਾ ਰੱਖਣੀ ਚਾਹੀਦੀ ਸੀ। ਯਿਸੂ ਜਾਣਦਾ ਸੀ ਕਿ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਫਿਰਦੌਸ ਵਰਗੀ ਧਰਤੀ ਉੱਤੇ ਸਦਾ ਲਈ ਜੀਉਣ ਦੀ ਉਮੀਦ ਰੱਖਣ। ਇਸ ਤਰ੍ਹਾਂ ਉਨ੍ਹਾਂ ਨੂੰ ਸੰਸਾਰ ਦੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲ ਸਕਦੀ ਹੈ। ਇਸ ਲਈ ਇਸ ਇਨਾਮ ਦੀ ਉਮੀਦ ਰੱਖਣ ਦੁਆਰਾ ਸਾਨੂੰ ਇਕ ਮਸੀਹੀ ਬਣੇ ਰਹਿਣ ਵਿਚ ਬਹੁਤ ਮਦਦ ਮਿਲਦੀ ਹੈ।
ਪਰਮੇਸ਼ੁਰ ਦੇ ਰਾਜ ਦਾ ਭਵਿੱਖ
18, 19. ਹਜ਼ਾਰ ਵਰ੍ਹਿਆਂ ਦੇ ਰਾਜ ਤੋਂ ਬਾਅਦ ਰਾਜੇ ਅਤੇ ਰਾਜ ਨੂੰ ਕੀ ਹੋਵੇਗਾ?
18 ਇਹ ਰਾਜ ਸਿਰਫ਼ ਇਕ ਸਹਾਇਕ ਸਰਕਾਰ ਹੈ, ਜਿਸ ਰਾਹੀਂ ਯਹੋਵਾਹ ਨੇ ਧਰਤੀ ਅਤੇ ਇਨਸਾਨਾਂ ਨੂੰ ਸੰਪੂਰਣਤਾ ਤਕ ਲਿਆਉਣਾ ਹੈ ਅਤੇ ਉਨ੍ਹਾਂ ਨਾਲ ਸੁਲ੍ਹਾ ਕਰਨੀ ਹੈ। ਪਰ ਹਜ਼ਾਰ ਵਰ੍ਹਿਆਂ ਤੋਂ ਬਾਅਦ ਇਸ ਰਾਜ ਦੇ ਰਾਜੇ ਯਿਸੂ ਮਸੀਹ ਅਤੇ 1,44,000 ਰਾਜਿਆਂ ਅਤੇ ਜਾਜਕਾਂ ਦਾ ਕੀ ਹੋਵੇਗਾ? “ਉਹ ਦੇ ਮਗਰੋਂ ਅੰਤ ਹੈ। ਤਦ ਉਹ ਰਾਜ ਨੂੰ ਪਰਮੇਸ਼ੁਰ ਅਤੇ ਪਿਤਾ ਦੇ ਹੱਥ ਸੌਂਪ ਦੇਵੇਗਾ ਜਦ ਉਹ ਨੇ ਹਰੇਕ ਹਕੂਮਤ ਅਤੇ ਹਰੇਕ ਇਖ਼ਤਿਆਰ ਅਤੇ ਕੁਦਰਤ ਨੂੰ ਨਾਸ ਕਰ ਦਿੱਤਾ ਹੋਵੇਗਾ। ਕਿਉਂਕਿ ਜਿੰਨਾ ਚਿਰ ਉਹ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ ਉੱਨਾ ਚਿਰ ਉਸ ਨੇ ਰਾਜ ਕਰਨਾ ਹੈ।”—1 ਕੁਰਿੰਥੀਆਂ 15:24, 25.
19 ਜਦੋਂ ਮਸੀਹ ਪਰਮੇਸ਼ੁਰ ਨੂੰ ਰਾਜ ਸੌਂਪ ਦਿੰਦਾ ਹੈ, ਉਦੋਂ ਉਨ੍ਹਾਂ ਬਾਈਬਲ ਹਵਾਲਿਆਂ ਦਾ ਕੀ ਮਤਲਬ ਹੋਵੇਗਾ ਜੋ ਕਹਿੰਦੇ ਹਨ ਕਿ ਰਾਜ ਸਦਾ ਲਈ ਕਾਇਮ ਰਹੇਗਾ? ਜੋ ਇਸ ਰਾਜ ਦੁਆਰਾ ਕੀਤਾ ਜਾਵੇਗਾ ਉਸ ਦੇ ਅਸਰ ਸਦਾ ਲਈ ਰਹਿਣਗੇ। ਮਸੀਹ ਦੀ ਹਮੇਸ਼ਾ ਲਈ ਵਡਿਆਈ ਕੀਤੀ ਜਾਵੇਗੀ ਕਿਉਂਕਿ ਉਸ ਨੇ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਾਬਤ ਕਰਨ ਵਿਚ ਵੱਡਾ ਭਾਗ ਲਿਆ ਹੋਵੇਗਾ। ਪਰ, ਕਿਉਂਕਿ ਪਾਪ ਅਤੇ ਮੌਤ ਪੂਰੀ ਤਰ੍ਹਾਂ ਖ਼ਤਮ ਕੀਤੇ ਗਏ ਹੋਣਗੇ ਅਤੇ ਮਨੁੱਖਜਾਤੀ ਮੁਕਤ ਕੀਤੀ ਗਈ ਹੋਵੇਗੀ, ਮੁਕਤੀਦਾਤੇ ਵਜੋਂ ਯਿਸੂ ਦੀ ਜ਼ਰੂਰਤ ਨਹੀਂ ਹੋਵੇਗੀ। ਰਾਜ ਦੇ ਹਜ਼ਾਰ ਵਰ੍ਹਿਆਂ ਦਾ ਸ਼ਾਸਨ ਵੀ ਪੂਰਾ ਹੋ ਗਿਆ ਹੋਵੇਗਾ; ਇਸ ਲਈ ਯਹੋਵਾਹ ਅਤੇ ਆਗਿਆਕਾਰ ਇਨਸਾਨਾਂ ਵਿਚਕਾਰ ਕਿਸੇ ਸਹਾਇਕ ਸਰਕਾਰ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਇਸ ਤਰ੍ਹਾਂ, ‘ਪਰਮੇਸ਼ੁਰ ਸਭਨਾਂ ਵਿੱਚ ਸਭ ਕੁਝ ਹੋਵੇਗਾ।’—1 ਕੁਰਿੰਥੀਆਂ 15:28.
20. ਮਸੀਹ ਅਤੇ 1,44,000 ਦੇ ਭਵਿੱਖ ਬਾਰੇ ਅਸੀਂ ਕਿਸ ਤਰ੍ਹਾਂ ਪਤਾ ਕਰ ਸਕਦੇ ਹਾਂ?
20 ਹਜ਼ਾਰ ਵਰ੍ਹਿਆਂ ਦੇ ਰਾਜ ਤੋਂ ਬਾਅਦ ਮਸੀਹ ਅਤੇ ਉਸ ਦੇ ਸੰਗੀ ਸ਼ਾਸਕਾਂ ਦੀ ਕੀ ਭੂਮਿਕਾ ਹੋਵੇਗੀ? ਬਾਈਬਲ ਸਾਨੂੰ ਇਸ ਦਾ ਜਵਾਬ ਨਹੀਂ ਦਿੰਦੀ। ਲੇਕਿਨ, ਅਸੀਂ ਇਸ ਗੱਲ ਉੱਤੇ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਆਪਣੇ ਮਕਸਦ ਵਿਚ ਉਨ੍ਹਾਂ ਨੂੰ ਸੇਵਕਾਈ ਦੇ ਹੋਰ ਸਨਮਾਨ ਦੇਵੇਗਾ। ਆਓ ਆਪਾਂ ਅੱਜ ਸਾਰੇ ਯਹੋਵਾਹ ਦੇ ਰਾਜ ਅਨੁਸਾਰ ਚੱਲੀਏ ਅਤੇ ਸਦਾ ਦਾ ਜੀਵਨ ਪਾਈਏ, ਤਾਂਕਿ ਅਸੀਂ ਇਹ ਦੇਖਣ ਲਈ ਜੀਉਂਦੇ ਰਹਿ ਸਕੀਏ ਕਿ ਯਹੋਵਾਹ ਦਾ ਆਪਣੇ ਰਾਜੇ ਅਤੇ ਉਸ ਦੇ ਸੰਗੀ ਰਾਜਿਆਂ ਅਤੇ ਜਾਜਕਾਂ ਲਈ ਅਤੇ ਇਸ ਦੇ ਨਾਲ-ਨਾਲ ਸਾਰੇ ਵਿਸ਼ਵ ਲਈ ਭਵਿੱਖ ਦਾ ਕੀ ਮਕਸਦ ਹੈ!
ਵਿਚਾਰ ਕਰਨ ਲਈ ਨੁਕਤੇ
• ਹਕੂਮਤਾਂ ਵਿਚ ਕਿਹੜੀ ਬਦਲੀ ਨੇੜੇ ਹੈ?
• ਪਰਮੇਸ਼ੁਰ ਦੁਸ਼ਟਾਂ ਅਤੇ ਧਰਮੀ ਲੋਕਾਂ ਦਾ ਨਿਆਉਂ ਕਿਸ ਤਰ੍ਹਾਂ ਕਰੇਗਾ?
• ਨਵੇਂ ਸੰਸਾਰ ਵਿਚ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ?
• ਯਹੋਵਾਹ ਦਾ ਰਾਜ ਕਰਨ ਦਾ ਹੱਕ ਕਿਸ ਤਰ੍ਹਾਂ ਸਹੀ ਸਾਬਤ ਹੋਵੇਗਾ?
[ਸਵਾਲ]
[ਸਫ਼ੇ 17 ਉੱਤੇ ਤਸਵੀਰਾਂ]
“ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ”
[ਸਫ਼ੇ 18 ਉੱਤੇ ਤਸਵੀਰ]
ਵਫ਼ਾਦਾਰ ਲੋਕਾਂ ਦਾ ਯਹੋਵਾਹ ਨਾਲ ਇਕ ਵਾਰ ਫਿਰ ਵਧੀਆ ਰਿਸ਼ਤਾ ਹੋਵੇਗਾ