Skip to content

Skip to table of contents

ਕੀ ਬਾਈਬਲ ਵਿਚ ਰਹੱਸਮਈ ਸੰਦੇਸ਼ ਪਾਏ ਜਾਂਦੇ ਹਨ?

ਕੀ ਬਾਈਬਲ ਵਿਚ ਰਹੱਸਮਈ ਸੰਦੇਸ਼ ਪਾਏ ਜਾਂਦੇ ਹਨ?

ਕੀ ਬਾਈਬਲ ਵਿਚ ਰਹੱਸਮਈ ਸੰਦੇਸ਼ ਪਾਏ ਜਾਂਦੇ ਹਨ?

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯਿਸ਼ਾਕ ਰਾਬੀਨ ਦੀ 1995 ਵਿਚ ਹੱਤਿਆ ਤੋਂ ਦੋ ਸਾਲ ਬਾਅਦ, ਇਕ ਪੱਤਰਕਾਰ ਨੇ ਦਾਅਵਾ ਕੀਤਾ ਕਿ ਕੰਪਿਊਟਰ ਦੀ ਮਦਦ ਨਾਲ ਉਸ ਨੇ ਇਹ ਪਤਾ ਲਗਾਇਆ ਹੈ ਕਿ ਮੁਢਲੇ ਇਬਰਾਨੀ ਬਾਈਬਲ ਪਾਠ ਵਿਚ ਇਹ ਗੱਲ ਲੁਕੀ ਹੋਈ ਸੀ ਕਿ ਪ੍ਰਧਾਨ ਮੰਤਰੀ ਦਾ ਕਤਲ ਹੋਵੇਗਾ। ਪੱਤਰਕਾਰ ਮਾਈਕਲ ਡਰੋਜ਼ਨਿਨ ਨੇ ਲਿਖਿਆ ਕਿ ਉਸ ਨੇ ਪ੍ਰਧਾਨ ਮੰਤਰੀ ਨੂੰ ਉਸ ਦੇ ਕਤਲ ਤੋਂ ਤਕਰੀਬਨ ਇਕ ਸਾਲ ਪਹਿਲਾਂ ਚੇਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਕੋਈ ਵੀ ਫ਼ਾਇਦਾ ਨਾ ਹੋਇਆ।

ਇਸ ਵਿਸ਼ੇ ਬਾਰੇ ਛਪੀਆਂ ਦੂਸਰੀਆਂ ਕਿਤਾਬਾਂ ਅਤੇ ਲੇਖਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਰਹੱਸਮਈ ਸੰਦੇਸ਼ ਇਸ ਗੱਲ ਦਾ ਪੱਕਾ ਸਬੂਤ ਹਨ ਕਿ ਬਾਈਬਲ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਹੋਈ ਹੈ। ਕੀ ਬਾਈਬਲ ਵਿਚ ਅਜਿਹੇ ਸੰਦੇਸ਼ ਪਾਏ ਜਾਂਦੇ ਹਨ? ਕੀ ਰਹੱਸਮਈ ਸੰਦੇਸ਼ ਦੇ ਆਧਾਰ ਤੇ ਅਸੀਂ ਯਕੀਨ ਕਰ ਸਕਦੇ ਹਾਂ ਕਿ ਬਾਈਬਲ ਪਰਮੇਸ਼ੁਰ ਨੇ ਲਿਖਵਾਈ ਹੈ?

ਇਕ ਨਵਾਂ ਖ਼ਿਆਲ

ਬਾਈਬਲ ਪਾਠ ਵਿਚ ਰਹੱਸਮਈ ਸੰਦੇਸ਼ਾਂ ਦੇ ਹੋਣ ਦਾ ਖ਼ਿਆਲ ਕੋਈ ਨਵਾਂ ਨਹੀਂ ਹੈ। ਇਹ ਕਬਾਲਾ ਜਾਂ ਰਵਾਇਤੀ ਯਹੂਦੀ ਰਹੱਸਵਾਦ ਦੀ ਮੁੱਖ ਧਾਰਣਾ ਹੈ। ਕਬਾਲਾ ਰੱਬੀਆਂ ਮੁਤਾਬਕ ਬਾਈਬਲ ਪਾਠ ਦਾ ਅਸਲੀ ਅਰਥ ਉਹ ਨਹੀਂ ਜੋ ਅਸੀਂ ਪੜ੍ਹਦੇ ਹਾਂ, ਸਗੋਂ ਕੁਝ ਹੋਰ ਹੀ ਹੈ। ਉਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਨੇ ਇਬਰਾਨੀ ਬਾਈਬਲ ਪਾਠ ਦੇ ਹਰ ਅੱਖਰ ਨੂੰ ਸੰਕੇਤਾਂ ਵਜੋਂ ਇਸਤੇਮਾਲ ਕੀਤਾ ਹੈ ਅਤੇ ਜਦੋਂ ਇਹ ਸੰਕੇਤ ਚੰਗੀ ਤਰ੍ਹਾਂ ਸਮਝ ਵਿਚ ਆ ਜਾਂਦੇ ਹਨ, ਤਾਂ ਉਦੋਂ ਬਹੁਤ ਡੂੰਘੀਆਂ ਸੱਚਾਈਆਂ ਪਤਾ ਚੱਲਦੀਆਂ ਹਨ। ਉਨ੍ਹਾਂ ਦੇ ਖ਼ਿਆਲ ਮੁਤਾਬਕ, ਪਰਮੇਸ਼ੁਰ ਨੇ ਕਿਸੇ ਖ਼ਾਸ ਮਕਸਦ ਕਰਕੇ ਹੀ ਬਾਈਬਲ ਪਾਠ ਵਿਚ ਹਰ ਇਬਰਾਨੀ ਅੱਖਰ ਦੀ ਥਾਂ ਨਿਸ਼ਚਿਤ ਕੀਤੀ ਸੀ।

ਬਾਈਬਲ ਦੇ ਰਹੱਸਮਈ ਸੰਦੇਸ਼ ਦੇ ਖੋਜਕਾਰ ਜੈਫ਼ਰੀ ਸਾਟੀਨੋਵਰ ਮੁਤਾਬਕ ਯਹੂਦੀ ਰਹੱਸਵਾਦੀ ਵਿਸ਼ਵਾਸ ਕਰਦੇ ਹਨ ਕਿ ਉਤਪਤ ਦੀ ਕਿਤਾਬ ਵਿਚ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਰਿਕਾਰਡ ਕਰਨ ਲਈ ਵਰਤੇ ਗਏ ਇਬਰਾਨੀ ਅੱਖਰਾਂ ਵਿਚ ਬਹੁਤ ਜ਼ਿਆਦਾ ਰਹੱਸਮਈ ਤਾਕਤ ਪਾਈ ਜਾਂਦੀ ਹੈ। ਉਹ ਲਿਖਦਾ ਹੈ: “ਜੇ ਥੋੜ੍ਹੇ ਹੀ ਸ਼ਬਦਾਂ ਵਿਚ ਕਿਹਾ ਜਾਏ, ਤਾਂ ਉਤਪਤ ਦੀ ਕਿਤਾਬ ਸ੍ਰਿਸ਼ਟੀ ਦਾ ਸਿਰਫ਼ ਇਕ ਬਿਰਤਾਂਤ ਹੀ ਨਹੀਂ ਹੈ; ਸਗੋਂ ਉਸ ਵਿਚ ਦਿੱਤੇ ਗਏ ਅੱਖਰਾਂ ਵਿਚ ਸ੍ਰਿਸ਼ਟੀ ਕਰਨ ਦੀ ਤਾਕਤ ਹੈ, ਯਾਨੀ ਉਤਪਤ ਦੀ ਕਿਤਾਬ ਵਿਚ ਉਹ ਨਕਸ਼ਾ ਦਿੱਤਾ ਗਿਆ ਹੈ ਜਿਸ ਦੇ ਆਧਾਰ ਤੇ ਪਰਮੇਸ਼ੁਰ ਨੇ ਸ੍ਰਿਸ਼ਟੀ ਕੀਤੀ ਸੀ।”

ਸਪੇਨ ਦੇ ਸਰਗੋਸਾ ਸ਼ਹਿਰ ਦੇ ਕਬਾਲਾ ਰੱਬੀ, ਬਾਕਿਯਾ ਬੇਨ ਅਸ਼ਰ ਨੇ 13ਵੀਂ ਸਦੀ ਵਿਚ ਅਜਿਹੀ ਰਹੱਸਮਈ ਜਾਣਕਾਰੀ ਬਾਰੇ ਲਿਖਿਆ ਜੋ ਉਸ ਨੂੰ ਉਤਪਤ ਦੇ ਇਕ ਹਿੱਸੇ ਨੂੰ ਪੜ੍ਹ ਕੇ ਮਿਲੀ ਸੀ। ਉਸ ਨੇ ਪਾਠ ਦੇ ਹਰ 42ਵੇਂ ਅੱਖਰ ਨੂੰ ਪੜ੍ਹਿਆ ਸੀ। ਬਾਈਬਲ ਵਿੱਚੋਂ ਰਹੱਸਮਈ ਸੰਦੇਸ਼ਾਂ ਨੂੰ ਲੱਭਣ ਲਈ ਖ਼ਾਸ ਤਰਤੀਬ ਮੁਤਾਬਕ ਅੱਖਰਾਂ ਨੂੰ ਛੱਡ-ਛੱਡ ਕੇ ਪੜ੍ਹਨ ਦਾ ਇਹ ਤਰੀਕਾ ਅੱਜ ਵੀ ਵਰਤਿਆ ਜਾਂਦਾ ਹੈ।

ਕੰਪਿਊਟਰ ਰਹੱਸਮਈ ਸੰਦੇਸ਼ ਨੂੰ “ਪ੍ਰਗਟ” ਕਰਦਾ ਹੈ

ਕੰਪਿਊਟਰ ਦੀ ਵਰਤੋਂ ਤੋਂ ਪਹਿਲਾਂ, ਇਸ ਤਰੀਕੇ ਨਾਲ ਬਾਈਬਲ ਪਾਠ ਦੀ ਜਾਂਚ ਕਰਨ ਦੀ ਮਨੁੱਖੀ ਕਾਬਲੀਅਤ ਬਹੁਤ ਹੀ ਘੱਟ ਸੀ। ਅਗਸਤ 1994 ਵਿਚ ਸਟੈਟਿਸਟੀਕਲ ਸਾਇੰਸ ਨਾਮਕ ਰਸਾਲੇ ਨੇ ਇਕ ਲੇਖ ਛਾਪਿਆ ਜਿਸ ਵਿਚ ਯਰੂਸ਼ਲਮ ਦੀ ਇਬਰਾਨੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਈਲਯਾਹੂ ਰਿਪਸ ਅਤੇ ਉਸ ਦੇ ਕੁਝ ਸੰਗੀ ਖੋਜਕਾਰਾਂ ਨੇ ਹੈਰਾਨੀਜਨਕ ਦਾਅਵੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਉਤਪਤ ਦੇ ਇਬਰਾਨੀ ਪਾਠ ਦੇ ਅੱਖਰਾਂ ਵਿਚਕਾਰ ਸਾਰੀਆਂ ਵਿੱਥਾਂ ਨੂੰ ਹਟਾਉਣ ਅਤੇ ਅੱਖਰਾਂ ਵਿਚਕਾਰ ਬਰਾਬਰ ਦੀ ਦੂਰੀ ਨੂੰ ਛੱਡ-ਛੱਡ ਕੇ ਪੜ੍ਹਨ ਨਾਲ ਉਨ੍ਹਾਂ ਨੂੰ ਪਾਠ ਵਿਚ ਲੁਕੇ 34 ਮਸ਼ਹੂਰ ਰੱਬੀਆਂ ਦੇ ਨਾਂ ਪਤਾ ਲੱਗੇ। ਇਸ ਦੇ ਨਾਲ-ਨਾਲ ਉਨ੍ਹਾਂ ਦੀਆਂ ਜਨਮ-ਮਰਨ ਦੀਆਂ ਤਾਰੀਖ਼ਾਂ ਬਾਰੇ ਵੀ ਪਤਾ ਲੱਗਾ। * ਵਾਰ-ਵਾਰ ਖੋਜ ਕਰਨ ਤੋਂ ਬਾਅਦ, ਇਨ੍ਹਾਂ ਖੋਜਕਾਰਾਂ ਨੇ ਰਸਾਲੇ ਵਿਚ ਆਪਣਾ ਸਿੱਟਾ ਛਾਪਿਆ ਹੈ ਕਿ ਉਤਪਤ ਵਿਚ ਦਿੱਤੀ ਜਾਣਕਾਰੀ ਆਪਣੇ ਆਪ ਹੀ ਨਹੀਂ ਆ ਗਈ, ਸਗੋਂ ਹਜ਼ਾਰਾਂ ਸਾਲ ਪਹਿਲਾਂ ਪਰਮੇਸ਼ੁਰ ਨੇ ਜਾਣ-ਬੁੱਝ ਕੇ ਇਹ ਜਾਣਕਾਰੀ ਉਤਪਤ ਦੀ ਕਿਤਾਬ ਵਿਚ ਲੁਕਾਈ ਸੀ।

ਇਸ ਤਰੀਕੇ ਨੂੰ ਵਰਤਦੇ ਹੋਏ, ਪੱਤਰਕਾਰ ਡਰੋਜ਼ਨਿਨ ਨੇ ਇਬਰਾਨੀ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਵਿਚ ਲੁਕੇ ਸੰਦੇਸ਼ ਨੂੰ ਲੱਭਣ ਲਈ ਆਪ ਖੋਜ ਕੀਤੀ। ਡਰੋਜ਼ਨਿਨ ਨੇ ਦਾਅਵਾ ਕੀਤਾ ਕਿ ਜਦੋਂ ਇਨ੍ਹਾਂ ਕਿਤਾਬਾਂ ਦੇ ਹਰ 4,772ਵੇਂ ਅੱਖਰ ਨੂੰ ਜੋੜ ਕੇ ਪੜ੍ਹਿਆ ਜਾਂਦਾ ਹੈ, ਤਾਂ ਯਿਸ਼ਾਕ ਰਾਬੀਨ ਦਾ ਨਾਂ ਬਣਦਾ ਹੈ। ਫਿਰ ਉਸ ਨੇ ਕੰਪਿਊਟਰ ਦੀ ਮਦਦ ਨਾਲ ਪਾਠ ਨੂੰ ਇਸ ਤਰ੍ਹਾਂ ਰੱਖਿਆ ਕਿ ਹਰ ਲਾਈਨ ਦੇ ਅਖ਼ੀਰ ਵਿਚ 4,772ਵਾਂ ਅੱਖਰ ਆਵੇ। ਹਰ ਲਾਈਨ ਦੇ ਆਖ਼ਰੀ ਅੱਖਰਾਂ ਨੂੰ ਉੱਪਰੋਂ ਥੱਲੇ ਪੜ੍ਹਨ ਨਾਲ ਉਸ ਨੂੰ ਯਿਸ਼ਾਕ ਰਾਬੀਨ ਦਾ ਨਾਂ ਸਾਫ਼-ਸਾਫ਼ ਦਿਖਾਈ ਦਿੱਤਾ। ਫਿਰ ਉਸ ਨੇ ਦੇਖਿਆ ਕਿ ਇਸ ਪਾਠ ਵਿਚ ਬਿਵਸਥਾ ਸਾਰ 4:42 ਦੇ ਸ਼ਬਦ ਵੀ ਇੱਕੋ ਲਾਈਨ ਵਿਚ ਆਏ। ਡਰੋਜ਼ਨਿਨ ਨੇ ਇਨ੍ਹਾਂ ਸ਼ਬਦਾਂ ਨੂੰ ਅਨੁਵਾਦ ਕੀਤਾ: “ਇਕ ਖ਼ੂਨੀ ਜੋ ਖ਼ੂਨ ਕਰੇਗਾ।”

ਬਿਵਸਥਾ ਸਾਰ 4:42 ਅਸਲ ਵਿਚ ਉਸ ਖ਼ੂਨੀ ਬਾਰੇ ਦੱਸਦਾ ਹੈ ਜਿਸ ਨੇ ਅਣਜਾਣੇ ਵਿਚ ਖ਼ੂਨ ਕੀਤਾ ਹੋਵੇ। ਇਸ ਲਈ, ਬਹੁਤ ਸਾਰਿਆਂ ਨੇ ਨੁਕਤਾਚੀਨੀ ਕੀਤੀ ਹੈ ਕਿ ਡਰੋਜ਼ਨਿਨ ਨੇ ਆਪਣੀ ਮਨਮਰਜ਼ੀ ਦੇ ਤਰੀਕੇ ਵਰਤ ਕੇ ਖੋਜ ਕੀਤੀ ਹੈ ਅਤੇ ਇਹ ਦਾਅਵਾ ਕੀਤਾ ਹੈ ਕਿ ਉਸ ਦੇ ਇਸ ਬੇਤੁਕੇ ਤਰੀਕੇ ਨਾਲ ਕਿਸੇ ਵੀ ਪਾਠ ਵਿੱਚੋਂ ਅਜਿਹੇ ਮਿਲਦੇ-ਜੁਲਦੇ ਸੰਦੇਸ਼ ਲੱਭੇ ਜਾ ਸਕਦੇ ਹਨ। ਪਰ ਡਰੋਜ਼ਨਿਨ ਆਪਣੀ ਗੱਲ ਤੇ ਅੜਿਆ ਰਿਹਾ ਅਤੇ ਉਸ ਨੇ ਚੁਣੌਤੀ ਦਿੱਤੀ: “ਜੇ ਮੇਰੇ ਆਲੋਚਕਾਂ ਨੂੰ ਕਿਸੇ ਪ੍ਰਧਾਨ ਮੰਤਰੀ ਦੇ ਕਤਲ ਬਾਰੇ ਮੋਬੀ ਡਿੱਕ [ਨਾਵਲ] ਵਿੱਚੋਂ ਕੁਝ ਪਤਾ ਲੱਗੇਗਾ, ਤਾਂ ਮੈਂ ਉਨ੍ਹਾਂ ਦਾ ਵਿਸ਼ਵਾਸ ਕਰਾਂਗਾ।”

ਪਰਮੇਸ਼ੁਰ ਦੁਆਰਾ ਲਿਖਾਏ ਜਾਣ ਦਾ ਸਬੂਤ?

ਆਸਟ੍ਰੇਲੀਆਈ ਨੈਸ਼ਨਲ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫ਼ੈਸਰ ਬਰੈਨਡਨ ਮੈਕੇ ਨੇ ਡਰੋਜ਼ਨਿਨ ਦੀ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਉਸ ਨੇ ਮੋਬੀ ਡਿੱਕ ਦੇ ਅੰਗ੍ਰੇਜ਼ੀ ਪਾਠ ਉੱਤੇ ਕੰਪਿਊਟਰ ਰਾਹੀਂ ਕਾਫ਼ੀ ਖੋਜਬੀਨ ਕੀਤੀ। * ਡਰੋਜ਼ਨਿਨ ਦੇ ਤਰੀਕੇ ਨੂੰ ਵਰਤ ਕੇ ਮੈਕੇ ਦਾਅਵਾ ਕਰਦਾ ਹੈ ਕਿ ਉਸ ਨੂੰ ਮੋਬੀ ਡਿੱਕ ਵਿੱਚੋਂ ਇੰਦਰਾ ਗਾਂਧੀ, ਮਾਰਟਿਨ ਲੂਥਰ, ਜੌਨ ਐੱਫ਼. ਕੈਨੇਡੀ, ਅਬਰਾਹਾਮ ਲਿੰਕਨ ਅਤੇ ਦੂਸਰੇ ਵਿਅਕਤੀਆਂ ਦੇ ਕਤਲ ਬਾਰੇ ਕੀਤੀਆਂ “ਭਵਿੱਖਬਾਣੀਆਂ” ਦਾ ਪਤਾ ਲੱਗਾ ਹੈ। ਮੈਕੇ ਮੁਤਾਬਕ, ਉਸ ਨੂੰ ਪਤਾ ਲੱਗਾ ਕਿ ਮੋਬੀ ਡਿੱਕ ਵਿਚ ਵੀ ਯਿਸ਼ਾਕ ਰਾਬੀਨ ਦੇ ਕਤਲ ਬਾਰੇ “ਭਵਿੱਖਬਾਣੀ ਕੀਤੀ” ਗਈ ਸੀ।

ਰਿਪਸ ਅਤੇ ਉਸ ਦੇ ਸਾਥੀਆਂ ਦੁਆਰਾ ਉਤਪਤ ਦੇ ਇਬਰਾਨੀ ਪਾਠ ਉੱਤੇ ਕੀਤੀ ਖੋਜ ਨੂੰ ਪ੍ਰੋਫ਼ੈਸਰ ਮੈਕੇ ਅਤੇ ਉਸ ਦੇ ਸਾਥੀਆਂ ਨੇ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੋਜਕਾਰਾਂ ਨੇ ਜਿਹੜੇ ਗੁਪਤ ਸੰਦੇਸ਼ ਲੱਭੇ ਹਨ, ਉਨ੍ਹਾਂ ਨੇ ਆਪਣਾ ਮਨਚਾਹਿਆ ਨਤੀਜਾ ਹਾਸਲ ਕਰਨ ਲਈ ਆਪਣੀ ਸਮਝ ਮੁਤਾਬਕ ਤਰੀਕਾ ਵਰਤਿਆ ਹੈ। ਇਨ੍ਹਾਂ ਅੱਖਰਾਂ ਵਿਚ ਕੋਈ ਵੀ ਗੁਪਤ ਸੰਦੇਸ਼ ਨਹੀਂ ਲੁਕਿਆ ਹੋਇਆ ਹੈ। ਅਤੇ ਇਨ੍ਹਾਂ ਵਿਦਵਾਨਾਂ ਦੀ ਇਸ ਵਿਸ਼ੇ ਤੇ ਅਜੇ ਵੀ ਬਹਿਸਬਾਜ਼ੀ ਚੱਲ ਰਹੀ ਹੈ।

ਜਦੋਂ ਇਹ ਦਾਅਵਾ ਕੀਤਾ ਗਿਆ ਕਿ ਸਟੈਂਡਰਡ ਜਾਂ ਮੂਲ ਇਬਰਾਨੀ ਪਾਠ ਵਿਚ ਜਾਣ-ਬੁੱਝ ਕੇ ਅਜਿਹੇ ਸੰਦੇਸ਼ ਲੁਕਾਏ ਗਏ ਸਨ, ਤਾਂ ਉਦੋਂ ਇਕ ਹੋਰ ਵਾਦ-ਵਿਸ਼ਾ ਖੜ੍ਹਾ ਹੋਇਆ। ਰਿਪਸ ਅਤੇ ਉਸ ਦੇ ਸੰਗੀ ਖੋਜਕਾਰ ਕਹਿੰਦੇ ਹਨ ਕਿ ਉਨ੍ਹਾਂ ਨੇ “ਉਤਪਤ ਦੀ ਇਕ ਜਾਣੀ-ਪਛਾਣੀ ਹੱਥ-ਲਿਖਤ” ਵਿੱਚੋਂ ਖੋਜ ਕੀਤੀ ਸੀ। ਡਰੋਜ਼ਨਿਨ ਲਿਖਦਾ ਹੈ: “ਮੂਲ ਇਬਰਾਨੀ ਭਾਸ਼ਾ ਵਿਚ ਮੌਜੂਦ ਸਾਰੀਆਂ ਬਾਈਬਲਾਂ ਦਾ ਇਕ-ਦੂਜੀ ਨਾਲ ਇਕ-ਇਕ ਅੱਖਰ ਮਿਲਦਾ ਹੈ।” ਪਰ ਕੀ ਇਹ ਸੱਚ ਹੈ? ਅੱਜ ਇਬਰਾਨੀ ਵਿਚ ਇਕ “ਸਟੈਂਡਰਡ” ਬਾਈਬਲ ਹੋਣ ਦੀ ਬਜਾਇ, ਬਾਈਬਲ ਦੇ ਵੱਖੋ-ਵੱਖਰੇ ਸੰਸਕਰਣ ਵਰਤੇ ਜਾਂਦੇ ਹਨ ਜੋ ਕਿ ਵੱਖ-ਵੱਖ ਪ੍ਰਾਚੀਨ ਹੱਥ-ਲਿਖਤਾਂ ਤੇ ਆਧਾਰਿਤ ਹਨ। ਭਾਵੇਂ ਕਿ ਵੱਖੋ-ਵੱਖਰੀਆਂ ਹੱਥ-ਲਿਖਤਾਂ ਵਿਚ ਇੱਕੋ ਜਿਹਾ ਬਾਈਬਲ ਸੰਦੇਸ਼ ਹੈ, ਪਰ ਹਰੇਕ ਹੱਥ-ਲਿਖਤ ਵਿਚ ਸ਼ਬਦ-ਜੋੜ ਵੱਖੋ-ਵੱਖਰੇ ਹਨ।

ਬਹੁਤ ਸਾਰੀਆਂ ਬਾਈਬਲਾਂ ਦਾ ਤਰਜਮਾ ਲੈਨਨਗਰਾਡ ਕੋਡੈਕਸ ਤੋਂ ਕੀਤਾ ਗਿਆ ਹੈ। ਇਹ ਇਬਰਾਨੀ ਵਿਚ ਮਸੋਰਾ ਦੀ ਸਭ ਤੋਂ ਪੁਰਾਣੀ ਅਤੇ ਪੂਰੀ ਹੱਥ-ਲਿਖਤ ਹੈ ਜਿਸ ਦੀ 1000 ਸਾ.ਯੁ. ਵਿਚ ਨਕਲ ਕੀਤੀ ਗਈ ਸੀ। ਪਰ ਰਿਪਸ ਅਤੇ ਡਰੋਜ਼ਨਿਨ ਨੇ ਕੋਰਨ ਨਾਮਕ ਇਕ ਵੱਖਰਾ ਤਰਜਮਾ ਵਰਤਿਆ ਸੀ। ਹਾਰਵਰਡ ਯੂਨੀਵਰਸਿਟੀ ਵਿਚ ਆਰਥੋਡਾਕਸ ਰੱਬੀ ਅਤੇ ਗਣਿਤ-ਸ਼ਾਸਤਰੀ, ਸ਼ਲੋਮੋ ਸਟਰਨਬਰਗ ਨੇ ਦੱਸਿਆ ਕਿ ਲੈਨਨਗਰਾਡ ਕੋਡੈਕਸ ਅਤੇ “ਡਰੋਜ਼ਨਿਨ ਦੁਆਰਾ ਵਰਤੇ ਗਏ ਕੋਰਨ ਬਾਈਬਲ ਮੂਲ-ਪਾਠ ਵਿਚ ਬਹੁਤ ਫ਼ਰਕ ਹੈ, ਸਿਰਫ਼ ਬਿਵਸਥਾ ਸਾਰ ਦੀ ਕਿਤਾਬ ਵਿਚ ਹੀ 41 ਅੱਖਰਾਂ ਦਾ ਫ਼ਰਕ ਹੈ।” ਮ੍ਰਿਤ ਸਾਗਰ ਪੋਥੀਆਂ ਵਿਚ ਬਾਈਬਲ ਦੇ ਕੁਝ ਹਿੱਸੇ ਸ਼ਾਮਲ ਹਨ ਜਿਨ੍ਹਾਂ ਨੂੰ 2,000 ਸਾਲ ਪਹਿਲਾਂ ਕਾਪੀ ਕੀਤਾ ਗਿਆ ਸੀ। ਇਨ੍ਹਾਂ ਪੋਥੀਆਂ ਦੇ ਸ਼ਬਦ-ਜੋੜ, ਬਾਅਦ ਦੇ ਮਸੋਰਾ ਦੇ ਮੂਲ-ਪਾਠਾਂ ਤੋਂ ਕਾਫ਼ੀ ਵੱਖਰੇ ਹਨ। ਕੁਝ ਪੋਥੀਆਂ ਵਿਚ, ਸ੍ਵਰ ਅੱਖਰਾਂ ਨੂੰ ਦਰਸਾਉਣ ਨਾਲ ਕੁਝ ਖ਼ਾਸ ਅੱਖਰ ਕਾਫ਼ੀ ਗਿਣਤੀ ਵਿਚ ਜੋੜੇ ਗਏ ਸਨ, ਕਿਉਂਕਿ ਉਸ ਵੇਲੇ ਇਹ ਨਹੀਂ ਪਤਾ ਸੀ ਕਿ ਸ੍ਵਰ ਅੱਖਰ ਲਾਉਣੇ ਸਨ। ਦੂਸਰੀਆਂ ਪੋਥੀਆਂ ਵਿਚ, ਇਸ ਤਰ੍ਹਾਂ ਥੋੜ੍ਹੇ ਹੀ ਅੱਖਰ ਵਰਤੇ ਗਏ ਸਨ। ਬਾਈਬਲ ਦੀਆਂ ਮੌਜੂਦ ਸਾਰੀਆਂ ਹੱਥ-ਲਿਖਤਾਂ ਦੀ ਤੁਲਨਾ ਕਰਨ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਪਾਠ ਦਾ ਅਰਥ ਬਦਲਿਆ ਨਹੀਂ ਹੈ। ਫਿਰ ਵੀ ਤੁਲਨਾ ਕਰਨ ਤੋਂ ਪਤਾ ਲੱਗਦਾ ਹੈ ਕਿ ਵੱਖਰੀਆਂ-ਵੱਖਰੀਆਂ ਹੱਥ-ਲਿਖਤਾਂ ਵਿਚ ਸ਼ਬਦ-ਜੋੜ ਅਤੇ ਅੱਖਰਾਂ ਦੀ ਗਿਣਤੀ ਵੱਖਰੀ-ਵੱਖਰੀ ਹੈ।

ਜੇ ਇਹ ਸੱਚ ਹੈ ਕਿ ਬਾਈਬਲ ਦੀ ਮੂਲ-ਭਾਸ਼ਾ ਦੇ ਅੱਖਰਾਂ ਵਿਚ ਕੋਈ ਗੁਪਤ ਸੰਦੇਸ਼ ਹੈ, ਤਾਂ ਇਸ ਨੂੰ ਲੱਭਣ ਲਈ ਬਾਈਬਲ ਦਾ ਉਹ ਮੂਲ-ਪਾਠ ਹੋਣਾ ਚਾਹੀਦਾ ਹੈ ਜਿਸ ਨੂੰ ਕਦੀ ਬਦਲਿਆ ਹੀ ਨਾ ਗਿਆ ਹੋਵੇ। ਕਿਉਂਕਿ ਜੇ ਮੂਲ-ਪਾਠ ਵਿਚ ਇਕ ਵੀ ਅੱਖਰ ਬਦਲ ਦਿੱਤਾ ਜਾਵੇ, ਤਾਂ ਅੱਖਰਾਂ ਦਾ ਸਿਲਸਿਲਾ ਅਤੇ ਉਸ ਵਿਚਲਾ ਸੰਦੇਸ਼ ਪੂਰਾ ਹੀ ਬਦਲ ਜਾਂਦਾ ਹੈ। ਪਰ ਸਦੀਆਂ ਦੌਰਾਨ ਬਾਈਬਲ ਦੀਆਂ ਕਾਪੀਆਂ ਬਣਾਏ ਜਾਣ ਕਾਰਨ ਅਲੱਗ-ਅਲੱਗ ਹੱਥ-ਲਿਖਤਾਂ ਵਿਚ ਸ਼ਬਦ-ਜੋੜ ਵੱਖੋ-ਵੱਖਰੇ ਹਨ। ਇਸ ਲਈ ਅੱਖਰਾਂ ਵਿਚ ਕੋਈ ਗੁਪਤ ਸੰਦੇਸ਼ ਹੋ ਹੀ ਨਹੀਂ ਸਕਦਾ। ਪਰਮੇਸ਼ੁਰ ਨੇ ਅੱਖਰਾਂ ਜਾਂ ਸ਼ਬਦ-ਜੋੜਾਂ ਦੇ ਬਦਲੇ ਜਾਣ ਦੀ ਚਿੰਤਾ ਨਹੀਂ ਕੀਤੀ, ਪਰ ਉਸ ਨੇ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖਿਆ ਕਿ ਬਾਈਬਲ ਦਾ ਅਰਥ ਨਾ ਬਦਲੇ।—ਯਸਾਯਾਹ 40:8; 1 ਪਤਰਸ 1:24, 25.

ਕੀ ਸਾਨੂੰ ਬਾਈਬਲ ਵਿਚਲੇ ਰਹੱਸਮਈ ਸੰਦੇਸ਼ਾਂ ਦੀ ਲੋੜ ਹੈ?

ਪੌਲੁਸ ਰਸੂਲ ਨੇ ਸਾਫ਼-ਸਾਫ਼ ਲਿਖਿਆ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।” (2 ਤਿਮੋਥਿਉਸ 3:16, 17) ਬਾਈਬਲ ਦਾ ਸਾਫ਼ ਅਤੇ ਸਪੱਸ਼ਟ ਸੰਦੇਸ਼ ਸਮਝਣਾ ਜਾਂ ਲਾਗੂ ਕਰਨਾ ਕੋਈ ਬਹੁਤਾ ਔਖਾ ਨਹੀਂ ਹੈ, ਪਰ ਬਹੁਤ ਸਾਰੇ ਲੋਕ ਇਸ ਨੂੰ ਅਣਡਿੱਠ ਕਰਦੇ ਹਨ। (ਬਿਵਸਥਾ ਸਾਰ 30:11-14) ਬਾਈਬਲ ਵਿਚ ਸਾਫ਼-ਸਾਫ਼ ਦੱਸੀਆਂ ਗਈਆਂ ਭਵਿੱਖਬਾਣੀਆਂ ਇਸ ਗੱਲ ਦਾ ਠੋਸ ਸਬੂਤ ਹਨ ਕਿ ਬਾਈਬਲ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਗਈ ਹੈ। * ਕਿਸੇ ਰਹੱਸਮਈ ਸੰਦੇਸ਼ ਤੋਂ ਉਲਟ, ਬਾਈਬਲ ਦੀਆਂ ਭਵਿੱਖਬਾਣੀਆਂ ਕਿਸੇ ਇਨਸਾਨ ਦੀ ਇੱਛਾ ਨਾਲ ਨਹੀਂ ਲਿਖੀਆਂ ਗਈਆਂ ਅਤੇ ਨਾ ਹੀ ਇਸ ਦਾ ਅਰਥ ਕਿਸੇ ਇਨਸਾਨ ਦੇ “ਜਤਨ ਨਾਲ” ਪਤਾ ਲੱਗਦਾ ਹੈ।—2 ਪਤਰਸ 1:19-21.

ਪਤਰਸ ਰਸੂਲ ਨੇ ਲਿਖਿਆ: ‘ਅਸਾਂ ਤੁਹਾਨੂੰ ਆਪਣੇ ਪ੍ਰਭੁ ਯਿਸੂ ਮਸੀਹ ਦੀ ਸਮਰੱਥਾ ਅਤੇ ਆਉਣ ਤੋਂ ਮਹਿਰਮ ਜੋ ਕੀਤਾ ਤਾਂ ਚਤਰਾਈ ਦੀਆਂ ਬਣਾਉਟੀ ਕਹਾਣੀਆਂ ਦੇ ਮਗਰ ਲੱਗ ਕੇ ਨਹੀਂ ਕੀਤਾ।’ (2 ਪਤਰਸ 1:16) ਬਾਈਬਲ ਪਾਠ ਦੇ ਅੱਖਰਾਂ ਵਿੱਚੋਂ ਰਹੱਸਮਈ ਸੰਦੇਸ਼ ਲੱਭਣ ਦੀ ਧਾਰਣਾ ਯਹੂਦੀ ਰਹੱਸਵਾਦ ਵਿਚ ਪਾਈ ਜਾਂਦੀ ਹੈ। ਯਹੂਦੀ ਰਹੱਸਵਾਦ “ਚਤਰਾਈ” ਵਾਲੇ ਤਰੀਕੇ ਵਰਤ ਕੇ ਬਾਈਬਲ ਵਿਚ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀਆਂ ਸਿੱਧੀਆਂ-ਸਾਦੀਆਂ ਗੱਲਾਂ ਨੂੰ ਤੋੜ-ਮਰੋੜ ਕੇ ਸਮਝਾਉਂਦੇ ਹਨ ਜੋ ਕਿ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਵੀ ਨਹੀਂ ਆਉਂਦੀਆਂ। ਇਬਰਾਨੀ ਸ਼ਾਸਤਰ ਸਪੱਸ਼ਟ ਰੂਪ ਵਿਚ ਅਜਿਹੇ ਰਹੱਸਵਾਦੀ ਕੰਮਾਂ ਦੀ ਨਿੰਦਾ ਕਰਦਾ ਹੈ।—ਬਿਵਸਥਾ ਸਾਰ 13:1-5; 18:9-13.

ਸਾਡੇ ਲਈ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਬਾਈਬਲ ਵਿਚ ਸੰਦੇਸ਼ ਅਤੇ ਸਿੱਖਿਆ ਸਾਫ਼-ਸਾਫ਼ ਦਿੱਤੀ ਗਈ ਹੈ ਜਿਨ੍ਹਾਂ ਦੁਆਰਾ ਅਸੀਂ ਪਰਮੇਸ਼ੁਰ ਨੂੰ ਜਾਣ ਸਕਦੇ ਹਾਂ! ਬਾਈਬਲ ਦੀਆਂ ਗੱਲਾਂ ਦਾ ਆਪਣਾ ਅਰਥ ਕੱਢਣ ਅਤੇ ਕੰਪਿਊਟਰ ਦੀ ਮਦਦ ਨਾਲ ਰਹੱਸਮਈ ਸੰਦੇਸ਼ਾਂ ਨੂੰ ਲੱਭਣ ਦੀ ਬਜਾਇ ਬਾਈਬਲ ਵਿੱਚੋਂ ਆਪਣੇ ਸ੍ਰਿਸ਼ਟੀਕਰਤਾ ਬਾਰੇ ਸਿੱਖਣਾ ਕਿੰਨਾ ਵਧੀਆ ਹੈ।—ਮੱਤੀ 7:24, 25.

[ਫੁਟਨੋਟ]

^ ਪੈਰਾ 9 ਇਬਰਾਨੀ ਵਿਚ ਅੰਕੜਿਆਂ ਨੂੰ ਅੱਖਰਾਂ ਵਿਚ ਵੀ ਲਿਖਿਆ ਜਾ ਸਕਦਾ ਹੈ। ਇਸ ਲਈ, ਇਬਰਾਨੀ ਪਾਠ ਵਿਚ ਇਹ ਤਾਰੀਖ਼ਾਂ ਅੰਕੜਿਆਂ ਵਿਚ ਨਿਸ਼ਚਿਤ ਕਰਨ ਦੀ ਬਜਾਇ ਅੱਖਰਾਂ ਵਿਚ ਨਿਸ਼ਚਿਤ ਕੀਤੀਆਂ ਗਈਆਂ ਸਨ।

^ ਪੈਰਾ 13 ਇਬਰਾਨੀ ਭਾਸ਼ਾ ਵਿਚ ਸ੍ਵਰ ਅੱਖਰ ਨਹੀਂ ਹੁੰਦੇ। ਪੜ੍ਹਨ ਵਾਲਾ ਵਿਅਕਤੀ ਪ੍ਰਸੰਗ ਦੇ ਹਿਸਾਬ ਨਾਲ ਸ੍ਵਰ ਅੱਖਰ ਲਾਉਂਦਾ ਹੈ। ਜੇ ਪ੍ਰਸੰਗ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ, ਤਾਂ ਵੱਖਰੇ ਸ੍ਵਰ ਅੱਖਰ ਨਾਲ ਇਕ ਸ਼ਬਦ ਦਾ ਅਰਥ ਪੂਰੀ ਤਰ੍ਹਾਂ ਨਾਲ ਬਦਲ ਜਾਂਦਾ ਹੈ। ਪਰ ਅੰਗ੍ਰੇਜ਼ੀ ਦੇ ਸ੍ਵਰ ਅੱਖਰ ਨਿਸ਼ਚਿਤ ਹਨ ਜਿਸ ਕਰਕੇ ਅੰਗ੍ਰੇਜ਼ੀ ਵਿਚ ਇਸ ਤਰ੍ਹਾਂ ਸ਼ਬਦਾਂ ਦੀ ਖੋਜ ਕਰਨੀ ਮੁਸ਼ਕਲ ਹੈ ਅਤੇ ਸੀਮਿਤ ਹੈ।

^ ਪੈਰਾ 19 ਬਾਈਬਲ ਦੇ ਲਿਖਵਾਏ ਜਾਣ ਅਤੇ ਇਸ ਦੀਆਂ ਭਵਿੱਖਬਾਣੀਆਂ ਦੀ ਹੋਰ ਜ਼ਿਆਦਾ ਜਾਣਕਾਰੀ ਲਈ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪਿਆ ਗਿਆ ਬਰੋਸ਼ਰ ਤਮਾਮ ਲੋਕਾਂ ਲਈ ਇਕ ਪੁਸਤਕ ਦੇਖੋ।