ਇਕ ਮਿਸਾਲੀ ਮਨੁੱਖ ਜਿਸ ਨੇ ਤਾੜਨਾ ਸਵੀਕਾਰ ਕੀਤੀ
ਇਕ ਮਿਸਾਲੀ ਮਨੁੱਖ ਜਿਸ ਨੇ ਤਾੜਨਾ ਸਵੀਕਾਰ ਕੀਤੀ
ਕੁਝ ਸਾਲ ਪਹਿਲਾਂ ਇਕ ਅਫ਼ਰੀਕੀ ਅਖ਼ਬਾਰ ਵਿਚ ਲਿਖਿਆ ਗਿਆ ਸੀ ਕਿ “ਜ਼ੈਂਬੀਆ ਦੇ ਮਗਰਮੱਛ ਮਹੀਨੇ ਵਿਚ 30 ਬੰਦੇ ਖਾ ਜਾਂਦੇ ਹਨ।” ਜਾਂਚ ਕਰਨ ਵਾਸਤੇ ਮਗਰੱਮਛਾਂ ਨੂੰ ਪਕੜਨ ਵਾਲੇ ਇਕ ਜੰਤੂ ਵਿਗਿਆਨੀ ਨੇ ਕਿਹਾ ਕਿ “ਇਕ ਮਗਰੱਮਛ ਨੂੰ ਫੜ ਕੇ ਰਖਣ ਲਈ 12 ਬੰਦਿਆਂ ਦੀ ਲੋੜ ਪਈ।” ਇਸ ਜਾਨਵਰ ਦੀ ਪੂਛ ਦੀ ਤਾਕਤ ਅਤੇ ਇਸ ਦੇ ਤਿੱਖੇ ਦੰਦ ਇਸ ਨੂੰ ਬਹੁਤ ਖ਼ਤਰਨਾਕ ਬਣਾਉਂਦੇ ਹਨ!
ਆਪਣੇ ਸੇਵਕ ਅੱਯੂਬ ਨੂੰ ਇਕ ਮਹੱਤਵਪੂਰਣ ਸਬਕ ਸਿਖਲਾਉਣ ਵਾਸਤੇ ਸਿਰਜਣਹਾਰ ਨੇ ਮਗਰੱਮਛ ਦੀ ਮਿਸਾਲ ਦਿੱਤੀ। ਉਸ ਨੇ ਮਗਰੱਮਛ ਨੂੰ “ਸਭ ਜੰਗਲੀ ਜਾਨਵਰਾਂ ਦਾ ਰਾਜਾ” ਸੱਦਿਆ। (ਅੱਯੂਬ 41:1, 34, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਗੱਲ ਕੁਝ 3,500 ਸਾਲ ਪਹਿਲਾਂ ਊਸ ਨਾਂ ਦੇ ਦੇਸ਼ ਵਿਚ ਵਾਪਰੀ, ਜੋ ਕਿ ਸ਼ਾਇਦ ਉੱਤਰੀ ਅਰਬ ਦੇਸ਼ ਵਿਚ ਸੀ। ਇਸ ਜਾਨਵਰ ਬਾਰੇ ਗੱਲ ਕਰਦੇ ਹੋਏ ਪਰਮੇਸ਼ੁਰ ਨੇ ਅੱਯੂਬ ਨੂੰ ਕਿਹਾ: “ਕੋਈ ਇੰਨੀ ਤੱਤੀ ਤਬੀਅਤ ਦਾ ਨਹੀਂ ਜੋ ਉਹ ਦੇ ਛੇੜਨ ਦਾ ਹਿਆਉਂ ਕਰੇ, ਫੇਰ ਕੌਣ ਹੈ ਜੋ ਮੇਰੇ ਸਨਮੁਖ ਖਲੋ ਸੱਕੇ?” (ਅੱਯੂਬ 41:10) ਕਿੰਨੀ ਸੱਚੀ ਗੱਲ! ਜੇਕਰ ਅਸੀਂ ਮਗਰੱਮਛ ਤੋਂ ਡਰਦੇ ਹਾਂ, ਤਾਂ ਕੀ ਸਾਨੂੰ ਉਸ ਦੇ ਬਣਾਉਣ ਵਾਲੇ ਦੇ ਖ਼ਿਲਾਫ ਬੋਲਣ ਤੋਂ ਨਹੀਂ ਡਰਨਾ ਚਾਹੀਦਾ? ਆਪਣੀ ਗ਼ਲਤੀ ਕਬੂਲ ਕਰ ਕੇ ਅੱਯੂਬ ਨੇ ਦਿਖਾਇਆ ਕਿ ਉਸ ਨੇ ਇਸ ਮਿਸਾਲ ਤੋਂ ਸਬਕ ਸਿੱਖਿਆ।—ਅੱਯੂਬ 42:1-6.
ਜਦੋਂ ਅੱਯੂਬ ਦੀ ਗੱਲ ਕੀਤੀ ਜਾਂਦੀ ਹੈ, ਤਾਂ ਸ਼ਾਇਦ ਸਾਨੂੰ ਅਜ਼ਮਾਇਸ਼ਾਂ ਦੌਰਾਨ ਉਸ ਦੀ ਵਫ਼ਾਦਾਰੀ ਚੇਤੇ ਆਵੇ। (ਯਾਕੂਬ 5:11) ਅਸਲ ਵਿਚ, ਅੱਯੂਬ ਦੀ ਨਿਹਚਾ ਪਰਖੀ ਜਾਣ ਤੋਂ ਪਹਿਲਾਂ ਵੀ ਯਹੋਵਾਹ ਉਸ ਨਾਲ ਖ਼ੁਸ਼ ਸੀ। ਪਰਮੇਸ਼ੁਰ ਦੇ ਅੰਦਾਜ਼ੇ ਵਿਚ ਉਸ ਸਮੇਂ ਤੇ ‘ਉਹ ਦੇ ਜਿਹਾ ਕੋਈ ਨਹੀਂ ਸੀ ਉਹ ਖਰਾ ਤੇ ਨੇਕ ਮਨੁੱਖ ਸੀ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਸੀ।’ (ਅੱਯੂਬ 1:8) ਅਸੀਂ ਅੱਯੂਬ ਦੀ ਮਿਸਾਲ ਤੋਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਸਿੱਖ ਸਕਦੇ ਹਾਂ।
ਉਸ ਨੇ ਪਰਮੇਸ਼ੁਰ ਨੂੰ ਪਹਿਲ ਦਿੱਤੀ
ਅੱਯੂਬ ਬਹੁਤ ਅਮੀਰ ਬੰਦਾ ਸੀ। ਸੋਨੇ ਤੋਂ ਛੁੱਟ ਉਸ ਦੇ ਕੋਲ 7,000 ਭੇਡਾਂ, 3,000 ਊਠ, 500 ਗਧੀਆਂ, 1,000 ਡੰਗਰ, ਅਤੇ ਬਹੁਤ ਸਾਰੇ ਨੌਕਰ-ਚਾਕਰ ਸਨ। (ਅੱਯੂਬ 1:3) ਪਰ ਅੱਯੂਬ ਨੇ ਧਨ-ਦੌਲਤ ਦੀ ਬਜਾਇ ਯਹੋਵਾਹ ਉੱਤੇ ਭਰੋਸਾ ਰੱਖਿਆ। ਉਸ ਨੇ ਕਿਹਾ: “ਜੇ ਮੈਂ ਸੋਨੇ ਉੱਤੇ ਆਪਣੀ ਆਸ ਰੱਖੀ ਹੁੰਦੀ, ਯਾ ਆਖਿਆ ਹੁੰਦਾ ਕਿ ਕੁੰਦਨ ਸੋਨੇ ਤੇ ਮੇਰਾ ਭਰੋਸਾ ਹੈ, ਜੇ ਮੈਂ ਖ਼ੁਸ਼ੀ ਮਨਾਈ ਹੁੰਦੀ ਭਈ ਮੇਰਾ ਧਨ ਬਹੁਤ ਹੈ, ਅਤੇ ਮੇਰੇ ਹੱਥ ਨੇ ਬਥੇਰਾ ਕਮਾਇਆ! . . . ਤਾਂ ਇਹ ਕੋਤਵਾਲਾਂ ਦੇ ਸਜ਼ਾ ਦੇਣ ਜੋਗ ਬਦੀ ਹੁੰਦੀ, ਇਸ ਲਈ ਕਿ ਮੈਂ ਸੁਰਗੀ ਪਰਮੇਸ਼ੁਰ ਦਾ ਇਨਕਾਰ ਕਰ ਦਿੱਤਾ ਹੁੰਦਾ!” (ਅੱਯੂਬ ) ਅੱਯੂਬ ਵਾਂਗ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਧਨ-ਦੌਲਤ ਤੋਂ ਜ਼ਿਆਦਾ ਕੀਮਤੀ ਹੋਣਾ ਚਾਹੀਦਾ ਹੈ। 31:24-30
ਈਮਾਨਦਾਰ ਆਦਮੀ
ਅੱਯੂਬ ਦਾ ਆਪਣਿਆਂ ਨੌਕਰਾਂ-ਚਾਕਰਾਂ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਸੀ? ਸਾਨੂੰ ਪਤਾ ਹੈ ਕਿ ਉਹ ਈਮਾਨਦਾਰ ਸੀ ਅਤੇ ਲੋਕ ਉਸ ਨਾਲ ਗੱਲ ਕਰਨ ਤੋਂ ਡਰਦੇ ਨਹੀਂ ਸਨ ਕਿਉਂ ਜੋ ਉਸ ਨੇ ਖ਼ੁਦ ਕਿਹਾ: “ਜੇ ਮੈਂ ਆਪਣੇ ਦਾਸ ਯਾ ਆਪਣੀ ਦਾਸੀ ਨੂੰ ਤੁੱਛ ਜਾਤਾ ਹੋਵੇ, ਜਦ ਓਹ ਮੇਰੇ ਵਿਰੁੱਧ ਲੜੇ ਹੋਣ, ਤਾਂ ਜਦ ਪਰਮੇਸ਼ੁਰ ਉੱਠੇ ਮੈਂ ਕੀ ਕਰਾਂ, ਅਤੇ ਜਦ ਉਹ ਖ਼ਬਰ ਲਵੇ ਤਾਂ ਮੈਂ ਕੀ ਉੱਤਰ ਦਿਆਂ?” (ਅੱਯੂਬ 31:13, 14) ਅੱਯੂਬ ਯਹੋਵਾਹ ਦੀ ਦਇਆ ਦੀ ਬਹੁਤ ਕਦਰ ਕਰਦਾ ਸੀ ਅਤੇ ਇਸੇ ਕਰਕੇ ਉਹ ਆਪਣੇ ਨੌਕਰਾਂ ਉੱਤੇ ਤਰਸ ਖਾਂਦਾ ਸੀ। ਇਹ ਮਿਸਾਲ ਕਿੰਨੀ ਚੰਗੀ ਹੈ, ਖ਼ਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਕੋਲ ਮਸੀਹੀ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਹਨ। ਇਨ੍ਹਾਂ ਨੂੰ ਵੀ ਈਮਾਨਦਾਰ ਅਤੇ ਨਿਰਪੱਖ ਹੋਣਾ ਚਾਹੀਦਾ ਹੈ ਤਾਂਕਿ ਦੂਸਰੇ ਇਨ੍ਹਾਂ ਨਾਲ ਆਸਾਨੀ ਨਾਲ ਗੱਲ-ਬਾਤ ਕਰ ਸਕਣ।
ਅੱਯੂਬ ਸਿਰਫ਼ ਆਪਣੇ ਟੱਬਰ ਵਿਚ ਹੀ ਨਹੀਂ ਪਰ ਦੂਸਰਿਆਂ ਵਿਚ ਵੀ ਦਿਲਚਸਪੀ ਰੱਖਦਾ ਸੀ, ਅਤੇ ਇਹ ਗੱਲ ਉਸ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦੀ ਹੈ: “ਜੇ ਮੈਂ ਗ਼ਰੀਬਾਂ ਦੀ ਇੱਛਿਆ ਨੂੰ ਰੋਕ ਰੱਖਿਆ ਹੋਵੇ, ਅਤੇ ਵਿਧਵਾ ਦੀਆਂ ਅੱਖੀਆਂ ਮੇਰੇ ਕਾਰਨ ਰਹਿ ਗਈਆਂ ਹੋਣ, . . . ਜੇ ਮੈਂ ਆਪਣਾ ਹੱਥ ਯਤੀਮ ਉੱਤੇ ਚੁੱਕਿਆ ਹੋਵੇ, ਏਸ ਕਾਰਨ ਕਿ ਮੈਂ ਫਾਟਕ ਵਿੱਚ ਆਪਣੇ ਸਹਾਇਕਾਂ ਨੂੰ ਵੇਖਿਆ, ਤਾਂ ਮੇਰਾ ਮੌਰ ਮੋਢੇ ਤੋਂ ਡਿੱਗ ਜਾਵੇ, ਅਤੇ ਮੇਰੀ ਬਾਂਹ ਜੋੜ ਤੋਂ ਟੁੱਟ ਜਾਵੇ!” (ਅੱਯੂਬ 31:16-22) ਆਓ ਆਪਾਂ ਕਲੀਸਿਯਾ ਵਿਚ ਉਨ੍ਹਾਂ ਦਾ ਖ਼ਿਆਲ ਰੱਖੀਏ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਜਾਂ ਜੋ ਤੰਗੀ ਕੱਟ ਰਹੇ ਹਨ।
ਦੂਸਰਿਆਂ ਵਿਚ ਦਿਲਚਸਪੀ ਦਿਖਾਉਣ ਕਾਰਨ ਅੱਯੂਬ ਨੇ ਪਰਦੇਸੀਆਂ ਨੂੰ ਪਰਾਹੁਣਚਾਰੀ ਦਿਖਾਈ, ਤਾਈਂ ਉਹ ਕਹਿ ਸਕਿਆ: “ਪਰਦੇਸੀ ਨੂੰ ਗਲੀ ਵਿੱਚ ਰਾਤ ਕੱਟਣੀ ਨਾ ਪਈ, ਪਰ ਮੈਂ ਆਪਣੇ ਦਰਵੱਜੇ ਨੂੰ ਰਾਹੀ ਲਈ ਖੋਲ੍ਹਦਾ ਸਾਂ।” (ਅੱਯੂਬ 31:32) ਇਹ ਅੱਜ ਪਰਮੇਸ਼ੁਰ ਦੇ ਸੇਵਕਾਂ ਲਈ ਕਿੰਨੀ ਚੰਗੀ ਮਿਸਾਲ ਹੈ! ਜਦ ਬਾਈਬਲ ਵਿਚ ਦਿਲਚਸਪੀ ਰੱਖਣ ਵਾਲੇ ਕਿੰਗਡਮ ਹਾਲ ਨੂੰ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰ ਕੇ ਰੂਹਾਨੀ ਤਰੱਕੀ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਇਸ ਦੇ ਨਾਲ-ਨਾਲ ਸਫ਼ਰੀ ਨਿਗਾਹਬਾਨਾਂ ਅਤੇ ਦੂਜੇ ਮਸੀਹੀਆਂ ਨੂੰ ਸਾਡੀ ਪਰਾਹੁਣਚਾਰੀ ਦੀ ਲੋੜ ਹੈ।—1 ਪਤਰਸ 4:9; 3 ਯੂਹੰਨਾ 5-8.
ਅੱਯੂਬ ਆਪਣੇ ਵੈਰੀਆਂ ਬਾਰੇ ਵੀ ਬੁਰਾ ਨਹੀਂ ਸੋਚਦਾ ਸੀ। ਉਹ ਕਿਸੇ ਦਾ ਦੁੱਖ ਦੇਖ ਕੇ ਖ਼ੁਸ਼ੀ ਨਹੀਂ ਮਨਾਉਂਦਾ ਸੀ ਭਾਵੇਂ ਕਿ ਅਗਲੇ ਉਸ ਨੂੰ ਨਫ਼ਰਤ ਕਰਨ ਵਾਲੇ ਕਿਉਂ ਨਾ ਹੋਣ। (ਅੱਯੂਬ 31:29, 30) ਉਹ ਤਾਂ ਉਨ੍ਹਾਂ ਲੋਕਾਂ ਦਾ ਭਲਾ ਕਰਨ ਲਈ ਵੀ ਤਿਆਰ ਸੀ। ਮਿਸਾਲ ਲਈ, ਜਦ ਤਿੰਨ ਝੂਠੇ ਤਸੱਲੀ ਦੇਣ ਵਾਲੇ ਅੱਯੂਬ ਕੋਲ ਆਏ ਸਨ, ਉਹ ਉਨ੍ਹਾਂ ਵਾਸਤੇ ਪ੍ਰਾਰਥਨਾ ਕਰਨ ਲਈ ਤਿਆਰ ਸੀ।—ਅੱਯੂਬ 16:2; 42:8, 9; ਮੱਤੀ 5:43-48 ਦੀ ਤੁਲਨਾ ਕਰੋ।
ਵਫ਼ਾਦਾਰ ਆਦਮੀ
ਕਿਸੇ ਦੂਜੀ ਔਰਤ ਬਾਰੇ ਗ਼ਲਤ ਵਿਚਾਰ ਕਰਨ ਦੀ ਬਜਾਇ ਅੱਯੂਬ ਆਪਣੀ ਤੀਵੀਂ ਨਾਲ ਵਫ਼ਾਦਾਰ ਰਿਹਾ। ਉਸ ਨੇ ਕਿਹਾ: “ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ, ਤਾਂ ਮੈਂ ਕੁਆਰੀ ਉੱਤੇ ਕਿਸ ਤਰਾਂ ਅੱਖ ਮਟਕਾਵਾਂ? ਜੇ ਮੇਰਾ ਦਿਲ ਕਿਸੇ ਤੀਵੀਂ ਤੇ ਮੋਹਤ ਹੋ ਗਿਆ ਹੋਵੇ, ਅਤੇ ਮੈਂ ਆਪਣੇ ਗੁਆਂਢੀ ਦੇ ਦਰਵੱਜੇ ਉੱਤੇ ਅੱਯੂਬ 31:1, 9-11.
ਛਹਿ ਵਿੱਚ ਬੈਠਾ ਹੋਵਾਂ, ਤਾਂ ਮੇਰੀ ਤੀਵੀਂ ਦੂਜੇ ਲਈ ਪੀਹੇ, ਅਤੇ ਦੂਜੇ ਉਸ ਉੱਤੇ ਝੁੱਕਣ! ਕਿਉਂ ਜੋ ਉਹ ਅੱਤ ਬੁਰਾ ਦੋਸ਼ ਹੁੰਦਾ, ਅਤੇ ਉਹ ਕੋਤਵਾਲਾਂ ਦੇ ਸਜ਼ਾ ਦੇਣ ਜੋਗ ਬਦੀ ਹੁੰਦੀ!”—ਅੱਯੂਬ ਨੇ ਆਪਣੇ ਦਿਲ ਵਿਚ ਗੰਦੇ ਖ਼ਿਆਲ ਨਹੀਂ ਆਉਣ ਦਿੱਤੇ। ਇਸ ਦੀ ਬਜਾਇ ਉਸ ਨੇ ਈਮਾਨਦਾਰੀ ਦੀ ਜ਼ਿੰਦਗੀ ਬਤੀਤ ਕੀਤੀ, ਤਾਹੀਓਂ ਯਹੋਵਾਹ ਇਸ ਵਫ਼ਾਦਾਰ ਆਦਮੀ ਨਾਲ ਖ਼ੁਸ਼ ਸੀ।—ਮੱਤੀ 5:27-30
ਪਰਿਵਾਰ ਦੀਆਂ ਰੂਹਾਨੀ ਜ਼ਰੂਰਤਾਂ ਬਾਰੇ ਚਿੰਤਾ
ਕਦੀ-ਕਦੀ ਅੱਯੂਬ ਦੇ ਸਾਰੇ ਪੁੱਤਰ ਅਤੇ ਧੀਆਂ ਇਕੱਠੇ ਮਿਲ ਕੇ ਜਸ਼ਨ ਮਨਾਉਂਦੇ ਹੁੰਦੇ ਸਨ। ਅੱਯੂਬ ਨੂੰ ਬਹੁਤ ਫ਼ਿਕਰ ਸੀ ਕਿ ਕਿਤੇ ਉਸ ਦੇ ਬੱਚਿਆਂ ਨੇ ਇਨ੍ਹਾਂ ਜਸ਼ਨਾਂ ਵਿਚ ਯਹੋਵਾਹ ਨੂੰ ਨਾਰਾਜ਼ ਕਰਨ ਵਾਲਾ ਕੋਈ ਗ਼ਲਤ ਕੰਮ ਨਾ ਕੀਤਾ ਹੋਵੇ। ਇਸ ਲਈ ਜਦ ਉਨ੍ਹਾਂ ਦਾ ਜਸ਼ਨ ਖ਼ਤਮ ਹੁੰਦਾ ਸੀ ਤਾਂ ਅੱਯੂਬ ਇਕ ਕੰਮ ਕਰਦਾ ਹੁੰਦਾ ਸੀ, ਜਿਸ ਬਾਰੇ ਬਾਈਬਲ ਕਹਿੰਦੀ ਹੈ: “ਇਉਂ ਜਦ ਉਨ੍ਹਾਂ ਦੀ ਦਾਉਤ ਦੇ ਦਿਨ ਬੀਤ ਜਾਂਦੇ ਤਾਂ ਅੱਯੂਬ ਉਨ੍ਹਾਂ ਨੂੰ ਸੱਦ ਲੈਂਦਾ ਅਤੇ ਉਨ੍ਹਾਂ ਨੂੰ ਪਵਿੱਤ੍ਰ ਕਰਦਾ ਹੁੰਦਾ ਸੀ ਅਤੇ ਸਵੇਰੇ ਹੀ ਉੱਠ ਕੇ ਉਨ੍ਹਾਂ ਸਾਰਿਆਂ ਦੀ ਗਿਣਤੀ ਅਨੁਸਾਰ ਹੋਮ ਦੀਆਂ ਬਲੀਆਂ ਚੜ੍ਹਾਉਂਦਾ ਹੁੰਦਾ ਸੀ ਕਿਉਂ ਜੋ ਅੱਯੂਬ ਆਖਦਾ ਸੀ ਭਈ ਕਿਤੇ ਮੇਰੇ ਪੁੱਤ੍ਰਾਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਮਨ ਵਿੱਚ ਪਰਮੇਸ਼ੁਰ ਨੂੰ ਫਿਟਕਾਰਿਆ ਹੋਵੇ।” (ਅੱਯੂਬ 1:4, 5) ਇਸ ਤਰ੍ਹਾਂ ਕਰਨ ਦੇ ਨਾਲ ਅੱਯੂਬ ਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਸਾਬਤ ਕੀਤਾ ਕਿ ਪਰਮੇਸ਼ੁਰ ਦਾ ਡਰ ਮੰਨਣਾ ਅਤੇ ਉਹ ਦੇ ਰਾਹਾਂ ਵਿਚ ਚੱਲਣਾ ਬਹੁਤ ਜ਼ਰੂਰੀ ਹੈ।
ਅੱਜ ਵੀ ਮਸੀਹੀ ਪਰਿਵਾਰਾਂ ਦੇ ਸਿਰਾਂ ਨੂੰ ਪਰਮੇਸ਼ੁਰ ਦੇ ਬਚਨ ਬਾਈਬਲ ਵਿੱਚੋਂ ਆਪਣੇ ਪਰਿਵਾਰਾਂ ਨੂੰ ਸਿੱਖਿਆ ਦੇਣ ਦੀ ਲੋੜ ਹੈ। (1 ਤਿਮੋਥਿਉਸ 5:8) ਸਾਨੂੰ ਵੀ ਆਪਣੇ ਪਰਿਵਾਰ ਦੇ ਜੀਆਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ।—ਰੋਮੀਆਂ 12:12.
ਪਰਤਾਵਿਆਂ ਦੇ ਬਾਵਜੂਦ ਵਫ਼ਾਦਾਰ
ਬਾਈਬਲ ਦੇ ਪੜ੍ਹਨ ਵਾਲਿਆਂ ਨੂੰ ਪਤਾ ਹੈ ਕਿ ਅੱਯੂਬ ਨੇ ਕਿਹੋ ਜਿਹੇ ਪਰਤਾਵੇ ਸਹੇ ਸਨ। ਸ਼ਤਾਨ ਨੇ ਦਾਅਵਾ ਕੀਤਾ ਸੀ ਕਿ ਕਸ਼ਟ ਸਹਿੰਦੇ ਸਮੇਂ ਅੱਯੂਬ ਪਰਮੇਸ਼ੁਰ ਨੂੰ ਫਿਟਕਾਰੇਗਾ। ਯਹੋਵਾਹ ਨੇ ਇਹ ਲਲਕਾਰ ਮਨਜ਼ੂਰ ਕੀਤੀ, ਅਤੇ ਸ਼ਤਾਨ ਨੇ ਛੇਤੀ ਹੀ ਅੱਯੂਬ ਉੱਤੇ ਹਮਲਾ ਕੀਤਾ। ਅੱਯੂਬ ਆਪਣੇ ਸਾਰੇ ਜਾਨਵਰ ਗੁਆ ਬੈਠਾ। ਇਸ ਤੋਂ ਵੀ ਦੁੱਖ ਦੀ ਗੱਲ ਸੀ ਕਿ ਉਸ ਦੇ ਸਾਰੇ ਬੱਚੇ ਮਰ ਗਏ। ਇਸ ਤੋਂ ਥੋੜ੍ਹੀ ਦੇਰ ਬਾਅਦ ਸ਼ਤਾਨ ਨੇ ਅੱਯੂਬ ਦਾ ਸਾਰਾ ਸਰੀਰ ਫੋੜਿਆਂ ਨਾਲ ਭਰ ਦਿੱਤਾ।—ਅੱਯੂਬ ਦਾ ਪਹਿਲਾ ਅਤੇ ਦੂਜਾ ਅਧਿਆਇ।
ਇਨ੍ਹਾਂ ਪਰਤਾਵਿਆਂ ਦਾ ਨਤੀਜਾ ਕੀ ਨਿਕਲਿਆ? ਜਦ ਉਸ ਦੀ ਤੀਵੀਂ ਨੇ ਕਿਹਾ ਕਿ ਪਰਮੇਸ਼ੁਰ ਨੂੰ ਫਿਟਕਾਰ, ਤਾਂ ਅੱਯੂਬ ਨੇ ਆਖਿਆ: “ਜਿਵੇਂ ਝੱਲੀਆਂ ਤੀਵੀਆਂ ਵਿੱਚੋਂ ਕੋਈ ਬੋਲਦੀ ਹੈ ਤਿਵੇਂ ਤੂੰ ਵੀ ਬੋਲਦੀ ਹੈਂ! ਕੀ ਅਸੀਂ ਚੰਗਾ ਚੰਗਾ ਤਾਂ ਪਰਮੇਸ਼ੁਰ ਕੋਲੋਂ ਲਈਏ ਅਰ ਬੁਰਾ ਨਾ ਲਈਏ?” ਬਾਈਬਲ ਅੱਗੇ ਕਹਿੰਦੀ ਹੈ: “ਏਸ ਸਾਰੇ ਵਿੱਚ ਅੱਯੂਬ ਨੇ ਆਪਣੇ ਬੁੱਲ੍ਹਾਂ ਨਾਲ ਪਾਪ ਨਾ ਕੀਤਾ।” (ਅੱਯੂਬ 2:10) ਹਾਂ, ਅੱਯੂਬ ਵਫ਼ਾਦਾਰ ਰਿਹਾ ਅਤੇ ਉਸ ਨੇ ਸ਼ਤਾਨ ਨੂੰ ਝੂਠਾ ਸਾਬਤ ਕੀਤਾ। ਆਓ ਆਪਾਂ ਵੀ ਪਰਤਾਵਿਆਂ ਬਾਵਜੂਦ ਵਫ਼ਾਦਾਰ ਰਹਿਣ ਦੁਆਰਾ ਇਹ ਸਾਬਤ ਕਰੀਏ ਕਿ ਯਹੋਵਾਹ ਨਾਲ ਸਾਡਾ ਪਿਆਰ ਗੂੜ੍ਹਾ ਹੈ ਅਤੇ ਅਸੀਂ ਇਸੇ ਪਿਆਰ ਦੀ ਖ਼ਾਤਰ ਉਸ ਦੀ ਸੇਵਾ ਕਰਦੇ ਹਾਂ।—ਮੱਤੀ 22:36-38.
ਉਸ ਨੇ ਨਿਮਰਤਾ ਨਾਲ ਤਾੜਨਾ ਸਵੀਕਾਰ ਕੀਤੀ
ਅੱਯੂਬ ਨੇ ਕਈਆਂ ਕੰਮਾਂ ਵਿਚ ਭਾਵੇਂ ਸਾਡੇ ਲਈ ਚੰਗੀ ਮਿਸਾਲ ਛੱਡੀ, ਫਿਰ ਵੀ ਉਹ ਇਕ ਸੰਪੂਰਣ ਮਨੁੱਖ ਨਹੀਂ ਸੀ। ਉਸ ਨੇ ਖ਼ੁਦ ਕਿਹਾ ਸੀ: “ਕੌਣ ਅਸ਼ੁੱਧ ਵਿੱਚੋਂ ਸ਼ੁੱਧ ਨਿਕਾਲ ਸੱਕਦਾ ਹੈ? ਪਰ ਕੋਈ ਨਹੀਂ।” (ਅੱਯੂਬ 14:4; ਰੋਮੀਆਂ 5:12) ਇਸ ਲਈ ਜਦ ਪਰਮੇਸ਼ੁਰ ਨੇ ਕਿਹਾ ਕਿ ਅੱਯੂਬ ਖਰਾ ਮਨੁੱਖ ਸੀ, ਉਸ ਦਾ ਇਹ ਮਤਲਬ ਸੀ ਕਿ ਅੱਯੂਬ ਨੇ ਉਹ ਸਭ ਕੁਝ ਕੀਤਾ ਜੋ ਪਰਮੇਸ਼ੁਰ ਆਪਣੇ ਅਪੂਰਣ ਅਤੇ ਪਾਪੀ ਸੇਵਕਾਂ ਤੋਂ ਚਾਹੁੰਦਾ ਸੀ। ਇਸ ਗੱਲ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ!
ਅੱਯੂਬ ਨੇ ਆਪਣਾ ਪਰਤਾਵਾ ਤਾਂ ਸਹਿ ਲਿਆ ਸੀ, ਪਰ ਉਹ ਦੀ ਇਕ ਕਮਜ਼ੋਰੀ ਜ਼ਾਹਰ ਹੋਈ। ਅੱਯੂਬ ਦੀ ਬੀਤੀ ਸੁਣਨ ਤੋਂ ਬਾਅਦ ਤਿੰਨ ਝੂਠੀ ਤਸੱਲੀ ਦੇਣ ਵਾਲੇ ਉਸ ਦੇ ਪਾਸ ਆਏ। (ਅੱਯੂਬ 2:11-13) ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਅੱਯੂਬ ਦੇ ਗੰਭੀਰ ਪਾਪਾਂ ਕਾਰਨ ਯਹੋਵਾਹ ਉਸ ਨੂੰ ਸਜ਼ਾ ਦੇ ਰਿਹਾ ਸੀ। ਅੱਯੂਬ ਨੂੰ ਇਨ੍ਹਾਂ ਝੂਠੇ ਇਲਜ਼ਾਮਾਂ ਤੋਂ ਦੁੱਖ ਲੱਗਾ, ਅਤੇ ਉਸ ਨੇ ਜੋਸ਼ ਨਾਲ ਆਪਣੀ ਸਫ਼ਾਈ ਕਰਨ ਦੀ ਕੋਸ਼ਿਸ਼ ਕੀਤੀ। ਪਰ ਆਪਣੇ ਆਪ ਨੂੰ ਸੱਚਾ ਠਹਿਰਾਉਂਦੇ ਹੋਏ ਅੱਯੂਬ ਡਾਵਾਂ-ਡੋਲ ਹੋ ਗਿਆ, ਅਤੇ ਆਪਣੇ ਆਪ ਨੂੰ ਪਰਮੇਸ਼ੁਰ ਨਾਲੋਂ ਵੀ ਧਰਮੀ ਸਮਝਣ ਲੱਗ ਪਿਆ!—ਅੱਯੂਬ 35:2, 3.
ਪਰਮੇਸ਼ੁਰ ਅੱਯੂਬ ਨਾਲ ਬਹੁਤ ਪ੍ਰੇਮ ਕਰਦਾ ਸੀ। ਇਸ ਲਈ ਪਰਮੇਸ਼ੁਰ ਨੇ ਅੱਯੂਬ ਦੀ ਗ਼ਲਤੀ ਦਿਖਾਉਣ ਲਈ ਇਕ ਨੌਜਵਾਨ ਨੂੰ ਘੱਲਿਆ। ਬਾਈਬਲ ਕਹਿੰਦੀ ਹੈ: “ਅਲੀਹੂ ਦਾ . . . ਕ੍ਰੋਧ ਭੜਕਿਆ। ਉਹ ਦਾ ਕ੍ਰੋਧ ਅੱਯੂਬ ਉੱਤੇ ਭੜਕਿਆ ਏਸ ਲਈ ਕਿ ਉਸ ਆਪਣੇ ਆਪ ਨੂੰ ਨਾ ਕਿ ਪਰਮੇਸ਼ੁਰ ਨੂੰ ਧਰਮੀ ਠਹਿਰਾਇਆ।” ਅਲੀਹੂ ਨੇ ਦੇਖਿਆ ਕਿ “ਅੱਯੂਬ ਨੇ ਆਖਿਆ ਹੈ ਕਿ ਮੈਂ ਧਰਮੀ ਹਾਂ, ਅਤੇ ਪਰਮੇਸ਼ੁਰ ਨੇ ਮੇਰਾ ਨਿਆਉਂ ਇੱਕ ਤਰਫ਼ਾ ਕੀਤਾ ਹੈ।” (ਅੱਯੂਬ 32:2; 34:5) ਫਿਰ ਵੀ, ਅਲੀਹੂ ਨੇ ਉਨ੍ਹਾਂ ਤਿੰਨ ‘ਤਸੱਲੀ ਦੇਣ ਵਾਲਿਆਂ’ ਵਾਂਗ ਇਹ ਨਤੀਜਾ ਨਹੀਂ ਕੱਢਿਆ ਕਿ ਅੱਯੂਬ ਦੇ ਕਿਸੇ ਪਾਪ ਕਰਕੇ ਪਰਮੇਸ਼ੁਰ ਉਸ ਨੂੰ ਸਜ਼ਾ ਦੇ ਰਿਹਾ ਸੀ। ਇਸ ਦੀ ਬਜਾਇ, ਅਲੀਹੂ ਨੇ ਅੱਯੂਬ ਦੀ ਵਫ਼ਾਦਾਰੀ ਉੱਤੇ ਭਰੋਸਾ ਰੱਖਿਆ ਅਤੇ ਉਸ ਨੂੰ ਇਹ ਸਲਾਹ ਦਿੱਤੀ: “ਮੁਕੱਦਮਾ [ਯਹੋਵਾਹ] ਦੇ ਅੱਗੇ ਹੈ ਅਤੇ ਤੂੰ ਉਹ ਦੀ ਉਡੀਕ ਵਿੱਚ ਹੈਂ।” ਹਾਂ, ਅੱਯੂਬ ਆਪਣੀ ਸਫ਼ਾਈ ਵਿਚ ਇਸ ਤਰ੍ਹਾਂ ਬੋਲਣ ਦੀ ਬਜਾਇ ਉਸ ਨੂੰ ਯਹੋਵਾਹ ਦੀ ਉਡੀਕ ਕਰਨੀ ਚਾਹੀਦੀ ਸੀ। ਅਲੀਹੂ ਨੇ ਅੱਯੂਬ ਨੂੰ ਹੌਸਲਾ ਦਿੱਤਾ: “[ਪਰਮੇਸ਼ੁਰ] ਨਿਆਉਂ ਅਤੇ ਧਰਮੀ ਦੀ ਵਾਫ਼ਰੀ ਨੂੰ ਨਿਰਬਲ ਨਹੀਂ ਕਰੂਗਾ!”—ਅੱਯੂਬ 35:14; 37:23.
ਅੱਯੂਬ ਨੂੰ ਆਪਣੀ ਸੋਚਣੀ ਵਿਚ ਸੁਧਾਰ ਕਰਨ ਦੀ ਲੋੜ ਸੀ। ਇਸ ਲਈ ਪਰਮੇਸ਼ੁਰ ਨੇ ਮਨੁੱਖਾਂ ਦੇ ਛੋਟੇਪਣ ਅਤੇ ਆਪਣੀ ਮਹਾਨਤਾ ਵਿਚ ਅੱਯੂਬ ਨੂੰ ਇਕ ਸਬਕ ਸਿਖਾਇਆ। ਯਹੋਵਾਹ ਨੇ ਧਰਤੀ, ਸਮੁੰਦਰ, ਤਾਰਿਆਂ, ਜਾਨਵਰਾਂ, ਅਤੇ ਸ੍ਰਿਸ਼ਟ ਕੀਤੀਆਂ ਗਈਆਂ ਹੋਰ ਚੀਜ਼ਾਂ ਦੀ ਗੱਲ ਕੀਤੀ। ਅਖ਼ੀਰ ਵਿਚ ਪਰਮੇਸ਼ੁਰ ਨੇ ਮਗਰਮੱਛ ਦੀ ਗੱਲ ਛੇੜੀ। ਅੱਯੂਬ ਨੇ ਨਿਮਰਤਾ ਨਾਲ ਤਾੜਨਾ ਸਵੀਕਾਰ ਕਰ ਕੇ ਸਾਡੇ ਲਈ ਇਕ ਹੋਰ ਮਿਸਾਲ ਛੱਡੀ।
ਭਾਵੇਂ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਚੰਗੀ ਤਰੱਕੀ ਕਰ ਰਹੇ ਹਾਂ, ਅਸੀਂ ਗ਼ਲਤੀਆਂ ਜ਼ਰੂਰ ਕਰਾਂਗੇ। ਜੇਕਰ ਸਾਡੀ ਗ਼ਲਤੀ ਗੰਭੀਰ ਹੈ ਤਾਂ ਯਹੋਵਾਹ ਕਿਸੇ-ਨ-ਕਿਸੇ ਤਰੀਕੇ ਵਿਚ ਸਾਨੂੰ ਸੁਧਾਰਦਾ ਹੈ। (ਕਹਾਉਤਾਂ 3:11, 12) ਸ਼ਾਇਦ ਸਾਨੂੰ ਕੋਈ ਹਵਾਲਾ ਚੇਤੇ ਆਵੇ ਜੋ ਸਾਡੀ ਜ਼ਮੀਰ ਨੂੰ ਤੰਗ ਕਰੇ। ਪਹਿਰਾਬੁਰਜ ਜਾਂ ਵਾਚ ਟਾਵਰ ਸੋਸਾਇਟੀ ਦਾ ਹੋਰ ਕੋਈ ਪ੍ਰਕਾਸ਼ਨ ਸ਼ਾਇਦ ਸਾਨੂੰ ਆਪਣੀ ਗ਼ਲਤੀ ਬਾਰੇ ਸਚੇਤ ਕਰੇ। ਜਾਂ ਹੋ ਸਕਦਾ ਹੈ ਕਿ ਇਕ ਸੰਗੀ ਮਸੀਹੀ ਸਾਨੂੰ ਦਿਆਲਤਾ ਨਾਲ ਦੱਸੇ ਕਿ ਅਸੀਂ ਬਾਈਬਲ ਦੇ ਕਿਸੇ ਸਿਧਾਂਤ ਨੂੰ ਲਾਗੂ ਨਹੀਂ ਕਰ ਰਹੇ। ਅਸੀਂ ਇਸ ਤਰ੍ਹਾਂ ਦੇ ਸੁਧਾਰ ਬਾਰੇ ਕੀ ਕਰਾਂਗੇ? ਅੱਯੂਬ ਨੇ ਪਛਤਾ ਕੇ ਕਿਹਾ: “ਏਸ ਲਈ ਮੈਂ ਆਪਣੇ ਆਪ ਤੋਂ ਘਿਣ ਕਰਦਾ ਹਾਂ, ਅਤੇ ਮੈਂ ਖ਼ਾਕ ਤੇ ਸੁਆਹ ਵਿੱਚ ਪਛਤਾਉਂਦਾ ਹਾਂ!”—ਅੱਯੂਬ 42:6.
ਯਹੋਵਾਹ ਤੋਂ ਬਰਕਤਾਂ
ਯਹੋਵਾਹ ਨੇ ਅੱਯੂਬ ਨੂੰ ਬਰਕਤਾਂ ਦਿੱਤੀਆਂ, ਅਤੇ ਉਸ ਨੂੰ 140 ਸਾਲ ਹੋਰ ਜੀਉਣ ਦਿੱਤਾ। ਆਪਣੀ ਬਾਕੀ ਦੀ ਉਮਰ ਵਿਚ ਅੱਯੂਬ ਪਹਿਲਾਂ ਨਾਲੋਂ ਜ਼ਿਆਦਾ ਅਮੀਰ ਬਣਿਆ। ਭਾਵੇਂ ਅਖ਼ੀਰ ਵਿਚ ਅੱਯੂਬ ਦੀ ਮੌਤ ਹੋ ਗਈ ਸੀ, ਉਹ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜ਼ਰੂਰ ਜੀ ਉੱਠੇਗਾ।—ਅੱਯੂਬ 42:12-17; ਹਿਜ਼ਕੀਏਲ 14:14; ਯੂਹੰਨਾ 5:28, 29; 2 ਪਤਰਸ 3:13.
ਜੇਕਰ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ ਅਤੇ ਬਾਈਬਲ ਤੋਂ ਤਾੜਨਾ ਸਵੀਕਾਰ ਕਰਦੇ ਹਾਂ, ਤਾਂ ਅਸੀਂ ਵੀ ਪਰਮੇਸ਼ੁਰ ਤੋਂ ਬਰਕਤਾਂ ਜ਼ਰੂਰ ਪਾਵਾਂਗੇ। ਨਤੀਜੇ ਵਜੋਂ ਸਾਡੀ ਆਸ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜੀਉਣ ਦੀ ਹੋਵੇਗੀ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਅਸੀਂ ਪਰਮੇਸ਼ੁਰ ਦੀ ਵਡਿਆਈ ਕਰਦੇ ਹੋਵਾਂਗੇ। ਸਾਡੀ ਵਫ਼ਾਦਾਰੀ ਬਰਕਤਾਂ ਲਿਆਵੇਗੀ ਅਤੇ ਇਹ ਸਾਬਤ ਕਰੇਗੀ ਕਿ ਯਹੋਵਾਹ ਦੇ ਸੇਵਕ ਆਪਣੇ ਮਤਲਬ ਲਈ ਨਹੀਂ ਪਰ ਸੱਚੇ ਪ੍ਰੇਮ ਕਾਰਨ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਸਾਨੂੰ ਕਿੰਨਾ ਵੱਡਾ ਸਨਮਾਨ ਦਿੱਤਾ ਗਿਆ ਹੈ ਕਿ ਅਸੀਂ ਵੀ ਅੱਯੂਬ ਵਾਂਗ ਨਿਮਰਤਾ ਨਾਲ ਤਾੜਨਾ ਸਵੀਕਾਰ ਕਰਨ ਦੁਆਰਾ ਯਹੋਵਾਹ ਦੇ ਜੀਅ ਨੂੰ ਖ਼ੁਸ਼ ਕਰੀਏ।—ਕਹਾਉਤਾਂ 27:11.
[ਸਫ਼ੇ 26 ਉੱਤੇ ਤਸਵੀਰਾਂ]
ਅੱਯੂਬ ਨੇ ਯਤੀਮਾਂ, ਵਿਧਵਾਵਾਂ, ਅਤੇ ਦੂਸਰਿਆਂ ਦੀ ਮਦਦ ਕੀਤੀ
[ਸਫ਼ੇ 28 ਉੱਤੇ ਤਸਵੀਰਾਂ]
ਤਾੜਨਾ ਨੂੰ ਸਵੀਕਾਰ ਕਰ ਕੇ ਅੱਯੂਬ ਨੇ ਬਰਕਤਾਂ ਪਾਈਆਂ