“ਪੋਲਿਸ਼ ਬ੍ਰੈਦਰਨ” ਉਨ੍ਹਾਂ ਨੂੰ ਕਿਉਂ ਸਤਾਇਆ ਗਿਆ ਸੀ?
“ਪੋਲਿਸ਼ ਬ੍ਰੈਦਰਨ” ਉਨ੍ਹਾਂ ਨੂੰ ਕਿਉਂ ਸਤਾਇਆ ਗਿਆ ਸੀ?
ਸੰਨ 1638 ਵਿਚ ਪੋਲਿਸ਼ ਪਾਰਲੀਮੈਂਟ ਨੇ ਪੋਲਿਸ਼ ਬ੍ਰੈਦਰਨ (ਪੋਲਿਸ਼ ਭਰਾ) ਨਾਮਕ ਇਕ ਛੋਟੇ ਜਿਹੇ ਧਾਰਮਿਕ ਸਮੂਹ ਉੱਤੇ ਬੁਰੀ ਤਰ੍ਹਾਂ ਹਮਲਾ ਕੀਤਾ। ਇਸ ਸਮੂਹ ਦੇ ਇਕ ਚਰਚ ਅਤੇ ਇਕ ਛਾਪੇਖਾਨੇ ਨੂੰ ਤਬਾਹ ਕਰ ਦਿੱਤਾ ਗਿਆ। ਰਾਕਾਓ ਯੂਨੀਵਰਸਿਟੀ ਬੰਦ ਕਰ ਦਿੱਤੀ ਗਈ ਅਤੇ ਇੱਥੇ ਪੜ੍ਹਾਉਣ ਵਾਲੇ ਪ੍ਰੋਫ਼ੈਸਰਾਂ ਨੂੰ ਦੇਸ਼ਨਿਕਾਲਾ ਦੇ ਦਿੱਤਾ ਗਿਆ।
ਵੀਹਾਂ ਸਾਲਾਂ ਬਾਅਦ, ਪਾਰਲੀਮੈਂਟ ਇਕ ਕਦਮ ਹੋਰ ਅੱਗੇ ਵੱਧ ਗਈ। ਪਾਰਲੀਮੈਂਟ ਨੇ ਇਸ ਗਰੁੱਪ ਦੇ ਹਰ ਮੈਂਬਰ, ਜਿਨ੍ਹਾਂ ਦੀ ਕੁੱਲ ਗਿਣਤੀ ਸ਼ਾਇਦ 10,000 ਜਾਂ ਇਸ ਤੋਂ ਵੀ ਵੱਧ ਸੀ, ਨੂੰ ਦੇਸ਼ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ। ਯੂਰਪ ਵਿਚ ਉਸ ਸਮੇਂ ਸਭ ਤੋਂ ਵੱਧ ਸਹਿਣਸ਼ੀਲ ਮੰਨੇ ਜਾਂਦੇ ਅਜਿਹੇ ਦੇਸ਼ ਵਿਚ ਇੰਨੇ ਨਾਜ਼ੁਕ ਹਾਲਾਤ ਕਿਉਂ ਬਣ ਗਏ? ਪੋਲਿਸ਼ ਭਰਾਵਾਂ ਦੇ ਇਸ ਪੰਥ ਨੇ ਅਜਿਹਾ ਕਿਹੜਾ ਕੰਮ ਕੀਤਾ ਸੀ ਕਿ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਗਿਆ?
ਇਹ ਸਭ ਕੁਝ ਉਦੋਂ ਸ਼ੁਰੂ ਹੋਇਆ, ਜਦੋਂ ਪੋਲੈਂਡ ਦੇ ਕੈਲਵਿਨਵਾਦੀ ਚਰਚ ਦੇ ਮੈਂਬਰਾਂ ਵਿਚ ਫੁੱਟ ਪੈ ਗਈ ਸੀ। ਝਗੜੇ ਦਾ ਮੁੱਖ ਕਾਰਨ ਤ੍ਰਿਏਕ ਦਾ ਸਿਧਾਂਤ ਸੀ। ਚਰਚ ਵਿਚ ਅਗਾਂਹਵਧੂ ਲਹਿਰ ਦੇ ਆਗੂਆਂ ਨੇ ਇਸ ਨੂੰ ਬਾਈਬਲ ਵਿਰੋਧੀ ਸਿਧਾਂਤ ਕਹਿ ਕੇ ਨਕਾਰ ਦਿੱਤਾ। ਇਸ ਗੱਲ ਤੋਂ ਚਰਚ ਦੇ ਆਗੂ ਭੜਕ ਉੱਠੇ ਤੇ ਅਗਾਂਹਵਧੂ ਲਹਿਰ ਦੇ ਮੈਂਬਰ ਚਰਚ ਨਾਲੋਂ ਵੱਖ ਹੋ ਗਏ।
ਕੈਲਵਿਨਵਾਦੀਆਂ ਨੇ ਮਤਭੇਦੀਆਂ ਨੂੰ ਏਰੀਅਸਵਾਦੀ * ਕਿਹਾ, ਪਰ ਇਸ ਨਵੇਂ ਗਰੁੱਪ ਦੇ ਪੈਰੋਕਾਰਾਂ ਨੇ ਆਪਣੇ ਆਪ ਨੂੰ ਮਸੀਹੀ ਜਾਂ ਪੋਲਿਸ਼ ਭਰਾ ਕਹਾਉਣਾ ਚੰਗਾ ਸਮਝਿਆ। ਉਹ ਇਕ ਇਤਾਲਵੀ ਵਿਅਕਤੀ, ਲੇਲਿਅਸ ਸੋਸਿਨਸ ਦੇ ਨਾਂ ਤੇ ਸੋਸਿਨਵਾਦੀ ਵੀ ਕਹਾਏ ਜਾਂਦੇ ਸਨ। ਲੇਲਿਅਸ ਉੱਤੇ ਸਰਵੀਟਸ ਦੀਆਂ ਸਿੱਖਿਆਵਾਂ ਦਾ ਕਾਫ਼ੀ ਪ੍ਰਭਾਵ ਸੀ ਅਤੇ ਲੇਲਿਅਸ ਦਾ ਭਤੀਜਾ ਫਾਸਟਸ ਸੋਸਿਨਸ ਪੋਲੈਂਡ ਜਾ ਕੇ ਇਸ ਲਹਿਰ ਦਾ ਮੋਹਰੀ ਬਣ ਗਿਆ ਸੀ।
ਉਸ ਸਮੇਂ ਦੇ ਇਕ ਉੱਚੇ ਖ਼ਾਨਦਾਨ ਦਾ ਇਕ ਪੋਲਿਸ਼ ਵਿਅਕਤੀ, ਯਾਨ ਸ਼ੈਨਯੇਨਸਕੀ ਚਾਹੁੰਦਾ ਸੀ ਕਿ ਉਹ ਇਸ ਨਵੇਂ ਚਰਚ ਨੂੰ “ਇਕ ਸ਼ਾਂਤ ਤੇ ਅਲੱਗ ਜਿਹੀ ਥਾਂ” ਦੇਵੇ, ਜਿੱਥੇ ਇਹ ਵੱਧ-ਫੁੱਲ ਸਕੇ। ਪੋਲੈਂਡ ਦੇ ਰਾਜੇ ਵੱਲੋਂ ਦਿੱਤੇ ਗਏ ਇਕ ਖ਼ਾਸ ਅਧਿਕਾਰ ਅਨੁਸਾਰ ਸ਼ੈਨਯੇਨਸਕੀ ਨੇ ਰਾਕਾਓ ਸ਼ਹਿਰ ਦੀ ਨੀਂਹ ਰੱਖੀ ਜੋ ਕਿ ਬਾਅਦ ਵਿਚ ਪੋਲੈਂਡ ਵਿਚ ਸੋਸਿਨਵਾਦ ਦਾ ਕੇਂਦਰ ਬਣ ਗਿਆ। ਸ਼ੈਨਯੇਨਸਕੀ ਨੇ ਰਾਕਾਓ ਦੇ ਸ਼ਹਿਰਵਾਸੀਆਂ ਨੂੰ ਕਈ ਅਧਿਕਾਰ ਦਿੱਤੇ ਜਿਸ ਵਿਚ ਉਪਾਸਨਾ ਦੀ ਆਜ਼ਾਦੀ ਦਾ ਅਧਿਕਾਰ ਵੀ ਸ਼ਾਮਲ ਸੀ।
ਦਸਤਕਾਰ, ਡਾਕਟਰ, ਫਾਰਮਾਸਿਸਟ, ਆਮ ਲੋਕ ਅਤੇ ਵੱਖ-ਵੱਖ ਫ਼ਿਰਕਿਆਂ ਦੇ ਪਤਵੰਤੇ ਲੋਕ ਇਸ ਨਵੇਂ ਸ਼ਹਿਰ ਵੱਲ ਖਿੱਚੇ ਚਲੇ ਆਏ। ਇਸ ਤੋਂ ਇਲਾਵਾ, ਪੋਲੈਂਡ, ਲਿਥੁਆਨੀਆ, ਟ੍ਰਾਨਸਿਲਵੇਨੀਆ, ਫ਼ਰਾਂਸ ਅਤੇ ਇੰਗਲੈਂਡ ਤੋਂ ਵੀ ਕਈ ਪਾਦਰੀ ਇਸ ਸ਼ਹਿਰ ਵਿਚ ਆ ਗਏ। ਪਰ, ਇਨ੍ਹਾਂ ਨਵੇਂ ਸ਼ਹਿਰੀਆਂ ਵਿੱਚੋਂ ਸਾਰਿਆਂ ਨੇ ਸੋਸਿਨਵਾਦੀ ਵਿਸ਼ਵਾਸਾਂ ਨੂੰ ਨਾ ਮੰਨਿਆ; ਇਸ ਲਈ ਅਗਲੇ ਤਿੰਨ ਸਾਲਾਂ ਲਈ, 1569 ਤੋਂ ਲੈ ਕੇ 1572 ਤਕ ਰਾਕਾਓ ਵਿਚ ਧਾਰਮਿਕ ਵਿਸ਼ਿਆਂ ਉੱਤੇ ਕਾਫ਼ੀ ਵਾਦ-ਵਿਵਾਦ ਹੁੰਦੇ ਰਹੇ। ਇਸ ਦਾ ਨਤੀਜਾ ਕੀ ਨਿਕਲਿਆ?
ਇਕ ਘਰ ਵੰਡਿਆ ਗਿਆ
ਸੋਸਿਨਵਾਦੀ ਲਹਿਰ ਦੇ ਆਪਣੇ ਮੈਂਬਰਾਂ ਵਿਚ ਹੀ ਪਾੜ ਪੈ ਗਿਆ। ਕੱਟੜਪੰਥੀ ਇਕ ਪਾਸੇ ਤੇ ਨਰਮਪੰਥੀ ਮੈਂਬਰ ਦੂਜੇ ਪਾਸੇ ਹੋ ਗਏ। ਬੇਸ਼ੱਕ ਦੋਹਾਂ ਧੜਿਆਂ ਵਿਚ ਮਤਭੇਦ ਸਨ, ਪਰ ਉਨ੍ਹਾਂ ਦੀਆਂ ਸਾਂਝੀਆਂ ਸਿੱਖਿਆਵਾਂ ਬੜੀਆਂ ਿਨੱਖੜਵੀਆਂ ਸਨ। ਉਹ ਤ੍ਰਿਏਕ ਦੇ ਸਿਧਾਂਤ ਨੂੰ ਨਹੀਂ ਮੰਨਦੇ ਸਨ ਅਤੇ ਬੱਚਿਆਂ ਨੂੰ ਬਪਤਿਸਮਾ ਦੇਣ ਤੋਂ ਇਨਕਾਰ ਕਰਦੇ ਸਨ; ਉਹ ਆਮ ਤੌਰ ਤੇ ਹਥਿਆਰ ਨਹੀਂ ਚੁੱਕਦੇ ਸਨ ਅਤੇ ਅਕਸਰ ਸਰਕਾਰੀ ਨੌਕਰੀਆਂ ਨਹੀਂ ਕਰਦੇ ਸਨ। * ਉਹ ਨਰਕ ਨੂੰ ਤਸੀਹਿਆਂ ਵਾਲੀ ਥਾਂ ਨਹੀਂ ਮੰਨਦੇ ਸਨ। ਇਨ੍ਹਾਂ ਸਾਰੀਆਂ ਗੱਲਾਂ ਵਿਚ ਉਨ੍ਹਾਂ ਨੇ ਧਾਰਮਿਕ ਪਰੰਪਰਾਵਾਂ ਦੀ ਉਲੰਘਣਾ ਕੀਤੀ।
ਕੈਲਵਿਨਵਾਦੀ ਅਤੇ ਕੈਥੋਲਿਕ ਦੋਹਾਂ ਧਿਰਾਂ ਦੇ ਪਾਦਰੀਆਂ ਨੇ ਇਸ ਗਰੁੱਪ ਦਾ ਸਖ਼ਤ ਵਿਰੋਧ ਕੀਤਾ, ਪਰ ਸੀਗਿਸਮੰਡ II ਅਗਸਟਸ ਅਤੇ ਸਟੀਵਨ ਬਾਥੋਰੀ ਵਰਗੇ ਪੋਲਿਸ਼ ਰਾਜੇ ਧਰਮ ਪੱਖੋਂ ਕਾਫ਼ੀ ਸਹਿਣਸ਼ੀਲ ਸਨ। ਇਸੇ ਕਰਕੇ, ਸੋਸਿਨਵਾਦੀ ਆਗੂਆਂ ਨੇ ਆਪਣੀਆਂ ਸਿੱਖਿਆਵਾਂ ਸਿਖਾਉਣ ਲਈ ਇਸ ਮੌਕੇ ਦਾ ਚੰਗਾ ਫ਼ਾਇਦਾ ਉਠਾਇਆ।
ਬੁਡਨੀ ਦੀ ਰਚਨਾ ਇਕ ਮੀਲ-ਪੱਥਰ
ਬਾਈਬਲ ਦਾ ਇਕ ਕੈਲਵਿਨਵਾਦੀ ਤਰਜਮਾ ਜਿਹੜਾ ਉਸ ਵੇਲੇ ਕਾਫ਼ੀ ਇਸਤੇਮਾਲ ਕੀਤਾ ਜਾਂਦਾ ਸੀ, ਬਹੁਤ ਸਾਰੇ ਪਾਠਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਰਿਹਾ ਸੀ। ਇਹ ਤਰਜਮਾ ਮੂਲ ਭਾਸ਼ਾਵਾਂ ਤੋਂ ਨਹੀਂ, ਸਗੋਂ ਲਾਤੀਨੀ ਵਲਗੇਟ ਅਤੇ ਇਕ ਸਮਕਾਲੀ ਫਰਾਂਸੀਸੀ ਤਰਜਮੇ ਤੋਂ ਕੀਤਾ ਗਿਆ ਸੀ। ਇਸ ਬਾਰੇ ਇਕ ਵਿਦਵਾਨ ਨੇ ਕਿਹਾ: “ਦਿਲਕਸ਼ ਸ਼ੈਲੀ ਦੀ ਖ਼ਾਤਰ ਈਮਾਨਦਾਰੀ ਅਤੇ ਸ਼ੁੱਧਤਾ ਨੂੰ ਅੱਖੋਂ-ਓਹਲੇ ਕਰ ਦਿੱਤਾ ਗਿਆ ਸੀ।” ਇਸ ਨਾਲ ਤਰਜਮੇ ਵਿਚ ਬਹੁਤ ਸਾਰੀਆਂ ਗ਼ਲਤੀਆਂ ਹੋ ਗਈਆਂ। ਇਸ ਲਈ ਇਕ ਪ੍ਰਸਿੱਧ ਵਿਦਵਾਨ ਸ਼ਿਮੌਨ ਬੁਡਨੀ ਨੂੰ ਇਸ ਤਰਜਮੇ ਵਿਚ ਸੁਧਾਰ ਕਰਨ ਲਈ ਬੁਲਾਇਆ ਗਿਆ। ਉਸ ਨੇ ਇਹ ਸਿੱਟਾ ਕੱਢਿਆ ਕਿ ਪੁਰਾਣੇ ਤਰਜਮੇ ਨੂੰ ਸੁਧਾਰਨ ਦੀ ਬਜਾਇ, ਇਸ ਦਾ ਨਵੇਂ ਸਿਰੇ ਤੋਂ ਤਰਜਮਾ ਕਰਨਾ ਜ਼ਿਆਦਾ ਸੌਖਾ ਹੋਵੇਗਾ। ਬੁਡਨੀ ਨੇ ਇਹ ਤਰਜਮਾ ਸੰਨ 1567 ਵਿਚ ਕਰਨਾ ਸ਼ੁਰੂ ਕੀਤਾ।
ਤਰਜਮਾ ਕਰਦਿਆਂ, ਬੁਡਨੀ ਨੇ ਹਰ ਸ਼ਬਦ ਅਤੇ ਉਸ ਨਾਲ ਮਿਲਦੇ-ਜੁਲਦੇ ਸ਼ਬਦਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਇੰਜ ਪੋਲੈਂਡ ਵਿਚ ਪਹਿਲਾਂ ਕਿਸੇ ਨੇ ਵੀ ਨਹੀਂ ਕੀਤਾ ਸੀ। ਜਿੱਥੇ ਕਿਤੇ ਉਸ ਨੂੰ ਇਬਰਾਨੀ ਪਾਠ ਦਾ ਸਹੀ ਤਰਜਮਾ ਕਰਨ ਵਿਚ ਮੁਸ਼ਕਲ ਆਈ, ਉੱਥੇ ਉਸ ਨੇ ਉਸ ਦਾ ਸ਼ਾਬਦਿਕ ਤਰਜਮਾ ਹਾਸ਼ੀਏ ਵਿਚ ਲਿਖਿਆ। ਲੋੜ ਪੈਣ ਤੇ, ਉਸ ਨੇ ਨਵੇਂ ਸ਼ਬਦ ਘੜੇ ਅਤੇ ਉਸ ਸਮੇਂ ਦੀ ਪੋਲਿਸ਼ ਭਾਸ਼ਾ ਦੇ ਆਮ ਬੋਲੇ ਜਾਣ ਵਾਲੇ ਸੌਖੇ-ਸੌਖੇ ਸ਼ਬਦਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ। ਉਸ ਦਾ ਉਦੇਸ਼ ਪਾਠਕਾਂ ਨੂੰ ਬਾਈਬਲ ਦਾ ਭਰੋਸੇਯੋਗ ਅਤੇ ਸਹੀ ਤਰਜਮਾ ਦੇਣਾ ਸੀ।
ਬੁਡਨੀ ਨੇ ਪੂਰੀ ਬਾਈਬਲ ਦਾ ਜੋ ਤਰਜਮਾ ਕੀਤਾ, ਉਹ 1572 ਵਿਚ ਛਪਿਆ। ਪਰ, ਪ੍ਰਕਾਸ਼ਕਾਂ ਨੇ ਉਸ ਦੇ ਯੂਨਾਨੀ ਸ਼ਾਸਤਰ ਦੇ ਤਰਜਮੇ ਵਿਚ ਆਪਣੇ ਵੱਲੋਂ ਤਬਦੀਲੀਆਂ ਕੀਤੀਆਂ। ਫਿਰ ਵੀ, ਨਿਰਾਸ਼ ਹੋਣ ਦੀ ਬਜਾਇ, ਬੁਡਨੀ ਇਕ ਸੋਧਿਆ ਹੋਇਆ ਤਰਜਮਾ ਤਿਆਰ ਕਰਨ ਵਿਚ ਫਿਰ ਤੋਂ ਜੁੱਟ ਗਿਆ, ਜੋ ਦੋ ਸਾਲਾਂ ਬਾਅਦ ਪੂਰਾ ਹੋ ਗਿਆ। ਬੁਡਨੀ ਦਾ ਯੂਨਾਨੀ ਸ਼ਾਸਤਰ ਦਾ ਸ਼ਾਨਦਾਰ ਤਰਜਮਾ, ਪਹਿਲਾਂ ਦੇ ਪੋਲਿਸ਼ ਤਰਜਮਿਆਂ ਨਾਲੋਂ ਬਹੁਤ ਹੀ ਵਧੀਆ ਸੀ। ਇਸ ਤੋਂ ਇਲਾਵਾ, ਉਸ ਨੇ ਕਈ ਥਾਵਾਂ ਤੇ ਪਰਮੇਸ਼ੁਰੀ ਨਾਂ ਯਹੋਵਾਹ ਨੂੰ ਮੁੜ ਬਹਾਲ ਕੀਤਾ।
ਸੋਲਵੀਂ ਸਦੀ ਦੇ ਅਖ਼ੀਰ ਵਿਚ ਅਤੇ ਸਤਾਰਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਵਿਚ ਰਾਕਾਓ ਸ਼ਹਿਰ, ਜੋ ਇਸ ਨਵੀਂ ਲਹਿਰ ਦਾ ਮੁੱਖ ਕੇਂਦਰ ਸੀ, ਇਕ ਧਾਰਮਿਕ ਅਤੇ ਬੌਧਿਕ ਕੇਂਦਰ ਵੀ ਬਣ ਗਿਆ। ਇੱਥੇ ਪੋਲਿਸ਼ ਭਰਾਵਾਂ ਦੇ ਪੰਥ ਦੇ ਆਗੂਆਂ ਅਤੇ ਲਿਖਾਰੀਆਂ ਨੇ ਆਪਣੇ ਕਈ ਟ੍ਰੈਕਟ ਅਤੇ ਕਿਤਾਬਾਂ ਛਾਪੀਆਂ।
ਉਨ੍ਹਾਂ ਨੇ ਸਿੱਖਿਆ ਲੈਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ
ਸੰਨ 1600 ਦੇ ਨੇੜੇ-ਤੇੜੇ, ਜਦੋਂ ਰਾਕਾਓ ਵਿਚ ਇਕ ਛਪਾਈ ਦੀ ਮਸ਼ੀਨ ਲਾਈ ਗਈ ਤਾਂ ਪੋਲਿਸ਼ ਭਰਾਵਾਂ ਦੇ ਪੰਥ ਦਾ ਛਪਾਈ ਦਾ ਕੰਮ ਹੋਰ ਵੀ ਤੇਜ਼ੀ ਨਾਲ ਹੋਣ ਲੱਗਾ। ਇਹ ਛਪਾਈ ਦੀ ਮਸ਼ੀਨ ਛੋਟੀਆਂ ਅਤੇ ਵੱਡੀਆਂ ਕਿਤਾਬਾਂ ਕਈ ਭਾਸ਼ਾਵਾਂ ਵਿਚ ਛਾਪ ਸਕਦੀ ਸੀ। ਜਲਦੀ ਹੀ, ਛਪਾਈ ਦੇ ਕੇਂਦਰ ਵਜੋਂ, ਰਾਕਾਓ ਸ਼ਹਿਰ ਯੂਰਪ ਦੇ ਸਭ ਤੋਂ ਮਸ਼ਹੂਰ ਛਪਾਈ ਕੇਂਦਰਾਂ ਵਿੱਚੋਂ ਇਕ ਗਿਣਿਆ ਜਾਣ ਲੱਗਾ। ਇਹ ਮੰਨਿਆ ਜਾਂਦਾ ਹੈ ਕਿ ਇਸ ਤੋਂ ਅਗਲੇ 40 ਸਾਲਾਂ ਦੌਰਾਨ ਲਗਭਗ 200 ਪ੍ਰਕਾਸ਼ਨ ਇਸ ਛਪਾਈ ਦੀ ਮਸ਼ੀਨ ਉੱਤੇ ਛਾਪੇ ਗਏ ਸਨ। ਇਸ ਪੰਥ ਦੀ ਹੀ ਇਕ ਨੇੜੇ ਦੀ ਪੇਪਰ-ਮਿੱਲ ਤੋਂ ਉਨ੍ਹਾਂ ਨੂੰ ਕਿਤਾਬਾਂ ਛਾਪਣ ਲਈ ਵਧੀਆ ਕਿਸਮ ਦਾ ਕਾਗਜ਼ ਮੁਹੱਈਆ ਹੁੰਦਾ ਸੀ।
ਜਲਦੀ ਹੀ ਪੋਲਿਸ਼ ਭਰਾਵਾਂ ਨੇ ਦੇਖਿਆ ਕਿ ਉਨ੍ਹਾਂ ਦੇ ਸੰਗੀ ਵਿਸ਼ਵਾਸੀਆਂ ਅਤੇ ਹੋਰਨਾਂ ਲੋਕਾਂ ਨੂੰ ਸਿੱਖਿਆ ਦੇਣ ਦੀ ਲੋੜ ਸੀ। ਇਸੇ ਲਈ 1602 ਵਿਚ ਰਾਕਾਓ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ। ਇੱਥੇ ਪੋਲਿਸ਼ ਭਰਾਵਾਂ ਦੇ ਮੁੰਡੇ ਅਤੇ ਕੈਥੋਲਿਕ ਤੇ ਪ੍ਰੋਟੈਸਟੈਂਟ ਮੁੰਡੇ ਪੜ੍ਹਦੇ ਸਨ। ਹਾਲਾਂਕਿ ਇਸ ਯੂਨੀਵਰਸਿਟੀ ਵਿਚ ਮੁੱਖ ਤੌਰ ਤੇ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਸੀ, ਪਰ ਇਸ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਵਿਸ਼ੇ ਪੜ੍ਹਾਏ ਜਾਂਦੇ ਸਨ। ਵਿਦੇਸ਼ੀ ਭਾਸ਼ਾਵਾਂ, ਨੈਤਿਕ ਨਿਯਮ, ਅਰਥਸ਼ਾਸਤਰ, ਇਤਿਹਾਸ, ਕਾਨੂੰਨ, ਤਰਕ-ਸ਼ਾਸਤਰ, ਕੁਦਰਤੀ ਵਿਗਿਆਨ, ਗਣਿਤ, ਡਾਕਟਰੀ ਅਤੇ ਜਿਮਨਾਸਟਿਕ ਵਰਗੇ ਵਿਸ਼ੇ ਵੀ ਪਾਠਕ੍ਰਮ ਵਿਚ ਸ਼ਾਮਲ ਸਨ। ਇਸ ਯੂਨੀਵਰਸਿਟੀ ਵਿਚ ਇਕ ਵੱਡੀ ਲਾਇਬ੍ਰੇਰੀ ਸੀ ਅਤੇ ਸਥਾਨਕ ਛਾਪੇਖਾਨੇ ਦੀ ਬਦੌਲਤ ਇਸ ਲਾਇਬ੍ਰੇਰੀ ਵਿਚ ਕਿਤਾਬਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੁੰਦਾ ਰਿਹਾ।
ਸਤਾਰਵੀਂ ਸਦੀ ਵਿਚ ਇੰਜ ਲੱਗਦਾ ਸੀ ਕਿ ਇਹ ਪੰਥ ਹੋਰ ਵੀ ਤਰੱਕੀ ਕਰੇਗਾ। ਪਰ ਅਜਿਹਾ ਨਾ ਹੋਇਆ।
ਚਰਚ ਅਤੇ ਸਰਕਾਰ ਵੱਲੋਂ ਵਿਰੋਧ
ਸਾਇੰਸ ਦੀ ਪੋਲਿਸ਼ ਅਕਾਦਮੀ ਦਾ ਪ੍ਰੋਫ਼ੈਸਰ ਜ਼ਬੀਗਨਯੇਬ ਉਗੋਨੌਫ਼ਸਕੀ ਕਹਿੰਦਾ ਹੈ: “ਪੋਲੈਂਡ ਵਿਚ 17ਵੀਂ ਸਦੀ ਦੇ ਤੀਸਰੇ ਦਹਾਕੇ ਦੇ ਅੰਤ ਵਿਚ ਏਰੀਅਸਵਾਦੀਆਂ ਦੀ ਹਾਲਤ ਛੇਤੀ ਹੀ ਖ਼ਸਤਾ ਹੋਣੀ ਸ਼ੁਰੂ ਹੋ ਗਈ।” ਉਨ੍ਹਾਂ ਦੀ ਇਹ ਹਾਲਤ ਕੈਥੋਲਿਕ ਪਾਦਰੀਆਂ ਵੱਲੋਂ ਸਖ਼ਤ ਵਿਰੋਧ ਦੇ ਕਰਕੇ ਹੋਈ। ਪਾਦਰੀਆਂ ਨੇ ਪੋਲਿਸ਼ ਭਰਾਵਾਂ ਦੇ ਪੰਥ ਦਾ ਨਾਂ ਮਿੱਟੀ ਵਿਚ ਮਿਲਾਉਣ ਲਈ ਹਰ ਸੰਭਵ ਤਰੀਕਾ ਅਪਣਾਇਆ, ਇੱਥੋਂ ਤਕ ਕਿ ਉਨ੍ਹਾਂ ਨੇ ਉਨ੍ਹਾਂ ਤੇ ਬਹੁਤ ਸਾਰੀਆਂ ਤੁਹਮਤਾਂ ਵੀ ਲਾਈਆਂ। ਜਦੋਂ ਪੋਲੈਂਡ ਵਿਚ ਰਾਜਨੀਤਿਕ ਹਾਲਾਤ
ਬਦਲੇ ਤਾਂ ਉਨ੍ਹਾਂ ਤੇ ਹਮਲਾ ਕਰਨਾ ਹੋਰ ਵੀ ਸੌਖਾ ਹੋ ਗਿਆ। ਪੋਲੈਂਡ ਦਾ ਨਵਾਂ ਰਾਜਾ ਸੀਗਿਸਮੰਡ III ਵਾਸਾ, ਪੋਲਿਸ਼ ਭਰਾਵਾਂ ਦੇ ਪੰਥ ਦਾ ਦੁਸ਼ਮਣ ਸੀ। ਉਸ ਤੋਂ ਬਾਅਦ ਦੇ ਖ਼ਾਸ ਤੌਰ ਤੇ ਜੌਨ II ਕਾਜ਼ੀਮੀਰ ਵਾਸਾ ਨੇ ਵੀ ਇਸ ਪੰਥ ਨੂੰ ਦਬਾਉਣ ਲਈ ਕੈਥੋਲਿਕ ਚਰਚ ਦੀ ਮਦਦ ਕੀਤੀ।ਇਹ ਵਿਰੋਧ ਉਦੋਂ ਆਪਣੀ ਚਰਮ ਸੀਮਾ ਤੇ ਪਹੁੰਚ ਗਿਆ ਜਦੋਂ ਰਾਕਾਓ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਉੱਤੇ ਜਾਣ-ਬੁੱਝ ਕੇ ਕ੍ਰਾਸ ਦੀ ਬੇਅਦਬੀ ਕਰਨ ਦਾ ਦੋਸ਼ ਲਾਇਆ ਗਿਆ। ਇਹ ਘਟਨਾ ਪੋਲਿਸ਼ ਭਰਾਵਾਂ ਦੇ ਮੁੱਖ ਕੇਂਦਰ ਨੂੰ ਤਬਾਹ ਕਰਨ ਦਾ ਬਹਾਨਾ ਬਣ ਗਈ। ਪਾਰਲੀਮੈਂਟਰੀ ਅਦਾਲਤ ਵਿਚ ਰਾਕਾਓ ਯੂਨੀਵਰਸਿਟੀ ਦੇ ਮਾਲਕ ਉੱਤੇ ਰਾਕਾਓ ਯੂਨੀਵਰਸਿਟੀ ਅਤੇ ਛਾਪੇਖਾਨੇ ਦੀ ਮਦਦ ਕਰਨ ਦੁਆਰਾ ‘ਦੁਸ਼ਟਤਾ ਫੈਲਾਉਣ’ ਦਾ ਦੋਸ਼ ਲਾਇਆ ਗਿਆ। ਪੋਲਿਸ਼ ਭਰਾਵਾਂ ਦੇ ਪੰਥ ਉੱਤੇ ਰਾਜਧਰੋਹੀ ਸਰਗਰਮੀਆਂ ਚਲਾਉਣ ਦਾ, ਰੰਗਰਲੀਆਂ ਮਨਾਉਣ ਦਾ ਅਤੇ ਅਨੈਤਿਕ ਜ਼ਿੰਦਗੀ ਬਿਤਾਉਣ ਦਾ ਦੋਸ਼ ਲਾਇਆ ਗਿਆ। ਪਾਰਲੀਮੈਂਟ ਨੇ ਫ਼ੈਸਲਾ ਕੀਤਾ ਕਿ ਰਾਕਾਓ ਯੂਨੀਵਰਸਿਟੀ ਬੰਦ ਕਰ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸ ਪੰਥ ਦਾ ਛਾਪਾਖਾਨਾ ਅਤੇ ਚਰਚ ਢਾਹ ਦਿੱਤੇ ਜਾਣੇ ਚਾਹੀਦੇ ਹਨ। ਵਿਸ਼ਵਾਸੀਆਂ ਨੂੰ ਸ਼ਹਿਰੋਂ ਚਲੇ ਜਾਣ ਦਾ ਹੁਕਮ ਦਿੱਤਾ ਗਿਆ। ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ ਨੂੰ ਇਹ ਧਮਕੀ ਦੇ ਕੇ ਦੇਸ਼ਨਿਕਾਲਾ ਦੇ ਦਿੱਤਾ ਗਿਆ ਕਿ ਜੇਕਰ ਉਹ ਵਾਪਸ ਆਏ ਤਾਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਪੋਲਿਸ਼ ਭਰਾ ਸਾਈਲੀਜ਼ੀਆ ਅਤੇ ਸਲੋਵਾਕੀਆ ਵਰਗੀਆਂ ਸੁਰੱਖਿਅਤ ਥਾਵਾਂ ਤੇ ਚਲੇ ਗਏ।
ਸੰਨ 1658 ਵਿਚ ਪਾਰਲੀਮੈਂਟ ਨੇ ਪੋਲਿਸ਼ ਭਰਾਵਾਂ ਨੂੰ ਹੁਕਮ ਦਿੱਤਾ ਕਿ ਉਹ ਆਪਣੀ ਜ਼ਮੀਨ-ਜਾਇਦਾਦ ਵੇਚ ਕੇ ਤਿੰਨ ਸਾਲਾਂ ਦੇ ਵਿਚ-ਵਿਚ ਹੀ ਵਿਦੇਸ਼ ਚਲੇ ਜਾਣ। ਬਾਅਦ ਵਿਚ, ਇਹ ਸਮਾਂ ਘਟਾ ਕੇ ਦੋ ਸਾਲ ਕਰ ਦਿੱਤਾ ਗਿਆ ਤੇ ਇਹ ਵੀ ਫ਼ਰਮਾਨ ਜਾਰੀ ਕੀਤਾ ਗਿਆ ਕਿ ਇਹ ਸਮਾਂ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਦੇ ਵਿਸ਼ਵਾਸਾਂ ਨੂੰ ਮੰਨਣ ਦਾ ਦਾਅਵਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।
ਕੁਝ ਸੋਸਿਨਵਾਦੀ ਨੀਦਰਲੈਂਡਜ਼ ਵਿਚ ਜਾ ਕੇ ਵਸ ਗਏ, ਜਿੱਥੇ ਉਨ੍ਹਾਂ ਨੇ ਆਪਣੀਆਂ ਕਿਤਾਬਾਂ ਛਾਪਣੀਆਂ ਜਾਰੀ ਰੱਖੀਆਂ। ਟਰਾਂਸਿਲਵੇਨੀਆ ਵਿਚ 18ਵੀਂ ਸਦੀ ਦੇ ਸ਼ੁਰੂ ਤਕ ਉਨ੍ਹਾਂ ਦੀ ਇਕ ਕਲੀਸਿਯਾ ਸੀ। ਹਫ਼ਤੇ ਵਿਚ ਤਿੰਨ ਵਾਰ ਹੋਣ ਵਾਲੀਆਂ ਆਪਣੀਆਂ ਸਭਾਵਾਂ ਵਿਚ, ਉਹ ਜ਼ਬੂਰ ਗਾਉਂਦੇ, ਉਪਦੇਸ਼ ਸੁਣਦੇ ਅਤੇ ਏਰੀਅਸਵਾਦੀ ਸਿੱਖਿਆਵਾਂ ਨੂੰ ਸਮਝਣ ਲਈ ਤਿਆਰ ਕੀਤੀ ਗਈ ਪ੍ਰਸ਼ਨ-ਉੱਤਰ ਵਾਲੀ ਪੁਸਤਿਕਾ ਵਿੱਚੋਂ ਪੜ੍ਹਦੇ ਸਨ। ਕਲੀਸਿਯਾ ਨੂੰ ਸਾਫ਼ ਰੱਖਣ ਲਈ ਸੰਗੀ ਵਿਸ਼ਵਾਸੀਆਂ ਨੂੰ ਸੁਧਾਰਿਆ ਜਾਂਦਾ ਸੀ, ਉਪਦੇਸ਼ ਦਿੱਤਾ ਜਾਂਦਾ ਸੀ ਅਤੇ ਲੋੜ ਪੈਣ ਤੇ ਕਲੀਸਿਯਾ ਵਿੱਚੋਂ ਕੱਢ ਵੀ ਦਿੱਤਾ ਜਾਂਦਾ ਸੀ।
ਪੋਲਿਸ਼ ਭਰਾ ਪਰਮੇਸ਼ੁਰ ਦੇ ਬਚਨ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਕੁਝ ਬੇਸ਼ਕੀਮਤੀ ਸੱਚਾਈਆਂ ਦੀ ਖੋਜ ਕੀਤੀ ਅਤੇ ਬੇਝਿਜਕ ਹੋ ਕੇ ਇਹ ਸੱਚਾਈਆਂ ਦੂਜਿਆਂ ਨੂੰ ਦੱਸੀਆਂ। ਪਰ ਅਖ਼ੀਰ ਉਹ ਸਾਰੇ ਯੂਰਪ ਵਿਚ ਖਿੰਡ ਗਏ, ਜਿਸ ਕਾਰਨ ਇਨ੍ਹਾਂ ਵਿਚ ਏਕਤਾ ਬਣਾਈ ਰੱਖਣੀ ਬਹੁਤ ਔਖੀ ਹੋ ਗਈ। ਕੁਝ ਸਮੇਂ ਬਾਅਦ ਪੋਲਿਸ਼ ਭਰਾ ਲੋਪ ਹੋ ਗਏ।
[ਫੁਟਨੋਟ]
^ ਪੈਰਾ 5 ਏਰੀਅਸ (250-336 ਸਾ.ਯੁ.) ਇਕ ਸਿਕੰਦਰੀਆਈ ਪਾਦਰੀ ਸੀ ਜੋ ਇਹ ਤਰਕ ਦਿੰਦਾ ਸੀ ਕਿ ਯਿਸੂ ਦਰਜੇ ਵਿਚ ਪਿਤਾ ਤੋਂ ਛੋਟਾ ਹੈ। ਨਾਈਸੀਆਈ ਸਭਾ ਨੇ ਉਸ ਦੇ ਇਸ ਵਿਚਾਰ ਨੂੰ 325 ਸਾ.ਯੁ. ਵਿਚ ਨਕਾਰ ਦਿੱਤਾ।—22 ਜੂਨ 1989 ਦਾ ਜਾਗਰੂਕ ਬਣੋ! (ਅੰਗ੍ਰਜ਼ੀ), ਸਫ਼ਾ 27 ਦੇਖੋ।
^ ਪੈਰਾ 9 ਜਾਗਰੂਕ ਬਣੋ! ਦੇ 22 ਨਵੰਬਰ 1988 (ਅੰਗ੍ਰੇਜ਼ੀ) ਦੇ ਅੰਕ ਦੇ ਸਫ਼ਾ 19 ਉੱਤੇ “ਸੋਸਿਨਵਾਦੀ—ਉਨ੍ਹਾਂ ਨੇ ਤ੍ਰਿਏਕ ਦਾ ਇਨਕਾਰ ਕਿਉਂ ਕੀਤਾ?” ਦੇਖੋ।
[ਸਫ਼ੇ 23 ਉੱਤੇ ਤਸਵੀਰ]
ਇਕ ਘਰ ਜਿਸ ਵਿਚ ਪਹਿਲਾਂ ਇਕ ਸੋਸਿਨਵਾਦੀ ਆਗੂ ਰਹਿੰਦਾ ਸੀ
[ਸਫ਼ੇ 23 ਉੱਤੇ ਤਸਵੀਰਾਂ]
ਉੱਪਰ: ਅੱਜ ਦੇ ਸਮੇਂ ਵਿਚ ਰਾਕਾਓ; ਸੱਜੇ ਪਾਸੇ ਉਹ ਈਸਾਈ ਮੱਠ ਹੈ, ਜੋ “ਏਰੀਅਸਵਾਦ” ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਸੰਨ 1650 ਵਿਚ ਬਣਾਇਆ ਗਿਆ ਸੀ; ਹੇਠਾਂ: ਪੋਲਿਸ਼ ਭਰਾਵਾਂ ਨਾਲ ਝਗੜਾ ਉਕਸਾਉਣ ਲਈ ਕੈਥੋਲਿਕ ਪਾਦਰੀਆਂ ਨੇ ਇਸ ਥਾਂ ਤੇ ਇਕ ਕ੍ਰਾਸ ਗੱਡ ਦਿੱਤਾ
[ਸਫ਼ੇ 21 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Title card of Biblia nieświeska by Szymon Budny, 1572