ਮੁੱਖ ਪੰਨੇ ਤੋਂ
ਕੀ ਰੱਬ ਹੈ? ਕੀ ਤੁਹਾਨੂੰ ਕੋਈ ਫ਼ਰਕ ਪੈਂਦਾ ਹੈ?
ਕਈ ਲੋਕ ਸੋਚਦੇ ਹਨ ਕਿ ਇਸ ਸਵਾਲ ਦਾ ਜਵਾਬ ਨਹੀਂ ਹੈ ਕਿ ਰੱਬ ਹੈ ਜਾਂ ਨਹੀਂ। ਕਈ ਲੋਕਾਂ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ। ਫਰਾਂਸ ਦਾ ਰਹਿਣ ਵਾਲਾ ਐਰਵੇ ਕਹਿੰਦਾ ਹੈ: “ਮੈਂ ਇਹ ਨਹੀਂ ਕਹਿੰਦਾ ਕਿ ਰੱਬ ਨਹੀਂ ਹੈ ਜਾਂ ਮੈਨੂੰ ਰੱਬ ਦੀ ਹੋਂਦ ਬਾਰੇ ਕੋਈ ਸ਼ੱਕ ਹੈ, ਪਰ ਮੈਂ ਕਿਸੇ ਵਿਚ ਸ਼ਰਧਾ ਨਹੀਂ ਰੱਖਦਾ। ਮੈਂ ਸੋਚਦਾ ਹਾਂ ਕਿ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਤੁਹਾਨੂੰ ਆਪਣੀ ਅਕਲ ਇਸਤੇਮਾਲ ਕਰਨੀ ਚਾਹੀਦੀ ਹੈ। ਇਸ ਲਈ ਤੁਹਾਨੂੰ ਕਿਸੇ ਰੱਬ ਵਿਚ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈ।”
ਕਈਆਂ ਦੀ ਸੋਚ ਅਮਰੀਕਾ ਦੇ ਰਹਿਣ ਵਾਲੇ ਜੌਨ ਵਰਗੀ ਹੈ। ਉਸ ਨੇ ਕਿਹਾ: “ਮੇਰੇ ਮਾਪੇ ਰੱਬ ਵਿਚ ਵਿਸ਼ਵਾਸ ਨਹੀਂ ਕਰਦੇ ਸਨ। ਇਸ ਲਈ ਵੱਡਾ ਹੋਣ ’ਤੇ ਮੇਰੀ ਕੋਈ ਪੱਕੀ ਰਾਇ ਨਹੀਂ ਸੀ ਕਿ ਰੱਬ ਹੈ ਜਾਂ ਨਹੀਂ, ਪਰ ਫਿਰ ਵੀ ਕਈ ਵਾਰ ਮੈਂ ਇਸ ਬਾਰੇ ਸੋਚਦਾ ਹੁੰਦਾ ਸੀ।”
ਕੀ ਤੁਸੀਂ ਕਦੀ ਸੋਚਿਆ ਹੈ ਕਿ ਰੱਬ ਹੈ? ਜੇ ਉਹ ਹੈ, ਤਾਂ ਜ਼ਿੰਦਗੀ ਦਾ ਅਸਲੀ ਮਕਸਦ ਕੀ ਹੈ? ਤੁਸੀਂ ਸ਼ਾਇਦ ਅਜਿਹੀਆਂ ਕਈ ਗੱਲਾਂ ਬਾਰੇ ਸੋਚਦੇ ਹੋਣੇ ਜਿਨ੍ਹਾਂ ਨੂੰ ਰੱਬ ਦੀ ਹੋਂਦ ਤੋਂ ਬਿਨਾਂ ਸਮਝਾਉਣਾ ਔਖਾ ਹੈ। ਮਿਸਾਲ ਲਈ, ਸਾਇੰਸ ਦੀ ਜਾਣਕਾਰੀ ਤੋਂ ਵੀ ਪਤਾ ਲੱਗਦਾ ਹੈ ਕਿ ਕੁਦਰਤ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ ਜਿਸ ਕਰਕੇ ਧਰਤੀ ’ਤੇ ਜੀਉਣਾ ਮੁਮਕਿਨ ਹੈ। ਫਿਰ ਰੱਬ ਨੂੰ ਨਾ ਮੰਨਣ ਵਾਲਾ ਇਨਸਾਨ ਕਿਵੇਂ ਸਮਝਾਵੇਗਾ ਕਿ ਇੰਨੀਆਂ ਵਧੀਆਂ ਕੁਦਰਤੀ ਚੀਜ਼ਾਂ ਕਿਵੇਂ ਬਣ ਗਈਆਂ। ਨਾਲੇ ਰੱਬ ਦੀ ਹੋਂਦ ਨੂੰ ਨਾ ਮੰਨਣ ਵਾਲੇ ਇਨਸਾਨ ਕੋਲ ਇਸ ਗੱਲ ਦਾ ਕੀ ਸਬੂਤ ਹੈ ਕਿ ਜ਼ਿੰਦਗੀ ਕਿਸੇ ਬੇਜਾਨ ਚੀਜ਼ ਤੋਂ ਸ਼ੁਰੂ ਹੋਈ ਸੀ।—“ ਸਬੂਤਾਂ ਦੀ ਜਾਂਚ ਕਰੋ” ਨਾਂ ਦੀ ਡੱਬੀ ਦੇਖੋ।
ਉੱਪਰ ਜ਼ਿਕਰ ਕੀਤੀਆਂ ਇਨ੍ਹਾਂ ਗੱਲਾਂ ਦੀ ਅਹਿਮੀਅਤ ਬਾਰੇ ਸੋਚੋ। ਇਹ ਗੱਲਾਂ ਤੁਹਾਡੀ ਇਹ ਵਿਸ਼ਵਾਸ ਕਰਨ ਵਿਚ ਮਦਦ ਕਰ ਸਕਦੀਆਂ ਹਨ ਕਿ ਰੱਬ ਹੈ। ਜੇ ਤੁਹਾਨੂੰ ਰੱਬ ਦੀ ਹੋਂਦ ਦਾ ਪੱਕਾ ਸਬੂਤ ਅਤੇ ਉਸ ਬਾਰੇ ਭਰੋਸੇਯੋਗ ਜਾਣਕਾਰੀ ਮਿਲਦੀ ਹੈ, ਤਾਂ ਤੁਹਾਨੂੰ ਇਸ ਤੋਂ ਬਹੁਤ ਫ਼ਾਇਦਾ ਹੋਵੇਗਾ। ਇਨ੍ਹਾਂ ਚਾਰ ਫ਼ਾਇਦਿਆਂ ਉੱਤੇ ਗੌਰ ਕਰੋ।
1. ਜ਼ਿੰਦਗੀ ਦਾ ਮਕਸਦ
ਜੇ ਜ਼ਿੰਦਗੀ ਦਾ ਅਸਲੀ ਮਕਸਦ ਹੈ, ਤਾਂ ਅਸੀਂ ਜਾਣਨਾ ਚਾਹਾਂਗੇ ਕਿ ਇਹ ਮਕਸਦ ਕੀ ਹੈ ਅਤੇ ਇਸ ਦਾ ਸਾਡੀ ਜ਼ਿੰਦਗੀ ਉੱਤੇ ਕੀ ਅਸਰ ਪੈਂਦਾ ਹੈ। ਜੇ ਰੱਬ ਹੈ ਅਤੇ ਅਸੀਂ ਇਸ ਗੱਲ ਤੋਂ ਅਣਜਾਣ ਹਾਂ, ਤਾਂ ਅਸੀਂ ਬ੍ਰਹਿਮੰਡ ਦੀ ਸਭ ਤੋਂ ਅਹਿਮ ਸੱਚਾਈ ਜਾਣੇ ਬਿਨਾਂ ਆਪਣੀ ਜ਼ਿੰਦਗੀ ਜੀ ਰਹੇ ਹਾਂ।
ਬਾਈਬਲ ਕਹਿੰਦੀ ਹੈ ਕਿ ਰੱਬ ਹੀ ਜੀਵਨਦਾਤਾ ਹੈ। (ਪ੍ਰਕਾਸ਼ ਦੀ ਕਿਤਾਬ 4:11) ਇਹ ਗੱਲ ਸਾਡੀ ਜ਼ਿੰਦਗੀ ਦੇ ਮਕਸਦ ਨਾਲ ਕਿਵੇਂ ਜੁੜੀ ਹੋਈ ਹੈ? ਧਿਆਨ ਦਿਓ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ।
ਧਰਤੀ ਉੱਤੇ ਸਾਰੇ ਜੀਵ-ਜੰਤੂਆਂ ਵਿੱਚੋਂ ਇਨਸਾਨ ਉੱਤਮ ਹੈ। ਬਾਈਬਲ ਕਹਿੰਦੀ ਹੈ ਕਿ ਸਾਨੂੰ ਰੱਬ ਦੇ ਸਰੂਪ ’ਤੇ ਬਣਾਇਆ ਗਿਆ ਹੈ ਤਾਂਕਿ ਅਸੀਂ ਉਸ ਵਰਗੇ ਗੁਣ ਦਿਖਾ ਸਕੀਏ। (ਉਤਪਤ 1:27) ਇਸ ਤੋਂ ਇਲਾਵਾ, ਬਾਈਬਲ ਸਿਖਾਉਂਦੀ ਹੈ ਕਿ ਇਨਸਾਨ ਰੱਬ ਦੇ ਦੋਸਤ ਬਣ ਸਕਦੇ ਹਨ। (ਯਾਕੂਬ 2:23) ਆਪਣੇ ਸਿਰਜਣਹਾਰ ਨਾਲ ਰਿਸ਼ਤਾ ਜੋੜ ਕੇ ਹੀ ਸਾਨੂੰ ਆਪਣੀ ਜ਼ਿੰਦਗੀ ਵਿਚ ਮਕਸਦ ਮਿਲਦਾ ਹੈ।
ਰੱਬ ਦੇ ਦੋਸਤ ਬਣਨ ਦੇ ਕੀ ਫ਼ਾਇਦੇ ਹਨ? ਰੱਬ ਦੇ ਦੋਸਤ ਉਸ ਨਾਲ ਗੱਲ ਕਰ ਸਕਦੇ ਹਨ। ਉਹ ਉਨ੍ਹਾਂ ਦੀ ਗੱਲ ਸੁਣਨ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਵਾਅਦਾ ਕਰਦਾ ਹੈ। (ਜ਼ਬੂਰਾਂ ਦੀ ਪੋਥੀ 91:15) ਰੱਬ ਦੇ ਦੋਸਤ ਹੋਣ ਕਰਕੇ ਅਸੀਂ ਜਾਣ ਸਕਦੇ ਹਾਂ ਕਿ ਉਹ ਬਹੁਤ ਸਾਰੇ ਮਾਮਲਿਆਂ ਬਾਰੇ ਕੀ ਸੋਚਦਾ ਹੈ। ਇਸ ਤੋਂ ਸਾਨੂੰ ਆਪਣੀ ਜ਼ਿੰਦਗੀ ਦੇ ਡੂੰਘੇ ਸਵਾਲਾਂ ਦੇ ਸਹੀ-ਸਹੀ ਜਵਾਬ ਮਿਲ ਸਕਦੇ ਹਨ।
ਜੇ ਰੱਬ ਹੈ ਅਤੇ ਅਸੀਂ ਇਸ ਗੱਲ ਤੋਂ ਅਣਜਾਣ ਹਾਂ, ਤਾਂ ਇਸ ਦਾ ਮਤਲਬ ਹੋਇਆ ਕਿ ਅਸੀਂ ਬ੍ਰਹਿਮੰਡ ਦੀ ਸਭ ਤੋਂ ਅਹਿਮ ਸੱਚਾਈ ਜਾਣੇ ਬਿਨਾਂ ਆਪਣੀ ਜ਼ਿੰਦਗੀ ਜੀ ਰਹੇ ਹਾਂ
2. ਮਨ ਦੀ ਸ਼ਾਂਤੀ
ਮਿਸਾਲ ਲਈ, ਕਈ ਲੋਕ ਜਦੋਂ ਦੇਖਦੇ ਹਨ ਕਿ ਦੁਨੀਆਂ ਵਿਚ ਕਿੰਨੇ ਕਸ਼ਟ ਹਨ, ਤਾਂ ਉਨ੍ਹਾਂ ਨੂੰ ਰੱਬ ’ਤੇ ਵਿਸ਼ਵਾਸ ਕਰਨਾ ਮੁਸ਼ਕਲ ਲੱਗਦਾ ਹੈ। ਉਹ ਪੁੱਛਦੇ ਹਨ, ‘ਸਰਬਸ਼ਕਤੀਮਾਨ ਪਰਮੇਸ਼ੁਰ ਦੁਨੀਆਂ ਵਿੱਚੋਂ ਦੁੱਖ ਅਤੇ ਬੁਰਾਈ ਨੂੰ ਖ਼ਤਮ ਕਿਉਂ ਨਹੀਂ ਕਰਦਾ?’
ਬਾਈਬਲ ਵਿੱਚੋਂ ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਰੱਬ ਨੇ ਕਦੀ ਨਹੀਂ ਚਾਹਿਆ ਸੀ ਕਿ ਇਨਸਾਨਾਂ ਉੱਤੇ ਦੁੱਖ ਆਉਣ। ਜਦੋਂ ਇਨਸਾਨ ਨੂੰ ਬਣਾਇਆ ਗਿਆ ਸੀ, ਉਦੋਂ ਉਸ ਦੀ ਜ਼ਿੰਦਗੀ ਵਿਚ ਕੋਈ ਦੁੱਖ-ਦਰਦ ਨਹੀਂ ਸੀ। ਇੱਥੋਂ ਤਕ ਕਿ ਰੱਬ ਨੇ ਇਨਸਾਨ ਨੂੰ ਮਰਨ ਲਈ ਨਹੀਂ ਬਣਾਇਆ ਸੀ। (ਉਤਪਤ 2:7-9, 15-17) ਕੀ ਇਸ ਗੱਲ ’ਤੇ ਵਿਸ਼ਵਾਸ ਕਰਨਾ ਔਖਾ ਹੈ? ਕੀ ਇਹ ਇਕ ਸੁਪਨਾ ਹੀ ਹੈ? ਨਹੀਂ। ਜੇ ਸਰਬਸ਼ਕਤੀਮਾਨ ਪਰਮੇਸ਼ੁਰ ਹੈ ਅਤੇ ਪਿਆਰ ਉਸ ਦਾ ਸਭ ਤੋਂ ਵੱਡਾ ਗੁਣ ਹੈ, ਤਾਂ ਫਿਰ ਅਸੀਂ ਉਸ ਤੋਂ ਇਹੀ ਉਮੀਦ ਰੱਖਾਂਗੇ ਕਿ ਉਹ ਇਨਸਾਨਾਂ ਨੂੰ ਦੁੱਖ-ਦਰਦ ਤੋਂ ਬਿਨਾਂ ਜ਼ਿੰਦਗੀ ਦੇਵੇ।
ਤਾਂ ਫਿਰ ਇਨਸਾਨ ਦੀ ਹਾਲਤ ਇੰਨੀ ਤਰਸਯੋਗ ਕਿਵੇਂ ਬਣ ਗਈ? ਬਾਈਬਲ ਸਮਝਾਉਂਦੀ ਹੈ ਕਿ ਰੱਬ ਨੇ ਇਨਸਾਨ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ। ਅਸੀਂ ਰੋਬੋਟ ਨਹੀਂ ਹਾਂ ਜੋ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ। ਰੱਬ ਸਾਨੂੰ ਆਪਣਾ ਕਹਿਣਾ ਮੰਨਣ ਲਈ ਮਜਬੂਰ ਨਹੀਂ ਕਰਦਾ। ਪਹਿਲੇ ਇਨਸਾਨੀ ਜੋੜੇ, ਜਿਸ ਤੋਂ ਸਾਰੀ ਦੁਨੀਆਂ ਆਈ ਹੈ, ਨੇ ਰੱਬ ਤੋਂ ਉਲਟ ਚੱਲ ਕੇ ਅਤੇ ਸੁਆਰਥ ਵਿਚ ਆ ਕੇ ਆਪਣੀ ਮਰਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। (ਉਤਪਤ 3:1-6, 22-24) ਅਸੀਂ ਉਨ੍ਹਾਂ ਦੇ ਇਸ ਫ਼ੈਸਲੇ ਦੇ ਬੁਰੇ ਅੰਜਾਮ ਭੁਗਤ ਰਹੇ ਹਾਂ।
ਸਾਨੂੰ ਇਹ ਜਾਣ ਕੇ ਮਨ ਦੀ ਸ਼ਾਂਤੀ ਮਿਲ ਸਕਦੀ ਹੈ ਕਿ ਰੱਬ ਨੇ ਇਨਸਾਨਾਂ ਨੂੰ ਦੁੱਖਾਂ ਵਿਚ ਜੀਉਣ ਲਈ ਨਹੀਂ ਬਣਾਇਆ ਸੀ। ਪਰ ਮਨ ਦੀ ਸ਼ਾਂਤੀ ਦੇ ਨਾਲ-ਨਾਲ ਅਸੀਂ ਦੁੱਖਾਂ ਤੋਂ ਵੀ ਰਾਹਤ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡਾ ਭਵਿੱਖ ਚੰਗਾ ਹੋਵੇ।
3. ਉਮੀਦ
ਇਨਸਾਨਾਂ ਦੁਆਰਾ ਬਗਾਵਤ ਕਰਨ ਤੋਂ ਤੁਰੰਤ ਬਾਅਦ ਰੱਬ ਨੇ ਵਾਅਦਾ ਕੀਤਾ ਕਿ ਸਮਾਂ ਆਉਣ ਤੇ ਉਹ ਧਰਤੀ ਲਈ ਆਪਣਾ ਮਕਸਦ ਜ਼ਰੂਰ ਪੂਰਾ ਕਰੇਗਾ। ਉਹ ਸਰਬਸ਼ਕਤੀਮਾਨ ਹੈ, ਇਸ ਲਈ ਕੋਈ ਵੀ ਇਨਸਾਨ ਜਾਂ ਚੀਜ਼ ਉਸ ਦੇ ਰਾਹ ਵਿਚ ਅੜਿੱਕਾ ਨਹੀਂ ਬਣ ਸਕਦੀ। (ਯਸਾਯਾਹ 55:11) ਬਹੁਤ ਜਲਦ ਰੱਬ ਇਨਸਾਨਾਂ ਦੀ ਬਗਾਵਤ ਦੇ ਬੁਰੇ ਅਸਰਾਂ ਨੂੰ ਖ਼ਤਮ ਕਰ ਕੇ ਆਪਣੇ ਮਕਸਦ ਮੁਤਾਬਕ ਧਰਤੀ ਉੱਤੇ ਸਭ ਕੁਝ ਠੀਕ ਕਰੇਗਾ ਅਤੇ ਇਨਸਾਨਾਂ ਨੂੰ ਵਧੀਆ ਜ਼ਿੰਦਗੀ ਦੇਵੇਗਾ।
ਇਸ ਉਮੀਦ ਦਾ ਤੁਹਾਡੀ ਜ਼ਿੰਦਗੀ ’ਤੇ ਕੀ ਅਸਰ ਪੈ ਸਕਦਾ ਹੈ? ਬਾਈਬਲ ਵਿਚ ਪਰਮੇਸ਼ੁਰ ਦੇ ਕਈ ਵਾਅਦੇ ਦੱਸੇ ਗਏ ਹਨ ਕਿ ਉਹ ਭਵਿੱਖ ਵਿਚ ਸਾਡੇ ਲਈ ਕੀ ਕਰੇਗਾ। ਜ਼ਰਾ ਉਸ ਦੇ ਇਨ੍ਹਾਂ ਦੋ ਵਾਅਦਿਆਂ ਉੱਤੇ ਗੌਰ ਕਰੋ।
-
ਰੀ ਧਰਤੀ ਉੱਤੇ ਸ਼ਾਂਤੀ ਹੋਵੇਗੀ ਅਤੇ ਬੁਰਾਈ ਨੂੰ ਖ਼ਤਮ ਕੀਤਾ ਜਾਵੇਗਾ। “ਦੁਸ਼ਟ ਲੋਕ ਥੋੜ੍ਹੇ ਸਮੇਂ ਵਿਚ ਖ਼ਤਮ ਹੋ ਜਾਣਗੇ, ਤੁਸੀਂ ਉਸ ਦੇ ਰਹਿਣ ਦੀ ਥਾਂ ਨੂੰ ਧਿਆਨ ਨਾਲ ਦੇਖੋਗੇ, ਪਰ ਉਹ ਤੁਹਾਨੂੰ ਉਥੇ ਨਹੀਂ ਮਿਲੇਗਾ। ਦੀਨ ਲੋਕ ਧਰਤੀ ਦੇ ਵਾਰਸ ਹੋਣਗੇ, ਅਤੇ ਉਹ ਬਹੁਤਾ ਸੁਖ ਮਾਣਨਗੇ।”—ਭਜਨ 37:10, 11, CL.
-
ਬੀਮਾਰੀਆਂ ਅਤੇ ਮੌਤ ਨੂੰ ਖ਼ਤਮ ਕੀਤਾ ਜਾਵੇਗਾ। “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) “ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।”—ਯਸਾਯਾਹ 25:8.
ਤੁਸੀਂ ਰੱਬ ਦੇ ਵਾਅਦਿਆਂ ਉੱਤੇ ਕਿਉਂ ਭਰੋਸਾ ਕਰ ਸਕਦੇ ਹੋ? ਕਿਉਂਕਿ ਬਾਈਬਲ ਵਿਚ ਦਰਜ ਬਹੁਤ ਸਾਰੀਆਂ ਭਵਿੱਖਬਾਣੀਆਂ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਹਨ। ਪਰ ਚੰਗੇ ਭਵਿੱਖ ਦੀ ਉਮੀਦ ਹੁਣ ਸਾਡੀ ਜ਼ਿੰਦਗੀ ਵਿੱਚੋਂ ਦੁੱਖ-ਦਰਦ ਖ਼ਤਮ ਨਹੀਂ ਕਰਦੀ। ਰੱਬ ਇਨ੍ਹਾਂ ਦਾ ਸਾਮ੍ਹਣਾ ਕਰਨ ਵਿਚ ਕਿਵੇਂ ਸਾਡੀ ਮਦਦ ਕਰਦਾ ਹੈ?
4. ਸਮੱਸਿਆਵਾਂ ਨਾਲ ਨਜਿੱਠਣ ਅਤੇ ਫ਼ੈਸਲੇ ਕਰਨ ਵਿਚ ਮਦਦ
ਰੱਬ ਸਾਨੂੰ ਦੱਸਦਾ ਹੈ ਕਿ ਅਸੀਂ ਸਮੱਸਿਆਵਾਂ ਨਾਲ ਕਿਵੇਂ ਨਜਿੱਠ ਸਕਦੇ ਹਾਂ ਅਤੇ ਚੰਗੇ ਫ਼ੈਸਲੇ ਕਰ ਸਕਦੇ ਹਾਂ। ਬਹੁਤ ਸਾਰੇ ਫ਼ੈਸਲੇ ਛੋਟੇ ਹੁੰਦੇ ਹਨ, ਪਰ ਕਈ ਫ਼ੈਸਲਿਆਂ ਦਾ ਅਸਰ ਪੂਰੀ ਜ਼ਿੰਦਗੀ ਉੱਤੇ ਪੈਂਦਾ ਹੈ। ਜੋ ਸਲਾਹ ਸਾਡਾ ਬੁੱਧੀਮਾਨ ਸਿਰਜਣਹਾਰ ਦੇ ਸਕਦਾ ਹੈ, ਉਹ ਸਲਾਹ ਕੋਈ ਇਨਸਾਨ ਦੇ ਹੀ ਨਹੀਂ ਸਕਦਾ। ਯਹੋਵਾਹ ਦੀ ਬੁੱਧ ਤੋਂ ਸਾਨੂੰ ਫ਼ਾਇਦਾ ਹੋ ਸਕਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਬੀਤੇ ਸਮੇਂ ਵਿਚ ਕੀ ਹੋਇਆ ਸੀ ਅਤੇ ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ। ਨਾਲੇ ਉਸ ਨੇ ਹੀ ਇਨਸਾਨਾਂ ਨੂੰ ਬਣਾਇਆ ਹੈ। ਇਸ ਲਈ ਉਹ ਜਾਣਦਾ ਹੈ ਕਿ ਕਿਸ ਗੱਲ ਵਿਚ ਸਾਡਾ ਭਲਾ ਹੈ।
ਯਹੋਵਾਹ ਪਰਮੇਸ਼ੁਰ ਨੇ ਬਾਈਬਲ ਲਿਖਵਾਉਣ ਲਈ ਵੱਖੋ-ਵੱਖਰੇ ਇਨਸਾਨਾਂ ਨੂੰ ਵਰਤਿਆ ਸੀ, ਪਰ ਇਸ ਵਿਚ ਉਸ ਦੇ ਹੀ ਵਿਚਾਰ ਦੱਸੇ ਗਏ ਹਨ। ਅਸੀਂ ਬਾਈਬਲ ਵਿਚ ਇਹ ਗੱਲ ਪੜ੍ਹਦੇ ਹਾਂ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।”—ਯਸਾਯਾਹ 48:17, 18.
ਰੱਬ ਕੋਲ ਬੇਅੰਤ ਤਾਕਤ ਹੈ ਅਤੇ ਉਹ ਸਾਡੇ ਭਲੇ ਲਈ ਆਪਣੀ ਤਾਕਤ ਇਸਤੇਮਾਲ ਕਰਨ ਲਈ ਤਿਆਰ ਹੈ। ਬਾਈਬਲ ਵਿਚ ਰੱਬ ਨੂੰ ਪਿਆਰ ਕਰਨ ਵਾਲਾ ਪਿਤਾ ਕਿਹਾ ਗਿਆ ਹੈ ਜੋ ਸਾਡੀ ਮਦਦ ਕਰਨੀ ਚਾਹੁੰਦਾ ਹੈ। ਇਸ ਵਿਚ ਕਿਹਾ ਗਿਆ ਹੈ: “ਤੁਹਾਡਾ ਪਿਤਾ, ਜੋ ਸਵਰਗ ਵਿਚ ਹੈ, ਮੰਗਣ ਤੇ ਤੁਹਾਨੂੰ ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ!” (ਲੂਕਾ 11:13) ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਨੂੰ ਜ਼ਿੰਦਗੀ ਵਿਚ ਸੇਧ ਅਤੇ ਹਿੰਮਤ ਦੇ ਸਕਦੀ ਹੈ।
ਤੁਸੀਂ ਰੱਬ ਤੋਂ ਮਦਦ ਕਿਵੇਂ ਲੈ ਸਕਦੇ ਹੋ? ਬਾਈਬਲ ਕਹਿੰਦੀ ਹੈ: “ਜਿਹੜਾ ਪਰਮੇਸ਼ੁਰ ਦੇ ਹਜ਼ੂਰ ਆਉਂਦਾ ਹੈ, ਉਸ ਲਈ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।” (ਇਬਰਾਨੀਆਂ 11:6) ਇਸ ਗੱਲ ’ਤੇ ਪੂਰਾ ਭਰੋਸਾ ਕਰਨ ਲਈ ਕਿ ਰੱਬ ਹੈ, ਤੁਹਾਨੂੰ ਆਪ ਇਸ ਸੰਬੰਧੀ ਸਬੂਤਾਂ ਦੀ ਜਾਂਚ ਕਰਨੀ ਪਵੇਗੀ।
ਕੀ ਤੁਸੀਂ ਸਬੂਤਾਂ ਦੀ ਜਾਂਚ ਕਰੋਗੇ?
ਰੱਬ ਬਾਰੇ ਸੱਚਾਈ ਜਾਣਨ ਵਿਚ ਸਮਾਂ ਲੱਗਦਾ ਹੈ, ਪਰ ਇਸ ਤਰ੍ਹਾਂ ਕਰਨ ਦਾ ਤੁਹਾਨੂੰ ਜ਼ਰੂਰ ਫ਼ਾਇਦਾ ਹੋਵੇਗਾ। ਸ਼ਿਆਓਜਿਨ ਸ਼ਿਆਓ ਨਾਂ ਦੇ ਵਿਅਕਤੀ ਦੇ ਤਜਰਬੇ ’ਤੇ ਗੌਰ ਕਰੋ ਜੋ ਚੀਨ ਵਿਚ ਪੈਦਾ ਹੋਇਆ ਸੀ ਤੇ ਹੁਣ ਅਮਰੀਕਾ ਵਿਚ ਰਹਿੰਦਾ ਹੈ। ਉਹ ਕਹਿੰਦਾ ਹੈ: “ਭਾਵੇਂ ਮੈਂ ਵਿਕਾਸਵਾਦ ਦੀ ਥਿਊਰੀ ਨੂੰ ਮੰਨਦਾ ਸੀ, ਪਰ ਮੈਂ ਜਾਣਨਾ ਚਾਹੁੰਦਾ ਸੀ ਕਿ ਬਾਈਬਲ ਵਿਚ ਕੀ ਦੱਸਿਆ ਹੈ। ਇਸ ਲਈ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਕਾਲਜ ਦੇ ਆਖ਼ਰੀ ਸਾਲ ਦੌਰਾਨ ਮੈਂ ਆਪਣੀ ਪੜ੍ਹਾਈ ਵਿਚ ਇੰਨਾ ਬਿਜ਼ੀ ਹੋ ਗਿਆ ਕਿ ਮੇਰੇ ਕੋਲ ਬਾਈਬਲ ਦੀ ਸਟੱਡੀ ਕਰਨ ਦਾ ਸਮਾਂ ਹੀ ਨਹੀਂ ਬਚਦਾ ਸੀ। ਪਰ ਮੈਂ ਖ਼ੁਸ਼ ਨਹੀਂ ਸੀ। ਜਦੋਂ ਮੈਂ ਦੁਬਾਰਾ ਬਾਈਬਲ ਸਟੱਡੀ ਨੂੰ ਪਹਿਲ ਦੇਣੀ ਸ਼ੁਰੂ ਕੀਤੀ, ਤਾਂ ਮੈਂ ਦਿਲੋਂ ਖ਼ੁਸ਼ ਰਹਿਣ ਲੱਗ ਪਿਆ।”
ਕੀ ਤੁਸੀਂ ਆਪਣੇ ਸਿਰਜਣਹਾਰ ਯਹੋਵਾਹ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਕਿਉਂ ਨਾ ਤੁਸੀਂ ਆਪ ਸਬੂਤਾਂ ਦੀ ਜਾਂਚ ਕਰੋ? (g15-E 03)