ਇਹ ਕਿਸ ਦਾ ਕਮਾਲ ਹੈ?
ਅਗਾਮਾ ਕਿਰਲੀ ਦੀ ਪੂਛ
ਅਗਾਮਾ ਕਿਰਲੀ ਆਸਾਨੀ ਨਾਲ ਸਮਤਲ ਜਗ੍ਹਾ ਤੋਂ ਸਿੱਧੀ ਕੰਧ ਉੱਪਰ ਛਾਲ ਮਾਰ ਕੇ ਜਾ ਸਕਦੀ ਹੈ। ਪਰ ਜੇ ਜਗ੍ਹਾ ਤਿਲਕਵੀਂ ਹੋਵੇ, ਤਾਂ ਕਿਰਲੀ ਆਪਣੀ ਜਕੜ ਗੁਆ ਦਿੰਦੀ ਹੈ, ਫਿਰ ਵੀ ਇਹ ਕੰਧ ਉੱਤੇ ਚਿਪਕਣ ਵਿਚ ਸਫ਼ਲ ਹੋ ਜਾਂਦੀ ਹੈ। ਉਹ ਕਿਵੇਂ? ਇਸ ਦਾ ਰਾਜ਼ ਕਿਰਲੀ ਦੀ ਪੂਛ ਵਿਚ ਛੁਪਿਆ ਹੈ।
ਜ਼ਰਾ ਸੋਚੋ: ਜਦੋਂ ਅਗਾਮਾ ਕਿਰਲੀਆਂ ਖੁਰਦਰੀ ਥਾਂ, ਜਿਸ ’ਤੇ ਉਨ੍ਹਾਂ ਦੀ ਜਕੜ ਬਣ ਜਾਂਦੀ ਹੈ, ਤੋਂ ਛਾਲ ਮਾਰਦੀਆਂ ਹਨ, ਤਾਂ ਉਹ ਆਪਣੇ ਸਰੀਰ ਨੂੰ ਪਹਿਲਾਂ ਸਥਿਰ ਕਰ ਲੈਂਦੀਆਂ ਹਨ ਤੇ ਆਪਣੀ ਪੂਛ ਥੱਲੇ ਨੂੰ ਕਰ ਲੈਂਦੀਆਂ ਹਨ। ਇਸ ਦੀ ਮਦਦ ਨਾਲ ਉਹ ਸਹੀ ਦਿਸ਼ਾ ਵੱਲ ਛਾਲ ਮਾਰ ਸਕਦੀਆਂ ਹਨ। ਪਰ ਜਦੋਂ ਇਹ ਤਿਲਕਵੀਂ ਥਾਂ ’ਤੇ ਹੁੰਦੀਆਂ ਹਨ, ਤਾਂ ਇਹ ਡਿਗ ਜਾਂਦੀਆਂ ਹਨ ਅਤੇ ਗ਼ਲਤ ਦਿਸ਼ਾ ਵੱਲ ਛਾਲ ਮਾਰ ਦਿੰਦੀਆਂ ਹਨ। ਪਰ ਕੰਧ ਨੂੰ ਚਿਪਕਣ ਤੋਂ ਪਹਿਲਾਂ, ਹਵਾ ਵਿਚ ਹੁੰਦਿਆਂ ਇਹ ਆਪਣੀ ਪੂਛ ਨੂੰ ਉੱਪਰ ਨੂੰ ਝਟਕਾ ਦੇ ਕੇ ਆਪਣੇ ਸਰੀਰ ਦੀ ਦਿਸ਼ਾ ਨੂੰ ਸਹੀ ਕਰ ਲੈਂਦੀਆਂ ਹਨ। ਇਹ ਪ੍ਰਕ੍ਰਿਆ ਕਮਾਲ ਦੀ ਹੈ। ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ, ਬਰਕਲੀ ਦੁਆਰਾ ਦਿੱਤੀ ਗਈ ਇਕ ਰਿਪੋਰਟ ਕਹਿੰਦੀ ਹੈ: “ਕਿਰਲੀਆਂ ਨੂੰ ਹਵਾ ਵਿਚ ਹੁੰਦਿਆਂ ਆਪਣਾ ਸਰੀਰ ਸਿੱਧਾ ਰੱਖਣ ਲਈ ਲਗਾਤਾਰ ਆਪਣੀ ਪੂਛ ਨੂੰ ਸਹੀ ਦਿਸ਼ਾ ਵਿਚ ਲਿਆਉਂਦੇ ਰਹਿਣ ਦੀ ਲੋੜ ਹੈ।” ਜਿੰਨੀ ਜ਼ਿਆਦਾ ਜਗ੍ਹਾ ਤਿਲਕਣੀ ਹੋਵੇਗੀ, ਉੱਨਾ ਜ਼ਿਆਦਾ ਕਿਰਲੀ ਨੂੰ ਆਪਣੀ ਪੂਛ ਨੂੰ ਉੱਪਰ ਉਠਾਉਂਦੇ ਰਹਿਣਾ ਪਵੇਗਾ ਤਾਂਕਿ ਇਸ ਦੇ ਪੈਰ ਉਸ ਜਗ੍ਹਾ ’ਤੇ ਸਹੀ-ਸਲਾਮਤ ਚਿਪਕ ਜਾਣ।
ਅਗਾਮਾ ਦੀ ਪੂਛ ਅਜਿਹੀਆਂ ਰੋਬੋਟਿਕ ਗੱਡੀਆਂ ਬਣਾਉਣ ਵਿਚ ਇੰਜੀਨੀਅਰਾਂ ਦੀ ਮਦਦ ਕਰ ਸਕਦੀ ਹੈ ਜੋ ਕਿਸੇ ਵੀ ਤਰ੍ਹਾਂ ਦੀ ਜਗ੍ਹਾ ਉੱਤੇ ਤੇਜ਼ੀ ਨਾਲ ਚੱਲ ਸਕਦੀਆਂ ਹਨ। ਫਿਰ ਇਨ੍ਹਾਂ ਨੂੰ ਭੁਚਾਲ਼ ਜਾਂ ਕਿਸੇ ਹੋਰ ਤਬਾਹੀ ਤੋਂ ਬਾਅਦ ਬਚੇ ਲੋਕਾਂ ਦੀ ਭਾਲ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਖੋਜਕਾਰ ਟੌਮਸ ਲਿਬੀ ਨੇ ਕਿਹਾ: “ਰੋਬੋਟ ਇੰਨੀ ਤੇਜ਼ੀ ਨਾਲ ਚੱਲ-ਫਿਰ ਨਹੀਂ ਸਕਦੇ ਜਿੰਨੀ ਤੇਜ਼ੀ ਨਾਲ ਜਾਨਵਰ ਚੱਲ-ਫਿਰ ਸਕਦੇ ਹਨ। ਸੋ ਰੋਬੋਟ ਨੂੰ ਜਿਹੜੀ ਵੀ ਚੀਜ਼ ਜ਼ਿਆਦਾ ਸਥਿਰ ਰੱਖ ਸਕਦੀ ਹੈ, ਉਹ ਬਹੁਤ ਵੱਡੀ ਪ੍ਰਾਪਤੀ ਹੋਵੇਗੀ।”
ਤੁਹਾਡਾ ਕੀ ਖ਼ਿਆਲ ਹੈ? ਕੀ ਅਗਾਮਾ ਦੀ ਪੂਛ ਵਿਕਾਸਵਾਦ ਦਾ ਨਤੀਜਾ ਹੈ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? (g13 02-E)