ਯਿਸੂ ਦੇ ਸੱਚੇ ਚੇਲਿਆਂ ਨਾਲ ਨਫ਼ਰਤ ਕਿਉਂ ਕੀਤੀ ਜਾਂਦੀ ਹੈ?
ਬਾਈਬਲ ਕੀ ਕਹਿੰਦੀ ਹੈ
ਯਿਸੂ ਦੇ ਸੱਚੇ ਚੇਲਿਆਂ ਨਾਲ ਨਫ਼ਰਤ ਕਿਉਂ ਕੀਤੀ ਜਾਂਦੀ ਹੈ?
“ਲੋਕ ਤੁਹਾਡੇ ਉੱਤੇ ਅਤਿਆਚਾਰ ਕਰਨਗੇ ਅਤੇ ਤੁਹਾਨੂੰ ਮਾਰ ਦੇਣਗੇ। ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ।”—ਮੱਤੀ 24:9.
ਯਿਸੂ ਨੇ ਇਹ ਸ਼ਬਦ ਉਸ ਨੂੰ ਬੇਰਹਿਮੀ ਨਾਲ ਮਾਰੇ ਜਾਣ ਤੋਂ ਕੁਝ ਦਿਨ ਪਹਿਲਾਂ ਕਹੇ ਸਨ। ਆਪਣੀ ਮੌਤ ਤੋਂ ਪਹਿਲਾਂ ਦੀ ਰਾਤ ਨੂੰ ਉਸ ਨੇ ਆਪਣੇ ਵਫ਼ਾਦਾਰ ਰਸੂਲਾਂ ਨੂੰ ਕਿਹਾ: “ਜੇ ਲੋਕਾਂ ਨੇ ਮੇਰੇ ਉੱਤੇ ਅਤਿਆਚਾਰ ਕੀਤੇ ਹਨ, ਤਾਂ ਉਹ ਤੁਹਾਡੇ ਉੱਤੇ ਵੀ ਅਤਿਆਚਾਰ ਕਰਨਗੇ।” (ਯੂਹੰਨਾ 15:20, 21) ਯਿਸੂ ਨੇ ਤਾਂ ਦੂਜਿਆਂ ਦੀ ਮਦਦ ਕਰਨ ਲਈ ਦਿਨ-ਰਾਤ ਮਿਹਨਤ ਕੀਤੀ, ਗ਼ਰੀਬਾਂ ਨੂੰ ਦਿਲਾਸਾ ਦਿੱਤਾ ਅਤੇ ਜ਼ੁਲਮ ਦੇ ਸ਼ਿਕਾਰ ਲੋਕਾਂ ਨੂੰ ਵਧੀਆ ਉਮੀਦ ਦਿੱਤੀ। ਤਾਂ ਫਿਰ ਉਨ੍ਹਾਂ ਨੂੰ ਕਿਉਂ ਸਤਾਇਆ ਜਾਂਦਾ ਹੈ ਜਿਹੜੇ ਯਿਸੂ ਦੀ ਆਗਿਆ ਮੰਨਦੇ ਹਨ ਅਤੇ ਉਸ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਹਨ?
ਬਾਈਬਲ ਇਸ ਨਫ਼ਰਤ ਦੇ ਖ਼ਾਸ ਕਾਰਨ ਦੱਸਦੀ ਹੈ। ਇਨ੍ਹਾਂ ਕਾਰਨਾਂ ਉੱਤੇ ਗੌਰ ਕਰਨ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਲੋਕ ਅੱਜ ਮਸੀਹ ਦੇ ਨਕਸ਼ੇ-ਕਦਮਾਂ ਉੱਤੇ ਚੱਲਣ ਵਾਲਿਆਂ ਦਾ ਉਸੇ ਤਰ੍ਹਾਂ ਵਿਰੋਧ ਕਿਉਂ ਕਰਦੇ ਹਨ ਜਿਵੇਂ ਯਿਸੂ ਦਾ ਕੀਤਾ ਸੀ।
ਅਣਜਾਣੇ ਵਿਚ ਵਿਰੋਧ
ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਉਹ ਸਮਾਂ ਆ ਰਿਹਾ ਹੈ ਜਦੋਂ ਲੋਕ ਤੁਹਾਨੂੰ ਜਾਨੋਂ ਮਾਰ ਕੇ ਸੋਚਣਗੇ ਕਿ ਉਹ ਰੱਬ ਦੀ ਭਗਤੀ ਕਰ ਰਹੇ ਹਨ। ਪਰ ਉਹ ਇਹ ਸਭ ਕੁਝ ਇਸ ਲਈ ਕਰਨਗੇ ਕਿਉਂਕਿ ਨਾ ਤਾਂ ਉਹ ਪਿਤਾ ਨੂੰ ਅਤੇ ਨਾ ਹੀ ਮੈਨੂੰ ਜਾਣਦੇ ਹਨ।” (ਯੂਹੰਨਾ 16:2, 3) ਇਹ ਸੱਚ ਹੈ ਕਿ ਬਹੁਤ ਸਾਰੇ ਅਤਿਆਚਾਰੀ ਦਾਅਵਾ ਕਰਦੇ ਸਨ ਕਿ ਉਹ ਉਸੇ ਪਰਮੇਸ਼ੁਰ ਦੀ ਭਗਤੀ ਕਰਦੇ ਸਨ ਜਿਸ ਦੀ ਯਿਸੂ ਕਰਦਾ ਸੀ, ਪਰ ਉਨ੍ਹਾਂ ਉੱਤੇ ਝੂਠੇ ਧਾਰਮਿਕ ਵਿਸ਼ਵਾਸਾਂ ਅਤੇ ਰੀਤਾਂ-ਰਿਵਾਜਾਂ ਦਾ ਬਹੁਤ ਅਸਰ ਸੀ। ਜੀ ਹਾਂ, ‘ਉਹ ਜੋਸ਼ ਨਾਲ ਪਰਮੇਸ਼ੁਰ ਦੀ ਭਗਤੀ ਤਾਂ ਕਰਦੇ ਸਨ, ਪਰ ਉਨ੍ਹਾਂ ਦੀ ਭਗਤੀ ਪਰਮੇਸ਼ੁਰ ਦੇ ਸਹੀ ਗਿਆਨ ਮੁਤਾਬਕ ਨਹੀਂ ਸੀ।’ (ਰੋਮੀਆਂ 10:2) ਅਜਿਹਾ ਇਕ ਵਿਰੋਧੀ ਤਰਸੁਸ ਦਾ ਸ਼ਾਊਲ ਸੀ ਜੋ ਬਾਅਦ ਵਿਚ ਮਸੀਹੀ ਧਰਮ ਅਪਣਾ ਕੇ ਪੌਲੁਸ ਰਸੂਲ ਬਣਿਆ।
ਸ਼ਾਊਲ ਉਸ ਪ੍ਰਭਾਵਸ਼ਾਲੀ ਤੇ ਰਾਜਨੀਤਿਕ ਯਹੂਦੀ ਪੰਥ ਦਾ ਮੈਂਬਰ ਸੀ ਜਿਸ ਨੂੰ ਫ਼ਰੀਸੀ ਕਿਹਾ ਜਾਂਦਾ ਸੀ ਅਤੇ ਇਹ ਪੰਥ ਮਸੀਹੀਆਂ ਦਾ ਵਿਰੋਧ ਕਰਦਾ ਸੀ। ਬਾਅਦ ਵਿਚ ਸ਼ਾਊਲ ਨੇ ਮੰਨਿਆ: “ਮੈਂ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੁੰਦਾ ਸੀ, ਉਸ ਦੇ ਲੋਕਾਂ ਉੱਤੇ ਅਤਿਆਚਾਰ ਕਰਦਾ ਹੁੰਦਾ ਸੀ ਤੇ ਹੰਕਾਰੀ ਸੀ।” ਉਸ ਨੇ ਇਹ ਵੀ ਕਿਹਾ: “ਮੈਂ ਇਹ ਸਭ ਕੁਝ ਅਣਜਾਣੇ ਵਿਚ ਅਤੇ ਨਿਹਚਾ ਨਾ ਹੋਣ ਕਰਕੇ ਕੀਤਾ ਸੀ।” (1 ਤਿਮੋਥਿਉਸ 1:12, 13) ਪਰ ਜਦੋਂ ਉਸ ਨੇ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਬਾਰੇ ਸੱਚਾਈ ਜਾਣੀ, ਤਾਂ ਉਸ ਨੇ ਆਪਣੇ ਤੌਰ-ਤਰੀਕਿਆਂ ਨੂੰ ਫ਼ੌਰਨ ਬਦਲ ਲਿਆ।
ਅੱਜ ਵੀ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਬਦਲਿਆ ਹੈ ਜਿਹੜੇ ਪਹਿਲਾਂ ਅਤਿਆਚਾਰ ਕਰਦੇ ਹੁੰਦੇ ਸਨ। ਇਸ ਤੋਂ ਇਲਾਵਾ, ਇਨ੍ਹਾਂ ਵਿੱਚੋਂ ਕਈ ਆਪ ਵੀ ਸ਼ਾਊਲ ਦੀ ਤਰ੍ਹਾਂ ਅਤਿਆਚਾਰ ਦੇ ਸ਼ਿਕਾਰ ਹੋਏ ਹਨ। ਫਿਰ ਵੀ, ਉਨ੍ਹਾਂ ਨੇ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਦਿੱਤਾ, ਸਗੋਂ ਯਿਸੂ ਦੀ ਇਹ ਸਲਾਹ ਮੰਨੀ: “ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ ਅਤੇ ਜੋ ਤੁਹਾਨੂੰ ਸਤਾਉਂਦੇ ਹਨ, ਉਨ੍ਹਾਂ ਲਈ ਪ੍ਰਾਰਥਨਾ ਕਰਦੇ ਰਹੋ।” (ਮੱਤੀ 5:44) ਯਹੋਵਾਹ ਦੇ ਗਵਾਹ ਇਨ੍ਹਾਂ ਸ਼ਬਦਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੁਝ ਵਿਰੋਧੀਆਂ ਦਾ ਦਿਲ ਸ਼ਾਊਲ ਦੀ ਤਰ੍ਹਾਂ ਪਿਘਲ ਜਾਵੇਗਾ।
ਕੁਝ ਵਿਰੋਧੀ ਈਰਖਾ ਕਰਦੇ ਹਨ
ਕਈ ਲੋਕਾਂ ਨੇ ਈਰਖਾ ਦੇ ਕਾਰਨ ਯਿਸੂ ਦਾ ਵਿਰੋਧ ਕੀਤਾ ਸੀ। ਅਸਲ ਵਿਚ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ “ਜਾਣਦਾ ਸੀ ਕਿ ਮੁੱਖ ਪੁਜਾਰੀਆਂ ਨੇ ਈਰਖਾ ਕਰਕੇ [ਯਿਸੂ] ਨੂੰ ਫੜਵਾਇਆ ਸੀ” ਤਾਂਕਿ ਉਸ ਨੂੰ ਸੂਲ਼ੀ ’ਤੇ ਟੰਗਿਆ ਜਾਵੇ। (ਮਰਕੁਸ 15:9, 10) ਯਹੂਦੀ ਧਾਰਮਿਕ ਆਗੂ ਯਿਸੂ ਨਾਲ ਈਰਖਾ ਕਿਉਂ ਕਰਦੇ ਸਨ? ਇਕ ਗੱਲ ਤਾਂ ਇਹ ਸੀ ਕਿ ਜਿਨ੍ਹਾਂ ਆਮ ਲੋਕਾਂ ਨਾਲ ਇਹ ਆਗੂ ਘਿਣ ਕਰਦੇ ਸਨ, ਉਹ ਲੋਕ ਯਿਸੂ ਨੂੰ ਬਹੁਤ ਪਸੰਦ ਕਰਦੇ ਸਨ। ਫ਼ਰੀਸੀਆਂ ਨੇ ਸ਼ਿਕਾਇਤ ਕੀਤੀ ਕਿ “ਸਾਰੀ ਦੁਨੀਆਂ ਉਸ ਦੇ ਪਿੱਛੇ ਜਾ ਰਹੀ ਹੈ।” (ਯੂਹੰਨਾ 12:19) ਇਸੇ ਤਰ੍ਹਾਂ ਬਾਅਦ ਵਿਚ ਜਦੋਂ ਲੋਕ ਯਿਸੂ ਦੇ ਚੇਲਿਆਂ ਦਾ ਸੰਦੇਸ਼ ਸੁਣ ਕੇ ਉਸ ਦੇ ਚੇਲੇ ਬਣ ਗਏ, ਤਾਂ ਇਹ ਧਾਰਮਿਕ ਆਗੂ ਇਕ ਵਾਰ ਫਿਰ “ਸੜ-ਬਲ਼ ਗਏ” ਅਤੇ ਉਨ੍ਹਾਂ ਪ੍ਰਚਾਰਕਾਂ ਦਾ ਵਿਰੋਧ ਕਰਨ ਲੱਗ ਪਏ।—ਰਸੂਲਾਂ ਦੇ ਕੰਮ 13:45, 50.
ਹੋਰ ਦੁਸ਼ਮਣ ਪਰਮੇਸ਼ੁਰ ਦੇ ਸੇਵਕਾਂ ਦਾ ਚੰਗਾ ਚਾਲ-ਚਲਣ ਦੇਖ ਕੇ ਗੁੱਸੇ ਹੁੰਦੇ ਸਨ। ਪਤਰਸ ਰਸੂਲ ਨੇ ਆਪਣੇ ਮਸੀਹੀ ਭੈਣਾਂ-ਭਰਾਵਾਂ 1 ਪਤਰਸ 4:4) ਅੱਜ ਵੀ ਲੋਕ ਸਾਡੇ ਨਾਲ ਇਸੇ ਤਰ੍ਹਾਂ ਦਾ ਸਲੂਕ ਕਰਦੇ ਹਨ। ਪਰ ਸੱਚੇ ਮਸੀਹੀ ਗ਼ਲਤ ਕੰਮਾਂ ਤੋਂ ਦੂਰ ਰਹਿੰਦੇ ਹਨ ਅਤੇ ਆਪਣੇ ਆਪ ਨੂੰ ਜ਼ਿਆਦਾ ਧਰਮੀ ਜਾਂ ਹੋਰਨਾਂ ਤੋਂ ਉੱਚਾ ਨਹੀਂ ਸਮਝਦੇ। ਇਸ ਤਰ੍ਹਾਂ ਕਰਨਾ ਮਸੀਹੀਆਂ ਲਈ ਠੀਕ ਨਹੀਂ ਕਿਉਂਕਿ ਸਾਰੇ ਇਨਸਾਨ ਪਾਪੀ ਹਨ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਦਇਆ ਦੀ ਲੋੜ ਹੈ।—ਰੋਮੀਆਂ 3:23.
ਨੂੰ ਕਿਹਾ: “ਹੁਣ ਤੁਸੀਂ [ਦੁਸ਼ਟ] ਲੋਕਾਂ ਨਾਲ ਅਯਾਸ਼ੀ ਦੇ ਰਾਹ ਉੱਤੇ ਨਹੀਂ ਚੱਲ ਰਹੇ ਹੋ, ਇਸ ਲਈ ਉਹ ਬੌਂਦਲੇ ਹੋਏ ਹਨ ਅਤੇ ਤੁਹਾਡੇ ਖ਼ਿਲਾਫ਼ ਬੁਰਾ-ਭਲਾ ਕਹਿੰਦੇ ਹਨ।” (‘ਦੁਨੀਆਂ ਵਰਗੇ ਨਾ’ ਹੋਣ ਕਰਕੇ ਨਫ਼ਰਤ
ਬਾਈਬਲ ਕਹਿੰਦੀ ਹੈ: “ਤੁਸੀਂ ਦੁਨੀਆਂ ਅਤੇ ਦੁਨੀਆਂ ਦੀਆਂ ਚੀਜ਼ਾਂ ਨੂੰ ਪਿਆਰ ਨਾ ਕਰੋ।” (1 ਯੂਹੰਨਾ 2:15) ਇੱਥੇ ਯੂਹੰਨਾ ਰਸੂਲ ਕਿਸ ਦੁਨੀਆਂ ਦੀ ਗੱਲ ਕਰ ਰਿਹਾ ਸੀ? ਉਸ ਦੁਨੀਆਂ ਦੀ ਜੋ ਪਰਮੇਸ਼ੁਰ ਤੋਂ ਦੂਰ ਹੋ ਚੁੱਕੀ ਹੈ ਅਤੇ ਸ਼ੈਤਾਨ ਦੇ ਅਧੀਨ ਹੈ। ਉਹ ‘ਦੁਨੀਆਂ ਦਾ ਈਸ਼ਵਰ’ ਹੈ।—2 ਕੁਰਿੰਥੀਆਂ 4:4; 1 ਯੂਹੰਨਾ 5:19.
ਅਫ਼ਸੋਸ ਦੀ ਗੱਲ ਹੈ ਕਿ ਕੁਝ ਲੋਕ ਦੁਨੀਆਂ ਅਤੇ ਇਸ ਦੇ ਗ਼ਲਤ ਤੌਰ-ਤਰੀਕਿਆਂ ਨੂੰ ਪਸੰਦ ਕਰਦੇ ਹਨ। ਉਹ ਉਨ੍ਹਾਂ ਦਾ ਵਿਰੋਧ ਕਰਦੇ ਹਨ ਜਿਹੜੇ ਬਾਈਬਲ ਦੀਆਂ ਸਿੱਖਿਆਵਾਂ ਅਨੁਸਾਰ ਜੀਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਯਿਸੂ ਨੇ ਆਪਣੇ ਰਸੂਲਾਂ ਨੂੰ ਕਿਹਾ: “ਜੇ ਤੁਸੀਂ ਦੁਨੀਆਂ ਵਰਗੇ ਹੁੰਦੇ, ਤਾਂ ਦੁਨੀਆਂ ਤੁਹਾਡੇ ਨਾਲ ਆਪਣਿਆਂ ਵਾਂਗ ਪਿਆਰ ਕਰਦੀ। ਪਰ ਕਿਉਂਕਿ ਤੁਸੀਂ ਦੁਨੀਆਂ ਵਰਗੇ ਨਹੀਂ ਹੋ, ਸਗੋਂ ਮੈਂ ਤੁਹਾਨੂੰ ਦੁਨੀਆਂ ਵਿੱਚੋਂ ਚੁਣ ਲਿਆ ਹੈ, ਇਸ ਕਰਕੇ ਦੁਨੀਆਂ ਤੁਹਾਡੇ ਨਾਲ ਨਫ਼ਰਤ ਕਰਦੀ ਹੈ।”—ਯੂਹੰਨਾ 15:19.
ਕਿੰਨੇ ਦੁੱਖ ਦੀ ਗੱਲ ਹੈ ਕਿ ਲੋਕੀ ਯਹੋਵਾਹ ਦੇ ਸੇਵਕਾਂ ਨਾਲ ਇਸ ਲਈ ਨਫ਼ਰਤ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਉਸ ਦੁਨੀਆਂ ਨਾਲ ਪਿਆਰ ਨਹੀਂ ਜੋ ਭ੍ਰਿਸ਼ਟਾਚਾਰ, ਬੇਇਨਸਾਫ਼ੀ ਅਤੇ ਹਿੰਸਾ ਨਾਲ ਭਰੀ ਪਈ ਹੈ ਅਤੇ ਜਿਸ ’ਤੇ ਸ਼ੈਤਾਨ ਦਾ ਰਾਜ ਚੱਲ ਰਿਹਾ ਹੈ! ਕਈ ਨੇਕਦਿਲ ਲੋਕ ਦੁਨੀਆਂ ਨੂੰ ਵਧੀਆ ਬਣਾਉਣਾ ਚਾਹੁੰਦੇ ਹਨ, ਪਰ ਉਹ ਇਸ ਤੋਂ ਸ਼ੈਤਾਨ ਦੇ ਸਾਏ ਨੂੰ ਦੂਰ ਨਹੀਂ ਕਰ ਸਕਦੇ। ਸਿਰਫ਼ ਯਹੋਵਾਹ ਪਰਮੇਸ਼ੁਰ ਹੀ ਸ਼ੈਤਾਨ ਦਾ ਨਾਮੋ-ਨਿਸ਼ਾਨ ਮਿਟਾ ਸਕਦਾ ਹੈ। ਉਹ ਉਸ ਨੂੰ ਇਸ ਤਰ੍ਹਾਂ ਨਾਸ਼ ਕਰੇਗਾ ਜਿਵੇਂ ਕਿ ਉਸ ਨੂੰ ਅੱਗ ਨਾਲ ਭਸਮ ਕਰ ਦਿੱਤਾ ਹੋਵੇ।—ਪ੍ਰਕਾਸ਼ ਦੀ ਕਿਤਾਬ 20:10, 14.
ਅੱਜ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਦੇ ਸਮੇਂ ਇਹ ਖ਼ਾਸ ਗੱਲ ਲੋਕਾਂ ਨੂੰ ਦੱਸਦੇ ਹਨ। (ਮੱਤੀ 24:14) ਜੀ ਹਾਂ, ਗਵਾਹਾਂ ਨੂੰ ਪੂਰਾ ਯਕੀਨ ਹੈ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਯਾਨੀ ਸਰਕਾਰ, ਜਿਸ ਦਾ ਰਾਜਾ ਮਸੀਹ ਹੈ, ਸਾਰੀ ਧਰਤੀ ਉੱਤੇ ਹਮੇਸ਼ਾ ਲਈ ਅਮਨ-ਚੈਨ ਅਤੇ ਖ਼ੁਸ਼ੀਆਂ ਲਿਆਵੇਗਾ। (ਮੱਤੀ 6:9, 10) ਇਸ ਲਈ ਉਹ ਇਸ ਰਾਜ ਦਾ ਪ੍ਰਚਾਰ ਕਰਦੇ ਰਹਿਣਗੇ ਕਿਉਂਕਿ ਉਨ੍ਹਾਂ ਲਈ ਇਨਸਾਨਾਂ ਦੀ ਬਜਾਇ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਜ਼ਿਆਦਾ ਅਹਿਮੀਅਤ ਰੱਖਦਾ ਹੈ। (g11-E 05)
ਕੀ ਤੁਸੀਂ ਕਦੇ ਸੋਚਿਆ ਹੈ?
● ਤਰਸੁਸ ਦੇ ਸ਼ਾਊਲ ਨੇ ਮਸੀਹ ਦੇ ਚੇਲਿਆਂ ਦਾ ਵਿਰੋਧ ਕਿਉਂ ਕੀਤਾ ਸੀ?—1 ਤਿਮੋਥਿਉਸ 1:12, 13.
● ਯਿਸੂ ਦੇ ਕੁਝ ਦੁਸ਼ਮਣਾਂ ਨੇ ਕਿਸ ਬੁਰੇ ਰਵੱਈਏ ਕਰਕੇ ਵਿਰੋਧ ਕੀਤਾ ਸੀ?—ਮਰਕੁਸ 15:9, 10.
● ਸੱਚੇ ਮਸੀਹੀ ਦੁਨੀਆਂ ਬਾਰੇ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਹਨ?—1 ਯੂਹੰਨਾ 2:15.
[ਸਫ਼ਾ 13 ਉੱਤੇ ਤਸਵੀਰ]
1945 ਵਿਚ ਕੈਨੇਡਾ ਦੇ ਸ਼ਹਿਰ ਕਿਊਬੈੱਕ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਕਰਕੇ ਯਹੋਵਾਹ ਦੇ ਗਵਾਹਾਂ ਉੱਤੇ ਲੋਕਾਂ ਦਾ ਹਮਲਾ
[ਕ੍ਰੈਡਿਟ ਲਾਈਨ]
Courtesy Canada Wide