Skip to content

Skip to table of contents

ਛਾਤੀ ਦਾ ਕੈਂਸਰ—ਉਮੀਦ ਤੇ ਇਲਾਜ

ਛਾਤੀ ਦਾ ਕੈਂਸਰ—ਉਮੀਦ ਤੇ ਇਲਾਜ

ਛਾਤੀ ਦਾ ਕੈਂਸਰ—ਉਮੀਦ ਤੇ ਇਲਾਜ

ਕੋਨਚੀਤਾ ਵਿਚ ਬੀਮਾਰੀ ਦੇ ਆਮ ਲੱਛਣ ਨਜ਼ਰ ਨਹੀਂ ਆਉਂਦੇ ਸਨ। * ਉਹ 40 ਸਾਲਾਂ ਦੀ ਸਿਹਤਮੰਦ ਔਰਤ ਸੀ ਅਤੇ ਉਸ ਦੇ ਪਰਿਵਾਰ ਵਿਚ ਕਦੇ ਕਿਸੇ ਨੂੰ ਛਾਤੀ ਦਾ ਕੈਂਸਰ ਨਹੀਂ ਸੀ ਹੋਇਆ। ਉਸ ਦੇ ਹੋਏ ਮੈਮੋਗ੍ਰਾਮ ਵਿਚ ਸਭ ਕੁਝ ਠੀਕ-ਠਾਕ ਸੀ। ਪਰ ਇਕ ਦਿਨ ਨਹਾਉਣ ਵੇਲੇ ਉਸ ਨੇ ਆਪਣੀ ਛਾਤੀ ਦੀ ਜਾਂਚ ਕੀਤੀ ਅਤੇ ਉਸ ਨੂੰ ਇਕ ਗਿਲਟੀ ਲੱਭੀ। ਹਾਂ, ਉਸ ਨੂੰ ਕੈਂਸਰ ਸੀ। ਜਦੋਂ ਡਾਕਟਰ ਕੋਨਚੀਤਾ ਅਤੇ ਉਸ ਦੇ ਪਤੀ ਨੂੰ ਬੀਮਾਰੀ ਅਤੇ ਇਲਾਜ ਬਾਰੇ ਸਮਝਾ ਰਿਹਾ ਸੀ, ਤਾਂ ਉਹ ਦੋਵੇਂ ਸੁੰਨ ਹੋ ਕੇ ਬੈਠੇ ਰਹੇ।

ਪਹਿਲਾਂ ਡਾਕਟਰ ਔਰਤ ਨੂੰ ਕਹਿ ਦਿੰਦੇ ਸੀ ਕਿ ਛਾਤੀ ਦੇ ਕੈਂਸਰ ਦਾ ਇਲਾਜ ਛਾਤੀ ਨੂੰ ਕਟਵਾਉਣ ਦੇ ਨਾਲ-ਨਾਲ, ਛਾਤੀ ਤੇ ਕੱਛ ਵਿਚਲੇ ਲਿੰਫ ਨੋਡਜ਼ ਅਤੇ ਛਾਤੀ ਦੀਆਂ ਮਾਸ-ਪੇਸ਼ੀਆਂ ਕੱਟ ਕੇ ਹੀ ਹੋ ਸਕਦਾ ਹੈ ਜਿਸ ਨੂੰ ਮਾਸਟੈਕਟੌਮੀ ਕਿਹਾ ਜਾਂਦਾ ਹੈ। ਇਹ ਓਪਰੇਸ਼ਨ ਕਰਨ ਨਾਲ ਔਰਤ ਦੇ ਸਰੀਰ ਦਾ ਰੂਪ ਵਿਗੜ ਜਾਂਦਾ ਹੈ। ਕੀਮੋਥੈਰੇਪੀ ਜਾਂ ਰੇਡੀਏਸ਼ਨ ਕਰਨ ਨਾਲ ਇਹ ਬੀਮਾਰੀ ਹੋਰ ਵੀ ਦੁਖਦਾਈ ਹੋ ਜਾਂਦੀ ਹੈ। ਅਸੀਂ ਸਮਝ ਸਕਦੇ ਹਾਂ ਕਿ ਔਰਤਾਂ ਇਸ ਬੀਮਾਰੀ ਤੋਂ ਜ਼ਿਆਦਾ “ਇਲਾਜ” ਤੋਂ ਕਿਉਂ ਡਰਦੀਆਂ ਹਨ।

ਛਾਤੀ ਦੇ ਕੈਂਸਰ ਖ਼ਿਲਾਫ਼ ਲੜਾਈ ਚੱਲ ਰਹੀ ਹੈ। ਇਸ ਜਾਨਲੇਵਾ ਬੀਮਾਰੀ ਦਾ ਇਲਾਜ ਕਰਨ ਦੇ ਨਾਲ-ਨਾਲ ਜੇ ਹੋ ਸਕੇ, ਤਾਂ ਬੇਵਜ੍ਹਾ ਸਰੀਰ ਦਾ ਰੂਪ ਵਿਗਾੜਨ ਅਤੇ ਇਲਾਜ ਦੇ ਬੁਰੇ ਅਸਰਾਂ ਤੋਂ ਬਚਾਅ ਲਈ ਵੀ ਸੰਘਰਸ਼ ਚੱਲ ਰਿਹਾ ਹੈ। ਜਿਸ ਤਰ੍ਹਾਂ ਕੋਨਚੀਤਾ ਕਈ ਤਰੀਕਿਆਂ ਨਾਲ ਆਪਣਾ ਇਲਾਜ ਕਰਾ ਸਕਦੀ ਸੀ, ਉਸੇ ਤਰ੍ਹਾਂ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਲਈ ਅੱਜ ਇਲਾਜ ਦੇ ਕਈ ਤਰੀਕੇ ਉਪਲਬਧ ਹਨ। * ਲਗਾਤਾਰ ਕੀਤੀਆਂ ਡਾਕਟਰੀ ਖੋਜਾਂ ਤੇ ਮੀਡੀਆ ਦੀਆਂ ਰਿਪੋਰਟਾਂ ਤੋਂ ਉਮੀਦ ਮਿਲਦੀ ਹੈ ਕਿ ਇਸ ਬੀਮਾਰੀ ਦਾ ਨਵੇਂ ਤਰੀਕਿਆਂ ਨਾਲ ਇਲਾਜ ਕੀਤਾ ਜਾ ਸਕਦਾ ਹੈ। ਇੱਥੋਂ ਤਕ ਕਿ ਡੀ.ਐਨ.ਏ ਟੈੱਸਟ ਕਰਨ ਨਾਲ ਪਹਿਲਾਂ ਹੀ ਦੇਖਿਆ ਜਾ ਸਕਦਾ ਹੈ ਕਿ ਔਰਤ ਵਿਚ ਕੈਂਸਰ ਹੋਣ ਦੀ ਸੰਭਾਵਨਾ ਹੈ ਜਾਂ ਨਹੀਂ ਅਤੇ ਚੰਗਾ ਖਾਣਾ ਖਾਣ ਨਾਲ ਇਸ ਬੀਮਾਰੀ ’ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।

ਡਾਕਟਰੀ ਇਲਾਜ ਵਿਚ ਤਰੱਕੀ ਕਰਨ ਦੇ ਬਾਵਜੂਦ ਕੈਂਸਰ ਦੇ ਮਰੀਜ਼ਾਂ ਵਿਚ, ਛਾਤੀ ਦਾ ਕੈਂਸਰ ਔਰਤਾਂ ਦੀਆਂ ਜ਼ਿਆਦਾ ਜਾਨਾਂ ਲੈਂਦਾ ਹੈ। * ਉੱਤਰੀ ਅਮਰੀਕਾ ਅਤੇ ਪੱਛਮੀ ਯੂਰਪ ਦੇ ਉਦਯੋਗਿਕ ਦੇਸ਼ਾਂ ਵਿਚ ਜ਼ਿਆਦਾ ਔਰਤਾਂ ਇਸ ਬੀਮਾਰੀ ਦੀਆਂ ਸ਼ਿਕਾਰ ਹੁੰਦੀਆਂ ਹਨ। ਪਰ ਹੁਣ ਏਸ਼ੀਆ ਅਤੇ ਅਫ਼ਰੀਕਾ ਵਿਚ, ਜਿੱਥੇ ਪਹਿਲਾਂ ਔਰਤਾਂ ਕੈਂਸਰ ਦੀਆਂ ਘੱਟ ਸ਼ਿਕਾਰ ਹੁੰਦੀਆਂ ਸਨ, ਉੱਥੇ ਹੁਣ ਦੂਸਰਿਆਂ ਦੇਸ਼ਾਂ ਨਾਲੋਂ ਜ਼ਿਆਦਾ ਮੌਤਾਂ ਹੁੰਦੀਆਂ ਹਨ। ਕਿਉਂ? ਅਫ਼ਰੀਕਾ ਦੇ ਇਕ ਡਾਕਟਰ ਨੇ ਕਿਹਾ: “ਬਹੁਤ ਘੱਟ ਔਰਤਾਂ ਸ਼ੁਰੂ ਵਿਚ ਇਸ ਬੀਮਾਰੀ ਦੇ ਲੱਛਣ ਪਛਾਣ ਪਾਉਂਦੀਆਂ ਹਨ। ਜ਼ਿਆਦਾਤਰ ਮਰੀਜ਼ ਸਾਡੇ ਕੋਲ ਉਦੋਂ ਆਉਂਦੇ ਹਨ ਜਦੋਂ ਕੈਂਸਰ ਜ਼ਿਆਦਾ ਫੈਲ ਗਿਆ ਹੁੰਦਾ ਹੈ।”

ਉਮਰ ਦੇ ਨਾਲ ਕੈਂਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਕੈਂਸਰ ਦੇ ਮਰੀਜ਼ਾਂ ਵਿਚ 80 ਪ੍ਰਤਿਸ਼ਤ ਔਰਤਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਹੁੰਦੀ ਹੈ। ਪਰ ਖ਼ੁਸ਼ੀ ਦੀ ਗੱਲ ਹੈ ਕਿ ਸਾਰੇ ਕੈਂਸਰਾਂ ਵਿੱਚੋਂ ਛਾਤੀ ਦੇ ਕੈਂਸਰ ਦਾ ਇਲਾਜ ਕੀਤਾ ਜਾ ਸਕਦਾ ਹੈ। ਵਾਕਈ, ਜਿਨ੍ਹਾਂ ਔਰਤਾਂ ਵਿਚ ਕੈਂਸਰ ਦੇ ਲੱਛਣ ਬੀਮਾਰੀ ਵਧਣ ਤੋਂ ਪਹਿਲਾਂ ਪਛਾਣੇ ਗਏ ਸਨ, ਉਨ੍ਹਾਂ ਵਿੱਚੋਂ 97 ਪ੍ਰਤਿਸ਼ਤ ਔਰਤਾਂ ਪੰਜ ਸਾਲ ਬਾਅਦ ਹਾਲੇ ਵੀ ਜੀਉਂਦੀਆਂ ਹਨ। ਹਾਲ ਹੀ ਵਿਚ ਕੋਨਚੀਤਾ ਦੇ ਵੀ ਪੰਜ ਸਾਲ ਪੂਰੇ ਹੋ ਗਏ ਸਨ।

ਛਾਤੀ ਦੇ ਕੈਂਸਰ ਬਾਰੇ ਮੁੱਖ ਗੱਲਾਂ

ਕੋਨਚੀਤਾ ਵਾਂਗ ਔਰਤ ਨੂੰ ਅਕਸਰ ਗਿਲਟੀ ਲੱਭਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸ ਨੂੰ ਛਾਤੀ ਦਾ ਕੈਂਸਰ ਹੈ। ਪਰ ਚੰਗੀ ਗੱਲ ਹੈ ਕਿ 80 ਪ੍ਰਤਿਸ਼ਤ ਗਿਲਟੀਆਂ ਜਾਨਲੇਵਾ ਨਹੀਂ ਹੁੰਦੀਆਂ, ਸਗੋਂ ਇਹ ਸਿਰਫ਼ ਪਾਣੀ ਨਾਲ ਭਰੀਆਂ ਹੁੰਦੀਆਂ ਹਨ।

ਛਾਤੀ ਦਾ ਕੈਂਸਰ ਨੁਕਸਦਾਰ ਸੈੱਲ ਤੋਂ ਸ਼ੁਰੂ ਹੁੰਦਾ ਹੈ ਜਿਸ ਤੋਂ ਹੋਰ ਸੈੱਲ ਬਣਦੇ ਜਾਂਦੇ ਹਨ ਅਤੇ ਹੌਲੀ-ਹੌਲੀ ਇਹ ਟਿਊਮਰ ਦਾ ਰੂਪ ਧਾਰ ਲੈਂਦੇ ਹਨ। ਟਿਊਮਰ ਉਦੋਂ ਜਾਨਲੇਵਾ ਜਾਂ ਕੈਂਸਰ ਵਿਚ ਬਦਲ ਜਾਂਦਾ ਹੈ ਜਦੋਂ ਇਸ ਦੇ ਸੈੱਲ ਸਰੀਰ ਦੇ ਦੂਸਰੇ ਟਿਸ਼ੂਆਂ ਵਿਚ ਫੈਲਰ ਜਾਂਦੇ ਹਨ। ਕੁਝ ਟਿਊਮਰ ਜਲਦੀ ਵਧ ਜਾਂਦੇ ਹਨ, ਜਦ ਕਿ ਦੂਸਰਿਆਂ ਬਾਰੇ ਪਤਾ ਲੱਗਣ ਵਿਚ 10 ਸਾਲ ਵੀ ਲੱਗ ਸਕਦੇ ਹਨ।

ਇਹ ਪਤਾ ਲਗਾਉਣ ਲਈ ਕਿ ਕੋਨਚੀਤਾ ਨੂੰ ਕੈਂਸਰ ਹੈ ਕਿ ਨਹੀਂ, ਉਸ ਦੇ ਡਾਕਟਰ ਨੇ ਇਕ ਪਤਲੀ ਜਿਹੀ ਸੂਈ ਨਾਲ ਉਸ ਦੀ ਗਿਲਟੀ ਵਿੱਚੋਂ ਟੈੱਸਟ ਕਰਨ ਲਈ ਟਿਸ਼ੂ ਕੱਢਿਆ। ਉਸ ਟਿਸ਼ੂ ਵਿਚ ਕੈਂਸਰ ਦੇ ਸੈੱਲ ਲੱਭੇ। ਇਸ ਲਈ ਟਿਊਮਰ ਅਤੇ ਆਲੇ-ਦੁਆਲੇ ਦੇ ਟਿਸ਼ੂ ਕੱਢਣ ਲਈ ਉਸ ਦਾ ਓਪਰੇਸ਼ਨ ਕੀਤਾ ਗਿਆ। ਓਪਰੇਸ਼ਨ ਤੋਂ ਇਹ ਵੀ ਪਤਾ ਲੱਗਾ ਕਿ ਟਿਊਮਰ ਕਿੰਨਾ ਵੱਡਾ ਸੀ, ਕਿਸ ਤਰ੍ਹਾਂ ਦਾ ਸੀ ਅਤੇ ਕਿੰਨੀ ਜਲਦੀ ਵਧਣ ਵਾਲਾ ਸੀ।

ਓਪਰੇਸ਼ਨ ਕਰਨ ਤੋਂ ਬਾਅਦ ਕਾਫ਼ੀ ਮਰੀਜ਼ਾਂ ਦਾ ਹੋਰ ਵੀ ਥੈਰੇਪੀਆਂ ਨਾਲ ਇਲਾਜ ਕੀਤਾ ਜਾਂਦਾ ਹੈ ਤਾਂਕਿ ਕੈਂਸਰ ਦੁਬਾਰਾ ਨਾ ਹੋਵੇ ਜਾਂ ਫੈਲੇ ਨਾ। ਪਰ ਕੈਂਸਰ ਦੇ ਸੈੱਲ ਟਿਊਮਰ ਤੋਂ ਵੱਖਰੇ ਹੋ ਕੇ ਖ਼ੂਨ ਜਾਂ ਲਿੰਫ ਗਲੈਂਡਾਂ ਵਗੈਰਾ ਵਿੱਚੋਂ ਲੰਘ ਕੇ ਦੁਬਾਰਾ ਸ਼ੁਰੂ ਹੋ ਸਕਦੇ ਹਨ। ਜੇ ਕੈਂਸਰ ਸਰੀਰ ਦੇ ਖ਼ਾਸ ਅੰਗਾਂ ਅਤੇ ਟਿਸ਼ੂਆਂ ਯਾਨੀ ਦਿਮਾਗ਼, ਜਿਗਰ, ਹੱਡੀਆਂ ਦੇ ਗੁੱਦੇ ਜਾਂ ਫੇਫੜਿਆਂ ਤਕ ਪਹੁੰਚ ਜਾਵੇ, ਤਾਂ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ।

ਕੋਨਚੀਤਾ ਨੂੰ ਰੇਡੀਏਸ਼ਨ ਅਤੇ ਕੀਮੋਥੈਰੇਪੀ ਦਿੱਤੀ ਗਈ ਤਾਂਕਿ ਕੈਂਸਰ ਦੇ ਸੈੱਲਾਂ ਨੂੰ ਨਾ ਸਿਰਫ਼ ਉੱਥੋਂ ਜਿੱਥੇ ਕੈਂਸਰ ਪਹਿਲਾਂ ਸ਼ੁਰੂ ਹੋਇਆ ਸੀ, ਬਲਕਿ ਬਾਕੀ ਦੇ ਸਰੀਰ ਵਿੱਚੋਂ ਵੀ ਮਾਰਿਆ ਜਾਵੇ। ਜਿਹੜਾ ਕੈਂਸਰ ਉਸ ਨੂੰ ਸੀ, ਉਹ ਐਸਟ੍ਰੋਜਨ ਹਾਰਮੋਨ ਕਰਕੇ ਵਧਦਾ ਸੀ, ਇਸ ਲਈ ਉਸ ਨੂੰ ਹਾਰਮੋਨਾਂ ਨੂੰ ਘਟਾਉਣ ਦੀ ਥੈਰੇਪੀ ਦਿੱਤੀ ਗਈ ਤਾਂਕਿ ਬੀਮਾਰੀ ਦਾ ਹੋਰ ਵਾਧਾ ਨਾ ਹੋਵੇ।

ਛਾਤੀ ਦੇ ਕੈਂਸਰ ਦੇ ਇਲਾਜ ਵਿਚ ਹੋਰ ਤਰੱਕੀ ਹੋਣ ਕਰਕੇ ਮਰੀਜ਼ ਆਪਣੀ ਉਮਰ ਅਤੇ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਚੋਣ ਕਰ ਸਕਦੇ ਹਨ ਕਿ ਉਹ ਕਿਹੜੇ ਕਿਸਮ ਦਾ ਇਲਾਜ ਪਸੰਦ ਕਰਨਗੇ। ਉਨ੍ਹਾਂ ਨੂੰ ਇਹ ਵੀ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਕਿਸ ਕਿਸਮ ਦਾ ਕੈਂਸਰ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਕਿਸੇ ਮੈਂਬਰ ਨੂੰ ਕੈਂਸਰ ਹੋਇਆ ਹੈ ਜਾਂ ਨਹੀਂ। ਮਿਸਾਲ ਲਈ, ਆਰਲੈੱਟ ਨੂੰ ਟੈੱਸਟ ਕਰਵਾਉਣ ਤੋਂ ਬਾਅਦ ਪਤਾ ਲੱਗ ਗਿਆ ਸੀ ਕਿ ਉਸ ਨੂੰ ਕੈਂਸਰ ਹੈ ਜੋ ਹਾਲੇ ਦੁੱਧ ਦੀ ਨਾੜੀ ਤਕ ਨਹੀਂ ਸੀ ਫੈਲਿਆ। ਇਸ ਲਈ ਓਪਰੇਸ਼ਨ ਕਰਨ ਨਾਲ ਉਸ ਦੀ ਛਾਤੀ ਵਿੱਚੋਂ ਗਿਲਟੀ ਕੱਢ ਦਿੱਤੀ ਗਈ। ਇਸ ਨਾਲ ਉਸ ਦੀ ਛਾਤੀ ਕੱਟੇ ਜਾਣ ਤੋਂ ਬਚ ਗਈ। ਐਲਿਸ ਦਾ ਓਪਰੇਸ਼ਨ ਕਰਨ ਤੋਂ ਪਹਿਲਾਂ ਉਸ ਨੂੰ ਕੀਮੋਥੈਰੇਪੀ ਦਿੱਤੀ ਗਈ ਤਾਂਕਿ ਉਸ ਦਾ ਟਿਊਮਰ ਸੁੰਗੜ ਜਾਵੇ। ਜੇਨਿਸ ਦੇ ਸਰਜਨ ਨੇ ਟਿਊਮਰ ਅਤੇ ਪਹਿਲਾ ਲਿੰਫ ਨੋਡ ਕੱਢਿਆ ਜਿਸ ਵਿਚ ਟਿਊਮਰ ਦਾ ਪਾਣੀ ਜਾਂਦਾ ਸੀ। ਦੂਸਰੇ ਨੋਡਜ਼ ਵਿਚ ਕੈਂਸਰ ਸੈੱਲ ਨਾ ਹੋਣ ਕਰਕੇ ਉਨ੍ਹਾਂ ਨੂੰ ਕੱਢਣ ਦੀ ਲੋੜ ਨਹੀਂ ਪਈ। ਜੇ ਜ਼ਿਆਦਾ ਲਿੰਫ ਨੋਡਜ਼ ਕੱਢੇ ਜਾਂਦੇ, ਤਾਂ ਉਸ ਦੀ ਬਾਂਹ ਨੂੰ ਸੋਜਾ (lymphedema) ਪੈ ਜਾਣਾ ਸੀ। ਇਸ ਨਾਲ ਉਸ ਨੂੰ ਬਹੁਤ ਦਰਦ ਹੋਣਾ ਸੀ।

ਭਾਵੇਂ ਕਿ ਛਾਤੀ ਦੇ ਕੈਂਸਰ ਦੇ ਵਧਣ ਬਾਰੇ ਕਾਫ਼ੀ ਕੁਝ ਪਤਾ ਹੈ, ਫਿਰ ਵੀ ਇਕ ਜ਼ਰੂਰੀ ਸਵਾਲ ਰਹਿੰਦਾ ਹੈ ਕਿ ਛਾਤੀ ਦਾ ਕੈਂਸਰ ਕਿਉਂ ਅਤੇ ਕਿਵੇਂ ਸ਼ੁਰੂ ਹੁੰਦਾ ਹੈ?

ਛਾਤੀ ਦੇ ਕੈਂਸਰ ਦੇ ਕਾਰਨ ਕੀ ਹਨ?

ਛਾਤੀ ਦੇ ਕੈਂਸਰ ਦੇ ਕਾਰਨਾਂ ਬਾਰੇ ਹਾਲੇ ਵੀ ਪਤਾ ਨਹੀਂ ਹੈ। ਕੁਝ ਲੋਕ ਕਹਿੰਦੇ ਹਨ ਕਿ ਇਸ ਬੀਮਾਰੀ ਦੇ ਕਾਰਨ ਲੱਭਣ ਜਾਂ ਇਸ ਨੂੰ ਰੋਕਣ ਦੇ ਤਰੀਕੇ ਲੱਭਣ ਦੀ ਬਜਾਇ ਜ਼ਿਆਦਾ ਖੋਜ ਇਲਾਜ ਅਤੇ ਸਕ੍ਰੀਨਿੰਗ ਉੱਤੇ ਕੀਤੀ ਜਾਂਦੀ ਹੈ ਕਿਉਂਕਿ ਇਸ ਤੋਂ ਜ਼ਿਆਦਾ ਮੁਨਾਫ਼ਾ ਹੁੰਦਾ ਹੈ। ਫਿਰ ਵੀ ਵਿਗਿਆਨੀਆਂ ਨੇ ਕਈ ਹੋਰ ਜ਼ਰੂਰੀ ਗੱਲਾਂ ਦਾ ਪਤਾ ਲਗਾਇਆ ਹੈ। ਕੁਝ ਮੰਨਦੇ ਹਨ ਕਿ ਛਾਤੀ ਦਾ ਕੈਂਸਰ ਕਾਫ਼ੀ ਗੁੰਝਲਦਾਰ ਤਰੀਕੇ ਨਾਲ ਸ਼ੁਰੂ ਹੁੰਦਾ ਹੈ। ਕੈਂਸਰ ਇਕ ਨੁਕਸਦਾਰ ਜੀਨ ਤੋਂ ਸ਼ੁਰੂ ਹੁੰਦਾ ਹੈ ਜਿਸ ਕਾਰਨ ਸੈੱਲ ਚੰਗੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇਹ ਸੈੱਲ ਤੇਜ਼ੀ ਨਾਲ ਵਧਦੇ ਜਾਂਦੇ ਹਨ ਅਤੇ ਸਰੀਰ ਦੇ ਦੂਸਰੇ ਟਿਸ਼ੂਆਂ ਵਿਚ ਫੈਲ ਜਾਂਦੇ ਹਨ। ਬੀਮਾਰੀਆਂ ਨਾਲ ਲੜਨ ਵਾਲੇ ਸੈੱਲ ਵੀ ਇਨ੍ਹਾਂ ਨੁਕਸਦਾਰ ਸੈੱਲਾਂ ਨੂੰ ਮਾਰਨ ਵਿਚ ਕਾਮਯਾਬ ਨਹੀਂ ਹੁੰਦੇ ਅਤੇ ਅੱਗੇ ਵਧ ਕੇ ਖ਼ਾਸ ਅੰਗਾਂ ’ਤੇ ਹਮਲਾ ਕਰਨ ਲੱਗ ਪੈਂਦੇ ਹਨ।

ਇਹ ਨੁਕਸਦਾਰ ਜੀਨ ਕਿੱਥੋਂ ਆਉਂਦੇ ਹਨ? ਪੰਜ ਤੋਂ ਦਸ ਪ੍ਰਤਿਸ਼ਤ ਔਰਤਾਂ ਵਿਚ ਜਨਮ ਤੋਂ ਹੀ ਹੁੰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਛਾਤੀ ਦਾ ਕੈਂਸਰ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਪਰ ਲੱਗਦਾ ਹੈ ਕਿ ਕਈਆਂ ਔਰਤਾਂ ਦੇ ਤੰਦਰੁਸਤ ਜੀਨ ਰੇਡੀਏਸ਼ਨ ਅਤੇ ਹੋਰ ਰਸਾਇਣਕ ਪਦਾਰਥਾਂ ਕਰਕੇ ਖ਼ਰਾਬ ਹੋ ਜਾਂਦੇ ਹਨ। ਸ਼ਾਇਦ ਭਵਿੱਖ ਵਿਚ ਕੀਤੀਆਂ ਖੋਜਾਂ ਇਸ ਗੱਲ ਦੀ ਪੁਸ਼ਟੀ ਕਰਨ।

ਇਕ ਹੋਰ ਕਾਰਨ ਹੋ ਸਕਦਾ ਹੈ ਕਿ ਐਸਟ੍ਰੋਜਨ ਹਾਰਮੋਨ ਵਿਚ ਵਾਧਾ ਹੋਣ ਕਰਕੇ ਛਾਤੀ ਦੇ ਕੁਝ ਕੈਂਸਰਾਂ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਛੋਟੀ ਉਮਰ ਵਿਚ ਮਾਹਵਾਰੀ ਸ਼ੁਰੂ ਹੋਣ, ਜ਼ਿਆਦਾ ਉਮਰ ਹੋਣ ਤੋਂ ਬਾਅਦ ਮਾਹਵਾਰੀ ਬੰਦ ਹੋਣ, ਜ਼ਿਆਦਾ ਉਮਰ ਵਿਚ ਮਾਂ ਬਣਨ, ਬੱਚਾ ਨਾ ਹੋਣ ਕਾਰਨ ਜਾਂ ਹਾਰਮੋਨ ਰਿਪਲੇਸਮੈਂਟ ਥੈਰੇਪੀ ਕਰਵਾਉਣ ਨਾਲ ਔਰਤਾਂ ਨੂੰ ਕੈਂਸਰ ਹੋਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਮਾਹਵਾਰੀ ਬੰਦ ਹੋਣ ਤੋਂ ਬਾਅਦ ਔਰਤਾਂ ਦੇ ਅੰਡਕੋਸ਼ ਹਾਰਮੋਨ ਬਣਾਉਣੇ ਬੰਦ ਕਰ ਦਿੰਦੇ ਹਨ, ਪਰ ਇਨ੍ਹਾਂ ਵਿੱਚੋਂ ਮੋਟਾਪੇ ਦੀਆਂ ਸ਼ਿਕਾਰ ਔਰਤਾਂ ਦੇ ਸੈੱਲ ਐਸਟ੍ਰੋਜਨ ਹਾਰਮੋਨ ਪੈਦਾ ਕਰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਛਾਤੀ ਦਾ ਕੈਂਸਰ ਹੋਣ ਦਾ ਜ਼ਿਆਦਾ ਖ਼ਤਰਾ ਹੈ। ਜੇ ਇਨਸੁਲੀਨ ਹਾਰਮੋਨ ਜ਼ਿਆਦਾ ਹੋਣ ਅਤੇ ਨੀਂਦ ਦੇ ਮੈਲਾਟੋਨਿਨ ਹਾਰਮੋਨ ਘੱਟ ਹੋਣ, ਤਾਂ ਵੀ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ। ਇਹ ਹਾਰਮੋਨ ਰਾਤ ਨੂੰ ਕੰਮ ਕਰਨ ਵਾਲਿਆਂ ਵਿਚ ਘੱਟ ਹੁੰਦੇ ਹਨ।

ਕੀ ਛਾਤੀ ਦੇ ਕੈਂਸਰ ਲਈ ਜ਼ਿਆਦਾ ਅਸਰਦਾਰ ਅਤੇ ਘੱਟ ਦੁਖਦਾਈ ਇਲਾਜ ਲੱਭਣ ਦੀ ਉਮੀਦ ਹੈ? ਖੋਜਕਾਰ ਨਵੀਆਂ ਥੈਰੇਪੀਆਂ ਤਿਆਰ ਕਰ ਰਹੇ ਹਨ ਜਿਨ੍ਹਾਂ ਦੀ ਮਦਦ ਨਾਲ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਯੋਗਤਾ ਅਤੇ ਦਵਾਈਆਂ ਰਾਹੀਂ ਉਨ੍ਹਾਂ ਹਿੱਸਿਆਂ ’ਤੇ ਵਾਰ ਕੀਤਾ ਜਾਵੇਗਾ ਜਿਨ੍ਹਾਂ ਦੇ ਜ਼ਰੀਏ ਕੈਂਸਰ ਫੈਲਦਾ ਹੈ। ਫਿਲਹਾਲ ਇਮੇਜਿੰਗ ਤਕਨਾਲੋਜੀ ਵਿਚ ਤਰੱਕੀ ਹੋਣ ਸਦਕਾ ਡਾਕਟਰ ਐਨ ਸਹੀ ਜਗ੍ਹਾ ਤੇ ਮਰੀਜ਼ ਨੂੰ ਰੇਡੀਏਸ਼ਨ ਦੇ ਸਕਦੇ ਹਨ।

ਵਿਗਿਆਨੀ ਕੈਂਸਰ ਦੇ ਵੱਖੋ-ਵੱਖਰੇ ਪਹਿਲੂਆਂ ਬਾਰੇ ਸਿੱਖ ਰਹੇ ਹਨ। ਮਿਸਾਲ ਲਈ ਕੈਂਸਰ ਦੀ ਬੀਮਾਰੀ ਵਧਦੀ ਕਿੱਦਾਂ ਹੈ, ਕੈਂਸਰ ਦੇ ਸੈੱਲ ਕੀਮੋਥੈਰੇਪੀ ਤੋਂ ਕਿਵੇਂ ਬਚਦੇ ਹਨ, ਸੈੱਲਾਂ ਦੇ ਵਾਧੇ ਵਿਚ ਨੁਕਸ ਕਿਵੇਂ ਪੈਂਦਾ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਟਿਊਮਰਾਂ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ।

ਇਸ ਦੇ ਬਾਵਜੂਦ, ਇਸ ਦੁਨੀਆਂ ਵਿਚ ਬੀਮਾਰੀਆਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਅਤੇ ਇਨਸਾਨ ਮਰਦੇ ਰਹਿਣਗੇ। (ਰੋਮੀਆਂ 5:12) ਸਿਰਫ਼ ਸਾਡਾ ਸਿਰਜਣਹਾਰ ਹੀ ਸਾਡੀਆਂ ਬੀਮਾਰੀਆਂ ਨੂੰ ਦੂਰ ਕਰ ਸਕਦਾ ਹੈ। ਪਰ ਕੀ ਉਹ ਇਸ ਤਰ੍ਹਾਂ ਕਰੇਗਾ? ਬਾਈਬਲ ਇਸ ਦਾ ਜਵਾਬ ਹਾਂ ਵਿਚ ਦਿੰਦੀ ਹੈ! ਬਾਈਬਲ ਕਹਿੰਦੀ ਹੈ ਕਿ ਉਹ ਸਮਾਂ ਆਵੇਗਾ ਜਦ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” * (ਯਸਾਯਾਹ 33:24) ਉਸ ਵੇਲੇ ਅਸੀਂ ਸਾਰੇ ਸੁੱਖ ਦਾ ਸਾਹ ਲਵਾਂਗੇ! (g11-E 08)

[ਫੁਟਨੋਟ]

^ ਪੈਰਾ 2 ਕੁਝ ਨਾਂ ਬਦਲੇ ਗਏ ਹਨ।

^ ਪੈਰਾ 4 ਜਾਗਰੂਕ ਬਣੋ! ਰਸਾਲਾ ਸੁਝਾਅ ਨਹੀਂ ਦਿੰਦਾ ਕਿ ਤੁਹਾਨੂੰ ਕਿਹੋ ਜਿਹਾ ਇਲਾਜ ਕਰਾਉਣਾ ਚਾਹੀਦਾ ਹੈ।

^ ਪੈਰਾ 5 ਮਰਦਾਂ ਵਿਚ ਔਰਤਾਂ ਨਾਲੋਂ ਛਾਤੀ ਦਾ ਕੈਂਸਰ ਬਹੁਤ ਘੱਟ ਹੁੰਦਾ ਹੈ।

^ ਪੈਰਾ 21 ਇਸ ਵਾਅਦੇ ਬਾਰੇ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਵਿਚ ਹੋਰ ਗੱਲਬਾਤ ਕੀਤੀ ਗਈ ਹੈ।

[ਸਫ਼ਾ 27 ਉੱਤੇ ਡੱਬੀ]

ਬੀਮਾਰੀ ਦੇ ਲੱਛਣ

ਬਹੁਤ ਜ਼ਰੂਰੀ ਹੈ ਕਿ ਬੀਮਾਰੀ ਦੇ ਲੱਛਣ ਜਲਦੀ ਪਛਾਣੇ ਜਾਣ। ਕੁਝ ਖੋਜਾਂ ਤੋਂ ਪਤਾ ਲੱਗਾ ਹੈ ਕਿ ਜਵਾਨ ਔਰਤਾਂ ਵਿਚ ਛਾਤੀ ਦੀ ਜਾਂਚ ਅਤੇ ਮੈਮੋਗ੍ਰਾਮ ਦੇ ਨਤੀਜੇ ਸ਼ਾਇਦ ਇੰਨੇ ਸਹੀ ਨਾ ਹੋਣ ਜਿਸ ਕਰਕੇ ਇਹ ਔਰਤਾਂ ਬੇਲੋੜਾ ਇਲਾਜ ਕਰਾ ਬੈਠਦੀਆਂ ਹਨ ਅਤੇ ਚਿੰਤਾ ਵਿਚ ਪੈ ਜਾਂਦੀਆਂ ਹਨ। ਪਰ ਮਾਹਰ ਤਾਕੀਦ ਕਰਦੇ ਹਨ ਕਿ ਔਰਤਾਂ ਨੂੰ ਆਪਣੀ ਛਾਤੀ ਅਤੇ ਲਿੰਫ ਨੋਡਜ਼ ਵਿਚ ਆਈ ਕਿਸੇ ਵੀ ਤਬਦੀਲੀ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਹੇਠਾਂ ਇਸ ਬੀਮਾਰੀ ਦੇ ਕੁਝ ਲੱਛਣ ਦਿੱਤੇ ਗਏ ਹਨ:

● ਕੱਛ ਜਾਂ ਛਾਤੀ ਵਿਚ ਗਿਲਟੀ ਜਾਂ ਚਮੜੀ ਦਾ ਮੋਟਾ ਹੋਣਾ

● ਦੁੱਧ ਤੋਂ ਇਲਾਵਾ ਛਾਤੀ ਦੀ ਿਨੱਪਲ ਤੋਂ ਕੋਈ ਹੋਰ ਤਰਲ ਦਾ ਨਿਕਲਣਾ

● ਚਮੜੀ ਦਾ ਰੰਗ ਜਾਂ ਰੂਪ ਬਦਲਣਾ

● ਿਨੱਪਲ ਦਾ ਅੰਦਰ ਨੂੰ ਧਸਣਾ ਜਾਂ ਉਸ ਵਿਚ ਦਰਦ ਹੋਣਾ

[ਸਫ਼ਾ 27 ਉੱਤੇ ਡੱਬੀ]

ਜੇ ਤੁਹਾਨੂੰ ਛਾਤੀ ਦਾ ਕੈਂਸਰ ਹੈ

● ਇਲਾਜ ਅਤੇ ਠੀਕ ਹੋਣ ਵਿਚ ਸਾਲ ਤੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ।

● ਜੇ ਹੋ ਸਕੇ ਤਾਂ ਤਜਰਬੇਕਾਰ ਡਾਕਟਰਾਂ ਕੋਲ ਜਾਓ ਜੋ ਤੁਹਾਡੀਆਂ ਲੋੜਾਂ ਅਤੇ ਵਿਸ਼ਵਾਸਾਂ ਦੀ ਕਦਰ ਕਰਦੇ ਹਨ।

● ਆਪਣੇ ਪਰਿਵਾਰ ਨਾਲ ਮਿਲ ਕੇ ਫ਼ੈਸਲਾ ਕਰੋ ਕਿ ਤੁਸੀਂ ਬੀਮਾਰੀ ਬਾਰੇ ਕਿਨ੍ਹਾਂ ਨੂੰ ਅਤੇ ਕਦੋਂ ਦੱਸੋਗੇ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਦੋਸਤਾਂ-ਮਿੱਤਰਾਂ ਨੂੰ ਆਪਣਾ ਪਿਆਰ ਦਿਖਾਉਣ ਅਤੇ ਤੁਹਾਡੇ ਨਾਲ ਤੇ ਤੁਹਾਡੇ ਲਈ ਪ੍ਰਾਰਥਨਾ ਕਰਨ ਦਾ ਮੌਕਾ ਮਿਲੇਗਾ।—1 ਯੂਹੰਨਾ 3:18.

● ਪਰੇਸ਼ਾਨੀ ਦਾ ਸਾਮ੍ਹਣਾ ਕਰਨ ਲਈ ਬਾਈਬਲ ਪੜ੍ਹੋ, ਪ੍ਰਾਰਥਨਾ ਕਰੋ ਅਤੇ ਚੰਗੀਆਂ ਗੱਲਾਂ ’ਤੇ ਸੋਚ-ਵਿਚਾਰ ਕਰੋ।—ਰੋਮੀਆਂ 15:4; ਫ਼ਿਲਿੱਪੀਆਂ 4:6, 7.

● ਉਨ੍ਹਾਂ ਨਾਲ ਗੱਲ ਕਰੋ ਜਿਨ੍ਹਾਂ ਨੂੰ ਛਾਤੀ ਦਾ ਕੈਂਸਰ ਹੋਇਆ ਹੈ ਅਤੇ ਜਿਹੜੇ ਤੁਹਾਨੂੰ ਹੌਸਲਾ ਦੇਣਗੇ।—2 ਕੁਰਿੰਥੀਆਂ 1:7.

● ਅੱਜ ਦੀਆਂ ਚਿੰਤਾਵਾਂ ਬਾਰੇ ਸੋਚੋ ਨਾ ਕਿ ਕੱਲ੍ਹ ਦੀਆਂ। ਯਿਸੂ ਨੇ ਕਿਹਾ: “ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ।”—ਮੱਤੀ 6:34.

● ਜ਼ਿਆਦਾ ਕੰਮ ਕਰ ਕੇ ਥੱਕ ਨਾ ਜਾਓ। ਤੁਹਾਨੂੰ ਚੰਗੀ ਤਰ੍ਹਾਂ ਆਰਾਮ ਕਰਨ ਦੀ ਲੋੜ ਹੈ।

[ਸਫ਼ਾ 28 ਉੱਤੇ ਡੱਬੀ]

ਆਪਣੇ ਡਾਕਟਰ ਨਾਲ ਗੱਲ ਕਰੋ

● ਛਾਤੀ ਦੇ ਕੈਂਸਰ ਬਾਰੇ ਥੋੜ੍ਹੀ-ਬਹੁਤੀ ਡਾਕਟਰੀ ਭਾਸ਼ਾ ਸਿੱਖੋ।

● ਡਾਕਟਰ ਨੂੰ ਮਿਲਣ ਤੋਂ ਪਹਿਲਾਂ ਆਪਣੇ ਸਵਾਲ ਲਿਖ ਲਓ ਅਤੇ ਆਪਣੇ ਪਤੀ ਜਾਂ ਕਿਸੇ ਦੋਸਤ ਨੂੰ ਆਪਣੇ ਨਾਲ ਲੈ ਜਾਓ ਤਾਂਕਿ ਉਹ ਤੁਹਾਡੇ ਲਈ ਨੋਟਸ ਲਿਖ ਸਕੇ।

● ਜੇ ਡਾਕਟਰ ਦੀ ਕੋਈ ਗੱਲ ਤੁਹਾਨੂੰ ਸਮਝ ਨਹੀਂ ਆਉਂਦੀ, ਤਾਂ ਉਸ ਨੂੰ ਸਮਝਾਉਣ ਲਈ ਕਹੋ।

● ਡਾਕਟਰ ਨੂੰ ਪੁੱਛੋ ਕਿ ਉਸ ਨੇ ਇਸ ਤਰ੍ਹਾਂ ਦੇ ਕੈਂਸਰ ਵਾਲੇ ਕਿੰਨੇ ਮਰੀਜ਼ਾਂ ਦਾ ਇਲਾਜ ਕੀਤਾ ਹੈ।

● ਜੇ ਹੋ ਸਕੇ ਤਾਂ ਕਿਸੇ ਹੋਰ ਡਾਕਟਰ ਦੀ ਵੀ ਰਾਇ ਲਓ।

● ਜੇ ਡਾਕਟਰ ਇਕ-ਦੂਜੇ ਨਾਲ ਸਹਿਮਤ ਨਾ ਹੋਣ, ਤਾਂ ਇਸ ਗੱਲ ਨੂੰ ਧਿਆਨ ਵਿਚ ਰੱਖੋ ਕਿ ਕਿਹੜੇ ਡਾਕਟਰ ਕੋਲ ਜ਼ਿਆਦਾ ਤਜਰਬਾ ਹੈ। ਡਾਕਟਰਾਂ ਨੂੰ ਕਹੋ ਕਿ ਉਹ ਤੁਹਾਡੀ ਸਥਿਤੀ ਬਾਰੇ ਇਕ-ਦੂਜੇ ਨਾਲ ਗੱਲ ਕਰਨ।

[ਸਫ਼ਾ 29 ਉੱਤੇ ਡੱਬੀ]

ਇਲਾਜ ਦੇ ਬੁਰੇ ਅਸਰਾਂ ਨਾਲ ਸਿੱਝਣਾ

ਕੈਂਸਰ ਦੀਆਂ ਕੁਝ ਦਵਾਈਆਂ ਅਤੇ ਥੈਰੇਪੀਆਂ ਦੇ ਇਹ ਬੁਰੇ ਅਸਰ ਪੈਂਦੇ ਹਨ: ਕਚਿਆਣ, ਵਾਲ਼ਾਂ ਦਾ ਝੜਨਾ, ਬੇਹੱਦ ਥਕਾਵਟ, ਦਰਦ, ਹੱਥ-ਪੈਰ ਸੁੰਨ ਹੋਣੇ ਜਾਂ ਇਨ੍ਹਾਂ ਵਿਚ ਚੀਸਾਂ ਪੈਣੀਆਂ ਅਤੇ ਚਮੜੀ ਦਾ ਖ਼ੁਸ਼ਕ ਜਾਂ ਖ਼ਰਾਬ ਹੋਣਾ। ਹੇਠਾਂ ਦਿੱਤੇ ਹੋਏ ਸੁਝਾਅ ਸ਼ਾਇਦ ਇਨ੍ਹਾਂ ਅਸਰਾਂ ਨੂੰ ਕੁਝ ਹੱਦ ਤਕ ਘਟਾ ਸਕਣ:

● ਸਰੀਰ ਦੀ ਬੀਮਾਰੀ ਨਾਲ ਲੜਨ ਦੀ ਯੋਗਤਾ ਵਧਾਉਣ ਲਈ ਚੰਗਾ ਖਾਣਾ ਖਾਓ।

● ਲਿਖ ਲਓ ਕਿ ਕਦੋਂ ਤੁਹਾਡੇ ਵਿਚ ਤਾਕਤ ਹੁੰਦੀ ਹੈ, ਕਦੋਂ ਤੁਸੀਂ ਥੱਕ ਜਾਂਦੇ ਹੋ ਅਤੇ ਕਿਹੜਾ ਖਾਣਾ ਤੁਹਾਨੂੰ ਨਹੀਂ ਪਚਦਾ।

● ਦੇਖੋ ਜੇ ਦਵਾਈ, ਐਕਯੂਪੰਕਚਰ ਜਾਂ ਮਾਲਸ਼ ਕਰਵਾਉਣ ਨਾਲ ਕਚਿਆਣ ਅਤੇ ਦਰਦ ਘੱਟਦਾ ਹੈ।

● ਤਾਕਤ ਵਧਾਉਣ ਲਈ, ਭਾਰ ਨੂੰ ਕੰਟ੍ਰੋਲ ਕਰਨ ਲਈ ਅਤੇ ਸਰੀਰ ਦੀ ਬੀਮਾਰੀ ਨਾਲ ਲੜਨ ਦੀ ਯੋਗਤਾ ਵਧਾਉਣ ਲਈ ਥੋੜ੍ਹੀ ਜਿਹੀ ਕਸਰਤ ਕਰੋ। *

● ਚੰਗੀ ਤਰ੍ਹਾਂ ਆਰਾਮ ਕਰੋ, ਪਰ ਇਹ ਵੀ ਯਾਦ ਰੱਖੋ ਕਿ ਲੰਬੇ ਸਮੇਂ ਲਈ ਮੰਜੇ ’ਤੇ ਪਏ ਰਹਿਣ ਨਾਲ ਥਕਾਵਟ ਵਧ ਵੀ ਸਕਦੀ ਹੈ।

● ਆਪਣੀ ਚਮੜੀ ਨੂੰ ਕਰੀਮ ਲਾ ਕੇ ਮੁਲਾਇਮ ਰੱਖੋ। ਖੁੱਲ੍ਹੇ-ਖੁੱਲ੍ਹੇ ਕੱਪੜੇ ਪਾਓ। ਕੋਸੇ ਪਾਣੀ ਨਾਲ ਨਹਾਓ।

[ਫੁਟਨੋਟ]

^ ਪੈਰਾ 57 ਕੈਂਸਰ ਦੇ ਮਰੀਜ਼ਾਂ ਨੂੰ ਕਸਰਤ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

[ਸਫ਼ਾ 30 ਉੱਤੇ ਡੱਬੀ]

ਜੇ ਸਾਡੇ ਕਿਸੇ ਅਜ਼ੀਜ਼ ਨੂੰ ਕੈਂਸਰ ਹੋਵੇ

ਤੁਸੀਂ ਆਪਣੇ ਅਜ਼ੀਜ਼ ਨੂੰ ਹੌਸਲਾ ਕਿਵੇਂ ਦੇ ਸਕਦੇ ਹੋ? ਬਾਈਬਲ ਦਾ ਇਹ ਅਸੂਲ ਲਾਗੂ ਕਰੋ: “ਖ਼ੁਸ਼ੀਆਂ ਮਨਾਉਣ ਵਾਲੇ ਲੋਕਾਂ ਨਾਲ ਖ਼ੁਸ਼ੀਆਂ ਮਨਾਓ; ਰੋਣ ਵਾਲੇ ਲੋਕਾਂ ਨਾਲ ਰੋਵੋ।” (ਰੋਮੀਆਂ 12:15) ਆਪਣਾ ਪਿਆਰ ਅਤੇ ਚਿੰਤਾ ਜ਼ਾਹਰ ਕਰਨ ਲਈ ਟੈਲੀਫ਼ੋਨ ਕਰੋ, ਚਿੱਠੀਆਂ, ਕਾਰਡ, ਈ-ਮੇਲ ਲਿਖੋ ਅਤੇ ਮਰੀਜ਼ ਨੂੰ ਥੋੜ੍ਹੇ ਸਮੇਂ ਲਈ ਮਿਲਣ ਜਾਓ। ਇਕੱਠੇ ਪ੍ਰਾਰਥਨਾ ਕਰੋ ਅਤੇ ਦਿਲਾਸਾ ਦੇਣ ਵਾਲੀਆਂ ਆਇਤਾਂ ਪੜ੍ਹੋ। ਯਹੋਵਾਹ ਦੇ ਗਵਾਹਾਂ ਦੇ ਇਕ ਸਫ਼ਰੀ ਨਿਗਾਹਬਾਨ ਦੀ ਪਤਨੀ ਬੈਰਲ ਨੇ ਕਿਹਾ: “ਉਨ੍ਹਾਂ ਮਰੀਜ਼ਾਂ ਦਾ ਜ਼ਿਕਰ ਨਾ ਕਰੋ ਜੋ ਕੈਂਸਰ ਕਰਕੇ ਮਰ ਗਏ ਹਨ, ਸਗੋਂ ਉਨ੍ਹਾਂ ਦੀ ਗੱਲ ਕਰੋ ਜੋ ਇਹ ਬੀਮਾਰੀ ਹੋਣ ਦੇ ਬਾਵਜੂਦ ਜੀਉਂਦੇ ਹਨ।” ਜੈਨਿਸ, ਜਿਸ ਨੂੰ ਕੈਂਸਰ ਸੀ, ਇਹ ਸਲਾਹ ਦਿੰਦੀ ਹੈ: “ਇੰਨਾ ਹੀ ਬਹੁਤ ਹੈ ਕਿ ਤੁਸੀਂ ਆਪਣੀ ਸਹੇਲੀ ਨੂੰ ਜਾ ਕੇ ਜੱਫੀ ਪਾਓ। ਜੇ ਉਹ ਆਪਣੀ ਬੀਮਾਰੀ ਬਾਰੇ ਗੱਲ ਕਰਨੀ ਚਾਹੁੰਦੀ ਹੈ, ਤਾਂ ਉਹ ਜ਼ਰੂਰ ਕਰੇਗੀ।” ਪਤੀਆਂ ਨੂੰ ਖ਼ਾਸ ਕਰਕੇ ਆਪਣੀਆਂ ਪਤਨੀਆਂ ਨੂੰ ਪਿਆਰ ਦਾ ਅਹਿਸਾਸ ਦਿਲਾਉਣ ਦੀ ਲੋੜ ਹੈ।

ਜੈਫ ਯਾਦ ਕਰ ਕੇ ਕਹਿੰਦਾ ਹੈ: “ਅਸੀਂ ਅਕਸਰ ਇਕ ਦਿਨ ਰੱਖਦੇ ਸੀ ਜਦੋਂ ਅਸੀਂ ਕੈਂਸਰ ਬਾਰੇ ਗੱਲ ਨਹੀਂ ਕਰਦੇ ਸੀ। ਮੇਰੀ ਪਤਨੀ ਨੇ ਠਾਣ ਲਿਆ ਸੀ ਕਿ ਅਸੀਂ ਸਿਰਫ਼ ਉਸ ਦੀ ਬੀਮਾਰੀ ਵੱਲ ਹੀ ਧਿਆਨ ਨਹੀਂ ਦੇਵਾਂਗੇ। ਇਸ ਲਈ ਅਸੀਂ ਫ਼ੈਸਲਾ ਕੀਤਾ ਕਿ ਅਸੀਂ ਬਾਕਾਇਦਾ ਇਕ ਦਿਨ ਰੱਖਾਂਗੇ ਜਦ ਅਸੀਂ ਕੈਂਸਰ ਦਾ ਜ਼ਿਕਰ ਵੀ ਨਹੀਂ ਕਰਾਂਗੇ। ਇਸ ਦੀ ਬਜਾਇ, ਅਸੀਂ ਆਪਣੀ ਜ਼ਿੰਦਗੀ ਵਿਚ ਹੁੰਦੀਆਂ ਚੰਗੀਆਂ ਗੱਲਾਂ ਬਾਰੇ ਗੱਲ ਕਰਦੇ ਸੀ। ਸਾਨੂੰ ਇੱਦਾਂ ਲੱਗਦਾ ਸੀ ਜਿਵੇਂ ਅਸੀਂ ਬੀਮਾਰੀ ਤੋਂ ਛੁੱਟੀ ਲੈ ਲਈ ਹੋਵੇ।”

[ਸਫ਼ਾ 30 ਉੱਤੇ ਡੱਬੀ]

ਯਾਦਾਂ

ਬੀਮਾਰੀ ਬਾਰੇ ਸੁਣਨ ਤੋਂ ਬਾਅਦ

ਸ਼ੈਰਨ: ਮੇਰੀ ਜ਼ਿੰਦਗੀ ਇਕ ਪਲ ਵਿਚ ਬਦਲ ਗਈ। ਮੈਂ ਆਪਣੇ ਆਪ ਨੂੰ ਕਿਹਾ: “ਮੈਂ ਦੋ ਦਿਨਾਂ ਦੀ ਮਹਿਮਾਨ ਹਾਂ।”

ਸਭ ਤੋਂ ਔਖੀ ਘੜੀ

ਸਾਂਡਰਾ: ਇਲਾਜ ਨਾਲੋਂ ਜ਼ਿਆਦਾ ਚਿੰਤਾ ਬੰਦੇ ਨੂੰ ਖਾ ਲੈਂਦੀ ਹੈ।

ਮਾਰਗਰਟ: ਦੋ ਵਾਰ ਥੈਰੇਪੀ ਕਰਾਉਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ: “ਮੈਂ ਥੈਰੇਪੀ ਨਹੀਂ ਕਰਾਉਣੀ ਚਾਹੁੰਦੀ।” ਪਰ ਤੁਹਾਨੂੰ ਕਰਾਉਣੀ ਪੈਂਦੀ ਹੈ।

ਦੋਸਤਾਂ ਦਾ ਸਹਾਰਾ

ਆਰਲੈੱਟ: ਅਸੀਂ ਆਪਣੇ ਦੋਸਤਾਂ ਨੂੰ ਬੀਮਾਰੀ ਬਾਰੇ ਦੱਸ ਦਿੱਤਾ ਸੀ ਤਾਂਕਿ ਉਹ ਸਾਡੇ ਲਈ ਪ੍ਰਾਰਥਨਾ ਕਰ ਸਕਣ।

ਜੈਨੀ: ਮੇਰੇ ਲਈ ਇੰਨਾ ਹੀ ਬਹੁਤ ਸੀ ਜਦ ਮੈਨੂੰ ਕੋਈ ਮੁਸਕਰਾਹਟ ਦਿੰਦਾ ਸੀ, ਸਿਰ ਨਾਲ ਇਸ਼ਾਰਾ ਕਰ ਕੇ ਨਮਸਤੇ ਜਾਂ ਹੈਲੋ ਕਹਿੰਦਾ ਸੀ।

ਪਤੀਆਂ ਵੱਲੋਂ ਸਹਾਰਾ

ਬਾਰਬਰਾ: ਵਾਲ਼ ਝੜਨ ਤੋਂ ਪਹਿਲਾਂ ਹੀ ਮੈਂ ਆਪਣਾ ਸਿਰ ਮੁੰਨ ਲਿਆ ਸੀ। ਕੌਲਿਨ ਨੇ ਕਿਹਾ: “ਤੇਰਾ ਸਿਰ ਕਿੰਨਾ ਖੂਬਸੂਰਤ ਹੈ!” ਇਹ ਸੁਣ ਕੇ ਮੈਂ ਹੱਸ ਪਈ।

ਸਾਂਡਰਾ: ਅਸੀਂ ਦੋਹਾਂ ਨੇ ਸ਼ੀਸ਼ੇ ਵਿਚ ਦੇਖਿਆ। ਜੋਅ ਦੇ ਚਿਹਰੇ ਵੱਲ ਦੇਖ ਕੇ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਸੀ।

ਸਾਸ਼ਾ: ਕਾਰਲ ਸਾਰਿਆਂ ਨੂੰ ਇਹੀ ਕਹਿੰਦਾ ਸੀ ਕਿ “ਸਾਨੂੰ ਕੈਂਸਰ ਹੈ।”

ਜੈਨੀ: ਜੈਫ ਦਾ ਪਿਆਰ ਇਕ ਪਲ ਲਈ ਵੀ ਨਹੀਂ ਘਟਿਆ। ਉਸ ਨੇ ਹਮੇਸ਼ਾ ਪਰਮੇਸ਼ੁਰ ਨਾਲ ਆਪਣੇ ਗੂੜ੍ਹੇ ਰਿਸ਼ਤੇ ਨੂੰ ਬਰਕਰਾਰ ਰੱਖਿਆ ਜਿਸ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ।

[ਸਫ਼ਾ 29 ਉੱਤੇ ਡਾਇਆਗ੍ਰਾਮ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਕੈਂਸਰ ਦੇ ਸੈੱਲ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ, ਸਗੋਂ ਵਧ ਕੇ ਦੂਸਰੇ ਟਿਸ਼ੂਆਂ ’ਤੇ ਹਮਲਾ ਕਰਦੇ ਹਨ

ਡਾਇਆਗ੍ਰਾਮ

ਦੁੱਧ ਦੀ ਨਾੜੀ ਵਿਚ ਚੰਗੇ ਸੈੱਲ

ਦੁੱਧ ਦੀ ਨਾੜੀ ਵਿਚ ਕੈਂਸਰ ਦੇ ਸੈੱਲ

ਦੁੱਧ ਦੀ ਨਾੜੀ ਤੋਂ ਬਾਹਰ ਫੈਲੇ ਕੈਂਸਰ ਦੇ ਸੈੱਲ

[ਸਫ਼ਾ 30 ਉੱਤੇ ਤਸਵੀਰ]

ਕੈਂਸਰ ਦੇ ਇਲਾਜ ਦਾ ਇਕ ਜ਼ਰੂਰੀ ਹਿੱਸਾ ਇਹ ਹੈ ਕਿ ਮਰੀਜ਼ ਦਾ ਪਰਿਵਾਰ ਅਤੇ ਦੋਸਤ ਉਸ ਨੂੰ ਸਹਾਰਾ ਦੇਣ