ਸੁਖੀ ਪਰਿਵਾਰਾਂ ਦੀਆਂ ਕੁਝ ਮਿਸਾਲਾਂ—ਪਹਿਲਾ ਭਾਗ
ਸੁਖੀ ਪਰਿਵਾਰਾਂ ਦੀਆਂ ਕੁਝ ਮਿਸਾਲਾਂ—ਪਹਿਲਾ ਭਾਗ
ਜਿਵੇਂ ਅਸੀਂ ਜਾਗਰੂਕ ਬਣੋ! ਦੇ ਇਸ ਰਸਾਲੇ ਵਿਚ ਦੇਖ ਚੁੱਕੇ ਹਾਂ ਸੁਖੀ ਪਰਿਵਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਅਸੀਂ ਇਸ ਤੋਂ ਹੈਰਾਨ ਨਹੀਂ ਹੁੰਦੇ ਕਿਉਂਕਿ ਬਾਈਬਲ ਮੁਤਾਬਕ ਅਸੀਂ ਅੱਜ ‘ਭੈੜੇ ਸਮਿਆਂ’ ਵਿਚ ਰਹਿ ਰਹੇ ਹਾਂ। (2 ਤਿਮੋਥਿਉਸ 3:1) ਹਰ ਪਰਿਵਾਰ ਵਿਚ ਕੋਈ-ਨ-ਕੋਈ ਮੁਸ਼ਕਲ ਤਾਂ ਖੜ੍ਹੀ ਹੁੰਦੀ ਹੈ।
ਯਾਦ ਰੱਖੋ ਕਿ ਸੁਖੀ ਹੋਣ ਲਈ ਇਹ ਜ਼ਰੂਰੀ ਨਹੀਂ ਕਿ ਤੁਹਾਡੇ ਹਾਲਾਤ ਵਧੀਆ ਹੋਣ। ਯਿਸੂ ਨੇ ਕਿਹਾ ਸੀ: “ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।” (ਲੂਕਾ 11:28) ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਅਸੂਲਾਂ ਉੱਤੇ ਚੱਲਣ ਵਾਲੇ ਪਰਿਵਾਰਾਂ ਨੇ ਸੁਖੀ ਹੋਣ ਦਾ ਰਾਜ਼ ਲੱਭਿਆ ਹੈ, ਚਾਹੇ ਉਨ੍ਹਾਂ ਦੇ ਹਾਲਾਤ ਮਾੜੇ ਹੀ ਹੋਣ। ਕੁਝ ਮਿਸਾਲਾਂ ਵੱਲ ਧਿਆਨ ਦਿਓ।
ਬੀਮਾਰ ਬੱਚੇ ਦੀ ਦੇਖ-ਭਾਲ ਕਰਨੀ। ਬਾਈਬਲ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਪਰਿਵਾਰ ਦੀ ਦੇਖ-ਭਾਲ ਕੀਤੀ ਜਾਵੇ। ਇਸ ਵਿਚ ਪਰਿਵਾਰ ਦੇ ਬੀਮਾਰ ਜੀਅ ਵੀ ਸ਼ਾਮਲ ਹਨ। ਬਾਈਬਲ ਕਹਿੰਦੀ ਹੈ: “ਜੇਕਰ ਕੋਈ ਮਨੁੱਖ ਆਪਣੇ ਸੰਬੰਧੀ ਦਾ ਧਿਆਨ ਨਹੀਂ ਰੱਖਦਾ, ਖ਼ਾਸ ਕਰਕੇ ਆਪਣੇ ਟੱਬਰ ਦੇ ਲੋਕਾਂ ਦਾ, ਤਾਂ ਸਮਝੋ ਉਹ ਆਪਣੇ ਵਿਸ਼ਵਾਸ ਤੋਂ ਡਿੱਗ ਚੁਕਾ ਹੈ ਅਤੇ ਉਹ ਅਵਿਸ਼ਵਾਸੀਆਂ ਤੋਂ ਵੀ ਭੈੜਾ ਹੈ।”—1 ਤਿਮੋਥਿਉਸ 5:8, CL.
ਸਫ਼ਾ 15 ਉੱਤੇ ਵਿਕਟਰ, ਜੋ ਦੱਖਣੀ ਅਫ਼ਰੀਕਾ ਵਿਚ ਰਹਿਣ ਵਾਲਾ ਪਿਤਾ ਹੈ, ਦੱਸਦਾ ਹੈ ਕਿ ਉਸ ਨੇ ਤੇ ਉਸ ਦੀ ਪਤਨੀ ਨੇ 40 ਕੁ ਸਾਲਾਂ ਲਈ ਆਪਣੇ ਬੀਮਾਰ ਬੇਟੇ ਦੀ ਦੇਖ-ਭਾਲ ਕਿਵੇਂ ਕੀਤੀ ਹੈ।
ਗੋਦ ਲੈ ਕੇ ਪਾਲਿਆ ਜਾਣਾ। ਬਾਈਬਲ ਦੇ ਅਸੂਲ ਉਨ੍ਹਾਂ ਲੋਕਾਂ ਦੀ ਵੀ ਮਦਦ ਕਰ ਸਕਦੇ ਹਨ ਜੋ ਕਿਸੇ ਕਾਰਨ ਨਿਕੰਮੇ ਮਹਿਸੂਸ ਕਰਦੇ ਹਨ। ਮਿਸਾਲ ਲਈ, ਉਹ ਲੋਕ ਜਿਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ। ਬਾਈਬਲ ਕਹਿੰਦੀ ਹੈ ਕਿ ਯਹੋਵਾਹ ਪਰਮੇਸ਼ੁਰ ਯਤੀਮਾਂ ਦਾ “ਸਹਾਇਕ” ਹੈ।—ਜ਼ਬੂਰਾਂ ਦੀ ਪੋਥੀ 10:14.
ਸਫ਼ਾ 16 ਉੱਤੇ ਅਮਰੀਕਾ ਵਿਚ ਰਹਿਣ ਵਾਲੀ ਕੇਨਯਾਟਾ ਨਾਂ ਦੀ ਮੁਟਿਆਰ ਦੱਸਦੀ ਹੈ ਕਿ ਉਸ ਨੇ ਇਸ ਗੱਲ ਦਾ ਦੁੱਖ ਕਿਵੇਂ ਸਹਿਆ ਹੈ ਕਿ ਉਹ ਆਪਣੇ ਅਸਲੀ ਮਾਂ-ਬਾਪ ਨੂੰ ਕਦੀ ਨਹੀਂ ਮਿਲੀ।
ਮਾਂ ਜਾਂ ਬਾਪ ਦੇ ਗੁਜ਼ਰ ਜਾਣ ਦਾ ਗਮ ਸਹਿਣਾ। ਆਪਣੇ ਮਾਂ ਜਾਂ ਬਾਪ ਨੂੰ ਮੌਤ ਦੀ ਨੀਂਦ ਵਿਚ ਖੋਹਣ ਕਰਕੇ ਕਿਸੇ ਦੇ ਦਿਲ ’ਤੇ ਬਹੁਤ ਗਹਿਰਾ ਜ਼ਖ਼ਮ ਲੱਗ ਸਕਦਾ ਹੈ। ਬਾਈਬਲ ਸਾਡੀ ਮਦਦ ਕਰ ਸਕਦੀ ਹੈ ਕਿਉਂਕਿ ਉਸ ਦਾ ਲਿਖਾਉਣ ਵਾਲਾ ਯਹੋਵਾਹ “ਸਰਬ ਦਿਲਾਸੇ ਦਾ ਪਰਮੇਸ਼ੁਰ ਹੈ।”—2 ਕੁਰਿੰਥੀਆਂ 1:3.
ਸਫ਼ਾ 17 ਉੱਤੇ ਆਸਟ੍ਰੇਲੀਆ ਵਿਚ ਰਹਿਣ ਵਾਲੀ ਐਂਜਲਾ ਨਾਂ ਦੀ ਔਰਤ ਦੱਸਦੀ ਹੈ ਕਿ ਰੱਬ ਨਾਲ ਉਸ ਦੇ ਰਿਸ਼ਤੇ ਨੇ ਮੌਤ ਦਾ ਗਮ ਸਹਿਣ ਵਿਚ ਉਸ ਦੀ ਕਿਵੇਂ ਮਦਦ ਕੀਤੀ ਹੈ।
ਸਾਰੇ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਅਗਲੀਆਂ ਮਿਸਾਲਾਂ ਤੋਂ ਅਸੀਂ ਦੇਖਾਂਗੇ ਕਿ ਕਈਆਂ ਨੇ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਆਪਣੀਆਂ ਮੁਸ਼ਕਲਾਂ ਸਹਿਣ ਦਾ ਰਾਜ਼ ਲੱਭਿਆ ਹੈ। (g09 10)
[ਸਫ਼ਾ 15 ਉੱਤੇ ਡੱਬੀ/ਤਸਵੀਰਾਂ]
ਬੀਮਾਰ ਬੱਚੇ ਦੀ ਦੇਖ-ਭਾਲ ਕਰਨੀ
ਦੱਖਣੀ ਅਫ਼ਰੀਕਾ ਵਿਚ ਵਿਕਟਰ ਮੇਨਸ ਦੀ ਜ਼ਬਾਨੀ
“ਜਨਮ ਤੋਂ ਹੀ ਅਸੀਂ ਐਂਡਰੂ ਨੂੰ ਨਹਾਇਆ, ਉਸ ਦੇ ਕੱਪੜੇ ਪੁਆਏ ਤੇ ਖਾਣਾ ਵੀ ਖੁਆਇਆ ਹੈ। ਸਾਰੀ ਉਮਰ ਉਸ ਨੂੰ ਸਾਡੀ ਲੋੜ ਪਈ ਹੈ। ਹੁਣ ਉਹ 44 ਸਾਲਾਂ ਦਾ ਹੋ ਗਿਆ ਹੈ।”
ਜਦ ਐਂਡਰੂ ਸਾਲ ਦਾ ਹੋ ਕੇ ਵੀ ਤੁਰਨ ਨਹੀਂ ਲੱਗਾ, ਤਾਂ ਸਾਨੂੰ ਸ਼ੱਕ ਸੀ ਕਿ ਕੁਝ ਠੀਕ ਨਹੀਂ ਹੈ। ਉਸੇ ਕੁ ਸਮੇਂ ਉਸ ਨੂੰ ਦੌਰਾ ਪਿਆ। ਅਸੀਂ ਫ਼ੌਰਨ ਐਂਡਰੂ ਨੂੰ ਹਸਪਤਾਲ ਲੈ ਗਏ ਜਿੱਥੇ ਸਾਨੂੰ ਪਤਾ ਲੱਗਾ ਕਿ ਉਸ ਨੂੰ ਮਿਰਗੀ ਦੀ ਬੀਮਾਰੀ ਹੈ। ਪਰ ਇੰਨਾ ਹੀ ਨਹੀਂ। ਹੋਰ ਟੈੱਸਟ ਕਰਾਉਣ ਤੇ ਸਾਨੂੰ ਪਤਾ ਲੱਗਾ ਕਿ ਉਸ ਦੇ ਦਿਮਾਗ਼ ਵਿਚ ਕੋਈ ਨੁਕਸ ਹੈ।
ਕਈ ਤਰ੍ਹਾਂ ਦਾ ਇਲਾਜ ਕਰਾਉਣ ਤੋਂ ਬਾਅਦ ਹੀ ਅਸੀਂ ਐਂਡਰੂ ਦੇ ਦੌਰਿਆਂ ਨੂੰ ਕੰਟ੍ਰੋਲ ਵਿਚ ਲਿਆ ਸਕੇ। ਕੁਝ ਸਮੇਂ ਲਈ ਉਸ ਨੂੰ ਚਾਰ ਵੱਖਰੀਆਂ ਦਵਾਈਆਂ ਰੋਜ਼ ਤਿੰਨ ਵਾਰ ਖਾਣੀਆਂ ਪੈਂਦੀਆਂ ਸਨ। ਪਰ ਉਸ ਦਾ ਦਿਮਾਗ਼ੀ ਨੁਕਸ ਦਵਾਈ ਨਾਲ ਠੀਕ ਨਹੀਂ ਹੋ ਸਕਦਾ। ਭਾਵੇਂ ਉਹ 44 ਸਾਲਾਂ ਦਾ ਹੈ, ਪਰ ਉਸ ਦਾ ਦਿਮਾਗ਼ ਪੰਜ ਜਾਂ ਛੇ ਸਾਲਾਂ ਦੇ ਬੱਚੇ ਵਰਗਾ ਹੈ।
ਡਾਕਟਰਾਂ ਦੀ ਸਲਾਹ ਸੀ ਕਿ ਐਂਡਰੂ ਦੀ ਦੇਖ-ਭਾਲ ਕਿਸੇ ਖ਼ਾਸ ਹਸਪਤਾਲ ਵਿਚ ਰਹਿ ਕੇ ਕੀਤੀ ਜਾਵੇ। ਪਰ ਅਸੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਸੀ। ਭਾਵੇਂ ਇਹ ਸੌਖਾ ਨਹੀਂ ਸੀ ਹੋਣਾ, ਪਰ ਅਸੀਂ ਘਰ ਹੀ ਉਸ ਦੀ ਦੇਖ-ਭਾਲ ਕਰਨ ਦਾ ਫ਼ੈਸਲਾ ਕੀਤਾ।
ਸਾਡੇ ਹੋਰ ਵੀ ਬੱਚੇ ਹਨ—ਦੋ ਕੁੜੀਆਂ ਤੇ ਇਕ ਮੁੰਡਾ। ਅਸੀਂ ਪਰਿਵਾਰ ਵਜੋਂ ਮਿਲ ਕੇ ਐਂਡਰੂ ਦੀ ਦੇਖ-ਭਾਲ ਕੀਤੀ ਹੈ। ਸਾਡੇ ਬੱਚਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਤੇ ਮੈਂ ਇਸ ਲਈ ਧੰਨਵਾਦੀ ਹਾਂ। ਇਸ ਦੇ ਨਾਲ-ਨਾਲ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਨੂੰ ਆਪਣੀ ਕਲੀਸਿਯਾ ਦੇ ਭੈਣਾਂ-ਭਰਾਵਾਂ ਤੋਂ ਵੀ ਬਹੁਤ ਮਦਦ ਮਿਲੀ ਹੈ। ਸਮੇਂ-ਸਮੇਂ ਤੇ ਉਨ੍ਹਾਂ ਨੇ ਸਾਡੇ ਲਈ ਖਾਣਾ ਤਿਆਰ ਕੀਤਾ ਹੈ ਜਾਂ ਐਂਡਰੂ ਦੀ ਦੇਖ-ਭਾਲ ਕੀਤੀ ਹੈ ਜਦ ਅਸੀਂ ਪ੍ਰਚਾਰ ਜਾਂ ਹੋਰ ਕੰਮ ਕਰਨੇ ਚਾਹੁੰਦੇ ਸੀ।
ਅਸੀਂ ਯਸਾਯਾਹ 33:24 ਵਿਚ ਪਰਮੇਸ਼ੁਰ ਦਾ ਵਾਅਦਾ ਹਮੇਸ਼ਾ ਯਾਦ ਰੱਖਦੇ ਹਾਂ ਕਿ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” ਸਾਨੂੰ ਪੱਕਾ ਵਿਸ਼ਵਾਸ ਹੈ ਕਿ ਉਹ ਦਿਨ ਦੂਰ ਨਹੀਂ ਜਦ ਪਰਮੇਸ਼ੁਰ ਸਾਰੀਆਂ ਬੀਮਾਰੀਆਂ ਖ਼ਤਮ ਕਰੇਗਾ। (2 ਪਤਰਸ 3:13) ਇਸ ਲਈ ਅਸੀਂ ਉਸ ਦਿਨ ਦੀ ਉਮੀਦ ਰੱਖਦੇ ਹਾਂ ਜਦ ਐਂਡਰੂ ਠੀਕ ਹੋ ਜਾਵੇਗਾ। ਪਰ ਹੁਣ ਸਾਨੂੰ ਯਿਸੂ ਦੀ ਗੱਲ ਉੱਤੇ ਭਰੋਸਾ ਹੈ ਕਿ ਜੇ ਅਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਵਾਂਗੇ, ਤਾਂ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ। (ਮੱਤੀ 6:33) ਸਾਡੇ ਨਾਲ ਇਸੇ ਤਰ੍ਹਾਂ ਹੋਇਆ ਹੈ। ਅਸੀਂ ਕਦੇ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਕੀਤੀ।
ਇਹ ਸੱਚ ਹੈ ਕਿ ਸਾਰੇ ਜਣੇ ਪਰਿਵਾਰ ਦੇ ਕਿਸੇ ਬੀਮਾਰ ਮੈਂਬਰ ਦੀ ਘਰੇ ਦੇਖ-ਭਾਲ ਨਹੀਂ ਕਰ ਸਕਦੇ। ਪਰ ਜਿਹੜੇ ਇਸ ਤਰ੍ਹਾਂ ਕਰ ਰਹੇ ਹਨ ਮੈਂ ਉਨ੍ਹਾਂ ਨੂੰ ਪਹਿਲਾਂ ਇਹ ਸਲਾਹ ਦੇਵਾਂਗਾ ਕਿ ਉਹ ਦਿਲੋਂ ਵਾਰ-ਵਾਰ ਪ੍ਰਾਰਥਨਾ ਕਰਨ। (1 ਪਤਰਸ 5:6, 7) ਦੂਜੀ ਗੱਲ ਹੈ ਕਿ ਉਹ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਨ। ਇਹ ਨਾ ਸੋਚੋ ਕਿ ਤੁਹਾਡਾ ਬੱਚਾ ਯਹੋਵਾਹ ਪਰਮੇਸ਼ੁਰ ਬਾਰੇ ਸਿੱਖ ਕੇ ਉਸ ਨੂੰ ਪਿਆਰ ਨਹੀਂ ਕਰ ਸਕੇਗਾ। (ਅਫ਼ਸੀਆਂ 6:4) ਤੀਜੀ ਗੱਲ ਹੈ ਕਿ ਉਹ ਪੂਰੇ ਪਰਿਵਾਰ ਨੂੰ ਮਦਦ ਕਰਨ ਦਾ ਮੌਕਾ ਦੇਣ। ਚੌਥੀ ਗੱਲ ਹੈ ਕਿ ਘਰ ਵਿਚ ਹੀ ਤੁਹਾਡੇ ਬੱਚੇ ਨੂੰ ਸਭ ਤੋਂ ਜ਼ਿਆਦਾ ਪਿਆਰ ਮਿਲੇਗਾ। ਇਹ ਸੱਚ ਹੈ ਕਿ ਸਾਰਿਆਂ ਦੇ ਹਾਲਾਤ ਵੱਖਰੇ ਹੁੰਦੇ ਹਨ, ਪਰ ਸਾਨੂੰ ਕਦੀ ਵੀ ਇਸ ਗੱਲ ਦਾ ਪਛਤਾਵਾ ਨਹੀਂ ਹੋਇਆ ਕਿ ਅਸੀਂ ਘਰੇ ਐਂਡਰੂ ਦੀ ਦੇਖ-ਭਾਲ ਕੀਤੀ ਹੈ। ਭਾਵੇਂ ਉਹ ਹੁਣ ਵੱਡਾ ਹੋ ਚੁੱਕਾ ਹੈ, ਪਰ ਮੇਰੇ ਲਈ ਉਹ ਸਭ ਤੋਂ ਪਿਆਰਾ ਬੱਚਾ ਹੈ। (g09 10)
[ਸਫ਼ਾ 16 ਉੱਤੇ ਡੱਬੀ/ਤਸਵੀਰਾਂ]
ਗੋਦ ਲੈ ਕੇ ਪਾਲਿਆ ਜਾਣਾ
ਅਮਰੀਕਾ ਵਿਚ ਕੇਨਯਾਟਾ ਯੰਗ ਦੀ ਜ਼ਬਾਨੀ
“ਭਾਵੇਂ ਤੁਹਾਡੇ ਮਾਂ ਜਾਂ ਬਾਪ ਨੇ ਦੁਬਾਰਾ ਵਿਆਹ ਕੀਤਾ ਹੋਵੇ, ਫਿਰ ਵੀ ਇਕ ਤਾਂ ਤੁਹਾਡਾ ਆਪਣਾ ਹੁੰਦਾ ਹੈ। ਪਰ ਗੋਦ ਲਏ ਜਾਣ ਕਰਕੇ ਮੈਨੂੰ ਆਪਣੇ ਅਸਲੀ ਮਾਂ-ਬਾਪ ਬਾਰੇ ਕੁਝ ਨਹੀਂ ਪਤਾ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੇਰੀ ਸ਼ਕਲ ਕਿਹ ਦੇ ਨਾਲ ਮਿਲਦੀ ਹੈ।”
ਮੈਨੂੰ ਬਿਲਕੁਲ ਨਹੀਂ ਪਤਾ ਕਿ ਮੇਰਾ ਪਿਤਾ ਕੌਣ ਹੈ ਤੇ ਮੈਂ ਆਪਣੀ ਮਾਂ ਨੂੰ ਕਦੇ ਨਹੀਂ ਮਿਲੀ। ਮੈਨੂੰ ਜਨਮ ਦੇਣ ਤੋਂ ਪਹਿਲਾਂ ਉਹ ਬਹੁਤ ਸ਼ਰਾਬ ਪੀਂਦੀ ਤੇ ਡ੍ਰੱਗਜ਼ ਲੈਂਦੀ ਹੁੰਦੀ ਸੀ। ਮੇਰੇ ਜਨਮ ਤੋਂ ਹੀ ਮੇਰਾ ਪਾਲਣ-ਪੋਸਣ ਇਕ ਆਸ਼ਰਮ ਵਿਚ ਹੋਇਆ, ਫਿਰ ਜਦ ਮੈਂ ਦੋ ਕੁ ਸਾਲਾਂ ਦੀ ਸੀ ਮੈਨੂੰ ਗੋਦ ਲਿਆ ਗਿਆ।
ਮੇਰੀ ਤਸਵੀਰ ਦੇਖਦੇ ਸਾਰ ਹੀ ਮੇਰੇ ਡੈਡ ਨੇ ਕਿਹਾ ਕਿ ਉਸ ਨੂੰ ਮੈਨੂੰ ਗੋਦ ਲੈਣਾ ਹੀ ਪਿਆ। ਮੇਰੀ ਤੇ ਮੇਰੀ ਨਵੀਂ ਮਾਂ ਦੀ ਖੂਬ ਜੰਮੀ। ਉਸ ਨੂੰ ਦੇਖ ਕੇ ਹੀ ਮੈਂ ਉਸ ਨੂੰ ਮੰਮੀ ਕਹਿ ਕੇ ਬੁਲਾਇਆ ਤੇ ਉਸ ਨੂੰ ਕਿਹਾ ਕਿ ਮੈਂ ਉਸ ਦੇ ਨਾਲ ਘਰ ਜਾਣਾ ਚਾਹੁੰਦੀ ਹਾਂ।
ਮੈਨੂੰ ਯਾਦ ਹੈ ਕਿ ਜਦ ਮੈਂ ਛੋਟੀ ਸੀ, ਤਾਂ ਮੈਨੂੰ ਹਮੇਸ਼ਾ ਡਰ ਰਹਿੰਦਾ ਸੀ ਕਿ ਜੇ ਮੈਂ ਕੋਈ ਗ਼ਲਤੀ ਕੀਤੀ, ਤਾਂ ਮੇਰੇ ਮਾਪੇ ਮੈਨੂੰ ਵਾਪਸ ਆਸ਼ਰਮ ਨੂੰ ਭੇਜ ਦੇਣਗੇ। ਮੈਨੂੰ ਲੱਗਦਾ ਸੀ ਕਿ ਦੂਸਰੇ ਬੱਚਿਆਂ ਵਾਂਗ ਨਾ ਤਾਂ ਮੈਂ ਗੁੱਸੇ ਹੋ ਸਕਦੀ ਸੀ ਤੇ ਨਾ ਹੀ ਬੀਮਾਰ। ਮੈਨੂੰ ਤਾਂ ਜ਼ੁਕਾਮ ਹੋਣ ਤੋਂ ਵੀ ਡਰ ਸੀ! ਮੇਰੇ ਮਾਪੇ ਹਮੇਸ਼ਾ ਮੈਨੂੰ ਤਸੱਲੀ ਦਿੰਦੇ ਰਹਿੰਦੇ ਸਨ ਕਿ ਉਹ ਮੈਨੂੰ ਪਿਆਰ ਕਰਦੇ ਹਨ ਤੇ ਉਹ ਮੈਨੂੰ ਵਾਪਸ ਨਹੀਂ ਭੇਜਣਗੇ।
ਵੱਡੀ ਹੋ ਕੇ ਵੀ ਕਦੇ-ਕਦੇ ਮੈਨੂੰ ਇਹ ਫ਼ਿਕਰ ਖਾਂਦਾ ਹੈ ਕਿ ਮੈਂ ਉਨ੍ਹਾਂ ਲੋਕਾਂ ਨਾਲੋਂ ਨਿਕੰਮੀ ਹਾਂ ਜਿਨ੍ਹਾਂ ਦੇ ਅਸਲੀ ਮਾਪਿਆਂ ਨੇ ਉਨ੍ਹਾਂ ਨੂੰ ਪਾਲਿਆ ਹੈ। ਜਦ ਵੀ ਮੈਨੂੰ ਮਨ ਦੀ ਸ਼ਾਂਤੀ ਮਿਲਦੀ ਹੈ, ਤਾਂ ਕੋਈ ਮੈਨੂੰ ਕਹਿ ਦਿੰਦਾ ਹੈ, “ਤੈਨੂੰ ਤਾਂ ਸ਼ੁਕਰ ਕਰਨਾ ਚਾਹੀਦਾ ਹੈ ਕਿ ਤੇਰੇ ਇੰਨੇ ਚੰਗੇ ਮਾਪੇ ਹਨ ਜਿਨ੍ਹਾਂ ਨੇ ਤੇਰੇ ’ਤੇ ਅਹਿਸਾਨ ਕਰ ਕੇ ਤੈਨੂੰ ਗੋਦ ਲਿਆ!” ਸ਼ੁਕਰ ਤਾਂ ਮੈਂ ਜ਼ਰੂਰ ਕਰਦੀ ਹਾਂ, ਪਰ ਜਦ ਮੈਂ ਇਹੋ ਜਿਹੀਆਂ ਗੱਲਾਂ ਸੁਣਦੀ ਹਾਂ, ਤਾਂ ਮੈਨੂੰ ਇੱਦਾਂ ਲੱਗਦਾ ਜਿੱਦਾਂ ਮੇਰੇ ਵਿਚ ਕੋਈ ਕਮੀ ਹੈ ਤੇ ਮੈਂ ਪਿਆਰ ਕਰਨ ਦੇ ਲਾਇਕ ਨਹੀਂ ਹਾਂ।
ਮੇਰੇ ਲਈ ਕਬੂਲ ਕਰਨਾ ਬਹੁਤ ਔਖਾ ਹੈ ਕਿ ਮੈਂ ਸ਼ਾਇਦ ਆਪਣੇ ਅਸਲੀ ਪਿਤਾ ਨੂੰ ਕਦੇ ਨਹੀਂ ਜਾਣਾਂਗੀ। ਕਈ ਵਾਰ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਹੈ ਕਿ ਮੇਰੀ ਮਾਂ ਆਪਣੀ ਜ਼ਿੰਦਗੀ ਸੁਧਾਰ ਨਾ ਸਕੀ ਤਾਂਕਿ ਉਹ ਮੈਨੂੰ ਰੱਖ ਸਕੇ, ਜਿੱਦਾਂ ਮੈਂ ਸਿਰਫ਼ ਇਕ ਬੋਝ ਹੀ ਸੀ। ਕਦੇ-ਕਦੇ ਮੈਨੂੰ ਉਸ ’ਤੇ ਤਰਸ ਵੀ ਆਉਂਦਾ ਹੈ। ਮੈਂ ਸੋਚਦੀ ਹਾਂ ਕਿ ਜੇ ਮੈਂ ਉਸ ਨੂੰ ਕਦੇ ਮਿਲੀ, ਤਾਂ ਮੈਂ ਉਸ ਨੂੰ ਦੱਸਾਂਗੀ ਕਿ ਮੈਂ ਸੁਖੀ ਹਾਂ ਅਤੇ ਉਸ ਨੂੰ ਬੁਰਾ ਨਹੀਂ ਮੰਨਣਾ ਚਾਹੀਦਾ ਕਿ ਉਹ ਮੈਨੂੰ ਰੱਖ ਨਾ ਸਕੀ।
ਮੇਰੇ ਮਾਂ-ਬਾਪ ਯਹੋਵਾਹ ਦੇ ਗਵਾਹ ਹਨ ਤੇ ਉਨ੍ਹਾਂ ਨੇ ਮੈਨੂੰ ਬਾਈਬਲ ਬਾਰੇ ਸਿਖਾਇਆ ਹੈ। ਬਾਈਬਲ ਦਾ ਗਿਆਨ ਮੇਰੇ ਲਈ ਬਹੁਤ ਅਨਮੋਲ ਹੈ। ਮੈਨੂੰ ਜ਼ਬੂਰ 27:10 ਦੇ ਸ਼ਬਦਾਂ ਤੋਂ ਬਹੁਤ ਹੌਸਲਾ ਮਿਲਦਾ ਹੈ: “ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸਾਂਭੇਗਾ।” ਇਹ ਮੇਰੇ ਲਈ ਵੀ ਸੱਚ ਹੈ। ਪਰ ਗੋਦ ਲਏ ਜਾਣ ਦੇ ਕੁਝ ਫ਼ਾਇਦੇ ਵੀ ਹਨ। ਮਿਸਾਲ ਲਈ, ਮੈਨੂੰ ਲੋਕਾਂ ਵਿਚ ਬਹੁਤ ਦਿਲਚਸਪੀ ਹੈ। ਮੈਂ ਉਨ੍ਹਾਂ ਦੀਆਂ ਜ਼ਿੰਦਗੀਆਂ ਤੇ ਪਿਛੋਕੜ ਬਾਰੇ ਜਾਣਨਾ ਚਾਹੁੰਦੀ ਹਾਂ ਸ਼ਾਇਦ ਇਸ ਲਈ ਕਿਉਂਕਿ ਮੈਂ ਆਪਣੇ ਪਿਛੋਕੜ ਬਾਰੇ ਇੰਨਾ ਕੁਝ ਨਹੀਂ ਜਾਣਦੀ। ਮੈਂ ਲੋਕਾਂ ਨਾਲ ਪਿਆਰ ਕਰਦੀ ਹਾਂ ਅਤੇ ਪ੍ਰਚਾਰ ਕਰਨ ਲਈ ਇਹ ਬਹੁਤ ਜ਼ਰੂਰੀ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਯਹੋਵਾਹ ਦੀ ਗਵਾਹ ਹਾਂ ਅਤੇ ਲੋਕਾਂ ਨਾਲ ਬਾਈਬਲ ਬਾਰੇ ਗੱਲਾਂ ਕਰ ਸਕਦੀ ਹਾਂ। ਇਸ ਦੇ ਨਾਲ-ਨਾਲ ਮੇਰੀ ਜ਼ਿੰਦਗੀ ਦਾ ਕੋਈ ਮਕਸਦ ਵੀ ਹੈ। ਜਦ ਵੀ ਮੈਂ ਉਦਾਸ ਹੁੰਦੀ ਹਾਂ, ਤਾਂ ਮੈਂ ਪ੍ਰਚਾਰ ਕਰ ਕੇ ਹੋਰਨਾਂ ਦੀ ਮਦਦ ਕਰਦੀ ਹਾਂ। ਦੂਸਰਿਆਂ ਨੂੰ ਬਾਈਬਲ ਬਾਰੇ ਸਿਖਾ ਕੇ ਮੈਂ ਉਨ੍ਹਾਂ ਨਾਲ ਦੋਸਤੀ ਕਰ ਪਾਉਂਦੀ ਹਾਂ। ਸਾਰਿਆਂ ਦੀ ਕੋਈ-ਨ-ਕੋਈ ਕਹਾਣੀ ਹੁੰਦੀ ਹੈ। (g09 10)
[ਸਫ਼ਾ 17 ਉੱਤੇ ਡੱਬੀ/ਤਸਵੀਰਾਂ]
ਮਾਂ ਜਾਂ ਬਾਪ ਦੇ ਗੁਜ਼ਰ ਜਾਣ ਦਾ ਗਮ ਸਹਿਣਾ
“ਜਦ ਮੇਰੇ ਡੈਡੀ ਜੀ ਗੁਜ਼ਰ ਗਏ, ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਂ ਬਿਲਕੁਲ ਇਕੱਲੀ ਮਹਿਸੂਸ ਕਰਨ ਲੱਗੀ। ਉਹ ਮੇਰਾ ਸਭ ਕੁਝ ਸੀ।”
ਆਸਟ੍ਰੇਲੀਆ ਵਿਚ ਐਂਜਲਾ ਰਟਗਰਜ਼ ਦੀ ਜ਼ਬਾਨੀ
ਮੈਂ ਨੌਜਵਾਨ ਹੀ ਸੀ ਜਦ ਦਸ ਸਾਲ ਪਹਿਲਾਂ ਮੇਰੇ ਡੈਡੀ ਜੀ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਛੇ ਮਹੀਨੇ ਪਹਿਲਾਂ ਉਸ ਦਾ ਓਪਰੇਸ਼ਨ ਹੋਇਆ ਸੀ ਤੇ ਓਪਰੇਸ਼ਨ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਉਹ ਉਸ ਦੇ ਲਈ ਹੋਰ ਕੁਝ ਨਹੀਂ ਕਰ ਸਕਦੇ ਸਨ। ਮੇਰੀ ਮਾਂ ਬਹੁਤ ਸਵਾਲ ਪੁੱਛ ਰਹੀ ਸੀ, ਮੇਰਾ ਭਰਾ ਬੇਹੋਸ਼ ਹੋ ਗਿਆ ਤੇ ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ ਰੋਵਾਂ ਜਾਂ ਕੀ ਕਰਾਂ। ਛੇ ਮਹੀਨੇ ਬਾਅਦ ਡੈਡੀ ਜੀ ਪੂਰੇ ਹੋ ਗਏ।
ਕੁਝ ਸਮੇਂ ਲਈ ਮੈਨੂੰ ਪਤਾ ਨਹੀਂ ਸੀ ਕਿ ਮੈਂ ਕੀ ਸੋਚਾਂ। ਮੈਂ ਚਾਹੁੰਦੀ ਸੀ ਕਿ ਮੇਰੇ ਦੋਸਤ ਹਮਦਰਦੀ ਦਿਖਾਉਣ, ਪਰ ਇਹ ਨਹੀਂ ਚਾਹੁੰਦੀ ਸੀ ਕਿ ਉਹ ਮੇਰੇ ’ਤੇ ਤਰਸ ਕਰਨ। ਇਸ ਲਈ ਮੈਂ ਲੁਕਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ’ਤੇ ਕੀ ਬੀਤ ਰਹੀ ਸੀ। ਦੂਜੇ ਪਾਸੇ, ਮੈਂ ਇਹ ਵੀ ਨਹੀਂ ਸੀ ਚਾਹੁੰਦੀ ਕਿ ਉਨ੍ਹਾਂ ਨਾਲ ਮਿਲਣ-ਜੁਲਣ ਕਰਕੇ ਉਹ ਸੋਚਣ ਕਿ ਸਭ ਕੁਝ ਠੀਕ ਹੈ ਕਿਉਂਕਿ ਸਭ ਕੁਝ ਠੀਕ ਨਹੀਂ ਸੀ। ਹੁਣ ਮੈਂ ਸੋਚਦੀ ਹਾਂ ਕਿ ਉਨ੍ਹਾਂ ਲਈ ਮੇਰੇ ਨਾਲ ਹੋਣਾ ਕਿੰਨਾ ਮੁਸ਼ਕਲ ਸੀ!
ਕੀ ਮੈਂ ਡੈਡੀ ਜੀ ਦੀ ਮੌਤ ਹੋਣ ਕਰਕੇ ਆਪਣੇ ਆਪ ਨੂੰ ਦੋਸ਼ ਦਿੰਦੀ ਹਾਂ? ਹਾਂ! ਕਾਸ਼ ਮੈਂ ਉਸ ਨੂੰ ਜ਼ਿਆਦਾ ਦੱਸਦੀ ਕਿ ਮੈਂ ਉਸ ਨੂੰ ਕਿੰਨਾ ਪਿਆਰ ਕਰਦੀ ਸੀ! ਕਾਸ਼ ਮੈਂ ਉਸ ਨਾਲ ਜ਼ਿਆਦਾ ਸਮਾਂ ਬਿਤਾਉਂਦੀ ਅਤੇ ਉਸ ਨੂੰ ਜ਼ਿਆਦਾ ਪਿਆਰ ਦਿਖਾਉਂਦੀ। ਚਾਹੇ ਮੈਂ ਆਪਣੇ ਆਪ ਨੂੰ ਕਿੰਨਾ ਸਮਝਾਵਾਂ ਕਿ ਉਹ ਨਹੀਂ ਚਾਹੁੰਦਾ ਹੋਵਾਂਗਾ ਕਿ ਮੈਂ ਇਸ ਤਰ੍ਹਾਂ ਸੋਚਾਂ ਫਿਰ ਵੀ ਮੈਂ ਆਪਣੇ ਆਪ ਨੂੰ ਦੋਸ਼ ਦਿੰਦੀ ਰਹਿੰਦੀ ਹਾਂ।
ਯਹੋਵਾਹ ਦੀ ਗਵਾਹ ਹੋਣ ਵਜੋਂ ਮੈਨੂੰ ਬਾਈਬਲ ਦੇ ਵਾਅਦੇ ਤੋਂ ਬਹੁਤ ਹੌਸਲਾ ਮਿਲਦਾ ਹੈ ਕਿ ਮੁਰਦੇ ਫਿਰ ਤੋਂ ਜੀਉਂਦੇ ਕੀਤੇ ਜਾਣਗੇ। (ਯੂਹੰਨਾ 5:28, 29) ਮੈਂ ਕਲਪਨਾ ਕਰਦੀ ਹਾਂ ਕਿ ਮੇਰੇ ਡੈਡੀ ਜੀ ਕਿਸੇ ਦੂਰ ਦੇਸ਼ ਨੂੰ ਗਏ ਹਨ ਅਤੇ ਇਕ ਦਿਨ ਉਹ ਵਾਪਸ ਆਉਣਗੇ। ਮੈਨੂੰ ਸਿਰਫ਼ ਇਹ ਨਹੀਂ ਪਤਾ ਕਿ ਉਹ ਕਿਸ ਤਾਰੀਖ਼ ਨੂੰ ਵਾਪਸ ਆਉਣਗੇ। ਪਹਿਲਾਂ-ਪਹਿਲਾਂ ਜਦ ਲੋਕ ਮੈਨੂੰ ਕਹਿੰਦੇ ਹੁੰਦੇ ਸਨ ਕਿ “ਤੇਰੇ ਡੈਡੀ ਜੀ ਫਿਰ ਤੋਂ ਜੀਉਂਦੇ ਕੀਤੇ ਜਾਣਗੇ,” ਤਾਂ ਮੈਨੂੰ ਤਸੱਲੀ ਨਹੀਂ ਸੀ ਮਿਲਦੀ। ਮੈਂ ਚਾਹੁੰਦੀ ਸੀ ਕਿ ਮੇਰੇ ਡੈਡੀ ਜੀ ਇਸੇ ਵਕਤ ਵਾਪਸ ਆਉਣ! ਪਰ ਜਦ ਮੈਂ ਕਲਪਨਾ ਕਰਦੀ ਹਾਂ ਕਿ ਉਹ ਕਿਸੇ ਦੂਰ ਦੇਸ਼ ਗਿਆ ਹੈ, ਤਾਂ ਮੇਰੀ ਮਦਦ ਹੁੰਦੀ ਹੈ। ਇਹ ਜਾਣ ਕੇ ਮੇਰਾ ਵਿਸ਼ਵਾਸ ਪੱਕਾ ਹੋਇਆ ਹੈ ਕਿ ਮੈਂ ਉਸ ਨੂੰ ਫਿਰ ਮਿਲਾਂਗੀ ਅਤੇ ਇਸ ਕਰਕੇ ਮੈਂ ਆਪਣਾ ਗਮ ਸਹਿ ਸਕੀ ਹਾਂ।
ਮੈਨੂੰ ਦੂਸਰੇ ਯਹੋਵਾਹ ਦੇ ਗਵਾਹਾਂ ਤੋਂ ਬਹੁਤ ਸਹਾਰਾ ਮਿਲਿਆ ਹੈ। ਮੈਨੂੰ ਯਾਦ ਹੈ ਕਿ ਇਕ ਭਰਾ ਨੇ ਮੈਨੂੰ ਦੱਸਿਆ ਕਿ ਡੈਡੀ ਜੀ ਦੀ ਮੌਤ ਬਾਰੇ ਗੱਲ ਕਰਨੀ ਉਸ ਲਈ ਮੁਸ਼ਕਲ ਸੀ, ਪਰ ਉਹ ਸਾਡੇ ਬਾਰੇ ਸੋਚ ਰਿਹਾ ਸੀ। ਮੈਂ ਉਸ ਦੀ ਗੱਲ ਕਦੇ ਨਹੀਂ ਭੁੱਲੀ। ਇਸ ਗੱਲ ਨੂੰ ਚੇਤੇ ਕਰ ਕੇ ਮੈਨੂੰ ਉਸ ਸਮੇਂ ਵੀ ਹੌਸਲਾ ਮਿਲਦਾ ਸੀ ਜਦ ਕੋਈ ਮੈਨੂੰ ਕੁਝ ਵੀ ਨਹੀਂ ਕਹਿੰਦਾ ਸੀ। ਮੈਂ ਸਮਝ ਗਈ ਕਿ ਭਾਵੇਂ ਲੋਕਾਂ ਨੇ ਕੁਝ ਨਹੀਂ ਕਿਹਾ, ਪਰ ਉਹ ਸਾਡੇ ਬਾਰੇ ਸੋਚ ਰਹੇ ਸਨ। ਇਸ ਗੱਲ ਨੇ ਮੇਰੇ ਦਿਲ ਨੂੰ ਛੋਹਿਆ!
ਮੇਰੇ ਡੈਡੀ ਜੀ ਦੇ ਗੁਜ਼ਰ ਜਾਣ ਤੋਂ ਚਾਰ ਮਹੀਨੇ ਬਾਅਦ ਮੰਮੀ ਨੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈਣਾ ਸ਼ੁਰੂ ਕੀਤਾ। ਮੈਂ ਦੇਖਿਆ ਕਿ ਉਸ ਨੂੰ ਇਸ ਕੰਮ ਤੋਂ ਕਿੰਨੀ ਖ਼ੁਸ਼ੀ ਮਿਲ ਰਹੀ ਸੀ ਸੋ ਮੈਂ ਵੀ ਇਸ ਕੰਮ ਵਿਚ ਰੁੱਝ ਗਈ। ਦੂਸਰਿਆਂ ਦੀ ਮਦਦ ਕਰਨ ਨਾਲ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਹਿੰਮਤ ਮਿਲਦੀ ਹੈ। ਇਸ ਦੇ ਨਾਲ-ਨਾਲ ਯਹੋਵਾਹ ਪਰਮੇਸ਼ੁਰ ਦੇ ਬਚਨ ਤੇ ਉਸ ਦੇ ਵਾਅਦਿਆਂ ਉੱਤੇ ਮੇਰਾ ਭਰੋਸਾ ਵਧਿਆ ਹੈ ਅਤੇ ਮੈਂ ਹੁਣ ਸਿਰਫ਼ ਆਪਣੇ ਗਮ ਵਿਚ ਹੀ ਡੁੱਬੀ ਨਹੀਂ ਰਹਿੰਦੀ। (g09 10)