Skip to content

Skip to table of contents

ਕੁੜੀਆਂ ਮੈਨੂੰ ਕਿਉਂ ਨਹੀਂ ਪਸੰਦ ਕਰਦੀਆਂ?

ਕੁੜੀਆਂ ਮੈਨੂੰ ਕਿਉਂ ਨਹੀਂ ਪਸੰਦ ਕਰਦੀਆਂ?

ਨੌਜਵਾਨ ਪੁੱਛਦੇ ਹਨ

ਕੁੜੀਆਂ ਮੈਨੂੰ ਕਿਉਂ ਨਹੀਂ ਪਸੰਦ ਕਰਦੀਆਂ?

ਉਹ ਤਾਂ ਮੇਰੇ ਉੱਤੇ ਮਰਦੀ ਹੋਵੇਗੀ! ਮੈਂ ਉਸ ਨੂੰ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਹੈ: ਮੇਰੇ ਕੋਲ ਕੀ ਕੁਝ ਹੈ, ਮੈਂ ਕਿੱਥੇ-ਕਿੱਥੇ ਜਾ ਚੁੱਕਾ ਹਾਂ ਅਤੇ ਮੈਂ ਕਿਨ੍ਹਾਂ ਨੂੰ ਜਾਣਦਾ ਹਾਂ। ਉਹ ਜ਼ਰੂਰ ਮੇਰੇ ਨਾਲ ਡੇਟਿੰਗ ਕਰਨੀ ਚਾਹੁੰਦੀ ਹੋਵੇਗੀ!

ਕਾਸ਼ ਇਹ ਮੇਰਾ ਪਿੱਛਾ ਛੱਡਦਾ! ਉਹ ਕਿਉਂ ਨਹੀਂ ਸਮਝਦਾ ਕਿ ਮੈਂ ਉਸ ਨਾਲ ਗੱਲ ਨਹੀਂ ਕਰਨਾ ਚਾਹੁੰਦੀ? ਮੈਂ ਉਸ ਤੋਂ ਆਪਣਾ ਖਹਿੜਾ ਕਿਵੇਂ ਛੁਡਾਵਾਂ?

ਤੁਹਾਡੀ ਉਮਰ ਵਿਆਹ ਕਰਨ ਦੀ ਹੋ ਗਈ ਹੈ। ਤੁਹਾਨੂੰ ਅਜਿਹਾ ਸਾਥੀ ਚਾਹੀਦਾ ਹੈ ਜੋ ਦੇਖਣ ਨੂੰ ਵੀ ਸੋਹਣਾ ਹੈ ਅਤੇ ਜੋ ਤੁਹਾਡੇ ਵਿਸ਼ਵਾਸਾਂ ਨਾਲ ਵੀ ਸਹਿਮਤ ਹੈ। (1 ਕੁਰਿੰਥੀਆਂ 7:39) ਪਰ ਜਦ ਵੀ ਤੁਸੀਂ ਕਿਸੇ ਨਾਲ ਰਿਸ਼ਤਾ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਤੁਸੀਂ ਪੂਰੀ ਤਰ੍ਹਾਂ ਫੇਲ੍ਹ ਹੋਏ।

ਜੇ ਤੁਸੀਂ ਕਿਸੇ ਕੁੜੀ ਨੂੰ ਹੋਰ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਤੁਹਾਨੂੰ ਬਾਈਬਲ ਦੇ ਕਿਹੜੇ ਅਸੂਲ ਯਾਦ ਰੱਖਣੇ ਚਾਹੀਦੇ ਹਨ?

ਪਹਿਲਾ ਕਦਮ

ਕਿਸੇ ਕੁੜੀ ਨਾਲ ਡੇਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਤੌਰ-ਤਰੀਕੇ ਵਿਚ ਤਬਦੀਲੀਆਂ ਕਰਨ ਦੀ ਲੋੜ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ ਕਿਸੇ ਨਾਲ ਵੀ ਦੋਸਤੀ ਕਰ ਪਾਓਗੇ। ਹੇਠਾਂ ਦਿੱਤੀਆਂ ਗੱਲਾਂ ਵੱਲ ਧਿਆਨ ਦਿਓ:

▪ ਤਮੀਜ਼ ਸਿੱਖੋ। ਬਾਈਬਲ ਦੱਸਦੀ ਹੈ ਕਿ “ਪਿਆਰ ਬੁਰਾ ਵਰਤਾਉ ਨਹੀਂ ਕਰਦਾ।” (1 ਕੁਰਿੰਥੀਆਂ 13:5, CL) ਜਦ ਕੋਈ ਤਮੀਜ਼ ਨਾਲ ਪੇਸ਼ ਆਉਂਦਾ ਹੈ, ਤਾਂ ਪਤਾ ਲੱਗਦਾ ਹੈ ਕਿ ਉਹ ਦੂਸਰਿਆਂ ਦੀ ਇੱਜ਼ਤ ਕਰਦਾ ਹੈ ਅਤੇ ਉਹ ਯਿਸੂ ਦੀ ਮਿਸਾਲ ਉੱਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਮੀਜ਼ ਸੂਟ-ਬੂਟ ਵਾਂਗ ਨਹੀਂ ਹੈ ਜੋ ਤੁਸੀਂ ਦੂਜਿਆਂ ਨੂੰ ਦਿਖਾਉਣ ਲਈ ਪਹਿਨਦੇ ਹੋ, ਪਰ ਫਿਰ ਘਰ ਜਾ ਕੇ ਲਾਹ ਦਿੰਦੇ ਹੋ। ਆਪਣੇ ਆਪ ਨੂੰ ਪੁੱਛੋ, ‘ਕੀ ਮੈਂ ਆਪਣੇ ਪਰਿਵਾਰ ਨਾਲ ਤਮੀਜ਼ ਨਾਲ ਪੇਸ਼ ਆਉਂਦਾ ਹਾਂ?’ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ, ਤਾਂ ਬਾਹਰਲਿਆਂ ਨਾਲ ਤਮੀਜ਼ ਨਾਲ ਪੇਸ਼ ਆਉਣ ਵੇਲੇ ਉਨ੍ਹਾਂ ਨੂੰ ਲੱਗੇਗਾ ਕਿ ਇਹ ਦਿਖਾਵਾ ਹੀ ਹੈ। ਇਹ ਵੀ ਯਾਦ ਰੱਖੋ ਕਿ ਇਕ ਸਮਝਦਾਰ ਕੁੜੀ ਇਹ ਦੇਖੇਗੀ ਕਿ ਤੁਸੀਂ ਘਰ ਦਿਆਂ ਨਾਲ ਕਿਵੇਂ ਪੇਸ਼ ਆਉਂਦੇ ਹੋ।—ਅਫ਼ਸੀਆਂ 6:1, 2.

ਕੁੜੀਆਂ ਦਾ ਕਹਿਣਾ ਹੈ: “ਮੈਨੂੰ ਬਹੁਤ ਚੰਗਾ ਲੱਗਦਾ ਹੈ ਜਦ ਮੁੰਡਾ ਛੋਟੀਆਂ ਗੱਲਾਂ ਵਿਚ, ਜਿਵੇਂ ਕਿ ਮੇਰੇ ਲਈ ਦਰਵਾਜ਼ਾ ਖੋਲ੍ਹਣਾ, ਅਤੇ ਵੱਡੀਆਂ ਗੱਲਾਂ ਵਿਚ, ਜਿਵੇਂ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਇੱਜ਼ਤ ਕਰਨੀ, ਤਮੀਜ਼ ਨਾਲ ਪੇਸ਼ ਆਉਂਦਾ ਹੈ।”—ਟੀਨਾ, 20. *

“ਮੈਨੂੰ ਬਹੁਤ ਬੁਰਾ ਲੱਗਦਾ ਹੈ ਜਦ ਕੋਈ ਪਹਿਲੀ ਮੁਲਾਕਾਤ ਹੋਣ ਤੇ ਹੀ ਜ਼ਿਆਦਾ ਸਵਾਲ ਪੁੱਛਦਾ ਹੈ ਜਿਵੇਂ ਕਿ ‘ਕੀ ਤੂੰ ਡੇਟਿੰਗ ਕਰ ਰਹੀ ਹੈਂ?’ ਅਤੇ ’ਤੇਰੇ ਟੀਚੇ ਕੀ ਹਨ?’ ਇਹ ਬਦਤਮੀਜ਼ੀ ਹੈ ਅਤੇ ਮੈਨੂੰ ਬਿਲਕੁਲ ਪਸੰਦ ਨਹੀਂ!”—ਕੈਥੀ, 19.

▪ ਸਾਫ਼-ਸੁਥਰੇ ਰਹੋ। ਸਾਫ਼-ਸੁਥਰੇ ਰਹਿਣ ਨਾਲ ਪਤਾ ਲੱਗਦਾ ਹੈ ਕਿ ਤੁਸੀਂ ਆਪਣੀ ਅਤੇ ਦੂਸਰਿਆਂ ਦੀ ਵੀ ਇੱਜ਼ਤ ਕਰਦੇ ਹੋ। (ਮੱਤੀ 7:12) ਜੇ ਤੁਸੀਂ ਸਾਫ਼-ਸੁਥਰੇ ਰਹੋਗੇ, ਤਾਂ ਦੂਸਰੇ ਵੀ ਤੁਹਾਡਾ ਮਾਣ ਕਰਨਗੇ। ਪਰ ਜੇ ਤੁਸੀਂ ਇਸ ਵਿਚ ਢਿੱਲ ਕਰੋਗੇ, ਤਾਂ ਕੋਈ ਵੀ ਕੁੜੀ ਤੁਹਾਡੇ ਨੇੜੇ ਨਹੀਂ ਲੱਗੇਗੀ।

ਕੁੜੀਆਂ ਦਾ ਕਹਿਣਾ ਹੈ: “ਇਕ ਮੁੰਡਾ ਮੈਨੂੰ ਪਸੰਦ ਕਰਦਾ ਸੀ, ਪਰ ਉਸ ਦੇ ਮੂੰਹ ਵਿੱਚੋਂ ਬਦਬੂ ਆਉਂਦੀ ਸੀ। ਮੇਰੇ ਤੋਂ ਇਹ ਝੱਲ ਨਹੀਂ ਸੀ ਹੁੰਦਾ।”—ਕੈਲੀ, 24.

▪ ਚੰਗੀ ਤਰ੍ਹਾਂ ਗੱਲ ਕਰਨੀ ਸਿੱਖੋ। ਕਿਸੇ ਵੀ ਰਿਸ਼ਤੇ ਵਿਚ ਖੁੱਲ੍ਹ ਕੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਸੋ ਤੁਹਾਨੂੰ ਨਾ ਸਿਰਫ਼ ਆਪਣੇ ਹੀ ਵਿਚਾਰ ਦੱਸਣੇ ਚਾਹੀਦੇ ਹਨ, ਪਰ ਕੁੜੀ ਦੀ ਵੀ ਗੱਲ ਸੁਣਨੀ ਚਾਹੀਦੀ ਹੈ।—ਫ਼ਿਲਿੱਪੀਆਂ 2:3, 4.

ਕੁੜੀਆਂ ਦਾ ਕਹਿਣਾ ਹੈ: “ਜਦ ਮੁੰਡਾ ਮੇਰੇ ਨਾਲ ਗੱਲਬਾਤ ਕਰ ਸਕਦਾ ਹੈ, ਤਾਂ ਮੈਨੂੰ ਚੰਗਾ ਲੱਗਦਾ ਹੈ, ਖ਼ਾਸ ਕਰਕੇ ਜਦ ਉਹ ਮੇਰੀਆਂ ਕਹੀਆਂ ਗੱਲਾਂ ਨੂੰ ਯਾਦ ਕਰ ਸਕਦਾ ਹੈ ਅਤੇ ਅਜਿਹੇ ਸਵਾਲ ਪੁੱਛ ਸਕਦਾ ਹੈ ਜਿਸ ਨਾਲ ਗੱਲਬਾਤ ਚੱਲਦੀ ਰਹੇ।”—ਕ੍ਰਿਸਟੀਨ, 20.

“ਮੈਨੂੰ ਲੱਗਦਾ ਹੈ ਕਿ ਮੁੰਡਾ ਕਿਸੇ ਕੁੜੀ ਨੂੰ ਦੇਖ ਕੇ ਉਸ ਨੂੰ ਪਸੰਦ ਕਰ ਲੈਂਦਾ ਹੈ, ਪਰ ਕੁੜੀ ਮੁੰਡੇ ਦੀਆਂ ਗੱਲਾਂ ਸੁਣ ਕੇ ਉਸ ਨੂੰ ਪਸੰਦ ਕਰਨ ਲੱਗਦੀ ਹੈ।”—ਲੌਰਾ, 22.

“ਜਦ ਕੋਈ ਮੈਨੂੰ ਤੋਹਫ਼ਾ ਦਿੰਦਾ ਹੈ, ਤਾਂ ਮੈਨੂੰ ਖ਼ੁਸ਼ੀ ਹੁੰਦੀ ਹੈ। ਪਰ ਜੇ ਮੁੰਡਾ ਮੇਰੇ ਨਾਲ ਚੰਗੀ ਤਰ੍ਹਾਂ ਗੱਲਬਾਤ ਕਰ ਸਕਦਾ ਹੈ ਤੇ ਮੈਨੂੰ ਹੌਸਲਾ ਦੇ ਸਕਦਾ ਹੈ, ਤਾਂ ਇਸ ਦੀ ਕੋਈ ਰੀਸ ਨਹੀਂ!”—ਏਮੀ, 21.

“ਮੈਂ ਅਜਿਹੇ ਮੁੰਡੇ ਨੂੰ ਜ਼ਰੂਰ ਜਾਣਨਾ ਚਾਹਾਂਗੀ ਜੋ ਹਸਮੁਖ ਵੀ ਹੈ, ਪਰ ਜ਼ਰੂਰੀ ਗੱਲਾਂ ਵੀ ਕਰ ਲੈਂਦਾ ਹੈ।”—ਕੈਲੀ, 24.

ਇਨ੍ਹਾਂ ਗੱਲਾਂ ਨੂੰ ਲਾਗੂ ਕਰ ਕੇ ਚੰਗੇ ਦੋਸਤ ਬਣਾਉਣ ਵਿਚ ਤੁਹਾਡੀ ਮਦਦ ਹੋਵੇਗੀ। ਪਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਕੁੜੀ ਨਾਲ ਖ਼ਾਸ ਰਿਸ਼ਤਾ ਜੋੜਨ ਲਈ ਤਿਆਰ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

ਅਗਲਾ ਕਦਮ

◼ ਪਹਿਲ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਕੁੜੀ ਚੰਗਾ ਜੀਵਨ-ਸਾਥੀ ਬਣੇਗੀ, ਤਾਂ ਉਸ ਨੂੰ ਦੱਸੋ ਕਿ ਤੁਸੀਂ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ। ਉਸ ਨੂੰ ਸਾਫ਼-ਸਾਫ਼ ਦੱਸੋ ਕਿ ਤੁਹਾਡੇ ਦਿਲ ਵਿਚ ਕੀ ਹੈ। ਸ਼ਾਇਦ ਤੁਸੀਂ ਗੱਲ ਕਰਨ ਤੋਂ ਹਿਚਕਿਚਾਉਂਦੇ ਹੋ ਕਿਉਂਕਿ ਤੁਹਾਨੂੰ ਡਰ ਹੈ ਕਿ ਉਹ ਨਾਂਹ ਕਹਿ ਦੇਵੇਗੀ। ਪਰ ਪਹਿਲ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਸਮਝਦਾਰੀ ਦਿਖਾ ਰਹੇ ਹੋ।

ਕੁੜੀਆਂ ਦਾ ਕਹਿਣਾ ਹੈ: “ਮੈਨੂੰ ਕੀ ਪਤਾ ਕਿ ਕਿਸੇ ਦੇ ਦਿਲ ਵਿਚ ਕੀ ਹੈ। ਸੋ ਜੇ ਕੋਈ ਮੈਨੂੰ ਹੋਰ ਚੰਗੀ ਤਰ੍ਹਾਂ ਜਾਣਨਾ ਚਾਹੇ, ਤਾਂ ਉਸ ਨੂੰ ਖੁੱਲ੍ਹ ਕੇ ਗੱਲ ਕਰਨੀ ਪਵੇਗੀ।”—ਨੀਨਾ, 23.

“ਮੈਂ ਸਮਝਦੀ ਹਾਂ ਕਿ ਇਹ ਔਖਾ ਹੋ ਸਕਦਾ ਹੈ ਜੇ ਤੁਸੀਂ ਇਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਹੋ, ਪਰ ਮੈਂ ਉਸ ਮੁੰਡੇ ਦਾ ਆਦਰ ਜ਼ਰੂਰ ਕਰਾਂਗੀ ਜੋ ਸਿੱਧੀ ਤੌਰ ਤੇ ਆ ਕੇ ਕਹੇ ਕਿ ਉਸ ਦੇ ਮਨ ਵਿਚ ਕੀ ਹੈ।”—ਹੈਲਨ, 25.

ਕੁੜੀ ਦੇ ਫ਼ੈਸਲੇ ਨੂੰ ਮੰਨ ਲਓ। ਪਰ ਉਦੋਂ ਕੀ ਜੇ ਕੁੜੀ ਨਾਂਹ ਕਰ ਦੇਵੇ? ਉਸ ਦੀ ਗੱਲ ਮੰਨ ਲਓ ਤੇ ਇਹ ਨਾ ਸੋਚੋ ਕਿ ਉਸ ਦੇ ਨਾਂਹ ਦਾ ਮਤਲਬ ਹਾਂ ਹੈ। ਇਹ ਬੇਵਕੂਫ਼ੀ ਹੋਵੇਗੀ ਜੇ ਤੁਸੀਂ ਉਸ ਦਾ ਖਹਿੜਾ ਨਾ ਛੱਡੋ। ਅਸਲ ਵਿਚ ਜੇ ਤੁਸੀਂ ਕੁੜੀ ਦੀ ਗੱਲ ਨਾ ਮੰਨੋ ਜਾਂ ਉਸ ਦਾ ਜਵਾਬ ਸੁਣ ਕੇ ਗੁੱਸੇ ਹੋ ਜਾਓ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਸਿਰਫ਼ ਆਪਣੇ ਬਾਰੇ ਸੋਚ ਰਹੇ ਹੋ ਉਸ ਬਾਰੇ ਨਹੀਂ।—1 ਕੁਰਿੰਥੀਆਂ 13:11.

ਕੁੜੀਆਂ ਦਾ ਕਹਿਣਾ ਹੈ: “ਮੈਨੂੰ ਖਿਝ ਆਉਂਦੀ ਹੈ ਜਦ ਮੈਂ ਕਿਸੇ ਮੁੰਡੇ ਨੂੰ ਸਾਫ਼ ਤਰ੍ਹਾਂ ਨਾਂਹ ਕਹਿੰਦੀ ਹਾਂ, ਪਰ ਇਸ ਦੇ ਬਾਵਜੂਦ ਉਹ ਮੇਰਾ ਪਿੱਛਾ ਨਹੀਂ ਛੱਡਦਾ।”—ਕੌਲੀਨ, 20.

“ਮੈਂ ਇਕ ਮੁੰਡੇ ਨੂੰ ਸਮਝਾਇਆ ਕਿ ਉਹ ਮੈਨੂੰ ਪਸੰਦ ਨਹੀਂ ਸੀ, ਪਰ ਉਹ ਵਾਰ-ਵਾਰ ਮੇਰਾ ਫ਼ੋਨ ਨੰਬਰ ਮੰਗਦਾ ਰਿਹਾ। ਮੈਂ ਉਸ ਦਾ ਦਿਲ ਨਹੀਂ ਸੀ ਦੁਖਾਉਣਾ ਚਾਹੁੰਦੀ। ਮੈਨੂੰ ਪਤਾ ਕਿ ਉਸ ਲਈ ਸੌਖਾ ਨਹੀਂ ਸੀ ਕਿ ਉਹ ਮੈਨੂੰ ਆਪਣੇ ਦਿਲ ਦੀ ਗੱਲ ਦੱਸੇ। ਪਰ ਅਖ਼ੀਰ ਵਿਚ ਮੈਨੂੰ ਉਸ ਨੂੰ ਸਾਫ਼-ਸਾਫ਼ ਦੱਸਣਾ ਪਿਆ ਕਿ ਉਹ ਮੈਨੂੰ ਪਸੰਦ ਨਹੀਂ।”—ਸੇਰਾਹ, 23.

ਇੱਦਾਂ ਨਾ ਕਰੋ

ਕੁਝ ਮੁੰਡਿਆਂ ਨੂੰ ਲੱਗਦਾ ਹੈ ਕਿ ਉਹ ਕਿਸੇ ਵੀ ਕੁੜੀ ਨੂੰ ਪਟਾ ਸਕਦੇ ਹਨ। ਹੋ ਸਕਦਾ ਹੈ ਕਿ ਉਹ ਆਪਣੇ ਦੋਸਤਾਂ ਨਾਲ ਮੁਕਾਬਲਾ ਕਰਨ ਕਿ ਉਹ ਕਿੰਨੀਆਂ ਕੁ ਕੁੜੀਆਂ ਦਾ ਧਿਆਨ ਖਿੱਚ ਸਕਦੇ ਹਨ। ਇਸ ਤਰ੍ਹਾਂ ਕਰਨਾ ਬੇਰਹਿਮ ਹੈ ਅਤੇ ਅਖ਼ੀਰ ਵਿਚ ਤੁਹਾਡੀ ਹੀ ਬਦਨਾਮੀ ਹੋਵੇਗੀ। (ਕਹਾਉਤਾਂ 20:11) ਬਦਨਾਮੀ ਤੋਂ ਬਚਣ ਲਈ ਹੇਠਾਂ ਦਿੱਤੀਆਂ ਗੱਲਾਂ ਵੱਲ ਧਿਆਨ ਦਿਓ:

ਫਲਰਟ ਨਾ ਕਰੋ। ਜਿਹੜਾ ਮੁੰਡਾ ਫਲਰਟ ਕਰਦਾ ਹੈ ਉਹ ਮਿੱਠੀਆਂ-ਮਿੱਠੀਆਂ ਗੱਲਾਂ ਅਤੇ ਇਸ਼ਾਰਿਆਂ ਨਾਲ ਕੁੜੀ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਸ ਦਾ ਵਿਆਹ ਕਰਨ ਦਾ ਇਰਾਦਾ ਨਹੀਂ ਹੁੰਦਾ। ਇਸ ਤਰ੍ਹਾਂ ਪੇਸ਼ ਆ ਕੇ ਉਹ ਬਾਈਬਲ ਦੀ ਇਸ ਸਲਾਹ ਨੂੰ ਰੱਦ ਕਰਦਾ ਹੈ ਕਿ ਉਸ ਨੂੰ “ਮੁਟਿਆਰਾਂ ਨੂੰ ਅੱਤ ਪਵਿੱਤਰਤਾਈ ਨਾਲ ਭੈਣਾਂ ਵਾਂਗਰ” ਸਮਝਣਾ ਚਾਹੀਦਾ ਹੈ। (1 ਤਿਮੋਥਿਉਸ 5:2) ਸਮਝਦਾਰ ਕੁੜੀਆਂ ਜਾਣਦੀਆਂ ਹਨ ਕਿ ਫਲਰਟ ਕਰਨ ਵਾਲੇ ਨਾ ਤਾਂ ਚੰਗੇ ਦੋਸਤ ਤੇ ਨਾ ਹੀ ਚੰਗੇ ਜੀਵਨ-ਸਾਥੀ ਬਣਦੇ ਹਨ।

ਕੁੜੀਆਂ ਦਾ ਕਹਿਣਾ ਹੈ: “ਮੈਨੂੰ ਬਹੁਤ ਬੁਰਾ ਲੱਗਦਾ ਹੈ ਜਦ ਕੋਈ ਮੁੰਡਾ ਮੇਰੀਆਂ ਸਿਫ਼ਤਾਂ ਕਰਦਾ ਹੈ, ਪਰ ਮੈਨੂੰ ਪਤਾ ਹੁੰਦਾ ਹੈ ਕਿ ਉਸ ਨੇ ਪਿੱਛਲੇ ਹੀ ਮਹੀਨੇ ਇਹੀ ਗੱਲਾਂ ਮੇਰੀ ਸਹੇਲੀ ਨੂੰ ਕਹੀਆਂ ਸਨ!”—ਹੈਲਨ, 25.

“ਇਕ ਵਾਰ ਇਕ ਸੋਹਣਾ-ਸੁਨੱਖਾ ਮੁੰਡਾ ਮੇਰੇ ਨਾਲ ਫਲਰਟ ਕਰ ਰਿਹਾ ਸੀ। ਅਸਲ ਵਿਚ ਉਹ ਆਪਣੇ ਹੀ ਬਾਰੇ ਗੱਲਾਂ ਕਰ ਰਿਹਾ ਸੀ। ਜਦ ਇਕ ਹੋਰ ਕੁੜੀ ਸਾਡੇ ਕੋਲ ਆਈ, ਤਾਂ ਉਹ ਉਸ ਨਾਲ ਵੀ ਫਲਰਟ ਕਰਨ ਲੱਗ ਪਿਆ। ਫਿਰ ਜਦ ਤੀਜੇ ਕੁੜੀ ਆਈ, ਤਾਂ ਉਹ ਉਸ ਨਾਲ ਵੀ ਮਿੱਠੀਆਂ ਗੱਲਾਂ ਕਰਨ ਲੱਗ ਪਿਆ। ਮੈਂ ਸੋਚਿਆ, ‘ਕਿੰਨਾ ਬੇਸ਼ਰਮ ਹੈ!’”—ਟੀਨਾ, 20.

ਕੁੜੀ ਦੇ ਜਜ਼ਬਾਤਾਂ ਨਾਲ ਨਾ ਖੇਡੋ। ਇਹ ਨਾ ਸੋਚੋ ਕਿ ਤੁਸੀਂ ਇਕ ਕੁੜੀ ਨਾਲ ਉਸੇ ਤਰ੍ਹਾਂ ਪੇਸ਼ ਆ ਸਕਦੇ ਹੋ ਜਿੱਦਾਂ ਤੁਸੀਂ ਆਪਣੇ ਯਾਰਾਂ-ਮਿੱਤਰਾਂ ਨਾਲ ਪੇਸ਼ ਆਉਂਦੇ ਹੋ। ਕਿਉਂ? ਜ਼ਰਾ ਸੋਚੋ: ਜੇ ਤੁਸੀਂ ਆਪਣੇ ਕਿਸੇ ਯਾਰ ਦੀ ਸਿਫ਼ਤ ਕਰੋ ਕਿ ਉਹ ਆਪਣੇ ਨਵੇਂ ਕੱਪੜਿਆਂ ਵਿਚ ਕਿੰਨਾ ਸੋਹਣਾ ਲੱਗਦਾ ਹੈ ਜਾਂ ਉਸ ਨਾਲ ਹਮੇਸ਼ਾ ਖੁੱਲ੍ਹ ਕੇ ਗੱਲਾਂ ਕਰੋ, ਤਾਂ ਉਸ ਨੇ ਇਹ ਨਹੀਂ ਸਮਝਣਾ ਕਿ ਉਹ ਦੇ ਉੱਤੇ ਤੁਹਾਡਾ ਦਿਲ ਆ ਗਿਆ ਹੈ। ਪਰ ਜੇ ਤੁਸੀਂ ਕਿਸੇ ਕੁੜੀ ਦੀ ਸਿਫ਼ਤ ਕਰੋ ਅਤੇ ਉਸ ਨਾਲ ਖੁੱਲ੍ਹ ਕੇ ਗੱਲਾਂ ਕਰੋ, ਤਾਂ ਹੋ ਸਕਦਾ ਹੈ ਕਿ ਉਹ ਸਮਝ ਬੈਠੇ ਕਿ ਤੁਸੀਂ ਉਸ ਨੂੰ ਪਸੰਦ ਕਰਦੇ ਹੋ।

ਕੁੜੀਆਂ ਦਾ ਕਹਿਣਾ ਹੈ: “ਮੁੰਡੇ ਇਹ ਨਹੀਂ ਸਮਝਦੇ ਕਿ ਉਹ ਕੁੜੀਆਂ ਨਾਲ ਅਜਿਹੀ ਦੋਸਤੀ ਨਹੀਂ ਕਰ ਸਕਦੇ ਜਿੱਦਾਂ ਦੀ ਉਹ ਆਪਣੇ ਯਾਰਾਂ ਨਾਲ ਕਰਦੇ ਹਨ।”—ਸ਼ੈਰਲ, 26.

“ਇਕ ਮੁੰਡਾ ਮੇਰਾ ਫ਼ੋਨ ਨੰਬਰ ਲੈ ਲੈਂਦਾ ਹੈ ਅਤੇ ਫਿਰ ਉਹ ਮੈਨੂੰ ਟੈਕਸਟ ਮੈਸਿਜ ਭੇਜਦਾ ਹੈ। ਸੋ ਇਹ ਦਾ ਕੀ ਮਤਲਬ ਹੋਇਆ? ਕਈ ਵਾਰ ਟੈਕਸਟ ਮੈਸਿਜਸ ਰਾਹੀਂ ਤੁਹਾਡੀ ਦੋਸਤੀ ਵਧ ਸਕਦੀ ਹੈ, ਪਰ ਤੁਸੀਂ ਟੈਕਸਟ ਮੈਸਿਜ ਵਿਚ ਕਿੰਨਾ ਕੁ ਕਹਿ ਸਕਦੇ ਹੋ?”—ਮੇਲੋਰੀ, 19.

“ਮੇਰੇ ਖ਼ਿਆਲ ਵਿਚ ਮੁੰਡੇ ਨਹੀਂ ਜਾਣਦੇ ਕਿ ਕੁੜੀ ਕਿੰਨੀ ਜਲਦੀ ਆਪਣਾ ਦਿਲ ਦੇਣ ਲਈ ਤਿਆਰ ਹੋ ਜਾਂਦੀ ਹੈ, ਖ਼ਾਸ ਕਰਕੇ ਉਦੋਂ ਜਦ ਮੁੰਡਾ ਉਹ ਦਾ ਬਹੁਤ ਕਰਦਾ ਹੈ ਤੇ ਉਸ ਨਾਲ ਸੋਹਣੀਆਂ ਗੱਲਾਂ ਕਰਦਾ ਹੈ। ਇਸ ਦਾ ਇਹ ਮਤਲਬ ਨਹੀਂ ਕਿ ਉਹ ਹਰੇਕ ਮੁੰਡੇ ’ਤੇ ਹੀ ਮਰਦੀ ਹੈ। ਬੱਸ, ਕੁੜੀਆਂ ਇਹੀ ਚਾਹੁੰਦੀਆਂ ਹਨ ਕਿ ਕਿਸੇ ਚੰਗੇ ਮੁੰਡੇ ਨਾਲ ਪਿਆਰ ਹੋ ਜਾਵੇ।”—ਐਲੀਸਨ, 25.

ਸਮਝਦਾਰੀ ਵਰਤੋ

ਇਹ ਸੋਚਣਾ ਤੁਹਾਡੀ ਵੱਡੀ ਗ਼ਲਤਫ਼ਹਿਮੀ ਹੈ ਕਿ ਸਾਰੀਆਂ ਕੁੜੀਆਂ ਤੁਹਾਨੂੰ ਪਸੰਦ ਕਰਨਗੀਆਂ। ਪਰ ਕੁਝ ਕੁੜੀਆਂ ਤੁਹਾਨੂੰ ਜ਼ਰੂਰ ਪਸੰਦ ਕਰਨਗੀਆਂ ਜੇ ਤੁਸੀਂ ਯਾਦ ਰੱਖੋ ਕਿ ਰੰਗ ਰੂਪ ਹੀ ਸਭ ਕੁਝ ਨਹੀਂ ਹੈ, ਸਗੋਂ ਇਹ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ। ਇਸ ਲਈ ਬਾਈਬਲ ਇਸ ਉੱਤੇ ਜ਼ੋਰ ਦਿੰਦੀ ਹੈ ਕਿ ਅਸੀਂ “ਨਵੀਂ ਇਨਸਾਨੀਅਤ” ਪਹਿਨੀਏ ਯਾਨੀ ਚੰਗੇ ਗੁਣ ਪੈਦਾ ਕਰਨੇ ਸਿੱਖੀਏ।—ਅਫ਼ਸੀਆਂ 4:24.

21 ਸਾਲਾਂ ਦੀ ਕੇਟ ਕਹਿੰਦੀ ਹੈ: “ਮੁੰਡੇ ਸੋਚਦੇ ਹਨ ਕਿ ਕੁੜੀਆਂ ਦਾ ਧਿਆਨ ਖਿੱਚਣ ਲਈ ਉਹ ਸੋਹਣੇ-ਸੁਨੱਖੇ ਹੋਣ ਤੇ ਵਧੀਆ ਕੱਪੜੇ ਪਾਉਣ। ਸ਼ਾਇਦ ਇਹ ਕੁਝ ਹੱਦ ਤਕ ਸੱਚ ਹੋਵੇ, ਪਰ ਇਨ੍ਹਾਂ ਚੀਜ਼ਾਂ ਨਾਲੋਂ ਚੰਗਾ ਸੁਭਾਅ ਹੋਣਾ ਜ਼ਿਆਦਾ ਜ਼ਰੂਰੀ ਹੈ।” * (g09 05)

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 10 ਨਾਂ ਬਦਲੇ ਗਏ ਹਨ।

^ ਪੈਰਾ 38 ਯੰਗ ਪੀਪਲ ਆਸਕਐਂਸਰਜ਼ ਦੈਟ ਵਰਕ ਦੀ ਦੂਜੀ ਕਿਤਾਬ ਦਾ ਤੀਜਾ ਅਧਿਆਇ ਦੇਖੋ ਜੋ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

ਇਸ ਬਾਰੇ ਸੋਚੋ

◼ ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਆਪਣੀ ਇੱਜ਼ਤ ਕਰਦੇ ਹੋ?

◼ ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਕਿਸੇ ਕੁੜੀ ਦੇ ਵਿਚਾਰਾਂ ਤੇ ਜਜ਼ਬਾਤਾਂ ਦੀ ਇੱਜ਼ਤ ਕਰਦੇ ਹੋ?

[ਸਫ਼ਾ 11 ਉੱਤੇ ਤਸਵੀਰ]

ਤਮੀਜ਼ ਸੂਟ-ਬੂਟ ਵਾਂਗ ਨਹੀਂ ਹੈ ਜੋ ਤੁਸੀਂ ਦੂਜਿਆਂ ਨੂੰ ਦਿਖਾਉਣ ਲਈ ਪਹਿਨਦੇ ਹੋ, ਪਰ ਫਿਰ ਘਰ ਜਾ ਕੇ ਲਾਹ ਦਿੰਦੇ ਹੋ