ਮੈਂ ਨਾਂਹ ਕਿਵੇਂ ਕਹਾਂ?
ਨੌਜਵਾਨ ਪੁੱਛਦੇ ਹਨ
ਮੈਂ ਨਾਂਹ ਕਿਵੇਂ ਕਹਾਂ?
◼ ਕੈਰਨ ਕਿਸੇ ਦੇ ਘਰ ਪਾਰਟੀ ਲਈ ਬੁਲਾਈ ਗਈ। ਉਸ ਨੂੰ ਦੱਸਿਆ ਗਿਆ ਸੀ ਕਿ ਇੱਥੇ ਸਿਆਣੇ ਵੀ ਹੋਣਗੇ, ਪਰ ਉਸ ਨੇ ਅਜੇ ਤਕ ਕੋਈ ਸਿਆਣਾ ਦੇਖਿਆ ਨਹੀਂ। ਆਉਣ ਤੋਂ ਪਹਿਲਾਂ ਉਸ ਨੇ ਦੋ ਮੁੰਡਿਆਂ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਪਾਰਟੀ ਵਿਚ ਬਹੁਤ ਬੀਰ ਤੇ ਸ਼ਰਾਬ ਹੋਵੇਗੀ। ਪਰ ਉਸ ਨੇ ਆਪਣੇ ਆਪ ਨੂੰ ਸਮਝਾਇਆ ਕਿ ਉਹ ਸਿਰਫ਼ ਮਖੌਲ ਹੀ ਕਰ ਰਹੇ ਸਨ ਜਿਸ ਕਰਕੇ ਉਸ ਨੇ ਆਪਣੇ ਮੰਮੀ-ਡੈਡੀ ਨੂੰ ਇਨ੍ਹਾਂ ਮੁੰਡਿਆਂ ਬਾਰੇ ਵੀ ਨਹੀਂ ਦੱਸਿਆ। ਪਰ ਉਸ ਨੂੰ ਪਹੁੰਚੀ ਨੂੰ ਅਜੇ ਬਹੁਤਾ ਚਿਰ ਨਹੀਂ ਹੋਇਆ ਕਿ ਉਸ ਨੇ ਉਨ੍ਹਾਂ ਦੋ ਮੁੰਡਿਆਂ ਨੂੰ ਕੁਝ ਲਿਫ਼ਾਫ਼ੇ ਚੁੱਕੀ ਆਉਂਦੇ ਦੇਖਿਆ। ਉਸ ਦੇ ਮਨ ਵਿਚ ਕੋਈ ਸ਼ੱਕ ਨਹੀਂ ਸੀ ਕਿ ਉਨ੍ਹਾਂ ਲਿਫ਼ਾਫ਼ਿਆਂ ਵਿਚ ਕੀ ਸੀ।
ਅਚਾਨਕ ਪਿੱਛਿਓਂ ਉਸ ਦੀ ਸਹੇਲੀ ਜੈਸਿਕਾ ਨੇ ਕਿਹਾ: “ਇੱਥੇ ਖੜ੍ਹੀ ਕੀ ਕਰ ਰਹੀ ਹੈਂ?” ਜੈਸਿਕਾ ਨੇ ਉਸ ਨੂੰ ਬੀਰ ਦੀ ਬੋਤਲ ਫੜਾਉਂਦੇ ਹੋਏ ਕਿਹਾ: “ਆ ਮੌਜ-ਮਸਤੀ ਕਰੀਏ!” ਕੈਰਨ ਨੂੰ ਹਿਚਕਿਚਾਉਂਦੇ ਦੇਖ ਕੇ ਜੈਸਿਕਾ ਨੇ ਕਿਹਾ: “ਇਹੀ ਤਾਂ ਉਮਰ ਹੈ ਮੌਜਾਂ ਲੁੱਟਣ ਦੀ।”
ਕੈਰਨ ਨਾ ਕਹਿਣਾ ਚਾਹੁੰਦੀ ਹੈ, ਪਰ ਇਸ ਤਰ੍ਹਾਂ ਕਰਨਾ ਉਸ ਨੂੰ ਬਹੁਤ ਮੁਸ਼ਕਲ ਲੱਗ ਰਿਹਾ। ਗੱਲ ਇਹ ਨਹੀਂ ਕਿ ਉਹ ਬੀਰ ਪੀਣੀ ਚਾਹੁੰਦੀ ਹੈ, ਪਰ ਗੱਲ ਇਹ ਹੈ ਕਿ ਜੈਸਿਕਾ ਉਸ ਦੀ ਪੱਕੀ ਸਹੇਲੀ ਹੈ। ਤੇ ਕੈਰਨ ਨਹੀਂ ਚਾਹੁੰਦੀ ਕਿ ਜੈਸਿਕਾ ਉਸ ਬਾਰੇ ਬੁਰਾ ਸੋਚੇ। ਨਾਲੇ ਸਾਰੇ ਜੈਸਿਕਾ ਦੀਆਂ ਸਿਫ਼ਤਾਂ ਕਰਦੇ ਹਨ। ਕੈਰਨ ਮਨ ਹੀ ਮਨ ਵਿਚ ਸੋਚਦੀ ਹੈ, ‘ਜੇ ਉਹ ਪੀ ਰਹੀ ਹੈ, ਤਾਂ ਕੀ ਹੋਇਆ ਜੇ ਮੈਂ ਵੀ ਪੀ ਲਈ? ਬੀਰ ਹੀ ਤਾਂ ਹੈ। ਮੈਂ ਕਿਹੜਾ ਡ੍ਰੱਗਜ਼ ਲੈ ਰਹੀ ਹਾਂ ਜਾਂ ਸੈਕਸ ਕਰ ਰਹੀ ਹਾਂ।’
ਨੌਜਵਾਨਾਂ ਨੂੰ ਕਈ ਤਰ੍ਹਾਂ ਦੇ ਪਰਤਾਵਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਮਿਸਾਲ ਲਈ, 17 ਸਾਲਾਂ ਦਾ ਰਾਮੋਨ * ਕਹਿੰਦਾ ਹੈ: “ਸਕੂਲੇ ਕੁੜੀਆਂ ਮੇਰਾ ਪਿੱਛਾ ਨਹੀਂ ਛੱਡਦੀਆਂ ਤੇ ਨਾ ਹੀ ਉਹ ਹੱਥ ਲਾਉਣ ਤੋਂ ਸੰਗਦੀਆਂ ਹਨ। ਉਹ ਮੇਰੀ ਇਕ ਨਹੀਂ ਸੁਣਦੀਆਂ।” 17 ਸਾਲਾਂ ਦੀ ਡੀਆਨਾ ਨਾਲ ਵੀ ਕੁਝ ਇਸ ਤਰ੍ਹਾਂ ਹੋਇਆ ਹੈ। ਉਸ ਨੇ ਕਿਹਾ: “ਇਕ ਮੁੰਡੇ ਨੇ ਆ ਕੇ ਆਪਣੀ ਬਾਂਹ ਮੇਰੇ ਮੋਢਿਆਂ ਤੇ ਰੱਖੀ। ਮੈਂ ਉਸ ਦੀ ਬਾਂਹ ਤੇ ਮੁੱਕਾ ਮਾਰ ਕੇ ਕਿਹਾ, ‘ਓਏ ਪਰੇ ਹਟ ਮੇਰੇ ਤੋਂ! ਮੈਂ ਤਾਂ ਤੈਨੂੰ ਜਾਣਦੀ ਵੀ ਨਹੀਂ!’”
ਸ਼ਾਇਦ ਪਰਤਾਵੇ ਤੁਹਾਨੂੰ ਲੁਭਾਉਣ ਲਈ ਵਾਰ-ਵਾਰ ਤੁਹਾਡੇ ਸਾਮ੍ਹਣੇ ਆਉਣ। ਇਕ ਮੁੰਡੇ ਨੇ ਕਿਹਾ: “ਪਰਤਾਵੇ ਇੱਦਾਂ ਆਉਂਦੇ ਹਨ ਜਿਵੇਂ ਕੋਈ ਬੰਦ ਦਰਵਾਜ਼ੇ ਤੇ ਖੜ੍ਹਾ ਵਾਰ-ਵਾਰ ਉਸ ਨੂੰ ਖੜਕਾਈ ਜਾਂਦਾ ਹੈ। ਤੁਸੀਂ ਉਹ ਆਵਾਜ਼ ਜਿੰਨਾ ਵੀ ਨਾ ਸੁਣਨਾ ਚਾਹੋ, ਫਿਰ ਵੀ ਉਹ ਤੁਹਾਡੇ ਕੰਨਾਂ ਵਿਚ ਪੈਂਦੀ ਰਹਿੰਦੀ ਹੈ।” ਕੀ ਤੁਸੀਂ ਵਾਰ-ਵਾਰ ਕੋਈ ਗ਼ਲਤ ਕੰਮ ਕਰਨ ਵੱਲ ਖਿੱਚੇ ਜਾ ਰਹੇ ਹੋ? ਅੱਗੇ ਲਿਖਿਆ ਇਨ੍ਹਾਂ ਚੀਜ਼ਾਂ ਵਿੱਚੋਂ ਕਿਹੜੀਆਂ ਤੁਹਾਨੂੰ ਲੁਭਾਉਂਦੀਆਂ ਹਨ?
□ ਸਿਗਰਟ ਪੀਣੀ
□ ਸ਼ਰਾਬ ਪੀਣੀ
□ ਡ੍ਰੱਗਜ਼ ਲੈਣੇ
□ ਗੰਦੀਆਂ ਤਸਵੀਰਾਂ ਦੇਖਣੀਆਂ
□ ਸੈਕਸ ਕਰਨਾ
□ ਕੋਈ ਹੋਰ ਚੀਜ਼ .....
ਜੇ ਇਨ੍ਹਾਂ ਵਿੱਚੋਂ ਕੋਈ ਚੀਜ਼ ਤੁਹਾਨੂੰ ਲੁਭਾਉਂਦੀ ਹੈ, ਤਾਂ ਇਹ ਨਾ ਸੋਚੋ ਕਿ ਤੁਸੀਂ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰ ਸਕਦੇ ਹੋ। ਤੁਸੀਂ ਗ਼ਲਤ ਇੱਛਾਵਾਂ ਉੱਤੇ ਕਾਬੂ ਪਾਉਣਾ ਸਿੱਖ ਸਕਦੇ ਹੋ ਅਤੇ ਪਰਤਾਵਿਆਂ ਵਿਚ ਪੈਣ ਤੋਂ ਬਚ ਸਕਦੇ ਹੋ। ਕਿਵੇਂ? ਚੰਗਾ ਹੋਵੇਗਾ ਜੇ ਅਸੀਂ ਉਨ੍ਹਾਂ ਤਿੰਨ ਚੀਜ਼ਾਂ ਨੂੰ ਪਛਾਣੀਏ ਜਿਨ੍ਹਾਂ ਕਾਰਨ ਅਸੀਂ ਪਰਤਾਏ ਜਾਂਦੇ ਹਾਂ।
1. ਅਸੀਂ ਪਾਪੀ ਹਾਂ। ਪਾਪੀ ਹੋਣ ਕਰਕੇ ਸਾਰੇ ਇਨਸਾਨ ਗ਼ਲਤੀਆਂ ਦੇ ਪੁਤਲੇ ਹਨ। ਪੌਲੁਸ ਰਸੂਲ ਨੇ ਵੀ ਕਬੂਲ ਕੀਤਾ: “ਜਦ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ ਤਦੋਂ ਬੁਰਿਆਈ ਹਾਜ਼ਰ ਹੁੰਦੀ ਹੈ।” (ਰੋਮੀਆਂ 7:21) ਕੋਈ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਫਿਰ ਵੀ “ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ” ਉਸ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। (1 ਯੂਹੰਨਾ 2:16) ਪਰ ਜੇ ਕੋਈ ਗ਼ਲਤ ਚੀਜ਼ਾਂ ਬਾਰੇ ਸੋਚਦਾ ਰਿਹਾ, ਤਾਂ ਇਸ ਦਾ ਨਤੀਜਾ ਬੁਰਾ ਹੀ ਨਿਕਲੇਗਾ। ਬਾਈਬਲ ਕਹਿੰਦੀ ਹੈ: “ਕਾਮਨਾ ਜਾਂ ਗਰਭਣੀ ਹੋਈ ਤਾਂ ਪਾਪ ਨੂੰ ਜਣਦੀ ਹੈ।”—ਯਾਕੂਬ 1:15.
2. ਦੂਜਿਆਂ ਦਾ ਪ੍ਰਭਾਵ। ਪਰਤਾਉਣ ਵਾਲੀਆਂ ਚੀਜ਼ਾਂ ਹਰ ਪਾਸੇ ਹਨ। ਟਰੂਡੀ ਕਹਿੰਦੀ ਹੈ: “ਸਕੂਲੇ ਅਤੇ ਕੰਮ ਤੇ ਲੋਕ ਅਕਸਰ ਸੈਕਸ ਬਾਰੇ ਗੱਲ ਕਰਦੇ ਰਹਿੰਦੇ ਹਨ। ਫ਼ਿਲਮਾਂ ਤੇ ਟੈਲੀਵਿਯਨ ਤੇ ਸੈਕਸ ਨੂੰ ਹਮੇਸ਼ਾ ਇੱਦਾਂ ਦਿਖਾਇਆ ਜਾਂਦਾ ਜਿਵੇਂ ਇਸ ਤੋਂ ਬਿਨਾਂ ਕੋਈ ਜੀ ਨਹੀਂ ਸਕਦਾ। ਪਰ ਇਸ ਦੇ ਬੁਰੇ ਨਤੀਜੇ ਕਦੇ ਨਹੀਂ ਦਿਖਾਏ ਜਾਂਦੇ।” ਟਰੂਡੀ ਦੱਸਦੀ ਹੈ ਕਿ ਉਸ ਨੂੰ ਪਤਾ ਵੀ ਨਹੀਂ ਲੱਗਿਆ ਕੱਦ ਸੈਕਸ ਨਾਲ ਪਾਗਲ ਦੁਨੀਆਂ ਦਾ ਪ੍ਰਭਾਵ ਉਸ ਉੱਤੇ ਪੈਣ ਲੱਗਾ। ਉਹ ਕਹਿੰਦੀ ਹੈ: “16 ਸਾਲ ਦੀ ਉਮਰ ਤੇ ਮੈਨੂੰ ਲੱਗਦਾ ਸੀ ਕਿ ਮੈਨੂੰ ਪਿਆਰ ਹੋ ਗਿਆ। ਮੇਰੀ ਮੰਮੀ ਨੇ ਮੈਨੂੰ ਬਿਠਾ ਕੇ ਦੱਸਿਆ ਕਿ ਜੇ ਮੈਂ ਬਾਜ਼ ਨਾ ਆਈ, ਤਾਂ ਮੇਰੇ ਪੈਰ ਭਾਰੀ ਹੋ ਜਾਣਗੇ। ਮੈਨੂੰ ਸਮਝ ਹੀ ਨਹੀਂ ਆਉਂਦੀ ਸੀ ਕਿ ਮੇਰੀ ਮੰਮੀ ਨੇ ਮੈਨੂੰ ਇੱਦਾਂ ਕਿਉਂ ਕਿਹਾ। ਦੋ ਮਹੀਨੇ ਬਾਅਦ ਮੰਮੀ ਦੀ ਗੱਲ ਸੱਚ ਨਿਕਲੀ।”
3. “ਜੁਆਨੀ ਦੀਆਂ ਕਾਮਨਾਂ।” (2 ਤਿਮੋਥਿਉਸ 2:22) ਨੌਜਵਾਨ ਕਈ ਚੀਜ਼ਾਂ ਵੱਲ ਖਿੱਚੇ ਜਾਂਦੇ ਹਨ। ਮਿਸਾਲ ਲਈ, ਕੋਈ ਸ਼ਾਇਦ ਚਾਹੇ ਕਿ ਸਾਰੇ ਸਮਝਣ ਕਿ ਉਹ ਬੱਚਾ ਨਹੀਂ ਰਿਹਾ, ਸਗੋਂ ਵੱਡਾ ਹੋ ਗਿਆ ਹੈ ਤੇ ਉਸ ਨੂੰ ਅਕਲ ਆ ਗਈ ਹੈ। ਨੌਜਵਾਨਾਂ ਲਈ ਇਹ ਖ਼ਾਹਸ਼ ਰੱਖਣੀ ਆਪਣੇ ਆਪ ਵਿਚ ਗ਼ਲਤ ਨਹੀਂ ਹੈ, ਪਰ ਜੇ ਅਜਿਹੀਆਂ ਖ਼ਾਹਸ਼ਾਂ ਨੂੰ ਕੰਟ੍ਰੋਲ ਵਿਚ ਨਾ ਰੱਖਿਆ ਗਿਆ, ਤਾਂ ਨੌਜਵਾਨ ਗ਼ਲਤ ਪਾਸੇ ਲੱਗ ਸਕਦੇ ਹਨ। ਹੋ ਸਕਦਾ ਹੈ ਕਿ ਕੋਈ ਉਨ੍ਹਾਂ ਅਸੂਲਾਂ ਦੇ ਖ਼ਿਲਾਫ਼ ਜਾਵੇ ਜੋ ਉਸ ਦੇ ਮਾਪਿਆਂ ਨੇ ਉਸ ਨੂੰ ਸਿਖਾਏ ਹਨ। 17 ਸਾਲਾਂ ਦੇ ਸਟੀਵ ਨਾਲ ਇਸੇ ਤਰ੍ਹਾਂ ਹੋਇਆ। ਉਹ ਕਹਿੰਦਾ ਹੈ: “ਮੈਂ ਬਪਤਿਸਮਾ ਤਾਂ ਲੈ ਲਿਆ, ਪਰ ਉਸ ਤੋਂ ਥੋੜ੍ਹੀ ਦੇਰ ਬਾਅਦ ਮੈਂ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਿਆ। ਮੈਂ ਉਹੀ ਕਰਨ ਲੱਗਾ ਜੋ ਮੈਂ ਚਾਹੁੰਦਾ ਸੀ ਅਤੇ ਉਨ੍ਹਾਂ ਦੀ ਇਕ-ਇਕ ਗੱਲ ਦੇ ਉਲਟ ਚੱਲਿਆ।”
ਇਹ ਸੱਚ ਹੈ ਕਿ ਇਨ੍ਹਾਂ ਤਿੰਨ ਚੀਜ਼ਾਂ ਦਾ ਸਾਡੇ ਉੱਤੇ ਬਹੁਤ ਅਸਰ ਪੈ ਸਕਦਾ ਹੈ। ਫਿਰ ਵੀ ਅਸੀਂ ਪਰਤਾਵਿਆਂ ਵਿਚ ਪੈਣ ਤੋਂ ਬਚ ਸਕਦੇ ਹਾਂ। ਕਿਵੇਂ?
◼ ਪਹਿਲਾਂ, ਪਛਾਣੋ ਕਿ ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਜ਼ਿਆਦਾ ਲੁਭਾਉਂਦੀ ਹੈ। (ਤੁਸੀਂ ਸ਼ਾਇਦ ਉੱਪਰ ਪਹਿਲਾਂ ਹੀ ਇਸ ਤਰ੍ਹਾਂ ਕਰ ਚੁੱਕੇ ਹੋ।)
◼ ਫਿਰ ਆਪਣੇ ਆਪ ਤੋਂ ਪੁੱਛੋ, ‘ਮੈਨੂੰ ਖ਼ਾਸਕਰ ਇਸ ਪਰਤਾਵੇ ਵਿਚ ਪੈਣ ਦਾ ਖ਼ਤਰਾ ਕਦੋਂ ਹੁੰਦਾ ਹੈ?’ ਇਨ੍ਹਾਂ ਵਿੱਚੋਂ ਇਕ ਤੇ ਨਿਸ਼ਾਨ ਲਾਓ:
□ ਸਕੂਲੇ
□ ਕੰਮ ਤੇ
□ ਇਕੱਲੇ ਹੁੰਦੇ ਹੋਏ
□ ਕਿਤੇ ਹੋਰ ․․․․․
ਜੇ ਤੁਹਾਨੂੰ ਪਤਾ ਹੋਵੇ ਕਿ ਪਰਤਾਵੇ ਵਿਚ ਪੈਣ ਦਾ ਸਭ ਤੋਂ ਜ਼ਿਆਦਾ ਖ਼ਤਰਾ ਕਦੋਂ ਹੁੰਦਾ ਹੈ, ਤਾਂ ਸ਼ਾਇਦ ਤੁਸੀਂ ਉਸ ਖ਼ਤਰੇ ਤੋਂ ਦੂਰ ਹੀ ਰਹਿ ਸਕੋ। ਮਿਸਾਲ ਲਈ, ਯਾਦ ਕਰੋ ਕਿ ਇਸ ਲੇਖ ਦੇ ਸ਼ੁਰੂ ਵਿਚ ਅਸੀਂ ਕੈਰਨ ਦੀ ਗੱਲ ਦੱਸੀ ਸੀ ਜੋ ਪਾਰਟੀ ਨੂੰ ਗਈ ਸੀ। ਕੀ ਉਸ ਨੂੰ
ਪਤਾ ਸੀ ਕਿ ਉਸ ਪਾਰਟੀ ਤੇ ਕੁਝ ਗ਼ਲਤ ਹੋਵੇਗਾ? ਉਹ ਆਪਣੇ ਆਪ ਨੂੰ ਪਰਤਾਵੇ ਵਿਚ ਪੈਣ ਤੋਂ ਕਿਵੇਂ ਬਚਾ ਸਕਦੀ ਸੀ?◼ ਤੁਸੀਂ ਜਾਣ ਗਏ ਹੋ ਕਿ (1) ਕਿਹੜੀ ਚੀਜ਼ ਤੁਹਾਨੂੰ ਲੁਭਾਉਂਦੀ ਹੈ ਅਤੇ (2) ਇਸ ਦਾ ਸਭ ਤੋਂ ਜ਼ਿਆਦਾ ਖ਼ਤਰਾ ਕਦੋਂ ਹੁੰਦਾ ਹੈ। ਹੁਣ ਤੁਸੀਂ ਕੁਝ ਕਰਨ ਲਈ ਤਿਆਰ ਹੋ। ਸਭ ਤੋਂ ਪਹਿਲਾਂ ਇਸ ਬਾਰੇ ਸੋਚੋ ਕਿ ਤੁਸੀਂ ਉਸ ਚੀਜ਼ ਤੋਂ ਦੂਰ ਰਹਿਣ ਲਈ ਕੀ ਕਰ ਸਕਦੇ ਹੋ। ਜੇ ਤੁਸੀਂ ਬਿਲਕੁਲ ਦੂਰ ਨਹੀਂ ਰਹਿ ਸਕਦੇ, ਤਾਂ ਉਸ ਤੋਂ ਕੁਝ ਹੱਦ ਤਕ ਬਚਣ ਲਈ ਕੀ ਕਰ ਸਕਦੇ ਹੋ? ਆਪਣਾ ਜਵਾਬ ਹੇਠਾਂ ਲਿਖੋ।
․․․․․
․․․․․
(ਉਦਾਹਰਣਾਂ: ਜੇ ਹਰ ਰੋਜ਼ ਸਕੂਲੋਂ ਘਰ ਵਾਪਸ ਆਉਂਦੇ ਹੋਏ ਤੁਹਾਨੂੰ ਰਾਹ ਵਿਚ ਬੱਚੇ ਮਿਲਣ ਜੋ ਤੁਹਾਨੂੰ ਸਿਗਰਟ ਪੀਣ ਲਈ ਕਹਿਣ, ਤਾਂ ਸ਼ਾਇਦ ਤੁਸੀਂ ਕਿਸੇ ਹੋਰ ਰਸਤੇ ਘਰ ਆ ਸਕਦੇ ਹੋ। ਜੇ ਤੁਹਾਡੇ ਕੁਝ ਕੀਤੇ ਬਿਨਾਂ ਕੰਪਿਊਟਰ ਤੇ ਗੰਦੀਆਂ ਤਸਵੀਰਾਂ ਆ ਜਾਂਦੀਆਂ ਹਨ, ਤਾਂ ਤੁਸੀਂ ਅਜਿਹੇ ਕੰਪਿਊਟਰ ਪ੍ਰੋਗ੍ਰਾਮ ਵਰਤ ਸਕਦੇ ਹੋ ਜੋ ਇਨ੍ਹਾਂ ਨੂੰ ਰੋਕ ਸਕਦੇ ਹਨ। ਇਸ ਤੋਂ ਇਲਾਵਾ ਇੰਟਰਨੈੱਟ ਤੇ ਰੀਸਰਚ ਕਰਦੇ ਸਮੇਂ ਸਾਵਧਾਨ ਰਹੋ ਕਿ ਤੁਸੀਂ ਕਿਹੜੇ ਸ਼ਬਦ ਸਰਚ ਇੰਜਣ ਵਿਚ ਪਾਉਂਦੇ ਹੋ।)
ਤੁਸੀਂ ਹਰ ਪਰਤਾਵੇ ਤੋਂ ਬਿਲਕੁਲ ਤਾਂ ਬਚ ਕੇ ਨਹੀਂ ਰਹਿ ਸਕਦੇ। ਕਿਸੇ-ਨ-ਕਿਸੇ ਸਮੇਂ ਤੁਹਾਨੂੰ ਅਜਿਹੇ ਪਰਤਾਵੇ ਦਾ ਸਾਮ੍ਹਣਾ ਕਰਨਾ ਪਵੇਗਾ ਜੋ ਤੁਹਾਨੂੰ ਗ਼ਲਤ ਕੰਮ ਕਰਨ ਲਈ ਖਿੱਚੇਗਾ। ਇਹ ਉਦੋਂ ਹੋ ਸਕਦਾ ਹੈ ਜਦ ਤੁਹਾਨੂੰ ਇਸ ਦੀ ਕੋਈ ਉਮੀਦ ਨਾ ਹੋਵੇ। ਉਸ ਸਮੇਂ ਤੁਸੀਂ ਕੀ ਕਰ ਸਕਦੇ ਹੋ?
ਤਿਆਰ ਰਹੋ। ਜਦ ‘ਸ਼ਤਾਨ ਯਿਸੂ ਨੂੰ ਪਰਤਾ ਰਿਹਾ’ ਸੀ, ਤਾਂ ਯਿਸੂ ਨੇ ਝੱਟ ਮੂੰਹ ਤੋੜ ਜਵਾਬ ਦਿੱਤਾ। (ਮਰਕੁਸ 1:13) ਉਹ ਇੰਨੀ ਜਲਦੀ ਜਵਾਬ ਕਿਵੇਂ ਦੇ ਸਕਿਆ? ਉਸ ਨੇ ਪਹਿਲਾਂ ਹੀ ਤੈ ਕਰ ਲਿਆ ਸੀ ਕਿ ਉਸ ਨੇ ਕੀ ਜਵਾਬ ਦੇਣਾ ਸੀ। ਜ਼ਰਾ ਇਸ ਬਾਰੇ ਸੋਚੋ: ਯਿਸੂ ਵੀ ਇਕ ਇਨਸਾਨ ਹੀ ਸੀ। ਉਹ ਵੀ ਗ਼ਲਤੀ ਕਰ ਸਕਦਾ ਸੀ। ਉਹ ਵੀ ਸ਼ਤਾਨ ਦੀਆਂ ਗੱਲਾਂ ਵਿਚ ਆ ਸਕਦਾ ਸੀ। ਪਰ ਉਸ ਨੇ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਉਹ ਆਪਣੇ ਪਿਤਾ ਯਹੋਵਾਹ ਦੇ ਕਹਿਣੇ ਵਿਚ ਰਹੇਗਾ। (ਯੂਹੰਨਾ 8:28, 29) ਯਿਸੂ ਦਾ ਇਰਾਦਾ ਪੱਕਾ ਸੀ ਜਦ ਉਸ ਨੇ ਕਿਹਾ: “ਮੈਂ ਸੁਰਗੋਂ ਉੱਤਰਿਆ ਹਾਂ ਇਸ ਲਈ ਨਹੀਂ ਜੋ ਆਪਣੀ ਮਰਜ਼ੀ ਸਗੋਂ ਉਹ ਦੀ ਮਰਜ਼ੀ ਦੇ ਅਨੁਸਾਰ ਚੱਲਾਂ ਜਿਹ ਨੇ ਮੈਨੂੰ ਘੱਲਿਆ। ”—ਯੂਹੰਨਾ 6:38.
ਹੇਠਾਂ ਦੋ ਗੱਲਾਂ ਲਿਖੋ ਕਿ ਤੁਹਾਨੂੰ ਉਸ ਪਰਤਾਵੇ ਵਿਚ ਪੈਣ ਤੋਂ ਕਿਉਂ ਬਚਣਾ ਚਾਹੀਦਾ ਹੈ ਜਿਸ ਦਾ ਤੁਹਾਨੂੰ ਵਾਰ-ਵਾਰ ਸਾਮ੍ਹਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਇਹ ਵੀ ਲਿਖੋ ਕਿ ਤੁਸੀਂ ਉਸ ਪਰਤਾਵੇ ਤੋਂ ਬਚਣ ਲਈ ਕਿਹੜੇ ਦੋ ਕਦਮ ਚੁੱਕੋਗੇ।
1. ․․․․․
2. ․․․․․
ਇਹ ਨਾ ਭੁੱਲੋ ਕਿ ਆਪਣੇ ਦਿਲ ਦੀ ਚਾਹ ਪੂਰੀ ਕਰ ਕੇ ਤੁਸੀਂ ਆਪਣੀਆਂ ਗ਼ਲਤ ਇੱਛਾਵਾਂ ਦੇ ਗ਼ੁਲਾਮ ਬਣ ਜਾਂਦੇ ਹੋ। (ਤੀਤੁਸ 3:3) ਕੀ ਤੁਹਾਨੂੰ ਆਪਣੀ ਲਾਲਸਾ ਦੇ ਵੱਸ ਵਿਚ ਆਉਣਾ ਚਾਹੀਦਾ ਹੈ? ਆਪਣੀਆਂ ਇੱਛਾਵਾਂ ਨੂੰ ਕੰਟ੍ਰੋਲ ਵਿਚ ਰੱਖੋ ਨਾ ਕਿ ਉਹ ਤੁਹਾਨੂੰ ਆਪਣੇ ਕੰਟ੍ਰੋਲ ਵਿਚ ਰੱਖਣ।—ਕੁਲੁੱਸੀਆਂ 3:5. (g 8/08)
“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ਤੇ ਦਿੱਤੇ ਗਏ ਹਨ: www.watchtower.org/ype
[ਫੁਟਨੋਟ]
^ ਪੈਰਾ 6 ਇਸ ਲੇਖ ਵਿਚ ਨਾਂ ਬਦਲੇ ਗਏ ਹਨ।
ਇਸ ਬਾਰੇ ਸੋਚੋ
◼ ਕੀ ਮੁਕੰਮਲ ਪ੍ਰਾਣੀ ਪਰਤਾਏ ਜਾ ਸਕਦੇ ਹਨ?—ਉਤਪਤ 6:1-3; ਯੂਹੰਨਾ 8:44.
◼ ਜਦ ਤੁਸੀਂ ਪਰਤਾਵਿਆਂ ਦਾ ਡੱਟ ਕੇ ਸਾਮ੍ਹਣਾ ਕਰਦੇ ਹੋ, ਤਾਂ ਤੁਹਾਡੀ ਵਫ਼ਾਦਾਰੀ ਦਾ ਹੋਰਨਾਂ ਤੇ ਕੀ ਪ੍ਰਭਾਵ ਪੈਂਦਾ ਹੈ?—ਕਹਾਉਤਾਂ 27:11; 1 ਤਿਮੋਥਿਉਸ 4:12.
[ਸਫ਼ਾ 23 ਉੱਤੇ ਡੱਬੀ]
ਇੱਦਾਂ ਕਰ ਕੇ ਦੇਖੋ
ਇਕ ਕੰਪਾਸ ਲਓ ਅਤੇ ਉਸ ਨੂੰ ਅਜਿਹੇ ਤਰੀਕੇ ਨਾਲ ਫੜੋ ਕਿ ਉਸ ਦੀ ਸੂਈ ਉੱਤਰ ਵੱਲ ਇਸ਼ਾਰਾ ਕਰੇ। ਹੁਣ ਇਕ ਚੁੰਬਕ ਲਓ ਅਤੇ ਉਸ ਨੂੰ ਕੰਪਾਸ ਦੇ ਇਕ ਪਾਸੇ ਰੱਖੋ। ਕੀ ਹੁੰਦਾ ਹੈ? ਸੂਈ ਚੁੰਬਕ ਵੱਲ ਮੁੜ ਜਾਂਦੀ ਹੈ ਅਤੇ ਸਹੀ ਦਿਸ਼ਾ ਵੱਲ ਇਸ਼ਾਰਾ ਨਹੀਂ ਕਰਦੀ।
ਤੁਹਾਡੀ ਜ਼ਮੀਰ ਉਸ ਕੰਪਾਸ ਵਰਗੀ ਹੈ। ਜਦ ਇਹ ਸਹੀ ਤਰ੍ਹਾਂ ਕੰਮ ਕਰਦੀ ਹੈ, ਤਾਂ ਇਸ ਦੀ ਮਦਦ ਨਾਲ ਤੁਸੀਂ ਸਹੀ ਫ਼ੈਸਲੇ ਕਰ ਸਕਦੇ ਹੋ। ਪਰ ਮਾੜੀ ਸੰਗਤ ਇਕ ਚੁੰਬਕ ਵਾਂਗ ਤੁਹਾਡੀ ਜ਼ਮੀਰ ਉੱਤੇ ਬੁਰਾ ਪ੍ਰਭਾਵ ਪਾਵੇਗੀ ਅਤੇ ਤੁਸੀਂ ਗ਼ਲਤ ਪਾਸੇ ਖਿੱਚੇ ਜਾਵੋਗੇ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਉਨ੍ਹਾਂ ਲੋਕਾਂ ਨਾਲ ਰਹਿਣਾ-ਬਹਿਣਾ ਬੰਦ ਕਰੋ ਅਤੇ ਉਨ੍ਹਾਂ ਚੀਜ਼ਾਂ ਤੋਂ ਦੂਰ ਰਹੋ ਜੋ ਤੁਹਾਡੀ ਜ਼ਮੀਰ ਨੂੰ ਚੰਗੀ ਤਰ੍ਹਾਂ ਕੰਮ ਕਰਨ ਤੋਂ ਰੋਕਣਗੇ।—ਕਹਾਉਤਾਂ 13:20.
[ਸਫ਼ਾ 29 ਉੱਤੇ ਡੱਬੀ]
ਸੁਝਾਅ
ਪਹਿਲਾਂ ਤੈ ਕਰ ਲਓ ਕਿ ਤੁਸੀਂ ਕੀ ਕਹੋਗੇ ਜਦ ਤੁਹਾਨੂੰ ਕੋਈ ਗ਼ਲਤ ਕੰਮ ਕਰਨ ਲਈ ਪਰਤਾਵੇਗਾ। ਫ਼ਿਕਰ ਨਾ ਕਰੋ। ਤੁਹਾਨੂੰ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ, ਕਈ ਵਾਰ ਤਾਂ ਤੁਹਾਨੂੰ ਸਿਰਫ਼ ਨਾ ਕਹਿਣ ਦੀ ਲੋੜ ਹੈ। ਮਿਸਾਲ ਲਈ, ਜੇ ਕੋਈ ਸਕੂਲੇ ਤੁਹਾਨੂੰ ਸਿਗਰਟ ਦੇਵੇ, ਤਾਂ ਤੁਸੀਂ ਕਹਿ ਸਕਦੇ ਹੋ: “ਮੇਰੇ ਤੇ ਇਹ ਬੇਕਾਰ ਜਾਣੀ, ਮੈਂ ਨਹੀਂ ਸਿਗਰਟ ਪੀਂਦਾ!”
[ਸਫ਼ਾ 30 ਉੱਤੇ ਤਸਵੀਰ]
ਆਪਣੇ ਦਿਲ ਦੀ ਚਾਹ ਪੂਰੀ ਕਰ ਕੇ ਤੁਸੀਂ ਆਪਣੀਆਂ ਗ਼ਲਤ ਇੱਛਾਵਾਂ ਦੇ ਗ਼ੁਲਾਮ ਬਣ ਜਾਂਦੇ ਹੋ