ਖ਼ਤਰੇ ਦੀਆਂ ਨਿਸ਼ਾਨੀਆਂ?
ਖ਼ਤਰੇ ਦੀਆਂ ਨਿਸ਼ਾਨੀਆਂ?
ਅਖ਼ਬਾਰ ਦ ਨਿਊਜ਼ੀਲੈਂਡ ਹੈਰਲਡ ਮੁਤਾਬਕ ‘ਟੂਵਾਲੂ ਟਾਪੂ ਉੱਤੇ ਰਹਿੰਦੇ 73 ਸਾਲਾਂ ਦੇ ਇਕ ਬਜ਼ੁਰਗ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਸਮੁੰਦਰ ਦਾ ਪਾਣੀ ਚੜ੍ਹ ਰਿਹਾ ਹੈ। ਉਹ ਖ਼ੁਦ ਦੇਖ ਸਕਦਾ ਹੈ ਕਿ ਉਹ ਬੀਚਾਂ ਪਾਣੀ ਵਿਚ ਡੁੱਬਦੀਆਂ ਜਾ ਰਹੀਆਂ ਹਨ ਜਿਨ੍ਹਾਂ ਉੱਤੇ ਉਹ ਬਚਪਨ ਵਿਚ ਖੇਡਦਾ ਹੁੰਦਾ ਸੀ। ਜਿਨ੍ਹਾਂ ਖੇਤਾਂ ਤੋਂ ਉਸ ਦੇ ਪਰਿਵਾਰ ਦੀ ਰੋਜ਼ੀ-ਰੋਟੀ ਚੱਲਦੀ ਸੀ, ਉਹ ਸਲੂਣੇ ਪਾਣੀ ਨਾਲ ਸਿੰਜ ਗਏ ਹਨ ਤੇ ਫ਼ਸਲਾਂ ਬਰਬਾਦ ਹੋ ਗਈਆਂ ਹਨ। ਅਪ੍ਰੈਲ 2007 ਵਿਚ ਹੜ੍ਹਾਂ ਤੇ ਲਹਿਰਾਂ ਦੇ ਕਾਰਨ ਉਸ ਦੇ ਘਰ ’ਤੇ ਪੱਥਰਾਂ ਦੀ ਬੁਛਾੜ ਹੋਈ ਜਿਸ ਕਰਕੇ ਉਹ ਨੂੰ ਆਪਣਾ ਘਰ ਛੱਡਣਾ ਪਿਆ।’
ਸ ਮੁੰਦਰੀ ਤਲ ਤੋਂ ਟੂਵਾਲੂ ਦੇ ਟਾਪੂ ਸਿਰਫ਼ 4 ਮੀਟਰ ਉੱਚੇ ਹਨ। ਉੱਥੇ ਰਹਿਣ ਵਾਲੇ ਲੋਕਾਂ ਲਈ ਗਲੋਬਲ ਵਾਰਮਿੰਗ ਕੋਈ ਵਿਗਿਆਨਕ ਫ਼ਲਸਫ਼ਾ ਨਹੀਂ ਹੈ। * ਹੈਰਲਡ ਅਖ਼ਬਾਰ ਮੁਤਾਬਕ ਇਹ “ਇਕ ਅਸਲੀਅਤ ਹੈ” ਜਿਸ ਦਾ ਲੋਕ ਰੋਜ਼ਾਨਾ ਸਾਮ੍ਹਣਾ ਕਰਦੇ ਹਨ। ਹਜ਼ਾਰਾਂ ਹੀ ਲੋਕ ਇਨ੍ਹਾਂ ਟਾਪੂਆਂ ਨੂੰ ਛੱਡ ਕੇ ਚਲੇ ਗਏ ਹਨ ਤੇ ਬਹੁਤ ਸਾਰੇ ਛੱਡ ਜਾਣ ਦੀਆਂ ਤਿਆਰੀਆਂ ਵਿਚ ਹਨ।
ਦੂਸਰੇ ਪਾਸੇ, ਆਸਟ੍ਰੇਲੀਆ ਦੇ ਬਰਿਜ਼ਬੇਨ ਸ਼ਹਿਰ ਵਿਚ ਰਹਿੰਦੇ ਰਾਬਰਟ ਆਪਣੇ ਬਾਗ਼ ਵਿਚ ਲੱਗੇ ਫੁੱਲਾਂ-ਪੌਦਿਆਂ ਨੂੰ ਹਫ਼ਤੇ ਵਿਚ ਬਾਲਟੀ ਨਾਲ ਸਿਰਫ਼ ਇਕ-ਦੋ ਵਾਰ ਹੀ ਪਾਣੀ ਦੇ ਸਕਦਾ ਹੈ ਕਿਉਂਕਿ ਲੋਕਾਂ ਨੂੰ ਉੱਥੇ ਪਾਈਪ ਨਾਲ ਪੌਦਿਆਂ ਨੂੰ ਪਾਣੀ ਦੇਣ ਦੀ ਇਜਾਜ਼ਤ ਨਹੀਂ ਹੈ। ਰਾਬਰਟ ਆਪਣੀ ਗੱਡੀ ਸਿਰਫ਼ ਉਸੇ ਕਾਰ ਵਾਸ਼ ’ਤੇ ਧੁਆ ਸਕਦਾ ਹੈ ਜਿੱਥੇ ਇੱਕੋ ਪਾਣੀ ਨੂੰ ਮੁੜ-ਮੁੜ ਕੇ ਵਰਤਿਆ ਜਾਂਦਾ ਹੈ ਤਾਂਕਿ ਪਾਣੀ ਬਚਾਇਆ ਜਾ ਸਕੇ। ਜੇ ਉਹ ਖ਼ੁਦ ਆਪਣੀ ਗੱਡੀ ਨੂੰ ਧੋਣਾ ਚਾਹੁੰਦਾ ਹੈ, ਤਾਂ ਉਸ ਨੂੰ ਸਿਰਫ਼ ਗੱਡੀ ਦੇ ਸ਼ੀਸ਼ੇ, ਤਾਕੀਆਂ ਤੇ ਨੰਬਰ-ਪਲੇਟ ਹੀ ਧੋਣ ਦੀ ਇਜਾਜ਼ਤ ਹੈ। ਅਜਿਹੀਆਂ ਪਾਬੰਦੀਆਂ ਕਿਉਂ? ਰਾਬਰਟ ਦੇਸ਼ ਦੇ ਉਸ ਇਲਾਕੇ ਵਿਚ ਰਹਿੰਦਾ ਹੈ ਜੋ ਇਸ ਸਦੀ ਦੇ ਸਭ ਤੋਂ ਵੱਡੇ ਸੋਕੇ ਦਾ ਸ਼ਿਕਾਰ ਹੈ। ਦੂਸਰੇ ਇਲਾਕਿਆਂ ਦਾ ਤਾਂ ਇਸ ਤੋਂ ਵੀ ਮੰਦਾ ਹਾਲ ਹੈ। ਕੀ ਆਸਟ੍ਰੇਲੀਆ ਅਤੇ ਟੂਵਾਲੂ ਦੀਆਂ ਸਮੱਸਿਆਵਾਂ ਧਰਤੀ ਦੇ ਵਧ ਰਹੇ ਤਾਪਮਾਨ ਦਾ ਸਬੂਤ ਹਨ?
ਕੁਝ ਲੋਕਾਂ ਦਾ ਅਨੁਮਾਨ
ਕਈਆਂ ਲੋਕਾਂ ਦਾ ਮੰਨਣਾ ਹੈ ਕਿ ਇਨਸਾਨ ਦੀਆਂ ਕਾਰਵਾਈਆਂ ਹੀ ਧਰਤੀ ਦੇ ਵਧ ਰਹੇ ਤਾਪਮਾਨ ਲਈ ਜ਼ਿੰਮੇਵਾਰ ਹਨ ਜਿਨ੍ਹਾਂ ਕਰਕੇ ਸੰਸਾਰ ਭਰ ਵਿਚ ਮੌਸਮ ਅਤੇ ਵਾਤਾਵਰਣ ਬੁਰੀ ਤਰ੍ਹਾਂ ਵਿਗੜ ਸਕਦੇ ਹਨ। ਮਿਸਾਲ ਲਈ, ਵਿਸ਼ਾਲ ਬਰਫ਼ੀਲੇ ਇਲਾਕਿਆਂ ਦੇ ਪਿਘਲਣ ਅਤੇ ਮਹਾਂਸਾਗਰਾਂ ਵਿਚ ਨਿੱਘੇ
ਪਾਣੀਆਂ ਦੇ ਵਧਣ ਨਾਲ ਸਮੁੰਦਰੀ ਪਾਣੀ ਦਾ ਪੱਧਰ (sea level) ਬਹੁਤ ਵਧ ਸਕਦਾ ਹੈ। ਟੂਵਾਲੂ ਵਰਗੇ ਨੀਵੇਂ ਟਾਪੂ ਪਾਣੀ ਵਿਚ ਡੁੱਬ ਸਕਦੇ ਹਨ। ਇਸੇ ਤਰ੍ਹਾਂ ਨੀਦਰਲੈਂਡਜ਼ ਤੇ ਫ਼ਲੋਰਿਡਾ ਦੇ ਵੱਡੇ ਹਿੱਸੇ ਪਾਣੀ ਵਿਚ ਡੁੱਬ ਸਕਦੇ ਹਨ। ਲੋਕ ਸ਼ੰਘਾਈ, ਕੋਲਕਾਤਾ ਤੇ ਬੰਗਲਾਦੇਸ਼ ਵਰਗਿਆਂ ਇਲਾਕਿਆਂ ਨੂੰ ਛੱਡ ਕੇ ਸ਼ਾਇਦ ਹੋਰਨਾਂ ਇਲਾਕਿਆਂ ਵਿਚ ਜਾਣ ਲਈ ਮਜਬੂਰ ਹੋ ਜਾਣ।
ਇਸ ਦੇ ਨਾਲ-ਨਾਲ ਵਧ ਰਹੇ ਤਾਪਮਾਨ ਕਰਕੇ ਤੂਫ਼ਾਨ, ਹੜ੍ਹ ਤੇ ਸੋਕੇ ਹੋਰ ਵੀ ਵਧ ਸਕਦੇ ਹਨ। ਹਿਮਾਲਿਆ ਪਰਬਤ ਦੇ ਉਨ੍ਹਾਂ ਇਲਾਕਿਆਂ ਵਿਚ ਗਲੇਸ਼ੀਅਰ ਪਿਘਲ ਕੇ ਗਾਇਬ ਹੋ ਰਹੇ ਹਨ ਜਿਨ੍ਹਾਂ ਤੋਂ ਸੱਤ ਦਰਿਆਵਾਂ ਵਿਚ ਪਾਣੀ ਵਹਿੰਦਾ ਹੈ। ਇਸ ਕਰਕੇ ਸੰਸਾਰ ਦੀ 40 ਪ੍ਰਤੀਸ਼ਤ ਆਬਾਦੀ ਨੂੰ ਤਾਜ਼ੇ ਪਾਣੀ ਦੀ ਘਾਟ ਹੋ ਸਕਦੀ ਹੈ। ਹਜ਼ਾਰਾਂ ਹੀ ਵੱਖੋ-ਵੱਖਰੇ ਪਸ਼ੂਆਂ ਦੀ ਹੋਂਦ ਵੀ ਖ਼ਤਰੇ ਵਿਚ ਹੈ ਜੋ ਭੋਜਨ ਲਈ ਜ਼ਿਆਦਾਤਰ ਬਰਫ਼ੀਲੀਆਂ ਥਾਵਾਂ ’ਤੇ ਸ਼ਿਕਾਰ ਕਰਦੇ ਹਨ ਜਿਵੇਂ ਕਿ ਪੋਲਰ ਰਿੱਛ। ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਕਈਆਂ ਰਿੱਛਾਂ ਦਾ ਵਜ਼ਨ ਘੱਟ ਰਿਹਾ ਹੈ ਤੇ ਕੁਝ ਤਾਂ ਭੁੱਖੇ ਮਰ ਰਹੇ ਹਨ।
ਵਧ ਰਹੇ ਤਾਪਮਾਨ ਕਰਕੇ ਮੱਛਰਾਂ, ਚਿੱਚੜਾਂ ਤੇ ਬੀਮਾਰੀਆਂ ਫੈਲਾਉਣ ਵਾਲੇ ਹੋਰ ਕੀੜਿਆਂ-ਮਕੌੜਿਆਂ ਅਤੇ ਉੱਲੀ ਕਰਕੇ ਜ਼ਿਆਦਾ ਤੋਂ ਜ਼ਿਆਦਾ ਥਾਵਾਂ ’ਤੇ ਬੀਮਾਰੀਆਂ ਫੈਲ ਸਕਦੀਆਂ ਹਨ। ਇਕ ਵਿਗਿਆਨਕ ਰਸਾਲੇ ਅਨੁਸਾਰ ‘ਮੌਸਮ ਵਿਚ ਆਇਆ ਬਦਲਾਅ ਸਾਡੇ ਲਈ ਤਕਰੀਬਨ ਉੱਨਾ ਹੀ ਖ਼ਤਰਨਾਕ ਹੈ ਜਿੰਨੇ ਕਿ ਨਿਊਕਲੀ ਹਥਿਆਰ। ਭਾਵੇਂ ਅਸੀਂ ਮੌਸਮ ਬਦਲਾਅ ਦੇ ਅਸਰ ਨੂੰ ਅਜੇ ਪੂਰੀ ਤਰ੍ਹਾਂ ਨਹੀਂ ਦੇਖ ਰਹੇ, ਪਰ ਅਗਲੇ ਤਿੰਨ-ਚਾਰ ਦਹਾਕਿਆਂ ਦੌਰਾਨ ਧਰਤੀ ਦੇ ਵਾਤਾਵਰਣ ਦਾ ਇੰਨਾ ਨੁਕਸਾਨ ਹੋ ਸਕਦਾ ਹੈ ਕਿ ਸ਼ਾਇਦ ਇਸ ਦੇ ਮੁੜ ਕੇ ਸੁਧਰਨ ਦੀ ਆਸ ਨਹੀਂ ਰੱਖੀ ਜਾ ਸਕਦੀ।’ ਕੁਝ ਵਿਗਿਆਨੀਆਂ ਨੂੰ ਡਰ ਹੈ ਕਿ ਗਲੋਬਲ ਵਾਰਮਿੰਗ ਕਾਰਨ ਉਨ੍ਹਾਂ ਦੇ ਅਨੁਮਾਨਾਂ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਵਾਤਾਵਰਣ ਵਿਗੜ ਰਿਹਾ ਹੈ।
ਸਾਨੂੰ ਇਨ੍ਹਾਂ ਅਨੁਮਾਨਾਂ ਬਾਰੇ ਕੀ ਸੋਚਣਾ ਚਾਹੀਦਾ ਹੈ? ਕੀ ਧਰਤੀ ਉਤਲਾ ਜੀਵਨ ਵਾਕਈ ਖ਼ਤਰੇ ਵਿਚ ਹੈ? ਕੁਝ ਲੋਕੀ ਕਹਿ ਰਹੇ ਹਨ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਹੋਰਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਕੀ ਮੰਨਣ। ਫਿਰ ਸੱਚਾਈ ਕੀ ਹੈ? ਕੀ ਧਰਤੀ ਦਾ ਅਤੇ ਸਾਡਾ ਭਵਿੱਖ ਖ਼ਤਰੇ ਵਿਚ ਹੈ? (g 8/08)
[ਫੁਟਨੋਟ]
^ ਪੈਰਾ 1 ਧਰਤੀ ਦੇ ਵਾਯੂਮੰਡਲ ਅਤੇ ਮਹਾਂਸਾਗਰਾਂ ਦੇ ਵਧ ਰਹੇ ਤਾਪਮਾਨ ਨੂੰ ਗਲੋਬਲ ਵਾਰਮਿੰਗ (global warming) ਕਹਿੰਦੇ ਹਨ।