ਰੁਟੀਨ ਬਣਾ ਕੇ ਉਸ ਨੂੰ ਬਰਕਰਾਰ ਰੱਖੋ
ਸੁਝਾਅ 5
ਰੁਟੀਨ ਬਣਾ ਕੇ ਉਸ ਨੂੰ ਬਰਕਰਾਰ ਰੱਖੋ
ਇਹ ਕਿਉਂ ਜ਼ਰੂਰੀ ਹੈ? ਵੱਡੇ ਆਪਣੀ ਜ਼ਿੰਦਗੀ ਦਾ ਹਰ ਕੰਮ ਰੁਟੀਨ ਅਨੁਸਾਰ ਕਰਦੇ ਹਨ। ਉਹ ਆਪਣੇ ਰੁਟੀਨ ਅਨੁਸਾਰ ਕੰਮ, ਪੂਜਾ ਅਤੇ ਮਨੋਰੰਜਨ ਕਰਦੇ ਹਨ। ਜੇ ਮਾਪੇ ਬੱਚਿਆਂ ਨੂੰ ਸਮਾਂ-ਸਾਰਣੀ ਬਣਾਉਣੀ ਤੇ ਉਸ ਅਨੁਸਾਰ ਚੱਲਣਾ ਨਹੀਂ ਸਿਖਾਉਂਦੇ, ਤਾਂ ਉਹ ਉਨ੍ਹਾਂ ਦਾ ਨੁਕਸਾਨ ਕਰਦੇ ਹਨ। ਮਨੋਵਿਗਿਆਨ ਦੇ ਪ੍ਰੋਫ਼ੈਸਰ ਡਾ. ਲੌਰੰਸ ਸਟਾਇਨਬਰਗ ਅਨੁਸਾਰ “ਅਧਿਐਨ ਦਿਖਾਉਂਦੇ ਹਨ ਕਿ ਨਿਯਮ ਤੇ ਸਮਾਂ-ਸਾਰਣੀ ਹੋਣ ਨਾਲ ਬੱਚੇ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਉਹ ਸੰਜਮੀ ਤੇ ਆਤਮ-ਵਿਸ਼ਵਾਸੀ ਬਣਦੇ ਹਨ।”
ਸਮੱਸਿਆ: ਅੱਜ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਵਕਤ ਦੀ ਬਹੁਤ ਘਾਟ ਹੈ। ਬਹੁਤ ਸਾਰੇ ਮਾਪਿਆਂ ਨੂੰ ਜ਼ਿਆਦਾ ਘੰਟੇ ਕੰਮ ਕਰਨਾ ਪੈਂਦਾ ਹੈ, ਇਸ ਲਈ ਉਹ ਬੱਚਿਆਂ ਨਾਲ ਬਾਕਾਇਦਾ ਜ਼ਿਆਦਾ ਸਮਾਂ ਨਹੀਂ ਬਿਤਾ ਪਾਉਂਦੇ। ਇਸ ਤੋਂ ਇਲਾਵਾ, ਬੱਚੇ ਆਮ ਤੌਰ ਤੇ ਰੁਟੀਨ ਅਨੁਸਾਰ ਚੱਲਣ ਤੋਂ ਕਤਰਾਉਂਦੇ ਹਨ। ਇਸ ਲਈ ਰੁਟੀਨ ਬਣਾ ਕੇ ਉਸ ਨੂੰ ਬਰਕਰਾਰ ਰੱਖਣ ਲਈ ਸਬਰ ਅਤੇ ਪੱਕੇ ਇਰਾਦੇ ਦੀ ਲੋੜ ਹੈ।
ਹੱਲ: ਬਾਈਬਲ ਦੀ ਸਲਾਹ ਲਾਗੂ ਕਰੋ: “ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।” (1 ਕੁਰਿੰਥੀਆਂ 14:40) ਮਿਸਾਲ ਲਈ, ਜਦੋਂ ਬੱਚੇ ਛੋਟੇ ਹੁੰਦੇ ਹਨ, ਤਾਂ ਕਈ ਮਾਪੇ ਉਨ੍ਹਾਂ ਦੇ ਸੌਣ ਦਾ ਸਮਾਂ ਨਿਰਧਾਰਿਤ ਕਰਦੇ ਹਨ। ਪਰ ਬੱਚਿਆਂ ਨੂੰ ਖ਼ੁਸ਼ੀ-ਖ਼ੁਸ਼ੀ ਸੁਲਾਇਆ ਜਾਣਾ ਚਾਹੀਦਾ ਹੈ। ਗ੍ਰੀਸ ਵਿਚ ਰਹਿੰਦੀ ਟਾਟਿਆਨਾ ਦੀਆਂ ਦੋ ਧੀਆਂ ਹਨ। ਉਹ ਕਹਿੰਦੀ ਹੈ: “ਜਦ ਬੱਚੇ ਲੇਟ ਜਾਂਦੇ ਹਨ, ਤਾਂ ਮੈਂ ਉਨ੍ਹਾਂ ਨੂੰ ਲਾਡ ਕਰਦੀ ਹਾਂ ਤੇ ਦੱਸਦੀ ਹਾਂ ਕਿ ਜਦ ਉਹ ਸਕੂਲ ਵਿਚ ਸਨ, ਤਾਂ ਮੈਂ ਸਾਰਾ ਦਿਨ ਕੀ-ਕੀ ਕੀਤਾ। ਫਿਰ ਮੈਂ ਉਨ੍ਹਾਂ ਨੂੰ ਪੁੱਛਦੀ ਹਾਂ ਕਿ ਉਨ੍ਹਾਂ ਨੇ ਦਿਨ ਭਰ ਕੀ ਕੀਤਾ। ਉਹ ਅਕਸਰ ਖੁੱਲ੍ਹ ਕੇ ਮੈਨੂੰ ਸਭ ਕੁਝ ਦੱਸ ਦਿੰਦੇ ਹਨ।”
ਟਾਟਿਆਨਾ ਦਾ ਪਤੀ ਕੋਸਟਾਸ ਆਪਣੀਆਂ ਧੀਆਂ ਨੂੰ ਕਹਾਣੀਆਂ ਪੜ੍ਹ ਕੇ ਸੁਣਾਉਂਦਾ ਹੈ। ਉਹ ਕਹਿੰਦਾ ਹੈ: “ਕੁੜੀਆਂ ਕਹਾਣੀ ਬਾਰੇ ਆਪੋ-ਆਪਣੇ ਵਿਚਾਰ ਦੱਸਦੀਆਂ ਹਨ ਤੇ ਹੌਲੀ-ਹੌਲੀ ਆਪਣੀਆਂ ਸਮੱਸਿਆਵਾਂ ਤੇ ਫ਼ਿਕਰਾਂ ਬਾਰੇ ਦੱਸਣ ਲੱਗ ਪੈਂਦੀਆਂ ਹਨ। ਪਰ ਜੇ ਮੈਂ ਉੱਦਾਂ ਉਨ੍ਹਾਂ ਨੂੰ ਪੁੱਛਾਂ ਕਿ ਉਨ੍ਹਾਂ ਨੂੰ ਕਿਹੜੀ ਗੱਲ ਸਤਾ ਰਹੀ ਹੈ, ਤਾਂ ਉਹ ਚੁੱਪ ਕਰ ਜਾਂਦੀਆਂ ਹਨ।” ਪਰ ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਜਾਂਦੇ ਹਨ, ਤਾਂ ਤੁਹਾਨੂੰ ਉਨ੍ਹਾਂ ਦੇ ਸੌਣ ਦੇ ਸਮੇਂ ਵਿਚ ਥੋੜ੍ਹਾ ਫੇਰ-ਬਦਲ ਕਰਨਾ ਪਵੇਗਾ। ਪਰ ਜੇ ਤੁਸੀਂ ਇਸੇ ਰੁਟੀਨ ਨੂੰ ਬਰਕਰਾਰ ਰੱਖੋ, ਤਾਂ ਸੰਭਵ ਹੈ ਕਿ ਬੱਚੇ ਸੌਣ ਸਮੇਂ ਤੁਹਾਡੇ ਨਾਲ ਗੱਲ ਕਰਨੀ ਜਾਰੀ ਰੱਖਣਗੇ।
ਇਸ ਤੋਂ ਇਲਾਵਾ, ਪਰਿਵਾਰ ਦਿਨ ਵਿਚ ਘੱਟੋ-ਘੱਟ ਇਕ ਵਾਰ ਇਕੱਠੇ ਬੈਠ ਕੇ ਖਾਣਾ ਖਾਣ ਦੀ ਆਦਤ ਬਣਾ ਸਕਦਾ ਹੈ। ਇਹ ਆਦਤ ਬਣਾਈ ਰੱਖਣ ਲਈ ਸ਼ਾਇਦ ਖਾਣ ਦੇ ਸਮੇਂ ਵਿਚ ਮਾੜਾ-ਮੋਟਾ ਫੇਰ-ਬਦਲ ਕਰਨਾ ਪਵੇ। ਦੋ ਕੁੜੀਆਂ ਦੇ ਪਿਤਾ ਚਾਰਲਸ ਨੇ ਕਿਹਾ ਕਿ “ਕਦੇ-ਕਦੇ ਮੈਂ ਕੰਮ ਤੋਂ ਦੇਰ ਨਾਲ ਘਰ ਆਉਂਦਾ ਹਾਂ। ਮੇਰੀ ਪਤਨੀ ਕੁੜੀਆਂ ਨੂੰ ਕੁਝ ਸਨੈਕ ਖਾਣ ਨੂੰ ਦੇ ਦਿੰਦੀ ਹੈ ਤਾਂਕਿ ਉਨ੍ਹਾਂ ਨੂੰ ਜ਼ਿਆਦਾ ਭੁੱਖ ਨਾ ਲੱਗੇ ਅਤੇ ਬਾਅਦ ਵਿਚ ਅਸੀਂ ਸਾਰੇ ਜਣੇ ਇਕੱਠੇ ਬੈਠ ਕੇ ਖਾਣਾ ਖਾ ਸਕੀਏ। ਉਸ ਵੇਲੇ ਅਸੀਂ ਦਿਨ ਦੇ ਕੰਮਾਂ-ਕਾਰਾਂ ਬਾਰੇ ਗੱਲ ਕਰਦੇ ਹਾਂ, ਦੈਨਿਕ ਪਾਠ ਤੇ ਚਰਚਾ ਕਰਦੇ ਹਾਂ, ਸਮੱਸਿਆਵਾਂ ਬਾਰੇ ਗੱਲਬਾਤ ਕਰਦੇ ਹਾਂ ਤੇ ਇਕੱਠਿਆਂ ਹਾਸਾ-ਮਜ਼ਾਕ ਕਰਦੇ ਹਾਂ। ਮੈਂ ਇਹੀ ਕਹਿਣਾ ਚਾਹਾਂਗਾ ਕਿ ਇਹ ਰੁਟੀਨ ਸਾਡੇ ਪਰਿਵਾਰ ਦੀ ਖ਼ੁਸ਼ੀ ਲਈ ਬਹੁਤ ਮਹੱਤਵਪੂਰਣ ਸਾਬਤ ਹੋਇਆ ਹੈ।”
ਇਸ ਸੁਝਾਅ ਤੇ ਚੱਲਣ ਲਈ ਜ਼ਰੂਰੀ ਹੈ ਕਿ ਤੁਸੀਂ ਧਨ-ਦੌਲਤ ਪਿੱਛੇ ਭੱਜਣ ਦੀ ਹੋੜ ਵਿਚ ਲੱਗ ਕੇ ਪਰਿਵਾਰ ਦੇ ਰੁਟੀਨ ਨੂੰ ਨਾ ਭੁੱਲ ਜਾਓ। ਬਾਈਬਲ ਦੀ ਸਲਾਹ ਮੁਤਾਬਕ “ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ” ਯਾਨੀ ਜ਼ਰੂਰੀ ਗੱਲਾਂ ਨੂੰ ਪਹਿਲ ਦਿਓ।—ਫ਼ਿਲਿੱਪੀਆਂ 1:10.
ਆਪਣੇ ਬੱਚਿਆਂ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨ ਲਈ ਮਾਤਾ-ਪਿਤਾ ਹੋਰ ਕੀ ਕਰ ਸਕਦੇ ਹਨ? (g 8/07)
[ਸਫ਼ਾ 7 ਉੱਤੇ ਸੁਰਖੀ]
“ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।”—1 ਕੁਰਿੰਥੀਆਂ 14:40