ਦੰਦ-ਪੀੜ ਇਕ ਦਰਦ ਭਰੀ ਦਾਸਤਾਨ
ਦੰਦ-ਪੀੜ ਇਕ ਦਰਦ ਭਰੀ ਦਾਸਤਾਨ
ਯੂਰਪ ਵਿਚ ਕਿਸੇ ਇਕ ਸ਼ਹਿਰ ਦੇ ਬਾਜ਼ਾਰ ਵਿਚ ਇਕ ਬਣਿਆ-ਠਣਿਆ ਨੀਮ-ਹਕੀਮ ਫੜ੍ਹਾਂ ਮਾਰਦਾ ਹੈ ਕਿ ਉਹ ਬਿਨਾਂ ਦਰਦ ਦੰਦ ਕੱਢ ਸਕਦਾ ਹੈ। ਇਕ ਬੰਦਾ ਝਿਜਕਦਾ ਹੋਇਆ ਹੌਲੀ-ਹੌਲੀ ਉਸ ਕੋਲ ਆਉਂਦਾ ਹੈ। ਅਸਲ ਵਿਚ ਇਹ ਬੰਦਾ ਉਸ ਦਾ ਜੋਟੀਦਾਰ ਹੈ। ਹਕੀਮ ਉਸ ਦਾ ਦੰਦ ਕੱਢਣ ਦਾ ਦਿਖਾਵਾ ਕਰਦਾ ਹੈ ਤੇ ਸਾਰਿਆਂ ਨੂੰ ਲਹੂ ਨਾਲ ਰੰਗਿਆ ਦੰਦ ਦਿਖਾਉਂਦਾ ਹੈ। ਜਿਨ੍ਹਾਂ ਲੋਕਾਂ ਨੂੰ ਦੰਦ-ਪੀੜ ਹੈ, ਉਹ ਝੱਟ ਆਪਣਾ ਦੰਦ ਕਢਾਉਣ ਤੇ ਪੈਸਾ ਦੇਣ ਲਈ ਤਿਆਰ ਹੋ ਜਾਂਦੇ ਹਨ। ਢੋਲ-ਢਮੱਕਿਆਂ ਦੀ ਆਵਾਜ਼ ਨਾਲ ਉਨ੍ਹਾਂ ਦੀਆਂ ਚੀਕਾਂ ਦਬਾ ਦਿੱਤੀਆਂ ਜਾਂਦੀਆਂ ਹਨ ਤਾਂਕਿ ਦੂਸਰੇ ਚੀਕਾਂ ਸੁਣ ਕੇ ਡਰ ਦੇ ਮਾਰੇ ਭੱਜ ਨਾ ਜਾਣ। ਕੁਝ ਹੀ ਦਿਨਾਂ ਵਿਚ ਕੁਝ ਲੋਕਾਂ ਨੂੰ ਖ਼ਤਰਨਾਕ ਇਨਫ਼ੈਕਸ਼ਨ ਹੋ ਜਾਂਦੀ ਹੈ ਜਿਨ੍ਹਾਂ ਨੇ ਦੰਦ ਕਢਵਾਏ ਸਨ। ਪਰ ਉਦੋਂ ਤਕ ਨੀਮ-ਹਕੀਮ ਰਫੂ ਚੱਕਰ ਹੋ ਚੁੱਕਾ ਹੁੰਦਾ ਹੈ।
ਅੱ ਜ ਟਾਵਾਂ-ਟਾਵਾਂ ਬੰਦਾ ਹੀ ਪੀੜ ਹੋਣ ਤੇ ਇੱਦਾਂ ਦੇ ਨੀਮ-ਹਕੀਮਾਂ ਕੋਲ ਜਾਂਦਾ ਹੋਣਾ। ਅੱਜ ਦੰਦਾਂ ਦੇ ਡਾਕਟਰ (ਡੈਂਟਿਸਟ) ਦੰਦ-ਪੀੜ ਦਾ ਇਲਾਜ ਕਰ ਸਕਦੇ ਹਨ ਅਤੇ ਦੰਦਾਂ ਨੂੰ ਟੁੱਟਣੋਂ ਬਚਾ ਸਕਦੇ ਹਨ। ਫਿਰ ਵੀ ਬਹੁਤ ਸਾਰੇ ਲੋਕ ਦੰਦਾਂ ਦੇ ਡਾਕਟਰ ਕੋਲ ਜਾਣ ਤੋਂ ਡਰਦੇ ਹਨ। ਆਓ ਆਪਾਂ ਦੇਖੀਏ ਕਿ ਡੈਂਟਿਸਟਾਂ ਨੇ ਆਪਣੇ ਮਰੀਜ਼ਾਂ ਦਾ ਦਰਦ ਦੂਰ ਕਰਨਾ ਕਿਵੇਂ ਸਿੱਖਿਆ। ਇਹ ਗੱਲਾਂ ਜਾਣ ਕੇ ਅਸੀਂ ਡੈਂਟਿਸਟਾਂ ਦੇ ਕੰਮ ਦੀ ਜ਼ਿਆਦਾ ਕਦਰ ਕਰਾਂਗੇ।
ਜ਼ੁਕਾਮ ਵਾਂਗ ਦੰਦ-ਪੀੜ ਵੀ ਇਕ ਆਮ ਬੀਮਾਰੀ ਹੈ ਜੋ ਸਦੀਆਂ ਤੋਂ ਚੱਲੀ ਆ ਰਹੀ ਹੈ। ਰਾਜਾ ਸੁਲੇਮਾਨ ਨੇ ਆਪਣੀ ਇਕ ਕਵਿਤਾ ਵਿਚ ਦੱਸਿਆ ਸੀ ਕਿ ਪ੍ਰਾਚੀਨ ਇਸਰਾਏਲ ਵਿਚ ਬੁੱਢੇ ਲੋਕਾਂ ਨੂੰ ਆਮ ਤੌਰ ਤੇ ਦੰਦ ਝੜਨ ਕਰਕੇ ਪਰੇਸ਼ਾਨੀਆਂ ਸਹਿਣੀਆਂ ਪੈਂਦੀਆਂ ਸਨ।—ਉਪਦੇਸ਼ਕ ਦੀ ਪੋਥੀ 12:3.
ਰਾਜੇ-ਰਾਣੀਆਂ ਵੀ ਨਹੀਂ ਬਚੇ
ਦੰਦ-ਪੀੜ ਨੇ ਇੰਗਲੈਂਡ ਦੀ ਮਲਕਾ ਇਲਿਜ਼ਬਥ ਪਹਿਲੀ ਨੂੰ ਵੀ ਨਹੀਂ ਬਖ਼ਸ਼ਿਆ। ਜਰਮਨੀ ਤੋਂ ਆਏ ਇਕ ਬੰਦੇ ਨੇ ਉਸ ਦੇ ਕਾਲੇ ਦੰਦ ਦੇਖੇ ਤੇ ਕਿਹਾ ਕਿ “ਕਈ ਅੰਗ੍ਰੇਜ਼ਾਂ ਨੂੰ ਦੰਦ-ਪੀੜ ਹੈ ਕਿਉਂਕਿ ਉਹ ਜ਼ਿਆਦਾ ਖੰਡ ਖਾਣ ਦੇ ਆਦੀ ਹਨ।” ਦਸੰਬਰ 1578 ਵਿਚ ਦੰਦ-ਪੀੜ ਮਲਕਾ ਨੂੰ ਨਾ ਰਾਤੀਂ ਸੌਣ ਦਿੰਦੀ ਸੀ ਤੇ ਨਾ ਦਿਨੇ ਚੈਨ ਨਾਲ ਬੈਠਣ ਦਿੰਦੀ ਸੀ। ਉਸ ਦੇ ਡਾਕਟਰਾਂ ਨੇ ਉਸ ਨੂੰ ਸੜ ਚੁੱਕੇ ਦੰਦ ਕਢਾਉਣ ਦੀ ਸਲਾਹ ਦਿੱਤੀ, ਪਰ ਉਹ ਦੰਦ ਕਢਾਉਣੋਂ ਡਰਦੀ ਸੀ। ਉਸ ਨੂੰ ਹੱਲਾਸ਼ੇਰੀ ਦੇਣ ਲਈ, ਲੰਡਨ ਦੇ ਬਿਸ਼ਪ ਜੌਨ ਐਲਮਰ ਨੇ ਉਸ ਦੇ ਸਾਮ੍ਹਣੇ ਆਪਣਾ ਇਕ ਦੰਦ (ਸ਼ਾਇਦ ਸੜਿਆ ਹੋਇਆ ਦੰਦ) ਕਢਵਾ ਦਿੱਤਾ। ਇਹ ਬੜਾ ਦਲੇਰੀ ਦਾ ਕੰਮ ਸੀ ਕਿਉਂਕਿ ਬੁੱਢੇ ਜੌਨ ਅਲੀਮਰ ਦੇ ਪਹਿਲਾਂ ਹੀ ਤਕਰੀਬਨ ਸਾਰੇ ਦੰਦ ਝੜ ਚੁੱਕੇ ਸਨ।
ਉਸ ਜ਼ਮਾਨੇ ਵਿਚ ਆਮ ਲੋਕ ਨਾਈਆਂ ਜਾਂ ਲੁਹਾਰਾਂ ਕੋਲ ਦੰਦ ਕਢਾਉਣ ਲਈ ਜਾਂਦੇ ਹੁੰਦੇ ਸਨ। ਪਰ ਜਦੋਂ ਜ਼ਿਆਦਾ ਲੋਕਾਂ ਕੋਲ ਖੰਡ ਖ਼ਰੀਦਣ ਦੀ ਗੁੰਜਾਇਸ਼ ਹੋ ਗਈ, ਤਾਂ ਦੰਦ-ਪੀੜ ਦੇ ਕੇਸ ਵੀ ਵੱਧ ਗਏ। ਇਸ ਕਰਕੇ ਦੰਦ ਕੱਢਣ ਵਿਚ ਮਾਹਰ ਲੋਕਾਂ ਦੀ ਮੰਗ ਵੀ ਵਧ ਗਈ। ਇਸ ਮੰਗ ਨੂੰ ਪੂਰਿਆਂ ਕਰਨ ਲਈ ਕੁਝ ਡਾਕਟਰਾਂ ਤੇ ਸਰਜਨਾਂ ਨੇ ਦੰਦਾਂ ਦੀਆਂ ਬੀਮਾਰੀਆਂ ਦਾ ਇਲਾਜ ਕਰਨ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਪਰ ਕਿਉਂਕਿ ਮਾਹਰ ਦੰਦ ਕੱਢਣ ਦੀਆਂ ਤਕਨੀਕਾਂ ਕਿਸੇ ਨੂੰ ਦੱਸਦੇ ਨਹੀਂ ਸਨ, ਇਸ ਲਈ ਡਾਕਟਰਾਂ ਤੇ ਸਰਜਨਾਂ ਨੂੰ ਇਹ ਕੰਮ ਆਪਣੇ ਆਪ ਸਿੱਖਣਾ ਪਿਆ। ਉਸ ਵੇਲੇ ਇਸ ਬਾਰੇ ਕਿਤਾਬਾਂ ਵਗੈਰਾ ਵੀ ਘੱਟ ਹੀ ਸਨ।
ਇਲਿਜ਼ਬਥ ਪਹਿਲੀ ਤੋਂ ਇਕ ਸਦੀ ਬਾਅਦ ਲੂਈ ਚੌਦਵੇਂ ਨੇ ਫਰਾਂਸ ਉੱਤੇ ਰਾਜ ਕੀਤਾ। ਉਹ ਸਾਰੀ ਉਮਰ ਦੰਦ-ਪੀੜ ਨਾਲ ਤੜਫਦਾ ਰਿਹਾ। 1685 ਵਿਚ ਉਸ ਨੇ ਖੱਬੇ ਪਾਸੇ ਦੇ ਸਾਰੇ ਉਪਰਲੇ ਦੰਦ ਕਢਵਾ ਦਿੱਤੇ ਸਨ। ਕੁਝ ਲੋਕ ਕਹਿੰਦੇ ਹਨ ਕਿ ਉਸ ਸਾਲ ਰਾਜੇ ਨੇ ਦੰਦ-ਪੀੜ ਤੋਂ ਖਿੱਝ ਕੇ ਫਰਾਂਸ ਵਿਚ ਭਗਤੀ ਕਰਨ ਦੀ ਆਜ਼ਾਦੀ ਖ਼ਤਮ ਕਰਨ ਦਾ ਫ਼ਰਮਾਨ ਜਾਰੀ ਕੀਤਾ। ਉਸ ਦੇ ਇਸ ਫ਼ੈਸਲੇ ਕਰਕੇ ਫਰਾਂਸ ਦੇ ਮੁੱਖ ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਉੱਤੇ ਘੋਰ ਅਤਿਆਚਾਰ ਹੋਣ ਲੱਗੇ।
ਦੰਦ-ਪੀੜ ਦਾ ਇਲਾਜ ਕਰਨ ਦੇ ਆਧੁਨਿਕ ਤਰੀਕੇ
ਲੂਈ ਚੌਦਵੇਂ ਦੇ ਸ਼ਾਹੀ ਠਾਠ-ਬਾਠ ਦਾ ਪੈਰਿਸ ਦੇ ਅਮੀਰ ਲੋਕਾਂ ਤੇ ਬੜਾ ਅਸਰ ਪਿਆ ਤੇ ਇਸੇ ਕਾਰਨ ਦੰਦਸਾਜ਼ੀ ਦੇ ਪੇਸ਼ੇ ਦੀ ਸ਼ੁਰੂਆਤ ਹੋਈ। ਸ਼ਾਹੀ ਦਰਬਾਰ ਤੇ ਸਮਾਜ ਵਿਚ ਕਾਮਯਾਬ ਹੋਣ ਲਈ ਬਾਹਰੀ ਦਿੱਖ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਸੀ। ਲੋਕ ਨਕਲੀ ਦੰਦ ਲਾਉਂਦੇ ਸਨ ਜੋ ਕਿ ਖਾਣਾ ਖਾਣ ਲਈ ਘੱਟ ਤੇ ਦਿਖਾਉਣ ਲਈ ਜ਼ਿਆਦਾ ਹੁੰਦੇ ਸਨ। ਨਕਲੀ ਦੰਦਾਂ ਦੀ ਮੰਗ ਵਧਣ ਕਰਕੇ ਸਰਜਨਾਂ ਦੀ ਗਿਣਤੀ ਵੀ ਵਧ ਗਈ। ਇਹ ਸਰਜਨ ਮੁੱਖ ਤੌਰ ਤੇ ਅਮੀਰ ਲੋਕਾਂ ਦਾ ਇਲਾਜ ਕਰਦੇ ਸਨ। ਪੀਏਰ ਫੋਸ਼ਰ ਪੈਰਿਸ ਦਾ ਮਸ਼ਹੂਰ ਡੈਂਟਿਸਟ ਸੀ। ਉਸ ਨੇ ਫਰਾਂਸ ਦੀ ਜਲ-ਸੈਨਾ ਵਿਚ ਸੇਵਾ ਕਰਦਿਆਂ ਦੰਦਸਾਜ਼ੀ ਸਿੱਖੀ ਸੀ। ਉਸ ਨੇ ਪੈਰਿਸ ਦੇ ਸਰਜਨਾਂ ਨੂੰ ਭੰਡਿਆ ਕਿ ਉਨ੍ਹਾਂ ਨੇ ਦੰਦ ਕੱਢਣ ਦਾ ਕੰਮ ਨਾਲਾਇਕ ਨਾਈਆਂ ਅਤੇ ਨੀਮ-ਹਕੀਮਾਂ ਉੱਤੇ ਛੱਡਿਆ ਹੋਇਆ ਸੀ। ਉਹ ਪਹਿਲਾ ਆਦਮੀ ਸੀ ਜਿਸ ਨੇ ਆਪਣੇ ਆਪ ਨੂੰ ਦੰਦਾਂ ਦਾ ਸਰਜਨ ਕਿਹਾ।
ਫੋਸ਼ਰ ਨੇ ਦੰਦ ਕੱਢਣ ਦੀਆਂ ਤਕਨੀਕਾਂ ਲੁਕਾਉਣ ਦੀ ਬਜਾਇ ਜੋ ਵੀ ਤਰੀਕੇ ਸਿੱਖੇ ਸਨ, ਉਨ੍ਹਾਂ ਬਾਰੇ 1728 ਵਿਚ ਇਕ ਕਿਤਾਬ ਲਿਖੀ। ਨਤੀਜੇ ਵਜੋਂ ਉਸ ਨੂੰ “ਦੰਦਸਾਜ਼ੀ ਦਾ ਮੋਹਰੀ” ਕਿਹਾ ਜਾਣ ਲੱਗਾ। ਉਹ ਪਹਿਲਾ ਡੈਂਟਿਸਟ ਸੀ ਜਿਸ ਨੇ ਆਪਣੇ ਮਰੀਜ਼ਾਂ ਨੂੰ ਜ਼ਮੀਨ ਤੇ ਬਿਠਾਉਣ ਦੀ ਬਜਾਇ ਕੁਰਸੀ ਤੇ ਬਿਠਾਇਆ। ਫੋਸ਼ਰ ਨੇ ਦੰਦ ਕੱਢਣ ਦੇ ਪੰਜ ਸੰਦ ਅਤੇ ਇਕ ਡਰਿੱਲ ਮਸ਼ੀਨ ਵੀ ਬਣਾਈ। ਦੰਦ ਕੱਢਣ ਦੇ ਕੰਮ ਤੋਂ ਇਲਾਵਾ ਉਸ ਨੇ ਦੰਦਾਂ ਵਿਚ ਖੋੜ ਭਰਨ ਦੀਆਂ ਵਿਧੀਆਂ ਵੀ ਤਿਆਰ ਕੀਤੀਆਂ। ਉਸ ਨੇ ਰੂਟ ਕਨਾਲਿੰਗ ਕਰਨੀ ਸਿੱਖੀ ਜਿਸ ਵਿਚ ਦੰਦ ਦੀ ਜੜ੍ਹ ਵਿਚਲੇ ਤੰਤੂ ਨਸ਼ਟ ਕਰ ਕੇ ਜੜ੍ਹ ਉੱਤੇ ਨਕਲੀ ਦੰਦ ਲਾਇਆ ਜਾਂਦਾ ਹੈ। ਉਹ ਹਾਥੀ-ਦੰਦ ਤੋਂ ਲੋਕਾਂ ਲਈ ਨਕਲੀ ਦੰਦ ਬਣਾਉਂਦਾ ਸੀ। ਉਸ ਨੇ ਦੰਦਾਂ ਦਾ ਉਪਰਲਾ ਸੈੱਟ ਇਸ ਤਰੀਕੇ ਨਾਲ ਬਣਾਇਆ ਕਿ ਇਹ ਤਾਲੂ ਨਾਲ ਚਿਪਕਿਆ ਰਹਿੰਦਾ ਸੀ। ਫੋਸ਼ਰ ਨੇ ਦੰਦਸਾਜ਼ੀ ਨੂੰ ਪੇਸ਼ੇ ਵਜੋਂ ਸਥਾਪਿਤ ਕੀਤਾ। ਉਸ ਦੀ ਮਸ਼ਹੂਰੀ ਸਮੁੰਦਰੋਂ ਪਾਰ ਅਮਰੀਕਾ ਵਿਚ ਵੀ ਹੋਈ।
ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਦਾ ਕਸ਼ਟ
ਲੂਈ ਚੌਦਵੇਂ ਤੋਂ ਇਕ ਸਦੀ ਬਾਅਦ ਅਮਰੀਕਾ ਵਿਚ ਜਾਰਜ ਵਾਸ਼ਿੰਗਟਨ ਦੰਦ-ਪੀੜ ਤੋਂ ਬੜਾ ਦੁਖੀ ਸੀ। ਜਦੋਂ ਉਹ 22 ਸਾਲ ਦਾ ਸੀ, ਉਦੋਂ ਤੋਂ ਹੀ ਉਹ ਤਕਰੀਬਨ ਹਰ ਸਾਲ ਇਕ ਦੰਦ ਕਢਵਾਉਂਦਾ ਸੀ। ਅੰਗ੍ਰੇਜ਼ਾਂ ਨਾਲ ਲੜ ਰਹੀ ਫ਼ੌਜ ਦੀ ਅਗਵਾਈ ਕਰਨ ਦੀਆਂ ਮੁਸ਼ਕਲਾਂ ਦੇ ਨਾਲ-ਨਾਲ ਉਸ ਨੂੰ ਦੰਦ-ਪੀੜ ਵੀ ਸਹਾਰਨੀ ਪਈ। ਜਦੋਂ ਉਹ 1789 ਵਿਚ ਅਮਰੀਕਾ ਦਾ ਪਹਿਲਾ ਰਾਸ਼ਟਰਪਤੀ ਬਣਿਆ, ਉਦੋਂ ਤਕ ਉਹ ਬੋੜਾ ਹੋ ਚੁੱਕਾ ਸੀ।
ਵਾਸ਼ਿੰਗਟਨ ਨੂੰ ਬੋੜਾ ਹੋਣ ਕਰਕੇ ਅਤੇ ਨਕਲੀ ਦੰਦ ਚੰਗੀ ਤਰ੍ਹਾਂ ਫਿੱਟ ਨਾ ਹੋਣ ਕਰਕੇ ਮਾਨਸਿਕ ਕਸ਼ਟ ਵੀ ਸਹਿਣਾ ਪੈਂਦਾ ਸੀ। ਨਵੀਂ ਅਮਰੀਕੀ ਕੌਮ ਦੇ ਰਾਸ਼ਟਰਪਤੀ ਦੇ ਤੌਰ ਤੇ ਲੋਕਾਂ ਉੱਤੇ ਚੰਗਾ ਪ੍ਰਭਾਵ ਪਾਉਣ ਲਈ ਉਹ ਆਪਣੀ ਦਿੱਖ ਵੱਲ ਬਹੁਤ ਧਿਆਨ ਦਿੰਦਾ ਸੀ। ਉਨ੍ਹਾਂ ਦਿਨਾਂ ਵਿਚ ਨਕਲੀ ਦੰਦ ਮਸੂੜਿਆਂ ਦਾ ਸਾਈਜ਼ ਲੈ ਕੇ ਨਹੀਂ ਬਣਾਏ ਜਾਂਦੇ ਸਨ, ਪਰ ਹਾਥੀ-ਦੰਦ ਦੇ ਘੜੇ ਜਾਂਦੇ ਸਨ, ਇਸ ਕਰਕੇ ਇਨ੍ਹਾਂ ਨੂੰ ਥਾਂ-ਸਿਰ ਟਿਕਾਈ ਰੱਖਣਾ ਬਹੁਤ ਮੁਸ਼ਕਲ ਸੀ। ਵਾਸ਼ਿੰਗਟਨ ਵਾਂਗ ਇੰਗਲੈਂਡ ਦੇ ਲੋਕ ਵੀ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਸਨ। ਕਿਹਾ ਜਾਂਦਾ ਹੈ ਕਿ ਅੰਗ੍ਰੇਜ਼ ਆਪਣੇ ਨਕਲੀ ਦੰਦ ਨਾ ਦਿਖਾਉਣ ਦੇ ਮਾਰੇ ਖੁੱਲ੍ਹ ਕੇ ਨਹੀਂ ਹੱਸਦੇ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਬਿਨਾਂ ਹੱਸੇ ਮਜ਼ਾਕ ਕਰਨ ਦੀ ਆਦਤ ਪੈ ਗਈ।
ਕਿਹਾ ਜਾਂਦਾ ਹੈ ਕਿ ਵਾਸ਼ਿੰਗਟਨ ਲੱਕੜ ਦੇ ਦੰਦ ਲਾਉਂਦਾ ਹੁੰਦਾ ਸੀ, ਪਰ ਇਹ ਸਹੀ ਨਹੀਂ ਹੈ। ਉਸ ਦੇ ਨਕਲੀ ਦੰਦ ਹਾਥੀ-ਦੰਦ, ਸਿੱਕੇ ਤੇ ਮਨੁੱਖੀ ਦੰਦਾਂ ਦੇ ਬਣੇ ਹੋਏ ਸਨ। ਉਸ ਦੇ ਦੰਦਸਾਜ਼ਾਂ ਨੇ ਸ਼ਾਇਦ ਕਬਰਾਂ ਲੁੱਟਣ ਵਾਲਿਆਂ ਤੋਂ ਮਨੁੱਖੀ ਦੰਦ ਖ਼ਰੀਦੇ ਸਨ। ਦੰਦਾਂ ਦਾ ਵਪਾਰ ਕਰਨ ਵਾਲੇ ਲੋਕ ਫ਼ੌਜਾਂ ਦੇ ਪਿੱਛੇ-ਪਿੱਛੇ ਲੜਾਈਆਂ ਵਿਚ ਜਾਇਆ ਕਰਦੇ ਸਨ ਅਤੇ ਲੜਾਈ ਵਿਚ ਮਰੇ ਜਾਂ ਮਰ ਰਹੇ ਫ਼ੌਜੀਆਂ ਦੇ ਦੰਦ ਕੱਢ ਲਿਆ ਕਰਦੇ ਸਨ। ਮਨੁੱਖੀ ਦੰਦ ਹਾਸਲ ਕਰਨੇ ਕਾਫ਼ੀ ਔਖਾ ਕੰਮ ਸੀ, ਤਾਹੀਓਂ ਇਹ ਇੰਨੇ ਮਹਿੰਗੇ ਸਨ ਕਿ ਸਿਰਫ਼ ਅਮੀਰ ਲੋਕ ਹੀ ਇਨ੍ਹਾਂ ਨੂੰ ਖ਼ਰੀਦ ਸਕਦੇ ਸਨ। 1850 ਦੇ ਦਹਾਕੇ ਵਿਚ ਨਰਮ ਰਬੜ ਦੀ ਖੋਜ ਹੋਣ ਤੋਂ ਬਾਅਦ ਇਸ ਨੂੰ ਨਕਲੀ ਦੰਦਾਂ ਦੇ ਸੈੱਟ ਬਣਾਉਣ ਵਿਚ ਵਰਤਿਆ ਜਾਣ ਲੱਗਾ। ਫਿਰ ਨਕਲੀ ਦੰਦ ਆਮ ਲੋਕਾਂ ਲਈ ਵੀ ਖ਼ਰੀਦਣੇ ਮੁਮਕਿਨ ਹੋ ਗਏ। ਭਾਵੇਂ ਵਾਸ਼ਿੰਗਟਨ ਦੇ ਡੈਂਟਿਸਟ ਇਸ ਪੇਸ਼ੇ ਵਿਚ ਮਾਹਰ ਹੋ ਚੁੱਕੇ ਸਨ, ਪਰ ਉਨ੍ਹਾਂ ਨੂੰ ਦੰਦ-ਪੀੜ ਦਾ ਕਾਰਨ ਪੂਰੀ ਤਰ੍ਹਾਂ ਪਤਾ ਨਹੀਂ ਲੱਗਿਆ।
ਦੰਦ-ਪੀੜ ਦਾ ਕਾਰਨ
ਪੁਰਾਣੇ ਜ਼ਮਾਨਿਆਂ ਵਿਚ ਲੋਕ ਸੋਚਿਆ ਕਰਦੇ ਸਨ ਕਿ ਦੰਦਾਂ ਨੂੰ ਕੀੜਾ ਲੱਗ ਜਾਂਦਾ ਸੀ ਜਿਸ ਕਰਕੇ ਪੀੜ ਹੁੰਦੀ ਸੀ। ਲੋਕ 18ਵੀਂ ਸਦੀ ਤਕ ਇਸ ਤਰ੍ਹਾਂ ਸੋਚਦੇ ਰਹੇ। 1890 ਵਿਚ ਜਰਮਨੀ ਵਿਚ ਬਰਲਿਨ ਯੂਨੀਵਰਸਿਟੀ ਵਿਚ ਕੰਮ ਕਰ ਰਹੇ ਅਮਰੀਕੀ ਡੈਂਟਿਸਟ ਵਿਲੋਬੀ ਮਿਲਰ ਨੇ ਪਤਾ ਲਗਾ ਲਿਆ ਕਿ ਦੰਦ ਕਿਉਂ ਸੜਦੇ ਹਨ ਜਿਸ ਕਰਕੇ ਪੀੜ ਹੁੰਦੀ ਹੈ। ਖੰਡ ਉੱਤੇ ਪਲਦਾ ਇਕ ਖ਼ਾਸ ਕਿਸਮ
ਦਾ ਬੈਕਟੀਰੀਆ ਤੇਜ਼ਾਬ ਪੈਦਾ ਕਰਦਾ ਹੈ ਜਿਸ ਕਰਕੇ ਦੰਦ ਖ਼ਰਾਬ ਹੋ ਜਾਂਦੇ ਹਨ। ਪਰ ਦੰਦਾਂ ਨੂੰ ਸੜਨ ਤੋਂ ਕਿੱਦਾਂ ਬਚਾਇਆ ਜਾਵੇ? ਡਾਕਟਰਾਂ ਨੂੰ ਇਸ ਮੁਸ਼ਕਲ ਦਾ ਹੱਲ ਇਤਫ਼ਾਕ ਨਾਲ ਹੀ ਲੱਭ ਪਿਆ ਸੀ।ਅਮਰੀਕਾ ਦੇ ਕੋਲੋਰਾਡੋ ਸੂਬੇ ਵਿਚ ਡੈਂਟਿਸਟਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉੱਥੇ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਦੇ ਦੰਦਾਂ ਉੱਤੇ ਧੱਬੇ ਕਿਉਂ ਸਨ। ਫਿਰ ਅਖ਼ੀਰ ਵਿਚ ਪਤਾ ਚੱਲਿਆ ਕਿ ਪਾਣੀ ਵਿਚ ਫਲੋਰਾਈਡ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਦੰਦਾਂ ਉੱਤੇ ਧੱਬੇ ਸਨ। ਇਸ ਸਮੱਸਿਆ ਨੂੰ ਹੱਲ ਕਰਦੇ-ਕਰਦੇ ਖੋਜਕਾਰਾਂ ਨੂੰ ਇਕ ਗੱਲ ਪਤਾ ਚੱਲੀ ਜੋ ਦੁਨੀਆਂ ਭਰ ਵਿਚ ਦੰਦ-ਪੀੜ ਤੋਂ ਪਰੇਸ਼ਾਨ ਲੋਕਾਂ ਲਈ ਫ਼ਾਇਦੇਮੰਦ ਸੀ। ਉਹ ਇਹ ਸੀ ਕਿ ਉਨ੍ਹਾਂ ਇਲਾਕਿਆਂ ਵਿਚ ਪਲੇ ਲੋਕਾਂ ਦੇ ਦੰਦ ਜ਼ਿਆਦਾ ਸੜਦੇ ਹਨ ਜਿੱਥੇ ਪਾਣੀ ਵਿਚ ਫਲੋਰਾਈਡ ਦੀ ਮਾਤਰਾ ਘੱਟ ਹੁੰਦੀ ਹੈ। ਫਲੋਰਾਈਡ ਦੰਦਾਂ ਦੇ ਅਨੈਮਲ ਦਾ ਇਕ ਅੰਸ਼ ਹੈ ਤੇ ਪਾਣੀ ਦੇ ਕਈ ਸੋਮਿਆਂ ਵਿਚ ਫਲੋਰਾਈਡ ਕੁਦਰਤੀ ਤੌਰ ਤੇ ਪਾਇਆ ਜਾਂਦਾ ਹੈ। ਜਿਨ੍ਹਾਂ ਇਲਾਕਿਆਂ ਦੇ ਪਾਣੀ ਵਿਚ ਫਲੋਰਾਈਡ ਦੀ ਮਾਤਰਾ ਘੱਟ ਹੈ, ਉੱਥੇ ਲੋਕਾਂ ਨੂੰ ਸਹੀ ਮਾਤਰਾ ਵਿਚ ਫਲੋਰਾਈਡ ਦਿੱਤੇ ਜਾਣ ਕਰਕੇ ਦੰਦ ਸੜਨ ਦੇ ਕੇਸਾਂ ਵਿਚ 65 ਪ੍ਰਤਿਸ਼ਤ ਗਿਰਾਵਟ ਆਈ।
ਇਸ ਤਰ੍ਹਾਂ ਦੰਦ-ਪੀੜ ਦੀ ਸਮੱਸਿਆ ਹੱਲ ਹੋ ਗਈ। ਜ਼ਿਆਦਾ ਕਰਕੇ ਦੰਦ-ਪੀੜ ਦੰਦਾਂ ਦੇ ਸੜਨ ਕਰਕੇ ਹੁੰਦੀ ਹੈ। ਖੰਡ ਨਾਲ ਦੰਦ ਜਲਦੀ ਸੜਦੇ ਹਨ। ਫਲੋਰਾਈਡ ਦੰਦਾਂ ਨੂੰ ਸੜਨ ਤੋਂ ਰੋਕਦਾ ਹੈ। ਪਰ ਰਿਸਰਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਫਲੋਰਾਈਡ ਨਾਲ ਹੀ ਕੰਮ ਨਹੀਂ ਚੱਲੇਗਾ, ਸਗੋਂ ਸਹੀ ਤਰੀਕੇ ਨਾਲ ਬੁਰਸ਼ ਕਰਨਾ ਤੇ ਫਲਾਸਿੰਗ ਕਰਨੀ ਵੀ ਜ਼ਰੂਰੀ ਹੈ।
ਦਰਦ-ਰਹਿਤ ਇਲਾਜ ਦੀ ਭਾਲ
ਸੁੰਨ ਕਰ ਦੇਣ ਵਾਲੀਆਂ ਦਵਾਈਆਂ ਦੀ ਖੋਜ ਤੋਂ ਪਹਿਲਾਂ ਦੰਦ ਕਢਾਉਣ ਵੇਲੇ ਮਰੀਜ਼ਾਂ ਨੂੰ ਬੜਾ ਦਰਦ ਸਹਿਣਾ ਪੈਂਦਾ ਸੀ। ਡੈਂਟਿਸਟ ਦੁਖਦੇ ਦੰਦ ਦੇ ਸੜੇ ਹਿੱਸਿਆਂ ਨੂੰ ਤਿੱਖੇ ਸੰਦਾਂ ਨਾਲ ਖੁਰਚ ਕੇ ਕੱਢ ਦਿੰਦੇ ਸਨ ਤੇ ਫਿਰ ਖਾਲੀ ਥਾਂ ਵਿਚ ਗਰਮ-ਗਰਮ ਧਾਤ ਭਰ ਦਿੰਦੇ ਸਨ। ਦੰਦਸਾਜ਼ ਰੂਟ ਕਨਾਲਿੰਗ ਕਰਦੇ ਵੇਲੇ ਲੋਹੇ ਦੀ ਗਰਮ-ਗਰਮ ਸੀਖ ਨਾਲ ਦੰਦ ਦੇ ਗੁੱਦੇ ਨੂੰ ਸਾੜ ਦਿੰਦੇ ਸਨ। ਖ਼ਾਸ ਸੰਦਾਂ ਅਤੇ ਸੁੰਨ ਕਰ ਦੇਣ ਵਾਲੀਆਂ ਦਵਾਈਆਂ ਦੀ ਖੋਜ ਤੋਂ ਪਹਿਲਾਂ ਦੰਦ ਕਢਾਉਣ ਬਾਰੇ ਸੋਚ ਕੇ ਹੀ ਲੋਕਾਂ ਨੂੰ ਕੰਬਣੀ ਛਿੜ ਜਾਂਦੀ ਸੀ। ਲੋਕ ਉਦੋਂ ਹੀ ਦੰਦ ਕਢਾਉਣ ਦਾ ਕਸ਼ਟ ਸਹਿੰਦੇ ਸਨ ਜਦੋਂ ਦੰਦ-ਪੀੜ ਨਾਲ ਜੀਣਾ ਮੁਸ਼ਕਲ ਹੋ ਜਾਂਦਾ ਸੀ। ਭਾਵੇਂ ਅਫ਼ੀਮ, ਭੰਗ ਜਾਂ ਹੋਰ ਜੜ੍ਹੀ-ਬੂਟੀਆਂ ਸਦੀਆਂ ਤਕ ਇਸਤੇਮਾਲ ਕੀਤੀਆਂ ਗਈਆਂ, ਪਰ ਇਹ ਸਿਰਫ਼ ਦਰਦ ਨੂੰ ਥੋੜ੍ਹਾ-ਬਹੁਤ ਘਟਾ ਦਿੰਦੀਆਂ ਸਨ। ਸੋ ਸਾਇੰਸਦਾਨ ਇਸ ਖੋਜ ਵਿਚ ਜੁੱਟ ਗਏ ਕਿ ਬਿਨਾਂ ਦਰਦ ਦੇ ਦੰਦ ਕਿਵੇਂ ਕੱਢੇ ਜਾਣ।
ਸੰਨ 1772 ਵਿਚ ਇੰਗਲੈਂਡ ਵਿਚ ਰਸਾਇਣ-ਵਿਗਿਆਨੀ ਜੋਸਫ਼ ਪ੍ਰੀਸਟਲੀ ਨੇ ਨਾਈਟਰਸ ਆਕਸਾਈਡ ਜਾਂ ਲਾਫਿੰਗ ਗੈਸ ਬਣਾਈ। (ਹਸਾਉਣ ਵਾਲੀ ਗੈਸ) ਉਸ ਵੇਲੇ ਸਾਇੰਸਦਾਨਾਂ ਨੇ ਦੇਖਿਆ ਕਿ ਇਸ ਗੈਸ ਵਿਚ ਸਰੀਰ ਨੂੰ ਸੁੰਨ ਕਰ ਦੇਣ ਵਾਲੇ ਗੁਣ ਸਨ। ਤਾਂ ਵੀ 1844 ਤਕ ਕਿਸੇ ਨੇ ਵੀ ਇਸ ਨੂੰ ਸਰੀਰ ਸੁੰਨ ਕਰਨ ਲਈ ਇਸਤੇਮਾਲ ਨਹੀਂ ਕੀਤਾ। ਪਰ ਉਸ ਸਾਲ 10 ਦਸੰਬਰ ਨੂੰ ਹਾਰਟਫੋਰਡ, ਕਨੈਟੀਕਟ, ਅਮਰੀਕਾ ਵਿਚ ਹੌਰਸ ਵੈੱਲਜ਼ ਨੇ ਇਕ ਲੈਕਚਰ ਸੁਣਿਆ ਜਿਸ ਵਿਚ ਲਾਫਿੰਗ ਗੈਸ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਗਿਆ। ਵੈੱਲਜ਼ ਨੇ ਦੇਖਿਆ ਕਿ ਇਸ ਗੈਸ ਦੇ ਪ੍ਰਭਾਵ ਹੇਠ ਹੱਸਦੇ ਹੋਏ ਇਕ ਆਦਮੀ ਨੇ ਇਕ ਭਾਰੇ ਬੈਂਚ ਨਾਲ ਆਪਣੀਆਂ ਲੱਤਾਂ ਤੇ ਰਗੜਾਂ ਲਵਾ ਲਈਆਂ ਸਨ, ਪਰ ਉਸ ਨੂੰ ਕੋਈ ਦਰਦ ਨਹੀਂ ਹੋਇਆ। ਵੈੱਲਜ਼ ਨੂੰ ਬੜਾ ਦੁੱਖ ਹੁੰਦਾ ਸੀ ਜਦੋਂ ਇਲਾਜ ਦੌਰਾਨ ਉਸ ਦੇ ਮਰੀਜ਼ ਤੜਫਦੇ ਸਨ। ਸੋ ਉਸ ਨੇ ਉਸੇ ਵੇਲੇ ਮਰੀਜ਼ਾਂ ਨੂੰ ਸੁੰਨ ਕਰਨ ਲਈ ਇਸ ਗੈਸ ਨੂੰ ਇਸਤੇਮਾਲ ਕਰਨ ਬਾਰੇ ਸੋਚਿਆ। ਪਰ ਦੂਸਰਿਆਂ ਉੱਤੇ ਇਸਤੇਮਾਲ ਕਰਨ ਤੋਂ ਪਹਿਲਾਂ ਉਸ ਨੇ ਇਸ ਨੂੰ ਆਪਣੇ ਉੱਤੇ ਅਜ਼ਮਾਉਣ ਦਾ ਫ਼ੈਸਲਾ ਕੀਤਾ। ਅਗਲੇ ਦਿਨ ਉਹ ਆਪਣੀ ਕੁਰਸੀ ਤੇ ਬੈਠ ਗਿਆ ਅਤੇ ਇਹ ਗੈਸ ਸੁੰਘ ਕੇ ਬੇਹੋਸ਼ ਹੋ ਗਿਆ। ਫਿਰ ਉਸ ਦੇ ਨਾਲ ਕੰਮ ਕਰਨ ਵਾਲੇ ਬੰਦੇ ਨੇ ਉਸ ਦੀ ਇਕ ਦੁੱਖ ਰਹੀ ਦਾੜ੍ਹ ਕੱਢ ਦਿੱਤੀ। ਇਹ ਤਾਂ ਕਮਾਲ ਹੋ ਗਿਆ! ਆਖ਼ਰ ਬਿਨਾਂ ਦਰਦ ਦੇ ਦੰਦ ਕੱਢਣ ਦਾ ਤਰੀਕਾ ਪਤਾ ਲੱਗ ਗਿਆ ਸੀ। *
ਉਦੋਂ ਤੋਂ ਦੰਦਾਂ ਦੇ ਇਲਾਜ ਵਿਚ ਬਹੁਤ ਸੁਧਾਰ ਆਇਆ ਹੈ। ਇਸ ਲਈ, ਹੁਣ ਤੁਸੀਂ ਬਿਨਾਂ ਡਰੇ ਡੈਂਟਿਸਟ ਕੋਲ ਜਾ ਕੇ ਇਲਾਜ ਕਰਵਾ ਸਕਦੇ ਹੋ। (g 9/07)
[ਫੁਟਨੋਟ]
^ ਪੈਰਾ 22 ਅੱਜ ਨਾਈਟਰਸ ਆਕਸਾਈਡ ਦੀ ਜਗ੍ਹਾ ਹੋਰ ਦਵਾਈਆਂ ਜ਼ਿਆਦਾ ਵਰਤੀਆਂ ਜਾਂਦੀਆਂ ਹਨ ਜੋ ਇਲਾਜ ਦੌਰਾਨ ਸਿਰਫ਼ ਜਬਾੜੇ ਨੂੰ ਸੁੰਨ ਕਰ ਦਿੰਦੀਆਂ ਹਨ।
[ਸਫ਼ਾ 28 ਉੱਤੇ ਤਸਵੀਰ]
ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੇ ਨਕਲੀ ਦੰਦ ਜੋ ਹਾਥੀ-ਦੰਦ ਦੇ ਬਣੇ ਹੋਏ ਸਨ
[ਕ੍ਰੈਡਿਟ ਲਾਈਨ]
Courtesy of The National Museum of Dentistry, Baltimore, MD
[ਸਫ਼ਾ 29 ਉੱਤੇ ਤਸਵੀਰ]
ਇਸ ਚਿੱਤਰ ਵਿਚ 1844 ਵਿਚ ਨਾਈਟਰਸ ਆਕਸਾਈਡ ਨਾਲ ਮਰੀਜ਼ ਨੂੰ ਸੁੰਨ ਕਰ ਕੇ ਦੰਦਾਂ ਦਾ ਪਹਿਲਾ ਓਪਰੇਸ਼ਨ ਕਰਦੇ ਹੋਏ ਦਿਖਾਇਆ ਗਿਆ ਹੈ
[ਕ੍ਰੈਡਿਟ ਲਾਈਨ]
Courtesy of the National Library of Medicine
[ਸਫ਼ਾ 27 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Courtesy of the National Library of Medicine