ਸ੍ਰਿਸ਼ਟੀ ਤੋਂ ਅਸੀਂ ਕੀ ਸਿੱਖਦੇ ਹਾਂ?
ਸ੍ਰਿਸ਼ਟੀ ਤੋਂ ਅਸੀਂ ਕੀ ਸਿੱਖਦੇ ਹਾਂ?
“ਡੰਗਰਾਂ ਤੋਂ ਪੁੱਛ ਅਤੇ ਓਹ ਤੈਨੂੰ ਸਿਖਾਉਣਗੇ, ਅਤੇ ਅਕਾਸ਼ ਦੇ ਪੰਛੀਆਂ ਤੋਂ, ਓਹ ਤੈਨੂੰ ਦੱਸਣਗੇ, ਯਾ ਧਰਤੀ ਨਾਲ ਗੱਲ ਕਰ, ਉਹ ਤੈਨੂੰ ਸਿਖਾਵੇਗੀ, ਅਤੇ ਸਮੁੰਦਰ ਦੀਆਂ ਮੱਛੀਆਂ ਤੇਰੇ ਲਈ ਨਿਰਨਾ ਕਰਨਗੀਆਂ!”—ਅੱਯੂਬ 12:7, 8.
ਬੀਤੇ ਕੁਝ ਸਾਲਾਂ ਤੋਂ ਵਿਗਿਆਨੀ ਅਤੇ ਇੰਜੀਨੀਅਰ ਪੇੜ-ਪੌਦਿਆਂ ਤੇ ਜਾਨਵਰਾਂ ਤੋਂ ਬਹੁਤ ਕੁਝ ਸਿੱਖ ਰਹੇ ਹਨ। ਉਹ ਕੁਦਰਤ ਵਿਚ ਪਾਈਆਂ ਜਾਂਦੀਆਂ ਚੀਜ਼ਾਂ ਤੇ ਖੋਜ ਕਰ ਰਹੇ ਹਨ ਤਾਂਕਿ ਉਹ ਕੁਦਰਤੀ ਚੀਜ਼ਾਂ ਦੇ ਡੀਜ਼ਾਈਨਾਂ ਦੀ ਨਕਲ ਕਰ ਕੇ ਨਵੀਆਂ-ਨਵੀਆਂ ਚੀਜ਼ਾਂ ਬਣਾ ਸਕਣ ਜਾਂ ਫਿਰ ਮੌਜੂਦਾ ਮਸ਼ੀਨਾਂ ਵਿਚ ਸੁਧਾਰ ਕਰ ਸਕਣ। ਇਸ ਤਰ੍ਹਾਂ ਦੀ ਇੰਜੀਨੀਅਰੀ ਨੂੰ ਬਾਇਓਮਿਮੈਟਿਕਸ ਕਿਹਾ ਜਾਂਦਾ ਹੈ। ਅੱਗੇ ਦੱਸੀਆਂ ਉਦਾਹਰਣਾਂ ਪੜ੍ਹਦੇ ਸਮੇਂ ਆਪਣੇ ਆਪ ਨੂੰ ਪੁੱਛੋ, ‘ਇਨ੍ਹਾਂ ਚੀਜ਼ਾਂ ਨੂੰ ਬਣਾਉਣ ਦਾ ਸਿਹਰਾ ਕਿਸ ਨੂੰ ਜਾਣਾ ਚਾਹੀਦਾ ਹੈ?’
ਵੇਲ੍ਹ ਮੱਛੀ ਦੇ ਖੰਭ
ਹਵਾਈ ਜਹਾਜ਼ ਡੀਜ਼ਾਈਨ ਕਰਨ ਵਾਲੇ ਵਿਗਿਆਨੀ ਹੰਪਬੈਕ ਵ੍ਹੇਲ ਮੱਛੀ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਹੰਪਬੈਕ ਵ੍ਹੇਲ ਦਾ ਭਾਰ ਤਕਰੀਬਨ 30 ਟਨ ਯਾਨੀ ਇਕ ਲੱਦੇ ਹੋਏ ਟਰੱਕ ਜਿੰਨਾ ਹੁੰਦਾ ਹੈ। ਇਸ ਦਾ ਸਰੀਰ ਲਚਕੀਲਾ ਨਹੀਂ ਹੁੰਦਾ ਅਤੇ ਇਸ ਦੇ ਵੱਡੇ-ਵੱਡੇ ਖੰਭ ਹੁੰਦੇ ਹਨ। ਇਹ 40 ਫੁੱਟ ਲੰਬੀ ਮੱਛੀ ਪਾਣੀ ਵਿਚ ਬਹੁਤ ਫੁਰਤੀ ਨਾਲ ਤੈਰਦੀ ਹੈ। ਇਹ ਮੱਛੀ ਝੀਂਗੇ, ਕੇਕੜੇ, ਮੱਛੀਆਂ ਵਗੈਰਾ ਖਾਂਦੀ ਹੈ। ਆਪਣੇ ਭੋਜਨ ਨੂੰ ਪਾਣੀ ਦੀ ਸਤਹ ਤੇ ਇਕੱਠਾ ਕਰਨ ਲਈ ਇਹ ਉੱਪਰ ਵੱਲ ਨੂੰ ਵਲ-ਵਲੇਵੇਂ ਖਾਂਦੀ ਹੋਈ ਤੈਰਦੀ ਹੈ। ਤੈਰਦੀ ਹੋਈ ਇਹ ਪਾਣੀ ਵਿਚ ਬੁਲਬੁਲੇ ਛੱਡਦੀ ਹੈ ਜੋ ਤਕਰੀਬਨ ਪੰਜ ਫੁੱਟ ਦੇ ਘੇਰੇ ਵਿਚ ਫੈਲੇ ਹੋਏ ਹੁੰਦੇ ਹਨ। ਇਨ੍ਹਾਂ ਬੁਲਬੁਲਿਆਂ ਨਾਲ ਉਸ ਦਾ ਭੋਜਨ ਪਾਣੀ ਦੀ ਸਤਹ ਤੇ ਇਕੱਠਾ ਹੋ ਜਾਂਦਾ ਹੈ ਅਤੇ ਉਹ ਇੱਕੋ ਝਟਕੇ ਨਾਲ ਇਸ ਨੂੰ ਖਾ ਜਾਂਦੀ ਹੈ।
ਵਿਗਿਆਨੀਆਂ ਨੂੰ ਇਸ ਗੱਲ ਵਿਚ ਬਹੁਤ ਦਿਲਚਸਪੀ ਹੈ ਕਿ ਇਹ ਆਕੜੇ ਹੋਏ ਸਰੀਰ ਵਾਲੀ ਮੱਛੀ ਕਿਵੇਂ ਇੰਨੇ ਛੋਟੇ-ਛੋਟੇ ਚੱਕਰਾਂ ਵਿਚ ਵਲ-ਵਲੇਵੇਂ ਖਾ ਕੇ ਤੈਰ ਸਕਦੀ ਹੈ। ਉਨ੍ਹਾਂ ਨੇ ਦੇਖਿਆ ਹੈ ਕਿ ਇਸ ਦਾ ਰਾਜ਼ ਉਸ ਦੇ ਖੰਭਾਂ ਵਿਚ ਹੈ। ਇਸ ਦੇ ਖੰਭਾਂ ਦੇ ਉਪਰਲੇ ਸਿਰੇ ਮੁਲਾਇਮ ਨਹੀਂ ਹੁੰਦੇ, ਸਗੋਂ ਆਰੇ ਵਰਗੇ ਦੰਦੇਦਾਰ ਹੁੰਦੇ ਹਨ ਅਤੇ ਉਨ੍ਹਾਂ ਉੱਤੇ ਗੰਢਾਂ ਜਿਹੀਆਂ ਹੁੰਦੀਆਂ ਹਨ।
ਜਦੋਂ ਵ੍ਹੇਲ ਪਾਣੀ ਵਿਚ ਉੱਪਰ ਵੱਲ ਤੈਰਦੀ ਹੈ, ਤਾਂ ਇਹ ਗੰਢਾਂ ਪਾਣੀ ਦੇ ਵਿਰੋਧ ਨੂੰ ਘਟਾ ਦਿੰਦੀਆਂ ਹਨ ਜਿਸ ਨਾਲ ਵ੍ਹੇਲ ਨੂੰ ਉੱਪਰ ਵੱਲ ਤੈਰਨ ਵਿਚ ਮਦਦ ਮਿਲਦੀ ਹੈ। ਕਿਵੇਂ? ਨੈਚੁਰਲ ਹਿਸਟਰੀ ਨਾਂ ਦਾ ਰਸਾਲਾ ਦੱਸਦਾ ਹੈ ਕਿ ਇਹ ਗੰਢਾਂ ਪਾਣੀ ਨੂੰ ਖੰਭਾਂ ਉੱਤੇ ਘੁਮਾਉਂਦੀਆਂ ਹਨ ਅਤੇ ਪਾਣੀ ਦੀ ਰਫ਼ਤਾਰ ਕਾਰਨ ਵ੍ਹੇਲ ਉੱਪਰ ਨੂੰ ਚੁੱਕੀ ਜਾਂਦੀ ਹੈ। ਜੇ ਖੰਭਾਂ ਦੇ ਉਪਰਲੇ ਸਿਰੇ ਮੁਲਾਇਮ ਹੁੰਦੇ, ਤਾਂ ਵ੍ਹੇਲ ਲਈ ਇਸ ਤਰ੍ਹਾਂ ਛੋਟੇ-ਛੋਟੇ ਚੱਕਰ ਕੱਢਦੇ ਹੋਏ ਉੱਪਰ ਵੱਲ ਤੈਰਨਾ ਮੁਸ਼ਕਲ ਹੋਣਾ ਸੀ ਕਿਉਂਕਿ ਪਾਣੀ ਨੇ ਖੰਭਾਂ ਦੇ ਉੱਪਰ ਘੁੰਮਣਾ ਨਹੀਂ ਸੀ, ਸਗੋਂ ਥੱਲੇ ਚਲਾ ਜਾਂਦਾ।
ਇਸ ਜਾਣਕਾਰੀ ਤੋਂ ਵਿਗਿਆਨੀਆਂ ਨੂੰ ਕੀ ਫ਼ਾਇਦਾ ਹੋ ਸਕਦਾ ਹੈ? ਹਵਾਈ ਜਹਾਜ਼ ਦੇ ਖੰਭਾਂ ਨੂੰ ਵ੍ਹੇਲ ਦੇ ਖੰਭਾਂ ਵਾਂਗ ਬਣਾਉਣ ਨਾਲ ਉਨ੍ਹਾਂ ਉੱਤੇ ਹਵਾ ਦੇ ਵਹਾਅ ਨੂੰ ਬਦਲਣ ਲਈ ਘੱਟ ਫ਼ਲੈਪ ਜਾਂ ਘੱਟ ਮਸ਼ੀਨੀ ਉਪਕਰਣ ਲਾਉਣ ਦੀ ਲੋੜ ਪਵੇਗੀ। ਅਜਿਹੇ ਖੰਭ ਜ਼ਿਆਦਾ ਸੁਰੱਖਿਅਤ ਹੋਣਗੇ ਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨੀ ਆਸਾਨ ਹੋਵੇਗੀ। ਜੌਨ ਲਾਂਗ ਨਾਂ ਦਾ ਵਿਗਿਆਨੀ ਕਹਿੰਦਾ ਹੈ ਕਿ ਇਕ ਦਿਨ “ਹਰ ਹਵਾਈ ਜਹਾਜ਼ ਦੇ ਖੰਭਾਂ ਉੱਤੇ ਗੰਢਾਂ ਹੋਣਗੀਆਂ ਜਿਵੇਂ ਹੰਪਬੈਕ ਵ੍ਹੇਲ ਮੱਛੀ ਦੇ ਖੰਭਾਂ ਉੱਤੇ ਹਨ।”
ਸੀ-ਗੱਲ ਦੇ ਖੰਭਾਂ ਦੀ ਨਕਲ
ਹਵਾਈ ਜਹਾਜ਼ ਦੇ ਖੰਭ ਪੰਛੀਆਂ ਦੇ ਖੰਭਾਂ ਦੇ ਆਧਾਰ ਤੇ ਬਣਾਏ ਗਏ ਹਨ। ਪਰ ਹਾਲ ਹੀ ਵਿਚ ਇੰਜੀਨੀਅਰਾਂ ਨੇ ਇਸ ਸੰਬੰਧੀ ਹੋਰ ਬਹੁਤ ਕੁਝ ਸਿੱਖਿਆ ਹੈ। ਨਿਊ ਸਾਇੰਟਿਸਟ ਨਾਂ ਦੇ ਰਸਾਲੇ ਵਿਚ ਦੱਸਿਆ ਹੈ ਕਿ “ਯੂਨੀਵਰਸਿਟੀ ਆਫ਼ ਫਲੋਰਿਡਾ ਦੇ ਖੋਜਕਾਰਾਂ ਨੇ ਰਿਮੋਟ ਨਾਲ ਚੱਲਣ ਵਾਲਾ ਇਕ ਛੋਟਾ ਜਿਹਾ ਹਵਾਈ ਜਹਾਜ਼ ਬਣਾਇਆ ਹੈ ਜੋ ਸੀ-ਗੱਲ ਨਾਂ ਦੇ ਇਕ ਸਮੁੰਦਰੀ ਪੰਛੀ ਵਾਂਗ ਹਵਾ ਵਿਚ ਮੰਡਲਾ ਸਕਦਾ ਹੈ, ਅੱਖ ਦੇ ਫੋਰ ਨਾਲ ਥੱਲੇ ਵੱਲ ਨੂੰ ਆ ਕੇ ਦੁਬਾਰਾ ਉੱਪਰ ਨੂੰ ਉੱਡ ਸਕਦਾ ਹੈ।”
ਸੀ-ਗੱਲ ਕੁਹਣੀ ਅਤੇ ਮੋਢੇ ਦੇ ਜੋੜਾਂ ਦੀ ਮਦਦ ਨਾਲ ਆਪਣੇ ਖੰਭ ਇਕੱਠੇ ਕਰਨ ਜਾਂ ਫੈਲਾ ਕੇ ਹਵਾ ਵਿਚ ਕਲਾਬਾਜ਼ੀਆਂ ਲਾਉਂਦਾ ਹੈ। ਨਿਊ ਸਾਇੰਟਿਸਟ ਰਸਾਲੇ ਵਿਚ ਦੱਸਿਆ ਹੈ ਕਿ ਸੀ-ਗੱਲ ਦੇ ਖੰਭਾਂ ਵਾਂਗ ਰਿਮੋਟ ਨਾਲ ਚੱਲਣ ਵਾਲੇ “24 ਇੰਚ ਲੰਬੇ ਜਹਾਜ਼ ਵਿਚ ਛੋਟੀ ਮੋਟਰ ਲੱਗੀ ਹੋਈ ਹੈ ਜੋ ਖੰਭਾਂ ਨੂੰ ਹਿਲਾਉਣ ਵਾਲੀਆਂ ਧਾਤ ਦੀਆਂ ਸੀਖਾਂ ਨੂੰ ਕੰਟ੍ਰੋਲ ਕਰਦੀ ਹੈ।” ਵਧੀਆ ਢੰਗ ਨਾਲ ਡੀਜ਼ਾਈਨ ਕੀਤੇ ਗਏ ਖੰਭਾਂ ਦੀ ਮਦਦ ਨਾਲ ਇਹ ਜਹਾਜ਼ ਉੱਚੀਆਂ-ਉੱਚੀਆਂ ਬਿਲਡਿੰਗਾਂ ਵਿਚਾਲੇ ਵੀ ਉੱਡ ਸਕਦਾ ਹੈ। ਅਮਰੀਕਾ ਦੀ ਹਵਾਈ ਸੈਨਾ ਇਸ ਤਰ੍ਹਾਂ ਦਾ ਜਹਾਜ਼ ਬਣਾਉਣ ਵਿਚ ਦਿਲਚਸਪੀ ਦਿਖਾ ਰਹੀ ਹੈ ਤਾਂਕਿ ਇਸ ਨੂੰ ਵੱਡੇ-ਵੱਡੇ ਸ਼ਹਿਰਾਂ ਵਿਚ ਕੈਮੀਕਲ ਜਾਂ ਬਾਇਓਲਾਜੀਕਲ ਹਥਿਆਰਾਂ ਦਾ ਪਤਾ ਲਗਾਉਣ ਲਈ ਵਰਤਿਆ ਜਾ ਸਕੇ।
ਗੈੱਕੋ ਦੇ ਪੈਰਾਂ ਦੀ ਨਕਲ
ਜ਼ਮੀਨ ਤੇ ਚੱਲਣ ਵਾਲੇ ਜਾਨਵਰਾਂ ਤੋਂ ਵੀ ਇਨਸਾਨ ਬਹੁਤ ਕੁਝ ਸਿੱਖ ਸਕਦਾ ਹੈ। ਉਦਾਹਰਣ ਲਈ, ਗੈੱਕੋ ਨਾਂ ਦੀ ਇਕ ਕਿਰਲੀ ਕੰਧਾਂ ਤੇ ਚੜ੍ਹ ਸਕਦੀ ਹੈ ਤੇ ਛੱਤ ਨਾਲ ਉਲਟੀ ਚਿੰਬੜੀ ਰਹਿ ਸਕਦੀ ਹੈ। ਕਿਰਲੀ ਕੰਧਾਂ ਜਾਂ ਛੱਤਾਂ ਤੇ ਕਿਵੇਂ ਚੜ੍ਹ ਸਕਦੀ ਹੈ?
ਗੈੱਕੋ ਕੱਚ ਵਰਗੀ ਮੁਲਾਇਮ ਸਤਹ ਤੇ ਚਿੰਬੜੀ ਰਹਿ ਸਕਦੀ
ਹੈ ਕਿਉਂਕਿ ਇਸ ਦੇ ਪੈਰਾਂ ਉੱਤੇ ਬਹੁਤ ਹੀ ਛੋਟੇ-ਛੋਟੇ ਵਾਲ ਹੁੰਦੇ ਹਨ। ਇਸ ਦੇ ਪੈਰਾਂ ਵਿੱਚੋਂ ਕੋਈ ਗੂੰਦ ਨਹੀਂ ਨਿਕਲਦਾ ਜਿਸ ਕਰਕੇ ਇਹ ਚਿੰਬੜੀ ਰਹਿੰਦੀ ਹੈ। ਇਸ ਦੀ ਬਜਾਇ ਇਹ ਸੂਖਮ ਅਣੂਦਾਰ ਬਲ (molecular force) ਨੂੰ ਵਰਤਦੀ ਹੈ। ਇਸ ਬਲ ਨੂੰ ਵਾਨ ਡਰ ਵਾਲਜ਼ ਬਲ ਕਿਹਾ ਜਾਂਦਾ ਹੈ। ਇਸ ਬਲ ਕਰਕੇ ਗੈੱਕੋ ਦੇ ਪੈਰਾਂ ਦੇ ਅਣੂ ਸਤਹ ਦੇ ਅਣੂਆਂ ਨਾਲ ਚਿੰਬੜ ਜਾਂਦੇ ਹਨ। ਆਮ ਤੌਰ ਤੇ ਗੁਰੂਤਾ-ਖਿੱਚ ਇਸ ਬਲ ਤੇ ਹਾਵੀ ਹੋ ਜਾਂਦੀ ਹੈ। ਇਸੇ ਕਰਕੇ ਤੁਸੀਂ ਕੰਧ ਉੱਤੇ ਬਸ ਹੱਥ ਲਾ ਕੇ ਚੜ੍ਹ ਨਹੀਂ ਸਕਦੇ। ਪਰ ਗੈੱਕੋ ਦੇ ਪੈਰਾਂ ਦੇ ਹਜ਼ਾਰਾਂ ਵਾਲਾਂ ਕਰਕੇ ਉਸ ਨੂੰ ਕਾਫ਼ੀ ਪਕੜ ਮਿਲਦੀ ਹੈ ਜਿਸ ਕਰਕੇ ਇਹ ਕੰਧ ਜਾਂ ਛੱਤ ਨਾਲ ਚਿੰਬੜੀ ਰਹਿੰਦੀ ਹੈ।ਇਸ ਖੋਜ ਨੂੰ ਕਿੱਦਾਂ ਵਰਤਿਆ ਜਾ ਸਕਦਾ ਹੈ? ਗੈੱਕੋ ਦੇ ਪੈਰਾਂ ਦੀ ਨਕਲ ਕਰ ਕੇ ਬਣਾਈ ਗਈ ਟੇਪ ਵੈਲਕਰੋ (ਇਹ ਵੀ ਕੁਦਰਤ ਦੀ ਨਕਲ ਕਰ ਕੇ ਬਣਾਈ ਗਈ ਸੀ) ਨਾਲੋਂ ਵੀ ਅਸਰਦਾਰ ਸਾਬਤ ਹੋ ਸਕਦੀ ਹੈ। * ਦ ਇਕਨੋਮਿਸਟ ਨਾਂ ਦੇ ਰਸਾਲੇ ਵਿਚ ਇਕ ਖੋਜਕਾਰ ਨੇ ਕਿਹਾ ਕਿ “ਗੈੱਕੋ ਟੇਪ” “ਜ਼ਖ਼ਮਾਂ ਤੇ ਲਾਈ ਜਾ ਸਕਦੀ ਹੈ ਜਿਨ੍ਹਾਂ ਤੇ ਕੈਮੀਕਲ ਯੁਕਤ ਟੇਪਾਂ ਨਹੀਂ ਵਰਤੀਆਂ ਜਾ ਸਕਦੀਆਂ।”
ਇਸ ਦਾ ਸਿਹਰਾ ਕਿਸ ਨੂੰ ਜਾਂਦਾ ਹੈ?
ਪੁਲਾੜ ਏਜੰਸੀ ਨਾਸਾ (NASA) ਬਿੱਛੂ ਵਾਂਗ ਚੱਲਣ ਵਾਲਾ ਕਈ ਲੱਤਾਂ ਵਾਲਾ ਇਕ ਰੋਬੋਟ ਬਣਾ ਰਹੀ ਹੈ। ਫਿਨਲੈਂਡ ਵਿਚ ਇੰਜੀਨੀਅਰਾਂ ਨੇ ਛੇ ਲੱਤਾਂ ਵਾਲਾ ਟ੍ਰੈਕਟਰ ਬਣਾਇਆ ਹੈ ਜੋ ਵੱਡੀ ਮੱਕੜੀ ਵਾਂਗ ਅੜਿੱਕਿਆਂ ਨੂੰ ਪਾਰ ਕਰ ਸਕਦਾ ਹੈ। ਦੂਸਰੇ ਖੋਜਕਾਰਾਂ ਨੇ ਇਕ ਕੱਪੜਾ ਤਿਆਰ ਕੀਤਾ ਹੈ ਜਿਸ ਉੱਤੇ ਛੋਟੇ-ਛੋਟੇ ਫ਼ਲੈਪ ਹਨ ਜੋ ਹਵਾ ਵਿਚ ਨਮੀ ਦੀ ਮਾਤਰਾ ਮੁਤਾਬਕ ਪਾਈਨਕੋਨ ਵਾਂਗ ਖੁੱਲ੍ਹਦੇ ਤੇ ਬੰਦ ਹੁੰਦੇ ਹਨ। ਇਕ ਕਾਰ ਕੰਪਨੀ ਬਾਕਸਫਿਸ਼ ਨਾਂ ਦੀ ਮੱਛੀ ਦੇ ਆਕਾਰ ਦੀ ਨਕਲ ਕਰ ਕੇ ਕਾਰ ਬਣਾ ਰਹੀ ਹੈ। ਦੂਸਰੇ ਕਈ ਖੋਜਕਾਰ ਕੰਨਸਿੱਪੀ ਉੱਤੇ ਖੋਜ ਕਰ ਰਹੇ ਹਨ ਜਿਸ ਵਿਚ ਝਟਕੇ ਸਹਿਣ ਦੀ ਤਾਕਤ ਹੈ। ਇਸ ਦੀ ਨਕਲ ਕਰ ਕੇ ਖੋਜਕਾਰ ਹਲਕਾ ਤੇ ਮਜ਼ਬੂਤ ਕਵਚ ਬਣਾਉਣਾ ਚਾਹੁੰਦੇ ਹਨ।
ਵਿਗਿਆਨੀਆਂ ਨੂੰ ਕੁਦਰਤ ਤੋਂ ਇੰਨੀ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਨੇ ਇਸ ਸਾਰੀ ਜਾਣਕਾਰੀ ਨੂੰ ਕੰਪਿਊਟਰ ਵਿਚ ਪਾ ਦਿੱਤਾ ਹੈ। ਜਿਹੜਾ ਵੀ ਵਿਗਿਆਨੀ ਆਪਣੀ ਮਸ਼ੀਨਰੀ ਦੇ ਡੀਜ਼ਾਈਨ ਵਿਚ ਆਉਂਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਚਾਹੁੰਦਾ ਹੈ, ਉਹ ਇਸ ਜਾਣਕਾਰੀ ਦੀ ਮਦਦ ਲੈ ਸਕਦਾ ਹੈ। ਇਸ ਜਾਣਕਾਰੀ ਨੂੰ “ਬਾਇਓਲਾਜੀਕਲ ਪੇਟੈਂਟ” ਦਾ ਨਾਂ ਦਿੱਤਾ ਗਿਆ ਹੈ। ਆਮ ਤੌਰ ਤੇ ਕੋਈ ਨਵੀਂ ਚੀਜ਼ ਬਣਾਉਣ ਵਾਲੀ ਕੰਪਨੀ ਜਾਂ ਵਿਅਕਤੀ ਕੋਲ ਪੇਟੈਂਟ ਅਧਿਕਾਰ ਹੁੰਦਾ ਹੈ। ਇਸ ਜਾਣਕਾਰੀ ਬਾਰੇ ਚਰਚਾ ਕਰਦੇ ਹੋਏ ਦ ਇਕਨੋਮਿਸਟ ਰਸਾਲੇ ਨੇ ਕਿਹਾ: “ਸ੍ਰਿਸ਼ਟੀ ਦੀ ਨਕਲ ਕਰ ਕੇ ਬਣਾਈਆਂ ਚੀਜ਼ਾਂ ਨੂੰ ‘ਬਾਇਓਲਾਜੀਕਲ ਪੇਟੈਂਟ’ ਕਹਿ ਕੇ ਖੋਜਕਾਰ ਕਬੂਲ ਕਰ ਰਹੇ ਹਨ ਕਿ ਪੇਟੈਂਟ ਅਧਿਕਾਰ ਕੁਦਰਤ ਕੋਲ ਹੈ।”
ਕੁਦਰਤ ਵਿਚ ਇੰਨੇ ਸੋਹਣੇ-ਸੋਹਣੇ ਡੀਜ਼ਾਈਨ ਦੀਆਂ ਚੀਜ਼ਾਂ ਕਿੱਥੋਂ ਆ ਗਈਆਂ? ਬਹੁਤ ਸਾਰੇ ਖੋਜਕਾਰ ਕਹਿੰਦੇ ਹਨ ਕਿ ਇਹ ਸ਼ਾਨਦਾਰ ਡੀਜ਼ਾਈਨ ਕਰੋੜਾਂ ਸਾਲਾਂ ਦੌਰਾਨ ਹੋਏ ਵਿਕਾਸਵਾਦ ਦਾ ਨਤੀਜਾ ਹਨ। ਕਈ ਖੋਜਕਾਰ ਇਸ ਦਾ ਵੱਖਰਾ ਕਾਰਨ ਦੱਸਦੇ ਹਨ। ਮਾਈਕ੍ਰੋਬਾਇਓਲਾਜਿਸਟ ਮਾਈਕਲ ਬੀਹੀ ਨੇ 2005 ਵਿਚ ਦ ਨਿਊ ਯਾਰਕ ਟਾਈਮਜ਼ ਵਿਚ ਲਿਖਿਆ: “[ਕੁਦਰਤ ਵਿਚ ਪਾਏ ਜਾਂਦੇ] ਡੀਜ਼ਾਈਨ ਨੂੰ ਇਸ ਆਸਾਨ ਉਦਾਹਰਣ ਨਾਲ ਸਮਝਿਆ ਜਾ ਸਕਦਾ ਹੈ: ਜੇ ਕੋਈ ਚੀਜ਼ ਬੱਤਖ ਵਰਗੀ ਦਿੱਸਦੀ ਹੈ, ਉਸ ਵਾਂਗ ਚੱਲਦੀ ਹੈ ਤੇ ਉਸ ਵਾਂਗ ਆਵਾਜ਼ਾਂ ਕੱਢਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਇਹ ਬੱਤਖ ਹੀ ਹੈ।” ਉਸ ਨੇ ਕੀ ਸਿੱਟਾ ਕੱਢਿਆ? ‘ਕੁਦਰਤ ਵਿਚ ਡੀਜ਼ਾਈਨ ਸਾਫ਼ ਨਜ਼ਰ ਆਉਂਦਾ ਹੈ, ਇਸ ਲਈ ਇਹ ਮੰਨਣਾ ਗ਼ਲਤ ਨਹੀਂ ਹੋਵੇਗਾ ਕਿ ਕੁਦਰਤੀ ਚੀਜ਼ਾਂ ਡੀਜ਼ਾਈਨ ਕੀਤੀਆਂ ਗਈਆਂ ਹਨ।’
ਸੁਰੱਖਿਅਤ ਤੇ ਵਧੀਆ ਤਰੀਕੇ ਨਾਲ ਕੰਮ ਕਰਨ ਵਾਲੇ ਹਵਾਈ ਜਹਾਜ਼ ਦੇ ਖੰਭ ਬਣਾਉਣ ਵਾਲੇ ਇੰਜੀਨੀਅਰ ਸੱਚ-ਮੁੱਚ ਤਾਰੀਫ਼ ਦੇ ਕਾਬਲ ਹਨ। ਇਸੇ ਤਰ੍ਹਾਂ ਜ਼ਖ਼ਮਾਂ ਤੇ ਲਾਉਣ ਲਈ ਵਧੀਆ ਪੱਟੀਆਂ ਜਾਂ ਜ਼ਿਆਦਾ ਆਰਾਮਦੇਹ ਕੱਪੜੇ ਜਾਂ ਵਧੀਆ ਕਾਰਾਂ ਬਣਾਉਣ ਵਾਲੇ ਇੰਜੀਨੀਅਰਾਂ ਨੂੰ ਨਵੇਂ ਡੀਜ਼ਾਈਨ ਬਣਾਉਣ ਦਾ ਸਿਹਰਾ ਜਾਂਦਾ ਹੈ। ਜੇ ਕੋਈ ਵਿਅਕਤੀ ਕਿਸੇ ਦੂਸਰੇ ਦੇ ਡੀਜ਼ਾਈਨ ਦੀ ਨਕਲ ਕਰ ਕੇ ਕੋਈ ਚੀਜ਼ ਬਣਾਉਂਦਾ ਹੈ, ਪਰ ਇਸ ਦਾ ਸਿਹਰਾ ਅਸਲੀ ਡੀਜ਼ਾਈਨਰ ਨੂੰ ਨਹੀਂ ਦਿੰਦਾ, ਤਾਂ ਉਸ ਨੂੰ ਅਪਰਾਧੀ ਸਮਝਿਆ ਜਾਂਦਾ ਹੈ।
ਤਾਂ ਫਿਰ ਕੀ ਤੁਹਾਨੂੰ ਇਹ ਸਹੀ ਲੱਗਦਾ ਹੈ ਕਿ ਕੁਦਰਤੀ ਚੀਜ਼ਾਂ ਦੀ ਨਕਲ ਕਰ ਕੇ ਨਵੀਆਂ ਕਾਢਾਂ ਕੱਢਣ ਵਾਲੇ ਹੁਨਰਮੰਦ ਖੋਜਕਾਰ ਇਹ ਕਹਿੰਦੇ ਹਨ ਕਿ ਕੁਦਰਤ ਦੀਆਂ ਚੀਜ਼ਾਂ ਵਿਕਾਸਵਾਦ ਰਾਹੀਂ ਆਪਣੇ ਆਪ ਹੀ ਬਣ ਗਈਆਂ ਸਨ? ਜੇ ਕਿਸੇ ਚੀਜ਼ ਦੀ ਨਕਲ ਕਰਨ ਲਈ ਇਕ ਹੁਸ਼ਿਆਰ ਡੀਜ਼ਾਈਨਰ ਦੀ ਲੋੜ ਹੈ, ਤਾਂ ਫਿਰ ਕੀ ਅਸਲੀ ਡੀਜ਼ਾਈਨ ਬਣਾਉਣ ਲਈ ਡੀਜ਼ਾਈਨਰ ਦੀ ਲੋੜ ਨਹੀਂ? ਕੁਦਰਤ ਵਿਚ ਪਾਏ ਜਾਂਦੇ ਸ਼ਾਨਦਾਰ ਡੀਜ਼ਾਈਨਾਂ ਦਾ ਸਿਹਰਾ ਕਿਸ ਨੂੰ ਜਾਂਦਾ ਹੈ, ਉਸਤਾਦ ਕਾਰੀਗਰ ਨੂੰ ਜਾਂ ਫਿਰ ਇਨਸਾਨ ਨੂੰ ਜੋ ਉਸ ਦੇ ਤਰੀਕੇ ਦੀ ਨਕਲ ਕਰਦਾ ਹੈ?
ਸਹੀ ਸਿੱਟਾ
ਕੁਦਰਤ ਵਿਚ ਪਾਈਆਂ ਜਾਂਦੀਆਂ ਚੀਜ਼ਾਂ ਉੱਤੇ ਚਰਚਾ ਕਰ ਕੇ ਬਹੁਤ ਸਾਰੇ ਲੋਕ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿਣ ਲਈ ਪ੍ਰੇਰਿਤ ਹੁੰਦੇ ਹਨ ਜਿਸ ਨੇ ਲਿਖਿਆ: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!” (ਜ਼ਬੂਰਾਂ ਦੀ ਪੋਥੀ 104:24) ਬਾਈਬਲ ਦਾ ਇਕ ਹੋਰ ਲਿਖਾਰੀ ਪੌਲੁਸ ਵੀ ਇਸੇ ਸਿੱਟੇ ਤੇ ਪਹੁੰਚਿਆ। ਉਸ ਨੇ ਕਿਹਾ: “ਪਰਮੇਸ਼ਰ ਦੇ ਅਦਿਖ ਗੁਣ ਅਰਥਾਤ ਉਸ ਦੀ ਸਦੀਵੀ ਸ਼ਕਤੀ ਅਤੇ ਦੈਵੀ ਸਭਾਉ ਸੰਸਾਰ ਦੇ ਸ਼ੁਰੂ ਤੋਂ ਹੀ ਰਚਨਾ ਵਿਚ ਵਿੱਦਮਾਨ ਹਨ। ਇਹ ਉਸ ਦੀਆਂ ਰਚੀਆਂ ਹੋਇਆਂ ਚੀਜ਼ਾਂ ਵਿਚ ਅਨੁਭਵ ਕੀਤੇ ਜਾ ਸਕਦੇ ਹਨ।”—ਰੋਮ 1:19, 20, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਪਰ ਬਾਈਬਲ ਪ੍ਰਤੀ ਸ਼ਰਧਾ ਰੱਖਣ ਵਾਲੇ ਅਤੇ ਪਰਮੇਸ਼ੁਰ ਨੂੰ ਮੰਨਣ ਵਾਲੇ ਕਈ ਨੇਕਦਿਲ ਲੋਕ ਕਹਿੰਦੇ ਹਨ ਕਿ ਪਰਮੇਸ਼ੁਰ ਨੇ ਸਾਰੀਆਂ ਕੁਦਰਤੀ ਚੀਜ਼ਾਂ ਬਣਾਉਣ ਲਈ ਸ਼ਾਇਦ ਵਿਕਾਸਵਾਦ ਨੂੰ ਇਸਤੇਮਾਲ ਕੀਤਾ ਸੀ। ਪਰ ਬਾਈਬਲ ਕੀ ਸਿਖਾਉਂਦੀ ਹੈ? (g 9/06)
[ਫੁਟਨੋਟ]
^ ਪੈਰਾ 15 ਵੈਲਕਰੋ ਵਿਚ ਕੁੰਡੀਆਂ ਤੇ ਲੁੱਪੀਆਂ ਹੁੰਦੀਆਂ ਹਨ ਜੋ ਆਪਸ ਵਿਚ ਚਿੰਬੜ ਜਾਂਦੀਆਂ ਹਨ। ਵੈਲਕਰੋ ਬਰਡੌਕ ਨਾਂ ਦੇ ਦਰਖ਼ਤ ਦੇ ਬੀਆਂ ਦੀ ਨਕਲ ਕਰ ਕੇ ਬਣਾਈ ਗਈ ਹੈ।
[ਸਫ਼ਾ 5 ਉੱਤੇ ਸੁਰਖੀ]
ਕੁਦਰਤ ਵਿਚ ਇੰਨੇ ਸੋਹਣੇ-ਸੋਹਣੇ ਡੀਜ਼ਾਈਨ ਦੀਆਂ ਚੀਜ਼ਾਂ ਕਿੱਥੋਂ ਆ ਗਈਆਂ?
[ਸਫ਼ਾ 6 ਉੱਤੇ ਸੁਰਖੀ]
ਕੁਦਰਤੀ ਚੀਜ਼ਾਂ ਦਾ ਪੇਟੈਂਟ ਅਧਿਕਾਰ ਕਿਸ ਕੋਲ ਹੈ?
[ਸਫ਼ਾ 7 ਉੱਤੇ ਤਸਵੀਰ/ਡੱਬੀ]
ਜੇ ਕਿਸੇ ਚੀਜ਼ ਦੀ ਨਕਲ ਕਰਨ ਲਈ ਇਕ ਹੁਸ਼ਿਆਰ ਡੀਜ਼ਾਈਨਰ ਦੀ ਲੋੜ ਹੈ, ਤਾਂ ਫਿਰ ਕੀ ਅਸਲੀ ਡੀਜ਼ਾਈਨ ਬਣਾਉਣ ਲਈ ਡੀਜ਼ਾਈਨਰ ਦੀ ਲੋੜ ਨਹੀਂ?
ਗੈੱਕੋ ਕਿਰਲੀ ਦੇ ਪੈਰ ਗੰਦੇ ਨਹੀਂ ਹੁੰਦੇ, ਨਾ ਇਹ ਨਿਸ਼ਾਨ ਛੱਡਦੇ ਹਨ। ਟੈਫਲਾਨ ਤੋਂ ਸਿਵਾਇ ਇਹ ਹਰ ਚੀਜ਼ ਨਾਲ ਆਸਾਨੀ ਨਾਲ ਚਿੰਬੜ ਸਕਦੀ ਹੈ। ਖੋਜਕਾਰ ਇਸ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ
ਤੇਜ਼ੀ ਨਾਲ ਕਲਾਬਾਜ਼ੀਆਂ ਲਾਉਣ ਵਾਲਾ ਇਹ ਜਹਾਜ਼ ਸੀ-ਗੱਲ ਦੇ ਖੰਭਾਂ ਦੀ ਨਕਲ ਤੇ ਬਣਾਇਆ ਗਿਆ ਹੈ
ਬਾਕਸਫਿਸ਼ ਦੇ ਆਕਾਰ ਨੂੰ ਦੇਖ ਕੇ ਕਾਰਾਂ ਬਣਾਈਆਂ ਜਾ ਰਹੀਆਂ ਹਨ
[ਕ੍ਰੈਡਿਟ ਲਾਈਨਾਂ]
Airplane: Kristen Bartlett/ University of Florida; gecko foot: Breck P. Kent; box fish and car: Mercedes-Benz USA
[ਸਫ਼ਾ 8 ਉੱਤੇ ਡੱਬੀ/ਤਸਵੀਰ]
ਆਪਣੀ ਮੰਜ਼ਲ ਤੋਂ ਨਾ ਭਟਕਣ ਵਾਲੇ ਮੁਸਾਫ਼ਰ
ਬਹੁਤ ਸਾਰੇ ਜੀਵ-ਜੰਤੂ ਸਹਿਜ-ਸੁਭਾਅ ਹੀ ‘ਬੜੇ ਸਿਆਣੇ’ ਹੁੰਦੇ ਹਨ ਜਿਸ ਕਰਕੇ ਉਹ ਆਪਣੀ ਮੰਜ਼ਲ ਤੋਂ ਕਦੀ ਨਹੀਂ ਭਟਕਦੇ। (ਕਹਾਉਤਾਂ 30:24, 25) ਦੋ ਉਦਾਹਰਣਾਂ ਉੱਤੇ ਗੌਰ ਕਰੋ।
▪ ਕੀੜੀਆਂ ਦਾ ਨਕਸ਼ਾ: ਭੋਜਨ ਲੱਭਣ ਗਈਆਂ ਕੀੜੀਆਂ ਵਾਪਸ ਆਪਣੀ ਖੁੱਡ ਤਕ ਕਿਵੇਂ ਪਹੁੰਚਦੀਆਂ ਹਨ? ਬ੍ਰਿਟੇਨ ਦੇ ਖੋਜੀਆਂ ਨੇ ਦੇਖਿਆ ਕਿ ਕੀੜੀਆਂ ਆਪਣੀ ਖੁੱਡ ਤੋਂ ਜਾਣ ਵੇਲੇ ਰਾਹ ਵਿਚ ਥਾਂ-ਥਾਂ ਮੁਸ਼ਕ ਛੱਡ ਕੇ ਨਿਸ਼ਾਨ ਲਾਉਂਦੀਆਂ ਹਨ ਤੇ ਇਨ੍ਹਾਂ ਨਿਸ਼ਾਨਾਂ ਦੇ ਸਹਾਰੇ ਉਹ ਵਾਪਸ ਆਪਣੀ ਖੁੱਡ ਵਿਚ ਆਉਂਦੀਆਂ ਹਨ। ਪਰ ਕਈ ਕੀੜੀਆਂ ਰੇਖਾ-ਗਣਿਤ (geometry) ਵਰਤ ਕੇ ਰਾਹ ਬਣਾਉਂਦੀਆਂ ਹਨ ਜਿਨ੍ਹਾਂ ਤੇ ਚੱਲ ਕੇ ਉਹ ਆਸਾਨੀ ਨਾਲ ਆਪਣੀ ਖੁੱਡ ਲੱਭ ਲੈਂਦੀਆਂ ਹਨ। ਉਦਾਹਰਣ ਲਈ, ਨਿਊ ਸਾਇੰਟਿਸਟ ਰਸਾਲਾ ਦੱਸਦਾ ਹੈ ਕਿ ਫੈਰੋ ਨਾਂ ਦੀ ਕੀੜੀ ‘ਆਪਣੀ ਖੁੱਡ ਦੇ ਆਲੇ-ਦੁਆਲੇ ਰਾਹ ਬਣਾਉਂਦੀ ਹੈ ਜੋ ਅੱਗੇ ਜਾ ਕੇ 50 ਤੋਂ 60 ਡਿਗਰੀ ਦੇ ਕੋਣ ਤੇ ਦੋ ਹੋ ਜਾਂਦੇ ਹਨ।’ ਇਸ ਵਿਚ ਕਿਹੜੀ ਖ਼ਾਸ ਗੱਲ ਹੈ? ਆਪਣੀ ਖੁੱਡ ਵੱਲ ਵਾਪਸ ਆਉਂਦੇ ਵਕਤ ਜਦੋਂ ਕੀੜੀ ਉਸ ਜਗ੍ਹਾ ਪਹੁੰਚਦੀ ਹੈ ਜਿੱਥੋਂ ਰਾਹ ਦੋ ਹਿੱਸਿਆਂ ਵਿਚ ਵੰਡਿਆ ਹੁੰਦਾ ਹੈ, ਤਾਂ ਉਹ ਸਹਿਜ-ਸੁਭਾਅ ਹੀ ਉਹ ਰਾਹ ਫੜ੍ਹਦੀ ਹੈ ਜੋ ਘੱਟ ਮੁੜਿਆ ਹੁੰਦਾ ਹੈ ਅਤੇ ਉਸ ਨੂੰ ਸਿੱਧਾ ਖੁੱਡ ਤਕ ਪਹੁੰਚਾ ਦਿੰਦਾ ਹੈ। ਰਸਾਲਾ ਦੱਸਦਾ ਹੈ ਕਿ “ਰੇਖਾ-ਗਣਿਤ ਦੀ ਮਦਦ ਨਾਲ ਰਾਹ ਬਣਾਉਣ ਨਾਲ ਕੀੜੀਆਂ ਲਈ ਆਉਣਾ-ਜਾਣਾ ਆਸਾਨ ਹੁੰਦਾ ਹੈ, ਖ਼ਾਸ ਕਰਕੇ ਜੇ ਕੀੜੀਆਂ ਦੋ ਉਲਟ ਦਿਸ਼ਾਵਾਂ ਵਿਚ ਜਾ ਰਹੀਆਂ ਹੁੰਦੀਆਂ ਹਨ। ਕੀੜੀਆਂ ਭਟਕਦੀਆਂ ਵੀ ਨਹੀਂ ਹਨ ਜਿਸ ਕਰਕੇ ਉਨ੍ਹਾਂ ਦੀ ਤਾਕਤ ਦੀ ਬਚਤ ਹੁੰਦੀ ਹੈ।”
▪ ਪੰਛੀਆਂ ਦੀ ਕੰਪਾਸ: ਬਹੁਤ ਸਾਰੇ ਪੰਛੀ ਬਿਨਾਂ ਭਟਕੇ ਹਰ ਮੌਸਮ ਵਿਚ ਦੂਰ-ਦੂਰ ਤਕ ਸਫ਼ਰ ਕਰਦੇ ਹਨ। ਕਿਵੇਂ? ਖੋਜਕਾਰਾਂ ਨੇ ਪਾਇਆ ਹੈ ਕਿ ਪੰਛੀ ਧਰਤੀ ਦੇ ਚੁੰਬਕੀ ਖੇਤਰ (magnetic field) ਨੂੰ ਮਹਿਸੂਸ ਕਰ ਸਕਦੇ ਹਨ। ਪਰ, ਸਾਇੰਸ ਰਸਾਲੇ ਦਾ ਕਹਿਣਾ ਹੈ ਕਿ ਧਰਤੀ ਦੇ ‘ਚੁੰਬਕੀ ਖੇਤਰ ਦੀਆਂ ਲਾਈਨਾਂ ਹਰ ਜਗ੍ਹਾ ਇੱਕੋ ਜਿਹੀਆਂ ਨਹੀਂ ਹੁੰਦੀਆਂ ਤੇ ਹਮੇਸ਼ਾ ਉੱਤਰ ਵੱਲ ਇਸ਼ਾਰਾ ਨਹੀਂ ਕਰਦੀਆਂ।’ ਤਾਂ ਫਿਰ ਪਰਵਾਸੀ ਪੰਛੀ ਕਿਸ ਚੀਜ਼ ਦੀ ਮਦਦ ਨਾਲ ਸਹੀ ਦਿਸ਼ਾ ਵੱਲ ਉੱਡਦੇ ਰਹਿੰਦੇ ਹਨ? ਪੰਛੀ ਆਪਣੀ ਅੰਦਰੂਨੀ ਕੰਪਾਸ ਨੂੰ ਹਰ ਦਿਨ ਸੂਰਜ ਡੁੱਬਣ ਦੇ ਸਮੇਂ ਨਾਲ ਸਹੀ-ਸਹੀ ਮਿਲਾ ਲੈਂਦੇ ਹਨ। ਪਰ ਸੂਰਜ ਡੁੱਬਣ ਦੀ ਸਥਿਤੀ ਅਕਸ਼ਾਂਸ (latitude) ਅਤੇ ਮੌਸਮ ਅਨੁਸਾਰ ਬਦਲ ਜਾਂਦੀ ਹੈ। ਇਸ ਕਰਕੇ ਖੋਜਕਾਰ ਸੋਚਦੇ ਹਨ ਕਿ ਇਹ ਪੰਛੀ ਸਾਲ ਦਾ ਸਮਾਂ ਦੱਸਣ ਵਾਲੀ ਆਪਣੀ ਸਰੀਰਕ ਘੜੀ ਦੀ ਮਦਦ ਨਾਲ ਇਨ੍ਹਾਂ ਤਬਦੀਲੀਆਂ ਅਨੁਸਾਰ ਉੱਡਦੇ ਹਨ।
ਕੀੜੀਆਂ ਨੂੰ ਰੇਖਾ-ਗਣਿਤ ਦੀ ਜਾਣਕਾਰੀ ਕਿਸ ਨੇ ਦਿੱਤੀ ਹੈ? ਪੰਛੀਆਂ ਨੂੰ ਕੰਪਾਸ, ਸਰੀਰਕ ਘੜੀ ਅਤੇ ਇਨ੍ਹਾਂ ਨੂੰ ਵਰਤਣ ਲਈ ਦਿਮਾਗ਼ ਕਿਸ ਨੇ ਦਿੱਤਾ ਹੈ? ਕੀ ਬੁੱਧੀਹੀਣ ਵਿਕਾਸਵਾਦ ਨੇ? ਜਾਂ ਫਿਰ ਬੁੱਧੀਮਾਨ ਸਿਰਜਣਹਾਰ ਨੇ?
[ਕ੍ਰੈਡਿਟ ਲਾਈਨ]
© E.J.H. Robinson 2004