ਟਮਾਟਰ—“ਸਬਜ਼ੀਆਂ” ਦਾ ਸਰਦਾਰ
ਟਮਾਟਰ—“ਸਬਜ਼ੀਆਂ” ਦਾ ਸਰਦਾਰ
ਬਰਤਾਨੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
“ਮੈਂ ਟਮਾਟਰਾਂ ਬਗੈਰ ਸੁਆਦਲਾ ਭੋਜਨ ਨਹੀਂ ਪਕਾ ਸਕਦੀ,” ਇਟਲੀ ਵਿਚ ਰਹਿਣ ਵਾਲੀ ਇਕ ਸੁਆਣੀ ਨੇ ਕਿਹਾ। ਅਨੇਕ ਰਸੋਈਏ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ। ਕਿਹਾ ਜਾ ਸਕਦਾ ਹੈ ਕਿ ਟਮਾਟਰ ਦੁਨੀਆਂ ਦੇ ਕਈ ਦੇਸ਼ਾਂ ਵਿਚ ਵੰਨ-ਸੁਵੰਨੇ ਪਕਵਾਨਾਂ ਵਿਚ ਖਾਣ ਨੂੰ ਮਿਲਦੇ ਹਨ। ਬਾਗ਼ਬਾਨੀ ਦੇ ਸ਼ੌਕੀਨ ਹੋਰ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਟਮਾਟਰਾਂ ਨੂੰ ਉਗਾਉਣਾ ਪਸੰਦ ਕਰਦੇ ਹਨ। ਪਰ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਟਮਾਟਰ ਇਕ ਫਲ ਹੈ ਜਾਂ ਸਬਜ਼ੀ?
ਕਈ ਲੋਕਾਂ ਦਾ ਮੰਨਣਾ ਹੈ ਕਿ ਟਮਾਟਰ ਇਕ ਕਿਸਮ ਦੀ ਸਬਜ਼ੀ ਹੈ ਕਿਉਂਕਿ ਇਸ ਨੂੰ ਦਾਲਾਂ ਅਤੇ ਸਬਜ਼ੀਆਂ ਦੇ ਤੜਕਿਆਂ ਵਿਚ ਪਾਇਆ ਜਾਂਦਾ ਹੈ। ਪਰ ਵਿਗਿਆਨਕ ਪੱਖੋਂ ਟਮਾਟਰ ਨੂੰ ਅਸਲ ਵਿਚ ਫਲ ਮੰਨਿਆ ਜਾਂਦਾ ਹੈ ਕਿਉਂਕਿ ਇਹ ਬੀਜਾਂ ਵਾਲਾ ਬੇਰ ਹੈ। ਆਓ ਆਪਾਂ ਟਮਾਟਰਾਂ ਬਾਰੇ ਹੋਰ ਸਿੱਖੀਏ।
ਰੰਗ-ਬਰੰਗੀ ਕਹਾਣੀ
ਪੁਰਾਣੇ ਜ਼ਮਾਨੇ ਵਿਚ ਮੈਕਸੀਕੋ ਦੇ ਐਜ਼ਟੈਕ ਲੋਕ ਖਾਣੇ ਲਈ ਟਮਾਟਰਾਂ ਦੀ ਖੇਤੀ ਕਰਿਆ ਕਰਦੇ ਸਨ। ਸੋਲ੍ਹਵੀਂ ਸਦੀ ਦੇ ਸ਼ੁਰੂਆਤ ਵਿਚ, ਦੱਖਣੀ ਅਮਰੀਕਾ ਵਿਚ ਆਏ ਸਪੇਨੀ ਫ਼ੌਜੀ ਟਮਾਟਰ ਆਪਣੇ ਵਤਨ ਵਾਪਸ ਲੈ ਗਏ ਅਤੇ ਇਸ ਨੂੰ ਟਮਾਟਲ ਸੱਦਣ ਲੱਗ ਪਏ ਪਰ ਬਾਅਦ ਵਿਚ ਸਪੇਨੀ ਲੋਕਾਂ ਨੇ ਇਸ ਦਾ ਨਾਂ ਟਮਾਟੀ ਰੱਖ ਦਿੱਤਾ। ਜਲਦ ਹੀ ਜਿੱਥੇ ਕਿਤੇ ਸਪੇਨੀ ਲੋਕ ਬਾਹਰਲੇ ਮੁਲਕਾਂ ਵਿਚ ਵੱਸਣ ਲੱਗ ਪਏ, ਉੱਥੇ ਉਹ ਟਮਾਟਰ ਉਗਾਉਣ ਲੱਗੇ ਅਤੇ ਇਨ੍ਹਾਂ ਨੂੰ ਆਪਣੇ ਖਾਣੇ ਵਿਚ ਇਸਤੇਮਾਲ ਕਰਨ ਲੱਗੇ।
ਲਗਭਗ 1550 ਵਿਚ ਟਮਾਟਰ ਉੱਤਰੀ ਯੂਰਪ ਵਿਚ ਨਜ਼ਰ ਆਉਣ ਲੱਗੇ। ਸ਼ੁਰੂ ਵਿਚ ਲੋਕਾਂ ਦਾ ਵਿਸ਼ਵਾਸ ਸੀ ਕਿ ਟਮਾਟਰ ਜ਼ਹਿਰੀਲੇ ਸਨ ਜਿਸ ਕਰਕੇ ਉਹ ਬੂਟਿਆਂ ਨੂੰ ਕੇਵਲ ਸਜਾਵਟ ਲਈ ਉਗਾਉਂਦੇ ਸਨ। ਭਾਵੇਂ ਬੂਟੇ ਦੇ ਪੱਤਿਆਂ ਤੋਂ ਜ਼ਬਰਦਸਤ ਖ਼ੁਸ਼ਬੂ ਆਉਂਦੀ ਹੈ ਅਤੇ ਇਸ ਦੀਆਂ ਡੰਡੀਆਂ ਜ਼ਹਿਰੀਲੀਆਂ ਹਨ, ਪਰ ਟਮਾਟਰ ਆਪਣੇ ਆਪ ਵਿਚ ਨੁਕਸਾਨਦੇਹ ਨਹੀਂ ਹੈ।
ਇਟਲੀ ਵਿਚ ਟਮਾਟਰ ਸੁਨਹਿਰਾ ਸੇਬ ਵਜੋਂ ਜਾਣਿਆ ਜਾਂਦਾ ਸੀ ਕਿਉਂਕਿ ਕਿ ਉੱਥੇ ਲਿਆਂਦੇ ਗਏ ਟਮਾਟਰ ਪੀਲੇ ਰੰਗ ਦੇ ਸਨ। ਅੰਗ੍ਰੇਜ਼ ਲੋਕਾਂ ਨੇ ਸ਼ੁਰੂ ਵਿਚ ਇਸ ਦਾ ਨਾਂ ਟਮਾਟੀ ਰੱਖਿਆ, ਪਰ ਬਾਅਦ ਵਿਚ ਇਸ ਨੂੰ ਟਮਾਟੋ ਸੱਦਣ ਲੱਗ ਪਏ। ਯੂਰਪੀ ਲੋਕ ਇਸ ਫਲ ਨੂੰ ਉੱਤਰੀ ਅਮਰੀਕਾ ਨੂੰ ਲੈ ਗਏ ਅਤੇ 19ਵੀਂ ਸਦੀ ਦੌਰਾਨ ਉੱਥੇ ਇਸ ਦੀ ਮਸ਼ਹੂਰੀ ਕਾਫ਼ੀ ਵਧ ਗਈ।
ਕਿੰਨੇ ਕਿਸਮ, ਕਿੰਨੇ ਮਸ਼ਹੂਰ
ਟਮਾਟਰਾਂ ਦਾ ਰੰਗ ਕੀ ਹੈ? ਤੁਸੀਂ ਸ਼ਾਇਦ ਕਹੋ, “ਲਾਲ।” ਪਰ ਕੀ ਤੁਹਾਨੂੰ ਪਤਾ ਸੀ ਕਿ ਟਮਾਟਰ ਤਰ੍ਹਾਂ-ਤਰ੍ਹਾਂ ਦੇ ਰੰਗਾਂ ਵਿਚ ਆਉਂਦੇ ਹਨ ਜਿਵੇਂ ਪੀਲੇ, ਸੰਤਰੀ, ਗੁਲਾਬੀ, ਬੈਂਗਣੀ, ਬਦਾਮੀ, ਸਫ਼ੈਦ, ਹਰੇ ਅਤੇ ਧਾਰੀਆਂ ਵਾਲੇ। ਇਸ ਤੋਂ ਇਲਾਵਾ, ਟਮਾਟਰ ਵੱਖੋ-ਵੱਖਰੇ ਆਕਾਰ ਦੇ ਵੀ ਹੁੰਦੇ ਹਨ ਜਿਵੇਂ ਗੋਲ, ਲੰਬੇ ਜਿਹੇ, ਮਟਰ ਜਿੱਡੇ ਅਤੇ ਮੁੱਠ ਜਿੱਡੇ।
ਆਈਸਲੈਂਡ ਤੋਂ ਲੈ ਕੇ ਨਿਊਜ਼ੀਲੈਂਡ ਤਕ ਟਮਾਟਰ ਬਹੁਤ ਮਸ਼ਹੂਰ ਹੈ। ਟਮਾਟਰਾਂ ਦੀ ਖੇਤੀ ਜ਼ਿਆਦਾਤਰ ਅਮਰੀਕਾ ਤੇ ਦੱਖਣੀ ਯੂਰਪ ਵਿਚ ਕੀਤੀ ਜਾਂਦੀ ਹੈ। ਜਿਨ੍ਹਾਂ ਦੇਸ਼ਾਂ ਵਿਚ ਠੰਢ ਪੈਂਦੀ ਹੈ, ਉੱਥੇ ਟਮਾਟਰਾਂ ਦੀ ਖੇਤੀ ਸ਼ੀਸ਼-ਘਰਾਂ ਵਿਚ ਕੀਤੀ ਜਾਂਦੀ ਹੈ। ਜਿੱਥੇ ਕਿਤੇ ਮੀਂਹ ਘੱਟ ਵਰ੍ਹਦਾ ਹੈ, ਉਨ੍ਹਾਂ ਇਲਾਕਿਆਂ ਵਿਚ ਟਮਾਟਰਾਂ ਨੂੰ ਖਾਦ ਵਾਲੇ ਪਾਣੀ ਵਿਚ ਉਗਾਇਆ ਜਾ ਸਕਦਾ ਹੈ।
ਕਈ ਲੋਕ ਜੋ ਆਪਣੇ ਵੇਲੇ ਸਮੇਂ ਬਗ਼ੀਚਿਆਂ ਵਿਚ ਕੰਮ ਕਰਨਾ ਪਸੰਦ ਕਰਦੇ ਹਨ, ਉਹ ਟਮਾਟਰ ਉਗਾਉਣੇ ਪਸੰਦ ਕਰਦੇ ਹਨ। ਟਮਾਟਰਾਂ ਨੂੰ ਉਗਾਉਣਾ ਆਸਾਨ ਹੈ ਅਤੇ ਕੇਵਲ ਥੋੜ੍ਹੇ ਕੁ ਬੂਟਿਆਂ ਦੇ ਟਮਾਟਰ ਪਰਿਵਾਰ ਜੋਗੇ ਕਾਫ਼ੀ ਹੋਣਗੇ। ਜੇ ਤੁਹਾਡੇ ਘਰ ਦੇ ਬਾਹਰ ਟਮਾਟਰ ਉਗਾਉਣ ਲਈ ਜਗ੍ਹਾ ਨਹੀਂ ਹੈ, ਤਾਂ ਟਮਾਟਰਾਂ ਦੀਆਂ ਅਜਿਹੀਆਂ ਨਸਲਾਂ ਵੀ ਹਨ ਜਿਹੜੀਆਂ ਘਰ ਦੇ ਅੰਦਰ ਉਗਾਈਆਂ ਜਾ ਸਕਦੀਆਂ ਹਨ।
ਟਮਾਟਰਾਂ ਦੀ ਦੇਖ-ਭਾਲ, ਆਪਣੀ ਦੇਖ-ਭਾਲ
ਟਮਾਟਰਾਂ ਨੂੰ ਫਰਿੱਜ ਵਿਚ ਨਾ ਰੱਖੋ ਕਿਉਂਕਿ ਇਹ ਬੇਸੁਆਦੇ ਹੋ ਜਾਣਗੇ। ਜੇ ਟਮਾਟਰ ਕੱਚੇ ਹੋਣ, ਤਾਂ ਉਨ੍ਹਾਂ ਨੂੰ ਪਕਾਉਣ ਲਈ ਧੁੱਪੇ ਰੱਖੋ, ਜਾਂ ਇਨ੍ਹਾਂ ਨੂੰ ਇਕ ਪੱਕੇ ਟਮਾਟਰ ਜਾਂ ਕੇਲੇ ਨਾਲ ਕਿਸੇ ਭਾਂਡੇ ਵਿਚ ਰੱਖੋ। ਇਨ੍ਹਾਂ ਨੂੰ ਪਕਾਉਣ ਦਾ ਇਕ ਹੋਰ ਤਰੀਕਾ ਇਹ ਹੈ ਕਿ ਇਨ੍ਹਾਂ ਨੂੰ ਕੁਝ ਦਿਨਾਂ ਲਈ ਭੂਰੇ ਲਿਫ਼ਾਫ਼ੇ ਵਿਚ ਬੰਦ ਰੱਖੋ।
ਟਮਾਟਰ ਤੁਹਾਡੀ ਸਿਹਤ ਲਈ ਬਹੁਤ ਹੀ ਲਾਭਦਾਇਕ ਹਨ ਕਿਉਂਕਿ ਇਨ੍ਹਾਂ ਵਿਚ ਵਿਟਾਮਿਨ (A, C, E), ਪੋਟਾਸ਼ੀਅਮ, ਕੈਲਸੀਅਮ, ਆਦਿ ਪਾਏ ਜਾਂਦੇ ਹਨ। ਇਸ ਤੋਂ ਇਲਾਵਾ, ਖੋਜਕਾਰ ਦੱਸਦੇ ਹਨ ਕਿ ਇਸ ਵਿਚ ਇਕ ਹੋਰ ਮਹੱਤਵਪੂਰਣ ਤੱਤ ਪਾਇਆ ਜਾਂਦਾ ਹੈ—ਲਾਈਕੋਪੀਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤੱਤ ਕੈਂਸਰ ਅਤੇ ਦਿਲ ਦਾ ਰੋਗ ਵਰਗੀਆਂ ਬੀਮਾਰੀਆਂ ਲੱਗਣ ਦੇ ਖ਼ਤਰੇ ਤੋਂ ਸਾਡਾ ਬਚਾਅ ਕਿਸੇ ਹੱਦ ਤਕ ਕਰ ਸਕਦਾ ਹੈ। ਟਮਾਟਰਾਂ
ਵਿਚ 93 ਤੋਂ 95 ਪ੍ਰਤਿਸ਼ਤ ਪਾਣੀ ਪਾਇਆ ਜਾਂਦਾ ਹੈ। ਜਿਹੜੇ ਲੋਕ ਆਪਣੇ ਵਜ਼ਨ ਦਾ ਜ਼ਿਆਦਾ ਧਿਆਨ ਰੱਖਦੇ ਹਨ, ਉਨ੍ਹਾਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਇਨ੍ਹਾਂ ਵਿਚ ਘੱਟ ਕੈਲੋਰੀਆਂ ਹੁੰਦੀਆਂ ਹਨ।ਵਾਹ! ਕਿੰਨੇ ਸੁਆਦ
ਖ਼ਰੀਦਦਾਰੀ ਕਰਦੇ ਵਕਤ ਤੁਸੀਂ ਕਿਹੜਾ ਟਮਾਟਰ ਖ਼ਰੀਦੋਗੇ? ਲਾਲ ਟਮਾਟਰ ਸਲਾਦ, ਸੂਪ ਅਤੇ ਸਾਸ ਬਣਾਉਣ ਲਈ ਵਰਤੇ ਜਾਂਦੇ ਹਨ। ਛੋਟੇ ਲਾਲ, ਸੰਤਰੀ, ਅਤੇ ਪੀਲੇ ਰੰਗ ਦੇ ਚੈਰੀ ਟਮਾਟਰ ਖਾਣ ਵਿਚ ਬੇਹੱਦ ਮਿੱਠੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਕੱਚਿਆਂ ਵੀ ਖਾਧਾ ਜਾ ਸਕਦਾ ਹੈ। ਪੀਟਜ਼ਾ ਅਤੇ ਪਾਸਤਾ ਸਾਸ ਬਣਾਉਣ ਲਈ ਪਲੱਮ ਟਮਾਟਰ ਵਰਤੇ ਜਾ ਸਕਦੇ ਹਨ। ਵੱਡੇ ਟਮਾਟਰਾਂ ਨੂੰ ਭਰ ਕੇ ਬਣਾਇਆ ਜਾ ਸਕਦਾ ਹੈ। ਕੱਚੇ, ਹਰੇ ਟਮਾਟਰਾਂ ਦੀ ਚਟਣੀ ਬੜੀ ਹੀ ਸੁਆਦਲੀ ਬਣਦੀ ਹੈ। ਚਾਹੇ ਤੁਸੀਂ ਕੋਈ ਵੀ ਸਬਜ਼ੀ, ਪਾਸਤਾ, ਮੀਟ, ਮੱਛੀ ਦੇ ਪਕਵਾਨ ਬਣਾਓ, ਟਮਾਟਰ ਇਨ੍ਹਾਂ ਨੂੰ ਰੰਗਦਾਰ ਤੇ ਮਜ਼ੇਦਾਰ ਬਣਾ ਦੇਵੇਗਾ। ਜੇ ਤਾਜ਼ੇ ਟਮਾਟਰ ਕਿਤਿਓਂ ਨਾ ਮਿਲ ਸਕਣ, ਤਾਂ ਤੁਸੀਂ ਡੱਬੇ ਵਾਲੇ ਟਮਾਟਰ ਵਰਤ ਸਕਦੇ ਹੋ।
ਸ਼ਾਇਦ ਤੁਹਾਡੇ ਕੋਲ ਆਪਣੀਆਂ ਕਈ ਰੈਸਿਪੀਆਂ ਹੋਣ, ਪਰ ਤੁਸੀਂ ਹੇਠਾਂ ਦਿੱਤੀਆਂ ਰੈਸਿਪੀਆਂ ਨੂੰ ਵੀ ਵਰਤ ਸਕਦੇ ਹੋ।
1. ਇਕ ਥਾਲੀ ਤੇ ਟਮਾਟਰ, ਮੌਟਜ਼ਾਰੈੱਲਾ ਚੀਜ਼, ਐਵੋਕਾਡੋ ਦੀਆਂ ਤਹਿਆਂ ਲਾ ਕੇ ਇਨ੍ਹਾਂ ਦੇ ਉੱਪਰ ਓਲਿਵ ਆਇਲ ਅਤੇ ਕਾਲੀ ਮਿਰਚ ਪਾਓ ਅਤੇ ਇਸ ਨੂੰ ਤੁਲਸੀ ਦੇ ਪੱਤਿਆਂ ਨਾਲ ਸਜਾਓ। ਇਸ ਨੂੰ ਇਕ ਸਟਾਰਟਰ ਵਜੋਂ ਪਰੋਸਿਆ ਜਾ ਸਕਦਾ ਹੈ।
2. ਗ੍ਰੀਕ ਸਲਾਦ ਬਣਾਉਣ ਲਈ ਟਮਾਟਰ, ਖੀਰੇ ਤੇ ਫੈਟਾ ਚੀਜ਼ ਨੂੰ ਮੋਟੇ ਟੁਕੜਿਆਂ ਵਿਚ ਕੱਟ ਲਵੋ, ਲਾਲ ਪਿਆਜ਼ ਨੂੰ ਚੀਰ ਲਵੋ, ਫਿਰ ਕਾਲੇ ਓਲਿਵ ਲੈ ਕੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕ ਵੱਡੇ ਭਾਂਡੇ ਵਿਚ ਮਿਲਾ ਲਵੋ। ਇਸ ਉੱਤੇ ਲੂਣ-ਮਿਰਚ ਪਾਓ। ਇਸ ਨੂੰ ਨਿੰਬੂ ਦਾ ਪਾਣੀ ਅਤੇ ਓਲਿਵ ਆਇਲ ਨਾਲ ਪਰੋਸਿਆ ਜਾ ਸਕਦਾ ਹੈ।
3. ਮੈਕਸੀਕਨ ਚਟਣੀ ਬਣਾਉਣ ਲਈ ਤਾਜ਼ੇ ਟਮਾਟਰ, ਪਿਆਜ਼, ਹਰੀਆਂ ਮਿਰਚਾਂ ਅਤੇ ਧਨੀਆ ਨੂੰ ਕੱਟ ਕੇ ਥੋੜ੍ਹੇ ਕੁ ਜਿਹੇ ਨਿੰਬੂ ਦੇ ਪਾਣੀ ਨਾਲ ਮਿਲਾ ਲਵੋ।
4. ਪਾਸਤਾ ਲਈ ਟਮਾਟਰ ਸਾਸ ਬਣਾਉਣ ਲਈ ਕੜਾਹੀ ਵਿਚ ਇਕ ਡੱਬਾ ਟਮਾਟਰਾਂ ਦਾ ਪਾਓ। ਇਸ ਦੇ ਨਾਲ-ਨਾਲ ਕੜਾਹੀ ਵਿਚ ਚੁਟਕੀ ਕੁ ਖੰਡ, ਥੋੜ੍ਹਾ ਕੁ ਜਿਹਾ ਓਲਿਵ ਆਇਲ ਅਤੇ ਲਸਣ (ਛੋਟੇ-ਛੋਟੇ ਟੁਕੜਿਆਂ ਵਿਚ), ਥੋੜ੍ਹੀ ਕੁ ਜਿਹੀਆਂ ਜੜ੍ਹੀਆਂ-ਬੂਟੀਆਂ ਜਿਵੇਂ ਤੁਲਸੀ, ਤੇਜ-ਪੱਤਰ, ਆਰੀਗਾਨੋ ਤੇ ਲੂਣ-ਮਿਰਚ ਪਾਓ। ਇਨ੍ਹਾਂ ਸਾਰਿਆਂ ਨੂੰ ਉਬਾਲਾ ਦਿਵਾਓ ਅਤੇ ਜਿੰਨਾ ਚਿਰ ਸਾਸ ਗਾੜਾ ਨਾ ਹੋ ਜਾਵੇ ਇਸ ਨੂੰ ਮੱਠੀ ਜਿਹੀ ਅੱਗ ਤੇ 20 ਕੁ ਮਿੰਟਾਂ ਲਈ ਰਿੱਝਣ ਦਿਓ। ਫਿਰ ਇਸ ਨੂੰ ਪਹਿਲਾਂ ਹੀ ਤਿਆਰ ਕੀਤੇ ਗਏ ਪਾਸਤਾ ਉੱਤੇ ਪਾਓ।
ਟਮਾਟਰ ਤਾਂ ਸਿਰਫ਼ ਉਨ੍ਹਾਂ ਅਣਗਿਣਤ ਫਲਾਂ ਵਿੱਚੋਂ ਇਕ ਹੈ ਜੋ ਸਾਡੇ ਆਨੰਦ ਲਈ ਬਣਾਇਆ ਗਿਆ ਹੈ। (g05 3/8)