Skip to content

Skip to table of contents

ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ

ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ

ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ

ਇਹ ਗੱਲ ਸਪੱਸ਼ਟ ਹੈ ਕਿ ਮਾਪਿਆਂ ਨੂੰ ਬੱਚਿਆਂ ਨਾਲ ਲਾਡ-ਪਿਆਰ ਕਰਨਾ ਤੇ ਉਨ੍ਹਾਂ ਦੀ ਦੇਖ-ਭਾਲ ਕਰਨੀ ਚਾਹੀਦੀ ਹੈ। ਪਰ ਇਸ ਦੇ ਬਾਵਜੂਦ ਬਹੁਤ ਸਾਰੇ ਬੱਚਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਨਹੀਂ ਕੀਤੀ ਜਾਂਦੀ। ਇਸ ਗੱਲ ਦਾ ਸਬੂਤ ਅੱਜ-ਕੱਲ੍ਹ ਦੇ ਨੌਜਵਾਨਾਂ ਦੀ ਹਾਲਤ ਨੂੰ ਦੇਖ ਕੇ ਮਿਲ ਸਕਦਾ ਹੈ। ਕੈਨੇਡਾ ਦੇ ਟੋਰੌਂਟੋ ਸ਼ਹਿਰ ਦੇ ਗਲੋਬ ਐਂਡ ਮੇਲ ਅਖ਼ਬਾਰ ਵਿਚ ਇਕ ਖੋਜਕਾਰ ਨੇ ਕਿਹਾ: “ਅੱਜ-ਕੱਲ੍ਹ ਉਨ੍ਹਾਂ ਨੌਜਵਾਨਾਂ ਦੀ ਗਿਣਤੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਈ ਹੈ ਜੋ ਆਪਣੇ ਪਰਿਵਾਰਾਂ ਤੋਂ ਅਲੱਗ ਰਹਿਣ ਲੱਗ ਪਏ ਹਨ। ਨਤੀਜੇ ਵਜੋਂ, ਉਹ ਭਵਿੱਖ ਵਿਚ ਕੰਮ ਆਉਣ ਵਾਲਾ ਕੋਈ ਵੀ ਤਜਰਬਾ ਹਾਸਲ ਨਹੀਂ ਕਰ ਪਾਉਂਦੇ ਜਾਂ ਅਕਲ ਦਾ ਸਹੀ ਇਸਤੇਮਾਲ ਨਹੀਂ ਕਰਦੇ।”

ਇਸ ਵਿਚ ਕਿਸ ਦੀ ਗ਼ਲਤੀ ਹੈ? ਕੀ ਇਹ ਕਿਹਾ ਜਾ ਸਕਦਾ ਹੈ ਕਿ ਸ਼ਾਇਦ ਬਚਪਨ ਵਿਚ ਉਨ੍ਹਾਂ ਦੇ ਨਾਲ ਲੋੜੀਂਦਾ ਲਾਡ-ਪਿਆਰ ਨਹੀਂ ਕੀਤਾ ਗਿਆ ਸੀ? ਨਵਜੰਮੇ ਬੱਚਿਆਂ ਦੀ ਦੇਖ-ਭਾਲ ਕਰਨ ਵਿਚ ਗ਼ਰੀਬ ਔਰਤਾਂ ਦੀ ਮਦਦ ਕਰਨ ਵਾਲੀ ਇਕ ਮਨੋਵਿਗਿਆਨੀ ਦੱਸਦੀ ਹੈ ਕਿ “ਸਾਨੂੰ ਸਾਰਿਆਂ ਨੂੰ ਮਾਪੇ ਬਣਨਾ ਸਿੱਖਣ ਦੀ ਲੋੜ ਹੈ। ਇਸ ਦੇ ਨਾਲ-ਨਾਲ ਸਾਨੂੰ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਜਿੰਨਾ ਸਮਾਂ ਅਸੀਂ ਹੁਣ ਆਪਣੇ ਬੱਚਿਆਂ ਨਾਲ ਲਾਡ-ਪਿਆਰ ਕਰਨ ਵਿਚ ਬਿਤਾਵਾਂਗੇ, ਉਸ ਤੋਂ ਕਿਤੇ ਵੱਧ ਸਾਨੂੰ ਭਵਿੱਖ ਵਿਚ ਖ਼ੁਸ਼ੀਆਂ ਮਿਲਣਗੀਆਂ।”

ਨਵਜੰਮੇ ਬੱਚਿਆਂ ਨੂੰ ਵੀ ਸਿੱਖਿਆ ਲੈਣ ਦੀ ਜ਼ਰੂਰਤ ਹੈ। ਇਹ ਸਿੱਖਿਆ ਕਦੇ-ਕਦੇ ਜਾਂ ਇਕ-ਦੋ ਮਿੰਟਾਂ ਵਿਚ ਨਹੀਂ ਦਿੱਤੀ ਜਾ ਸਕਦੀ। ਮਾਪਿਆਂ ਨੂੰ ਲਗਾਤਾਰ, ਹਾਂ ਦਿਨ ਵਿਚ ਵਾਰ-ਵਾਰ ਬੱਚਿਆਂ ਨੂੰ ਸਿੱਖਿਆ ਦੇਣ ਦੀ ਲੋੜ ਹੈ। ਬੱਚਿਆਂ ਨਾਲ ਸ਼ੁਰੂ ਤੋਂ ਕੀਮਤੀ ਸਮਾਂ ਬਿਤਾਉਣਾ ਉਨ੍ਹਾਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੁੰਦਾ ਹੈ।

ਤਿਆਰੀ ਕਰਨ ਦੀ ਲੋੜ

ਇਹ ਭਾਰੀ ਜ਼ਿੰਮੇਵਾਰੀ ਪੂਰੀ ਕਰਨ ਲਈ ਮਾਪਿਆਂ ਨੂੰ ਬੱਚੇ ਦੇ ਆਉਣ ਤੋਂ ਪਹਿਲਾਂ ਹੀ ਤਿਆਰੀ ਕਰਨੀ ਚਾਹੀਦੀ ਹੈ। ਇਸ ਸੰਬੰਧੀ ਉਹ ਸ਼ਾਇਦ ਯਿਸੂ ਦੀ ਸਲਾਹ ਨੂੰ ਲਾਗੂ ਕਰ ਸਕਦੇ ਹਨ। ਉਸ ਨੇ ਇਕ ਬੁਰਜ ਬਣਾਉਣ ਦੀ ਉਦਾਹਰਣ ਦੇ ਕੇ ਸਮਝਾਇਆ ਸੀ ਕਿ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਤਿਆਰੀ ਕਰ ਲੈਣੀ ਚਾਹੀਦੀ ਹੈ। ਉਸ ਨੇ ਕਿਹਾ: “ਤੁਹਾਡੇ ਵਿੱਚੋਂ ਕੌਣ ਹੈ ਜਿਹ ਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ ਨਾ ਕਰੇ?” (ਲੂਕਾ 14:28) ਬੱਚਿਆਂ ਦੀ ਪਰਵਰਿਸ਼ ਨੂੰ ਵੀ ਇਕ 20 ਸਾਲਾਂ ਦਾ ਕੰਮ ਕਿਹਾ ਜਾ ਸਕਦਾ ਹੈ। ਇਹ ਕੰਮ ਕਿਸੇ ਬੁਰਜ ਨੂੰ ਬਣਾਉਣ ਤੋਂ ਕਿਤੇ ਜ਼ਿਆਦਾ ਮੁਸ਼ਕਲ ਹੈ। ਇਸ ਲਈ ਠੀਕ ਜਿਵੇਂ ਕਿਸੇ ਇਮਾਰਤ ਨੂੰ ਬਣਾਉਣ ਵਾਸਤੇ ਪਹਿਲਾਂ ਇਕ ਨਕਸ਼ਾ ਬਣਾਉਣਾ ਪੈਂਦਾ ਹੈ, ਉਸੇ ਤਰ੍ਹਾਂ ਬੱਚੇ ਦੇ ਜਨਮ ਤੋਂ ਪਹਿਲਾਂ ਇਹ ਜਾਣਨ ਲਈ ਯੋਜਨਾ ਬਣਾਉਣ ਦੀ ਲੋੜ ਹੈ ਕਿ ਅਸੀਂ ਬੱਚੇ ਦੀ ਪਰਵਰਿਸ਼ ਕਿਸ ਤਰ੍ਹਾਂ ਕਰਨੀ ਹੈ।

ਮਾਪੇ ਬਣਨ ਤੋਂ ਪਹਿਲਾਂ ਮਾਨਸਿਕ ਤੌਰ ਤੇ ਤਿਆਰ ਰਹਿਣ ਅਤੇ ਪਰਮੇਸ਼ੁਰ ਦੇ ਅਸੂਲਾਂ ਬਾਰੇ ਸਿੱਖਣ ਦੀ ਲੋੜ ਹੈ ਤਾਂਕਿ ਇਹ ਫ਼ੈਸਲਾ ਕੀਤਾ ਜਾ ਸਕੇ ਕਿ ਤੁਸੀਂ ਬੱਚੇ ਦੀ ਦੇਖ-ਭਾਲ ਕਰਨ ਦੀ ਭਾਰੀ ਜ਼ਿੰਮੇਵਾਰੀ ਪੂਰੀ ਕਰ ਸਕਦੇ ਹੋ ਜਾਂ ਨਹੀਂ। ਜਰਮਨੀ ਵਿਚ 2,000 ਗਰਭਵਤੀ ਔਰਤਾਂ ਦੇ ਅਧਿਐਨ ਤੋਂ ਪਤਾ ਲੱਗਾ ਕਿ ਜਿਹੜੀਆਂ ਮਾਵਾਂ ਚਾਹ ਨਾਲ ਆਪਣੇ ਬੱਚੇ ਦੇ ਆਉਣ ਦੀ ਉਡੀਕ ਕਰਦੀਆਂ ਸਨ, ਉਨ੍ਹਾਂ ਦੇ ਬੱਚੇ ਭਾਵਾਤਮਕ ਅਤੇ ਸਰੀਰਕ ਤੌਰ ਤੇ ਉਨ੍ਹਾਂ ਮਾਵਾਂ ਦੇ ਬੱਚਿਆਂ ਨਾਲੋਂ ਜ਼ਿਆਦਾ ਸਿਹਤਮੰਦ ਸਨ ਜਿਹੜੀਆਂ ਬੱਚੇ ਨਹੀਂ ਚਾਹੁੰਦੀਆਂ ਸਨ। ਇਕ ਹੋਰ ਅਧਿਐਨ ਤੋਂ ਇਹ ਵੀ ਪਤਾ ਲੱਗਾ ਹੈ ਕਿ ਜਿਨ੍ਹਾਂ ਔਰਤਾਂ ਦਾ ਦੁਖੀ ਵਿਆਹੁਤਾ ਜੀਵਨ ਹੁੰਦਾ ਹੈ, ਉਨ੍ਹਾਂ ਦੇ ਬੱਚੇ ਨੂੰ ਸੁਖੀ ਵਿਆਹੁਤਾ ਜੀਵਨ ਬਿਤਾਉਣ ਵਾਲੀਆਂ ਔਰਤਾਂ ਦੇ ਬੱਚਿਆਂ ਨਾਲੋਂ 237 ਪ੍ਰਤਿਸ਼ਤ ਜ਼ਿਆਦਾ ਕੋਈ ਮਾਨਸਿਕ ਜਾਂ ਸਰੀਰਕ ਬੀਮਾਰੀ ਹੋਣ ਦੀ ਸੰਭਾਵਨਾ ਰਹਿੰਦੀ ਹੈ।

ਇਸ ਤੋਂ ਪਤਾ ਲੱਗਦਾ ਹੈ ਕਿ ਬੱਚੇ ਦੇ ਸਫ਼ਲ ਵਿਕਾਸ ਵਿਚ ਉਸ ਦੇ ਪਿਤਾ ਦਾ ਵੀ ਹੱਥ ਹੁੰਦਾ ਹੈ। ਇਕ ਡਾਕਟਰ ਨੇ ਕਿਹਾ: “ਭਾਵਾਤਮਕ ਅਤੇ ਸਰੀਰਕ ਤੌਰ ਤੇ ਬੱਚੇ ਨੂੰ ਸਭ ਤੋਂ ਵੱਡਾ ਖ਼ਤਰਾ ਉਦੋਂ ਹੁੰਦਾ ਹੈ ਜਦੋਂ ਉਸ ਦਾ ਪਿਤਾ ਆਪਣੀ ਗਰਭਵਤੀ ਪਤਨੀ ਨੂੰ ਮਾਰਦਾ-ਕੁੱਟਦਾ ਹੈ ਜਾਂ ਉਸ ਦਾ ਧਿਆਨ ਨਹੀਂ ਰੱਖਦਾ।” ਜੀ ਹਾਂ, ਬੱਚੇ ਲਈ ਇਸ ਨਾਲੋਂ ਵਧੀਆ ਹੋਰ ਕੋਈ ਚੀਜ਼ ਨਹੀਂ ਹੋ ਸਕਦੀ ਕਿ ਉਸ ਨੂੰ ਅਜਿਹਾ ਪਿਤਾ ਮਿਲੇ ਜੋ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ।

ਚਿੰਤਾ ਜਾਂ ਤਣਾਅ ਦੇ ਕਾਰਨ ਮਾਂ ਦੇ ਲਹੂ ਵਿਚ ਪੈਦਾ ਹੋਣ ਵਾਲੇ ਹਾਰਮੋਨਜ਼ ਉਸ ਦੇ ਗਰਭ ਵਿਚ ਪਲ ਰਹੇ ਬੱਚੇ ਉੱਤੇ ਪ੍ਰਭਾਵ ਪਾ ਸਕਦੇ ਹਨ। ਪਰ ਮੰਨਿਆ ਜਾਂਦਾ ਹੈ ਕਿ ਅਜਿਹੇ ਹਾਰਮੋਨਜ਼ ਬੱਚੇ ਲਈ ਸਿਰਫ਼ ਉਦੋਂ ਹੀ ਹਾਨੀਕਾਰਕ ਸਾਬਤ ਹੁੰਦੇ ਹਨ ਜਦੋਂ ਉਸ ਦੀ ਮਾਂ ਬਹੁਤ ਜ਼ਿਆਦਾ ਅਤੇ ਲੰਬੇ ਸਮੇਂ ਤਕ ਚਿੰਤਾ ਕਰਦੀ ਹੈ। ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਕਿ ਮਾਂ ਆਪਣੇ ਹੋਣ ਵਾਲੇ ਬੱਚੇ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੀ ਹੈ। *

ਉਦੋਂ ਕੀ ਕੀਤਾ ਜਾਵੇ ਜੇਕਰ ਤੁਸੀਂ ਗਰਭਵਤੀ ਹੋ ਅਤੇ ਤੁਹਾਡਾ ਪਤੀ ਤੁਹਾਡੀ ਮਦਦ ਕਰਨ ਲਈ ਤਿਆਰ ਨਹੀਂ ਜਾਂ ਸ਼ਾਇਦ ਤੁਹਾਨੂੰ ਖ਼ੁਦ ਮਾਂ ਬਣਨ ਦਾ ਚਾਹ ਨਾ ਹੋਵੇ? ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਕੁਝ ਗਰਭਵਤੀ ਔਰਤਾਂ ਹਾਲਾਤਾਂ ਕਾਰਨ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸ ਤਰ੍ਹਾਂ ਕਈਆਂ ਨਾਲ ਹੁੰਦਾ ਹੈ। ਪਰ ਮਾਵਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਵਿਚ ਬੱਚੇ ਦਾ ਕੋਈ ਕਸੂਰ ਨਹੀਂ ਹੁੰਦਾ। ਤਾਂ ਫਿਰ ਤੁਸੀਂ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਸ਼ਾਂਤ ਰਵੱਈਆ ਕਿੱਦਾਂ ਰੱਖ ਸਕਦੇ ਹੋ?

ਪਰਮੇਸ਼ੁਰ ਦੇ ਬਚਨ ਵਿਚ ਅਜਿਹੀ ਵਧੀਆ ਸਲਾਹ ਪਾਈ ਜਾਂਦੀ ਹੈ ਜਿਸ ਨੂੰ ਲਾਗੂ ਕਰ ਕੇ ਹਜ਼ਾਰਾਂ ਲੋਕਾਂ ਨੂੰ ਮਦਦ ਮਿਲੀ ਹੈ। ਬਾਈਬਲ ਕਹਿੰਦੀ ਹੈ: “ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” ਇਨ੍ਹਾਂ ਸ਼ਬਦਾਂ ਨੂੰ ਲਾਗੂ ਕਰ ਕੇ ਤੁਹਾਨੂੰ ਇਸ ਸਲਾਹ ਤੇ ਚੱਲਣ ਵਿਚ ਮਦਦ ਮਿਲੇਗੀ: “ਕਿਸੇ ਗੱਲ ਦੀ ਚਿੰਤਾ ਨਾ ਕਰੋ।” (ਫ਼ਿਲਿੱਪੀਆਂ 4:6, 7) ਤੁਸੀਂ ਪੂਰੀ ਤਰ੍ਹਾਂ ਮਹਿਸੂਸ ਕਰੋਗੇ ਕਿ ਪਰਮੇਸ਼ੁਰ ਤੁਹਾਡੀ ਚੰਗੀ ਤਰ੍ਹਾਂ ਦੇਖ-ਭਾਲ ਕਰ ਰਿਹਾ ਹੈ।—1 ਪਤਰਸ 5:7.

ਬੱਚੇ ਦੇ ਜਨਮ ਤੋਂ ਬਾਅਦ ਉਦਾਸੀ

ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਕੁਝ ਹਫ਼ਤਿਆਂ ਵਿਚ ਕੁਝ ਮਾਵਾਂ ਬਿਨਾਂ ਕਿਸੇ ਕਾਰਨ ਬਹੁਤ ਹੀ ਉਦਾਸ ਤੇ ਸੁਸਤ ਹੋ ਜਾਂਦੀਆਂ ਹਨ। ਉਨ੍ਹਾਂ ਮਾਵਾਂ ਦਾ ਵੀ ਮੂਡ ਖ਼ਰਾਬ ਹੋ ਸਕਦਾ ਹੈ ਜਿਨ੍ਹਾਂ ਨੂੰ ਆਪਣੇ ਬੱਚੇ ਦੇ ਆਉਣ ਦਾ ਬਹੁਤ ਚਾਹ ਸੀ। ਇਹ ਕੋਈ ਨਵੀਂ ਗੱਲ ਨਹੀਂ ਕਿ ਕੁਝ ਮਾਵਾਂ ਦਾ ਮੂਡ ਮੌਸਮ ਵਾਂਗ ਬਦਲ ਸਕਦਾ ਹੈ, ਕਦੇ ਚੰਗਾ ਅਤੇ ਕਦੇ ਖ਼ਰਾਬ। ਇਸ ਤਰ੍ਹਾਂ ਇਸ ਲਈ ਹੁੰਦਾ ਹੈ ਕਿਉਂਕਿ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਔਰਤਾਂ ਦੇ ਹਾਰਮੋਨਜ਼ ਦਾ ਲੇਵਲ ਜਾਂ ਤਾਂ ਬਹੁਤ ਵਧ ਸਕਦਾ ਹੈ ਜਾਂ ਘੱਟ ਸਕਦਾ ਹੈ। ਇਹ ਵੀ ਗੱਲ ਸੱਚ ਹੈ ਕਿ ਪਹਿਲਾਂ-ਪਹਿਲਾਂ ਸ਼ਾਇਦ ਔਰਤ ਨੂੰ ਮਾਂ ਬਣਨ ਦੀ ਜ਼ਿੰਮੇਵਾਰੀ ਬਹੁਤ ਹੀ ਔਖੀ ਲੱਗੇ। ਉਸ ਨੂੰ ਬੱਚੇ ਨੂੰ ਦੁੱਧ ਪਿਲਾਉਣਾ, ਉਸ ਦੀ ਨਾਪੀ ਬਦਲਣੀ, ਉਸ ਨੂੰ ਨਹਾਉਣਾ-ਧੋਣਾ ਅਤੇ ਕਈ ਹੋਰ ਨਵੇਂ ਕੰਮ ਕਰਨੇ ਪੈਂਦੇ ਹਨ। ਬੱਚੇ ਨੂੰ ਰਾਤ-ਦਿਨ ਦਾ ਕੋਈ ਫ਼ਰਕ ਨਹੀਂ ਹੁੰਦਾ, ਇਸ ਲਈ ਮਾਂ ਨੂੰ ਕਈ ਵਾਰ ਅੱਧੀ ਰਾਤ ਨੂੰ ਉੱਠ ਕੇ ਬੱਚੇ ਦੀ ਦੇਖ-ਭਾਲ ਕਰਨੀ ਪੈਂਦੀ ਹੈ।

ਇਕ ਮਾਂ ਨੂੰ ਤਾਂ ਇੱਦਾਂ ਲੱਗਦਾ ਸੀ ਜਿਵੇਂ ਉਸ ਦਾ ਬੱਚਾ ਉਸ ਨੂੰ ਸਤਾਉਣ ਲਈ ਹੀ ਰੋਂਦਾ ਸੀ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜਪਾਨ ਵਿਚ ਰਹਿਣ ਵਾਲੇ ਇਕ ਬੱਚਿਆਂ ਦੇ ਮਾਹਰ ਨੇ ਕਿਹਾ: “ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਹਰ ਮਾਪੇ ਨੂੰ ਤਣਾਅ ਦਾ ਸਾਮ੍ਹਣਾ ਕਰਨਾ ਪੈਂਦਾ ਹੈ।” ਇਸ ਮਾਹਰ ਅਨੁਸਾਰ “ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਮਾਂ ਨੂੰ ਦੂਸਰਿਆਂ ਤੋਂ ਅਲੱਗ ਹੋ ਕੇ ਇਕੱਲਾ ਨਹੀਂ ਰਹਿਣਾ ਚਾਹੀਦਾ।”

ਜਦੋਂ ਕਿਤੇ ਮਾਂ ਦਾ ਜੀਅ ਉਦਾਸ ਹੁੰਦਾ ਹੈ, ਤਾਂ ਉਹ ਧਿਆਨ ਰੱਖ ਸਕਦੀ ਹੈ ਕਿ ਉਸ ਦੇ ਮੂਡ ਦਾ ਬੱਚੇ ਉੱਤੇ ਬੁਰਾ ਅਸਰ ਨਾ ਪਵੇ। ਟਾਈਮ ਰਸਾਲਾ ਕਹਿੰਦਾ ਹੈ: “ਜਿਹੜੀਆਂ ਉਦਾਸ ਮਾਵਾਂ ਆਪਣੀ ਉਦਾਸੀ ਵਿੱਚੋਂ ਨਿਕਲ ਕੇ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਦੀਆਂ ਹਨ ਤੇ ਉਨ੍ਹਾਂ ਨਾਲ ਲਾਡ-ਪਿਆਰ ਕਰ ਕੇ ਹੱਸਦੀਆਂ-ਖੇਡਦੀਆਂ ਹਨ, ਉਨ੍ਹਾਂ ਦੇ ਬੱਚੇ ਬਹੁਤ ਹੀ ਖ਼ੁਸ਼ ਹੁੰਦੇ ਹਨ।” *

ਪਿਤਾ ਕਿਸ ਤਰ੍ਹਾਂ ਮਦਦ ਕਰ ਸਕਦਾ ਹੈ?

ਬੱਚੇ ਦਾ ਪਿਤਾ ਆਪਣੀ ਪਤਨੀ ਨੂੰ ਸਹਾਰਾ ਅਤੇ ਮਦਦ ਦੇ ਸਕਦਾ ਹੈ। ਜਦੋਂ ਅੱਧੀ ਰਾਤ ਨੂੰ ਬੱਚਾ ਰੋਣ ਲੱਗਦਾ ਹੈ, ਤਾਂ ਪਿਤਾ ਉਸ ਦੀ ਦੇਖ-ਭਾਲ ਕਰ ਸਕਦਾ ਹੈ ਤਾਂਕਿ ਉਸ ਦੀ ਪਤਨੀ ਦੀ ਨੀਂਦ ਖ਼ਰਾਬ ਨਾ ਹੋਵੇ। ਬਾਈਬਲ ਕਹਿੰਦੀ ਹੈ: ‘ਹੇ ਪਤੀਓ, ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਉਹ ਦਾ ਆਦਰ ਕਰੋ।’—1 ਪਤਰਸ 3:7.

ਪਤੀਆਂ ਲਈ ਯਿਸੂ ਮਸੀਹ ਨੇ ਵਧੀਆ ਮਿਸਾਲ ਕਾਇਮ ਕੀਤੀ ਸੀ। ਉਸ ਨੇ ਆਪਣੇ ਚੇਲਿਆਂ ਲਈ ਆਪਣੀ ਜਾਨ ਤਕ ਕੁਰਬਾਨ ਕਰ ਦਿੱਤੀ ਸੀ। (ਅਫ਼ਸੀਆਂ 5:28-30; 1 ਪਤਰਸ 2:21-24) ਜੋ ਪਤੀ ਥੋੜ੍ਹੀ-ਬਹੁਤੀ ਬੇਆਰਾਮੀ ਝੱਲ ਕੇ ਬੱਚੇ ਦੀ ਦੇਖ-ਭਾਲ ਕਰਨ ਵਿਚ ਪਤਨੀ ਦਾ ਹੱਥ ਵਟਾਉਂਦੇ ਹਨ, ਤਾਂ ਉਹ ਮਸੀਹ ਦੀ ਰੀਸ ਕਰਦੇ ਹਨ। ਬਿਨਾਂ ਸ਼ੱਕ ਬੱਚਿਆਂ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਦੋਨਾਂ ਮਾਪਿਆਂ ਦੀ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਮਿਲ ਕੇ ਇਕ-ਦੂਜੇ ਨੂੰ ਸਹਿਯੋਗ ਦੇਣ ਦੀ ਲੋੜ ਹੈ।

ਮਿਲ ਕੇ ਆਪਣੀ ਜ਼ਿੰਮੇਵਾਰੀ ਨਿਭਾਓ

ਯੋਈਚੀਰੋ ਇਕ ਦੋ ਸਾਲਾਂ ਦੀ ਲੜਕੀ ਦਾ ਪਿਤਾ ਹੈ। ਉਹ ਦੱਸਦਾ ਹੈ: “ਮੈਂ ਤੇ ਮੇਰੀ ਪਤਨੀ ਨੇ ਪਹਿਲਾਂ ਹੀ ਇਕ-ਦੂਜੇ ਨਾਲ ਸਲਾਹ ਕਰ ਲਈ ਸੀ ਕਿ ਅਸੀਂ ਆਪਣੀ ਲੜਕੀ ਦੀ ਪਰਵਰਿਸ਼ ਕਿਸ ਤਰ੍ਹਾਂ ਕਰਨੀ ਹੈ। ਜਦੋਂ ਵੀ ਕੋਈ ਮੁਸ਼ਕਲ ਖੜ੍ਹੀ ਹੁੰਦੀ ਹੈ, ਤਾਂ ਅਸੀਂ ਬੈਠ ਕੇ ਇਸ ਬਾਰੇ ਗੱਲਬਾਤ ਕਰਦੇ ਹਾਂ ਕਿ ਸਾਨੂੰ ਕੀ ਕਰਨ ਦੀ ਲੋੜ ਹੈ।” ਯੋਈਚੀਰੋ ਜਾਣਦਾ ਹੈ ਕਿ ਉਸ ਦੀ ਪਤਨੀ ਨੂੰ ਆਰਾਮ ਕਰਨ ਦੀ ਲੋੜ ਹੈ, ਇਸ ਲਈ ਜਦੋਂ ਵੀ ਉਹ ਕੋਈ ਛੋਟਾ-ਮੋਟਾ ਕੰਮ ਕਰਨ ਲਈ ਬਾਹਰ ਜਾਂਦਾ ਹੈ, ਤਾਂ ਉਹ ਆਪਣੀ ਲੜਕੀ ਨੂੰ ਆਪਣੇ ਨਾਲ ਲੈ ਜਾਂਦਾ ਹੈ।

ਪੁਰਾਣੇ ਜ਼ਮਾਨੇ ਵਿਚ ਪਰਿਵਾਰ ਦੇ ਸਾਰੇ ਜੀਅ ਇਕੱਠੇ ਰਹਿੰਦੇ ਸਨ। ਨਤੀਜੇ ਵਜੋਂ, ਬੱਚੇ ਦੀ ਦੇਖ-ਭਾਲ ਕਰਨ ਵਿਚ ਮਾਪਿਆਂ ਦੀ ਮਦਦ ਕਰਨ ਲਈ ਜਾਂ ਤਾਂ ਕੋਈ ਵੱਡਾ ਬੱਚਾ ਜਾਂ ਕੋਈ ਹੋਰ ਰਿਸ਼ਤੇਦਾਰ ਜ਼ਰੂਰ ਘਰ ਹੁੰਦਾ ਸੀ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜਪਾਨ ਦੇ ਕਾਵਾਸਾਕੀ ਸ਼ਹਿਰ ਵਿਚ ਬੱਚਿਆਂ ਦੀ ਪਰਵਰਿਸ਼ ਸੰਬੰਧੀ ਕੇਂਦਰ ਦੇ ਇਕ ਕਾਮੇ ਨੇ ਕਿਹਾ: “ਇਹ ਦੇਖਿਆ ਗਿਆ ਹੈ ਕਿ ਜਦੋਂ ਮਾਵਾਂ ਆਪਣੀ ਕਿਸੇ ਉਲਝਣ ਬਾਰੇ ਕਿਸੇ ਹੋਰ ਨਾਲ ਗੱਲ ਕਰਦੀਆਂ ਹਨ, ਤਾਂ ਉਨ੍ਹਾਂ ਨੂੰ ਬਹੁਤ ਹੌਸਲਾ ਮਿਲਦਾ ਹੈ। ਇਸ ਤਰ੍ਹਾਂ ਥੋੜ੍ਹੀ ਜਿਹੀ ਮਦਦ ਮਿਲਣ ਨਾਲ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਹਿੰਮਤ ਮਿਲ ਜਾਂਦੀ ਹੈ।”

ਮਾਪੇ (ਅੰਗ੍ਰੇਜ਼ੀ) ਨਾਂ ਦਾ ਰਸਾਲਾ ਦੱਸਦਾ ਹੈ ਕਿ ਮਾਪਿਆਂ ਨੂੰ “ਉਨ੍ਹਾਂ ਲੋਕਾਂ ਦੀ ਲੋੜ ਹੈ ਜਿਨ੍ਹਾਂ ਤੋਂ ਉਹ ਮਦਦ ਦੀ ਆਸ ਰੱਖ ਸਕਦੇ ਹਨ ਅਤੇ ਜਿਨ੍ਹਾਂ ਦੇ ਨਾਲ ਉਹ ਆਪਣੀਆਂ ਚਿੰਤਾਵਾਂ ਬਾਰੇ ਗੱਲਬਾਤ ਕਰ ਸਕਦੇ ਹਨ।” ਅਜਿਹੇ ਲੋਕ ਕਿੱਥੇ ਮਿਲ ਸਕਦੇ ਹਨ? ਪਹਿਲੀ ਵਾਰ ਮਾਂ-ਬਾਪ ਬਣਨ ਵਾਲੇ ਪਤੀ-ਪਤਨੀ ਆਪਣੇ ਮਾਪਿਆਂ ਦੀ ਜਾਂ ਫਿਰ ਆਪਣੇ ਸੱਸ-ਸਹੁਰੇ ਦੀ ਸਲਾਹ ਲੈ ਸਕਦੇ ਹਨ। ਉਨ੍ਹਾਂ ਦੇ ਤਜਰਬੇ ਤੋਂ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋ ਸਕਦਾ ਹੈ। ਪਰ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਗੱਲ ਬਾਰੇ ਫ਼ੈਸਲਾ ਕਰਨ ਦਾ ਹੱਕ ਬੱਚੇ ਦੇ ਮਾਪਿਆਂ ਦਾ ਹੁੰਦਾ ਹੈ। *

ਨਵੇਂ ਬਣੇ ਮਾਪੇ ਕਲੀਸਿਯਾ ਦੇ ਭੈਣ-ਭਰਾਵਾਂ ਦੀ ਵੀ ਮਦਦ ਲੈ ਸਕਦੇ ਹਨ। ਕਲੀਸਿਯਾ ਵਿਚ ਸ਼ਾਇਦ ਅਜਿਹੇ ਭੈਣ-ਭਰਾ ਹੋਣ ਜਿਨ੍ਹਾਂ ਕੋਲ ਬੱਚਿਆਂ ਦੀ ਪਰਵਰਿਸ਼ ਕਰਨ ਦਾ ਕਈ ਸਾਲਾਂ ਦਾ ਤਜਰਬਾ ਹੈ ਅਤੇ ਜੋ ਤੁਹਾਡੀ ਮਦਦ ਕਰਨ ਲਈ ਤਿਆਰ ਹਨ। ਉਹ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਹਨ। ਤੁਸੀਂ ਕਲੀਸਿਯਾ ਦੀਆਂ “ਬਜ਼ੁਰਗ ਔਰਤਾਂ” ਦੀ ਮਦਦ ਵੀ ਮੰਗ ਸਕਦੇ ਹੋ ਜੋ ਸਾਲਾਂ ਤੋਂ ਬਾਈਬਲ ਦੇ ਅਸੂਲਾਂ ਉੱਤੇ ਚੱਲ ਰਹੀਆਂ ਹਨ। ਅਜਿਹੀਆਂ ਔਰਤਾਂ ਜਵਾਨ ਪਤਨੀਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੀਆਂ ਹਨ।—ਤੀਤੁਸ 2:3-5; ਪਵਿੱਤਰ ਬਾਈਬਲ ਨਵਾਂ ਅਨੁਵਾਦ।

ਇਸ ਦਾ ਇਹ ਮਤਲਬ ਨਹੀਂ ਕਿ ਮਾਪਿਆਂ ਨੂੰ ਹਰ ਕਿਸੇ ਦੀ ਸਲਾਹ ਮੰਨ ਲੈਣੀ ਚਾਹੀਦੀ ਹੈ। ਯੋਈਚੀਰੋ ਦੱਸਦਾ ਹੈ: “ਅਚਾਨਕ ਹੀ ਹਰ ਕੋਈ ਸਾਨੂੰ ਬੱਚੇ ਦੀ ਪਰਵਰਿਸ਼ ਕਰਨ ਬਾਰੇ ਆਪਣੀ-ਆਪਣੀ ਸਲਾਹ ਦੇਣ ਲੱਗ ਪਿਆ ਜਿਵੇਂ ਕਿ ਉਹ ਬੱਚਿਆਂ ਨੂੰ ਪਾਲਣ ਵਿਚ ਬਹੁਤ ਮਾਹਰ ਹੋਣ।” ਉਸ ਦੀ ਪਤਨੀ ਦੱਸਦੀ ਹੈ: “ਪਹਿਲਾਂ-ਪਹਿਲਾਂ ਤਾਂ ਮੈਨੂੰ ਬਹੁਤ ਹੀ ਬੁਰਾ ਲੱਗਾ ਕਿ ਉਹ ਮੈਨੂੰ ਸਲਾਹ ਦੇ ਰਹੇ ਸਨ। ਮੈਨੂੰ ਇੱਦਾਂ ਲੱਗਦਾ ਸੀ ਜਿਵੇਂ ਉਹ ਮੈਨੂੰ ਕਹਿ ਰਹੇ ਸਨ ਕਿ ਤੈਨੂੰ ਬੱਚੇ ਦੀ ਦੇਖ-ਭਾਲ ਹੀ ਨਹੀਂ ਕਰਨੀ ਆਉਂਦੀ।” ਪਰ ਸੱਚ ਤਾਂ ਇਹ ਹੈ ਕਿ ਦੂਸਰਿਆਂ ਦੇ ਤਜਰਬੇ ਤੋਂ ਸਿੱਖ ਕੇ ਬਹੁਤ ਸਾਰੇ ਪਤੀ-ਪਤਨੀਆਂ ਨੂੰ ਆਪਣੇ ਬੱਚਿਆਂ ਦੀ ਵਧੀਆ ਤਰੀਕੇ ਨਾਲ ਪਰਵਰਿਸ਼ ਕਰਨ ਵਿਚ ਮਦਦ ਮਿਲੀ ਹੈ।

ਸਭ ਤੋਂ ਵਧੀਆ ਸਲਾਹ

ਜੇ ਤੁਹਾਨੂੰ ਲੱਗੇ ਕਿ ਤੁਹਾਡੇ ਆਲੇ-ਦੁਆਲੇ ਤੁਹਾਡੀ ਮਦਦ ਕਰਨ ਵਾਲਾ ਕੋਈ ਨਹੀਂ ਹੈ, ਤਾਂ ਤੁਸੀਂ ਯਹੋਵਾਹ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖ ਸਕਦੇ ਹੋ। ਉਹ ਸਾਡਾ ਸਿਰਜਣਹਾਰ ਹੈ ਜਿਸ ਨੇ ਸਾਡੇ ਸਾਰਿਆਂ ਦੇ “ਬੇਡੌਲ ਮਲਬੇ” ਯਾਨੀ ਭਰੂਣ ਨੂੰ ਵੀ ਦੇਖਿਆ ਹੈ। (ਜ਼ਬੂਰਾਂ ਦੀ ਪੋਥੀ 139:16) ਬਾਈਬਲ ਅਨੁਸਾਰ ਯਹੋਵਾਹ ਨੇ ਬਹੁਤ ਚਿਰ ਪਹਿਲਾਂ ਆਪਣੇ ਲੋਕਾਂ ਨੂੰ ਇਹ ਕਿਹਾ ਸੀ: “ਭਲਾ, ਤੀਵੀਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸੱਕਦੀ, ਭਈ ਉਹ ਆਪਣੇ ਢਿੱਡ ਦੇ ਬਾਲ ਉੱਤੇ ਰਹਮ ਨਾ ਕਰੇ? ਏਹ ਭਾਵੇਂ ਭੁੱਲ ਜਾਣ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ।”—ਯਸਾਯਾਹ 49:15; ਜ਼ਬੂਰਾਂ ਦੀ ਪੋਥੀ 27:10.

ਜੀ ਹਾਂ, ਯਹੋਵਾਹ ਕਦੇ ਮਾਪਿਆਂ ਨੂੰ ਨਹੀਂ ਭੁੱਲਦਾ। ਉਸ ਨੇ ਬਾਈਬਲ ਵਿਚ ਬੱਚਿਆਂ ਦੀ ਪਰਵਰਿਸ਼ ਕਰਨ ਦੇ ਸੰਬੰਧ ਵਿਚ ਮਾਪਿਆਂ ਨੂੰ ਬਹੁਤ ਹੀ ਵਧੀਆ ਸਲਾਹ ਦਿੱਤੀ ਹੈ। ਮਿਸਾਲ ਲਈ, ਕੁਝ 3,500 ਸਾਲ ਪਹਿਲਾਂ ਉਸ ਦੇ ਨਬੀ ਮੂਸਾ ਨੇ ਕਿਹਾ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ।” ਮੂਸਾ ਨੇ ਅੱਗੇ ਕਿਹਾ: “ਏਹ ਗੱਲਾਂ [ਜਿਨ੍ਹਾਂ ਵਿਚ ਯਹੋਵਾਹ ਨੂੰ ਪਿਆਰ ਕਰਨਾ ਅਤੇ ਉਸ ਦੀ ਸੇਵਾ ਕਰਨੀ ਵੀ ਸ਼ਾਮਲ ਸੀ] ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।”—ਬਿਵਸਥਾ ਸਾਰ 6:5-7.

ਪਰਮੇਸ਼ੁਰ ਦੇ ਬਚਨ ਵਿਚ ਪਾਈ ਇਸ ਸਲਾਹ ਦਾ ਅਸਲੀ ਮਤਲਬ ਕੀ ਹੈ? ਕੀ ਇਸ ਦਾ ਇਹ ਮਤਲਬ ਨਹੀਂ ਕਿ ਮਾਪਿਆਂ ਨੂੰ ਹਰ ਦਿਨ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ? ਬੱਚਿਆਂ ਲਈ ਕਦੇ-ਕਦੇ ਹੀ ਸਮਾਂ ਕੱਢਣਾ ਕਾਫ਼ੀ ਨਹੀਂ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬਾਕਾਇਦਾ ਆਪਣੇ ਬੱਚਿਆਂ ਲਈ ਸਮਾਂ ਕੱਢਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ। ਬੱਚਿਆਂ ਲਈ ਸਮਾਂ ਕੱਢਣ ਨਾਲ ਉਹ ਪਰਮੇਸ਼ੁਰ ਦਾ ਇਹ ਹੁਕਮ ਪੂਰਾ ਕਰ ਸਕਦੇ ਹਨ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ।”—ਕਹਾਉਤਾਂ 22:6.

ਬੱਚਿਆਂ ਨੂੰ ਸਿਖਲਾਈ ਦੇਣ ਵਿਚ ਇਹ ਵੀ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਕੁਝ ਪੜ੍ਹ ਕੇ ਸੁਣਾਇਆ ਜਾਵੇ। ਬਾਈਬਲ ਦੱਸਦੀ ਹੈ ਕਿ ਪਹਿਲੀ ਸਦੀ ਵਿਚ ਰਹਿਣ ਵਾਲਾ ਚੇਲਾ ਤਿਮੋਥਿਉਸ “ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ” ਸੀ। ਸੰਭਵ ਹੈ ਕਿ ਉਸ ਦੀ ਮਾਂ ਯੂਨੀਕਾ ਅਤੇ ਨਾਨੀ ਲੋਇਸ ਨੇ ਉਸ ਨੂੰ ਬਚਪਨ ਤੋਂ ਹੀ ਪੜ੍ਹ ਕੇ ਸੁਣਾਇਆ ਹੋਣਾ। (2 ਤਿਮੋਥਿਉਸ 1:5; 3:14, 15) ਇਹ ਬਹੁਤ ਹੀ ਚੰਗਾ ਹੋਵੇਗਾ ਜੇਕਰ ਤੁਸੀਂ ਇਸ ਤਰ੍ਹਾਂ ਕਰਨਾ ਉਦੋਂ ਹੀ ਸ਼ੁਰੂ ਕਰ ਦਿਓ ਜਦੋਂ ਤੁਸੀਂ ਉਸ ਨਾਲ ਗੱਲਾਂ-ਬਾਤਾਂ ਕਰਨੀਆਂ ਸ਼ੁਰੂ ਕਰਦੇ ਹੋ। ਪਰ ਤੁਸੀਂ ਉਨ੍ਹਾਂ ਨੂੰ ਕੀ ਪੜ੍ਹ ਕੇ ਸੁਣਾ ਸਕਦੇ ਹੋ ਅਤੇ ਇਕ ਛੋਟੇ ਜਿਹੇ ਬੱਚੇ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਕਿਵੇਂ ਸਿੱਖਿਆ ਦੇ ਸਕਦੇ ਹੋ?

ਆਪਣੇ ਬੱਚਿਆਂ ਨੂੰ ਬਾਈਬਲ ਪੜ੍ਹ ਕੇ ਸੁਣਾਓ। ਸਾਨੂੰ ਪਤਾ ਹੈ ਕਿ ਤਿਮੋਥਿਉਸ ਨੂੰ ਵੀ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਸੁਣਾਇਆ ਗਿਆ ਸੀ। ਇਸ ਤੋਂ ਇਲਾਵਾ, ਕਈ ਕਿਤਾਬਾਂ ਵਿਚ ਪਾਈਆਂ ਗਈਆਂ ਸ਼ਾਨਦਾਰ ਤਸਵੀਰਾਂ ਦੁਆਰਾ ਵੀ ਬੱਚਾ ਬਾਈਬਲ ਬਾਰੇ ਸਿੱਖ ਸਕਦਾ ਹੈ। ਇਨ੍ਹਾਂ ਤਸਵੀਰਾਂ ਦੀ ਮਦਦ ਨਾਲ ਬੱਚਾ ਆਪਣੇ ਮਨ ਵਿਚ ਬਾਈਬਲ ਵਿਚ ਲਿਖੀਆਂ ਗੱਲਾਂ ਦੀ ਕਲਪਨਾ ਕਰ ਸਕਦਾ ਹੈ। ਮਿਸਾਲ ਲਈ, ਅਸੀਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਅਤੇ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਨਾਂ ਦੀਆਂ ਕਿਤਾਬਾਂ ਵਰਤ ਸਕਦੇ ਹਾਂ। ਅਜਿਹੀਆਂ ਕਿਤਾਬਾਂ ਰਾਹੀਂ ਲੱਖਾਂ ਹੀ ਬੱਚਿਆਂ ਦੇ ਮਨਾਂ ਅਤੇ ਦਿਲਾਂ ਵਿਚ ਬਾਈਬਲ ਦੀਆਂ ਸਿੱਖਿਆਵਾਂ ਬਿਠਾਈਆਂ ਗਈਆਂ ਹਨ।

ਬਾਈਬਲ ਕਹਿੰਦੀ ਹੈ: “ਬੱਚੇ ਯਹੋਵਾਹ ਵੱਲੋਂ ਮਿਰਾਸ ਹਨ, ਢਿੱਡ ਦਾ ਫਲ ਇੱਕ ਇਨਾਮ ਹੈ।” (ਜ਼ਬੂਰਾਂ ਦੀ ਪੋਥੀ 127:3) ਤੁਹਾਡੇ ਸਿਰਜਣਹਾਰ ਨੇ ਤੁਹਾਨੂੰ “ਮਿਰਾਸ” ਯਾਨੀ ਇਕ ਪਿਆਰਾ ਬੱਚਾ ਬਖ਼ਸ਼ਿਆ ਹੈ ਜੋ ਵੱਡਾ ਹੋ ਕੇ ਅਜਿਹਾ ਇਨਸਾਨ ਬਣ ਸਕਦਾ ਹੈ ਜਿਸ ਉੱਤੇ ਤੁਸੀਂ ਫ਼ਖ਼ਰ ਕਰ ਸਕੋ। ਬੱਚਿਆਂ ਦੀ ਇਸ ਤਰ੍ਹਾਂ ਪਰਵਰਿਸ਼ ਕਰਨੀ ਤਾਂ ਜੋ ਉਹ ਵੱਡੇ ਹੋ ਕੇ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਸੱਚ-ਮੁੱਚ ਬਹੁਤ ਹੀ ਵੱਡੀ ਖ਼ੁਸ਼ੀ ਦਾ ਕਾਰਨ ਹੈ! (g03 12/22)

[ਫੁਟਨੋਟ]

^ ਪੈਰਾ 9 ਗਰਭ ਵਿਚ ਪਲ ਰਹੇ ਬੱਚੇ ਉੱਤੇ ਸਿਰਫ਼ ਅਜਿਹੇ ਹਾਰਮੋਨਜ਼ ਕਾਰਨ ਹੀ ਬੁਰਾ ਅਸਰ ਨਹੀਂ ਪੈਂਦਾ, ਸਗੋਂ ਸਿਗਰਟਨੋਸ਼ੀ, ਸ਼ਰਾਬ ਪੀਣ ਜਾਂ ਕੋਈ ਹੋਰ ਨਸ਼ੇ ਕਰਨ ਨਾਲ ਵੀ ਅਸਰ ਪੈ ਸਕਦਾ ਹੈ। ਇਸ ਲਈ ਚੰਗਾ ਹੋਵੇਗਾ ਜੇਕਰ ਗਰਭਵਤੀ ਔਰਤਾਂ ਇਨ੍ਹਾਂ ਖ਼ਤਰਨਾਕ ਚੀਜ਼ਾਂ ਤੋਂ ਪਰਹੇਜ਼ ਕਰਨ। ਇਸ ਦੇ ਨਾਲ-ਨਾਲ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਚੰਗਾ ਹੋਵੇਗਾ ਜੇਕਰ ਪਹਿਲਾਂ ਡਾਕਟਰ ਦੀ ਸਲਾਹ ਲਈ ਜਾਵੇ।

^ ਪੈਰਾ 15 ਜੇ ਮਾਂ ਬਹੁਤ ਜ਼ਿਆਦਾ ਉਦਾਸ ਤੇ ਨਿਰਾਸ਼ ਹੋ ਜਾਵੇ, ਨਾਲੇ ਆਪਣੇ ਬੱਚੇ ਤੋਂ ਤੇ ਦੁਨੀਆਂ ਤੋਂ ਦੂਰ-ਦੂਰ ਰਹਿਣਾ ਚਾਹੇ, ਤਾਂ ਹੋ ਸਕਦਾ ਹੈ ਕਿ ਉਹ ਡਿਪਰੈਸ਼ਨ ਦੀ ਸ਼ਿਕਾਰ ਹੈ ਜੋ ਅਕਸਰ ਬੱਚੇ ਦੇ ਜਨਮ ਤੋਂ ਬਾਅਦ ਕੁਝ ਮਾਵਾਂ ਨੂੰ ਹੁੰਦਾ ਹੈ। ਜੇਕਰ ਮਾਂ ਇਸ ਤਰ੍ਹਾਂ ਮਹਿਸੂਸ ਕਰਦੀ ਹੈ, ਤਾਂ ਉਸ ਨੂੰ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ। ਅੰਗ੍ਰੇਜ਼ੀ ਦੇ ਜਾਗਰੂਕ ਬਣੋ!, 22 ਜੁਲਾਈ 2002 ਦੇ ਸਫ਼ੇ 19-23 ਅਤੇ 8 ਜੂਨ 2003 ਦੇ ਸਫ਼ੇ 21-3 ਦੇਖੋ।

^ ਪੈਰਾ 22 ਕਿਰਪਾ ਕਰ ਕੇ ਅੰਗ੍ਰੇਜ਼ੀ ਦੇ ਜਾਗਰੂਕ ਬਣੋ!, 22 ਮਾਰਚ 1999 ਵਿਚ “ਦਾਦਾ-ਦਾਦੀ ਜਾਂ ਨਾਨਾ-ਨਾਨੀ ਬਣਨ ਦਾ ਚਾਹ ਤੇ ਚੁਣੌਤੀਆਂ” ਨਾਂ ਦਾ ਲੇਖ ਪੜ੍ਹੋ।

[ਸਫ਼ੇ 8 ਉੱਤੇ ਤਸਵੀਰ]

ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਮਾਂ ਆਪਣੇ ਹੋਣ ਵਾਲੇ ਬੱਚੇ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੀ ਹੈ

[ਸਫ਼ੇ 9 ਉੱਤੇ ਤਸਵੀਰ]

ਭਾਵੇਂ ਬੱਚੇ ਦੇ ਜਨਮ ਤੋਂ ਬਾਅਦ ਮਾਂ ਦਾ ਮੂਡ ਮੌਸਮ ਵਾਂਗ ਬਦਲ ਸਕਦਾ ਹੈ, ਫਿਰ ਵੀ ਉਹ ਆਪਣੇ ਬੱਚੇ ਦੀ ਚੰਗੀ ਤਰ੍ਹਾਂ ਦੇਖ-ਭਾਲ ਤੇ ਉਸ ਨਾਲ ਲਾਡ-ਪਿਆਰ ਕਰ ਸਕਦੀ ਹੈ

[ਸਫ਼ੇ 10 ਉੱਤੇ ਤਸਵੀਰ]

ਬੱਚੇ ਦੀ ਪਰਵਰਿਸ਼ ਕਰਨੀ ਪਿਤਾ ਦੀ ਵੀ ਜ਼ਿੰਮੇਵਾਰੀ ਹੈ

[ਸਫ਼ੇ 10 ਉੱਤੇ ਤਸਵੀਰ]

ਛੋਟੀ ਉਮਰ ਤੋਂ ਹੀ ਬੱਚੇ ਨੂੰ ਪੜ੍ਹ ਕੇ ਸੁਣਾਉਣਾ ਚਾਹੀਦਾ ਹੈ