Skip to content

Skip to table of contents

ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਰੋਗ—ਇਕ ਵਧ ਰਹੀ ਸਮੱਸਿਆ

ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਰੋਗ—ਇਕ ਵਧ ਰਹੀ ਸਮੱਸਿਆ

ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਰੋਗ—ਇਕ ਵਧ ਰਹੀ ਸਮੱਸਿਆ

ਲਾਤੀਨੀ-ਅਮਰੀਕਾ ਵਿਚ ਸੌਣ ਦਾ ਵੇਲਾ ਹੈ। ਇਕ ਮਾਂ ਬੜੇ ਪਿਆਰ ਨਾਲ ਆਪਣੇ ਪੁੱਤਰ ਨੂੰ ਪਲੰਘ ਤੇ ਪਾ ਕੇ ਚੁੰਮ ਕੇ ਕਹਿੰਦੀ ਹੈ: ‘ਅੱਛਾ, ਹੁਣ ਸੌਂ ਜਾ।’ ਪਰ ਹਨੇਰੇ ਵਿਚ ਬਾਰਬਰ ਬੀਟਲ ਨਾਂ ਦਾ ਚਮਕੀਲਾ ਕਾਲਾ ਕੀੜਾ ਜੋ ਮਸਾਂ ਇਕ ਇੰਚ ਲੰਬਾ ਹੈ, ਛੱਤ ਦੀ ਤਰੇੜ ਵਿੱਚੋਂ ਨਿਕਲਦਾ ਹੈ। ਉਹ ਸੌਂ ਰਹੇ ਮੁੰਡੇ ਦੇ ਮੂੰਹ ਤੇ ਡਿੱਗ ਕੇ ਉਸ ਦੀ ਨਰਮ ਚਮੜੀ ਤੇ ਲੜ ਜਾਂਦਾ ਹੈ। ਮੁੰਡੇ ਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ। ਇਹ ਬੀਟਲ ਖ਼ੂਨ ਚੂਸਦੇ ਸਮੇਂ ਮਲ-ਮੂਤਰ ਤਿਆਗਦਾ ਹੈ ਜਿਸ ਵਿਚ ਪਰਜੀਵਾਂ ਦਾ ਢੇਰ ਹੁੰਦਾ ਹੈ। ਮੁੰਡਾ ਸੁੱਤੇ-ਸੁੱਤੇ ਹੀ ਆਪਣੇ ਮੂੰਹ ਤੇ ਖਾਜ ਕਰ ਕੇ ਇਸ ਮਲ ਨੂੰ ਹਰੇ ਜ਼ਖ਼ਮ ਵਿਚ ਮਲ ਦਿੰਦਾ ਹੈ।

ਇਸ ਇਕ ਘਟਨਾ ਦੇ ਨਤੀਜੇ ਵਜੋਂ ਇਸ ਬੱਚੇ ਨੂੰ ਸ਼ਾਗਸ ਰੋਗ ਲੱਗ ਜਾਂਦਾ ਹੈ। ਇਕ-ਦੋ ਹਫ਼ਤਿਆਂ ਦੇ ਅੰਦਰ-ਅੰਦਰ ਉਸ ਨੂੰ ਤੇਜ਼ ਬੁਖ਼ਾਰ ਹੁੰਦਾ ਹੈ ਅਤੇ ਉਸ ਦੀ ਦੇਹ ਨੂੰ ਸੋਜ ਪੈ ਜਾਂਦੀ ਹੈ। ਜੇ ਉਹ ਬਚ ਜਾਵੇ, ਤਾਂ ਉਸ ਦੇ ਸਰੀਰ ਅੰਦਰ ਮੌਜੂਦ ਪਰਜੀਵ ਉਸ ਦੇ ਦਿਲ, ਨਸਾਂ ਅਤੇ ਅੰਦਰੂਨੀ ਟਿਸ਼ੂਆਂ ਵਿਚ ਚਲੇ ਜਾਣਗੇ। ਹੋ ਸਕਦਾ ਹੈ ਕਿ 10 ਜਾਂ 20 ਸਾਲਾਂ ਤਕ ਬੀਮਾਰੀ ਦੇ ਕੋਈ ਲੱਛਣ ਨਜ਼ਰ ਨਾ ਆਉਣ। ਪਰ ਫਿਰ ਉਸ ਦੀ ਪਾਚਨ ਨਾਲੀ ਵਿਚ ਨੁਕਸ ਜਾਂ ਦਿਮਾਗ਼ ਵਿਚ ਇਨਫ਼ੈਕਸ਼ਨ ਹੋ ਸਕਦੀ ਹੈ ਅਤੇ ਅੰਤ ਵਿਚ ਉਸ ਦਾ ਦਿਲ ਫੇਲ੍ਹ ਹੋ ਸਕਦਾ ਹੈ।

ਭਾਵੇਂ ਇਹ ਇਕ ਕਹਾਣੀ ਹੈ, ਪਰ ਅਸਲ ਵਿਚ ਸ਼ਾਗਸ ਰੋਗ ਇਸੇ ਤਰ੍ਹਾਂ ਹੀ ਲੱਗਦਾ ਹੈ। ਲਾਤੀਨੀ ਅਮਰੀਕਾ ਵਿਚ ਕਰੋੜਾਂ ਲੋਕਾਂ ਦੀਆਂ ਜਾਨਾਂ ਨੂੰ ਬਾਰਬਰ ਬੀਟਲ ਤੋਂ ਖ਼ਤਰਾ ਹੈ।

ਕਈ ਪੈਰਾਂ ਵਾਲੇ ਕੀੜੇ-ਮਕੌੜੇ

ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦਾ ਕਹਿਣਾ ਹੈ ਕਿ “ਇਨਸਾਨਾਂ ਨੂੰ ਹੋਣ ਵਾਲੇ ਆਮ ਬੁਖ਼ਾਰ ਕੀੜੇ-ਮਕੌੜਿਆਂ ਰਾਹੀਂ ਫੈਲਣ ਵਾਲੇ ਕੀਟਾਣੂਆਂ ਤੋਂ ਹੁੰਦੇ ਹਨ।” ਲੋਕ ਆਮ ਤੌਰ ਤੇ ਛੇ ਪੈਰਾਂ ਵਾਲੀਆਂ ਮੱਖੀਆਂ, ਪਿੱਸੂ, ਮੱਛਰ, ਜੂੰਆਂ ਤੇ ਬੀਟਲ ਤੋਂ ਇਲਾਵਾ ਅੱਠ ਪੈਰਾਂ ਵਾਲੇ ਮਾਈਟ ਅਤੇ ਚਿੱਚੜਾਂ ਨੂੰ ਵੀ “ਕੀੜੇ-ਮਕੌੜੇ” ਕਹਿੰਦੇ ਹਨ।

ਜ਼ਿਆਦਾਤਰ ਕੀੜੇ-ਮਕੌੜੇ ਇਨਸਾਨਾਂ ਦਾ ਕੁਝ ਨਹੀਂ ਵਿਗਾੜਦੇ ਅਤੇ ਕੁਝ ਤਾਂ ਸਾਡੇ ਫ਼ਾਇਦੇ ਲਈ ਵੀ ਹਨ। ਉਨ੍ਹਾਂ ਤੋਂ ਬਿਨਾਂ ਕਈ ਪੌਦਿਆਂ ਤੇ ਦਰਖ਼ਤਾਂ ਦਾ ਪਰਾਗਣ ਨਹੀਂ ਹੋ ਸਕਦਾ। ਨਤੀਜੇ ਵਜੋਂ ਇਨਸਾਨਾਂ ਤੇ ਜਾਨਵਰਾਂ ਨੂੰ ਖਾਣ ਲਈ ਭੋਜਨ ਨਹੀਂ ਮਿਲ ਸਕਦਾ। ਕੁਝ ਕੀੜੇ-ਮਕੌੜੇ ਗੰਦ-ਮੰਦ ਨੂੰ ਖਾਦ ਵਿਚ ਬਦਲਦੇ ਹਨ। ਕਈ ਕੀੜੇ-ਮਕੌੜੇ ਸਿਰਫ਼ ਪੌਦੇ ਖਾਂਦੇ ਹਨ ਅਤੇ ਕਈ ਹੋਰਨਾਂ ਕੀੜੇ-ਮਕੌੜਿਆਂ ਨੂੰ ਖਾਂਦੇ ਹਨ।

ਇਹ ਵੀ ਸੱਚ ਹੈ ਕਿ ਕੁਝ ਕੀੜੇ-ਮਕੌੜੇ ਇਨਸਾਨਾਂ ਅਤੇ ਜਾਨਵਰਾਂ ਨੂੰ ਲੜ ਵੀ ਜਾਂਦੇ ਹਨ। ਇਸ ਦੇ ਨਾਲ-ਨਾਲ ਜਦੋਂ ਬਹੁਤ ਸਾਰੇ ਕੀੜੇ-ਮਕੌੜੇ ਇਕੱਠੇ ਹੋ ਜਾਂਦੇ ਹਨ, ਤਾਂ ਉਹ ਜਾਨਵਰਾਂ ਤੇ ਇਨਸਾਨਾਂ ਨੂੰ ਪਰੇਸ਼ਾਨ ਕਰਦੇ ਹਨ। ਕਈ ਫ਼ਸਲਾਂ ਨੂੰ ਬਰਬਾਦ ਕਰ ਦਿੰਦੇ ਹਨ। ਪਰ ਇਨ੍ਹਾਂ ਨਾਲੋਂ ਵੀ ਭੈੜੇ ਉਹ ਕੀੜੇ-ਮਕੌੜੇ ਹਨ ਜੋ ਰੋਗ ਫੈਲਾ ਕੇ ਮੌਤ ਦਾ ਕਾਰਨ ਬਣਦੇ ਹਨ। ਅਮਰੀਕਾ ਵਿਚ ਰੋਗ ਨਿਯੰਤ੍ਰਣ ਅਤੇ ਰੋਕਥਾਮ ਕੇਂਦਰ ਦੇ ਡਵੇਨ ਗਬਲਰ ਹੋਣੀ ਕਹਿੰਦੇ ਹਨ ਕਿ ‘17ਵੀਂ ਤੋਂ 20ਵੀਂ ਸਦੀ ਦੇ ਸ਼ੁਰੂ ਤਕ ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਰੋਗ ਇਨਸਾਨਾਂ ਦੀਆਂ ਬੀਮਾਰੀਆਂ ਅਤੇ ਮੌਤ ਲਈ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਸਨ।’

ਇਸ ਵਕਤ, 6 ਵਿੱਚੋਂ 1 ਵਿਅਕਤੀ ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਰੋਗ ਤੋਂ ਪੀੜਿਤ ਹੈ। ਇਨਸਾਨਾਂ ਨੂੰ ਦੁੱਖ ਦੇਣ ਤੋਂ ਇਲਾਵਾ ਅਜਿਹੇ ਰੋਗਾਂ ਦੇ ਇਲਾਜ ਉੱਤੇ ਬਹੁਤ ਖ਼ਰਚਾ ਹੁੰਦਾ ਹੈ। ਸਿਰਫ਼ ਇਕ ਮਹਾਂਮਾਰੀ ਨੂੰ ਕਾਬੂ ਕਰਨਾ ਹੀ ਬਹੁਤ ਮਹਿੰਗਾ ਸਾਬਤ ਹੋ ਸਕਦਾ ਹੈ, ਖ਼ਾਸਕਰ ਗ਼ਰੀਬ ਦੇਸ਼ਾਂ ਵਿਚ। ਮਿਸਾਲ ਲਈ, 1994 ਵਿਚ ਪੱਛਮੀ ਭਾਰਤ ਵਿਚ ਇਕ ਮਹਾਂਮਾਰੀ ਫੈਲਣ ਨਾਲ ਅਰਬਾਂ ਡਾਲਰਾਂ ਦਾ ਖ਼ਰਚਾ ਹੋਇਆ ਸੀ। ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਦੇ ਸਭ ਤੋਂ ਗ਼ਰੀਬ ਮੁਲਕ ਅੱਗੇ ਨਹੀਂ ਵਧ ਸਕਦੇ ਜਿੰਨਾ ਚਿਰ ਅਜਿਹੀਆਂ ਬੀਮਾਰੀਆਂ ਉੱਤੇ ਕਾਬੂ ਨਹੀਂ ਪਾਇਆ ਜਾਂਦਾ।

ਕੀੜੇ-ਮਕੌੜੇ ਸਾਨੂੰ ਕਿਸ ਤਰ੍ਹਾਂ ਬੀਮਾਰ ਕਰਦੇ ਹਨ?

ਕੀੜੇ-ਮਕੌੜਿਆਂ ਤੋਂ ਦੋ ਖ਼ਾਸ ਤਰੀਕਿਆਂ ਨਾਲ ਬੀਮਾਰੀ ਲੱਗਦੀ ਹੈ। ਪਹਿਲਾ, ਉਨ੍ਹਾਂ ਦੇ ਸਰੀਰ ਉੱਤੇ ਕੀਟਾਣੂ ਹੁੰਦੇ ਹਨ। ਜਿਸ ਤਰ੍ਹਾਂ ਲੋਕ ਆਪਣੀ ਜੁੱਤੀ ਨਾਲ ਘਰ ਦੇ ਅੰਦਰ ਮਿੱਟੀ ਲਿਆਉਂਦੇ ਹਨ, ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ ਕਿ “ਮੱਖੀਆਂ ਦੇ ਪੈਰਾਂ ਤੇ ਲੱਖਾਂ ਕੀਟਾਣੂ ਹੁੰਦੇ ਹਨ ਅਤੇ ਜੇ ਵੱਡੀ ਮਾਤਰਾ ਵਿਚ ਇਹ ਕੀਟਾਣੂ ਸਾਡੇ ਭੋਜਨ ਵਿਚ ਮਿਲ ਜਾਣ, ਤਾਂ ਉਹ ਰੋਗ ਫੈਲਾ ਸਕਦੇ ਹਨ।” ਮਿਸਾਲ ਲਈ, ਮੱਖੀਆਂ ਮਲ-ਮੂਤਰ ਤੇ ਬੈਠਦੀਆਂ ਹਨ ਅਤੇ ਫਿਰ ਉਹ ਸਾਡੇ ਖਾਣੇ-ਪੀਣੇ ਉੱਤੇ ਬੈਠ ਕੇ ਇਨ੍ਹਾਂ ਨੂੰ ਗੰਦਾ ਕਰ ਦਿੰਦੀਆਂ ਹਨ। ਇਸ ਤਰ੍ਹਾਂ ਇਨਸਾਨਾਂ ਨੂੰ ਟਾਈਫਾਈਡ, ਪੇਚਸ਼ ਅਤੇ ਹੈਜ਼ਾ ਵਰਗੀਆਂ ਕਮਜ਼ੋਰ ਕਰਨ ਵਾਲੀਆਂ ਤੇ ਮਾਰੂ ਬੀਮਾਰੀਆਂ ਲੱਗ ਸਕਦੀਆਂ ਹਨ। ਮੱਖੀਆਂ ਰਾਹੀਂ ਟ੍ਰੈਕੋਮਾ (ਕੁੱਕਰੇ) ਵੀ ਫੈਲਦਾ ਹੈ ਜੋ ਦੁਨੀਆਂ ਵਿਚ ਅੰਨ੍ਹੇਪਣ ਦਾ ਮੁੱਖ ਕਾਰਨ ਹੈ। ਟ੍ਰੈਕੋਮਾ ਇਕ ਵਿਅਕਤੀ ਦੀ ਅੱਖ ਦੇ ਚਿੱਟੇ ਪੜਦੇ ਨੂੰ ਨੁਕਸਾਨ ਪਹੁੰਚਾ ਕੇ ਉਸ ਨੂੰ ਅੰਨ੍ਹਾ ਕਰ ਸਕਦਾ ਹੈ। ਸੰਸਾਰ ਭਰ ਵਿਚ 50,00,00,000 ਲੋਕ ਇਸ ਰੋਗ ਤੋਂ ਪੀੜਿਤ ਹਨ।

ਕਾਕਰੋਚ ਗੰਦ ਵਿਚ ਰਹਿੰਦੇ ਹਨ ਤੇ ਮੰਨਿਆ ਜਾਂਦਾ ਹੈ ਕਿ ਉਹ ਵੀ ਰੋਗ ਦੇ ਕੀਟਾਣੂ ਫੈਲਾਉਂਦੇ ਹਨ। ਇਸ ਤੋਂ ਇਲਾਵਾ ਮਾਹਰ ਮੰਨਦੇ ਹਨ ਕਿ ਕਾਕਰੋਚਾਂ ਤੋਂ ਅਲਰਜੀ ਹੋਣ ਕਰਕੇ ਖ਼ਾਸਕਰ ਬੱਚਿਆਂ ਵਿਚ ਦਮੇ ਦਾ ਰੋਗ ਬਹੁਤ ਵਧ ਗਿਆ ਹੈ। ਮਿਸਾਲ ਲਈ, 15 ਸਾਲਾਂ ਦੀ ਐਸ਼ਲੀ ਬਾਰੇ ਸੋਚੋ ਜੋ ਦਮੇ ਦੇ ਰੋਗ ਕਰਕੇ ਕਈ ਰਾਤਾਂ ਤੋਂ ਔਖੇ-ਔਖੇ ਸਾਹ ਲੈ ਰਹੀ ਸੀ। ਡਾਕਟਰਨੀ ਉਸ ਦੀ ਜਾਂਚ ਕਰਨ ਹੀ ਵਾਲੀ ਸੀ ਜਦੋਂ ਐਸ਼ਲੀ ਦੇ ਕੱਪੜਿਆਂ ਵਿੱਚੋਂ ਇਕ ਕਾਕਰੋਚ ਨਿਕਲ ਕੇ ਮੇਜ਼ ਉੱਤੇ ਡਿੱਗਦਾ ਹੈ।

ਕੀੜੇ-ਮਕੌੜਿਆਂ ਦੇ ਅੰਦਰ ਰੋਗ ਫੈਲਾਉਣ ਵਾਲੇ ਕੀਟਾਣੂ

ਕੀੜੇ-ਮਕੌੜਿਆਂ ਦਾ ਰੋਗ ਫੈਲਾਉਣ ਦਾ ਦੂਸਰਾ ਤਰੀਕਾ ਕੀ ਹੈ? ਜੇ ਕੀੜੇ-ਮਕੌੜਿਆਂ ਅੰਦਰ ਵਾਇਰਸ, ਬੈਕਟੀਰੀਆ ਜਾਂ ਪਰਜੀਵ ਹੋਣ, ਤਾਂ ਉਹ ਕਿਸੇ ਨੂੰ ਲੜ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਰੋਗ ਫੈਲਾ ਸਕਦੇ ਹਨ। ਪਰ ਬਹੁਤ ਘੱਟ ਕੀੜੇ-ਮਕੌੜੇ ਇਸ ਤਰ੍ਹਾਂ ਇਨਸਾਨਾਂ ਵਿਚ ਰੋਗ ਫੈਲਾਉਂਦੇ ਹਨ। ਮਿਸਾਲ ਲਈ, ਭਾਵੇਂ ਕਿ ਕਈ ਕਿਸਮ ਦੇ ਮੱਛਰ ਹਨ, ਪਰ ਸਿਰਫ਼ ਐਨੋਫਲੀਜ਼ ਮੱਛਰ ਮਲੇਰੀਆ ਫੈਲਾਉਂਦੇ ਹਨ। ਛੂਤ ਦੀਆਂ ਬੀਮਾਰੀਆਂ ਵਿਚ ਟੀ ਬੀ ਤੋਂ ਬਾਅਦ ਮਲੇਰੀਆ ਸਭ ਤੋਂ ਮਾਰੂ ਰੋਗ ਹੈ।

ਫਿਰ ਵੀ ਦੂਸਰੇ ਕਿਸਮ ਦੇ ਮੱਛਰਾਂ ਤੋਂ ਹੋਰ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ। ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ “ਰੋਗ ਫੈਲਾਉਣ ਵਾਲੇ ਸਾਰੇ ਕੀੜੇ-ਮਕੌੜਿਆਂ ਵਿੱਚੋਂ ਮੱਛਰਾਂ ਤੋਂ ਹੀ ਸਭ ਤੋਂ ਵੱਡਾ ਖ਼ਤਰਾ ਹੈ ਕਿਉਂਕਿ ਉਹ ਮਲੇਰੀਆ, ਡੈਂਗੂ ਅਤੇ ਪੀਲਾ ਤਾਪ ਫੈਲਾਉਂਦੇ ਹਨ। ਹਰ ਸਾਲ ਕਰੋੜਾਂ ਲੋਕਾਂ ਨੂੰ ਇਹ ਰੋਗ ਲੱਗਦੇ ਹਨ ਅਤੇ ਲੱਖਾਂ ਹੀ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ।” ਧਰਤੀ ਦੀ ਆਬਾਦੀ ਵਿੱਚੋਂ ਲਗਭਗ 40 ਫੀ ਸਦੀ ਲੋਕਾਂ ਨੂੰ ਮਲੇਰੀਆ ਅਤੇ 40 ਫੀ ਸਦੀ ਲੋਕਾਂ ਨੂੰ ਡੈਂਗੂ ਬੁਖ਼ਾਰ ਹੋਣ ਦਾ ਖ਼ਤਰਾ ਹੈ। ਕਈਆਂ ਥਾਵਾਂ ਤੇ ਇਕ ਵਿਅਕਤੀ ਨੂੰ ਇਹ ਦੋਵੇਂ ਰੋਗ ਲੱਗ ਸਕਦੇ ਹਨ।

ਮੱਛਰਾਂ ਤੋਂ ਇਲਾਵਾ ਹੋਰਨਾਂ ਕੀੜੇ-ਮਕੌੜਿਆਂ ਅੰਦਰ ਵੀ ਰੋਗ ਫੈਲਾਉਣ ਵਾਲੇ ਕੀਟਾਣੂ ਹੁੰਦੇ ਹਨ। ਸੇਤਸੇ ਮੱਖੀ ਵਿਚ ਉਹ ਪ੍ਰੋਟੋਜ਼ੋਆ (ਇਕ ਸੈੱਲ ਵਾਲੇ ਜੀਵ) ਹੁੰਦੇ ਹਨ ਜਿਨ੍ਹਾਂ ਕਾਰਨ ਲੱਖਾਂ ਲੋਕਾਂ ਨੂੰ ਨੀਂਦ ਰੋਗ ਹੁੰਦਾ ਹੈ। ਇਸ ਰੋਗ ਤੋਂ ਛੁਟਕਾਰਾ ਪਾਉਣ ਲਈ ਕਈ ਵਾਰ ਪੂਰੇ ਪਿੰਡ ਦੇ ਲੋਕਾਂ ਨੂੰ ਆਪਣੇ ਹਰੇ-ਭਰੇ ਖੇਤ ਛੱਡਣੇ ਪੈਂਦੇ ਹਨ। ਕਾਲੀਆਂ ਮੱਖੀਆਂ ਉਸ ਕੀਟਾਣੂ ਨੂੰ ਫੈਲਾਉਂਦੀਆਂ ਹਨ ਜਿਸ ਤੋਂ ਰਿਵਰ ਬਲਾਈਂਡਨੈਸ ਨਾਂ ਦੀ ਬੀਮਾਰੀ ਹੁੰਦੀ ਹੈ। ਇਸ ਬੀਮਾਰੀ ਕਰਕੇ ਲਗਭਗ 4,00,000 ਅਫ਼ਰੀਕੀ ਲੋਕ ਅੰਨ੍ਹੇ ਹੋ ਗਏ ਹਨ। ਸੈਂਡ ਫਲਾਈ ਨਾਂ ਦੀਆਂ ਮੱਖੀਆਂ ਅਜਿਹੇ ਰੋਗ ਫੈਲਾਉਂਦੀਆਂ ਹਨ ਜਿਸ ਕਾਰਨ ਸੰਸਾਰ ਭਰ ਵਿਚ ਹਰ ਉਮਰ ਦੇ ਲੱਖਾਂ ਲੋਕ ਅਪਾਹਜ ਹੋ ਜਾਂਦੇ ਹਨ, ਉਨ੍ਹਾਂ ਦੇ ਸਾਰੇ ਸਰੀਰ ਤੇ ਦਾਗ਼ ਪੈ ਜਾਂਦੇ ਹਨ ਅਤੇ ਅਕਸਰ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ। ਪਿੱਸੂ ਹਰ ਜਗ੍ਹਾ ਹੁੰਦੇ ਹਨ ਅਤੇ ਇਹ ਫੀਤਾ ਕੀੜਾ (ਟੇਪ-ਵਰਮ), ਦਿਮਾਗ਼ੀ ਬੁਖ਼ਾਰ, ਟੁਲਾਰੀਮੀਆ ਅਤੇ ਪਲੇਗ ਫੈਲਾ ਸਕਦੇ ਹਨ। ਮੱਧ ਕਾਲ ਦੌਰਾਨ ਕਾਲੀ ਮੌਤ ਨਾਂ ਦੀ ਪਲੇਗ ਨੇ ਸਿਰਫ਼ ਛੇ ਸਾਲਾਂ ਵਿਚ ਯੂਰਪ ਦੀ ਆਬਾਦੀ ਦਾ ਤਕਰੀਬਨ ਤੀਜਾ ਹਿੱਸਾ ਖ਼ਤਮ ਕਰ ਦਿੱਤਾ ਸੀ।

ਜੂੰਆਂ, ਮਾਈਟ ਅਤੇ ਚਿੱਚੜ ਤਰ੍ਹਾਂ-ਤਰ੍ਹਾਂ ਦੇ ਟਾਈਫਸ ਅਤੇ ਹੋਰ ਰੋਗ ਵੀ ਫੈਲਾ ਸਕਦੇ ਹਨ। ਸੁਖਾਵੇਂ ਮੌਸਮ ਵਾਲੇ ਦੇਸ਼ਾਂ ਵਿਚ ਚਿੱਚੜ ਸਰੀਰ ਨੂੰ ਕਮਜ਼ੋਰ ਕਰਨ ਵਾਲਾ ਲਾਈਮ ਰੋਗ ਫੈਲਾ ਸਕਦੇ ਹਨ। ਅਮਰੀਕਾ ਅਤੇ ਯੂਰਪ ਵਿਚ ਕੀੜੇ-ਮਕੌੜਿਆਂ ਤੋਂ ਲੱਗਣ ਵਾਲਾ ਇਹ ਸਭ ਤੋਂ ਆਮ ਰੋਗ ਹੈ। ਸਵੀਡਨ ਵਿਚ ਕੀਤੇ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਪਰਵਾਸੀ ਪੰਛੀ ਚਿੱਚੜਾਂ ਨੂੰ ਹਜ਼ਾਰਾਂ ਮੀਲ ਦੂਰ ਲੈ ਜਾ ਸਕਦੇ ਹਨ ਜਿਸ ਕਰਕੇ ਨਵੇਂ ਇਲਾਕਿਆਂ ਵਿਚ ਰੋਗ ਫੈਲ ਜਾਂਦੇ ਹਨ। ਬ੍ਰਿਟੈਨਿਕਾ ਮੁਤਾਬਕ ‘ਮੱਛਰਾਂ ਦੇ ਸਿਵਾਇ, ਚਿੱਚੜ ਇਨਸਾਨਾਂ ਵਿਚ ਬਾਕੀ ਸਾਰੇ ਕੀੜੇ-ਮਕੌੜਿਆਂ ਨਾਲੋਂ ਜ਼ਿਆਦਾ ਰੋਗ ਫੈਲਾਉਂਦੇ ਹਨ।’ ਦਰਅਸਲ ਇਕ ਚਿੱਚੜ ਦੇ ਅੰਦਰ ਰੋਗ ਫੈਲਾਉਣ ਵਾਲੇ ਤਿੰਨ ਕਿਸਮ ਦੇ ਕੀਟਾਣੂ ਹੋ ਸਕਦੇ ਹਨ ਅਤੇ ਇੱਕੋ ਵਾਰੀ ਲੜਨ ਨਾਲ ਤਿੰਨੋਂ ਕੀਟਾਣੂ ਇਨਸਾਨਾਂ ਦੇ ਸਰੀਰ ਅੰਦਰ ਦਾਖ਼ਲ ਹੋ ਸਕਦੇ ਹਨ!

ਰੋਗ ਤੋਂ “ਛੁੱਟੀ”

ਵਿਗਿਆਨੀਆਂ ਨੇ 1877 ਵਿਚ ਇਹ ਗੱਲ ਸਾਬਤ ਕੀਤੀ ਸੀ ਕਿ ਕੀੜੇ-ਮਕੌੜੇ ਰੋਗ ਫੈਲਾਉਂਦੇ ਹਨ। ਉਸ ਸਮੇਂ ਤੋਂ ਲੈ ਕੇ ਹੁਣ ਤਕ, ਰੋਗ ਫੈਲਾਉਣ ਵਾਲੇ ਕੀੜੇ-ਮਕੌੜਿਆਂ ਨੂੰ ਹੱਦੋਂ ਵੱਧ ਵਧਣ ਤੋਂ ਰੋਕਣ ਜਾਂ ਖ਼ਤਮ ਕਰਨ ਲਈ ਸਖ਼ਤ ਕਦਮ ਚੁੱਕੇ ਗਏ ਹਨ। ਸਾਲ 1939 ਤੋਂ ਡੀ ਡੀ ਟੀ ਨਾਂ ਦੀ ਕੀਟ-ਨਾਸ਼ਕ ਦਵਾਈ ਵਰਤੀ ਗਈ ਅਤੇ 1960 ਦੇ ਦਹਾਕੇ ਵਿਚ ਇਹ ਮੰਨਿਆ ਜਾਂਦਾ ਸੀ ਕਿ ਅਫ਼ਰੀਕਾ ਤੋਂ ਛੁੱਟ ਬਾਕੀ ਸਾਰੇ ਦੇਸ਼ਾਂ ਵਿਚ ਕੀੜੇ-ਮਕੌੜਿਆਂ ਤੋਂ ਲੱਗਣ ਵਾਲੇ ਰੋਗਾਂ ਦਾ ਖ਼ਤਰਾ ਟਲ਼ ਗਿਆ ਸੀ। ਇਸ ਲਈ ਕੀੜੇ-ਮਕੌੜਿਆਂ ਤੇ ਉਨ੍ਹਾਂ ਦੇ ਨਿਵਾਸ-ਸਥਾਨਾਂ ਦਾ ਅਧਿਐਨ ਕਰਨ ਵਿਚ ਵਿਗਿਆਨੀਆਂ ਦੀ ਰੁਚੀ ਘੱਟ ਗਈ। ਉਨ੍ਹਾਂ ਨੇ ਕੀੜਿਆਂ ਨੂੰ ਫੈਲਣ ਤੋਂ ਰੋਕਣ ਦੀ ਬਜਾਇ, ਗੰਭੀਰ ਰੂਪ ਨਾਲ ਬੀਮਾਰ ਹੋਏ ਰੋਗੀਆਂ ਦਾ ਇਲਾਜ ਕਰਨ ਉੱਤੇ ਜ਼ਿਆਦਾ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ। ਨਵੀਆਂ ਦਵਾਈਆਂ ਦੀ ਵੀ ਖੋਜ ਕੀਤੀ ਗਈ ਅਤੇ ਇਸ ਤਰ੍ਹਾਂ ਲੱਗਦਾ ਸੀ ਕਿ ਸਾਇੰਸਦਾਨਾਂ ਨੂੰ ਹਰ ਬੀਮਾਰੀ ਦੀ “ਚਮਤਕਾਰੀ ਗੋਲੀ” ਮਿਲ ਗਈ ਸੀ। ਲੋਕਾਂ ਨੂੰ ਛੂਤ ਦੀਆਂ ਬੀਮਾਰੀਆਂ ਤੋਂ “ਛੁੱਟੀ” ਮਿਲ ਗਈ ਸੀ। ਪਰ ਇਹ ਛੁੱਟੀ ਜ਼ਿਆਦਾ ਦੇਰ ਤਕ ਨਾ ਰਹੀ। ਅਗਲਾ ਲੇਖ ਸਮਝਾਵੇਗਾ ਕਿਉਂ। (g03 5/22)

[ਸਫ਼ੇ 3 ਉੱਤੇ ਸੁਰਖੀ]

ਅੱਜ 6 ਵਿੱਚੋਂ 1 ਵਿਅਕਤੀ ਕੀੜੇ-ਮਕੌੜਿਆਂ ਤੋਂ ਫੈਲਣ ਵਾਲੇ ਰੋਗ ਤੋਂ ਪੀੜਿਤ ਹੈ

[ਸਫ਼ੇ 3 ਉੱਤੇ ਤਸਵੀਰ]

ਬਾਰਬਰ ਬੀਟਲ

[ਸਫ਼ੇ 4 ਉੱਤੇ ਤਸਵੀਰ]

ਮੱਖੀਆਂ ਦੇ ਪੈਰਾਂ ਤੇ ਰੋਗ ਫੈਲਾਉਣ ਵਾਲੇ ਕੀਟਾਣੂ ਹੁੰਦੇ ਹਨ

[ਸਫ਼ੇ 5 ਉੱਤੇ ਤਸਵੀਰ]

ਕਈ ਕੀੜੇ-ਮਕੌੜਿਆਂ ਅੰਦਰ ਰੋਗ ਫੈਲਾਉਣ ਵਾਲੇ ਕੀਟਾਣੂ ਹੁੰਦੇ ਹਨ

ਕਾਲੀਆਂ ਮੱਖੀਆਂ ਤੋਂ ਰਿਵਰ ਬਲਾਈਂਡਨੈਸ ਹੁੰਦੀ ਹੈ

ਮੱਛਰ ਮਲੇਰੀਆ, ਡੈਂਗੂ ਅਤੇ ਪੀਲਾ ਤਾਪ ਫੈਲਾਉਂਦੇ ਹਨ

ਜੂੰਆਂ ਟਾਈਫਸ ਫੈਲਾ ਸਕਦੀਆਂ ਹਨ

ਪਿੱਸੂ ਦਿਮਾਗ਼ੀ ਬੁਖ਼ਾਰ ਅਤੇ ਹੋਰ ਰੋਗ ਫੈਲਾਉਂਦੇ ਹਨ

ਸੇਤਸੇ ਮੱਖੀਆਂ ਤੋਂ ਨੀਂਦ ਰੋਗ ਲੱਗਦਾ ਹੈ

[ਕ੍ਰੈਡਿਟ ਲਾਈਨਾਂ]

WHO/TDR/LSTM

CDC/James D. Gathany

CDC/Dr. Dennis D. Juranek

CDC/Janice Carr

WHO/TDR/Fisher

[ਸਫ਼ੇ 4 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Clemson University - USDA Cooperative Extension Slide Series, www.insectimages.org