ਛੋਟੀਆਂ ਗ਼ਲਤੀਆਂ ਤੋਂ ਵੱਡੀਆਂ ਬਰਬਾਦੀਆਂ
ਛੋਟੀਆਂ ਗ਼ਲਤੀਆਂ ਤੋਂ ਵੱਡੀਆਂ ਬਰਬਾਦੀਆਂ
ਜੁਲਾਈ 6, 1988 ਦੇ ਦਿਨ ਉੱਤਰੀ ਸਾਗਰ ਵਿਚ ਪਾਇਪਰ ਅਲਫਾ ਨਾਮਕ ਤੇਲ ਦੇ ਖੂਹ ਤੇ ਕਾਮੇ ਉਸ ਦੇ ਇਕ ਗੈਸ ਪੰਪ ਦੀ ਮੁਰੰਮਤ ਕਰ ਰਹੇ ਸਨ। ਸ਼ਿਫ਼ਟ ਖ਼ਤਮ ਹੋਣ ਤੋਂ ਪਹਿਲਾਂ ਉਹ ਆਪਣਾ ਕੰਮ ਪੂਰਾ ਨਾ ਕਰ ਸਕੇ। ਦੂਜੀ ਸ਼ਿਫ਼ਟ ਦੇ ਕਾਮਿਆਂ ਨੂੰ ਪਤਾ ਨਹੀਂ ਸੀ ਕਿ ਪੰਪ ਦੀ ਮੁਰੰਮਤ ਅਜੇ ਪੂਰੀ ਨਹੀਂ ਹੋਈ। ਉਨ੍ਹਾਂ ਨੇ ਆ ਕੇ ਪੰਪ ਸ਼ੁਰੂ ਕਰ ਦਿੱਤਾ ਤਾਂ ਅੱਗ ਭੜਕ ਉੱਠੀ। ਉਹ ਸਮੁੰਦਰ ਤੋਂ ਇੰਨੇ ਉੱਚੇ ਪਲੇਟਫਾਰਮ ਤੇ ਸਨ ਕਿ ਬਚਣ ਦਾ ਕੋਈ ਰਾਹ ਨਹੀਂ ਸੀ ਅਤੇ 167 ਲੋਕ ਮਾਰੇ ਗਏ।
ਬਾਰਾਂ ਸਾਲ ਬਾਅਦ 25 ਜੁਲਾਈ 2000 ਦੇ ਦਿਨ ਫਰਾਂਸ ਵਿਚ ਪੈਰਿਸ ਦੇ ਚਾਰਲਜ਼ ਡੀ ਗੌਲ ਹਵਾਈ ਅੱਡੇ ਤੇ ਕੌਂਕੋਰਡ ਨਾਂ ਦਾ ਹਵਾਈ ਜਹਾਜ਼ ਉੱਡਣ ਦੀ ਤਿਆਰੀ ਵਿਚ ਰੰਨਵੇ ਤੇ ਤੇਜ਼-ਰਫ਼ਤਾਰ ਨਾਲ ਚੱਲ ਰਿਹਾ ਸੀ। ਟਾਈਟੇਨੀਅਮ ਦਾ ਇਕ ਟੁਕੜਾ ਰੰਨਵੇ ਤੇ ਕੂੜੇ ਵਜੋਂ ਪਿਆ ਸੀ। ਇਹ ਟੁਕੜਾ ਇਸ ਤੇਜ਼ ਚੱਲ ਰਹੇ ਜਹਾਜ਼ ਦੇ ਇਕ ਟਾਇਰ ਵਿਚ ਵੜ ਗਿਆ ਤੇ ਟਾਇਰ ਪਾਟ ਗਿਆ। ਇਸ ਨਾਲ ਜਹਾਜ਼ ਦੇ ਵਿੰਗ ਵਿਚਲੀ ਪਟਰੋਲ ਦੀ ਟੈਂਕੀ ਵੀ ਫੱਟ ਗਈ। ਖੱਬੇ ਹੱਥ ਦੇ ਇੰਜਣ ਪਟਰੋਲ ਨਾਲ ਭਰ ਗਏ ਅਤੇ ਅੱਗ ਦੀ 60 ਮੀਟਰ ਲੰਬੀ ਲਾਟ ਬਲ ਉੱਠੀ। ਤਕਰੀਬਨ ਦੋ ਮਿੰਟਾਂ ਵਿਚ ਜਹਾਜ਼ ਇਕ ਹੋਟਲ ਉੱਤੇ ਜਾ ਡਿੱਗਿਆ। ਜਹਾਜ਼ ਦੀਆਂ ਸਾਰੀਆਂ ਸਵਾਰੀਆਂ ਅਤੇ ਜ਼ਮੀਨ ਤੇ ਕੁਝ ਲੋਕ ਮਾਰੇ ਗਏ।
ਅਜਿਹੀਆਂ ਦੁਰਘਟਨਾਵਾਂ ਬਾਰੇ ਗੱਲ ਕਰਦੇ ਹੋਏ ਜੇਮਜ਼ ਚਿਲਸ ਨੇ ਆਪਣੀ ਕਿਤਾਬ ਬਰਬਾਦੀ ਦੀ ਸੰਭਾਵਨਾ—ਤਕਨਾਲੋਜੀ ਤੋਂ ਸਬਕ ਵਿਚ ਕਿਹਾ: “ਸਾਡੀ ਨਵੀਂ ਦੁਨੀਆਂ ਵਿਚ ਅਸੀਂ ਅਜਿਹੀਆਂ ਮਸ਼ੀਨਾਂ ਨਾਲ ਘੇਰੇ ਹੋਏ ਹਾਂ ਜੋ ਕਦੇ-ਕਦੇ ਚੰਗੀ ਤਰ੍ਹਾਂ ਕੰਮ ਨਹੀਂ ਕਰਦੀਆਂ। ਸਾਨੂੰ ਇਹ ਕਬੂਲ ਕਰਨਾ ਚਾਹੀਦਾ ਹੈ ਕਿ ਛੋਟੀਆਂ-ਮੋਟੀਆਂ ਗ਼ਲਤੀਆਂ ਵੀ ਵੱਡੀਆਂ-ਵੱਡੀਆਂ ਬਰਬਾਦੀਆਂ ਲਿਆ ਸਕਦੀਆਂ ਹਨ।” ਸ਼੍ਰੀਮਾਨ ਚਿਲਸ ਦੀ ਕਿਤਾਬ ਦੀ ਰਿਵਿਊ ਕਰਦੇ ਹੋਏ ਸਾਇੰਸ ਨਾਂ ਦੇ ਰਸਾਲੇ ਨੇ ਕਿਹਾ: “ਪਿੱਛਲੀਆਂ ਕੁਝ ਸਦੀਆਂ ਤੋਂ ਅਸੀਂ ਵਿਗਿਆਨ ਤੇ ਤਕਨਾਲੋਜੀ ਦੀ ਸ਼ਾਨਦਾਰ ਅਤੇ ਤੇਜ਼ ਤਰੱਕੀ ਦੇਖ ਕੇ ਮਦਹੋਸ਼ ਹੋਏ ਹਾਂ। ਅਸੀਂ ਆਪਣੀ ਦੁਨੀਆਂ ਨੂੰ ਬਦਲਣ ਤੇ ਸਮਝਣ ਦੀਆਂ ਅਤਿਅੰਤ ਸੰਭਾਵਨਾਵਾਂ ਬਾਰੇ ਸੋਚਦੇ ਹਾਂ। ਪਰ ਸਾਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਹੁਣ ਅਸੀਂ ਪਹਿਲਾਂ ਵਾਂਗ ਕੋਈ ਗ਼ਲਤੀ ਨਹੀਂ ਕਰਾਂਗੇ।”
ਜ਼ਿਆਦਾ ਖ਼ਤਰਨਾਕ ਤਕਨਾਲੋਜੀਆਂ ਬਾਰੇ ਗੱਲ ਕਰਦੇ ਹੋਏ ਸਾਇੰਸ ਰਸਾਲੇ ਨੇ ਕਿਹਾ: “ਛੋਟੀ ਜਿਹੀ ਗ਼ਲਤੀ ਕਰਨੀ ਵੀ ਬਹੁਤ ਵੱਡਾ ਖ਼ਤਰਾ ਪੇਸ਼ ਕਰਦੀ ਹੈ। ਇਨ੍ਹਾਂ ਤਕਨਾਲੋਜੀਆਂ ਦੇ ਸੰਬੰਧ ਵਿਚ ਇਹ ਜ਼ਰੂਰੀ ਹੈ ਕਿ ਸਾਡੇ ਤੋਂ ਕੋਈ ਗ਼ਲਤੀ ਨਾ ਹੋਵੇ।” ਪਰ ਇਨਸਾਨਾਂ ਦੇ ਇਤਿਹਾਸ ਤੋਂ ਕੀ ਪੱਤਾ ਲੱਗਦਾ ਹੈ? ਕੀ ਇਨਸਾਨ ਗ਼ਲਤੀਆਂ ਕਰਨ ਤੋਂ ਬਿਨਾਂ ਕੰਮ ਕਰ ਸਕਦੇ ਹਨ? ਬਿਲਕੁਲ ਨਹੀਂ! ਤਾਂ ਫਿਰ ਕੋਈ ਸ਼ੱਕ ਨਹੀਂ ਕਿ ਗ਼ਲਤੀਆਂ ਦੇ ਕਾਰਨ ਤਰ੍ਹਾਂ-ਤਰ੍ਹਾਂ ਦੀਆਂ ਬਰਬਾਦੀਆਂ ਹੁੰਦੀਆਂ ਰਹਿਣਗੀਆਂ।
ਪਰ ਇਹ ਹਮੇਸ਼ਾ ਲਈ ਨਹੀਂ ਹੁੰਦੀਆਂ ਰਹਿਣਗੀਆਂ। ਪਰਮੇਸ਼ੁਰ ਦਾ ਭੈ ਰੱਖਣ ਵਾਲੇ ਲੋਕ ਉਸ ਸਮੇਂ ਦੀ ਆਸ ਰੱਖਦੇ ਹਨ ਜਦੋਂ ਇਨਸਾਨੀ ਗ਼ਲਤੀਆਂ ਜਾਂ ਕਮੀਆਂ ਦੇ ਕਾਰਨ ਕੋਈ ਨਹੀਂ ਮਰੇਗਾ। ਕਿਉਂ ਨਹੀਂ? ਕਿਉਂਕਿ ਪਰਮੇਸ਼ੁਰ ਆਪਣੀ ਸਵਰਗੀ ਸਰਕਾਰ ਦੇ ਜ਼ਰੀਏ ਦੁੱਖ-ਦਰਦ ਤੇ ਮੌਤ ਦੇ ਸਾਰੇ ਕਾਰਨ ਖ਼ਤਮ ਕਰ ਦੇਵੇਗਾ।—ਮੱਤੀ 6:9, 10; ਪਰਕਾਸ਼ ਦੀ ਪੋਥੀ 21:3, 4. (g02 10/22)
[ਸਫ਼ੇ 31 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
AP Photo/Toshihiko Sato