“ਸੁਨਹਿਰਾ ਦੇਸ਼” ਮਨਮਾਰ
“ਸੁਨਹਿਰਾ ਦੇਸ਼” ਮਨਮਾਰ
ਮਨਮਾਰ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਇਹ “ਸੁਨਹਿਰਾ ਦੇਸ਼” ਪਹਾੜਾਂ ਦੀ ਮਾਲਾ ਨਾਲ ਘੇਰਿਆ ਹੋਇਆ ਹੈ ਜੋ ਇਸ ਦੇ ਲਾਗਲੇ ਏਸ਼ੀਆਈ ਦੇਸ਼ਾਂ ਤੋਂ ਇਸ ਨੂੰ ਅਲੱਗ ਰੱਖਦੇ ਹਨ। ਇਸ ਦੇ ਦੱਖਣ-ਪੱਛਮ ਵੱਲ ਬੰਗਾਲ ਦੀ ਖਾੜੀ ਅਤੇ ਅੰਡੇਮਾਨ ਸਾਗਰ ਇਸ ਦੇ 2 ਹਜ਼ਾਰ ਕਿਲੋਮੀਟਰ ਲੰਬੇ ਕਿਨਾਰੇ ਨਾਲ ਲੱਗਦੇ ਹਨ। ਇਸ ਦੇ ਪੱਛਮ ਵੱਲ ਬੰਗਲਾਦੇਸ਼ ਅਤੇ ਭਾਰਤ ਹਨ, ਉੱਤਰ ਵਿਚ ਚੀਨ, ਅਤੇ ਪੂਰਬ ਵੱਲ ਲਾਓਸ ਅਤੇ ਥਾਈਲੈਂਡ ਹਨ। ਇਹ ਦੇਸ਼ ਮੈਡਾਗਾਸਕਰ ਨਾਲੋਂ ਥੋੜ੍ਹਾ ਜਿਹਾ ਵੱਡਾ ਅਤੇ ਅਮਰੀਕਾ ਦੇ ਟੈਕਸਸ ਰਾਜ ਨਾਲੋਂ ਰਤਾ ਕੁ ਛੋਟਾ ਹੈ। ਇਸ ਦੇਸ਼ ਦਾ ਨਾਂ ਕੀ ਹੈ? ਪਹਿਲਾਂ ਇਸ ਦਾ ਨਾਂ ਬਰਮਾ ਹੁੰਦਾ ਸੀ ਪਰ ਅੱਜ-ਕੱਲ੍ਹ ਇਸ ਨੂੰ ਮਨਮਾਰ ਕਿਹਾ ਜਾਂਦਾ ਹੈ।
ਮਨਮਾਰ ਵਿਚ ਆ ਕੇ ਰਹਿਣ ਵਾਲੇ ਮੁੱਢਲੇ ਵਾਸੀਆਂ ਨੇ ਇਸ ਨੂੰ ਸੁਨਹਿਰਾ ਦੇਸ਼ ਸੱਦਿਆ ਸੀ ਕਿਉਂਕਿ ਇੱਥੇ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਹਨ: ਪੈਟਰੋਲ ਅਤੇ ਗੈਸ, ਤਾਂਬਾ, ਕਲੀ, ਚਾਂਦੀ, ਟੰਗਸਟਨ, ਅਤੇ ਹੋਰ ਧਾਤਾਂ ਦੇ ਨਾਲੋ-ਨਾਲ ਨੀਲਮ, ਜ਼ਮੁਰਦ, ਲਾਲ ਅਤੇ ਹਰੇ ਰੰਗ ਦੇ ਕੀਮਤੀ ਪੱਥਰ ਵੀ ਹਨ। ਇੱਥੇ ਦੇ ਖ਼ਜ਼ਾਨਿਆਂ ਵਿਚ ਵੱਖ-ਵੱਖ ਕਿਸਮ ਦੇ ਦਰਖ਼ਤਾਂ ਵਾਲੇ ਜੰਗਲ ਵੀ ਹਨ ਜਿਨ੍ਹਾਂ ਤੋਂ ਬਹੁਤ ਵਧੀਆ ਲੱਕੜ ਮਿਲਦੀ ਹੈ। ਇੱਥੇ ਦੇ ਜੰਗਲਾਂ ਵਿਚ ਬਾਂਦਰ, ਸ਼ੇਰ, ਰਿੱਛ, ਮੱਝਾਂ, ਹਾਥੀ, ਅਤੇ ਕਈ ਹੋਰ ਜੰਗਲੀ ਜਾਨਵਰ ਰਹਿੰਦੇ ਹਨ। ਪਰ ਸੁਨਹਿਰੇ ਦੇਸ਼ ਦੇ ਅਸਲੀ ਖ਼ਜ਼ਾਨੇ ਇੱਥੇ ਦੇ ਲੋਕ ਹਨ।
ਮਨਮਾਰ ਦੇ ਲੋਕ
ਆਮ ਤੌਰ ਤੇ ਇੱਥੇ ਦੇ ਲੋਕ ਬੜੇ ਤਮੀਜ਼ ਵਾਲੇ ਅਤੇ ਸ਼ਾਂਤਮਈ ਹਨ। ਉਹ ਬੜੀ ਚੰਗੀ ਤਰ੍ਹਾਂ ਪਰਾਹੁਣਿਆਂ ਦੀ ਦੇਖ-ਭਾਲ ਅਤੇ ਆਦਰ-ਸਤਿਕਾਰ ਕਰਦੇ ਹਨ। ਬੱਚੇ ਆਪ ਤੋਂ ਵੱਡਿਆਂ ਨੂੰ ਆਂਟੀ ਅਤੇ ਆਂਕਲ ਸੱਦਦੇ ਹਨ।
ਕਈ ਲੋਕ ਜੋ ਇੱਥੇ ਸੈਰ ਕਰਨ ਆਉਂਦੇ ਹਨ ਪੁੱਛਦੇ ਹਨ ਕਿ ਲੋਕਾਂ ਦੀ ਚਮੜੀ ਇੰਨੀ ਮੁਲਾਇਮ ਕਿਉਂ ਹੈ। ਔਰਤਾਂ ਤੁਹਾਨੂੰ ਦੱਸਣਗੀਆਂ ਕਿ ਇਸ ਦਾ ਇਕ ਕਾਰਨ ਥਨੱਕਾ ਹੈ ਜੋ ਥਨੱਕਾ ਦੇ ਰੁਖ ਤੋਂ ਬਣੀ ਹੋਈ ਹਲਕੇ ਜਿਹੇ ਪੀਲੇ ਰੰਗ ਦੀ ਕ੍ਰੀਮ ਹੈ। ਟਾਹਣੀ ਦੇ ਛਿਲਕੇ ਨੂੰ ਪੱਥਰ ਨਾਲ ਪੀਸ ਕੇ ਅਤੇ ਉਸ ਵਿਚ ਥੋੜ੍ਹਾ ਜਿਹਾ ਪਾਣੀ ਰਲਾ ਕੇ ਔਰਤਾਂ ਇਸ ਤੋਂ ਲੇਟੀ ਬਣਾਉਂਦੀਆਂ ਹਨ। ਫਿਰ ਉਹ ਇਸ ਨਾਲ ਆਪਣੇ ਮੂੰਹਾਂ ਨੂੰ ਸੋਹਣੀ ਤਰ੍ਹਾਂ ਸ਼ਿੰਗਾਰਦੀਆਂ ਹਨ। ਚਿਹਰੇ ਨੂੰ ਠੰਡਾ ਅਤੇ ਤਾਜ਼ਾ ਕਰਨ ਤੋਂ ਇਲਾਵਾ ਥਨੱਕਾ ਚਮੜੀ ਨੂੰ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਵੀ ਬਚਾਉਂਦਾ ਹੈ।
ਇੱਥੇ ਦੇ ਲੋਕ ਆਮ ਤੌਰ ਤੇ ਦੋ ਮੀਟਰ ਲੰਮੀ ਲੁੰਗੀ ਪਹਿੰਦੇ ਹਨ। ਲੁੰਗੀ ਨੂੰ ਸੀਣ ਮਾਰ ਕੇ ਇਸ ਦਾ ਘੇਰਾ ਬਣਾਇਆ ਹੁੰਦਾ ਹੈ। ਔਰਤਾਂ ਇਸ ਨੂੰ ਸਾੜੀ ਵਾਂਗ ਪਲੇਟਾਂ ਪਾ ਕੇ ਪਹਿੰਦੀਆਂ ਹਨ ਅਤੇ ਆਦਮੀ ਮੋਹਰੇ ਗੱਠ ਬੰਨ੍ਹ ਕੇ ਇਸ ਨੂੰ ਪਹਿੰਦੇ ਹਨ। ਇੱਥੇ ਦੇ ਗਰਮ ਮੌਸਮ ਵਿਚ ਆਦਮੀਆਂ ਅਤੇ ਔਰਤਾਂ ਦੋਹਾਂ ਲਈ ਲੁੰਗੀ ਦਾ ਪਹਿਰਾਵਾ ਬਹੁਤ ਢੁਕਵਾਂ ਹੈ।
ਜੇਕਰ ਤੁਸੀਂ ਇੱਥੇ ਦੇ ਕਿਸੇ ਬਜ਼ਾਰ ਵਿਚ ਜਾਵੋ ਤਾਂ ਤੁਸੀਂ ਦੇਖੋਗੇ ਕਿ ਇੱਥੇ ਦੇ ਲੋਕ ਕਾਫ਼ੀ ਸੋਹਣੀ ਕਾਰੀਗਰੀ ਕਰਦੇ ਹਨ ਕਿਉਂਕਿ ਤੁਹਾਨੂੰ ਰੇਸ਼ਮੀ ਕੱਪੜੇ, ਹੱਥੀਂ ਬਣਾਏ ਗਏ ਗਹਿਣੇ, ਅਤੇ ਲੱਕੜੀ ਦੀਆਂ ਬੁੱਤਕਾਰੀਆਂ ਨਜ਼ਰ ਆਉਣਗੀਆਂ। ਟੀਕ, ਪਾਡਾਉਕ, ਅਤੇ ਹੋਰ ਕਿਸਮ ਦੀ ਲੱਕੜੀ ਨਾਲ ਲੋਕਾਂ, ਸ਼ੇਰਾਂ, ਘੋੜਿਆਂ, ਮੱਝਾਂ, ਅਤੇ ਹਾਥੀਆਂ ਦੇ ਸ਼ਾਨਦਾਰ ਬੁੱਤ ਬਣਾਏ ਜਾਂਦੇ ਹਨ। ਤੁਸੀਂ ਬਜ਼ਾਰਾਂ ਵਿਚ ਉਕਰਾਈ ਨਾਲ ਸ਼ਿੰਗਾਰੇ ਹੋਏ ਮੇਜ਼-ਕੁਰਸੀਆਂ ਅਤੇ ਕਮਰਿਆਂ ਨੂੰ ਵੰਡਣ ਵਾਲੇ ਪਰਦੇ ਖ਼ਰੀਦ ਸਕਦੇ ਹੋ। ਪਰ ਜੇ ਤੁਹਾਨੂੰ ਕੋਈ ਚੀਜ਼ ਪਸੰਦ ਆ ਜਾਵੇ ਤਾਂ ਮੁੱਲ ਬਾਰੇ ਸੌਦੇਬਾਜ਼ੀ ਕਰਨ ਲਈ ਤਿਆਰ ਰਹੋ!
ਮਨਮਾਰ ਦੇ ਲੋਕ ਲਾਖੜੇ ਨਾਲ ਰੋਗਨ ਕੀਤੇ ਗਏ ਕੌਲੇ, ਪਲੇਟਾਂ, ਅਤੇ ਢੱਕਣ ਵਾਲੇ ਡੱਬੇ ਬਣਾਉਣ ਦੇ ਮਾਹਰ ਵੀ ਹਨ। ਉਹ ਇਨ੍ਹਾਂ ਸ਼ਾਨਦਾਰ ਉਕਰਾਈ ਅਤੇ ਡੀਜ਼ਾਈਨਾਂ ਵਾਲੀਆਂ ਚੀਜ਼ਾਂ ਨੂੰ ਕਿਸੇ ਵੀ ਨਮੂਨਿਆਂ ਤੋਂ ਬਿਨਾਂ ਬਣਾਉਂਦੇ ਹਨ ਜਿਸ ਕਰਕੇ ਉਹ ਚੀਜ਼ਾਂ ਬਿਲਕੁਲ ਨਿਰਾਲੀਆਂ ਹੁੰਦੀਆਂ ਹਨ। ਸਭ ਤੋਂ ਪਹਿਲਾਂ ਉਹ ਇਨ੍ਹਾਂ ਚੀਜ਼ਾਂ ਦੇ ਢਾਂਚਿਆਂ ਨੂੰ ਬਾਂਸ ਦੇ ਛਿਲਕਿਆਂ ਨਾਲ ਬੁਣ ਕੇ ਬਣਾਉਂਦੇ ਹਨ। (ਕੀਮਤੀ ਚੀਜ਼ਾਂ ਦੇ ਢਾਂਚੇ ਘੋੜਿਆਂ ਦੀ ਜੱਤ ਅਤੇ ਬਾਂਸ ਤੋਂ ਬੁਣੇ ਜਾਂਦੇ ਹਨ।) ਕਾਰੀਗਰ ਥਿਟਸੇ ਦਰਖ਼ਤ ਦਾ ਤੇਲ ਅਤੇ ਜਾਨਵਰਾਂ ਦੀਆਂ ਸਾੜੀਆਂ ਤੇ ਪੀਸੀਆਂ ਹੋਈਆਂ ਹੱਡੀਆਂ ਨੂੰ ਮਿਲਾ ਕੇ ਲਾਖੜਾ ਬਣਾਉਂਦੇ ਹਨ। ਚੀਜ਼ ਦੇ ਢਾਂਚੇ ਉੱਤੇ ਇਹ ਲਾਖ ਘੱਟ ਤੋਂ ਘੱਟ ਸੱਤ ਵਾਰ ਲੇਪਿਆ ਜਾਂਦਾ ਹੈ।
ਲਾਖ ਦੇ ਸੁੱਕਣ ਤੋਂ ਬਾਅਦ ਕਾਰੀਗਰ ਸਟੀਲ ਦੇ ਪੈੱਨ ਨਾਲ ਉਸ ਚੀਜ਼ ਉੱਤੇ ਡੀਜ਼ਾਈਨ ਬਣਾਉਂਦਾ ਹੈ। ਫਿਰ ਥੋੜ੍ਹਾ ਜਿਹਾ ਰੰਗ-ਰੋਗਨ ਲਗਾਉਣ ਤੋਂ ਬਾਅਦ ਉਹ ਚੀਜ਼ ਸਿਰਫ਼ ਸੋਹਣੀ ਹੀ ਨਹੀਂ ਹੁੰਦੀ ਪਰ ਤੁਸੀਂ ਉਸ ਨੂੰ ਵਰਤ ਵੀ ਸਕਦੇ ਹੋ।
ਧਰਮ ਦਾ ਪ੍ਰਭਾਵ
ਮਨਮਾਰ ਦੇ 85 ਫੀ ਸਦੀ ਲੋਕ ਬੋਧੀ ਹਨ ਅਤੇ ਬਾਕੀਆਂ ਵਿੱਚੋਂ
ਜ਼ਿਆਦਾਤਰ ਮੁਸਲਮਾਨ ਅਤੇ ਈਸਾਈ ਹਨ। ਹੋਰਨਾਂ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਾਂਗ ਇੱਥੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਧਰਮ ਨੂੰ ਕਾਫ਼ੀ ਮਹੱਤਤਾ ਦਿੱਤੀ ਜਾਂਦੀ ਹੈ। ਪਰ ਸੈਲਾਨੀਆਂ ਵਾਸਤੇ ਇੱਥੇ ਦੀਆਂ ਕੁਝ ਧਾਰਮਿਕ ਰੀਤਾਂ ਅਜੀਬ ਹਨ।ਉਦਾਹਰਣ ਵਜੋਂ ਬੋਧੀ ਸੰਨਿਆਸੀ ਕਸਮ ਖਾਂਦੇ ਹਨ ਕਿ ਉਹ ਕਦੇ ਕਿਸੇ ਔਰਤ ਨੂੰ ਹੱਥ ਨਹੀਂ ਲਾਉਣਗੇ। ਇਸ ਕਰਕੇ ਔਰਤਾਂ ਬੜਾ ਧਿਆਨ ਰੱਖਦੀਆਂ ਹਨ ਕਿ ਉਹ ਇਨ੍ਹਾਂ ਸੰਨਿਆਸੀਆਂ ਦੇ ਲਾਗੇ ਨਾ ਆਉਣ। ਬੱਸਾਂ ਉੱਤੇ ਸਫ਼ਰ ਕਰਨ ਤੇ ਵੀ ਧਾਰਮਿਕ ਰੀਤਾਂ ਦਾ ਪ੍ਰਭਾਵ ਪੈਂਦਾ ਹੈ। ਬਾਹਰੋਂ ਆਏ ਲੋਕ ਸ਼ਾਇਦ ਬੱਸ ਵਿਚ ਇਸ ਸਾਈਨ ਨੂੰ ਪੜ੍ਹ ਕੇ ਹੈਰਾਨ ਹੋਣ: “ਡ੍ਰਾਈਵਰ ਨੂੰ ਨਾ ਪੁੱਛੋ ਕਿ ਬੱਸ ਕਿੰਨੇ ਵਜੇ ਆਪਣੇ ਟਿਕਾਣੇ ਪੁੱਜੇਗੀ।” ਕੀ ਡ੍ਰਾਈਵਰ ਕਾਹਲ ਕਰਨ ਵਾਲੇ ਯਾਤਰੀਆਂ ਦੇ ਸਵਾਲਾਂ ਤੋਂ ਤੰਗ ਆ ਗਏ ਹਨ? ਵੈਸੇ ਗੱਲ ਇਹ ਨਹੀਂ ਹੈ, ਪਰ ਇੱਥੇ ਦੇ ਬੋਧੀਆਂ ਅਨੁਸਾਰ ਅਜਿਹੇ ਸਵਾਲ ਕਰਕੇ ਜਿੰਨ-ਭੂਤ ਬੁਰਾ ਮਨ੍ਹਾ ਕੇ ਬੱਸ ਨੂੰ ਅਟਕਾ ਸਕਦੇ ਹਨ!
ਮਨਮਾਰ ਦਾ ਇਤਿਹਾਸ
ਇੱਥੇ ਦਾ ਮੁੱਢਲਾ ਇਤਿਹਾਸ ਇੰਨਾ ਸਪੱਸ਼ਟ ਨਹੀਂ ਹੈ ਪਰ ਮੰਨਿਆ ਜਾਂਦਾ ਹੈ ਕਿ ਆਸ-ਪਾਸ ਦੇ ਮੁਲਕਾਂ ਤੋਂ ਕਈਆਂ ਕਬੀਲਿਆਂ ਦੇ ਲੋਕ ਇੱਥੇ ਆਏ ਸਨ। ਮੋਨ ਨਾਂ ਦੇ ਲੋਕਾਂ ਨੇ ਇਸ ਥਾਂ ਨੂੰ ਸੁਵਾਂਨਾਭੂਮੀ, ਯਾਨੀ “ਸੁਨਹਿਰਾ ਦੇਸ਼” ਸੱਦਿਆ ਸੀ। ਤਿੱਬਤੀ-ਬਰਮੀ ਲੋਕ ਪੂਰਬੀ ਹਿਮਾਲਿਆ ਤੋਂ ਆਏ ਸਨ, ਅਤੇ ਟਾਈ ਲੋਕ ਉਸ ਇਲਾਕੇ ਤੋਂ ਆਏ ਜਿਸ ਨੂੰ ਅੱਜ-ਕੱਲ੍ਹ ਦੱਖਣੀ-ਪੱਛਮ ਚੀਨ ਕਿਹਾ ਜਾਂਦਾ ਹੈ। ਇੱਥੇ ਦੇ ਪਹਾੜੀ ਇਲਾਕੇ ਨੇ ਕਬੀਲਿਆਂ ਨੂੰ ਇਕ ਦੂਜੇ ਤੋਂ ਵੱਖਰੇ ਰੱਖਿਆ, ਜਿਸ ਕਰਕੇ ਇੱਥੇ ਬਹੁਤ ਕਬੀਲੇ ਅਤੇ ਉਨ੍ਹਾਂ ਦੀਆਂ ਵੱਖੋ-ਵੱਖਰੀਆਂ ਬੋਲੀਆਂ ਹਨ।
ਅੰਗ੍ਰੇਜ਼ਾਂ ਨੇ ਇੰਡੀਆ ਨੂੰ ਆਪਣੀ ਨਵੀਂ ਬਸਤੀ ਬਣਾਉਣ ਤੋਂ ਛੇਤੀ ਬਾਅਦ, 19ਵੀਂ ਸਦੀ ਦੇ ਮੁੱਢ ਵਿਚ ਇੱਥੇ ਆਉਣਾ ਸ਼ੁਰੂ ਕਰ ਦਿੱਤਾ। ਉਹ ਪਹਿਲਾਂ ਇੱਥੇ ਦੇ ਦੱਖਣੀ ਹਿੱਸੇ ਵਿਚ ਵਸੇ ਪਰ ਬਾਅਦ ਵਿਚ ਉਨ੍ਹਾਂ ਨੇ ਸਾਰੇ ਮੁਲਕ ਉੱਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਦਿਨਾਂ ਵਿਚ ਮਨਮਾਰ ਨੂੰ ਬਰਮਾ ਸੱਦਿਆ ਜਾਂਦਾ ਸੀ ਅਤੇ 1886 ਤਕ ਇਹ ਦੇਸ਼ ਬਰਤਾਨਵੀ ਇੰਡੀਆ ਨਾਲ ਜੋੜਿਆ ਗਿਆ ਸੀ।
ਦੂਜੇ ਵਿਸ਼ਵ ਯੁੱਧ ਦੌਰਾਨ ਇੱਥੇ ਕਾਫ਼ੀ ਜੰਗ ਲੜੀ ਗਈ ਅਤੇ 1942 ਦੇ ਕੁਝ ਹੀ ਮਹੀਨਿਆਂ ਵਿਚ ਜਪਾਨੀ ਫ਼ੌਜਾਂ ਨੇ ਅੰਗ੍ਰੇਜ਼ਾਂ ਨੂੰ ਇੱਥੋਂ ਬਾਹਰ ਵਗਾ ਦਿੱਤਾ। ਇਸ ਤੋਂ ਬਾਅਦ “ਮਾਰੂ ਰੇਲਵੇ” ਬਣਾਇਆ ਗਿਆ ਸੀ। ਰੇਲ ਦੀ ਇਹ ਲਾਈਨ 400 ਕਿਲੋਮੀਟਰ ਲੰਮੀ ਸੀ ਅਤੇ ਜੰਗਲਾਂ ਅਤੇ ਪਹਾੜਾਂ ਰਾਹੀਂ ਲੰਘ ਕੇ ਬਰਮਾ ਦੇ ਤਾਂਬੁਜ਼ਾਟ ਸ਼ਹਿਰ ਤੋਂ ਲੈ ਕੇ ਥਾਈਲੈਂਡ ਦੇ ਨੌਂਗ ਪਲਾਡੋਕ ਸ਼ਹਿਰ ਨੂੰ ਜਾਂਦੀ ਸੀ। ਉਸ ਸਮੇਂ ਲੋਹੇ ਦੀ ਬਹੁਤ ਕਮੀ ਸੀ ਜਿਸ ਕਰਕੇ ਕੇਂਦਰੀ ਮਲਾਯਾ (ਜਿਸ ਨੂੰ ਅੱਜ ਮਲੇਸ਼ੀਆ ਸੱਦਿਆ ਜਾਂਦਾ ਹੈ) ਤੋਂ ਰੇਲ ਦੀਆਂ ਪਟੜੀਆਂ ਲਾ ਕੇ ਇੱਥੇ ਲਗਾਈਆਂ ਗਈਆਂ ਸਨ। ਇਸ ਪ੍ਰਾਜੈਕਟ ਦੇ ਛੋਟੇ ਜਿਹੇ ਹਿੱਸੇ, ਯਾਨੀ ਕੁਆਏ ਦਰਿਆ ਉੱਤੇ ਪੁਲ ਬੰਨ੍ਹਣਾ, ਦੀ ਇਕ ਪ੍ਰਸਿੱਧ ਫਿਲਮ ਬਣਾਈ ਗਈ ਸੀ।
“ਮਾਰੂ ਰੇਲਵੇ” ਬਣਾਉਣ ਵਾਸਤੇ 400 ਹਾਥੀ ਵਰਤੇ ਗਏ ਸਨ ਅਤੇ 3 ਲੱਖ ਤੋਂ ਜ਼ਿਆਦਾ ਮਰਦ ਜੋ ਜਾਂ ਤਾਂ ਜੰਗੀ ਕੈਦੀ ਸਨ ਜਾਂ ਭਾਰਤੀ ਅਤੇ ਬਰਮੀ ਲੋਕ ਸਨ। ਇਸ ਕੰਮ ਨੂੰ ਪੂਰਾ ਕਰਦੇ ਹੋਏ ਬੇਸ਼ੁਮਾਰ ਲੋਕ ਮਾਰੇ ਗਏ ਸਨ। ਜਪਾਨ ਦੇ ਦੁਸ਼ਮਣਾਂ ਦੇ ਹਵਾਈ-ਜਹਾਜ਼ਾਂ ਨੇ ਇਸ ਰੇਲਵੇ ਤੇ ਵਾਰ-ਵਾਰ ਬੰਬ ਸੁੱਟੇ ਜਿਸ ਕਰਕੇ ਇਹ ਕੰਮ ਅੱਧ-ਪਚੱਧਾ ਰਹਿ ਗਿਆ। ਬਾਅਦ ਵਿਚ ਇਸ ਦੀਆਂ ਜ਼ਿਆਦਾਤਰ ਪਟੜੀਆਂ ਪੁੱਟ ਕੇ ਹੋਰ ਕਿਤੇ ਵਰਤੀਆਂ ਗਈਆਂ ਸਨ।
ਆਖ਼ਰਕਾਰ ਬਰਤਾਨਵੀ ਫ਼ੌਜਾਂ ਨੇ ਕਾਮਯਾਬੀ ਨਾਲ ਜੰਗ ਲੜੀ ਅਤੇ 1945 ਵਿਚ ਜਪਾਨ ਤੋਂ ਇਹ ਦੇਸ਼ ਵਾਪਸ ਲੈ ਲਿਆ। ਪਰ ਅੰਗ੍ਰੇਜ਼ਾਂ ਦਾ ਰਾਜ ਇੱਥੇ ਬਹੁਤੀ ਦੇਰ ਨਹੀਂ ਰਿਹਾ ਕਿਉਂਕਿ 4 ਜਨਵਰੀ 1948 ਨੂੰ ਬਰਮਾ ਨੂੰ ਬਰਤਾਨੀਆ ਤੋਂ ਆਜ਼ਾਦੀ ਮਿਲ ਗਈ। ਫਿਰ 22 ਜੂਨ 1989 ਨੂੰ ਸੰਯੁਕਤ ਰਾਸ਼ਟਰ-ਸੰਘ ਨੇ ਇਸ ਮੁਲਕ ਦਾ ਨਵਾਂ ਨਾਂ ਮਨਮਾਰ ਅਪਣਾ ਲਿਆ।
ਸੁਨਹਿਰੀਆਂ ਰਾਜਧਾਨੀਆਂ ਦਾ ਦੇਸ਼
ਕਈਆਂ ਸਦੀਆਂ ਦੌਰਾਨ ਮਨਮਾਰ ਦੀਆਂ ਕਈ ਰਾਜਧਾਨੀਆਂ ਰਹੀਆਂ ਹਨ। ਉਦਾਹਰਣ ਵਜੋਂ ਇਸ ਮੁਲਕ ਦੇ ਗੱਭੇ ਮਾਂਡਲੇ ਸ਼ਹਿਰ ਹੈ ਜਿਸ ਨੂੰ ਆਮ ਤੌਰ ਤੇ ਸੁਨਹਿਰਾ ਸ਼ਹਿਰ ਸੱਦਿਆ ਜਾਂਦਾ ਹੈ। ਇਸ ਵਿਚ ਥਾਂ-ਥਾਂ ਤੇ ਸੈਂਕੜੇ ਨਵੇਂ ਅਤੇ ਪੁਰਾਣੇ ਪਗੋਡੇ, ਯਾਨੀ ਬੋਧੀ ਮੰਦਰ ਹਨ। ਇੱਥੇ ਦੀ ਜਨਸੰਖਿਆ 5 ਲੱਖ ਹੈ ਅਤੇ ਇਹ ਅੰਗ੍ਰੇਜ਼ਾਂ ਦੇ ਆਉਣ ਤੋਂ ਪਹਿਲਾਂ ਰਾਜਧਾਨੀ ਸ਼ਹਿਰ ਹੁੰਦਾ ਸੀ। ਰਾਜਾ ਮਿੰਡੋਨ ਨੇ 1857 ਵਿਚ ਆਪਣੇ ਅਤੇ ਆਪਣੀਆਂ ਰਾਣੀਆਂ ਲਈ ਇੱਥੇ ਇਕ ਮਹਿਲ ਬਣਵਾਇਆ ਸੀ ਜਿਸ ਕਰਕੇ ਇਹ ਰਾਜਧਾਨੀ ਸ਼ਹਿਰ ਬਣ ਗਿਆ। ਇਸ ਦੇ 4-ਵਰਗ-ਕਿਲੋਮੀਟਰ ਪੁਰਾਣੇ ਸ਼ਹਿਰ ਦੇ ਦੁਆਲੇ 8 ਮੀਟਰ ਉੱਚੀ ਕੰਧ ਹੈ ਜੋ ਥੱਲਿਓਂ 3 ਮੀਟਰ ਚੌੜੀ ਹੈ। ਇਸ ਕੰਧ ਦੇ ਨਾਲੋ-ਨਾਲ 70 ਮੀਟਰ ਚੌੜੀ ਖਾਈ ਚੱਲਦੀ ਹੈ।
ਅੰਗ੍ਰੇਜ਼ਾਂ ਨੇ 1885 ਵਿਚ ਮਿੰਡੋਨ ਦੇ ਵਾਰਸ ਰਾਜਾ ਟਿਬੋ ਨੂੰ ਦੇਸ਼ਨਿਕਾਲਾ ਦੇ ਕੇ ਇੰਡੀਆ ਭੇਜ ਦਿੱਤਾ ਪਰ ਉਨ੍ਹਾਂ ਨੇ ਮਹਿਲ ਨੂੰ ਹੱਥ ਨਹੀਂ ਲਾਇਆ। ਪਰ ਦੂਜੇ ਵਿਸ਼ਵ ਯੁੱਧ ਵਿਚ ਇਹ ਮਹਿਲ ਅੱਗ ਲੱਗ ਕੇ ਰਾਖ ਬਣ ਗਿਆ। ਲੇਕਿਨ ਇੱਥੇ ਦੇ ਲੋਕਾਂ ਨੇ ਹਿੰਮਤ ਨਹੀਂ ਹਾਰੀ ਅਤੇ ਉਸੇ ਥਾਂ ਤੇ ਮਹਿਲ ਦੀ ਨਕਲ ਉਸਾਰੀ ਅਤੇ ਉਸ ਦੇ ਨਾਲ ਲੱਗਦੀਆਂ ਲੱਕੜੀ ਦੀਆਂ ਲਾਲ ਤੇ ਸੁਨਹਿਰੀਆਂ ਆਲੀਸ਼ਾਨ ਇਮਾਰਤਾਂ ਵੀ ਬਣਾਈਆਂ। ਤੁਸੀਂ ਜਾ ਕੇ ਇਸ ਮਹਿਲ ਦੀ ਸੈਰ ਕਰ ਸਕਦੇ ਹੋ।
ਮਾਂਡਲੇ ਸ਼ਹਿਰ ਤੋਂ 200 ਕਿਲੋਮੀਟਰ ਦੂਰ ਪਗਾਨ ਸ਼ਹਿਰ ਹੈ ਜੋ ਕਦੇ ਇਸ ਦੇਸ਼ ਦੀ ਰਾਜਧਾਨੀ ਹੁੰਦਾ ਸੀ। ਇਸ ਸ਼ਹਿਰ ਦੀ ਨੀਂਹ 1000 ਤੋਂ ਜ਼ਿਆਦਾ ਸਾਲ ਪਹਿਲਾਂ ਰੱਖੀ ਗਈ ਸੀ ਅਤੇ 11ਵੀਂ ਸਦੀ ਦੌਰਾਨ ਇਹ ਚੜ੍ਹਦੀ ਕਲਾ ਵਿਚ ਸੀ। ਪਰ ਸਿਰਫ਼ 200 ਸਾਲ ਬਾਅਦ ਇਹ ਸ਼ਹਿਰ ਛੱਡ ਦਿੱਤਾ ਗਿਆ ਸੀ। ਫਿਰ ਵੀ ਉਸ ਦੀ ਥਾਂ ਤੇ ਛੋਟੇ-ਛੋਟੇ ਪਿੰਡਾਂ ਵਿਚ ਕਈ ਸੈਂਕੜੇ ਟੁੱਟੇ-ਭੱਜੇ ਮੰਦਰ ਅਤੇ ਪਗੋਡੇ ਨਜ਼ਰ ਆਉਂਦੇ ਹਨ ਜੋ ਇਸ ਸ਼ਹਿਰ ਦੀ ਪੁਰਾਣੀ ਸ਼ਾਨੋ-ਸ਼ੌਕਤ ਦੀ ਨਿਸ਼ਾਨੀ ਹਨ।
ਵਰਤਮਾਨ ਰਾਜਧਾਨੀ ਦਾ ਨਾਂ ਯਾਂਗੁਨ ਹੈ ਜਿਸ ਨੂੰ 1989 ਤਕ ਰਾਂਗੂਨ ਸੱਦਿਆ ਜਾਂਦਾ ਸੀ। ਇਸ ਰੌਣਕੀ ਸ਼ਹਿਰ ਵਿਚ 30 ਲੱਖ ਤੋਂ ਜ਼ਿਆਦਾ ਲੋਕ ਰਹਿੰਦੇ ਹਨ ਅਤੇ ਹਰ ਜਗ੍ਹਾ ਤੁਹਾਨੂੰ ਹਾਰਨ ਦਿੰਦੀਆਂ ਮੋਟਰ-ਗੱਡੀਆਂ, ਬੱਸਾਂ, ਅਤੇ ਖੁੱਲ੍ਹੀਆਂ ਟੈਕਸੀਆਂ ਨਜ਼ਰ ਆਉਣਗੀਆਂ ਅਤੇ ਸੁਣਾਈ ਦੇਣਗੀਆਂ। ਯਾਂਗੁਨ ਦੀਆਂ ਚੌੜੀਆਂ ਅਤੇ ਦਰਖ਼ਤਾਂ ਵਾਲੀਆਂ ਸੜਕਾਂ ਤੇ ਤੁਹਾਨੂੰ ਅੰਗ੍ਰੇਜ਼ਾਂ ਦੇ ਸਮੇਂ ਤੋਂ ਪੁਰਾਣੇ ਮਕਾਨ ਨਜ਼ਰ ਆਉਣਗੇ ਪਰ ਇਨ੍ਹਾਂ ਦੇ ਨਾਲ-ਨਾਲ ਤੁਸੀਂ ਆਕਾਸ਼ ਨੂੰ ਛੂੰਹਦੇ ਨਵੇਂ-ਨਵੇਂ ਹੋਟਲ ਅਤੇ ਆਫ਼ਿਸ ਵੀ ਦੇਖੋਗੇ।
ਪੁਰਾਣੇ ਜ਼ਮਾਨੇ ਦੀ ਭਵਨ-ਨਿਰਮਾਣ ਕਲਾ ਅਤੇ ਧਨ-ਦੌਲਤ ਪ੍ਰਗਟ ਕਰਦਾ ਢਾਈ ਸੌ ਸਾਲ ਪੁਰਾਣਾ ਸ਼ਵੇਡਗੋਨ ਪਗੋਡਾ ਵੀ ਇੱਥੇ ਦੇਖਿਆ ਜਾ ਸਕਦਾ ਹੈ। ਇਸ ਪਗੋਡੇ ਦੀ 98 ਮੀਟਰ ਉੱਚੀ ਚੋਟੀ ਸੋਨੇ ਨਾਲ ਮੜੀ ਹੋਈ ਹੈ ਅਤੇ ਦੂਰੋਂ ਨਜ਼ਰ ਆਉਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਚੋਟੀ ਦੇ ਦੁਆਲੇ ਤਕਰੀਬਨ 7 ਹਜ਼ਾਰ ਹੀਰੇ ਅਤੇ ਹੋਰ ਕੀਮਤੀ ਪੱਥਰ ਜੜੇ ਹੋਏ ਹਨ। ਇਸ ਦੇ ਸਿਰੇ ਨੂੰ ਇਕ 76 ਕੈਰਟ ਦਾ ਵੱਡਾ ਹੀਰਾ ਸਜਾਉਂਦਾ ਹੈ। ਮਨਮਾਰ ਦੀਆਂ ਕਈਆਂ ਪੁਰਾਣੀਆਂ ਇਮਾਰਤਾਂ ਵਾਂਗ ਸ਼ਵੇਡਗੋਨ ਪਗੋਡੇ ਉੱਤੇ ਵੀ ਭੁਚਾਲਾਂ ਅਤੇ ਲੜਾਈਆਂ ਦਾ ਵੱਡਾ ਅਸਰ ਪਿਆ ਹੈ ਅਤੇ ਇਸ ਦੇ ਵੱਡੇ ਹਿੱਸੇ ਦੀ ਮੁਰੰਮਤ ਕੀਤੀ ਗਈ ਹੈ।
ਪਰ ਕਈਆਂ ਲੋਕਾਂ ਦਾ ਦਾਅਵਾ ਹੈ ਕਿ ਯਾਂਗੁਨ ਦੀ ਅਸਲੀ ਸਜਾਵਟ ਸੁਨਹਿਰਾ ਸੁਲੇ ਪਗੋਡਾ ਹੈ। ਇਹ 46 ਮੀਟਰ ਉੱਚਾ ਹੈ ਅਤੇ 2 ਹਜ਼ਾਰ ਸਾਲ ਪੁਰਾਣਾ। ਤੁਸੀਂ ਇਸ ਨੂੰ ਸ਼ਹਿਰ ਦੀਆਂ ਚਾਰ ਵੱਡੀਆਂ ਸੜਕਾਂ ਦੇ ਗੱਬੇ ਦੇਖੋਗੇ। ਇਸ ਪਗੋਡੇ ਦੇ ਚਾਰੇ ਪਾਸੇ ਛੋਟੀਆਂ-ਛੋਟੀਆਂ ਦੁਕਾਨਾਂ ਹਨ।
ਰੂਹਾਨੀ ਸੋਨਾ
ਸੰਨ 1914 ਵਿਚ ਇੰਡੀਆ ਤੋਂ ਰਾਂਗੂਨ ਵਿਖੇ ਦੋ ਇੰਟਰਨੈਸ਼ਨਲ ਬਾਈਬਲ ਸਟੂਡੈਂਟ (ਉਨ੍ਹੀਂ ਦਿਨੀਂ ਯਹੋਵਾਹ ਦੇ ਗਵਾਹ ਇਸ ਨਾਂ ਤੋਂ ਸਦੇ ਜਾਂਦੇ ਸਨ।) ਆਏ। ਉਹ ਅਜਿਹੇ ਲੋਕਾਂ ਦੀ ਖੋਜ ਵਿਚ ਸਨ ਜੋ ਉੱਤਮ ਸੋਨੇ ਯਾਨੀ ਰੂਹਾਨੀ ਸੋਨੇ ਨੂੰ ਪਸੰਦ ਕਰਦੇ ਸਨ। ਸੰਨ 1928 ਅਤੇ 1930 ਵਿਚ ਹੋਰ ਮਿਸ਼ਨਰੀ ਆਏ, ਅਤੇ 1939 ਤਕ ਇੱਥੇ 28 ਗਵਾਹਾਂ ਦੀਆਂ ਤਿੰਨ ਕਲੀਸਿਯਾਵਾਂ ਸਥਾਪਿਤ ਹੋ ਚੁੱਕੀਆਂ ਸਨ। ਬੰਬਈ, ਇੰਡੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖਾ ਦਫ਼ਤਰ ਨੇ 1938 ਤਕ ਇਨ੍ਹਾਂ ਦੇ ਕੰਮ ਦੀ ਨਿਗਰਾਨੀ ਕੀਤੀ ਸੀ। ਉਸ ਸਮੇਂ ਤੋਂ ਲੈ ਕੇ 1940 ਤਕ ਆਸਟ੍ਰੇਲੀਆ ਦੇ ਸ਼ਾਖਾ ਦਫ਼ਤਰ ਨੇ ਇਸ ਕੰਮ ਦੀ ਜ਼ਿੰਮੇਵਾਰੀ ਸੰਭਾਲੀ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ 1947 ਵਿਚ ਮਨਮਾਰ ਦਾ ਪਹਿਲਾ ਸ਼ਾਖਾ ਦਫ਼ਤਰ ਰਾਂਗੂਨ ਵਿਚ ਖੋਲ੍ਹਿਆ ਗਿਆ ਸੀ।
ਜਨਵਰੀ 1978 ਵਿਚ ਇਸ ਸ਼ਾਖਾ ਦਫ਼ਤਰ ਦਾ ਟਿਕਾਣਾ ਈਂਯਾ ਰੋਡ ਤੇ ਬਦਲ ਦਿੱਤਾ ਗਿਆ ਸੀ। ਇਸ 3-ਮੰਜ਼ਲਾ ਮੁੱਖ ਦਫ਼ਤਰ ਨੂੰ ਮਨਮਾਰ ਬੈਥਲ ਘਰ ਸੱਦਿਆ ਜਾਂਦਾ ਹੈ। ਬੈਥਲ ਪਰਿਵਾਰ ਦੇ 52 ਜੀਅ ਇਸ ਦੇਸ਼ ਦੇ 3 ਹਜ਼ਾਰ ਗਵਾਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ। ਮਨਮਾਰ ਵਿਚ ਕਈ ਕਬਾਇਲੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਜਿਸ ਕਰਕੇ ਇਸ ਸ਼ਾਖਾ ਦਫ਼ਤਰ ਦਾ ਮੁੱਖ ਕੰਮ ਅਨੁਵਾਦ ਕਰਨਾ ਹੈ। ਇਸ ਸੁਨਹਿਰੇ ਦੇਸ਼ ਦੇ ਖ਼ਜ਼ਾਨੇ ਵਿਚ ਯਹੋਵਾਹ ਦੇ ਗਵਾਹਾਂ ਦੀ ਸਖ਼ਤ ਮਿਹਨਤ ਸੋਨੇ ਦਾ ਇਕ ਹੋਰ ਸਿੱਕਾ ਹੈ।
[ਸਫ਼ਾ 25 ਉੱਤੇ ਨਕਸ਼ਾ]
(ਪੂਰੀ ਤਰ੍ਹਾਂ ਫਾਰਮੈਟ ਕੀਤੇ ਹੋਏ ਟੈਕਸਟ ਲਈ ਪ੍ਰਕਾਸ਼ਨ ਦੇਖੋ)
ਬੰਗਲਾਦੇਸ਼
ਭਾਰਤ
ਚੀਨ
ਲਾਓਸ
ਥਾਈਲੈਂਡ
ਮਨਮਾਰ
ਮਾਂਡਲੇ
ਪਗਾਨ
ਯਾਂਗੁਨ
ਬੰਗਾਲ ਦੀ ਖਾੜੀ
[ਕ੍ਰੈਡਿਟ ਲਾਈਨ]
Mountain High Maps® Copyright © 1997 Digital Wisdom, Inc.
[ਸਫ਼ਾ 25 ਉੱਤੇ ਤਸਵੀਰਾਂ]
ਉੱਪਰੋਂ: ਲੁੰਗੀ ਪਹਿਨੇ ਹੋਏ ਆਦਮੀ ਤੇ ਔਰਤ; ਜਵਾਨ ਬੋਧੀ ਸੰਨਿਆਸੀ; “ਥਨੱਕਾ” ਲਗਾਈਆਂ ਹੋਈਆਂ ਲੜਕੀਆਂ
[ਸਫ਼ਾ 26 ਉੱਤੇ ਤਸਵੀਰ]
ਮੂੰਗਫਲੀ ਦੇ ਖੇਤ ਵਿਚ ਪ੍ਰਚਾਰ
[ਸਫ਼ਾ 26 ਉੱਤੇ ਤਸਵੀਰ]
ਬਾਜ਼ਾਰ ਵਿਚ ਲੱਕੜੀ ਦੇ ਬੁੱਤ ਵੇਚੇ ਜਾਂਦੇ ਹਨ
[ਕ੍ਰੈਡਿਟ ਲਾਈਨ]
chaang.com
[ਸਫ਼ਾ 26 ਉੱਤੇ ਤਸਵੀਰ]
ਲਾਖ ਕੀਤੇ ਗਏ ਮੇਜ਼ ਉੱਤੇ ਡੀਜ਼ਾਈਨ ਬਣਾਉਣਾ
[ਸਫ਼ਾ 26 ਉੱਤੇ ਤਸਵੀਰ]
ਲਾਖੜੇ ਨਾਲ ਰੋਗਨ ਕੀਤਾ ਹੋਇਆ ਭਾਂਡਾ
[ਕ੍ਰੈਡਿਟ ਲਾਈਨ]
chaang.com
[ਸਫ਼ਾ 28 ਉੱਤੇ ਤਸਵੀਰ]
ਮਨਮਾਰ ਵਿਚ ਯਹੋਵਾਹ ਦੇ ਗਵਾਹਾਂ ਦਾ ਸ਼ਾਖਾ ਦਫ਼ਤਰ
[ਸਫ਼ਾ 24 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
© Jean Leo Dugast/Panos