ਕੀ ਮੈਂ ਕਿਸੇ ਨੂੰ ਦੱਸਾਂ ਕਿ ਮੈਂ ਉਦਾਸ ਹਾਂ?
ਨੌਜਵਾਨ ਪੁੱਛਦੇ ਹਨ . . .
ਕੀ ਮੈਂ ਕਿਸੇ ਨੂੰ ਦੱਸਾਂ ਕਿ ਮੈਂ ਉਦਾਸ ਹਾਂ?
“ਜਦ ਮੈਂ ਉਦਾਸ ਹੁੰਦਾ ਹਾਂ, ਤਾਂ ਪਹਿਲਾਂ-ਪਹਿਲਾਂ ਮੈਂ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਲੋਕ ਸ਼ਾਇਦ ਸਮਝਣ ਕਿ ਮੈਂ ਉਨ੍ਹਾਂ ਨੂੰ ਤੰਗ ਕਰ ਰਿਹਾ ਹਾਂ। ਪਰ ਫਿਰ ਮੈਨੂੰ ਪਤਾ ਲੱਗਾ ਹੈ ਕਿ ਮਦਦ ਲਈ ਮੈਨੂੰ ਕਿਸੇ ਨਾਲ ਗੱਲ ਕਰਨੀ ਪਵੇਗੀ।”—13 ਸਾਲਾਂ ਦਾ ਆਲੇਹਾਂਦਰੋ।
“ਜੇ ਮੈਂ ਉਦਾਸ ਹਾਂ ਤਾਂ ਮੈਂ ਆਪਣੇ ਮਿੱਤਰਾਂ ਨੂੰ ਨਹੀਂ ਦੱਸਦਾ ਕਿਉਂਕਿ ਮੇਰੇ ਖ਼ਿਆਲ ਵਿਚ ਉਹ ਮੇਰੀ ਮਦਦ ਨਹੀਂ ਕਰ ਸਕਦੇ। ਉਹ ਤਾਂ ਸਿਰਫ਼ ਮੇਰਾ ਮਖੌਲ ਉਡਾਉਣਗੇ।”—13 ਸਾਲਾਂ ਦਾ ਆਰਟੁਰੋ।
ਹਰੇਕ ਵਿਅਕਤੀ ਕਿਸੇ-ਨਾ-ਕਿਸੇ ਸਮੇਂ ਤੇ ਉਦਾਸੀ ਮਹਿਸੂਸ ਕਰਦਾ ਹੈ। * ਪਰੰਤੂ, ਤੁਸੀਂ ਹਾਲੇ ਜਵਾਨ ਹੋ ਅਤੇ ਤੁਹਾਡਾ ਤਜਰਬਾ ਵੀ ਥੋੜ੍ਹਾ ਹੈ। ਇਸ ਲਈ ਜ਼ਿੰਦਗੀ ਦੇ ਦਬਾਵਾਂ ਨੂੰ ਸਹਿਣਾ ਤੁਹਾਨੂੰ ਸ਼ਾਇਦ ਔਖਾ ਲੱਗੇ। ਉਦਾਸੀ ਅਤੇ ਨਿਰਾਸ਼ਾ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਆਪਣੇ ਮਾਪਿਆਂ, ਮਿੱਤਰਾਂ, ਜਾਂ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਦਬਾਅ, ਚੜ੍ਹਦੀ ਜਵਾਨੀ ਕਰਕੇ ਸਰੀਰਕ ਤਬਦੀਲੀਆਂ, ਜਾਂ ਫਿਰ ਕਿਸੇ ਛੋਟੀ ਗ਼ਲਤੀ ਕਰਕੇ ਆਪਣੇ ਆਪ ਨੂੰ ਨਿਕੰਮਾ ਮਹਿਸੂਸ ਕਰਨਾ।
ਜਦ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਤਾਂ ਕਿਸੇ ਨਾਲ ਗੱਲ ਕਰਨੀ ਚੰਗੀ ਹੁੰਦੀ ਹੈ। ਸਤਾਰਾਂ ਸਾਲਾਂ ਦੀ ਬੇਆਟਰੀਸ ਨੇ ਕਿਹਾ: “ਜੇਕਰ ਮੈਂ ਕਿਸੇ ਨਾਲ ਆਪਣੀਆਂ ਮੁਸ਼ਕਲਾਂ ਬਾਰੇ ਗੱਲ ਨਾ ਕਰ ਸਕਦੀ ਮੈਂ ਤਾਂ ਪਾਗਲ ਹੋ ਜਾਂਦੀ।” ਪਰ ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਨੌਜਵਾਨ ਦੂਸਰਿਆਂ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਨਹੀਂ ਦੱਸਦੇ ਅਤੇ ਇਸ ਤਰ੍ਹਾਂ ਉਹ ਹੋਰ ਵੀ ਨਿਰਾਸ਼ ਹੁੰਦੇ ਜਾਂਦੇ ਹਨ। ਮੈਡਰਿਡ ਦੀ ਡਾਕਟਰੀ ਸੰਸਥਾ ਤੋਂ ਇਕ ਪ੍ਰੋਫ਼ੈਸਰਾਣੀ, ਮਾਰਿਯਾ ਡ ਹੇਸੂਸ ਮਾਰਡੋਮਿੰਗੋ, ਨੇ ਦੇਖਿਆ ਕਿ ਜਿਹੜੇ ਨੌਜਵਾਨ ਆਤਮ-ਹੱਤਿਆ ਕਰਨ ਬਾਰੇ ਸੋਚਦੇ ਹਨ ਉਹ ਅਕਸਰ ਬਹੁਤ ਇਕੱਲਾਪਣ ਮਹਿਸੂਸ ਕਰ ਰਹੇ ਹੁੰਦੇ ਹਨ। ਆਤਮ-ਹੱਤਿਆ ਦੀ ਕੋਸ਼ਿਸ਼ ਕਰਨ ਤੋਂ ਬਚਣ ਵਾਲੇ ਬਹੁਤ ਸਾਰੇ ਨੌਜਵਾਨ ਬਾਅਦ ਵਿਚ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਕ ਵੀ ਸਿਆਣਾ ਵਿਅਕਤੀ ਨਹੀਂ ਮਿਲਿਆ ਸੀ ਜਿਸ ਨਾਲ ਉਹ ਗੱਲ ਕਰ ਸਕਦੇ ਸਨ।
ਤੁਹਾਡੇ ਬਾਰੇ ਕੀ? ਕੀ ਤੁਸੀਂ ਕਿਸੇ ਵਿਅਕਤੀ ਨੂੰ ਜਾਣਦੇ ਹੋ ਜਿਸ ਨਾਲ ਤੁਸੀਂ ਗੱਲ ਕਰ ਸਕਦੇ ਹਨ ਜਦ ਤੁਸੀਂ ਉਦਾਸ ਹੁੰਦੇ ਹੋ? ਜੇ ਨਹੀਂ, ਤਾਂ ਤੁਸੀਂ ਕਿਸ ਨਾਲ ਗੱਲ ਕਰ ਸਕਦੇ ਹੋ?
ਆਪਣੇ ਮਾਪਿਆਂ ਨਾਲ ਗੱਲਬਾਤ ਕਰੋ
ਆਲੇਹਾਂਦਰੋ, ਜਿਸ ਦੀ ਪਹਿਲਾਂ ਗੱਲ ਕੀਤੀ ਗਈ ਸੀ, ਦੱਸਦਾ ਹੈ ਕਿ ਨਿਰਾਸ਼ ਹੋਣ ਤੇ ਉਹ ਕੀ ਕਰਦਾ ਹੈ: “ਮੈਂ ਆਪਣੀ ਮਾਂ ਕੋਲ ਜਾਂਦਾ ਹਾਂ ਕਿਉਂਕਿ ਛੋਟੀ ਉਮਰ ਤੋਂ ਹੀ ਉਨ੍ਹਾਂ ਨੇ ਮੇਰੀ ਮਦਦ ਕੀਤੀ ਅਤੇ ਮੈਨੂੰ ਹੌਸਲਾ ਦਿੱਤਾ ਹੈ। ਮੈਂ ਆਪਣੇ ਪਿਤਾ ਤੋਂ ਵੀ ਸਲਾਹ ਲੈਂਦਾ ਹਾਂ ਕਿਉਂਕਿ ਉਨ੍ਹਾਂ ਦੇ ਤਜਰਬੇ ਮੇਰੇ ਤਜਰਬਿਆਂ ਨਾਲ ਮਿਲਦੇ-ਜੁਲਦੇ ਹਨ। ਜੇ ਮੈਂ ਨਿਰਾਸ਼ ਹਾਂ ਅਤੇ ਕਿਸੇ ਨੂੰ ਨਾਂ ਦੱਸਾਂ ਤਾਂ ਮੈਂ ਹੋਰ ਵੀ ਨਿਰਾਸ਼ ਹੋ ਜਾਂਦਾ ਹਾਂ।” ਗਿਆਰਾਂ ਸਾਲਾਂ ਦਾ ਰੋਡੋਲਫੋ ਚੇਤੇ ਕਰਦਾ ਹੈ ਕਿ “ਕਦੇ-ਕਦੇ ਮਾਸਟਰ ਮੈਨੂੰ ਡਾਂਟ
ਕੇ ਮੇਰੀ ਬੇਇੱਜ਼ਤੀ ਕਰਦਾ ਹੁੰਦਾ ਸੀ। ਮੈਂ ਉਦਾਸ ਹੁੰਦਾ ਸੀ ਅਤੇ ਲੁਕ ਕੇ ਰੋਂਦਾ ਸੀ। ਫਿਰ ਬਾਅਦ ਵਿਚ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਮੇਰੀ ਮਦਦ ਕੀਤੀ। ਜੇ ਮੈਂ ਉਸ ਨਾਲ ਗੱਲ ਨਾ ਕਰਦਾ ਤਾਂ ਮੈਂ ਹੋਰ ਵੀ ਉਦਾਸ ਹੋਣਾ ਸੀ।”ਕੀ ਤੁਸੀਂ ਆਪਣੇ ਮਾਪਿਆਂ ਨਾਲ ਦਿਲੋਂ ਗੱਲਬਾਤ ਕਰਨ ਬਾਰੇ ਸੋਚਿਆ ਹੈ? ਸ਼ਾਇਦ ਤੁਸੀਂ ਸੋਚਦੇ ਹੋ ਕਿ ਉਹ ਤੁਹਾਡੀ ਸਮੱਸਿਆ ਨੂੰ ਨਹੀਂ ਸਮਝਣਗੇ, ਪਰ ਕੀ ਇਹ ਸੱਚ ਹੈ? ਭਾਵੇਂ ਉਹ ਪੂਰੀ ਤਰ੍ਹਾਂ ਨਾ ਵੀ ਸਮਝਣ ਕਿ ਨੌਜਵਾਨਾਂ ਨੂੰ ਅੱਜ-ਕੱਲ੍ਹ ਕਿੰਨੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਕੀ ਇਹ ਸੱਚ ਨਹੀਂ ਕਿ ਉਹ ਤੁਹਾਨੂੰ ਬਹੁਤ ਹੀ ਚੰਗੀ ਤਰ੍ਹਾਂ ਜਾਣਦੇ ਹਨ? ਆਲੇਹਾਂਦਰੋ ਕਹਿੰਦਾ ਹੈ: “ਕਈ ਵਾਰ ਮੇਰੇ ਮਾਪਿਆਂ ਲਈ ਮੇਰੀ ਸਮੱਸਿਆ ਨੂੰ ਸਮਝਣਾ ਔਖਾ ਹੈ, ਪਰ ਫਿਰ ਵੀ ਮੈਂ ਜਾਣਦਾ ਹਾਂ ਕਿ ਲੋੜ ਪੈਣ ਤੇ ਮੈਂ ਉਨ੍ਹਾਂ ਕੋਲ ਜਾ ਸਕਦਾ ਹਾਂ।” ਨੌਜਵਾਨ ਇਹ ਸਿੱਖ ਕੇ ਅਕਸਰ ਹੈਰਾਨ ਹੁੰਦੇ ਹਨ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਬਿਲਕੁਲ ਸਮਝਦੇ ਹਨ! ਉਹ ਤੁਹਾਡੇ ਨਾਲੋਂ ਸਿਆਣੇ ਹਨ ਅਤੇ ਉਨ੍ਹਾਂ ਕੋਲ ਤੁਹਾਡੇ ਨਾਲੋਂ ਜ਼ਿਆਦਾ ਤਜਰਬਾ ਹੁੰਦਾ ਹੈ, ਇਸ ਲਈ ਉਨ੍ਹਾਂ ਦੀ ਸਲਾਹ ਚੰਗੀ ਹੁੰਦੀ ਹੈ—ਖ਼ਾਸ ਕਰਕੇ ਜਦ ਉਨ੍ਹਾਂ ਕੋਲ ਬਾਈਬਲ ਦੇ ਸਿਧਾਂਤ ਲਾਗੂ ਕਰਨ ਵਿਚ ਤਜਰਬਾ ਹੁੰਦਾ ਹੈ।
ਬੇਆਟਰੀਸ, ਜਿਸ ਦੀ ਪਹਿਲਾਂ ਗੱਲ ਕੀਤੀ ਗਈ ਸੀ, ਨੇ ਕਿਹਾ: “ਜਦ ਮੈਂ ਆਪਣੇ ਮਾਪਿਆਂ ਨਾਲ ਗੱਲਬਾਤ ਕਰਦੀ ਹਾਂ ਤਾਂ ਮੈਨੂੰ ਹੌਸਲਾ ਅਤੇ ਚੰਗੀ ਸਲਾਹ ਮਿਲਦੀ ਹੈ।” ਤਾਈਓਂ ਨੌਜਵਾਨਾਂ ਨੂੰ ਬਾਈਬਲ ਇਹ ਸਲਾਹ ਦਿੰਦੀ ਹੈ: “ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਤਾ ਦੀ ਆਗਿਆ ਮੰਨ, ਅਤੇ ਆਪਣੀ ਮਾਤਾ ਦੀ ਤਾਲੀਮ ਨੂੰ ਨਾ ਛੱਡ। ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ, ਅਤੇ ਆਪਣੀ ਮਾਂ ਨੂੰ ਉਹ ਦੇ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ।”—ਕਹਾਉਤਾਂ 6:20; 23:22.
ਪਰ ਜੇਕਰ ਤੁਹਾਡੇ ਮਾਪਿਆਂ ਨਾਲ ਤੁਹਾਡਾ ਰਿਸ਼ਤਾ ਚੰਗਾ ਨਹੀਂ ਹੈ, ਤਾਂ ਉਨ੍ਹਾਂ ਨਾਲ ਗੱਲਬਾਤ ਕਰਨੀ ਔਖੀ ਹੋਵੇਗੀ। ਡਾਕਟਰ ਕਾਟਾਲੀਨਾ ਗੋਨਜ਼ਾਲੇਜ਼ ਫੋਰਟੇਸਾ ਦੱਸਦੀ ਹੈ ਕਿ ਇਕ ਸਰਵੇਖਣ ਅਨੁਸਾਰ ਹਾਈ ਸਕੂਲ ਵਿਚ ਪੜ੍ਹਨ ਵਾਲੇ ਜਿਨ੍ਹਾਂ ਨੌਜਵਾਨਾਂ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਆਪਣੇ ਆਪ ਨੂੰ ਨਿਕੰਮੇ ਸਮਝਦੇ ਸਨ ਅਤੇ ਉਨ੍ਹਾਂ ਦਾ ਆਪਣੇ ਮਾਪਿਆਂ ਨਾਲ ਕਮਜ਼ੋਰ ਰਿਸ਼ਤਾ ਸੀ। ਇਸ ਦੇ ਉਲਟ ਜਿਹੜੇ ਨੌਜਵਾਨ ਆਪਣੇ ਆਪ ਬਾਰੇ ਇਸ ਤਰ੍ਹਾਂ ਨਹੀਂ ਸੋਚਦੇ “ਉਨ੍ਹਾਂ ਦਾ ਆਪਣੇ ਮਾਪਿਆਂ ਨਾਲ ਚੰਗਾ ਰਿਸ਼ਤਾ ਹੁੰਦਾ ਹੈ।”
ਇਸ ਲਈ ਬੁੱਧੀਮਤਾ ਦੀ ਗੱਲ ਹੋਵੇਗੀ ਜੇਕਰ ਤੁਸੀਂ ਆਪਣੇ ਮਾਪਿਆਂ ਨਾਲ ਇਕ ਚੰਗਾ ਰਿਸ਼ਤਾ ਰੱਖੋ। ਉਨ੍ਹਾਂ ਨਾਲ ਰੋਜ਼ ਗੱਲਬਾਤ ਕਰਨ ਦੀ ਆਦਤ ਪਾਓ। ਜੋ ਵੀ ਤੁਹਾਡੇ ਨਾਲ ਹੋ ਰਿਹਾ ਹੈ ਉਨ੍ਹਾਂ ਨੂੰ ਦੱਸੋ। ਉਨ੍ਹਾਂ ਨੂੰ ਸਵਾਲ ਪੁੱਛੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਲਈ ਉਨ੍ਹਾਂ ਕੋਲ ਉਦੋਂ ਜਾਣਾ ਸੌਖਾ ਹੋ ਜਾਵੇਗਾ ਜਦ ਤੁਹਾਡੇ ਕੋਲ ਕੋਈ ਸਮੱਸਿਆ ਹੋਵੇਗੀ।
ਦੋਸਤ-ਮਿੱਤਰ ਨਾਲ ਗੱਲਬਾਤ ਕਰਨੀ
ਜਦ ਤੁਹਾਡੇ ਕੋਲ ਕੋਈ ਸਮੱਸਿਆ ਹੋਵੇ ਤਾਂ ਕੀ ਕਿਸੇ ਯਾਰ-ਮਿੱਤਰ ਕੋਲ ਜਾਣਾ ਬਿਹਤਰ ਨਹੀਂ ਹੈ? ਜੇਕਰ ਤੁਹਾਡੇ ਕੋਲ ਵਿਸ਼ਵਾਸਯੋਗ ਮਿੱਤਰ ਹਨ ਤਾਂ ਇਹ ਬਹੁਤ ਚੰਗਾ ਹੈ। ਕਹਾਉਤਾਂ 18:24 ਕਹਿੰਦਾ ਹੈ ਕਿ “ਅਜੇਹਾ ਵੀ ਹਿੱਤਕਾਰੀ ਹੈ ਜੋ ਭਰਾ ਨਾਲੋਂ ਵੀ ਵੱਧ ਕੇ ਚਿਪਕਦਾ ਹੈ।” ਭਾਵੇਂ ਤੁਹਾਡੇ ਮਿੱਤਰ ਤੁਹਾਨੂੰ ਦਿਲਾਸਾ ਅਤੇ ਮਦਦ ਦੇ ਸਕਦੇ ਹਨ ਉਨ੍ਹਾਂ ਦੀ ਸਲਾਹ ਹਮੇਸ਼ਾ ਸਹੀ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਕੋਲ ਜ਼ਿੰਦਗੀ ਵਿਚ ਤੁਹਾਡੇ ਜਿੰਨਾ ਹੀ ਤਜਰਬਾ ਹੁੰਦਾ ਹੈ। ਕੀ ਤੁਹਾਨੂੰ ਰਹਬੁਆਮ ਨਾਂ ਦਾ ਆਦਮੀ ਚੇਤੇ ਹੈ? ਉਹ ਪੁਰਾਣੇ ਜ਼ਮਾਨੇ ਦਾ ਇਕ ਰਾਜਾ ਸੀ। ਆਪਣੇ ਸਿਆਣੇ ਅਤੇ ਤਜਰਬੇਕਾਰ ਸਲਾਹਕਾਰਾਂ ਦੀ ਗੱਲ ਸੁਣਨ ਦੀ ਬਜਾਇ ਉਸ ਨੇ ਆਪਣੇ ਹਾਣੀਆਂ ਦੀ ਗੱਲ ਸੁਣੀ। ਇਸ ਦੇ ਭੈੜੇ ਨਤੀਜੇ ਨਿਕਲੇ! ਰਹਬੁਆਮ ਨੇ ਨਾ ਤਾਂ ਆਪਣੇ ਲੋਕਾਂ ਨੂੰ ਖ਼ੁਸ਼ ਕੀਤਾ ਅਤੇ ਨਾ ਹੀ ਯਹੋਵਾਹ ਨੂੰ।—1 ਰਾਜਿਆਂ 12:8-19.
ਹਾਣੀਆਂ ਨਾਲ ਗੱਲਬਾਤ ਕਰਨ ਦਾ ਇਕ ਹੋਰ ਖ਼ਤਰਾ ਇਹ ਹੈ ਕਿ ਸ਼ਾਇਦ ਉਹ ਦੂਜਿਆਂ ਨੂੰ ਤੁਹਾਡੀ ਸਮੱਸਿਆ ਬਾਰੇ ਦੱਸਣ। ਆਰਟੁਰੋ, ਜਿਸ ਦੀ ਪਹਿਲਾਂ ਗੱਲ ਕੀਤੀ ਗਈ ਸੀ, ਨੇ ਦੇਖਿਆ ਕਿ “ਬਹੁਤ ਸਾਰੇ ਮੁੰਡੇ ਆਪਣੇ ਦੋਸਤਾਂ ਨਾਲ ਗੱਲਬਾਤ ਕਰਦੇ ਹਨ ਜਦ ਉਹ ਨਿਰਾਸ਼ ਹੁੰਦੇ ਹਨ। ਪਰ ਬਾਅਦ ਵਿਚ ਉਹੀ ਮਿੱਤਰ ਦੂਸਰਿਆਂ ਨੂੰ ਉਨ੍ਹਾਂ ਦੀ ਸਮੱਸਿਆ ਬਾਰੇ ਦੱਸਦੇ ਹਨ ਅਤੇ ਫਿਰ ਉਹ ਸਾਰੇ ਰਲ ਕੇ ਉਸ ਦਾ ਮਖੌਲ ਉਡਾਉਂਦੇ ਹਨ।” ਤੇਰਾਂ ਸਾਲਾਂ ਦੀ ਗਾਬਰੀਏਲਾ ਨਾਲ ਬਿਲਕੁਲ ਇਸੇ ਤਰ੍ਹਾਂ ਹੋਇਆ ਸੀ। ਉਹ ਦੱਸਦੀ ਹੈ: “ਮੈਂ ਇਕ ਸਹੇਲੀ ਨੂੰ ਆਪਣੀਆਂ ਨਿੱਜੀ ਗੱਲਾਂ ਦੱਸਦੀ ਹੁੰਦੀ ਸੀ ਪਰ ਇਕ ਦਿਨ ਮੈਨੂੰ ਪਤਾ ਲੱਗਾ ਕਿ ਉਹ ਇਕ ਹੋਰ ਕੁੜੀ ਨੂੰ ਸਭ ਕੁਝ ਦੱਸ ਰਹੀ ਸੀ। ਮੈਂ ਹੁਣ ਉਸ ਨੂੰ ਕੁਝ ਨਹੀਂ ਦੱਸਦੀ। ਹਾਂ ਮੈਂ ਆਪਣੀਆਂ ਹਾਨਣਾਂ ਨਾਲ ਗੱਲਬਾਤ ਤਾਂ ਕਰਦੀ ਹਾਂ ਪਰ ਮੈਂ ਉਨ੍ਹਾਂ ਨੂੰ ਸਾਰੀਆਂ ਗੱਲਾਂ ਨਹੀਂ ਦੱਸਦੀ।” ਜਦ ਤੁਹਾਨੂੰ ਮਦਦ ਦੀ ਲੋੜ ਹੋਵੇ ਤਾਂ ਉਸ ਤਰ੍ਹਾਂ ਦੇ ਬੰਦੇ ਨਾਲ ਗੱਲ ਕਹਾਉਤਾਂ 25:9) ਬਿਹਤਰ ਤਾਂ ਇਹ ਹੈ ਕਿ ਤੁਸੀਂ ਕਿਸੇ ਸਿਆਣੇ ਵਿਅਕਤੀ ਨਾਲ ਗੱਲ ਕਰੋ।
ਕਰੋ ਜੋ ‘ਭੇਤ ਨੂੰ ਕਿਸੇ ਦੂਜੇ ਤੇ ਨਾ ਖੋਲ੍ਹੇ।’ (ਜੇਕਰ ਕਿਸੇ ਕਾਰਨ ਤੁਹਾਨੂੰ ਮਾਪਿਆਂ ਤੋਂ ਮਦਦ ਨਹੀਂ ਮਿਲਦੀ ਤਾਂ ਇਕ ਮਿੱਤਰ ਨਾਲ ਗੱਲ ਕਰਨੀ ਠੀਕ ਹੈ। ਪਰ ਚੰਗਾ ਹੋਵੇਗਾ ਜੇਕਰ ਇਸ ਵਿਅਕਤੀ ਕੋਲ ਜ਼ਿੰਦਗੀ ਦਾ ਤਜਰਬਾ ਹੋਵੇ ਅਤੇ ਉਹ ਬਾਈਬਲ ਦੇ ਮਿਆਰਾਂ ਨੂੰ ਜਾਣਦਾ ਹੋਵੇ। ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਇਸ ਤਰ੍ਹਾਂ ਦੇ ਵਿਅਕਤੀ ਜ਼ਰੂਰ ਹਨ। ਸੋਲਾਂ ਸਾਲਾਂ ਦੀ ਲਿਲਿਆਨਾ ਨੇ ਕਿਹਾ: “ਮੈਂ ਇਕ-ਦੋ ਮਸੀਹੀ ਭੈਣਾਂ ਨਾਲ ਦਿਲ ਖੋਲ੍ਹ ਕੇ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੇ ਮੇਰੀ ਕਾਫ਼ੀ ਮਦਦ ਕੀਤੀ। ਉਹ ਮੇਰੇ ਨਾਲੋਂ ਸਿਆਣੀਆਂ ਹਨ ਇਸ ਲਈ ਉਨ੍ਹਾਂ ਦੀ ਸਲਾਹ ਬਹੁਤ ਚੰਗੀ ਸੀ। ਇਹ ਭੈਣਾਂ ਹੁਣ ਮੇਰੀਆਂ ਚੰਗੀਆਂ ਸਹੇਲੀਆਂ ਬਣ ਗਈਆਂ ਹਨ।”
ਪਰ ਜੇਕਰ ਉਦਾਸੀ ਨੇ ਤੁਹਾਡੀ ਰੂਹਾਨੀ ਸਿਹਤ ਉੱਤੇ ਵੀ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਸ਼ਾਇਦ ਤੁਸੀਂ ਪ੍ਰਾਰਥਨਾ ਕਰਨੀ ਜਾਂ ਬਾਈਬਲ ਪੜ੍ਹਨੀ ਭੁੱਲ ਗਏ ਹੋ। ਯਾਕੂਬ 5:14, 15 ਵਿਚ ਬਾਈਬਲ ਇਹ ਸਲਾਹ ਦਿੰਦੀ ਹੈ: “ਕੀ ਤੁਹਾਡੇ ਵਿੱਚ ਕੋਈ ਮਾਂਦਾ ਹੈ? ਤਾਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਸੱਦ ਘੱਲੇ ਅਤੇ ਓਹ ਪ੍ਰਭੁ ਦਾ ਨਾਮ ਲੈ ਕੇ ਉਹ ਨੂੰ ਤੇਲ ਝੱਸਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ। ਅਤੇ ਪ੍ਰਾਰਥਨਾ ਜਿਹੜੀ ਨਿਹਚਾ ਨਾਲ ਹੋਵੇ ਓਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੁ ਉਹ ਨੂੰ ਉਠਾ ਖੜਾ ਕਰੇਗਾ।” ਯਹੋਵਾਹ ਦੇ ਗਵਾਹਾਂ ਦੀ ਹਰੇਕ ਕਲੀਸਿਯਾ ਵਿਚ ਬਜ਼ੁਰਗ ਆਦਮੀ ਹਨ ਜੋ ਹੌਸਲਾ ਅਤੇ ਰੂਹਾਨੀ ਤੌਰ ਤੇ ਮਦਦ ਦੇਣ ਵਿਚ ਤਜਰਬੇਕਾਰ ਹਨ। ਇਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰੋ ਕਿਉਂ ਜੋ ਬਾਈਬਲ ਇਨ੍ਹਾਂ ਬਾਰੇ ਕਹਿੰਦੀ ਹੈ ਕਿ ਇਹ ‘ਪੌਣ ਤੋਂ ਲੁੱਕਣ ਦੇ ਥਾਂ ਅਤੇ ਵਾਛੜ ਤੋਂ ਓਟ ਜਿਹੇ ਹਨ।’—ਯਸਾਯਾਹ 32:2.
‘ਤੁਹਾਡੀ ਬੇਨਤੀ ਪਰਮੇਸ਼ੁਰ ਦੇ ਅੱਗੇ ਕੀਤੀ ਜਾਵੇ’
ਪਰ ਸਭ ਤੋਂ ਵਧੀਆ ਮਦਦ ‘ਸਰਬ ਦਿਲਾਸੇ ਦੇ ਪਰਮੇਸ਼ੁਰ’ ਤੋਂ ਮਿਲਦੀ ਹੈ। (2 ਕੁਰਿੰਥੀਆਂ 1:3) ਜਦ ਤੁਸੀਂ ਉਦਾਸ ਅਤੇ ਨਿਰਾਸ਼ ਹੁੰਦੇ ਹੋ ਤਾਂ ਫ਼ਿਲਿੱਪੀਆਂ 4:6, 7 ਦੀ ਸਲਾਹ ਨੂੰ ਲਾਗੂ ਕਰੋ, ਜਿੱਥੇ ਲਿਖਿਆ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” ਪਰਮੇਸ਼ੁਰ ਤੁਹਾਡੀ ਗੱਲ ਸੁਣਨ ਲਈ ਹਮੇਸ਼ਾ ਤਿਆਰ ਹੈ। (ਜ਼ਬੂਰ 46:1; 77:1) ਅਤੇ ਕਈ ਵਾਰ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਸਿਰਫ਼ ਪ੍ਰਾਰਥਨਾ ਕਰਨ ਦੀ ਲੋੜ ਹੁੰਦੀ ਹੈ।
ਜੇਕਰ ਤੁਸੀਂ ਕਦੇ-ਕਦੇ ਉਦਾਸ ਅਤੇ ਨਿਰਾਸ਼ ਮਹਿਸੂਸ ਕਰਦੇ ਹੋ ਤਾਂ ਚੇਤੇ ਰੱਖੋ ਕਿ ਸਿਰਫ਼ ਤੁਸੀਂ ਹੀ ਨਹੀਂ ਪਰ ਹੋਰ ਬਹੁਤ ਸਾਰੇ ਨੌਜਵਾਨਾਂ ਨੇ ਵੀ ਇਸ ਤਰ੍ਹਾਂ ਮਹਿਸੂਸ ਕੀਤਾ ਹੈ। ਤੁਸੀਂ ਹਮੇਸ਼ਾ ਲਈ ਇਸ ਤਰ੍ਹਾਂ ਨਹੀਂ ਮਹਿਸੂਸ ਕਰਦੇ ਰਹੋਗੇ। ਪਰ ਜਦ ਤੁਸੀਂ ਉਦਾਸ ਹੁੰਦੇ ਹੋ ਤਾਂ ਆਪਣਾ ਦੁੱਖ ਇਕੱਲੇ ਨਾ ਝੱਲੋ ਪਰ ਉਸ ਬਾਰੇ ਕਿਸੇ ਨਾਲ ਗੱਲਬਾਤ ਕਰੋ। ਕਹਾਉਤਾਂ 12:25 ਵਿਚ ਲਿਖਿਆ ਹੈ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।” ਤੁਹਾਨੂੰ ਇਹ ਆਨੰਦ ਕਰਨ ਵਾਲਾ “ਚੰਗਾ ਬਚਨ” ਕਿਸ ਤਰ੍ਹਾਂ ਮਿਲੇਗਾ? ਸਿਰਫ਼ ਜੇਕਰ ਤੁਸੀਂ ਅਜਿਹੇ ਵਿਅਕਤੀ ਨਾਲ ਗੱਲਬਾਤ ਕਰੋਗੇ ਜਿਸ ਕੋਲ ਤਜਰਬਾ, ਗਿਆਨ, ਅਤੇ ਪਰਮੇਸ਼ੁਰੀ ਬੁੱਧ ਹੈ। ਇਸ ਤਰ੍ਹਾਂ ਦਾ ਵਿਅਕਤੀ ਤੁਹਾਨੂੰ ਦਿਲਾਸਾ ਅਤੇ ਮਦਦ ਦੇਵੇਗਾ।
[ਫੁਟਨੋਟ]
^ ਪੈਰਾ 5 ਜੇਕਰ ਤੁਸੀਂ ਲੰਮੇ ਸਮੇਂ ਤੋਂ ਉਦਾਸੀ ਮਹਿਸੂਸ ਕਰਦੇ ਆਏ ਹੋ ਤਾਂ ਸ਼ਾਇਦ ਇਸ ਦਾ ਇਹ ਮਤਲਬ ਹੈ ਕਿ ਤੁਹਾਨੂੰ ਕੋਈ ਮਾਨਸਿਕ ਜਾਂ ਸਰੀਰਕ ਬੀਮਾਰੀ ਹੋਵੇ। ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਹੈ। ਪਹਿਰਾਬੁਰਜ ਦੇ 1 ਮਾਰਚ 1990 ਦੇ ਅੰਕ ਵਿਚ “ਦਿਲਗੀਰੀ ਦੇ ਸੰਘਰਸ਼ ਵਿਚ ਜੇਤੂ ਹੋਣਾ” (ਅੰਗ੍ਰੇਜ਼ੀ) ਨਾਮਕ ਲੇਖ ਦੇਖੋ।
[ਸਫ਼ਾ 26 ਉੱਤੇ ਸੁਰਖੀ]
“ਜਦ ਮੈਂ ਆਪਣੇ ਮਾਪਿਆਂ ਨਾਲ ਗੱਲਬਾਤ ਕਰਦੀ ਹਾਂ ਤਾਂ ਮੈਨੂੰ ਹੌਸਲਾ ਅਤੇ ਚੰਗੀ ਸਲਾਹ ਮਿਲਦੀ ਹੈ।”
[ਸਫ਼ਾ 27 ਉੱਤੇ ਤਸਵੀਰ]
ਹਾਣੀਆਂ ਦੀ ਬਜਾਇ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਮਾਪਿਆਂ ਦੀ ਸਲਾਹ ਸਭ ਤੋਂ ਚੰਗੀ ਹੁੰਦੀ ਹੈ