ਮੈਂ ਛੇੜਖਾਨੀ ਦਾ ਸਾਮ੍ਹਣਾ ਕਿਸ ਤਰ੍ਹਾਂ ਕਰ ਸਕਦੀ ਹਾਂ?
ਨੌਜਵਾਨ ਪੁੱਛਦੇ ਹਨ . . .
ਮੈਂ ਛੇੜਖਾਨੀ ਦਾ ਸਾਮ੍ਹਣਾ ਕਿਸ ਤਰ੍ਹਾਂ ਕਰ ਸਕਦੀ ਹਾਂ?
“ਮੁੰਡੇ ਪਿੱਛਿਓਂ ਸੀਟੀਆਂ ਅਤੇ ਹਾਕਾਂ ਮਾਰਦੇ ਹਨ।”—ਕਾਰਲਾ, ਆਇਰਲੈਂਡ।
“ਕੁੜੀਆਂ ਬਾਰ-ਬਾਰ ਟੈਲੀਫ਼ੋਨ ਕਰਦੀਆਂ ਹਨ। ਉਹ ਤੁਹਾਡਾ ਜੀਉਣਾ ਮੁਸ਼ਕਲ ਕਰ ਦਿੰਦੀਆਂ ਹਨ।”—ਜੇਸਨ, ਅਮਰੀਕਾ।
“ਉਹ ਮੇਰੀ ਬਾਂਹ ਛੇੜੀ ਗਿਆ ਅਤੇ ਮੇਰਾ ਹੱਥ ਫੜਨ ਦੀ ਕੋਸ਼ਿਸ਼ ਕਰੀ ਗਿਆ।”—ਯੁਕੀਕੋ, ਜਪਾਨ।
“ਕੁੜੀਆਂ ਮੈਨੂੰ ਗੰਦੀਆਂ ਗੱਲਾਂ ਕਹਿੰਦੀਆਂ ਹਨ।”—ਐਲੇਗਜ਼ੈਂਡਰ, ਆਇਰਲੈਂਡ।
“ਇਕ ਮੁੰਡਾ ਸਕੂਲ ਦੀ ਬੱਸ ਤੋਂ ਮੈਨੂੰ ਆਵਾਜ਼ਾਂ ਮਾਰਦਾ ਰਿਹਾ। ਉਹ ਮੇਰੇ ਨਾਲ ਦੋਸਤੀ ਨਹੀਂ, ਛੇੜਖਾਨੀ ਕਰਨੀ ਚਾਹੁੰਦਾ ਸੀ।”—ਰਾਜ਼ਲਿਨ, ਅਮਰੀਕਾ।
ਛੇੜਖਾਨੀ ਦਾ ਮਤਲਬ ਕੀ ਹੈ? ਬੁਰੀ ਨੀਅਤ ਨਾਲ ਕਿਸੇ ਨੂੰ ਦੇਖਣਾ ਜਾਂ ਉਨ੍ਹਾਂ ਦੀ “ਤਾਰੀਫ਼” ਕਰਨੀ। ਕੋਈ ਗੰਦਾ ਚੁਟਕਲਾ ਸੁਣਾਉਣਾ ਜਾਂ ਖੁੱਲ੍ਹੇ-ਆਮ ਛੇੜ-ਛਾੜ ਕਰਨੀ। ਕਿਸੇ ਨਾਲ ਉਸ ਦੀ ਮਰਜ਼ੀ ਤੋਂ ਬਿਨਾਂ ਬਾਰ-ਬਾਰ ਅਜਿਹਾ ਕਰਨਾ ਅਕਸਰ ਛੇੜਖਾਨੀ ਵਿਚਾਰਿਆ ਜਾਂਦਾ ਹੈ। ਭਾਵੇਂ ਕਿ ਅਸੀਂ ਸਹੀ ਗਿਣਤੀ ਨਹੀਂ ਦੇ ਸਕਦੇ, ਸਰਵੇਖਣ ਦਿਖਾਉਂਦੇ ਹਨ ਕਿ ਅਮਰੀਕਾ ਵਿਚ ਸਕੂਲ ਜਾਣ ਵਾਲੇ ਬਹੁਤ ਸਾਰੇ ਬੱਚਿਆਂ ਨਾਲ ਛੇੜਖਾਨੀ ਕੀਤੀ ਜਾ ਚੁੱਕੀ ਹੈ।
ਡਾ. ਵਿਕਟੋਰੀਆ ਸ਼ੋਅ ਦੁਆਰਾ ਛੇੜਖਾਨੀ ਬਾਰੇ ਇਕ ਪੁਸਤਕ ਇਹ ਕਹਿੰਦੀ ਹੈ ਕਿ ‘ਕਿਸੇ ਨਾਲ ਛੇੜਖਾਨੀ ਉਨ੍ਹਾਂ ਨੂੰ ਛੂਹਣ ਦੁਆਰਾ, ਕੁਝ ਕਹਿਣ ਦੁਆਰਾ, ਜਾਂ ਕੁਝ ਕਰਨ ਦੁਆਰਾ ਕੀਤੀ ਜਾ ਸਕਦੀ ਹੈ।’ ਕਦੇ-ਕਦੇ ਛੇੜਖਾਨੀ ਗੰਦੀਆਂ ਹਰਕਤਾਂ ਕਰਨ ਦੁਆਰਾ ਵੀ ਕੀਤੀ ਜਾ ਸਕਦੀ ਹੈ।
ਆਮ ਤੌਰ ਤੇ ਸਕੂਲ ਵਿਚ ਤੁਹਾਡੇ ਹਾਣੀ ਤੁਹਾਡੇ ਨਾਲ ਛੇੜਖਾਨੀ ਕਰਨਗੇ। ਪਰ ਕੁਝ ਮਾਮਲਿਆਂ ਵਿਚ ਅਜਿਹੀ ਘਿਣਾਉਣੀ ਹਰਕਤ ਸਿਆਣੇ ਵੀ ਕਰਦੇ ਹਨ, ਯਾਨੀ ਅਧਿਆਪਕ। ਰੈਡਬੁੱਕ ਨਾਂ ਦੇ ਰਸਾਲੇ ਵਿਚ ਇਕ ਲੇਖ ਨੇ ਇਹ ਅਨੁਮਾਨ ਲਗਾਇਆ ਕਿ ਬਹੁਤ ਘੱਟ ਅਧਿਆਪਕ ਛੇੜਖਾਨੀ ਦੇ ਜ਼ੁਲਮ ਲਈ ਫੜੇ ਜਾਂਦੇ ਹਨ।
ਬਾਈਬਲ ਦੇ ਜ਼ਮਾਨੇ ਵਿਚ ਵੀ ਔਰਤਾਂ ਅਤੇ ਕਦੇ-ਕਦੇ ਆਦਮੀ ਛੇੜਖਾਨੀ ਦੇ ਸ਼ਿਕਾਰ ਬਣਦੇ ਸਨ। (ਉਤਪਤ 39:7; ਰੂਥ 2:8, 9, 15) ਅਤੇ ਬਾਈਬਲ ਵਿਚ ਪਹਿਲਾਂ ਹੀ ਇਹ ਗੱਲ ਦੱਸੀ ਗਈ ਸੀ ਕਿ ‘ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਅਤੇ ਕਰੜੇ ਹੋਣਗੇ।’ (2 ਤਿਮੋਥਿਉਸ 3:1-3) ਇਸ ਲਈ ਹੋ ਸਕਦਾ ਹੈ ਕਿ ਤੁਹਾਨੂੰ ਵੀ ਛੇੜਖਾਨੀ ਦਾ ਸਾਮ੍ਹਣਾ ਕਰਨਾ ਪਵੇ।
ਪਰਮੇਸ਼ੁਰ ਦਾ ਵਿਚਾਰ
ਇਹ ਸੱਚ ਹੈ ਕਿ ਹਰ ਨੌਜਵਾਨ ਛੇੜਖਾਨੀ ਤੋਂ ਪਰੇਸ਼ਾਨ ਨਹੀਂ ਹੁੰਦਾ। ਕਈ ਤਾਂ ਛੇੜਖਾਨੀ ਨੂੰ ਮਨੋਰੰਜਨ ਸਮਝ ਕੇ ਪਸੰਦ ਵੀ ਕਰਦੇ ਹਨ। ਅਮਰੀਕਾ ਤੋਂ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਛੇੜਖਾਨੀ ਦੇ ਸ਼ਿਕਾਰਾਂ ਵਿੱਚੋਂ 75 ਫੀ ਸਦੀ ਨੇ ਇਕਬਾਲ ਕੀਤਾ ਕਿ ਉਨ੍ਹਾਂ ਨੇ ਵੀ ਕਿਸੇ ਨਾਲ ਛੇੜਖਾਨੀ ਕੀਤੀ ਸੀ। ਕੁਝ ਸਿਆਣੇ ਛੇੜਖਾਨੀ ਨੂੰ ਮਾਮੂਲੀ ਜਿਹੀ ਗੱਲ ਸਮਝ ਕੇ ਜ਼ਿਆਦਾ ਵਿਗਾੜ ਦਿੰਦੇ ਹਨ। ਉਹ ਇਹ ਸੋਚਦੇ ਹਨ ਕਿ ਨੌਜਵਾਨਾਂ ਦਾ ਇਸ ਤਰ੍ਹਾਂ ਕਰਨਾ
ਆਮ ਹੈ, ਅਤੇ ਇਸ ਲਈ ਉਹ ਕੁਝ ਨਹੀਂ ਕਰਦੇ। ਪਰ ਛੇੜਖਾਨੀ ਬਾਰੇ ਰੱਬ ਦਾ ਕੀ ਖ਼ਿਆਲ ਹੈ?ਪਰਮੇਸ਼ੁਰ ਦਾ ਬਚਨ, ਬਾਈਬਲ, ਹਰ ਤਰ੍ਹਾਂ ਦੀ ਛੇੜਖਾਨੀ ਨਿੰਦਦਾ ਹੈ। ਸਾਨੂੰ ਦੱਸਿਆ ਜਾਂਦਾ ਹੈ ਕਿ ਆਪਣੇ ਵਿਆਹੁਤਾ-ਸਾਥੀ ਤੋਂ ਸਿਵਾਇ ਹੋਰ ਕਿਸੇ ਨੂੰ ਹੱਥ ਲਾਉਣ ਦਾ ਸਾਡਾ ਕੋਈ ਹੱਕ ਨਹੀਂ ਹੈ। (1 ਥੱਸਲੁਨੀਕੀਆਂ 4:3-8) ਦਰਅਸਲ, ਗੱਭਰੂਆਂ ਨੂੰ ਖ਼ਾਸ ਕਰ ਕੇ ਹੁਕਮ ਦਿੱਤਾ ਜਾਂਦਾ ਹੈ ਕਿ ਉਹ “ਮੁਟਿਆਰਾਂ ਨੂੰ ਅੱਤ ਪਵਿੱਤਰਤਾਈ ਨਾਲ ਭੈਣਾਂ ਵਾਂਗਰ” ਸਮਝਣ। (1 ਤਿਮੋਥਿਉਸ 5:1, 2) ਬਾਈਬਲ ਗੰਦੀ ਬੋਲੀ ਅਤੇ ਮਖੌਲ ਨੂੰ ਵੀ ਨਿੰਦਦੀ ਹੈ। (ਅਫ਼ਸੀਆਂ 5:3, 4) ਇਸ ਲਈ ਜਦੋਂ ਤੁਹਾਡੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਤਾਂ ਤੁਹਾਡਾ ਗੁੱਸੇ, ਪਰੇਸ਼ਾਨ, ਜਾਂ ਹੈਰਾਨ ਹੋਣਾ, ਅਤੇ ਬੇਇੱਜ਼ਤੀ ਮਹਿਸੂਸ ਕਰਨੀ ਬਿਲਕੁਲ ਜਾਇਜ਼ ਹੈ।
ਤੁਹਾਨੂੰ ਕੀ ਕਹਿਣਾ ਚਾਹੀਦਾ ਹੈ?
ਜੇਕਰ ਤੁਹਾਡੇ ਨਾਲ ਕੋਈ ਛੇੜਖਾਨੀ ਕਰੇ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਹੋ ਸਕਦਾ ਹੈ ਕਿ ਜੇਕਰ ਤੁਸੀਂ ਸਾਫ਼ ਜਵਾਬ ਨਾ ਦਿਓ ਤਾਂ ਛੇੜਖਾਨੀ ਕਰਨ ਵਾਲਾ ਤੁਹਾਡਾ ਪਿੱਛਾ ਨਹੀਂ ਛੱਡੇਗਾ। ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਯੂਸੁਫ਼ ਦੇ ਮਾਲਕ ਦੀ ਪਤਨੀ ਨੇ ਉਸ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਯੂਸੁਫ਼ ਨੇ ਉਸ ਦੀ ਗੱਲ ਬਿਲਕੁਲ ਨਹੀਂ ਮੰਨੀ ਅਤੇ ਉਸ ਨੇ ਕੋਈ ਘਿਣਾਉਣਾ ਕੰਮ ਨਹੀਂ ਕੀਤਾ। (ਉਤਪਤ 39:8, 9, 12) ਅੱਜ ਸਾਨੂੰ ਵੀ ਛੇੜਖਾਨੀ ਦਾ ਪਿੱਛਾ ਛੁਡਾਉਣ ਵਾਸਤੇ ਸਾਫ਼-ਸਾਫ਼ ਜਵਾਬ ਦੇਣਾ ਚਾਹੀਦਾ ਹੈ।
ਇਹ ਵੀ ਸੱਚ ਹੋ ਸਕਦਾ ਹੈ ਕਿ ਛੇੜਖਾਨੀ ਕਰਨ ਵਾਲੇ ਦੇ ਇਰਾਦੇ ਸ਼ਾਇਦ ਨੇਕ ਹੋਣ। ਉਹ ਸ਼ਾਇਦ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਹੋਵੇ ਪਰ ਉਸ ਨੂੰ ਗੱਲਬਾਤ ਕਰਨ ਦਾ ਸਹੀ ਤਰੀਕਾ ਪਤਾ ਨਾ ਹੋਵੇ, ਅਤੇ ਉਸ ਦੀ ਹਰਕਤ ਤੁਹਾਨੂੰ ਸ਼ਾਇਦ ਛੇੜਖਾਨੀ ਲੱਗੇ। ਜੇਕਰ ਤੁਹਾਨੂੰ ਉਸ ਦੀ ਗੱਲ ਪਸੰਦ ਨਾ ਹੋਵੇ ਤਾਂ ਇਹ ਨਾ ਸਮਝੋ ਕਿ ਉਸ ਤੋਂ ਪਿੱਛਾ ਛੁਡਾਉਣ ਲਈ ਤੁਹਾਨੂੰ ਵੀ ਕੋਈ ਘਟੀਆ ਹਰਕਤ ਕਰਨੀ ਪਵੇਗੀ। ਉਸ ਨੂੰ ਆਪਣੇ ਨੇਕ ਇਰਾਦੇ ਸਮਝਾਉਣ ਲਈ ਤੁਹਾਨੂੰ ਸ਼ਾਇਦ ਸਿਰਫ਼ ਇਹ ਕਹਿਣ ਦੀ ਲੋੜ ਹੋਵੇ: ‘ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਪਸੰਦ ਨਹੀਂ’ ਜਾਂ, ‘ਮੈਨੂੰ ਹੱਥ ਨਾ ਲਾ।’ ਪਰ ਤੁਸੀਂ ਭਾਵੇਂ ਜੋ ਵੀ ਕਹੋ, ਇਹ ਦਿਖਾਉਣ ਦੀ ਕੋਸ਼ਿਸ਼ ਕਰੋ ਕਿ ਇਹ ਗੱਲ ਤੁਹਾਡੇ ਲਈ ਮਾਮੂਲੀ ਨਹੀਂ ਹੈ। ਆਪਣੀ ਨਾ ਨੂੰ ਹਾਂ ਵਿਚ ਨਾ ਬਦਲੋ! ਮੁਟਿਆਰ ਐਨਡ੍ਰਿਆ ਇਹ ਕਹਿੰਦੀ ਹੈ ਕਿ “ਜੇਕਰ ਉਹ ਤੁਹਾਡੇ ਇਸ਼ਾਰਿਆਂ ਤੋਂ ਨਾ ਸਮਝਣ ਕਿ ਤੁਸੀਂ ਛੇੜਖਾਨੀ ਪਸੰਦ ਨਹੀਂ ਕਰਦੇ, ਤਾਂ ਉਨ੍ਹਾਂ ਨੂੰ ਸਿੱਧਾ ਜਵਾਬ ਦੇਵੋ। ਅਕਸਰ ਮੈਨੂੰ ਇਸੇ ਤਰ੍ਹਾਂ ਕਰਨਾ ਪੈਂਦਾ ਹੈ।” ਤੁਹਾਡੇ ਲਈ ਸ਼ਾਇਦ ਸਿਰਫ਼ ‘ਖ਼ਬਰਦਾਰ!’ ਕਹਿਣਾ ਕਾਫ਼ੀ ਹੋਵੇ।
ਜੇਕਰ ਗੱਲ ਜ਼ਿਆਦਾ ਵੱਧ ਜਾਵੇ ਤਾਂ ਉਸ ਨੂੰ ਆਪ ਸੁਲਝਾਉਣ ਦੀ ਕੋਸ਼ਿਸ਼ ਨਾ ਕਰੋ। ਆਪਣੇ ਮਾਪਿਆਂ ਜਾਂ ਹੋਰ ਕਿਸੇ ਸਿਆਣੇ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ। ਮਾਮਲੇ ਨੂੰ ਸੁਲਝਾਉਣ ਲਈ ਉਹ ਸ਼ਾਇਦ ਤੁਹਾਨੂੰ ਕੋਈ ਚੰਗੀ ਸਲਾਹ ਦੇ
ਸਕਣ। ਜੇਕਰ ਇਸ ਤਰ੍ਹਾਂ ਕਰਨ ਤੋਂ ਬਾਅਦ ਵੀ ਗੱਲ ਠੀਕ ਨਾ ਹੋਵੇ ਤਾਂ ਤੁਹਾਡੇ ਮਾਪੇ ਸ਼ਾਇਦ ਸਕੂਲ ਦੇ ਅਧਿਆਪਕਾਂ ਨਾਲ ਗੱਲ ਕਰਨੀ ਜ਼ਰੂਰੀ ਸਮਝਣ। ਭਾਵੇਂ ਕਿ ਉਨ੍ਹਾਂ ਦਾ ਇਸ ਤਰ੍ਹਾਂ ਕਰਨਾ ਤੁਹਾਡੇ ਲਈ ਔਖਾ ਹੋਵੇ ਅਤੇ ਤੁਸੀਂ ਸ਼ਾਇਦ ਸ਼ਰਮ ਮਹਿਸੂਸ ਕਰੋ, ਪਰ ਹੋ ਸਕਦਾ ਹੈ ਕਿ ਇਸ ਨਾਲ ਛੇੜਖਾਨੀ ਤੋਂ ਤੁਹਾਡਾ ਬਚਾਅ ਹੋਵੇ।ਛੇੜਖਾਨੀ ਰੋਕਣੀ
ਸਭ ਤੋਂ ਚੰਗੀ ਗੱਲ ਤਾਂ ਇਹ ਹੋਵੇਗੀ ਕਿ ਤੁਹਾਡੇ ਨਾਲ ਛੇੜਖਾਨੀ ਹੋਣੀ ਸ਼ੁਰੂ ਹੀ ਨਾ ਹੋਵੇ। ਇਸ ਤੋਂ ਆਪਣਾ ਬਚਾਅ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਐਨਡ੍ਰਿਆ ਸਲਾਹ ਦਿੰਦੀ ਹੈ: “ਕਦੇ ਕਿਸੇ ਨੂੰ ਇਹ ਨਾ ਪਤਾ ਲੱਗਣ ਦਿਓ ਕਿ ਤੁਸੀਂ ਕਿਸੇ ਵਿਚ ਰਤਾ ਕੁ ਵੀ ਦਿਲਚਸਪੀ ਲੈਂਦੇ ਹੋ। ਦੂਸਰੇ ਲੋਕ ਇਸ ਬਾਰੇ ਸੁਣ ਲੈਣਗੇ ਅਤੇ ਤੁਹਾਡੇ ਤੇ ਦਬਾਉ ਜਾਰੀ ਰਹੇਗਾ।” ਤੁਹਾਨੂੰ ਆਪਣੇ ਕੱਪੜਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਮਾਰਾ ਨਾਂ ਦੀ ਲੜਕੀ ਕਹਿੰਦੀ ਹੈ ਕਿ “ਮੈਂ ਬੁੱਢੀਆਂ ਵਰਗੇ ਕੱਪੜੇ ਨਹੀਂ ਪਾਉਂਦੀ ਪਰ ਮੈਂ ਉਹ ਵੀ ਕੱਪੜੇ ਨਹੀਂ ਪਾਉਂਦੀ ਜਿਨ੍ਹਾਂ ਨਾਲ ਮੇਰੇ ਜਿਸਮ ਦੀ ਨੁਮਾਇਸ਼ ਹੋਵੇ।” ਜੇਕਰ ਤੁਸੀਂ ਛੇੜਖਾਨੀ ਤੋਂ ਬਚਣਾ ਚਾਹੁੰਦੇ ਹੋ ਪਰ ਭੀੜੇ ਕੱਪੜੇ ਪਾਉਂਦੇ ਹੋ, ਜਿਨ੍ਹਾਂ ਕਰਕੇ ਲੋਕਾਂ ਦਾ ਧਿਆਨ ਤੁਹਾਡੇ ਸਰੀਰ ਵੱਲ ਖਿੱਚਿਆ ਜਾਂਦਾ ਹੈ, ਤਾਂ ਹੋ ਸਕਦਾ ਹੈ ਕਿ ਤੁਹਾਡਾ ਇਰਾਦਾ ਗ਼ਲਤ ਸਮਝਿਆ ਜਾਵੇ। ਬਾਈਬਲ ਇਹ ਸਲਾਹ ਦਿੰਦੀ ਹੈ ਕਿ ਸਾਡਾ ਪਹਿਰਾਵਾ “ਲਾਜ ਅਤੇ ਸੰਜਮ ਸਹਿਤ” ਕੀਤਾ ਜਾਣਾ ਚਾਹੀਦਾ ਹੈ।—1 ਤਿਮੋਥਿਉਸ 2:9.
ਤੁਹਾਨੂੰ ਆਪਣੀ ਸੰਗਤ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸ ਕਰਕੇ ਵੀ ਤੁਹਾਡੇ ਨਾਲ ਛੇੜਖਾਨੀ ਕੀਤੀ ਜਾ ਸਕਦੀ ਹੈ। (ਕਹਾਉਤਾਂ 13:20) ਰਾਜ਼ਲਿਨ ਦੱਸਦੀ ਹੈ ਕਿ “ਜਦੋਂ ਕਿਸੇ ਗਰੁੱਪ ਵਿਚ ਇਕ-ਦੋ ਕੁੜੀਆਂ ਮੁੰਡਿਆਂ ਦੀ ਛੇੜ-ਛਾੜ ਪਸੰਦ ਕਰਦੀਆਂ ਹੋਣ, ਤਾਂ ਮੁੰਡੇ ਇਹ ਸਮਝ ਸਕਦੇ ਹਨ ਕਿ ਸਾਰੀਆਂ ਕੁੜੀਆਂ ਇਸੇ ਤਰ੍ਹਾਂ ਦੀਆਂ ਹਨ।” ਕਾਰਲਾ ਨੇ ਵੀ ਇਹੀ ਕਿਹਾ: “ਜੇਕਰ ਤੁਸੀਂ ਉਨ੍ਹਾਂ ਨਾਲ ਉੱਠਣੀ-ਬੈਠਣੀ ਰੱਖੋ ਜੋ ਮੁੰਡਿਆਂ ਦੀਆਂ ਗੱਲਾਂ ਅਤੇ ਛੇੜ-ਛਾੜ ਪਸੰਦ ਕਰਨ ਤਾਂ ਜ਼ਰੂਰ ਤੁਹਾਡੇ ਨਾਲ ਵੀ ਛੇੜ-ਛਾੜ ਕੀਤੀ ਜਾਵੇਗੀ।”
ਬਾਈਬਲ ਸਾਨੂੰ ਦੀਨਾਹ ਨਾਂ ਦੀ ਇਕ ਮੁਟਿਆਰ ਬਾਰੇ ਦੱਸਦੀ ਹੈ। ਉਹ ਕਨਾਨ ਦੇਸ਼ ਦੀਆਂ ਕੁੜੀਆਂ ਨੂੰ ਮਿਲਣ ਜਾਂਦੀ ਹੁੰਦੀ ਸੀ, ਜਿਨ੍ਹਾਂ ਦਾ ਚਾਲ-ਚਲਣ ਖ਼ਰਾਬ ਸੀ। ਨਤੀਜੇ ਵਜੋਂ ਦੀਨਾਹ ਦੀ ਇੱਜ਼ਤ ਲੁੱਟੀ ਗਈ। (ਉਤਪਤ 34:1, 2) ਇਸ ਲਈ ਬਾਈਬਲ ਦੀ ਸਲਾਹ ਹੈ ਕਿ “ਚੌਕਸੀ ਨਾਲ ਵੇਖੋ ਭਈਂ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ।” (ਅਫ਼ਸੀਆਂ 5:15) ਜੀ ਹਾਂ, ਆਪਣੇ ਪਹਿਰਾਵੇ, ਬੋਲ-ਚਾਲ, ਅਤੇ ਆਪਣੀ ਸੰਗਤ ਵੱਲ ਧਿਆਨ ਦੇਣ ਦੁਆਰਾ ਤੁਸੀਂ ਛੇੜਖਾਨੀ ਤੋਂ ਆਪਣਾ ਬਚਾਅ ਕਰਨ ਲਈ ਬਹੁਤ ਕੁਝ ਕਰ ਸਕਦੇ ਹੋ।
ਮਸੀਹੀ ਨੌਜਵਾਨਾਂ ਲਈ ਛੇੜਖਾਨੀ ਤੋਂ ਆਪਣਾ ਬਚਾਅ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਯਹੋਵਾਹ ਦੇ ਇਕ ਗਵਾਹ ਹੋ। ਟਿਮੋਨ ਨਾਂ ਦਾ ਇਕ ਗਵਾਹ ਯਾਦ ਕਰਦਾ ਹੈ: “ਸਕੂਲ ਵਿਚ ਨਿਆਣੇ ਜਾਣਦੇ ਸਨ ਕਿ ਮੈਂ ਇਕ ਗਵਾਹ ਸੀ, ਇਸ ਲਈ ਮੇਰੇ ਨਾਲ ਕਿਸੇ ਨੇ ਛੇੜਖਾਨੀ ਨਹੀਂ ਕੀਤੀ।” ਐਨਡ੍ਰਿਆ ਕਹਿੰਦੀ ਹੈ ਕਿ “ਜੇ ਤੁਸੀਂ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਇਕ ਗਵਾਹ ਹੋ ਤਾਂ ਇਸ ਨਾਲ ਬਹੁਤ ਫ਼ਰਕ ਪੈਂਦਾ ਹੈ। ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਈਆਂ ਗੱਲਾਂ ਵਿਚ ਤੁਸੀਂ ਉਨ੍ਹਾਂ ਨਾਲੋਂ ਅਲੱਗ ਹੋ ਅਤੇ ਤੁਹਾਡੇ ਅਸੂਲ ਉੱਚੇ ਹਨ।”—ਮੱਤੀ 5:15, 16.
ਜੇ ਤੁਹਾਡੇ ਨਾਲ ਛੇੜਖਾਨੀ ਕੀਤੀ ਜਾਵੇ
ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੋ, ਫਿਰ ਵੀ ਤੁਹਾਨੂੰ ਬਦਤਮੀਜ਼ ਲੋਕਾਂ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਜੇਕਰ ਤੁਹਾਡੇ ਨਾਲ ਛੇੜਖਾਨੀ ਕੀਤੀ ਜਾਵੇ, ਅਤੇ ਤੁਹਾਡਾ ਚਾਲ-ਚਲਣ ਨੇਕ ਹੋਵੇ ਤਾਂ ਤੁਹਾਨੂੰ ਆਪਣੇ ਆਪ ਨੂੰ ਦੋਸ਼ੀ ਸਮਝਣ ਦੀ ਕੋਈ ਲੋੜ ਨਹੀਂ ਹੈ। (1 ਪਤਰਸ 3:16, 17) ਜੇਕਰ ਮਾਮਲਾ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ, ਤਾਂ ਆਪਣੇ ਮਾਪਿਆਂ ਜਾਂ ਮਸੀਹੀ ਕਲੀਸਿਯਾ ਵਿਚ ਕਿਸੇ ਹੋਰ ਸਿਆਣੇ ਵਿਅਕਤੀ ਨਾਲ ਗੱਲਬਾਤ ਕਰੋ ਅਤੇ ਉਨ੍ਹਾਂ ਤੋਂ ਮਦਦ ਮੰਗੋ। ਰਾਜ਼ਲਿਨ ਸਵੀਕਾਰ ਕਰਦੀ ਹੈ ਕਿ ਜਦੋਂ ਤੁਹਾਡੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਤਾਂ ਤੁਸੀਂ ਆਪਣੇ ਆਪ ਨੂੰ ਕਸੂਰਵਾਰ ਸਮਝ ਸਕਦੇ ਹੋ। ਉਹ ਕਹਿੰਦੀ ਹੈ: “ਕਿਸੇ ਨਾਲ ਸਿਰਫ਼ ਗੱਲ ਕਰਨ ਨਾਲ ਤੁਹਾਡੇ ਦਿਲ ਦਾ ਬੋਝ ਹੌਲਾ ਹੋ ਸਕਦਾ ਹੈ।” ਇਹ ਵੀ ਯਾਦ ਰੱਖੋ ਕਿ “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ।”—ਜ਼ਬੂਰ 145:18, 19.
ਬਦਸਲੂਕੀ ਦਾ ਸਾਮ੍ਹਣਾ ਕਰਨਾ ਸੌਖਾ ਨਹੀਂ ਹੈ, ਪਰ ਹੈ ਬਹੁਤ ਹੀ ਜ਼ਰੂਰੀ। ਮਿਸਾਲ ਲਈ, ਬਾਈਬਲ ਵਿਚ ਸ਼ੂਨੇਮ ਨਾਂ ਦੇ ਪਿੰਡ ਦੀ ਇਕ ਮੁਟਿਆਰ ਵੱਲ ਧਿਆਨ ਦਿਓ। ਉਸ ਨਾਲ ਛੇੜਖਾਨੀ ਤਾਂ ਨਹੀਂ ਸੀ ਕੀਤੀ ਗਈ, ਪਰ ਯਹੂਦਾਹ ਦੇ ਅਮੀਰ ਅਤੇ ਸ਼ਕਤੀਸ਼ਾਲੀ ਰਾਜਾ ਸੁਲੇਮਾਨ ਨੇ ਉਸ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਉਹ ਕਿਸੇ ਹੋਰ ਨਾਲ ਪਿਆਰ ਕਰਦੀ ਸੀ, ਅਤੇ ਇਸ ਲਈ ਉਸ ਨੇ ਰਾਜੇ ਦੀ ਗੱਲ ਨਹੀਂ ਮੰਨੀ। ਇਸ ਕਰਕੇ ਉਹ ਫ਼ਖ਼ਰ ਨਾਲ ਕਹਿ ਸਕਦੀ ਸੀ ਕਿ ‘ਮੈਂ ਕੰਧ ਹਾਂ।’—ਸਰੇਸ਼ਟ ਗੀਤ 8:4, 10.
ਸਾਨੂੰ ਵੀ ਉਸ ਵਾਂਗ ਸ਼ਕਤੀ ਅਤੇ ਦ੍ਰਿੜ੍ਹਤਾ ਦਿਖਾਉਣੀ ਚਾਹੀਦੀ ਹੈ। ਜਦੋਂ ਕੋਈ ਤੁਹਾਡੇ ਨਾਲ ਛੇੜ-ਛਾੜ ਕਰੇ ਤਾਂ ਇਕ “ਕੰਧ” ਵਾਂਗ ਦ੍ਰਿੜ੍ਹ ਰਹੋ। ਆਪਣੇ ਆਸ-ਪਾਸ ਦਿਆਂ ਲੋਕਾਂ ਨੂੰ ਦੱਸੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ। ਇਸ ਤਰ੍ਹਾਂ ਕਰ ਕੇ ਤੁਸੀਂ “ਨਿਰਦੋਸ਼ ਅਤੇ ਸਿੱਧੇ ਸਾਧੇ” ਰਹੋਗੇ ਅਤੇ ਪਰਮੇਸ਼ੁਰ ਦਾ ਦਿਲ ਖ਼ੁਸ਼ ਕਰੋਗੇ।—ਫ਼ਿਲਿੱਪੀਆਂ 2:15. *
[ਫੁਟਨੋਟ]
^ ਪੈਰਾ 27 ਛੇੜਖਾਨੀ ਦੇ ਮਾਮਲੇ ਬਾਰੇ ਹੋਰ ਜਾਣਕਾਰੀ ਜਾਗਰੂਕ ਬਣੋ! 22 ਮਈ 1996; 22 ਅਗਸਤ 1995; ਅਤੇ 22 ਮਈ 1991 ਦੇ ਅੰਗ੍ਰੇਜ਼ੀ ਲੇਖਾਂ ਵਿਚ ਪਾਈ ਜਾਂਦੀ ਹੈ।
[ਸਫ਼ਾ 27 ਉੱਤੇ ਤਸਵੀਰ]
ਲੋਕਾਂ ਨੂੰ ਆਪਣੇ ਮਸੀਹੀ ਵਿਸ਼ਵਾਸ ਬਾਰੇ ਦੱਸਣ ਨਾਲ ਤੁਹਾਡੀ ਰੱਖਿਆ ਹੋ ਸਕਦੀ ਹੈ
[ਸਫ਼ਾ 27 ਉੱਤੇ ਤਸਵੀਰ]
ਬੁਰੀ ਸੰਗਤ ਤੋਂ ਦੂਰ ਰਹਿਣ ਨਾਲ ਤੁਸੀਂ ਸ਼ਾਇਦ ਛੇੜਖਾਨੀ ਤੋਂ ਆਪਣਾ ਬਚਾਅ ਕਰ ਸਕੋ