ਅਧਿਐਨ ਲੇਖ 39
ਗੀਤ 125 “ਖ਼ੁਸ਼ ਹਨ ਦਇਆਵਾਨ!”
ਦੂਜਿਆਂ ਨੂੰ ਦੇ ਕੇ ਆਪਣੀ ਖ਼ੁਸ਼ੀ ਵਧਾਓ
“ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”—ਰਸੂ. 20:35.
ਕੀ ਸਿੱਖਾਂਗੇ?
ਅਸੀਂ ਜਾਣਾਂਗੇ ਕਿ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦੂਜਿਆਂ ਦੀ ਮਦਦ ਕਰ ਸਕਦੇ ਹਾਂ ਅਤੇ ਦੇਣ ਵਿਚ ਜੋ ਖ਼ੁਸ਼ੀ ਮਿਲਦੀ ਹੈ, ਉਸ ਨੂੰ ਹੋਰ ਵੀ ਜ਼ਿਆਦਾ ਕਿਵੇਂ ਵਧਾ ਸਕਦੇ ਹਾਂ।
1-2. ਯਹੋਵਾਹ ਨੇ ਸਾਨੂੰ ਇਸ ਤਰ੍ਹਾਂ ਕਿਉਂ ਬਣਾਇਆ ਹੈ ਕਿ ਅਸੀਂ ਜਦੋਂ ਦੂਜਿਆਂ ਨੂੰ ਕੁਝ ਦਿੰਦੇ ਹਾਂ, ਤਾਂ ਸਾਨੂੰ ਖ਼ੁਸ਼ੀ ਮਿਲਦੀ ਹੈ?
ਜਦੋਂ ਯਹੋਵਾਹ ਨੇ ਇਨਸਾਨਾਂ ਨੂੰ ਬਣਾਇਆ, ਤਾਂ ਉਸ ਨੇ ਉਨ੍ਹਾਂ ਅੰਦਰ ਇਕ ਅਨੋਖੀ ਕਾਬਲੀਅਤ ਪਾਈ। ਉਹ ਇਹ ਕਿ ਜਦੋਂ ਅਸੀਂ ਦੂਜਿਆਂ ਨੂੰ ਕੁਝ ਦਿੰਦੇ ਹਾਂ ਜਾਂ ਉਨ੍ਹਾਂ ਲਈ ਕੁਝ ਕਰਦੇ ਹਾਂ, ਤਾਂ ਸਾਡੀ ਖ਼ੁਸ਼ੀ ਹੋਰ ਵੀ ਵਧ ਜਾਂਦੀ ਹੈ। (ਰਸੂ. 20:35) ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਲੈਣ ਵਿਚ ਖ਼ੁਸ਼ੀ ਨਹੀਂ ਮਿਲਦੀ? ਨਹੀਂ, ਇੱਦਾਂ ਨਹੀਂ ਹੈ। ਜਦੋਂ ਸਾਨੂੰ ਕੋਈ ਤੋਹਫ਼ਾ ਦਿੰਦਾ ਹੈ, ਤਾਂ ਸਾਨੂੰ ਖ਼ੁਸ਼ੀ ਮਿਲਦੀ ਹੈ। ਪਰ ਜਦੋਂ ਅਸੀਂ ਦੂਜਿਆਂ ਨੂੰ ਕੁਝ ਦਿੰਦੇ ਹਾਂ, ਤਾਂ ਸਾਡੀ ਖ਼ੁਸ਼ੀ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ। ਯਹੋਵਾਹ ਨੇ ਸਾਨੂੰ ਇੱਦਾਂ ਕਿਉਂ ਬਣਾਇਆ ਹੈ?
2 ਉਹ ਇਸ ਲਈ ਤਾਂਕਿ ਅਸੀਂ ਆਪਣੀ ਖ਼ੁਸ਼ੀ ਨੂੰ ਵਧਾ ਸਕੀਏ। ਅਸੀਂ ਜਿੰਨੀ ਜ਼ਿਆਦਾ ਦੂਜਿਆਂ ਦੀ ਮਦਦ ਕਰਦੇ ਹਾਂ, ਸਾਡੀ ਖ਼ੁਸ਼ੀ ਉੱਨੀ ਹੀ ਜ਼ਿਆਦਾ ਵਧ ਜਾਂਦੀ ਹੈ। ਇਸ ਲਈ ਖ਼ੁਸ਼ ਰਹਿਣ ਲਈ ਸਾਨੂੰ ਅਲੱਗ-ਅਲੱਗ ਤਰੀਕਿਆਂ ਨਾਲ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ। ਸੱਚੀ, ਯਹੋਵਾਹ ਨੇ ਸਾਨੂੰ ਕਿੰਨੇ ਲਾਜਵਾਬ ਤਰੀਕੇ ਨਾਲ ਬਣਾਇਆ ਹੈ!—ਜ਼ਬੂ. 139:14.
3. ਯਹੋਵਾਹ ਨੂੰ “ਖ਼ੁਸ਼ਦਿਲ ਪਰਮੇਸ਼ੁਰ” ਕਿਉਂ ਕਿਹਾ ਗਿਆ ਹੈ?
3 ਬਾਈਬਲ ਦੱਸਦੀ ਹੈ ਕਿ ਦੇਣ ਵਿਚ ਖ਼ੁਸ਼ੀ ਮਿਲਦੀ ਹੈ। ਇਸੇ ਕਰਕੇ ਇਸ ਵਿਚ ਯਹੋਵਾਹ ਪਰਮੇਸ਼ੁਰ ਬਾਰੇ ਲਿਖਿਆ ਹੈ ਕਿ ਉਹ ਇਕ “ਖ਼ੁਸ਼ਦਿਲ ਪਰਮੇਸ਼ੁਰ” ਹੈ। (1 ਤਿਮੋ. 1:11) ਦੂਜਿਆਂ ਨੂੰ ਦੇਣ ਦੇ ਮਾਮਲੇ ਵਿਚ ਯਹੋਵਾਹ ਪਰਮੇਸ਼ੁਰ ਸਭ ਤੋਂ ਵਧੀਆ ਮਿਸਾਲ ਹੈ। ਉਸ ਵਰਗਾ ਕੋਈ ਨਹੀਂ ਹੈ। ਦੇਣ ਦੀ ਸ਼ੁਰੂਆਤ ਉਸੇ ਨੇ ਕੀਤੀ ਸੀ। ਪੌਲੁਸ ਰਸੂਲ ਨੇ ਪਰਮੇਸ਼ੁਰ ਬਾਰੇ ਲਿਖਿਆ ਕਿ ਉਸ ਕਰਕੇ “ਸਾਨੂੰ ਜ਼ਿੰਦਗੀ ਮਿਲੀ ਹੈ, ਉਸੇ ਦੇ ਸਹਾਰੇ ਅਸੀਂ ਤੁਰਦੇ-ਫਿਰਦੇ ਹਾਂ ਤੇ ਉਸੇ ਕਰਕੇ ਅਸੀਂ ਹੋਂਦ ਵਿਚ ਹਾਂ।” (ਰਸੂ. 17:28) ਦਰਅਸਲ, “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ” ਯਹੋਵਾਹ ਤੋਂ ਹੀ ਮਿਲਦੀ ਹੈ।—ਯਾਕੂ. 1:17.
4. ਅਸੀਂ ਆਪਣੀ ਖ਼ੁਸ਼ੀ ਹੋਰ ਕਿਵੇਂ ਵਧਾ ਸਕਦੇ ਹਾਂ?
4 ਅਸੀਂ ਉਹ ਖ਼ੁਸ਼ੀ ਪਾਉਣੀ ਚਾਹੁੰਦੇ ਹਾਂ ਜੋ ਦੇਣ ਨਾਲ ਮਿਲਦੀ ਹੈ। ਜੇ ਅਸੀਂ ਖੁੱਲ੍ਹ-ਦਿਲੀ ਦੇ ਮਾਮਲੇ ਵਿਚ ਯਹੋਵਾਹ ਦੀ ਰੀਸ ਕਰੀਏ, ਤਾਂ ਅਸੀਂ ਆਪਣੀ ਖ਼ੁਸ਼ੀ ਵਧਾ ਸਕਾਂਗੇ। (ਅਫ਼. 5:1) ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਯਹੋਵਾਹ ਕਿਵੇਂ ਦੂਜਿਆਂ ਦੀ ਮਦਦ ਕਰਦਾ ਹੈ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ। ਅਸੀਂ ਇਹ ਵੀ ਜਾਣਾਂਗੇ ਕਿ ਜੇ ਸਾਨੂੰ ਲੱਗਦਾ ਹੈ ਕਿ ਦੂਜੇ ਸਾਡੇ ਕੀਤੇ ਦੀ ਕਦਰ ਨਹੀਂ ਕਰਦੇ, ਤਾਂ ਅਸੀਂ ਕੀ ਕਰ ਸਕਦੇ ਹਾਂ। ਇਨ੍ਹਾਂ ਗੱਲਾਂ ʼਤੇ ਚਰਚਾ ਕਰਨ ਨਾਲ ਸਾਨੂੰ ਹੱਲਾਸ਼ੇਰੀ ਮਿਲੇਗੀ ਕਿ ਅਸੀਂ ਦੂਜਿਆਂ ਦੀ ਮਦਦ ਕਰਦੇ ਰਹੀਏ ਅਤੇ ਦੇਣ ਨਾਲ ਜੋ ਖ਼ੁਸ਼ੀ ਮਿਲਦੀ ਹੈ, ਉਸ ਨੂੰ ਵਧਾਉਂਦੇ ਰਹੀਏ।
ਯਹੋਵਾਹ ਵਾਂਗ ਖੁੱਲ੍ਹ-ਦਿਲੇ ਬਣੋ
5. ਯਹੋਵਾਹ ਸਾਨੂੰ ਕਿਹੜੀਆਂ ਲੋੜੀਂਦੀਆਂ ਚੀਜ਼ਾਂ ਦਿੰਦਾ ਹੈ?
5 ਯਹੋਵਾਹ ਦਿਲ ਖੋਲ੍ਹ ਕੇ ਸਾਡੀ ਮਦਦ ਕਰਦਾ ਹੈ। ਉਹ ਕਈ ਤਰੀਕਿਆਂ ਨਾਲ ਇੱਦਾਂ ਕਰਦਾ ਹੈ, ਜਿਵੇਂ ਯਹੋਵਾਹ ਸਾਨੂੰ ਲੋੜੀਂਦੀਆਂ ਚੀਜ਼ਾਂ ਦਿੰਦਾ ਹੈ। ਹੋ ਸਕਦਾ ਹੈ ਕਿ ਸਾਡੇ ਕੋਲ ਐਸ਼ੋ-ਆਰਾਮ ਦੀਆਂ ਚੀਜ਼ਾਂ ਨਾ ਹੋਣ, ਪਰ ਯਹੋਵਾਹ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਸਾਡੇ ਕੋਲ ਲੋੜੀਂਦੀਆਂ ਚੀਜ਼ਾਂ ਹੋਣ। ਜਿਵੇਂ ਕਿ ਰੋਟੀ, ਕੱਪੜਾ ਅਤੇ ਮਕਾਨ। (ਮੱਤੀ 6:31-33; 1 ਤਿਮੋ. 6:6-8) ਕੀ ਯਹੋਵਾਹ ਇਹ ਸਭ ਕੁਝ ਸਿਰਫ਼ ਫ਼ਰਜ਼ ਸਮਝ ਕੇ ਕਰਦਾ ਹੈ? ਬਿਲਕੁਲ ਨਹੀਂ। ਤਾਂ ਫਿਰ ਉਹ ਸਾਡੀ ਮਦਦ ਕਿਉਂ ਕਰਦਾ ਹੈ?
6. ਮੱਤੀ 6:25, 26 ਤੋਂ ਅਸੀਂ ਕੀ ਸਿੱਖਦੇ ਹਾਂ?
6 ਯਹੋਵਾਹ ਪਿਆਰ ਹੋਣ ਕਰਕੇ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ। ਯਿਸੂ ਨੇ ਸ੍ਰਿਸ਼ਟੀ ਦੀਆਂ ਚੀਜ਼ਾਂ ਦੀ ਮਿਸਾਲ ਦੇ ਕੇ ਇਹ ਗੱਲ ਸਮਝਾਈ। ਜ਼ਰਾ ਉਸ ਦੇ ਸ਼ਬਦਾਂ ਵੱਲ ਧਿਆਨ ਦਿਓ ਜੋ ਮੱਤੀ 6:25, 26 ਵਿਚ ਲਿਖੇ ਹਨ। (ਪੜ੍ਹੋ।) ਯਿਸੂ ਨੇ ਪੰਛੀਆਂ ਬਾਰੇ ਕਿਹਾ: “ਉਹ ਨਾ ਬੀਜਦੇ, ਨਾ ਵੱਢਦੇ ਤੇ ਨਾ ਹੀ ਭੰਡਾਰਾਂ ਵਿਚ ਇਕੱਠਾ ਕਰਦੇ ਹਨ। ਪਰ ਫਿਰ ਵੀ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਦਾ ਢਿੱਡ ਭਰਦਾ ਹੈ।” ਇਸ ਤੋਂ ਬਾਅਦ ਉਸ ਨੇ ਪੁੱਛਿਆ: “ਕੀ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ?” ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਯਹੋਵਾਹ ਲਈ ਉਸ ਦੇ ਸੇਵਕ ਪੰਛੀਆਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹਨ। ਜੇ ਯਹੋਵਾਹ ਪੰਛੀਆਂ ਦਾ ਇੰਨਾ ਖ਼ਿਆਲ ਰੱਖਦਾ ਹੈ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਸਾਡਾ ਵੀ ਜ਼ਰੂਰ ਖ਼ਿਆਲ ਰੱਖੇਗਾ। ਜੀ ਹਾਂ, ਯਹੋਵਾਹ ਇਕ ਪਿਤਾ ਵਾਂਗ ਸਾਨੂੰ ਪਿਆਰ ਕਰਦਾ ਹੈ। ਇਸੇ ਲਈ ਉਹ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ।—ਜ਼ਬੂ. 145:16; ਮੱਤੀ 6:32.
7. ਅਸੀਂ ਕਿਹੜੇ ਇਕ ਤਰੀਕੇ ਰਾਹੀਂ ਯਹੋਵਾਹ ਵਾਂਗ ਖੁੱਲ੍ਹ-ਦਿਲੇ ਬਣ ਸਕਦੇ ਹਾਂ? (ਤਸਵੀਰ ਵੀ ਦੇਖੋ।)
7 ਯਹੋਵਾਹ ਵਾਂਗ ਅਸੀਂ ਵੀ ਦੂਜਿਆਂ ਨੂੰ ਪਿਆਰ ਕਰਦੇ ਹਾਂ, ਇਸੇ ਕਰਕੇ ਅਸੀਂ ਉਨ੍ਹਾਂ ਦੀ ਮਦਦ ਕਰਦੇ ਹਾਂ। ਕੀ ਤੁਸੀਂ ਕਿਸੇ ਅਜਿਹੇ ਭੈਣ ਜਾਂ ਭਰਾ ਨੂੰ ਜਾਣਦੇ ਹੋ ਜਿਸ ਨੂੰ ਖਾਣ-ਪੀਣ ਦੀਆਂ ਚੀਜ਼ਾਂ ਜਾਂ ਕੱਪੜਿਆਂ ਦੀ ਲੋੜ ਹੈ? ਯਹੋਵਾਹ ਤੁਹਾਡੇ ਜ਼ਰੀਏ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ। ਜਦੋਂ ਕੋਈ ਕੁਦਰਤੀ ਆਫ਼ਤ ਆਉਂਦੀ ਹੈ, ਤਾਂ ਯਹੋਵਾਹ ਦੇ ਲੋਕ ਹੋਰ ਵੀ ਵਧ-ਚੜ੍ਹ ਕੇ ਦੂਜਿਆਂ ਦੀ ਮਦਦ ਕਰਦੇ ਹਨ। ਮਿਸਾਲ ਲਈ, ਕੋਵਿਡ-19 ਮਹਾਂਮਾਰੀ ਦੌਰਾਨ ਭੈਣਾਂ-ਭਰਾਵਾਂ ਨੇ ਲੋੜਵੰਦ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ, ਕੱਪੜੇ ਤੇ ਹੋਰ ਚੀਜ਼ਾਂ ਦਿੱਤੀਆਂ। ਨਾਲੇ ਕਈ ਭੈਣਾਂ-ਭਰਾਵਾਂ ਨੇ ਦੁਨੀਆਂ ਭਰ ਵਿਚ ਹੋਣ ਵਾਲੇ ਕੰਮਾਂ ਲਈ ਦਿਲ ਖੋਲ੍ਹ ਕੇ ਦਾਨ ਵੀ ਦਿੱਤਾ। ਇਸ ਦਾਨ ਨਾਲ ਅਲੱਗ-ਅਲੱਗ ਥਾਵਾਂ ʼਤੇ ਰਾਹਤ ਦਾ ਕੰਮ ਕੀਤਾ ਗਿਆ। ਦਾਨ ਦੇਣ ਵਾਲੇ ਉਨ੍ਹਾਂ ਭੈਣਾਂ-ਭਰਾਵਾਂ ਨੇ ਇਬਰਾਨੀਆਂ 13:16 ਵਿਚ ਲਿਖੀ ਗੱਲ ਮੰਨੀ ਜਿੱਥੇ ਲਿਖਿਆ ਹੈ: “ਦੂਸਰਿਆਂ ਦਾ ਭਲਾ ਕਰਨਾ ਅਤੇ ਉਨ੍ਹਾਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਨਾ ਭੁੱਲੋ ਕਿਉਂਕਿ ਪਰਮੇਸ਼ੁਰ ਨੂੰ ਅਜਿਹੇ ਬਲੀਦਾਨਾਂ ਤੋਂ ਬਹੁਤ ਖ਼ੁਸ਼ੀ ਹੁੰਦੀ ਹੈ।”
8. ਯਹੋਵਾਹ ਦੀ ਤਾਕਤ ਨਾਲ ਅਸੀਂ ਕੀ ਕੁਝ ਕਰ ਸਕਦੇ ਹਾਂ? (ਫ਼ਿਲਿੱਪੀਆਂ 2:13)
8 ਯਹੋਵਾਹ ਤਾਕਤ ਦਿੰਦਾ ਹੈ। ਯਹੋਵਾਹ ਕੋਲ ਅਸੀਮ ਤਾਕਤ ਹੈ ਅਤੇ ਉਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਵੀ ਖ਼ੁਸ਼ੀ-ਖ਼ੁਸ਼ੀ ਤਾਕਤ ਦਿੰਦਾ ਹੈ। (ਫ਼ਿਲਿੱਪੀਆਂ 2:13 ਪੜ੍ਹੋ।) ਕੀ ਤੁਸੀਂ ਕਦੇ ਭਰਮਾਏ ਜਾਣ ਵੇਲੇ ਜਾਂ ਕਿਸੇ ਮੁਸ਼ਕਲ ਨੂੰ ਸਹਿਣ ਲਈ ਪ੍ਰਾਰਥਨਾ ਵਿਚ ਯਹੋਵਾਹ ਤੋਂ ਤਾਕਤ ਮੰਗੀ ਹੈ? ਸ਼ਾਇਦ ਤੁਸੀਂ ਇਹ ਵੀ ਪ੍ਰਾਰਥਨਾ ਕੀਤੀ ਹੋਣੀ ਕਿ ਯਹੋਵਾਹ ਤੁਹਾਨੂੰ ਤਾਕਤ ਦੇਵੇ ਤਾਂਕਿ ਤੁਸੀਂ ਦਿਨ ਭਰ ਦੇ ਕੰਮ ਕਰ ਸਕੋ। ਫਿਰ ਜਦੋਂ ਯਹੋਵਾਹ ਨੇ ਤੁਹਾਡੀ ਪ੍ਰਾਰਥਨਾ ਦਾ ਜਵਾਬ ਦਿੱਤਾ, ਤਾਂ ਸ਼ਾਇਦ ਤੁਸੀਂ ਪੌਲੁਸ ਰਸੂਲ ਵਾਂਗ ਮਹਿਸੂਸ ਕੀਤਾ ਹੋਵੇ ਜਿਸ ਨੇ ਕਿਹਾ: “ਪਰਮੇਸ਼ੁਰ ਆਪਣੀ ਸ਼ਕਤੀ ਨਾਲ ਮੈਨੂੰ ਹਰ ਹਾਲਾਤ ਦਾ ਸਾਮ੍ਹਣਾ ਕਰਨ ਦੀ ਤਾਕਤ ਬਖ਼ਸ਼ਦਾ ਹੈ।”—ਫ਼ਿਲਿ. 4:13.
9. ਯਹੋਵਾਹ ਵਾਂਗ ਅਸੀਂ ਦੂਜਿਆਂ ਦੀ ਮਦਦ ਕਰਨ ਲਈ ਆਪਣੀ ਤਾਕਤ ਕਿਵੇਂ ਵਰਤ ਸਕਦੇ ਹਾਂ? (ਤਸਵੀਰ ਵੀ ਦੇਖੋ।)
9 ਸਾਡੇ ਕੋਲ ਯਹੋਵਾਹ ਜਿੰਨੀ ਤਾਕਤ ਨਹੀਂ ਹੈ। ਪਰ ਅਸੀਂ ਯਹੋਵਾਹ ਵਾਂਗ ਖੁੱਲ੍ਹ-ਦਿਲੇ ਜ਼ਰੂਰ ਬਣ ਸਕਦੇ ਹਾਂ। ਕਿਵੇਂ? ਅਸੀਂ ਦੂਜਿਆਂ ਨੂੰ ਆਪਣੀ ਤਾਕਤ ਤਾਂ ਨਹੀਂ ਦੇ ਸਕਦੇ, ਪਰ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਆਪਣੀ ਤਾਕਤ ਜ਼ਰੂਰ ਵਰਤ ਸਕਦੇ ਹਾਂ। ਮਿਸਾਲ ਲਈ, ਅਸੀਂ ਬਜ਼ੁਰਗ ਜਾਂ ਬੀਮਾਰ ਭੈਣਾਂ-ਭਰਾਵਾਂ ਲਈ ਖ਼ਰੀਦਾਰੀ ਕਰ ਸਕਦੇ ਹਾਂ ਜਾਂ ਉਨ੍ਹਾਂ ਦੇ ਘਰ ਦੇ ਕੰਮ ਕਰ ਸਕਦੇ ਹਾਂ। ਜੇ ਹੋ ਸਕੇ, ਤਾਂ ਅਸੀਂ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਜਾਂ ਮੁਰੰਮਤ ਦੇ ਕੰਮ ਵਿਚ ਹੱਥ ਵਟਾ ਸਕਦੇ ਹਾਂ। ਜਦੋਂ ਅਸੀਂ ਇਨ੍ਹਾਂ ਕੰਮਾਂ ਵਿਚ ਆਪਣੀ ਤਾਕਤ ਲਾਉਂਦੇ ਹਾਂ, ਤਾਂ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰ ਪਾਉਂਦੇ ਹਾਂ।
10. ਤੁਸੀਂ ਕਿਵੇਂ ਆਪਣੀਆਂ ਗੱਲਾਂ ਨਾਲ ਦੂਜਿਆਂ ਦੀ ਹਿੰਮਤ ਵਧਾ ਸਕਦੇ ਹੋ?
10 ਇਹ ਵੀ ਨਾ ਭੁੱਲੋ ਕਿ ਸ਼ਬਦਾਂ ਵਿਚ ਤਾਕਤ ਹੁੰਦੀ ਹੈ। ਕੀ ਤੁਸੀਂ ਕਿਸੇ ਅਜਿਹੇ ਭੈਣ-ਭਰਾ ਨੂੰ ਜਾਣਦੇ ਹੋ ਜਿਸ ਨੂੰ ਹੱਲਾਸ਼ੇਰੀ ਦੀ ਲੋੜ ਹੈ? ਜਾਂ ਕਿਸੇ ਅਜਿਹੇ ਭੈਣ-ਭਰਾ ਨੂੰ ਜਿਸ ਨੂੰ ਦਿਲਾਸੇ ਦੀ ਲੋੜ ਹੈ? ਜੇ ਹਾਂ, ਤਾਂ ਕਿਉਂ ਨਾ ਇੱਦਾਂ ਕਰਨ ਵਿਚ ਪਹਿਲ ਕਰੋ। ਤੁਸੀਂ ਉਨ੍ਹਾਂ ਨੂੰ ਮਿਲਣ ਜਾ ਸਕਦੇ ਹੋ, ਫ਼ੋਨ ਕਰ ਸਕਦੇ ਹੋ, ਉਨ੍ਹਾਂ ਨੂੰ ਕਾਰਡ, ਈ-ਮੇਲ ਜਾਂ ਮੈਸਿਜ ਭੇਜ ਸਕਦੇ ਹੋ। ਇਸ ਗੱਲ ਦੀ ਚਿੰਤਾ ਨਾ ਕਰੋ ਕਿ ਤੁਸੀਂ ਉਨ੍ਹਾਂ ਨੂੰ ਕੀ ਕਹੋਗੇ ਜਾਂ ਕਿਹੜੇ ਸ਼ਬਦ ਵਰਤੋਗੇ, ਬੱਸ ਦਿਲੋਂ ਗੱਲ ਕਰੋ। ਹੌਸਲਾ ਵਧਾਉਣ ਲਈ ਇੰਨਾ ਹੀ ਕਾਫ਼ੀ ਹੁੰਦਾ ਹੈ। ਕੀ ਪਤਾ ਤੁਹਾਡੀਆਂ ਕਹੀਆਂ ਗੱਲਾਂ ਨਾਲ ਉਹ ਇਕ ਹੋਰ ਦਿਨ ਯਹੋਵਾਹ ਦੇ ਵਫ਼ਾਦਾਰ ਰਹਿ ਸਕਣ ਜਾਂ ਆਪਣੇ ਹਾਲਾਤਾਂ ਬਾਰੇ ਸਹੀ ਨਜ਼ਰੀਆ ਰੱਖ ਸਕਣ।—ਕਹਾ. 12:25; ਅਫ਼. 4:29.
11. ਯਹੋਵਾਹ ਹੋਰ ਕਿਹੜੇ ਤਰੀਕੇ ਨਾਲ ਖੁੱਲ੍ਹ-ਦਿਲੀ ਦਿਖਾਉਂਦਾ ਹੈ?
11 ਯਹੋਵਾਹ ਬੁੱਧ ਦਿੰਦਾ ਹੈ। ਯਾਕੂਬ ਨੇ ਲਿਖਿਆ: “ਜੇ ਤੁਹਾਡੇ ਵਿੱਚੋਂ ਕਿਸੇ ਵਿਚ ਬੁੱਧ ਦੀ ਕਮੀ ਹੈ, ਤਾਂ ਉਹ ਪਰਮੇਸ਼ੁਰ ਤੋਂ ਮੰਗਦਾ ਰਹੇ ਅਤੇ ਉਸ ਨੂੰ ਬੁੱਧ ਦਿੱਤੀ ਜਾਵੇਗੀ ਕਿਉਂਕਿ ਪਰਮੇਸ਼ੁਰ ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ ਅਤੇ ਮੰਗਣ ਵਾਲਿਆਂ ਉੱਤੇ ਦੋਸ਼ ਨਹੀਂ ਲਾਉਂਦਾ।” (ਯਾਕੂ. 1:5, ਫੁਟਨੋਟ) ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੀ ਬੁੱਧ ਸਿਰਫ਼ ਆਪਣੇ ਤਕ ਹੀ ਨਹੀਂ ਰੱਖਦਾ, ਸਗੋਂ ਖੁੱਲ੍ਹੇ ਦਿਲ ਨਾਲ ਦੂਜਿਆਂ ਨੂੰ ਵੀ ਦਿੰਦਾ ਹੈ। ਨਾਲੇ ਇਹ ਵੀ ਗੌਰ ਕਰੋ ਕਿ ਜਦੋਂ ਯਹੋਵਾਹ ਬੁੱਧ ਦਿੰਦਾ ਹੈ, ਤਾਂ ਉਹ “ਗੁੱਸੇ ਨਹੀਂ ਹੁੰਦਾ” ਜਾਂ “ਦੋਸ਼ ਨਹੀਂ ਲਾਉਂਦਾ।” ਉਹ ਨਹੀਂ ਚਾਹੁੰਦਾ ਕਿ ਉਸ ਤੋਂ ਬੁੱਧ ਮੰਗਦਿਆਂ ਅਸੀਂ ਸ਼ਰਮਿੰਦਗੀ ਮਹਿਸੂਸ ਕਰੀਏ। ਇਸ ਦੀ ਬਜਾਇ, ਉਹ ਸਾਨੂੰ ਗੁਜ਼ਾਰਸ਼ ਕਰਦਾ ਹੈ ਕਿ ਅਸੀਂ ਉਸ ਤੋਂ ਬੁੱਧ ਮੰਗੀਏ।—ਕਹਾ. 2:1-6.
12. ਸਾਡੇ ਕੋਲ ਦੂਜਿਆਂ ਨਾਲ ਆਪਣਾ ਗਿਆਨ ਤੇ ਬੁੱਧ ਸਾਂਝੀ ਕਰਨ ਦੇ ਕਿਹੜੇ ਮੌਕੇ ਹੁੰਦੇ ਹਨ?
12 ਕੀ ਅਸੀਂ ਆਪਣਾ ਗਿਆਨ ਅਤੇ ਬੁੱਧ ਦੂਜਿਆਂ ਨਾਲ ਸਾਂਝੀ ਕਰ ਸਕਦੇ ਹਾਂ? ਬਿਲਕੁਲ। (ਜ਼ਬੂ. 32:8) ਸਾਡੇ ਕੋਲ ਇੱਦਾਂ ਕਰਨ ਦੇ ਕਈ ਮੌਕੇ ਹੁੰਦੇ ਹਨ। ਮਿਸਾਲ ਲਈ, ਅਸੀਂ ਨਵੇਂ ਭੈਣਾਂ-ਭਰਾਵਾਂ ਨੂੰ ਹੋਰ ਵੀ ਚੰਗੇ ਤਰੀਕੇ ਨਾਲ ਪ੍ਰਚਾਰ ਕਰਨਾ ਸਿਖਾਉਂਦੇ ਹਾਂ। ਬਜ਼ੁਰਗ ਸਹਾਇਕ ਸੇਵਕਾਂ ਅਤੇ ਬਪਤਿਸਮਾ-ਪ੍ਰਾਪਤ ਭਰਾਵਾਂ ਨਾਲ ਧੀਰਜ ਰੱਖਦੇ ਹਨ ਅਤੇ ਉਨ੍ਹਾਂ ਨੂੰ ਸਿਖਾਉਂਦੇ ਹਨ ਕਿ ਉਹ ਮੰਡਲੀ ਵਿਚ ਆਪਣੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾ ਸਕਦੇ ਹਨ। ਜਿਨ੍ਹਾਂ ਭੈਣਾਂ-ਭਰਾਵਾਂ ਕੋਲ ਭਗਤੀ ਨਾਲ ਜੁੜੀਆਂ ਥਾਵਾਂ ਦੀ ਉਸਾਰੀ ਅਤੇ ਸਾਂਭ-ਸੰਭਾਲ ਕਰਨ ਦਾ ਤਜਰਬਾ ਹੈ, ਉਹ ਘੱਟ ਤਜਰਬੇਕਾਰ ਭੈਣਾਂ-ਭਰਾਵਾਂ ਨੂੰ ਇਹ ਕੰਮ ਸਿਖਾਉਂਦੇ ਹਨ।
13. ਦੂਜਿਆਂ ਨੂੰ ਸਿਖਾਉਣ ਦੇ ਮਾਮਲੇ ਵਿਚ ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ?
13 ਦੂਜਿਆਂ ਨੂੰ ਸਿਖਾਉਂਦਿਆਂ ਜਾਂ ਉਨ੍ਹਾਂ ਨੂੰ ਟ੍ਰੇਨਿੰਗ ਦਿੰਦਿਆਂ ਯਹੋਵਾਹ ਦੀ ਰੀਸ ਕਰਨ ਦੀ ਕੋਸ਼ਿਸ਼ ਕਰੋ। ਯਹੋਵਾਹ ਆਪਣੀ ਬੁੱਧ ਆਪਣੇ ਤਕ ਹੀ ਨਹੀਂ ਰੱਖਦਾ, ਸਗੋਂ ਦਿਲ ਖੋਲ੍ਹ ਕੇ ਦੂਜਿਆਂ ਨਾਲ ਸਾਂਝੀ ਕਰਦਾ ਹੈ। ਇਸੇ ਤਰ੍ਹਾਂ ਸਾਨੂੰ ਵੀ ਆਪਣਾ ਗਿਆਨ ਅਤੇ ਤਜਰਬਾ ਦੂਜਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ। ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ, ‘ਜੇ ਮੈਂ ਇਸ ਨੂੰ ਸਾਰਾ ਕੁਝ ਸਿਖਾ ਦਿੱਤਾ, ਤਾਂ ਕਿਤੇ ਇਹ ਮੇਰੀ ਜਗ੍ਹਾ ਨਾ ਲੈ ਲਵੇ।’ ਨਾ ਹੀ ਇਹ ਸੋਚਣਾ ਚਾਹੀਦਾ, ‘ਮੈਨੂੰ ਤਾਂ ਕਿਸੇ ਨੇ ਨਹੀਂ ਸਿਖਾਇਆ, ਇਹ ਵੀ ਆਪ ਹੀ ਸਿੱਖੇ।’ ਇਸ ਦੀ ਬਜਾਇ, ਅਸੀਂ ਜੋ ਕੁਝ ਜਾਣਦੇ ਹਾਂ, ਸਾਨੂੰ ਖ਼ੁਸ਼ੀ-ਖ਼ੁਸ਼ੀ ਦੂਜਿਆਂ ਨੂੰ ਦੱਸਣਾ ਚਾਹੀਦਾ ਹੈ ਅਤੇ ਉਨ੍ਹਾਂ ਲਈ “ਆਪਣੀਆਂ ਜਾਨਾਂ ਵੀ ਵਾਰਨ ਲਈ ਤਿਆਰ” ਰਹਿਣਾ ਚਾਹੀਦਾ ਹੈ। (1 ਥੱਸ. 2:8) ਸਾਨੂੰ ਉਨ੍ਹਾਂ ਨੂੰ ਇਸ ਤਰੀਕੇ ਨਾਲ ਸਿਖਾਉਣਾ ਚਾਹੀਦਾ ਹੈ ਕਿ “ਉਹ ਵੀ ਅੱਗੋਂ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣਨ।” (2 ਤਿਮੋ. 2:1, 2) ਇਸ ਤਰ੍ਹਾਂ ਜਦੋਂ ਅਸੀਂ ਸਾਰੇ ਖੁੱਲ੍ਹ-ਦਿਲੀ ਨਾਲ ਆਪਣਾ ਗਿਆਨ ਸਾਂਝਾ ਕਰਾਂਗੇ, ਤਾਂ ਇਸ ਤੋਂ ਸਾਨੂੰ ਅਤੇ ਬਾਕੀਆਂ ਨੂੰ ਵੀ ਫ਼ਾਇਦਾ ਹੋਵੇਗਾ ਅਤੇ ਸਾਡੇ ਸਾਰਿਆਂ ਦੀ ਖ਼ੁਸ਼ੀ ਵਧੇਗੀ।
ਜਦੋਂ ਕੋਈ ਤੁਹਾਡਾ ਧੰਨਵਾਦ ਨਾ ਕਰੇ
14. ਜਦੋਂ ਅਸੀਂ ਦੂਜਿਆਂ ਲਈ ਕੁਝ ਕਰਦੇ ਹਾਂ, ਤਾਂ ਬਦਲੇ ਵਿਚ ਜ਼ਿਆਦਾਤਰ ਲੋਕ ਕੀ ਕਰਦੇ ਹਨ?
14 ਜਦੋਂ ਅਸੀਂ ਦਿਲੋਂ ਲੋਕਾਂ ਦੀ ਮਦਦ ਕਰਦੇ ਹਾਂ, ਖ਼ਾਸ ਕਰਕੇ ਆਪਣੇ ਭੈਣਾਂ-ਭਰਾਵਾਂ ਦੀ, ਤਾਂ ਉਹ ਅਕਸਰ ਸਾਡਾ ਧੰਨਵਾਦ ਕਰਦੇ ਹਨ। ਸ਼ਾਇਦ ਉਹ ਸਾਨੂੰ ਥੈਂਕਯੂ ਕਾਰਡ ਦੇਣ ਜਾਂ ਹੋਰ ਤਰੀਕਿਆਂ ਨਾਲ ਆਪਣੀ ਕਦਰਦਾਨੀ ਜ਼ਾਹਰ ਕਰਨ। (ਕੁਲੁ. 3:15) ਸੋ ਜਦੋਂ ਦੂਜੇ ਸਾਡੀ ਕਦਰ ਕਰਦੇ ਹਨ, ਤਾਂ ਸਾਡੀ ਖ਼ੁਸ਼ੀ ਹੋਰ ਵੀ ਵਧ ਜਾਂਦੀ ਹੈ।
15. ਜੇ ਕੁਝ ਜਣੇ ਸਾਡਾ ਸ਼ੁਕਰੀਆ ਅਦਾ ਨਾ ਕਰਨ, ਤਾਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ?
15 ਪਰ ਇਹ ਵੀ ਸੱਚ ਹੈ ਕਿ ਕੁਝ ਲੋਕ ਸ਼ਾਇਦ ਸਾਡਾ ਸ਼ੁਕਰੀਆ ਅਦਾ ਨਾ ਕਰਨ ਜਾਂ ਸਾਡਾ ਅਹਿਸਾਨ ਨਾ ਮੰਨਣ। ਹੋ ਸਕਦਾ ਹੈ ਕਿ ਅਸੀਂ ਕਿਸੇ ਭੈਣ ਜਾਂ ਭਰਾ ਦੀ ਮਦਦ ਕਰਨ ਲਈ ਬਹੁਤ ਸਾਰਾ ਸਮਾਂ ਲਾਇਆ ਹੋਵੇ, ਮਿਹਨਤ ਕੀਤੀ ਹੋਵੇ ਜਾਂ ਆਪਣੇ ਸਾਧਨ ਵਰਤੇ ਹੋਣ। ਪਰ ਸਾਨੂੰ ਲੱਗੇ ਕਿ ਉਸ ਨੇ ਸਾਡੀ ਜ਼ਰਾ ਵੀ ਕਦਰ ਨਹੀਂ ਕੀਤੀ। ਅਸੀਂ ਆਪਣੀ ਖ਼ੁਸ਼ੀ ਕਿੱਦਾਂ ਬਣਾਈ ਰੱਖ ਸਕਦੇ ਹਾਂ ਅਤੇ ਨਿਰਾਸ਼ ਹੋਣ ਤੋਂ ਕਿੱਦਾਂ ਬਚ ਸਕਦੇ ਹਾਂ? ਇਸ ਲੇਖ ਦੇ ਮੁੱਖ ਹਵਾਲੇ ਰਸੂਲਾਂ ਦੇ ਕੰਮ 20:35 ਨੂੰ ਯਾਦ ਰੱਖੋ ਜਿਸ ਤੋਂ ਪਤਾ ਲੱਗਦਾ ਹੈ ਕਿ ਸਾਡੀ ਖ਼ੁਸ਼ੀ ਇਸ ਗੱਲ ʼਤੇ ਨਿਰਭਰ ਨਹੀਂ ਕਰਦੀ ਕਿ ਦੂਜੇ ਸਾਡਾ ਸ਼ੁਕਰੀਆ ਅਦਾ ਕਰਦੇ ਹਨ ਜਾਂ ਨਹੀਂ। ਚਾਹੇ ਉਹ ਸਾਡਾ ਅਹਿਸਾਨ ਮੰਨਣ ਜਾਂ ਨਾ, ਪਰ ਅਸੀਂ ਆਪਣੀ ਖ਼ੁਸ਼ੀ ਬਣਾਈ ਰੱਖ ਸਕਦੇ ਹਾਂ। ਕਿੱਦਾਂ? ਆਓ ਅਸੀਂ ਕੁਝ ਤਰੀਕਿਆਂ ʼਤੇ ਗੌਰ ਕਰੀਏ।
16. ਜਦੋਂ ਅਸੀਂ ਦੂਜਿਆਂ ਲਈ ਕੁਝ ਕਰਦੇ ਹਾਂ, ਤਾਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
16 ਯਾਦ ਰੱਖੋ ਕਿ ਦੂਜਿਆਂ ਦੀ ਮਦਦ ਕਰ ਕੇ ਤੁਸੀਂ ਯਹੋਵਾਹ ਦੀ ਰੀਸ ਕਰ ਰਹੇ ਹੋਵੋਗੇ। ਯਹੋਵਾਹ ਲੋਕਾਂ ਨੂੰ ਚੰਗੀਆਂ ਚੀਜ਼ਾਂ ਦਿੰਦਾ ਹੈ, ਫਿਰ ਚਾਹੇ ਉਹ ਉਸ ਦਾ ਅਹਿਸਾਨ ਮੰਨਣ ਜਾਂ ਨਾ। (ਮੱਤੀ 5:43-48) ਯਹੋਵਾਹ ਵਾਅਦਾ ਕਰਦਾ ਹੈ ਕਿ ਜੇ ਅਸੀਂ ਵੀ ਉਸ ਵਾਂਗ ਬਣੀਏ ਅਤੇ ‘ਕੁਝ ਵਾਪਸ ਮਿਲਣ ਦੀ ਆਸ ਨਾ ਰੱਖੀਏ,’ ਤਾਂ ਸਾਨੂੰ “ਵੱਡਾ ਇਨਾਮ ਮਿਲੇਗਾ।” (ਲੂਕਾ 6:35) “ਕੁਝ” ਵਾਪਸ ਮਿਲਣ ਦੀ ਆਸ ਨਾ ਰੱਖਣ ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ ਤਾਰੀਫ਼ ਜਾਂ ਸ਼ੁਕਰਗੁਜ਼ਾਰੀ ਪਾਉਣ ਦੀ ਉਮੀਦ ਨਾ ਰੱਖੀਏ। ਚਾਹੇ ਕੋਈ ਸਾਡਾ ਧੰਨਵਾਦ ਕਰੇ ਜਾਂ ਨਾ, ਯਹੋਵਾਹ ਹਮੇਸ਼ਾ ਸਾਨੂੰ ਸਾਡੇ ਚੰਗੇ ਕੰਮਾਂ ਦਾ ਇਨਾਮ ਦੇਵੇਗਾ ਕਿਉਂਕਿ ਸਾਡਾ ਪਰਮੇਸ਼ੁਰ “ਖ਼ੁਸ਼ੀ ਨਾਲ ਦੇਣ ਵਾਲੇ ਨੂੰ” ਪਿਆਰ ਕਰਦਾ ਹੈ।—ਕਹਾ. 19:17; 2 ਕੁਰਿੰ. 9:7.
17. ਯਹੋਵਾਹ ਦੀ ਰੀਸ ਕਰਨ ਲਈ ਅਸੀਂ ਹੋਰ ਕੀ ਕਰ ਸਕਦੇ ਹਾਂ? (ਲੂਕਾ 14:12-14)
17 ਅਸੀਂ ਦੇਣ ਦੇ ਮਾਮਲੇ ਵਿਚ ਇਕ ਹੋਰ ਤਰੀਕੇ ਨਾਲ ਯਹੋਵਾਹ ਦੀ ਰੀਸ ਕਰ ਸਕਦੇ ਹਾਂ। ਇਸ ਲਈ ਅਸੀਂ ਯਿਸੂ ਦੀ ਸਲਾਹ ਮੰਨ ਸਕਦੇ ਹਾਂ ਜੋ ਲੂਕਾ 14:12-14 ਵਿਚ ਦਰਜ ਹੈ। (ਪੜ੍ਹੋ।) ਇਨ੍ਹਾਂ ਆਇਤਾਂ ਵਿਚ ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਉਨ੍ਹਾਂ ਲੋਕਾਂ ਲਈ ਪਰਾਹੁਣਚਾਰੀ ਦਿਖਾਉਣੀ ਜਾਂ ਮਦਦ ਕਰਨੀ ਗ਼ਲਤ ਹੈ ਜੋ ਬਦਲੇ ਵਿਚ ਸਾਡੇ ਲਈ ਕੁਝ ਕਰ ਸਕਦੇ ਹਨ। ਪਰ ਜੇ ਸਾਨੂੰ ਕਿਤੇ-ਨਾ-ਕਿਤੇ ਇਹ ਲੱਗਦਾ ਹੈ ਕਿ ਅਸੀਂ ਦੂਜਿਆਂ ਤੋਂ ਕੁਝ ਪਾਉਣ ਦੀ ਉਮੀਦ ਨਾਲ ਉਨ੍ਹਾਂ ਦੀ ਮਦਦ ਕਰ ਰਹੇ ਹਾਂ, ਤਾਂ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਸਾਨੂੰ ਉਨ੍ਹਾਂ ਲੋਕਾਂ ਦੀ ਵੀ ਪਰਾਹੁਣਚਾਰੀ ਕਰਨ ਅਤੇ ਮਦਦ ਕਰਨ ਦੀ ਲੋੜ ਹੈ ਜਿਨ੍ਹਾਂ ਕੋਲ ਬਦਲੇ ਵਿਚ ਦੇਣ ਲਈ ਕੁਝ ਨਹੀਂ ਹੈ। ਇੱਦਾਂ ਕਰ ਕੇ ਅਸੀਂ ਯਹੋਵਾਹ ਦੀ ਰੀਸ ਕਰ ਰਹੇ ਹੋਵਾਂਗੇ ਅਤੇ ਉਦੋਂ ਵੀ ਖ਼ੁਸ਼ ਰਹਾਂਗੇ ਜਦੋਂ ਕੋਈ ਸ਼ੁਕਰਗੁਜ਼ਾਰੀ ਨਹੀਂ ਦਿਖਾਉਂਦਾ।
18. ਸਾਨੂੰ ਆਪਣੇ ਭੈਣਾਂ-ਭਰਾਵਾਂ ਬਾਰੇ ਕੀ ਨਹੀਂ ਸੋਚਣਾ ਚਾਹੀਦਾ ਅਤੇ ਕਿਉਂ?
18 ਸ਼ੱਕ ਨਾ ਕਰੋ। (1 ਕੁਰਿੰ. 13:7) ਜਦੋਂ ਤੁਸੀਂ ਦੂਜਿਆਂ ਦੀ ਮਦਦ ਕਰਦੇ ਹੋ ਅਤੇ ਉਹ ਤੁਹਾਡਾ ਸ਼ੁਕਰੀਆ ਅਦਾ ਨਹੀਂ ਕਰਦੇ, ਤਾਂ ਉਨ੍ਹਾਂ ਦੇ ਇਰਾਦਿਆਂ ʼਤੇ ਸ਼ੱਕ ਨਾ ਕਰੋ। ਇਸ ਦੀ ਬਜਾਇ, ਸੋਚੋ ‘ਕੀ ਉਸ ਨੂੰ ਸੱਚ-ਮੁੱਚ ਮੇਰੀ ਕੋਈ ਕਦਰ ਨਹੀਂ ਹੈ ਜਾਂ ਉਹ ਸਿਰਫ਼ ਸ਼ੁਕਰੀਆ ਕਹਿਣਾ ਭੁੱਲ ਗਿਆ?’ ਹੋ ਸਕਦਾ ਹੈ ਕਿ ਲੋਕ ਉਸ ਤਰ੍ਹਾਂ ਕਦਰ ਨਾ ਦਿਖਾਉਣ ਜਿੱਦਾਂ ਅਸੀਂ ਸੋਚਿਆ ਹੋਵੇ। ਕਦੀ-ਕਦਾਈਂ ਲੋਕ ਅਹਿਸਾਨਮੰਦ ਤਾਂ ਹੁੰਦੇ ਹਨ, ਪਰ ਉਹ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਪਾਉਂਦੇ। ਦੂਜੇ ਪਾਸੇ, ਕੁਝ ਲੋਕ ਇਹ ਸੋਚ ਕੇ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਕਿ ਹੁਣ ਉਨ੍ਹਾਂ ਨੂੰ ਮਦਦ ਦੀ ਲੋੜ ਪੈ ਰਹੀ ਹੈ ਜਦ ਕਿ ਇਕ ਸਮੇਂ ʼਤੇ ਉਹ ਦੂਜਿਆਂ ਦੀ ਮਦਦ ਕਰਦੇ ਸਨ। ਗੱਲ ਚਾਹੇ ਜੋ ਵੀ ਹੋਵੇ, ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਬਾਰੇ ਗ਼ਲਤ ਨਹੀਂ ਸੋਚਾਂਗੇ, ਸਗੋਂ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੀ ਮਦਦ ਕਰਦੇ ਰਹਾਂਗੇ।—ਅਫ਼. 4:2.
19-20. ਜਦੋਂ ਅਸੀਂ ਦੂਜਿਆਂ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਧੀਰਜ ਕਿਉਂ ਰੱਖਣਾ ਚਾਹੀਦਾ ਹੈ? (ਤਸਵੀਰ ਵੀ ਦੇਖੋ।)
19 ਧੀਰਜ ਰੱਖੋ। ਦਿਲ ਖੋਲ੍ਹ ਕੇ ਦੂਜਿਆਂ ਦੀ ਮਦਦ ਕਰਨ ਬਾਰੇ ਰਾਜਾ ਸੁਲੇਮਾਨ ਨੇ ਲਿਖਿਆ: “ਆਪਣੀ ਰੋਟੀ ਪਾਣੀਆਂ ਉੱਤੇ ਸੁੱਟ ਅਤੇ ਬਹੁਤ ਦਿਨਾਂ ਬਾਅਦ ਇਹ ਤੈਨੂੰ ਦੁਬਾਰਾ ਮਿਲੇਗੀ।” (ਉਪ. 11:1) ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਦੂਜਿਆਂ ਦੀ ਮਦਦ ਕਰਦੇ ਹਾਂ, ਤਾਂ ਹੋ ਸਕਦਾ ਹੈ ਕਿ ਉਹ “ਬਹੁਤ ਦਿਨਾਂ ਬਾਅਦ” ਸਾਡਾ ਧੰਨਵਾਦ ਕਰਨ। ਇਸ ਗੱਲ ਨੂੰ ਸਮਝਣ ਲਈ ਆਓ ਆਪਾਂ ਇਕ ਤਜਰਬੇ ʼਤੇ ਗੌਰ ਕਰੀਏ।
20 ਕਈ ਸਾਲ ਪਹਿਲਾਂ ਇਕ ਸਰਕਟ ਓਵਰਸੀਅਰ ਦੀ ਪਤਨੀ ਨੇ ਇਕ ਭੈਣ ਨੂੰ ਚਿੱਠੀ ਲਿਖੀ ਜਿਸ ਦਾ ਹਾਲ ਹੀ ਵਿਚ ਬਪਤਿਸਮਾ ਹੋਇਆ ਸੀ। ਉਸ ਨੇ ਚਿੱਠੀ ਵਿਚ ਭੈਣ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਯਹੋਵਾਹ ਦੀ ਵਫ਼ਾਦਾਰ ਬਣੀ ਰਹੇ। ਇਸ ਤੋਂ ਤਕਰੀਬਨ ਅੱਠ ਸਾਲਾਂ ਬਾਅਦ ਉਸ ਭੈਣ ਨੇ ਸਰਕਟ ਓਵਰਸੀਅਰ ਦੀ ਪਤਨੀ ਦੀ ਚਿੱਠੀ ਦਾ ਜਵਾਬ ਦਿੱਤਾ। ਉਸ ਨੇ ਕਿਹਾ: “ਤੁਹਾਨੂੰ ਅੰਦਾਜ਼ਾ ਵੀ ਨਹੀਂ ਹੈ ਕਿ ਪਿਛਲੇ ਅੱਠ ਸਾਲਾਂ ਦੌਰਾਨ ਤੁਸੀਂ ਮੇਰੀ ਕਿੰਨੀ ਮਦਦ ਕੀਤੀ ਹੈ। ਤੁਸੀਂ ਮੈਨੂੰ ਜਿਹੜੀ ਚਿੱਠੀ ਭੇਜੀ ਸੀ, ਉਸ ਨੂੰ ਪੜ੍ਹ ਕੇ ਮੈਨੂੰ ਬਹੁਤ ਵਧੀਆ ਲੱਗਦਾ ਸੀ ਅਤੇ ਉਸ ਵਿਚ ਤੁਸੀਂ ਜੋ ਆਇਤ ਲਿਖੀ ਸੀ, ਉਹ ਮੇਰੇ ਦਿਲ ਨੂੰ ਛੂਹ ਗਈ। ਮੈਂ ਉਸ ਨੂੰ ਕਦੇ ਵੀ ਨਹੀਂ ਭੁੱਲੀ।” a ਫਿਰ ਭੈਣ ਨੇ ਦੱਸਿਆ ਕਿ ਇਨ੍ਹਾਂ ਸਾਲਾਂ ਦੌਰਾਨ ਉਸ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਇਸ ਤੋਂ ਬਾਅਦ ਉਸ ਨੇ ਲਿਖਿਆ: “ਕਈ ਵਾਰ ਮੇਰਾ ਮਨ ਕਰਦਾ ਸੀ ਕਿ ਮੈਂ ਸਭ ਕੁਝ ਛੱਡ ਦੇਵਾਂ, ਯਹੋਵਾਹ ਨੂੰ ਵੀ। ਪਰ ਤੁਸੀਂ ਜੋ ਆਇਤ ਲਿਖੀ ਸੀ, ਮੈਂ ਉਸ ਨੂੰ ਹਮੇਸ਼ਾ ਯਾਦ ਰੱਖਦੀ ਸੀ। ਮੈਨੂੰ ਉਸ ਤੋਂ ਹਿੰਮਤ ਮਿਲੀ ਅਤੇ ਮੈਂ ਹਾਰ ਨਹੀਂ ਮੰਨੀ।” ਭੈਣ ਨੇ ਇਹ ਵੀ ਲਿਖਿਆ: “ਪਿਛਲੇ ਅੱਠ ਸਾਲਾਂ ਦੌਰਾਨ ਮੈਨੂੰ ਹੋਰ ਕਿਸੇ ਵੀ ਗੱਲ ਤੋਂ ਇੰਨੀ ਹਿੰਮਤ ਨਹੀਂ ਮਿਲੀ ਜਿੰਨੀ ਉਸ ਆਇਤ ਤੋਂ ਮਿਲੀ।” ਜ਼ਰਾ ਸੋਚੋ, ਜਦੋਂ ਸਰਕਟ ਓਵਰਸੀਅਰ ਦੀ ਪਤਨੀ ਨੂੰ ਇਕ ਤਰ੍ਹਾਂ ਨਾਲ “ਬਹੁਤ ਦਿਨਾਂ ਬਾਅਦ” ਉਸ ਦੀ ਚਿੱਠੀ ਦਾ ਜਵਾਬ ਮਿਲਿਆ, ਤਾਂ ਉਸ ਨੂੰ ਕਿੱਦਾਂ ਲੱਗਾ ਹੋਣਾ। ਸੱਚੀ, ਉਸ ਨੂੰ ਬਹੁਤ ਖ਼ੁਸ਼ੀ ਹੋਈ ਹੋਣੀ! ਹੋ ਸਕਦਾ ਹੈ ਕਿ ਸਾਡੇ ਨਾਲ ਵੀ ਕੁਝ ਅਜਿਹਾ ਹੀ ਹੋਵੇ। ਅਸੀਂ ਸ਼ਾਇਦ ਕਿਸੇ ਲਈ ਕੁਝ ਕਰੀਏ ਅਤੇ ਸਾਨੂੰ ਬਹੁਤ ਸਮੇਂ ਬਾਅਦ ਜਾ ਕੇ ਉਸ ਦਾ ਜਵਾਬ ਮਿਲੇ।
21. ਤੁਸੀਂ ਖੁੱਲ੍ਹ-ਦਿਲੀ ਦੇ ਮਾਮਲੇ ਵਿਚ ਯਹੋਵਾਹ ਦੀ ਰੀਸ ਕਿਉਂ ਕਰਨੀ ਚਾਹੁੰਦੇ ਹੋ?
21 ਜਿਵੇਂ ਅਸੀਂ ਸ਼ੁਰੂ ਵਿਚ ਦੇਖਿਆ ਸੀ ਕਿ ਯਹੋਵਾਹ ਨੇ ਸਾਨੂੰ ਇਕ ਖ਼ਾਸ ਕਾਬਲੀਅਤ ਨਾਲ ਬਣਾਇਆ ਹੈ। ਜਦੋਂ ਦੂਜੇ ਸਾਨੂੰ ਕੁਝ ਦਿੰਦੇ ਹਨ, ਤਾਂ ਸਾਨੂੰ ਖ਼ੁਸ਼ੀ ਹੁੰਦੀ ਹੈ। ਪਰ ਜਦੋਂ ਅਸੀਂ ਦੂਜਿਆਂ ਨੂੰ ਦਿੰਦੇ ਹਾਂ, ਤਾਂ ਸਾਨੂੰ ਜ਼ਿਆਦਾ ਖ਼ੁਸ਼ੀ ਹੁੰਦੀ ਹੈ। ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰ ਕੇ ਸਾਨੂੰ ਬਹੁਤ ਚੰਗਾ ਲੱਗਦਾ ਹੈ। ਜਦੋਂ ਉਹ ਸਾਡਾ ਧੰਨਵਾਦ ਕਰਦੇ ਹਨ ਤੇ ਸਾਡਾ ਅਹਿਸਾਨ ਮੰਨਦੇ ਹਨ, ਉਦੋਂ ਵੀ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਪਰ ਜੇ ਕੋਈ ਸਾਡਾ ਅਹਿਸਾਨ ਨਾ ਵੀ ਮੰਨੇ, ਤਾਂ ਵੀ ਅਸੀਂ ਇਸ ਗੱਲ ਤੋਂ ਖ਼ੁਸ਼ ਹੋ ਸਕਦੇ ਹਾਂ ਕਿ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਕੀਤਾ। ਕਦੇ ਨਾ ਭੁੱਲੋ ਕਿ ਤੁਸੀਂ ਦੂਜਿਆਂ ਨੂੰ ਜੋ ਦਿੰਦੇ ਹੋ, ‘ਯਹੋਵਾਹ ਤੁਹਾਨੂੰ ਉਸ ਤੋਂ ਵੀ ਕਿਤੇ ਜ਼ਿਆਦਾ ਦੇ ਸਕਦਾ ਹੈ।’ (2 ਇਤਿ. 25:9) ਇਸ ਤੋਂ ਜ਼ਿਆਦਾ ਖ਼ੁਸ਼ੀ ਦੀ ਗੱਲ ਹੋਰ ਕਿਹੜੀ ਹੋ ਸਕਦੀ ਹੈ ਕਿ ਯਹੋਵਾਹ ਸਾਨੂੰ ਇਨਾਮ ਦੇਵੇਗਾ। ਇਸ ਲਈ ਆਓ ਆਪਾਂ ਖੁੱਲ੍ਹ-ਦਿਲੀ ਦੇ ਮਾਮਲੇ ਵਿਚ ਆਪਣੇ ਸਵਰਗੀ ਪਿਤਾ ਯਹੋਵਾਹ ਦੀ ਰੀਸ ਕਰਦੇ ਰਹੀਏ।
ਗੀਤ 17 “ਮੈਂ ਚਾਹੁੰਦਾ ਹਾਂ”
a ਸਰਕਟ ਓਵਰਸੀਅਰ ਦੀ ਪਤਨੀ ਨੇ ਭੈਣ ਨੂੰ ਚਿੱਠੀ ਵਿਚ ਜੋ ਆਇਤ ਲਿਖੀ ਸੀ, ਉਹ 2 ਯੂਹੰਨਾ 8 ਸੀ। ਉੱਥੇ ਲਿਖਿਆ ਹੈ: “ਚੌਕਸ ਰਹੋ ਕਿ ਤੁਸੀਂ ਕਿਤੇ ਉਨ੍ਹਾਂ ਚੀਜ਼ਾਂ ਨੂੰ ਗੁਆ ਨਾ ਬੈਠੋ ਜਿਹੜੀਆਂ ਅਸੀਂ ਮਿਹਨਤ ਕਰ ਕੇ ਹਾਸਲ ਕੀਤੀਆਂ ਹਨ, ਸਗੋਂ ਤੁਸੀਂ ਪੂਰਾ ਇਨਾਮ ਪਾਓ।”
b ਤਸਵੀਰ ਬਾਰੇ ਜਾਣਕਾਰੀ: ਸਰਕਟ ਓਵਰਸੀਅਰ ਦੀ ਪਤਨੀ ਇਕ ਭੈਣ ਦਾ ਹੌਸਲਾ ਵਧਾਉਣ ਲਈ ਉਸ ਨੂੰ ਚਿੱਠੀ ਲਿਖ ਰਹੀ ਹੈ। ਫਿਰ ਕਈ ਸਾਲਾਂ ਬਾਅਦ ਸਰਕਟ ਓਵਰਸੀਅਰ ਦੀ ਪਤਨੀ ਨੂੰ ਇਕ ਚਿੱਠੀ ਮਿਲੀ ਜਿਸ ਵਿਚ ਉਹ ਭੈਣ ਉਸ ਦਾ ਧੰਨਵਾਦ ਕਰ ਰਹੀ ਹੈ। ਤਸਵੀਰਾਂ ਵਿਚ ਉਨ੍ਹਾਂ ਭੈਣਾਂ ਨੂੰ ਨਹੀਂ ਦਿਖਾਇਆ ਜਿਨ੍ਹਾਂ ਦਾ ਤਜਰਬਾ ਪੈਰੇ ਵਿਚ ਦਿੱਤਾ ਗਿਆ ਹੈ।