ਅਧਿਐਨ ਲੇਖ 37
ਗੀਤ 118 “ਸਾਨੂੰ ਹੋਰ ਨਿਹਚਾ ਦੇ”
ਇਕ ਚਿੱਠੀ ਜੋ ਅੰਤ ਤਕ ਧੀਰਜ ਰੱਖਣ ਵਿਚ ਸਾਡੀ ਮਦਦ ਕਰ ਸਕਦੀ ਹੈ
“ਅਸੀਂ ਆਪਣੇ ਉਸ ਭਰੋਸੇ ਨੂੰ ਅੰਤ ਤਕ ਪੱਕਾ ਰੱਖੀਏ ਜੋ ਸਾਨੂੰ ਸ਼ੁਰੂ ਵਿਚ ਸੀ।”—ਇਬ. 3:14.
ਕੀ ਸਿੱਖਾਂਗੇ?
ਇਬਰਾਨੀਆਂ ਨੂੰ ਲਿਖੀ ਚਿੱਠੀ ਵਿਚ ਕੁਝ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ʼਤੇ ਚੱਲ ਕੇ ਅਸੀਂ ਇਸ ਦੁਨੀਆਂ ਦੇ ਅਖ਼ੀਰ ਤਕ ਵਫ਼ਾਦਾਰੀ ਅਤੇ ਧੀਰਜ ਰੱਖ ਸਕਦੇ ਹਾਂ।
1-2. (ੳ) ਜਦੋਂ ਪੌਲੁਸ ਰਸੂਲ ਨੇ ਯਹੂਦੀ ਮਸੀਹੀਆਂ ਨੂੰ ਚਿੱਠੀ ਭੇਜੀ, ਉਦੋਂ ਯਰੂਸ਼ਲਮ ਅਤੇ ਯਹੂਦਿਯਾ ਦੇ ਹਾਲਾਤ ਕਿਹੋ ਜਿਹੇ ਸਨ? (ਅ) ਇਹ ਚਿੱਠੀ ਬਿਲਕੁਲ ਸਹੀ ਸਮੇਂ ʼਤੇ ਕਿਉਂ ਸੀ?
ਯਿਸੂ ਦੀ ਮੌਤ ਤੋਂ ਬਾਅਦ ਯਰੂਸ਼ਲਮ ਅਤੇ ਯਹੂਦਿਯਾ ਵਿਚ ਰਹਿੰਦੇ ਮਸੀਹੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਮਸੀਹੀ ਮੰਡਲੀ ਸ਼ੁਰੂ ਹੋਣ ਤੋਂ ਜਲਦੀ ਹੀ ਬਾਅਦ ਉਨ੍ਹਾਂ ʼਤੇ ਕਈ ਅਤਿਆਚਾਰ ਹੋਣ ਲੱਗੇ। (ਰਸੂ. 8:1) ਇਸ ਤੋਂ ਤਕਰੀਬਨ 20 ਸਾਲਾਂ ਬਾਅਦ ਮਸੀਹ ਦੇ ਚੇਲਿਆਂ ਨੂੰ ਆਰਥਿਕ ਤੰਗੀ ਦਾ ਸਾਮ੍ਹਣਾ ਕਰਨਾ ਪਿਆ। ਇਹ ਆਰਥਿਕ ਤੰਗੀ ਸ਼ਾਇਦ ਕੁਝ ਸਮਾਂ ਪਹਿਲਾਂ ਪਏ ਕਾਲ਼ ਕਰਕੇ ਸੀ। ਮਸੀਹੀਆਂ ਨੂੰ ਆਉਣ ਵਾਲੇ ਸਮੇਂ ਵਿਚ ਇਸ ਤੋਂ ਵੀ ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਣਾ ਸੀ। (ਰਸੂ. 11:27-30) ਪਰ ਤਕਰੀਬਨ 61 ਈਸਵੀ ਵਿਚ ਕੁਝ ਸਮੇਂ ਲਈ ਸ਼ਾਂਤੀ ਤੇ ਸਕੂਨ ਦਾ ਸਮਾਂ ਆਇਆ। ਪਰ ਹਾਲਾਤ ਬਦਲਣ ਵਾਲੇ ਸਨ। ਇਸ ਲਈ ਯਹੋਵਾਹ ਨੇ ਪੌਲੁਸ ਰਸੂਲ ਰਾਹੀਂ ਉਨ੍ਹਾਂ ਮਸੀਹੀਆਂ ਲਈ ਇਕ ਚਿੱਠੀ ਲਿਖਵਾਈ। ਇਸ ਵਿਚ ਵਧੀਆ ਸਲਾਹਾਂ ਸਨ ਜੋ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੇ ਬਹੁਤ ਕੰਮ ਆਉਣੀਆਂ ਸਨ।
2 ਇਬਰਾਨੀਆਂ ਨੂੰ ਲਿਖੀ ਚਿੱਠੀ ਬਿਲਕੁਲ ਸਹੀ ਸਮੇਂ ʼਤੇ ਸੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਸ਼ਾਂਤੀ ਦਾ ਸਮਾਂ ਖ਼ਤਮ ਹੋਣ ਵਾਲਾ ਸੀ, ਯਿਸੂ ਦੇ ਕਹੇ ਅਨੁਸਾਰ ਯਰੂਸ਼ਲਮ ਅਤੇ ਉਸ ਦੇ ਮੰਦਰ ਦਾ ਜਲਦੀ ਨਾਸ਼ ਹੋਣ ਵਾਲਾ ਸੀ। (ਲੂਕਾ 21:20) ਪੌਲੁਸ ਨੇ ਇਸ ਚਿੱਠੀ ਵਿਚ ਮਸੀਹੀਆਂ ਨੂੰ ਕੁਝ ਵਧੀਆ ਸਲਾਹਾਂ ਦਿੱਤੀਆਂ ਜਿਨ੍ਹਾਂ ਦੀ ਮਦਦ ਨਾਲ ਉਹ ਆਉਣ ਵਾਲੇ ਕਸ਼ਟ ਦਾ ਸਾਮ੍ਹਣਾ ਕਰ ਸਕਦੇ ਸਨ। ਪਰ ਨਾ ਤਾਂ ਪੌਲੁਸ ਅਤੇ ਨਾ ਹੀ ਯਹੂਦੀ ਮਸੀਹੀ ਇਹ ਗੱਲ ਜਾਣਦੇ ਸਨ ਕਿ ਉਹ ਸਮਾਂ ਕਦੋਂ ਆਵੇਗਾ। ਪਰ ਉਸ ਸਮੇਂ ਦਾ ਇੰਤਜ਼ਾਰ ਕਰਦਿਆਂ ਮਸੀਹੀ ਆਪਣੇ ਵਿਚ ਨਿਹਚਾ ਅਤੇ ਧੀਰਜ ਵਰਗੇ ਗੁਣ ਵਧਾ ਸਕਦੇ ਸਨ ਤਾਂਕਿ ਉਹ ਖ਼ੁਦ ਨੂੰ ਉਸ ਸਮੇਂ ਲਈ ਤਿਆਰ ਕਰ ਸਕਣ।—ਇਬ. 10:25; 12:1, 2.
3. ਅੱਜ ਮਸੀਹੀਆਂ ਨੂੰ ਇਬਰਾਨੀਆਂ ਨੂੰ ਲਿਖੀ ਚਿੱਠੀ ʼਤੇ ਖ਼ਾਸ ਧਿਆਨ ਕਿਉਂ ਦੇਣਾ ਚਾਹੀਦਾ ਹੈ?
3 ਜਲਦੀ ਹੀ ਅਸੀਂ ਉਨ੍ਹਾਂ ਯਹੂਦੀ ਮਸੀਹੀਆਂ ਤੋਂ ਕਿਤੇ ਵੱਡੇ ਕਸ਼ਟ ਦਾ ਸਾਮ੍ਹਣਾ ਕਰਨ ਵਾਲੇ ਹਾਂ। (ਮੱਤੀ 24:21; ਪ੍ਰਕਾ. 16:14, 16) ਇਸ ਲਈ ਆਓ ਅਸੀਂ ਉਨ੍ਹਾਂ ਕੁਝ ਸਲਾਹਾਂ ʼਤੇ ਗੌਰ ਕਰੀਏ ਜੋ ਯਹੋਵਾਹ ਨੇ ਯਹੂਦੀ ਮਸੀਹੀਆਂ ਨੂੰ ਦਿੱਤੀਆਂ ਸਨ ਅਤੇ ਜਿਨ੍ਹਾਂ ਤੋਂ ਅੱਜ ਸਾਨੂੰ ਵੀ ਫ਼ਾਇਦਾ ਹੋ ਸਕਦਾ ਹੈ।
‘ਸਮਝਦਾਰ ਬਣਨ ਲਈ ਪੂਰੀ ਵਾਹ ਲਾਓ’
4. ਯਹੂਦੀ ਮਸੀਹੀਆਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ? (ਤਸਵੀਰ ਵੀ ਦੇਖੋ।)
4 ਜਿਹੜੇ ਯਹੂਦੀ ਲੋਕ ਮਸੀਹੀ ਬਣੇ ਸਨ, ਉਨ੍ਹਾਂ ਨੂੰ ਕੁਝ ਵੱਡੇ ਬਦਲਾਅ ਕਰਨੇ ਪੈਣੇ ਸਨ ਅਤੇ ਇੱਦਾਂ ਕਰਨਾ ਉਨ੍ਹਾਂ ਲਈ ਸੌਖਾ ਨਹੀਂ ਸੀ। ਇਕ ਸਮੇਂ ʼਤੇ ਯਹੂਦੀ ਯਹੋਵਾਹ ਦੇ ਚੁਣੇ ਹੋਏ ਲੋਕ ਸਨ। ਕਾਫ਼ੀ ਸਾਲਾਂ ਤਕ ਯਰੂਸ਼ਲਮ ਇਕ ਖ਼ਾਸ ਜਗ੍ਹਾ ਸੀ। ਯਹੋਵਾਹ ਦੇ ਚੁਣੇ ਹੋਏ ਰਾਜੇ ਯਰੂਸ਼ਲਮ ਤੋਂ ਹੀ ਰਾਜ ਕਰਦੇ ਸਨ। ਇੰਨਾ ਹੀ ਨਹੀਂ, ਯਹੋਵਾਹ ਦਾ ਮੰਦਰ ਵੀ ਉੱਥੇ ਹੀ ਸੀ ਅਤੇ ਲੋਕ ਯਹੋਵਾਹ ਦੀ ਭਗਤੀ ਕਰਨ ਲਈ ਉੱਥੇ ਆਉਂਦੇ ਸਨ। ਸਾਰੇ ਵਫ਼ਾਦਾਰ ਯਹੂਦੀ ਮੂਸਾ ਦੇ ਕਾਨੂੰਨ ਮੁਤਾਬਕ ਚੱਲਦੇ ਸਨ। ਉਸ ਸਮੇਂ ਦੇ ਧਾਰਮਿਕ ਆਗੂਆਂ ਨੇ ਖਾਣ-ਪੀਣ ਬਾਰੇ, ਸੁੰਨਤ ਬਾਰੇ ਅਤੇ ਗ਼ੈਰ-ਯਹੂਦੀ ਲੋਕਾਂ ਨਾਲ ਪੇਸ਼ ਆਉਣ ਬਾਰੇ ਕਾਫ਼ੀ ਕਾਨੂੰਨ ਬਣਾਏ ਹੋਏ ਸਨ। ਵਫ਼ਾਦਾਰ ਯਹੂਦੀ ਇਨ੍ਹਾਂ ਸਾਰੇ ਕਾਨੂੰਨਾਂ ਮੁਤਾਬਕ ਚੱਲਦੇ ਸਨ। ਪਰ ਯਿਸੂ ਦੀ ਮੌਤ ਤੋਂ ਬਾਅਦ ਮੂਸਾ ਦਾ ਕਾਨੂੰਨ ਰੱਦ ਕਰ ਦਿੱਤਾ ਗਿਆ ਸੀ ਅਤੇ ਹੁਣ ਮੰਦਰ ਵਿਚ ਬਲ਼ੀਆਂ ਚੜ੍ਹਾਉਣ ਦੀ ਲੋੜ ਨਹੀਂ ਸੀ। ਯਹੂਦੀ ਮਸੀਹੀਆਂ ਲਈ ਆਪਣੇ ਭਗਤੀ ਕਰਨ ਦੇ ਤਰੀਕੇ ਨੂੰ ਬਦਲਣਾ ਸੌਖਾ ਨਹੀਂ ਸੀ ਕਿਉਂਕਿ ਉਹ ਲੰਬੇ ਸਮੇਂ ਤੋਂ ਮੂਸਾ ਦਾ ਕਾਨੂੰਨ ਮੰਨ ਰਹੇ ਸਨ। (ਇਬ. 10:1, 4, 10) ਇੱਥੋਂ ਤਕ ਕਿ ਪਤਰਸ ਰਸੂਲ ਵਰਗੇ ਮਜ਼ਬੂਤ ਨਿਹਚਾ ਰੱਖਣ ਵਾਲੇ ਮਸੀਹੀਆਂ ਲਈ ਵੀ ਇਹ ਬਦਲਾਅ ਕਰਨੇ ਔਖੇ ਸਨ। (ਰਸੂ. 10:9-14; ਗਲਾ. 2:11-14) ਆਪਣੇ ਨਵੇਂ ਵਿਸ਼ਵਾਸਾਂ ਕਰਕੇ ਇਨ੍ਹਾਂ ਮਸੀਹੀਆਂ ਨੂੰ ਯਹੂਦੀ ਧਾਰਮਿਕ ਆਗੂਆਂ ਵੱਲੋਂ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ।
5. ਮਸੀਹੀਆਂ ਨੂੰ ਕਿਨ੍ਹਾਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਸੀ?
5 ਯਹੂਦੀ ਮਸੀਹੀਆਂ ਨੂੰ ਦੋ ਤਰ੍ਹਾਂ ਦੇ ਲੋਕਾਂ ਵੱਲੋਂ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ। ਇਕ ਪਾਸੇ, ਯਹੂਦੀ ਧਾਰਮਿਕ ਆਗੂ ਉਨ੍ਹਾਂ ਨਾਲ ਧਰਮ-ਤਿਆਗੀਆਂ ਵਾਂਗ ਸਲੂਕ ਕਰ ਰਹੇ ਸਨ। ਦੂਜੇ ਪਾਸੇ, ਮੰਡਲੀ ਵਿਚ ਕੁਝ ਜਣੇ ਇਸ ਗੱਲ ʼਤੇ ਜ਼ੋਰ ਦੇ ਰਹੇ ਸਨ ਕਿ ਉਨ੍ਹਾਂ ਨੂੰ ਹਾਲੇ ਵੀ ਮੂਸਾ ਦਾ ਕਾਨੂੰਨ ਮੰਨਣਾ ਚਾਹੀਦਾ ਹੈ। ਸ਼ਾਇਦ ਉਹ ਜ਼ੁਲਮਾਂ ਤੋਂ ਬਚਣ ਲਈ ਇੱਦਾਂ ਕਹਿ ਰਹੇ ਸਨ। (ਗਲਾ. 6:12) ਯਹੋਵਾਹ ਦੇ ਵਫ਼ਾਦਾਰ ਰਹਿਣ ਵਿਚ ਕਿਹੜੀ ਗੱਲ ਮਸੀਹੀਆਂ ਦੀ ਮਦਦ ਕਰ ਸਕਦੀ ਸੀ?
6. ਪੌਲੁਸ ਨੇ ਭੈਣਾਂ-ਭਰਾਵਾਂ ਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ? (ਇਬਰਾਨੀਆਂ 5:14–6:1)
6 ਇਬਰਾਨੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਗਹਿਰਾਈ ਨਾਲ ਪਰਮੇਸ਼ੁਰ ਦੇ ਬਚਨ ਦੀ ਖੋਜਬੀਨ ਕਰਨ। (ਇਬਰਾਨੀਆਂ 5:14–6:1 ਪੜ੍ਹੋ।) ਉਸ ਨੇ ਇਬਰਾਨੀ ਲਿਖਤਾਂ ਤੋਂ ਹਵਾਲੇ ਦੇ ਕੇ ਉਨ੍ਹਾਂ ਨੂੰ ਸਮਝਾਇਆ ਕਿ ਮਸੀਹੀਆਂ ਦਾ ਭਗਤੀ ਕਰਨ ਦਾ ਤਰੀਕਾ ਯਹੂਦੀਆਂ ਦੇ ਭਗਤੀ ਕਰਨ ਦੇ ਤਰੀਕੇ ਨਾਲੋਂ ਕਿਉਂ ਜ਼ਿਆਦਾ ਵਧੀਆ ਹੈ। a ਪੌਲੁਸ ਨੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਬਚਨ ਦੀਆਂ ਸੱਚਾਈਆਂ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਅਤੇ ਸਮਝਣ ਤਾਂਕਿ ਉਹ ਗ਼ਲਤ ਸਿੱਖਿਆਵਾਂ ਨੂੰ ਪਛਾਣ ਸਕਣ ਅਤੇ ਉਨ੍ਹਾਂ ਨੂੰ ਠੁਕਰਾ ਸਕਣ।
7. ਅੱਜ ਸਾਨੂੰ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ?
7 ਅੱਜ ਸਾਡੇ ਸਮੇਂ ਵਿਚ ਵੀ ਇੱਦਾਂ ਦੀਆਂ ਕਈ ਗੱਲਾਂ ਫੈਲਾਈਆਂ ਜਾਂਦੀਆਂ ਹਨ ਜੋ ਯਹੋਵਾਹ ਦੇ ਮਿਆਰਾਂ ਦੇ ਖ਼ਿਲਾਫ਼ ਹਨ। ਵਿਰੋਧੀ ਅਕਸਰ ਸਾਡੇ ਬਾਈਬਲ-ਆਧਾਰਿਤ ਵਿਸ਼ਵਾਸਾਂ ʼਤੇ ਸਵਾਲ ਖੜ੍ਹੇ ਕਰਦੇ ਹਨ, ਜਿਵੇਂ ਸਾਡੇ ਨੈਤਿਕ ਮਿਆਰਾਂ ʼਤੇ। ਉਹ ਕਹਿੰਦੇ ਹਨ ਕਿ ਸਾਡੀ ਸੋਚ ਬਹੁਤ ਛੋਟੀ ਹੈ ਅਤੇ ਅਸੀਂ ਬੇਰਹਿਮ ਹਾਂ। ਇਸ ਤੋਂ ਇਲਾਵਾ, ਲੋਕਾਂ ਦਾ ਰਵੱਈਆ ਅਤੇ ਸੋਚ ਦਿਨ-ਬਦਿਨ ਵਿਗੜਦੀ ਜਾ ਰਹੀ ਹੈ। ਉਨ੍ਹਾਂ ਦੀ ਸੋਚ ਅਤੇ ਯਹੋਵਾਹ ਦੀ ਸੋਚ ਵਿਚ ਫ਼ਰਕ ਵਧਦਾ ਜਾ ਰਿਹਾ ਹੈ। (ਕਹਾ. 17:15) ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਗੱਲਾਂ ਨੂੰ ਪਛਾਣੀਏ ਜੋ ਯਹੋਵਾਹ ਦੀ ਸੋਚ ਦੇ ਖ਼ਿਲਾਫ਼ ਹਨ ਅਤੇ ਉਨ੍ਹਾਂ ਨੂੰ ਠੁਕਰਾਈਏ। ਇੱਦਾਂ ਕਰਨ ਨਾਲ ਅਸੀਂ ਵਿਰੋਧੀਆਂ ਦੀਆਂ ਗੱਲਾਂ ਵਿਚ ਨਹੀਂ ਆਵਾਂਗੇ ਅਤੇ ਨਾ ਹੀ ਸੱਚਾਈ ਤੋਂ ਭਟਕਾਂਗੇ।—ਇਬ. 13:9.
8. ਸਮਝਦਾਰ ਮਸੀਹੀ ਬਣਨ ਲਈ ਸਾਨੂੰ ਕੀ ਕਰਦੇ ਰਹਿਣ ਦੀ ਲੋੜ ਹੈ?
8 ਪੌਲੁਸ ਨੇ ਯਹੂਦੀ ਮਸੀਹੀਆਂ ਨੂੰ ਸਲਾਹ ਦਿੱਤੀ ਕਿ ਉਹ ਸਮਝਦਾਰ ਬਣਨ ਵਿਚ ਪੂਰੀ ਵਾਹ ਲਾਉਣ। ਅੱਜ ਸਾਨੂੰ ਵੀ ਇੱਦਾਂ ਹੀ ਕਰਨ ਦੀ ਲੋੜ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਗਹਿਰਾਈ ਨਾਲ ਬਾਈਬਲ ਦਾ ਅਧਿਐਨ ਕਰਨ ਦੀ ਲੋੜ ਹੈ ਤਾਂਕਿ ਅਸੀਂ ਯਹੋਵਾਹ ਅਤੇ ਉਸ ਦੀ ਸੋਚ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣ ਸਕੀਏ। ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਤੋਂ ਬਾਅਦ ਵੀ ਸਾਨੂੰ ਇੱਦਾਂ ਕਰਦੇ ਰਹਿਣਾ ਚਾਹੀਦਾ ਹੈ। ਅਸੀਂ ਚਾਹੇ ਜਿੰਨੇ ਮਰਜ਼ੀ ਸਮੇਂ ਤੋਂ ਸੱਚਾਈ ਵਿਚ ਹੋਈਏ, ਸਾਨੂੰ ਹਰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ ਅਤੇ ਇਸ ਦਾ ਅਧਿਐਨ ਕਰਨਾ ਚਾਹੀਦਾ ਹੈ। (ਜ਼ਬੂ. 1:2) ਲਗਾਤਾਰ ਨਿੱਜੀ ਬਾਈਬਲ ਅਧਿਐਨ ਕਰਨ ਨਾਲ ਅਸੀਂ ਆਪਣੇ ਵਿਚ ਨਿਹਚਾ ਦਾ ਗੁਣ ਹੋਰ ਵਧਾ ਸਕਾਂਗੇ। ਪੌਲੁਸ ਨੇ ਯਹੂਦੀ ਮਸੀਹੀਆਂ ਨੂੰ ਵੀ ਇਹੀ ਗੁਣ ਵਧਾਉਣ ਲਈ ਕਿਹਾ ਸੀ।—ਇਬ. 11:1, 6.
‘ਨਿਹਚਾ ਰੱਖੋ ਤਾਂਕਿ ਤੁਸੀਂ ਆਪਣੀਆਂ ਜਾਨਾਂ ਬਚਾ ਸਕੋ’
9. ਯਹੂਦੀ ਮਸੀਹੀਆਂ ਨੂੰ ਪੱਕੀ ਨਿਹਚਾ ਦੀ ਕਿਉਂ ਲੋੜ ਸੀ?
9 ਬਹੁਤ ਜਲਦ ਯਹੂਦਿਯਾ ʼਤੇ ਇਕ ਅਜਿਹਾ ਕਸ਼ਟ ਆਉਣ ਵਾਲਾ ਸੀ ਜਿਸ ਦਾ ਸਾਮ੍ਹਣਾ ਕਰਨ ਲਈ ਮਸੀਹੀਆਂ ਨੂੰ ਪੱਕੀ ਨਿਹਚਾ ਦੀ ਲੋੜ ਪੈਣੀ ਸੀ। (ਇਬ. 10:37-39) ਯਿਸੂ ਨੇ ਆਪਣੇ ਚੇਲਿਆਂ ਨੂੰ ਪਹਿਲਾਂ ਹੀ ਦੱਸਿਆ ਸੀ ਕਿ ਜਦੋਂ ਉਹ ਯਰੂਸ਼ਲਮ ਨੂੰ ਫ਼ੌਜੀਆਂ ਨਾਲ ਘਿਰਿਆ ਹੋਇਆ ਦੇਖਣ, ਤਾਂ ਉਹ ਪਹਾੜਾਂ ਨੂੰ ਭੱਜ ਜਾਣ। ਇਹ ਸਲਾਹ ਸਾਰੇ ਮਸੀਹੀਆਂ ʼਤੇ ਲਾਗੂ ਹੋਣੀ ਸੀ, ਫਿਰ ਚਾਹੇ ਉਹ ਯਰੂਸ਼ਲਮ ਦੇ ਅੰਦਰ ਰਹਿੰਦੇ ਸਨ ਜਾਂ ਆਲੇ-ਦੁਆਲੇ ਦੇ ਪਿੰਡਾਂ ਵਿਚ। (ਲੂਕਾ 21:20-24) ਯਿਸੂ ਦੀ ਇਹ ਸਲਾਹ ਸ਼ਾਇਦ ਉਨ੍ਹਾਂ ਨੂੰ ਅਜੀਬ ਲੱਗੀ ਹੋਣੀ ਕਿਉਂਕਿ ਜਦੋਂ ਦੁਸ਼ਮਣ ਹਮਲਾ ਕਰਦੇ ਸਨ, ਤਾਂ ਆਮ ਤੌਰ ਤੇ ਲੋਕ ਪਨਾਹ ਲੈਣ ਲਈ ਸ਼ਹਿਰ ਦੇ ਅੰਦਰ ਜਾਂਦੇ ਸਨ। ਇਸ ਲਈ ਯਿਸੂ ਦੀ ਇਹ ਸਲਾਹ ਮੰਨਣ ਲਈ ਉਨ੍ਹਾਂ ਨੂੰ ਪੱਕੀ ਨਿਹਚਾ ਦੀ ਲੋੜ ਸੀ।
10. ਪੱਕੀ ਨਿਹਚਾ ਰੱਖਣ ਵਾਲੇ ਯਹੂਦੀ ਮਸੀਹੀਆਂ ਨੇ ਕੀ ਕੀਤਾ ਹੋਣਾ? (ਇਬਰਾਨੀਆਂ 13:17)
10 ਯਹੂਦੀ ਮਸੀਹੀਆਂ ਨੂੰ ਉਨ੍ਹਾਂ ਭਰਾਵਾਂ ʼਤੇ ਵੀ ਭਰੋਸਾ ਕਰਨ ਦੀ ਲੋੜ ਸੀ ਜਿਨ੍ਹਾਂ ਰਾਹੀਂ ਯਿਸੂ ਮੰਡਲੀਆਂ ਦੀ ਅਗਵਾਈ ਕਰ ਰਿਹਾ ਸੀ। ਉਨ੍ਹਾਂ ਭਰਾਵਾਂ ਨੇ ਜ਼ਰੂਰ ਸਾਫ਼-ਸਾਫ਼ ਹਿਦਾਇਤਾਂ ਦਿੱਤੀਆਂ ਹੋਣੀਆਂ ਕਿ ਮਸੀਹੀਆਂ ਨੇ ਕਦੋਂ ਯਰੂਸ਼ਲਮ ਤੋਂ ਭੱਜਣਾ ਹੈ ਅਤੇ ਹੋਰ ਕੀ-ਕੀ ਕਰਨਾ ਹੈ। (ਇਬਰਾਨੀਆਂ 13:17 ਪੜ੍ਹੋ।) ਜਦੋਂ ਪੌਲੁਸ ਨੇ ਭੈਣਾਂ-ਭਰਾਵਾਂ ਨੂੰ ਕਿਹਾ ਕਿ ਉਹ ਅਗਵਾਈ ਕਰਨ ਵਾਲਿਆਂ ਦੀ ‘ਆਗਿਆਕਾਰੀ ਕਰਨ,’ ਤਾਂ ਉਸ ਦਾ ਇਹ ਮਤਲਬ ਨਹੀਂ ਸੀ ਕਿ ਉਹ ਬਸ ਫ਼ਰਜ਼ ਸਮਝ ਕੇ ਇੱਦਾਂ ਕਰਨ। ਇਸ ਦੀ ਬਜਾਇ, ਉਹ ਚਾਹੁੰਦਾ ਸੀ ਕਿ ਭੈਣ-ਭਰਾ ਬਜ਼ੁਰਗਾਂ ʼਤੇ ਭਰੋਸਾ ਹੋਣ ਕਰਕੇ ਉਨ੍ਹਾਂ ਦੇ ਆਗਿਆਕਾਰ ਰਹਿਣ। ਕਸ਼ਟ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਬਜ਼ੁਰਗਾਂ ʼਤੇ ਆਪਣਾ ਭਰੋਸਾ ਵਧਾਉਣ ਦੀ ਲੋੜ ਸੀ। ਜੇ ਉਹ ਸ਼ਾਂਤੀ ਦੇ ਇਸ ਸਮੇਂ ਦੌਰਾਨ ਬਜ਼ੁਰਗਾਂ ਦੇ ਆਗਿਆਕਾਰ ਰਹਿੰਦੇ, ਤਾਂ ਮੁਸ਼ਕਲ ਘੜੀ ਵਿਚ ਵੀ ਉਨ੍ਹਾਂ ਲਈ ਆਗਿਆਕਾਰ ਰਹਿਣਾ ਸੌਖਾ ਹੋਣਾ ਸੀ।
11. ਅੱਜ ਮਸੀਹੀਆਂ ਨੂੰ ਆਪਣੀ ਨਿਹਚਾ ਪੱਕੀ ਕਰਨ ਦੀ ਕਿਉਂ ਲੋੜ ਹੈ?
11 ਯਹੂਦੀ ਮਸੀਹੀਆਂ ਵਾਂਗ ਸਾਨੂੰ ਵੀ ਆਪਣੀ ਨਿਹਚਾ ਪੱਕੀ ਕਰਨ ਦੀ ਲੋੜ ਹੈ। ਕਿਉਂ? ਕਿਉਂਕਿ ਜ਼ਿਆਦਾਤਰ ਲੋਕ ਬਾਈਬਲ ਦੀ ਇਸ ਗੱਲ ਨੂੰ ਨਹੀਂ ਮੰਨਦੇ ਕਿ ਜਲਦੀ ਹੀ ਇਸ ਦੁਨੀਆਂ ਦਾ ਨਾਸ਼ ਹੋ ਜਾਵੇਗਾ। ਇਸ ਸੰਦੇਸ਼ ਕਰਕੇ ਲੋਕ ਤਾਂ ਸਾਡਾ ਮਖੌਲ ਵੀ ਉਡਾਉਂਦੇ ਹਨ। (2 ਪਤ. 3:3, 4) ਨਾਲੇ ਆਉਣ ਵਾਲੇ ਮਹਾਂਕਸ਼ਟ ਬਾਰੇ ਬਾਈਬਲ ਵਿਚ ਸਾਰਾ ਕੁਝ ਨਹੀਂ ਦੱਸਿਆ ਗਿਆ। ਇਸ ਲਈ ਸਾਨੂੰ ਪੂਰਾ ਭਰੋਸਾ ਰੱਖਣ ਦੀ ਲੋੜ ਹੈ ਕਿ ਅੰਤ ਬਿਲਕੁਲ ਸਹੀ ਸਮੇਂ ʼਤੇ ਆਵੇਗਾ ਅਤੇ ਉਸ ਵੇਲੇ ਯਹੋਵਾਹ ਸਾਡੀ ਹਿਫਾਜ਼ਤ ਕਰੇਗਾ।—ਹੱਬ. 2:3.
12. ਜੇ ਅਸੀਂ ਮਹਾਂਕਸ਼ਟ ਵਿੱਚੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?
12 ਸਾਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਉੱਤੇ ਵੀ ਆਪਣਾ ਭਰੋਸਾ ਵਧਾਉਣਾ ਚਾਹੀਦਾ ਹੈ ਜਿਸ ਰਾਹੀਂ ਅੱਜ ਯਹੋਵਾਹ ਸਾਡੀ ਅਗਵਾਈ ਕਰ ਰਿਹਾ ਹੈ। (ਮੱਤੀ 24:45) ਜਦੋਂ ਰੋਮੀਆਂ ਨੇ ਯਰੂਸ਼ਲਮ ਨੂੰ ਘੇਰ ਲਿਆ ਸੀ, ਤਾਂ ਯਹੂਦੀ ਮਸੀਹੀਆਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਸਨ। ਉਸੇ ਤਰ੍ਹਾਂ ਜਦੋਂ ਮਹਾਂਕਸ਼ਟ ਸ਼ੁਰੂ ਹੋਵੇਗਾ, ਤਾਂ ਹੋ ਸਕਦਾ ਹੈ ਕਿ ਸਾਨੂੰ ਵੀ ਸਾਫ਼-ਸਾਫ਼ ਹਿਦਾਇਤਾਂ ਮਿਲਣ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਨਿਹਚਾ ਨੂੰ ਵਧਾਈਏ ਅਤੇ ਅਗਵਾਈ ਕਰਨ ਵਾਲੇ ਭਰਾਵਾਂ ʼਤੇ ਪੂਰਾ ਭਰੋਸਾ ਰੱਖੀਏ। ਜੇ ਅਸੀਂ ਅੱਜ ਇੱਦਾਂ ਕਰਾਂਗੇ, ਤਾਂ ਮਹਾਂਕਸ਼ਟ ਦੌਰਾਨ ਵੀ ਭਰਾਵਾਂ ਦੇ ਆਗਿਆਕਾਰ ਰਹਿਣਾ ਸਾਡੇ ਲਈ ਸੌਖਾ ਹੋਵੇਗਾ।
13. ਯਹੂਦੀ ਮਸੀਹੀਆਂ ਨੂੰ ਇਬਰਾਨੀਆਂ 13:5 ਵਿਚ ਦਿੱਤੀ ਸਲਾਹ ਮੰਨਣ ਦੀ ਲੋੜ ਕਿਉਂ ਸੀ?
13 ਯਹੂਦੀ ਮਸੀਹੀ ਜਾਣਦੇ ਸਨ ਕਿ ਇਕ ਦਿਨ ਉਨ੍ਹਾਂ ਨੂੰ ਸਭ ਕੁਝ ਛੱਡ ਕੇ ਭੱਜਣਾ ਪਵੇਗਾ। ਇਸ ਲਈ ਉਨ੍ਹਾਂ ਨੂੰ ਧਿਆਨ ਰੱਖਣ ਦੀ ਲੋੜ ਸੀ ਕਿ ਉਹ “ਪੈਸੇ ਨਾਲ ਪਿਆਰ” ਨਾ ਕਰਨ, ਸਗੋਂ ਆਪਣਾ ਧਿਆਨ ਯਹੋਵਾਹ ਦੀ ਸੇਵਾ ʼਤੇ ਲਾਈ ਰੱਖਣ। (ਇਬਰਾਨੀਆਂ 13:5 ਪੜ੍ਹੋ।) ਉਨ੍ਹਾਂ ਵਿੱਚੋਂ ਕੁਝ ਮਸੀਹੀਆਂ ਨੇ ਗ਼ਰੀਬੀ ਅਤੇ ਕਾਲ਼ ਦੀ ਮਾਰ ਝੱਲੀ ਸੀ। (ਇਬ. 10:32-34) ਇਕ ਸਮੇਂ ʼਤੇ ਇਹ ਮਸੀਹੀ ਖ਼ੁਸ਼ ਖ਼ਬਰੀ ਦੀ ਖ਼ਾਤਰ ਕੁਝ ਵੀ ਸਹਿਣ ਲਈ ਤਿਆਰ ਸਨ, ਪਰ ਹੁਣ ਸ਼ਾਇਦ ਇਨ੍ਹਾਂ ਵਿੱਚੋਂ ਕੁਝ ਜਣੇ ਪੈਸੇ ʼਤੇ ਭਰੋਸਾ ਕਰਨ ਲੱਗ ਪਏ ਸਨ। ਉਹ ਸੋਚਣ ਲੱਗ ਪਏ ਸਨ ਕਿ ਪੈਸਾ ਉਨ੍ਹਾਂ ਨੂੰ ਹਰ ਮੁਸ਼ਕਲ ਤੋਂ ਬਚਾ ਸਕਦਾ ਹੈ। ਚਾਹੇ ਉਨ੍ਹਾਂ ਕੋਲ ਜਿੰਨਾ ਮਰਜ਼ੀ ਪੈਸਾ ਹੁੰਦਾ, ਪਰ ਇਹ ਉਨ੍ਹਾਂ ਨੂੰ ਆਉਣ ਵਾਲੇ ਨਾਸ਼ ਤੋਂ ਨਹੀਂ ਬਚਾ ਸਕਦਾ ਸੀ। (ਯਾਕੂ. 5:3) ਜੇ ਇਕ ਮਸੀਹੀ ਧਨ-ਦੌਲਤ ਨਾਲ ਪਿਆਰ ਕਰਦਾ ਸੀ, ਤਾਂ ਉਸ ਲਈ ਆਪਣਾ ਘਰ-ਬਾਰ ਅਤੇ ਜ਼ਮੀਨ-ਜਾਇਦਾਦ ਛੱਡ ਕੇ ਭੱਜਣਾ ਹੋਰ ਵੀ ਔਖਾ ਹੋ ਜਾਣਾ ਸੀ।
14. ਜੇ ਸਾਡੀ ਨਿਹਚਾ ਪੱਕੀ ਹੈ, ਤਾਂ ਅਸੀਂ ਪੈਸੇ ਅਤੇ ਚੀਜ਼ਾਂ ਦੇ ਮਾਮਲੇ ਵਿਚ ਕਿੱਦਾਂ ਦੇ ਫ਼ੈਸਲੇ ਕਰਾਂਗੇ?
14 ਜੇ ਸਾਨੂੰ ਪੱਕੀ ਨਿਹਚਾ ਹੋਵੇਗੀ ਕਿ ਇਸ ਦੁਨੀਆਂ ਦਾ ਅੰਤ ਨੇੜੇ ਹੈ, ਤਾਂ ਅਸੀਂ ਪੈਸੇ ਪਿੱਛੇ ਨਹੀਂ ਭੱਜਾਂਗੇ। ਮਹਾਂਕਸ਼ਟ ਦੌਰਾਨ ਪੈਸੇ ਦੀ ਕੋਈ ਕੀਮਤ ਨਹੀਂ ਹੋਵੇਗੀ। ਬਾਈਬਲ ਵਿਚ ਲਿਖਿਆ ਹੈ ਕਿ ਲੋਕ “ਆਪਣੀ ਚਾਂਦੀ ਗਲੀਆਂ ਵਿਚ ਸੁੱਟ ਦੇਣਗੇ” ਕਿਉਂਕਿ ਉਹ ਸਮਝ ਜਾਣਗੇ ਕਿ “ਯਹੋਵਾਹ ਦੇ ਕ੍ਰੋਧ ਦੇ ਦਿਨ ਨਾ ਤਾਂ ਉਨ੍ਹਾਂ ਦੀ ਚਾਂਦੀ ਅਤੇ ਨਾ ਹੀ ਉਨ੍ਹਾਂ ਦਾ ਸੋਨਾ ਉਨ੍ਹਾਂ ਨੂੰ ਬਚਾ ਸਕੇਗਾ।” (ਹਿਜ਼. 7:19) ਇਸ ਲਈ ਅੱਜ ਜ਼ਰੂਰੀ ਹੈ ਕਿ ਅਸੀਂ ਪੈਸੇ ਜਾਂ ਚੀਜ਼ਾਂ ਇਕੱਠੀਆਂ ਕਰਨ ਵਿਚ ਨਾ ਲੱਗੇ ਰਹੀਏ। ਇਸ ਦੀ ਬਜਾਇ, ਸਾਨੂੰ ਇੱਦਾਂ ਦੇ ਫ਼ੈਸਲੇ ਲੈਣ ਦੀ ਲੋੜ ਹੈ ਜਿਸ ਨਾਲ ਅਸੀਂ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਸਕੀਏ ਅਤੇ ਯਹੋਵਾਹ ਦੀ ਸੇਵਾ ਵਿਚ ਲੱਗੇ ਰਹੀਏ। ਅਸੀਂ ਬੇਲੋੜਾ ਕਰਜ਼ਾ ਨਹੀਂ ਲਵਾਂਗੇ ਅਤੇ ਨਾ ਹੀ ਇੰਨੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਕਰਾਂਗੇ ਕਿ ਇਨ੍ਹਾਂ ਦੀ ਸਾਂਭ-ਸੰਭਾਲ ਵਿਚ ਹੀ ਸਾਡਾ ਸਾਰਾ ਸਮਾਂ ਲੰਘ ਜਾਵੇ। ਸਾਡੇ ਕੋਲ ਜੋ ਚੀਜ਼ਾਂ ਹਨ, ਅਸੀਂ ਉਨ੍ਹਾਂ ਨਾਲ ਵੀ ਹੱਦੋਂ ਵੱਧ ਲਗਾਅ ਨਹੀਂ ਰੱਖਾਂਗੇ। (ਮੱਤੀ 6:19, 24) ਅੰਤ ਆਉਣ ਤੋਂ ਪਹਿਲਾਂ ਸ਼ਾਇਦ ਕਈ ਵਾਰ ਸਾਡੀ ਨਿਹਚਾ ਦੀ ਪਰਖ ਹੋਵੇ। ਇਸ ਸਮੇਂ ਦੌਰਾਨ ਸਾਨੂੰ ਦਿਖਾਉਣਾ ਪਵੇਗਾ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਨਾ ਕਿ ਚੀਜ਼ਾਂ ਨੂੰ।
‘ਤੁਹਾਨੂੰ ਧੀਰਜ ਰੱਖਣ ਦੀ ਲੋੜ ਹੈ’
15. ਯਹੂਦੀ ਮਸੀਹੀਆਂ ਨੂੰ ਧੀਰਜ ਰੱਖਣ ਦੀ ਕਿਉਂ ਲੋੜ ਸੀ?
15 ਅੱਗੇ ਚੱਲ ਕੇ ਯਹੂਦਿਯਾ ਦੇ ਹਾਲਾਤ ਵਿਗੜਨ ਵਾਲੇ ਸਨ। ਇਸ ਲਈ ਮਸੀਹੀਆਂ ਨੂੰ ਧੀਰਜ ਰੱਖਣ ਦੀ ਲੋੜ ਸੀ। (ਇਬ. 10:36) ਚਾਹੇ ਕਿ ਕੁਝ ਮਸੀਹੀਆਂ ਨੇ ਬਹੁਤ ਸਾਰੇ ਜ਼ੁਲਮ ਸਹੇ ਸਨ, ਪਰ ਜ਼ਿਆਦਾਤਰ ਭੈਣ-ਭਰਾ ਉਦੋਂ ਮਸੀਹੀ ਬਣੇ ਸਨ ਜਦੋਂ ਸ਼ਾਂਤੀ ਦਾ ਸਮਾਂ ਸੀ। ਪੌਲੁਸ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਕਈ ਮੁਸ਼ਕਲਾਂ ਝੱਲੀਆਂ ਸਨ, ਪਰ ਜਲਦੀ ਹੀ ਉਨ੍ਹਾਂ ਨੂੰ ਹੋਰ ਜ਼ਿਆਦਾ ਮੁਸ਼ਕਲਾਂ ਸਹਿਣ ਲਈ ਤਿਆਰ ਰਹਿਣਾ ਪੈਣਾ ਸੀ। ਇੱਥੋਂ ਤਕ ਕਿ ਉਨ੍ਹਾਂ ਨੂੰ ਯਿਸੂ ਵਾਂਗ ਆਪਣੀ ਨਿਹਚਾ ਦੀ ਖ਼ਾਤਰ ਜਾਨ ਦੇਣ ਲਈ ਵੀ ਤਿਆਰ ਰਹਿਣਾ ਪੈਣਾ ਸੀ। (ਇਬ. 12:4) ਉਹ ਕਿਉਂ? ਕਿਉਂਕਿ ਬਹੁਤ ਸਾਰੇ ਯਹੂਦੀ ਲੋਕ ਮਸੀਹੀ ਬਣ ਗਏ ਸਨ ਜਿਸ ਕਰਕੇ ਵਿਰੋਧੀ ਗੁੱਸੇ ਵਿਚ ਪਾਗਲ ਹੋ ਗਏ ਸਨ। ਉਹ ਮਸੀਹੀਆਂ ਨੂੰ ਬਹੁਤ ਸਤਾ ਰਹੇ ਸਨ। ਮਿਸਾਲ ਲਈ, ਇਬਰਾਨੀਆਂ ਨੂੰ ਚਿੱਠੀ ਲਿਖਣ ਤੋਂ ਕੁਝ ਸਾਲ ਪਹਿਲਾਂ ਜਦੋਂ ਪੌਲੁਸ ਯਰੂਸ਼ਲਮ ਵਿਚ ਸੀ, ਤਾਂ ਉਸ ਨੂੰ ਦੇਖ ਕੇ ਯਹੂਦੀ ਭੜਕ ਉੱਠੇ। 40 ਤੋਂ ਜ਼ਿਆਦਾ ਯਹੂਦੀਆਂ ਨੇ ਸਹੁੰ ਖਾਧੀ ਕਿ “ਜਦ ਤਕ ਉਹ ਪੌਲੁਸ ਨੂੰ ਮਾਰ ਨਹੀਂ ਦਿੰਦੇ, ਉਦੋਂ ਤਕ ਜੇ ਉਨ੍ਹਾਂ ਨੇ ਕੁਝ ਖਾਧਾ-ਪੀਤਾ, ਤਾਂ ਉਨ੍ਹਾਂ ਨੂੰ ਸਰਾਪ ਲੱਗੇ।” (ਰਸੂ. 22:22; 23:12-14) ਯਹੂਦੀ ਆਪਣੇ ਧਰਮ ਨੂੰ ਕੱਟੜਤਾ ਨਾਲ ਮੰਨਦੇ ਸਨ ਅਤੇ ਮਸੀਹੀਆਂ ਨਾਲ ਸਖ਼ਤ ਨਫ਼ਰਤ ਕਰਦੇ ਸਨ। ਸੋ ਮਸੀਹੀ ਇੱਦਾਂ ਦੇ ਮਾਹੌਲ ਵਿਚ ਰਹਿ ਰਹੇ ਸਨ ਜਿੱਥੇ ਉਨ੍ਹਾਂ ਨਾਲ ਨਫ਼ਰਤ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ʼਤੇ ਅਤਿਆਚਾਰ ਕੀਤੇ ਜਾ ਰਹੇ ਸਨ। ਪਰ ਜ਼ਰੂਰੀ ਸੀ ਕਿ ਉਹ ਇਕੱਠੇ ਮਿਲ ਕੇ ਭਗਤੀ ਦੇ ਕੰਮ ਕਰਦੇ ਰਹਿਣ, ਪ੍ਰਚਾਰ ਕਰਦੇ ਰਹਿਣ ਅਤੇ ਆਪਣੀ ਨਿਹਚਾ ਪੱਕੀ ਕਰਦੇ ਰਹਿਣ।
16. ਮੁਸ਼ਕਲਾਂ ਬਾਰੇ ਸਹੀ ਨਜ਼ਰੀਆ ਰੱਖਣ ਲਈ ਸਾਨੂੰ ਇਬਰਾਨੀਆਂ ਦੀ ਚਿੱਠੀ ਤੋਂ ਕਿਵੇਂ ਮਦਦ ਮਿਲ ਸਕਦੀ ਹੈ? (ਇਬਰਾਨੀਆਂ 12:7)
16 ਵਿਰੋਧ ਹੋਣ ʼਤੇ ਯਹੂਦੀ ਮਸੀਹੀ ਧੀਰਜ ਕਿਵੇਂ ਰੱਖ ਸਕਦੇ ਸਨ? ਪੌਲੁਸ ਜਾਣਦਾ ਸੀ ਕਿ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਸਹੀ ਨਜ਼ਰੀਆ ਰੱਖਣ ਦੀ ਲੋੜ ਹੈ। ਇਸ ਲਈ ਉਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਪਰਮੇਸ਼ੁਰ ਸਾਡੀ ਨਿਹਚਾ ਦੀ ਪਰਖ ਹੋਣ ਦਿੰਦਾ ਹੈ ਅਤੇ ਇਸ ਦੌਰਾਨ ਉਹ ਸਾਨੂੰ ਸਿਖਲਾਈ ਦਿੰਦਾ ਹੈ। (ਇਬਰਾਨੀਆਂ 12:7 ਪੜ੍ਹੋ।) ਇਸ ਸਿਖਲਾਈ ਕਰਕੇ ਅਸੀਂ ਆਪਣੇ ਅੰਦਰ ਕਈ ਚੰਗੇ ਗੁਣ ਵਧਾ ਸਕਦੇ ਹਾਂ ਅਤੇ ਉਨ੍ਹਾਂ ਨੂੰ ਨਿਖਾਰ ਸਕਦੇ ਹਾਂ। ਜੇ ਯਹੂਦੀ ਮਸੀਹੀ ਇਹ ਗੱਲ ਯਾਦ ਰੱਖਦੇ ਕਿ ਮੁਸ਼ਕਲਾਂ ਵਿੱਚੋਂ ਲੰਘਣ ਦੇ ਚੰਗੇ ਨਤੀਜੇ ਨਿਕਲਦੇ ਹਨ, ਤਾਂ ਇਨ੍ਹਾਂ ਨੂੰ ਸਹਿਣਾ ਉਨ੍ਹਾਂ ਲਈ ਥੋੜ੍ਹਾ ਸੌਖਾ ਹੋਣਾ ਸੀ।—ਇਬ. 12:11.
17. ਮੁਸ਼ਕਲਾਂ ਸਹਿਣ ਬਾਰੇ ਪੌਲੁਸ ਨੇ ਕੀ ਸਿੱਖਿਆ ਸੀ?
17 ਪੌਲੁਸ ਨੇ ਯਹੂਦੀ ਮਸੀਹੀਆਂ ਨੂੰ ਗੁਜ਼ਾਰਸ਼ ਕੀਤੀ ਕਿ ਉਹ ਦਲੇਰੀ ਨਾਲ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਅਤੇ ਹਾਰ ਨਾ ਮੰਨਣ। ਪੌਲੁਸ ਉਨ੍ਹਾਂ ਨੂੰ ਇਹ ਸਲਾਹ ਕਿਉਂ ਦੇ ਸਕਿਆ? ਮਸੀਹੀ ਬਣਨ ਤੋਂ ਪਹਿਲਾਂ ਪੌਲੁਸ ਨੇ ਭੈਣਾਂ-ਭਰਾਵਾਂ ʼਤੇ ਕਈ ਜ਼ੁਲਮ ਕੀਤੇ ਸਨ ਅਤੇ ਮਸੀਹੀ ਬਣਨ ਤੋਂ ਬਾਅਦ ਉਸ ਨੇ ਖ਼ੁਦ ਵੀ ਕਈ ਜ਼ੁਲਮ ਸਹੇ ਸਨ। (2 ਕੁਰਿੰ. 11:23-25) ਇਸ ਕਰਕੇ ਉਹ ਚੰਗੀ ਤਰ੍ਹਾਂ ਸਮਝ ਸਕਦਾ ਸੀ ਕਿ ਉਨ੍ਹਾਂ ʼਤੇ ਕੀ ਬੀਤ ਰਹੀ ਹੈ ਅਤੇ ਉਹ ਉਨ੍ਹਾਂ ਨੂੰ ਦੱਸ ਸਕਦਾ ਸੀ ਕਿ ਮੁਸ਼ਕਲਾਂ ਸਹਿਣ ਲਈ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ। ਪੌਲੁਸ ਨੇ ਮਸੀਹੀਆਂ ਨੂੰ ਯਾਦ ਕਰਾਇਆ ਕਿ ਮੁਸ਼ਕਲਾਂ ਸਹਿੰਦੇ ਵੇਲੇ ਉਨ੍ਹਾਂ ਨੂੰ ਖ਼ੁਦ ʼਤੇ ਭਰੋਸਾ ਰੱਖਣ ਦੀ ਬਜਾਇ ਯਹੋਵਾਹ ʼਤੇ ਭਰੋਸਾ ਰੱਖਣ ਦੀ ਲੋੜ ਹੈ। ਪੌਲੁਸ ਨੇ ਵੀ ਇੱਦਾਂ ਹੀ ਕੀਤਾ ਸੀ, ਇਸੇ ਕਰਕੇ ਉਹ ਦਲੇਰੀ ਨਾਲ ਕਹਿ ਸਕਿਆ: “ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ।”—ਇਬ. 13:6.
18. (ੳ) ਸਾਡੇ ਸਾਰਿਆਂ ਨਾਲ ਭਵਿੱਖ ਵਿਚ ਕੀ ਹੋਵੇਗਾ? (ਅ) ਅਸੀਂ ਇਸ ਲਈ ਤਿਆਰ ਕਿਵੇਂ ਹੋ ਸਕਦੇ ਹਾਂ?
18 ਅੱਜ ਸਾਡੇ ਕੁਝ ਭੈਣਾਂ-ਭਰਾਵਾਂ ʼਤੇ ਜ਼ੁਲਮ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਸਤਾਇਆ ਜਾ ਰਿਹਾ ਹੈ। ਫਿਰ ਵੀ ਉਹ ਸਭ ਕੁਝ ਧੀਰਜ ਨਾਲ ਸਹਿ ਰਹੇ ਹਨ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ? ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ। ਜੇ ਮੁਮਕਿਨ ਹੋਵੇ, ਤਾਂ ਅਸੀਂ ਉਨ੍ਹਾਂ ਤਕ ਜ਼ਰੂਰਤ ਦੀਆਂ ਚੀਜ਼ਾਂ ਪਹੁੰਚਾ ਸਕਦੇ ਹਾਂ। (ਇਬ. 10:33) ਬਾਈਬਲ ਵਿਚ ਦੱਸਿਆ ਗਿਆ ਹੈ: “ਜਿਹੜੇ ਵੀ ਯਿਸੂ ਮਸੀਹ ਦੇ ਚੇਲੇ ਬਣ ਕੇ ਪਰਮੇਸ਼ੁਰ ਦੀ ਭਗਤੀ ਕਰਦਿਆਂ ਜ਼ਿੰਦਗੀ ਜੀਉਣੀ ਚਾਹੁੰਦੇ ਹਨ, ਉਹ ਸਾਰੇ ਸਤਾਏ ਜਾਣਗੇ।” (2 ਤਿਮੋ. 3:12) ਇਸ ਲਈ ਸਾਨੂੰ ਸਾਰਿਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਲਈ ਖ਼ੁਦ ਨੂੰ ਤਿਆਰ ਕਰਨ ਦੀ ਲੋੜ ਹੈ। ਆਓ ਆਪਾਂ ਯਹੋਵਾਹ ʼਤੇ ਪੂਰਾ ਭਰੋਸਾ ਰੱਖੀਏ ਕਿ ਉਹ ਆਉਣ ਵਾਲੀ ਹਰ ਮੁਸ਼ਕਲ ਨੂੰ ਸਹਿਣ ਵਿਚ ਸਾਡੀ ਮਦਦ ਕਰੇਗਾ ਅਤੇ ਬਹੁਤ ਜਲਦ ਆਪਣੇ ਹਰ ਸੇਵਕ ਨੂੰ ਆਰਾਮ ਦੇਵੇਗਾ।—2 ਥੱਸ. 1:7, 8.
19. ਅਸੀਂ ਮਹਾਂਕਸ਼ਟ ਲਈ ਖ਼ੁਦ ਨੂੰ ਕਿਵੇਂ ਤਿਆਰ ਕਰ ਸਕਦੇ ਹਾਂ? (ਤਸਵੀਰ ਵੀ ਦੇਖੋ।)
19 ਬਿਨਾਂ ਸ਼ੱਕ, ਪੌਲੁਸ ਨੇ ਯਹੂਦੀ ਮਸੀਹੀਆਂ ਨੂੰ ਜੋ ਚਿੱਠੀ ਲਿਖੀ ਸੀ, ਉਸ ਦੀ ਮਦਦ ਨਾਲ ਉਹ ਆਉਣ ਵਾਲੇ ਕਸ਼ਟ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ ਸਕੇ। ਪੌਲੁਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪਰਮੇਸ਼ੁਰ ਦੇ ਬਚਨ ਦਾ ਗਹਿਰਾਈ ਨਾਲ ਅਧਿਐਨ ਕਰਨ ਅਤੇ ਉਸ ਦੀ ਸਹੀ ਸਮਝ ਹਾਸਲ ਕਰਨ। ਇੱਦਾਂ ਕਰ ਕੇ ਉਹ ਉਨ੍ਹਾਂ ਸਿੱਖਿਆਵਾਂ ਨੂੰ ਪਛਾਣ ਸਕਦੇ ਸਨ ਅਤੇ ਠੁਕਰਾ ਸਕਦੇ ਸਨ ਜਿਨ੍ਹਾਂ ਕਰਕੇ ਉਨ੍ਹਾਂ ਦੀ ਨਿਹਚਾ ਕਮਜ਼ੋਰ ਹੋ ਸਕਦੀ ਸੀ। ਪੌਲੁਸ ਨੇ ਉਨ੍ਹਾਂ ਨੂੰ ਆਪਣੀ ਨਿਹਚਾ ਪੱਕੀ ਕਰਨ ਦੀ ਵੀ ਸਲਾਹ ਦਿੱਤੀ ਤਾਂਕਿ ਉਹ ਯਿਸੂ ਅਤੇ ਮੰਡਲੀ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਤੋਂ ਮਿਲਣ ਵਾਲੀਆਂ ਹਿਦਾਇਤਾਂ ਨੂੰ ਤੁਰੰਤ ਮੰਨ ਸਕਣ। ਉਸ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਮੁਸ਼ਕਲਾਂ ਆਉਣ ʼਤੇ ਉਹ ਕਿੱਦਾਂ ਧੀਰਜ ਰੱਖ ਸਕਦੇ ਹਨ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਮੁਸ਼ਕਲਾਂ ਬਾਰੇ ਸਹੀ ਨਜ਼ਰੀਆ ਰੱਖਣ ਅਤੇ ਇਸ ਗੱਲ ਨੂੰ ਸਮਝਣ ਕਿ ਯਹੋਵਾਹ ਇਨ੍ਹਾਂ ਦੇ ਜ਼ਰੀਏ ਉਨ੍ਹਾਂ ਨੂੰ ਸਿਖਲਾਈ ਦੇ ਰਿਹਾ ਹੈ। ਆਓ ਅਸੀਂ ਵੀ ਇਬਰਾਨੀਆਂ ਦੀ ਚਿੱਠੀ ਵਿਚ ਦਿੱਤੀਆਂ ਸਲਾਹਾਂ ਮੰਨੀਏ। ਇੱਦਾਂ ਕਰ ਕੇ ਅਸੀਂ ਵੀ ਅੰਤ ਤਕ ਵਫ਼ਾਦਾਰ ਰਹਿ ਸਕਾਂਗੇ ਅਤੇ ਧੀਰਜ ਰੱਖ ਸਕਾਂਗੇ।—ਇਬ. 3:14.
ਗੀਤ 126 ਖ਼ਬਰਦਾਰ ਰਹੋ, ਦਲੇਰ ਬਣੋ
a ਇਬਰਾਨੀਆਂ ਦੀ ਕਿਤਾਬ ਦੇ ਪਹਿਲੇ ਅਧਿਆਇ ਵਿਚ ਹੀ ਪੌਲੁਸ ਨੇ ਇਬਰਾਨੀ ਲਿਖਤਾਂ ਤੋਂ ਘੱਟੋ-ਘੱਟ ਸੱਤ ਹਵਾਲੇ ਦੇ ਕੇ ਸਮਝਾਇਆ ਕਿ ਮਸੀਹੀ ਜਿਸ ਤਰੀਕੇ ਨਾਲ ਭਗਤੀ ਕਰਦੇ ਹਨ, ਉਹ ਯਹੂਦੀਆਂ ਦੇ ਭਗਤੀ ਕਰਨ ਦੇ ਤਰੀਕੇ ਤੋਂ ਕਿਤੇ ਵਧੀਆ ਹੈ।—ਇਬ. 1:5-13.