ਅਧਿਐਨ ਲਈ ਸੁਝਾਅ
ਸਿੱਖਣ ਦੇ ਇਰਾਦੇ ਨਾਲ ਅਧਿਐਨ ਕਰੋ
ਜਦੋਂ ਅਸੀਂ ਅਧਿਐਨ ਕਰਦੇ ਹਾਂ, ਤਾਂ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਮੈਂ ਜੋ ਪੜ੍ਹਨ ਵਾਲਾ ਹਾਂ, ਉਸ ਤੋਂ ਮੈਂ ਕੀ ਸਿੱਖਾਂਗਾ?’ ਪਰ ਸਾਨੂੰ ਪਹਿਲਾਂ ਤੋਂ ਹੀ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਇਸ ਤੋਂ ਮੈਂ ਫਲਾਨੀ ਗੱਲ ਹੀ ਸਿੱਖਾਂਗਾ। ਕਿਉਂ? ਕਿਉਂਕਿ ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਇਹ ਨਹੀਂ ਜਾਣ ਸਕਾਂਗੇ ਕਿ ਯਹੋਵਾਹ ਸਾਨੂੰ ਕੀ ਸਿਖਾਉਣਾ ਚਾਹੁੰਦਾ ਹੈ। ਤਾਂ ਫਿਰ ਅਸੀਂ ਸਿੱਖਣ ਦੇ ਇਰਾਦੇ ਨਾਲ ਕਿਵੇਂ ਅਧਿਐਨ ਕਰ ਸਕਦੇ ਹਾਂ?
ਯਹੋਵਾਹ ਤੋਂ ਬੁੱਧ ਮੰਗੋ। ਪ੍ਰਾਰਥਨਾ ਕਰਨ ਨਾਲ ਤੁਸੀਂ ਸਮਝ ਸਕੋਗੇ ਕਿ ਯਹੋਵਾਹ ਹੁਣ ਤੁਹਾਨੂੰ ਕੀ ਸਿਖਾਉਣਾ ਚਾਹੁੰਦਾ ਹੈ। (ਯਾਕੂ. 1:5) ਕਿਸੇ ਵਿਸ਼ੇ ਬਾਰੇ ਤੁਸੀਂ ਜੋ ਪਹਿਲਾਂ ਤੋਂ ਜਾਣਦੇ ਹੋ, ਸਿਰਫ਼ ਉਸੇ ਵਿਚ ਸੰਤੁਸ਼ਟ ਨਾ ਰਹੋ।—ਕਹਾ. 3:5, 6.
ਬਾਈਬਲ ਦੀਆਂ ਗੱਲਾਂ ਦਾ ਖ਼ੁਦ ʼਤੇ ਅਸਰ ਹੋਣ ਦਿਓ। “ਪਰਮੇਸ਼ੁਰ ਦਾ ਬਚਨ ਜੀਉਂਦਾ” ਹੈ। (ਇਬ. 4:12) ਹਰ ਵਾਰ ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ, ਤਾਂ ਅਸੀਂ ਕੁਝ ਨਵਾਂ ਸਿੱਖ ਸਕਦੇ ਹਾਂ ਅਤੇ ਇਸ ਦਾ ਸਾਡੀ ਜ਼ਿੰਦਗੀ ʼਤੇ ਗਹਿਰਾ ਅਸਰ ਪੈ ਸਕਦਾ ਹੈ। ਪਰ ਇਹ ਉਦੋਂ ਹੀ ਹੋਵੇਗਾ ਜਦੋਂ ਅਸੀਂ ਸਿੱਖਣ ਦੇ ਇਰਾਦੇ ਨਾਲ ਅਧਿਐਨ ਕਰਾਂਗੇ।
ਯਹੋਵਾਹ ਦੇ ਮੇਜ਼ ʼਤੇ ਰੱਖੀ ਹਰੇਕ ਚੀਜ਼ ਦਾ ਮਜ਼ਾ ਲਓ। ਯਹੋਵਾਹ ਸਾਨੂੰ ਜੋ ਅਲੱਗ-ਅਲੱਗ ਗੱਲਾਂ ਸਿਖਾ ਰਿਹਾ ਹੈ, ਉਹ “ਚਿਕਨਾਈ ਵਾਲੇ ਭੋਜਨ ਦੀ ਦਾਅਵਤ” ਵਾਂਗ ਹਨ। (ਯਸਾ. 25:6) ਇਸ ਲਈ ਸਿਰਫ਼ ਆਪਣੀ ਪਸੰਦ ਦੀਆਂ ਚੀਜ਼ਾਂ ਹੀ ਨਾ ਖਾਓ, ਸਗੋਂ ਹਰੇਕ ਚੀਜ਼ ਦਾ ਮਜ਼ਾ ਲਓ। ਇੱਦਾਂ ਕਰਨ ਨਾਲ ਤੁਹਾਨੂੰ ਅਧਿਐਨ ਕਰਨਾ ਵਧੀਆ ਲੱਗੇਗਾ ਅਤੇ ਤੁਸੀਂ ਇੱਦਾਂ ਦੇ ਇਨਸਾਨ ਬਣ ਸਕੋਗੇ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ।