ਅਧਿਐਨ ਲੇਖ 38
ਯਹੋਵਾਹ ਅਤੇ ਉਸ ਦੇ ਪਰਿਵਾਰ ਨਾਲ ਪਿਆਰ ਗੂੜ੍ਹਾ ਕਰੋ
‘ਮੈਂ ਉੱਪਰ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਕੋਲ ਜਾ ਰਿਹਾ ਹਾਂ।’—ਯੂਹੰ. 20:17.
ਗੀਤ 7 ਯਹੋਵਾਹ ਸਾਡਾ ਬਲ
ਖ਼ਾਸ ਗੱਲਾਂ *
1. ਅਸੀਂ ਯਹੋਵਾਹ ਨੂੰ ਕੀ ਕਹਿ ਕੇ ਬੁਲਾ ਸਕਦੇ ਹਾਂ?
ਯਹੋਵਾਹ ਦੇ ਪਰਿਵਾਰ ਵਿਚ ਯਿਸੂ “ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ ਹੈ” ਅਤੇ ਲੱਖਾਂ-ਕਰੋੜਾਂ ਦੂਤ ਵੀ ਇਸ ਵਿਚ ਹਨ। (ਕੁਲੁ. 1:15; ਜ਼ਬੂ. 103:20) ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਦੱਸਿਆ ਕਿ ਜੋ ਲੋਕ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਨ, ਉਹ ਉਸ ਨੂੰ ਆਪਣਾ ਪਿਤਾ ਕਹਿ ਸਕਦੇ ਹਨ। ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਯਹੋਵਾਹ ‘ਮੇਰਾ ਪਿਤਾ ਅਤੇ ਤੁਹਾਡਾ ਪਿਤਾ’ ਹੈ। (ਯੂਹੰ. 20:17) ਇਸੇ ਤਰ੍ਹਾਂ ਜਦੋਂ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਂਦੇ ਹਾਂ, ਤਾਂ ਅਸੀਂ ਵੀ ਉਸ ਦੇ ਪਰਿਵਾਰ ਦਾ ਹਿੱਸਾ ਬਣਦੇ ਹਾਂ ਜਿਸ ਵਿਚ ਸਾਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਭੈਣ-ਭਰਾ ਹਨ।—ਮਰ. 10:29, 30.
2. ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?
2 ਕੁਝ ਲੋਕਾਂ ਨੂੰ ਇਹ ਮੰਨਣਾ ਔਖਾ ਲੱਗਦਾ ਹੈ ਕਿ ਯਹੋਵਾਹ ਪਿਆਰ ਕਰਨ ਵਾਲਾ ਪਿਤਾ ਹੈ। ਹੋਰਾਂ ਨੂੰ ਸ਼ਾਇਦ ਪਤਾ ਨਾ ਲੱਗੇ ਕਿ ਉਹ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਕਿਵੇਂ ਜ਼ਾਹਰ ਕਰਨ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਿਸੂ ਕਿਵੇਂ ਇਹ ਸਮਝਣ ਵਿਚ ਸਾਡੀ ਮਦਦ ਕਰਦਾ ਹੈ ਕਿ ਯਹੋਵਾਹ ਪਿਆਰ ਕਰਨ ਵਾਲਾ ਪਿਤਾ ਹੈ ਜਿਸ ਦੇ ਅਸੀਂ ਨੇੜੇ ਜਾ ਸਕਦੇ ਹਾਂ। ਅਸੀਂ ਇਹ ਵੀ ਜਾਣਾਂਗੇ ਕਿ ਯਹੋਵਾਹ ਦੀ ਰੀਸ ਕਰ ਕੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਕਿਵੇਂ ਪਿਆਰ ਕਰ ਸਕਦੇ ਹਾਂ।
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਜਾਈਏ
3. ਯਿਸੂ ਦੀ ਸਿਖਾਈ ਪ੍ਰਾਰਥਨਾ ਤੋਂ ਅਸੀਂ ਕੀ ਸਿੱਖਦੇ ਹਾਂ?
3 ਯਹੋਵਾਹ ਸਖ਼ਤ ਨਹੀਂ, ਸਗੋਂ ਪਿਆਰ ਕਰਨ ਵਾਲਾ ਪਿਤਾ ਹੈ। ਯਿਸੂ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਬਾਰੇ ਉਸ ਵਰਗਾ ਨਜ਼ਰੀਆ ਰੱਖੀਏ ਯਾਨੀ ਅਸੀਂ ਉਸ ਨੂੰ ਪਿਆਰ ਕਰਨ ਵਾਲਾ ਪਿਤਾ ਸਮਝੀਏ ਜਿਸ ਨਾਲ ਅਸੀਂ ਕਿਸੇ ਵੀ ਸਮੇਂ ਗੱਲ ਕਰ ਸਕਦੇ ਹਾਂ। ਇਸ ਲਈ ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ, ਤਾਂ ਉਸ ਨੇ ਕਿਹਾ: “ਹੇ ਸਾਡੇ ਪਿਤਾ।” (ਮੱਤੀ 6:9) ਯਿਸੂ ਕਹਿ ਸਕਦਾ ਸੀ ਕਿ ਅਸੀਂ ਯਹੋਵਾਹ ਨੂੰ “ਸਰਬਸ਼ਕਤੀਮਾਨ,” ਸਾਰੀਆਂ ਚੀਜ਼ਾਂ ਨੂੰ “ਬਣਾਉਣ ਵਾਲਾ” ਅਤੇ ‘ਯੁਗਾਂ-ਯੁਗਾਂ ਦਾ ਰਾਜਾ’ ਕਹੀਏ। ਇਸ ਤਰ੍ਹਾਂ ਕਹਿਣਾ ਗ਼ਲਤ ਨਹੀਂ ਹੈ ਕਿਉਂਕਿ ਬਾਈਬਲ ਵਿਚ ਯਹੋਵਾਹ ਲਈ ਇਹ ਸ਼ਬਦ ਵਰਤੇ ਗਏ ਹਨ। (ਉਤ. 49:25; ਯਸਾ. 40:28; 1 ਤਿਮੋ. 1:17) ਪਰ ਯਿਸੂ ਨੇ ਯਹੋਵਾਹ ਲਈ ਪਿਆਰ ਹੋਣ ਕਰਕੇ “ਪਿਤਾ” ਸ਼ਬਦ ਵਰਤਿਆ।
4. ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਜਾਈਏ?
4 ਕੁਝ ਲੋਕਾਂ ਨੂੰ ਬਚਪਨ ਤੋਂ ਆਪਣੇ ਪਿਤਾ ਦਾ ਪਿਆਰ ਨਹੀਂ ਮਿਲਦਾ। ਇਸ ਲਈ ਸ਼ਾਇਦ ਯਹੋਵਾਹ ਨੂੰ ਇਕ ਪਿਆਰ ਕਰਨ ਵਾਲਾ ਪਿਤਾ ਮੰਨਣਾ ਉਨ੍ਹਾਂ ਲਈ ਔਖਾ ਹੈ। ਕੀ ਤੁਹਾਨੂੰ ਵੀ ਇੱਦਾਂ ਲੱਗਦਾ ਹੈ? ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ! ਉਹ ਸਾਡੇ ਨੇੜੇ ਆਉਣਾ ਚਾਹੁੰਦਾ ਹੈ। ਇਸੇ ਕਰਕੇ ਉਸ ਦਾ ਬਚਨ ਸਾਨੂੰ ਕਹਿੰਦਾ ਹੈ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂ. 4:8) ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਉਹ ਸਾਡਾ ਸਭ ਤੋਂ ਵਧੀਆ ਪਿਤਾ ਬਣਨਾ ਚਾਹੁੰਦਾ ਹੈ।
5. ਲੂਕਾ 10:22 ਮੁਤਾਬਕ ਯਹੋਵਾਹ ਦੇ ਨੇੜੇ ਜਾਣ ਵਿਚ ਯਿਸੂ ਸਾਡੀ ਕਿਵੇਂ ਮਦਦ ਕਰ ਸਕਦਾ ਹੈ?
5 ਯਹੋਵਾਹ ਦੇ ਨੇੜੇ ਜਾਣ ਵਿਚ ਯਿਸੂ ਸਾਡੀ ਮਦਦ ਕਰ ਸਕਦਾ ਹੈ। ਯਿਸੂ ਚੰਗੀ ਤਰ੍ਹਾਂ ਯਹੋਵਾਹ ਨੂੰ ਜਾਣਦਾ ਹੈ ਅਤੇ ਉਸ ਨੇ ਹੂ-ਬਹੂ ਉਸ ਵਰਗੇ ਗੁਣ ਜ਼ਾਹਰ ਕੀਤੇ ਜਿਸ ਕਰਕੇ ਉਸ ਨੇ ਕਿਹਾ: “ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ।” (ਯੂਹੰ. 14:9) ਯਿਸੂ ਇਕ ਵੱਡੇ ਭਰਾ ਵਾਂਗ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਕਿਵੇਂ ਆਪਣੇ ਪਿਤਾ ਦਾ ਆਦਰ ਕਰੀਏ, ਉਸ ਦਾ ਕਹਿਣਾ ਮੰਨੀਏ, ਉਸ ਨੂੰ ਨਾਰਾਜ਼ ਨਾ ਕਰੀਏ ਅਤੇ ਉਸ ਦੀ ਮਿਹਰ ਪਾਈਏ। ਪਰ ਖ਼ਾਸ ਕਰਕੇ ਧਰਤੀ ’ਤੇ ਯਿਸੂ ਦੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿੰਨਾ ਦਿਆਲੂ ਅਤੇ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। (ਲੂਕਾ 10:22 ਪੜ੍ਹੋ।) ਆਓ ਅਸੀਂ ਕੁਝ ਉਦਾਹਰਣਾਂ ਦੇਖੀਏ।
6. ਦੱਸੋ ਕਿ ਯਹੋਵਾਹ ਨੇ ਯਿਸੂ ਦੀਆਂ ਪ੍ਰਾਰਥਨਾਵਾਂ ਕਿਵੇਂ ਸੁਣੀਆਂ?
6 ਯਹੋਵਾਹ ਆਪਣੇ ਬੱਚਿਆਂ ਦੀ ਸੁਣਦਾ ਹੈ। ਧਰਤੀ ’ਤੇ ਹੁੰਦਿਆਂ ਯਿਸੂ ਨੇ ਯਹੋਵਾਹ ਨੂੰ ਬਹੁਤ ਵਾਰ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਨੇ ਉਸ ਦੀ ਸੁਣੀ। (ਲੂਕਾ 5:16) ਜਿਵੇਂ, ਜਦੋਂ ਯਿਸੂ ਨੇ 12 ਰਸੂਲਾਂ ਨੂੰ ਚੁਣਨਾ ਸੀ ਜੋ ਇਕ ਬਹੁਤ ਵੱਡਾ ਫ਼ੈਸਲਾ ਸੀ। (ਲੂਕਾ 6:12, 13) ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਜਦੋਂ ਯਿਸੂ ਬਹੁਤ ਪਰੇਸ਼ਾਨ ਸੀ ਅਤੇ ਔਖੀਆਂ ਘੜੀਆਂ ਵਿੱਚੋਂ ਲੰਘਣ ਵਾਲਾ ਸੀ, ਤਾਂ ਉਸ ਨੇ ਯਹੋਵਾਹ ਨੂੰ ਗਿੜਗਿੜਾ ਕੇ ਪ੍ਰਾਰਥਨਾ ਕੀਤੀ। ਉਸ ਵੇਲੇ ਯਹੋਵਾਹ ਨੇ ਨਾ ਸਿਰਫ਼ ਆਪਣੇ ਪੁੱਤਰ ਦੀ ਪ੍ਰਾਰਥਨਾ ਸੁਣੀ, ਸਗੋਂ ਉਸ ਨੂੰ ਹੌਸਲਾ ਦੇਣ ਲਈ ਇਕ ਦੂਤ ਵੀ ਭੇਜਿਆ।—ਲੂਕਾ 22:41-44.
7. ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ, ਇਹ ਜਾਣ ਕੇ ਤੁਹਾਨੂੰ ਕਿਵੇਂ ਲੱਗਦਾ ਹੈ?
ਜ਼ਬੂ. 116:1, 2) ਭਾਰਤ ਵਿਚ ਰਹਿੰਦੀ ਇਕ ਭੈਣ ਨੇ ਆਪਣੇ ਬਾਰੇ ਇਹ ਗੱਲ ਸੱਚ ਹੁੰਦੀ ਦੇਖੀ। ਉਹ ਬਹੁਤ ਜ਼ਿਆਦਾ ਚਿੰਤਾਵਾਂ ਨਾਲ ਘਿਰੀ ਹੋਈ ਸੀ ਅਤੇ ਉਸ ਨੇ ਇਸ ਬਾਰੇ ਯਹੋਵਾਹ ਨੂੰ ਗਿੜਗਿੜਾ ਕੇ ਪ੍ਰਾਰਥਨਾ ਕੀਤੀ। ਉਹ ਲਿਖਦੀ ਹੈ: “ਮਈ 2019 ਦਾ JW ਬ੍ਰਾਡਕਾਸਟਿੰਗ ਪ੍ਰੋਗ੍ਰਾਮ ਮੇਰੇ ਲਈ ਬਿਲਕੁਲ ਸਹੀ ਸਮੇਂ ਤੇ ਆਇਆ ਜਿਸ ਵਿਚ ਦੱਸਿਆ ਸੀ ਕਿ ਅਸੀਂ ਚਿੰਤਾਵਾਂ ਨਾਲ ਕਿਵੇਂ ਨਜਿੱਠ ਸਕਦੇ ਹਾਂ। ਇਹ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਸੀ।”
7 ਅੱਜ ਵੀ ਯਹੋਵਾਹ ਆਪਣੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ। ਉਹ ਇਨ੍ਹਾਂ ਦਾ ਜਵਾਬ ਸਹੀ ਸਮੇਂ ਤੇ ਨਾਲੇ ਸਭ ਤੋਂ ਵਧੀਆ ਤਰੀਕੇ ਨਾਲ ਦਿੰਦਾ ਹੈ। (8. ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਯਿਸੂ ਲਈ ਪਿਆਰ ਜ਼ਾਹਰ ਕੀਤਾ?
8 ਯਹੋਵਾਹ ਬਿਲਕੁਲ ਉਸੇ ਤਰ੍ਹਾਂ ਸਾਨੂੰ ਵੀ ਪਿਆਰ ਕਰਦਾ ਹੈ ਅਤੇ ਸਾਡੀ ਦੇਖ-ਭਾਲ ਕਰਦਾ ਹੈ, ਜਿੱਦਾਂ ਯਿਸੂ ਦੇ ਧਰਤੀ ’ਤੇ ਹੁੰਦਿਆਂ ਉਹ ਉਸ ਨਾਲ ਕਰਦਾ ਸੀ। (ਯੂਹੰ. 5:20) ਪਰਮੇਸ਼ੁਰ ਨੇ ਨਿਹਚਾ ਮਜ਼ਬੂਤ ਰੱਖਣ ਵਿਚ ਯਿਸੂ ਦੀ ਮਦਦ ਕੀਤੀ। ਜਦੋਂ ਉਹ ਦੁਖੀ ਸੀ, ਤਾਂ ਉਸ ਦਾ ਹੌਸਲਾ ਵਧਾਇਆ ਅਤੇ ਜੀਉਂਦੇ ਰਹਿਣ ਲਈ ਉਸ ਨੂੰ ਜ਼ਰੂਰੀ ਚੀਜ਼ਾਂ ਦਿੱਤੀਆਂ। ਨਾਲੇ ਉਸ ਨੇ ਆਪਣੇ ਪੁੱਤਰ ਨੂੰ ਦੱਸਿਆ ਕਿ ਉਹ ਉਸ ਨੂੰ ਕਿੰਨਾ ਪਿਆਰ ਕਰਦਾ ਸੀ ਅਤੇ ਉਸ ਤੋਂ ਖ਼ੁਸ਼ ਸੀ। (ਮੱਤੀ 3:16, 17) ਯਿਸੂ ਨੂੰ ਪਤਾ ਸੀ ਕਿ ਉਸ ਦਾ ਪਿਆਰ ਕਰਨ ਵਾਲਾ ਸਵਰਗੀ ਪਿਤਾ ਹਮੇਸ਼ਾ ਉਸ ਦੇ ਨਾਲ ਰਹੇਗਾ, ਇਸ ਲਈ ਉਸ ਨੇ ਕਦੇ ਇਕੱਲਾ ਮਹਿਸੂਸ ਨਹੀਂ ਕੀਤਾ।—ਯੂਹੰ. 8:16.
9. ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?
9 ਜਿਸ ਤਰ੍ਹਾਂ ਯਹੋਵਾਹ ਨੇ ਯਿਸੂ ਨੂੰ ਪਿਆਰ ਕੀਤਾ ਉਸੇ ਤਰ੍ਹਾਂ ਉਹ ਸਾਨੂੰ ਵੀ ਪਿਆਰ ਕਰਦਾ ਹੈ। ਉਸ ਨੇ ਸਾਨੂੰ ਆਪਣੇ ਵੱਲ ਖਿੱਚਿਆ ਅਤੇ ਆਪਣੇ ਪਰਿਵਾਰ ਵਿਚ ਸ਼ਾਮਲ ਕੀਤਾ। (ਯੂਹੰ. 6:44) ਇਸ ਪਰਿਵਾਰ ਵਿਚ ਬਹੁਤ ਸਾਰੇ ਭੈਣ-ਭਰਾ ਹਨ ਜਿਨ੍ਹਾਂ ਦੇ ਸਾਥ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ ਅਤੇ ਮੁਸ਼ਕਲਾਂ ਵੇਲੇ ਉਹ ਸਾਨੂੰ ਹੌਸਲਾ ਦਿੰਦੇ ਹਨ। ਯਹੋਵਾਹ ਸਾਡੀ ਨਿਹਚਾ ਮਜ਼ਬੂਤ ਕਰਨ ਲਈ ਸਾਨੂੰ ਆਪਣਾ ਗਿਆਨ ਵੀ ਦਿੰਦਾ ਹੈ। ਨਾਲੇ ਉਹ ਸਾਡੀਆਂ ਰੋਜ਼ਮੱਰਾ ਦੀਆਂ ਲੋੜਾਂ ਪੂਰੀਆਂ ਕਰਦਾ ਹੈ। (ਮੱਤੀ 6:31, 32) ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ, ਤਾਂ ਉਸ ਲਈ ਸਾਡਾ ਪਿਆਰ ਗੂੜ੍ਹਾ ਹੁੰਦਾ ਹੈ।
ਯਹੋਵਾਹ ਵਾਂਗ ਭੈਣਾਂ-ਭਰਾਵਾਂ ਨਾਲ ਪਿਆਰ ਕਰੋ
10. ਯਹੋਵਾਹ ਭੈਣਾਂ-ਭਰਾਵਾਂ ਨਾਲ ਜਿਸ ਤਰ੍ਹਾਂ ਪਿਆਰ ਕਰਦਾ ਹੈ ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
10 ਯਹੋਵਾਹ ਸਾਡੇ ਸਾਰੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦਾ ਹੈ। ਪਰ ਕਈ ਵਾਰ ਸਾਡੇ ਲਈ ਇੱਦਾਂ ਕਰਨਾ ਔਖਾ ਹੋ ਸਕਦਾ ਹੈ। ਅਸੀਂ ਸਾਰੇ ਵੱਖੋ-ਵੱਖਰੇ ਸਭਿਆਚਾਰਾਂ ਅਤੇ ਪਿਛੋਕੜਾਂ ਤੋਂ ਆਏ ਹਾਂ। ਨਾਲੇ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ ਜਿਸ ਕਰਕੇ ਅਸੀਂ ਇਕ-ਦੂਜੇ ਨੂੰ ਨਾਰਾਜ਼ ਕਰਦੇ ਹਾਂ। ਫਿਰ ਵੀ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਆਪਣਾ ਪਿਆਰ ਗੂੜ੍ਹਾ ਕਰਨ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਾਂ। ਕਿਵੇਂ? ਆਪਣੇ ਪਿਤਾ ਦੀ ਰੀਸ ਕਰ ਕੇ। (ਅਫ਼. 5:1, 2; 1 ਯੂਹੰ. 4:19) ਆਓ ਦੇਖੀਏ ਕਿ ਅਸੀਂ ਯਹੋਵਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।
11. ਯਿਸੂ ਨੇ ਯਹੋਵਾਹ ਵਾਂਗ “ਦਇਆ” ਕਿਵੇਂ ਦਿਖਾਈ?
11 ਯਹੋਵਾਹ “ਦਇਆ” ਕਰਦਾ ਹੈ। (ਲੂਕਾ 1:78) ਦਇਆ ਕਰਨ ਵਾਲਾ ਇਨਸਾਨ ਦੂਜਿਆਂ ਨੂੰ ਦੁੱਖ ਸਹਿੰਦਿਆਂ ਦੇਖ ਕੇ ਦੁਖੀ ਹੁੰਦਾ ਹੈ। ਉਹ ਉਨ੍ਹਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਹੌਸਲਾ ਦੇਣ ਲਈ ਤਰੀਕੇ ਵੀ ਲੱਭਦਾ ਹੈ। ਯਿਸੂ ਨੇ ਲੋਕਾਂ ਨਾਲ ਪੇਸ਼ ਆਉਂਦੇ ਵੇਲੇ ਯਹੋਵਾਹ ਵਾਂਗ ਦਇਆ ਦਿਖਾਈ। (ਯੂਹੰ. 5:19) ਇਕ ਮੌਕੇ ਤੇ ਜਦੋਂ ਉਸ ਨੇ ਲੋਕਾਂ ਦੀ ਭੀੜ ਨੂੰ ਦੇਖਿਆ, ਤਾਂ “ਉਸ ਨੂੰ ਉਨ੍ਹਾਂ ’ਤੇ ਤਰਸ ਆਇਆ ਕਿਉਂਕਿ ਉਹ ਉਨ੍ਹਾਂ ਭੇਡਾਂ ਵਰਗੇ ਸਨ ਜਿਨ੍ਹਾਂ ਦੀ ਚਮੜੀ ਉਧੇੜ ਦਿੱਤੀ ਗਈ ਹੋਵੇ ਅਤੇ ਜੋ ਚਰਵਾਹੇ ਤੋਂ ਬਿਨਾਂ ਇੱਧਰ-ਉੱਧਰ ਭਟਕ ਰਹੀਆਂ ਹੋਣ।” (ਮੱਤੀ 9:36) ਯਿਸੂ ਨੂੰ ਲੋਕਾਂ ’ਤੇ ਸਿਰਫ਼ ਤਰਸ ਹੀ ਨਹੀਂ ਆਇਆ, ਸਗੋਂ ਉਹ ਉਨ੍ਹਾਂ ਲਈ ਕੁਝ ਕਰਦਾ ਵੀ ਸੀ। ਉਹ ਬੀਮਾਰਾਂ ਨੂੰ ਠੀਕ ਕਰਦਾ ਸੀ ਅਤੇ “ਥੱਕੇ ਅਤੇ ਭਾਰ ਹੇਠ ਦੱਬੇ ਹੋਏ” ਲੋਕਾਂ ਨੂੰ ਤਰੋ-ਤਾਜ਼ਾ ਕਰਦਾ ਸੀ।—ਮੱਤੀ 11:28-30; 14:14.
12. ਅਸੀਂ ਆਪਣੇ ਭੈਣਾਂ-ਭਰਾਵਾਂ ’ਤੇ ਦਇਆ ਕਿਵੇਂ ਕਰ ਸਕਦੇ ਹਾਂ?
12 ਸਾਨੂੰ ਆਪਣੇ ਭੈਣਾਂ-ਭਰਾਵਾਂ ’ਤੇ ਦਇਆ ਕਰਨੀ ਚਾਹੀਦੀ ਹੈ। ਪਰ ਅਸੀਂ ਇੱਦਾਂ ਤਾਂ ਹੀ ਕਰ ਸਕਾਂਗੇ ਜੇ ਅਸੀਂ ਉਨ੍ਹਾਂ ਦੇ ਹਾਲਾਤਾਂ ਨੂੰ ਸਮਝਾਂਗੇ। ਉਦਾਹਰਣ ਲਈ, ਸ਼ਾਇਦ ਕਿਸੇ ਭੈਣ ਦੀ ਸਿਹਤ ਬਹੁਤ ਖ਼ਰਾਬ
ਹੋਵੇ। ਪਰ ਉਹ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕਰਦੀ। ਫਿਰ ਵੀ ਕੀ ਅਸੀਂ ਉਸ ਦੀ ਮਦਦ ਕਰ ਸਕਦੇ ਹਾਂ? ਕੀ ਅਸੀਂ ਉਸ ਲਈ ਖਾਣਾ ਬਣਾ ਸਕਦੇ ਹਾਂ ਜਾਂ ਕੀ ਅਸੀਂ ਉਸ ਦੇ ਘਰ ਦੀ ਸਾਫ਼-ਸਫ਼ਾਈ ਕਰ ਸਕਦੇ ਹਾਂ? ਜਾਂ ਹੋ ਸਕਦਾ ਹੈ ਕਿ ਕਿਸੇ ਭਰਾ ਦੀ ਨੌਕਰੀ ਛੁੱਟ ਗਈ ਹੋਵੇ। ਕੀ ਅਸੀਂ ਉਸ ਨੂੰ ਆਪਣਾ ਨਾਂ ਦੱਸੇ ਬਿਨਾਂ ਥੋੜ੍ਹੇ ਜਿਹੇ ਪੈਸੇ ਤੋਹਫ਼ੇ ਵਜੋਂ ਦੇ ਸਕਦੇ ਹਾਂ? ਇਸ ਤਰ੍ਹਾਂ ਉਸ ਦਾ ਉਦੋਂ ਤਕ ਗੁਜ਼ਾਰਾ ਹੁੰਦਾ ਰਹੇਗਾ ਜਦੋਂ ਤਕ ਉਸ ਨੂੰ ਦੂਜੀ ਨੌਕਰੀ ਨਹੀਂ ਮਿਲਦੀ।13-14. ਅਸੀਂ ਯਹੋਵਾਹ ਵਾਂਗ ਖੁੱਲ੍ਹੇ ਦਿਲ ਵਾਲੇ ਕਿਵੇਂ ਬਣ ਸਕਦੇ ਹਾਂ?
13 ਯਹੋਵਾਹ ਖੁੱਲ੍ਹੇ ਦਿਲ ਵਾਲਾ ਪਰਮੇਸ਼ੁਰ ਹੈ। (ਮੱਤੀ 5:45) ਉਹ ਇਨਸਾਨਾਂ ਦੇ ਮੰਗਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕਈ ਚੰਗੀਆਂ ਚੀਜ਼ਾਂ ਦਿੰਦਾ ਹੈ। ਉਦਾਹਰਣ ਲਈ, ਸਾਨੂੰ ਸਾਰਿਆਂ ਨੂੰ ਸੂਰਜ ਦੀ ਲੋੜ ਹੈ। ਉਹ ਸਾਡੇ ਮੰਗੇ ਬਿਨਾਂ ਹਰ ਰੋਜ਼ ਸਾਡੇ ’ਤੇ ਸੂਰਜ ਚਾੜ੍ਹਦਾ ਹੈ। ਸੂਰਜ ਦੇ ਨਿੱਘ ਦਾ ਆਨੰਦ ਨਾ ਸਿਰਫ਼ ਉਹ ਲੋਕ ਮਾਣਦੇ ਹਨ ਜੋ ਸ਼ੁਕਰਗੁਜ਼ਾਰ ਹਨ, ਬਲਕਿ ਸਾਰੇ ਹੀ ਲੋਕ ਮਾਣਦੇ ਹਨ। ਇਸ ਤੋਂ ਅਸੀਂ ਯਹੋਵਾਹ ਦਾ ਪਿਆਰ ਅਤੇ ਖੁੱਲ੍ਹ-ਦਿਲੀ ਸਾਫ਼ ਦੇਖ ਸਕਦੇ ਹਾਂ। ਸਾਨੂੰ ਵੀ ਯਹੋਵਾਹ ਦੀ ਰੀਸ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਕੋਈ ਭੈਣ-ਭਰਾ ਸਾਡੇ ਤੋਂ ਮਦਦ ਮੰਗੇ, ਸਾਨੂੰ ਖ਼ੁਦ ਪਹਿਲ ਕਰ ਕੇ ਉਸ ਦੀ ਮਦਦ ਕਰਨੀ ਚਾਹੀਦੀ ਹੈ।
14 ਉਦਾਹਰਣ ਲਈ, 2013 ਵਿਚ ਫ਼ਿਲਪੀਨ ਦੇਸ਼ ਵਿਚ ਹਾਈਆਨ ਨਾਂ ਦੇ ਤੂਫ਼ਾਨ ਨੇ ਬਹੁਤ ਤਬਾਹੀ ਮਚਾਈ। ਇਸ ਤੂਫ਼ਾਨ ਕਰਕੇ ਬਹੁਤ ਸਾਰੇ ਭੈਣਾਂ-ਭਰਾਵਾਂ ਦੇ ਘਰ ਅਤੇ ਸਾਮਾਨ ਤਬਾਹ ਹੋ ਗਿਆ। ਪਰ ਦੁਨੀਆਂ ਭਰ ਵਿਚ ਰਹਿੰਦੇ ਭੈਣਾਂ-ਭਰਾਵਾਂ ਨੇ ਉਨ੍ਹਾਂ ਦੀ ਤੁਰੰਤ ਮਦਦ ਕੀਤੀ। ਕਈਆਂ ਨੇ ਪੈਸੇ ਦਾਨ ਕੀਤੇ ਜਾਂ ਉਸਾਰੀ ਦੇ ਕੰਮ ਵਿਚ ਹੱਥ ਵਟਾਇਆ। ਉਨ੍ਹਾਂ ਨੇ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਲਗਭਗ 750 ਘਰਾਂ ਦੀ ਮੁਰੰਮਤ ਅਤੇ ਉਸਾਰੀ ਕੀਤੀ। ਕੋਵਿਡ-19 ਮਹਾਂਮਾਰੀ ਦੌਰਾਨ ਗਵਾਹਾਂ ਨੇ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਸਖ਼ਤ ਮਿਹਨਤ ਕੀਤੀ। ਆਪਣੇ ਭੈਣਾਂ-ਭਰਾਵਾਂ ਦੀ ਤੁਰੰਤ ਮਦਦ ਕਰ ਕੇ ਅਸੀਂ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਾਂ।
15-16. ਲੂਕਾ 6:36 ਮੁਤਾਬਕ ਅਸੀਂ ਕਿਹੜੇ ਇਕ ਤਰੀਕੇ ਨਾਲ ਆਪਣੇ ਸਵਰਗੀ ਪਿਤਾ ਦੀ ਰੀਸ ਕਰ ਸਕਦੇ ਹਾਂ?
15 ਯਹੋਵਾਹ ਦਇਆਵਾਨ ਅਤੇ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ। (ਲੂਕਾ 6:36 ਪੜ੍ਹੋ।) ਹਰ ਰੋਜ਼ ਸਾਡਾ ਸਵਰਗੀ ਪਿਤਾ ਸਾਡੇ ’ਤੇ ਦਇਆ ਕਰਦਾ ਹੈ। (ਜ਼ਬੂ. 103:10-14) ਯਿਸੂ ਨੇ ਵੀ ਦਇਆ ਦਿਖਾਈ। ਭਾਵੇਂ ਉਸ ਦੇ ਚੇਲੇ ਗ਼ਲਤੀਆਂ ਕਰਦੇ ਸਨ, ਫਿਰ ਵੀ ਉਹ ਉਨ੍ਹਾਂ ਨੂੰ ਹਰ ਵਾਰ ਮਾਫ਼ ਕਰਦਾ ਸੀ। ਉਸ ਨੇ ਤਾਂ ਸਾਡੇ ਪਾਪਾਂ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ। (1 ਯੂਹੰ. 2:1, 2) ਯਹੋਵਾਹ ਅਤੇ ਯਿਸੂ ਜਿਸ ਤਰ੍ਹਾਂ ਸਾਡੇ ’ਤੇ ਦਇਆ ਕਰਦੇ ਹਨ ਉਸ ਨਾਲ ਉਨ੍ਹਾਂ ਲਈ ਸਾਡਾ ਪਿਆਰ ਗੂੜ੍ਹਾ ਹੁੰਦਾ ਹੈ।
16 ਜਦੋਂ ਅਸੀਂ ਇਕ-ਦੂਜੇ ਨੂੰ “ਦਿਲੋਂ ਮਾਫ਼” ਕਰਦੇ ਹਾਂ, ਤਾਂ ਸਾਡਾ ਆਪਸ ਵਿਚ ਪਿਆਰ ਗੂੜ੍ਹਾ ਹੁੰਦਾ ਹੈ। (ਅਫ਼. 4:32) ਇਹ ਸੱਚ ਹੈ ਕਿ ਕਦੇ-ਕਦੇ ਦੂਜਿਆਂ ਨੂੰ ਮਾਫ਼ ਕਰਨਾ ਬਹੁਤ ਔਖਾ ਲੱਗਦਾ ਹੈ, ਪਰ ਸਾਨੂੰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨ ਦੀ ਲੋੜ ਹੈ। ਇਕ ਭੈਣ ਨੇ ਪਹਿਰਾਬੁਰਜ ਦਾ ਲੇਖ “ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ” ਪੜ੍ਹਿਆ ਜਿਸ ਕਰਕੇ ਦੂਜਿਆਂ ਨੂੰ ਮਾਫ਼ ਕਰਨ ਵਿਚ ਉਸ ਦੀ ਮਦਦ ਹੋਈ। * ਉਸ ਨੇ ਲਿਖਿਆ: “ਇਸ ਲੇਖ ਨੂੰ ਪੜ੍ਹ ਕੇ ਮੈਂ ਸਮਝ ਗਈ ਕਿ ਦੂਜਿਆਂ ਨੂੰ ਮਾਫ਼ ਕਰਨ ਵਿਚ ਮੇਰੀ ਹੀ ਭਲਾਈ ਹੈ। ਇਸ ਲੇਖ ਵਿਚ ਸਮਝਾਇਆ ਸੀ ਕਿ ਦੂਜਿਆਂ ਨੂੰ ਮਾਫ਼ ਕਰ ਕੇ ਅਸੀਂ ਇਹ ਨਹੀਂ ਦਿਖਾਉਂਦੇ ਕਿ ਅਸੀਂ ਉਨ੍ਹਾਂ ਦੇ ਗ਼ਲਤ ਰਵੱਈਏ ਨੂੰ ਸਹੀ ਮੰਨਦੇ ਹਾਂ ਜਾਂ ਉਨ੍ਹਾਂ ਦੇ ਰਵੱਈਏ ਤੋਂ ਕਿਸੇ ਨੂੰ ਕੋਈ ਦੁੱਖ ਨਹੀਂ ਪਹੁੰਚਿਆ। ਮਾਫ਼ ਕਰਨ ਦਾ ਮਤਲਬ ਹੈ ਕਿ ਅਸੀਂ ਦੂਜਿਆਂ ਦੇ ਗ਼ਲਤ ਕੰਮਾਂ ਕਰਕੇ ਆਪਣੇ ਮਨ ਵਿਚ ਗੁੱਸਾ ਨਾ ਰੱਖੀਏ ਤੇ ਆਪਣੇ ਮਨ ਦੀ ਸ਼ਾਂਤੀ ਬਣਾਈ ਰੱਖੀਏ।” ਜਦੋਂ ਅਸੀਂ ਭੈਣਾਂ-ਭਰਾਵਾਂ ਨੂੰ ਦਿਲੋਂ ਮਾਫ਼ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਾਂ ਅਤੇ ਆਪਣੇ ਪਿਤਾ ਯਹੋਵਾਹ ਦੀ ਰੀਸ ਕਰਦੇ ਹਾਂ।
ਯਹੋਵਾਹ ਦੇ ਪਰਿਵਾਰ ਵਿਚ ਤੁਹਾਡੀ ਅਹਿਮੀਅਤ ਹੈ
17. ਮੱਤੀ 5:16 ਮੁਤਾਬਕ ਅਸੀਂ ਆਪਣੇ ਸਵਰਗੀ ਪਿਤਾ ਦੀ ਵਡਿਆਈ ਕਿਵੇਂ ਕਰ ਸਕਦੇ ਹਾਂ?
17 ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਇਕ ਅਜਿਹੇ ਪਰਿਵਾਰ ਦਾ ਹਿੱਸਾ ਹਾਂ ਜਿਸ ਦੇ ਮੈਂਬਰ ਪੂਰੀ ਦੁਨੀਆਂ ਵਿਚ ਰਹਿੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਪਰਿਵਾਰ ਦਾ ਹਿੱਸਾ ਬਣਨ। ਇਸ ਲਈ ਅਸੀਂ ਧਿਆਨ ਵਿਚ ਰੱਖਦੇ ਹਾਂ ਕਿ ਅਸੀਂ ਅਜਿਹਾ ਕੋਈ ਕੰਮ ਨਾ ਕਰੀਏ ਜਿਸ ਨਾਲ ਯਹੋਵਾਹ ਦੇ ਲੋਕਾਂ ਦਾ ਜਾਂ ਸਾਡੇ ਸਵਰਗੀ ਪਿਤਾ ਦਾ ਨਾਂ ਬਦਨਾਮ ਹੋਵੇ। ਅਸੀਂ ਅਜਿਹੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਲੋਕ ਯਹੋਵਾਹ ਵੱਲ ਖਿੱਚੇ ਆਉਣ।—ਮੱਤੀ 5:16 ਪੜ੍ਹੋ।
18. ਕਿਹੜੀ ਗੱਲ ਦਲੇਰੀ ਨਾਲ ਪ੍ਰਚਾਰ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ?
18 ਕਦੇ-ਕਦੇ ਸ਼ਾਇਦ ਕੁਝ ਲੋਕ ਸਾਡੀ ਨੁਕਤਾਚੀਨੀ ਕਰਨ ਜਾਂ ਸਾਨੂੰ ਸਤਾਉਣ ਕਿਉਂਕਿ ਅਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਦਾ ਕਹਿਣਾ ਮੰਨਦੇ ਹਾਂ। ਉਦੋਂ ਕੀ ਜਦੋਂ ਸਾਨੂੰ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਤੋਂ ਡਰ ਲੱਗਦਾ ਹੈ? ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਅਤੇ ਉਸ ਦਾ ਪੁੱਤਰ ਸਾਡੀ ਮਦਦ ਜ਼ਰੂਰ ਕਰਨਗੇ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਹ ਚਿੰਤਾ ਨਾ ਕਰਨ ਕਿ ਉਨ੍ਹਾਂ ਮੱਤੀ 10:19, 20.
ਨੇ ਕਿਵੇਂ ਗੱਲ ਕਰਨੀ ਹੈ ਜਾਂ ਕੀ ਕਹਿਣਾ ਹੈ। ਕਿਉਂ? ਯਿਸੂ ਨੇ ਦੱਸਿਆ: “ਤੁਸੀਂ ਜੋ ਕਹਿਣਾ ਹੈ ਉਹ ਤੁਹਾਨੂੰ ਉਸੇ ਵੇਲੇ ਦੱਸਿਆ ਜਾਵੇਗਾ। ਕਿਉਂਕਿ ਬੋਲਣ ਵਾਲੇ ਸਿਰਫ਼ ਤੁਸੀਂ ਨਹੀਂ, ਸਗੋਂ ਤੁਹਾਡੇ ਸਵਰਗੀ ਪਿਤਾ ਦੀ ਸ਼ਕਤੀ ਤੁਹਾਡੇ ਰਾਹੀਂ ਬੋਲੇਗੀ।”—19. ਇਕ ਭਰਾ ਦੀ ਮਿਸਾਲ ਦਿਓ ਜਿਸ ਨੇ ਦਲੇਰੀ ਨਾਲ ਗਵਾਹੀ ਦਿੱਤੀ।
19 ਦੱਖਣੀ ਅਫ਼ਰੀਕਾ ਵਿਚ ਰਹਿਣ ਵਾਲੇ ਰੌਬਰਟ ਦੀ ਮਿਸਾਲ ’ਤੇ ਗੌਰ ਕਰੋ। ਉਸ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਹੀ ਕੀਤੀ ਸੀ ਕਿ ਉਸ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਕਿਹਾ ਗਿਆ। ਪਰ ਉਸ ਨੇ ਭਰਤੀ ਹੋਣ ਤੋਂ ਮਨ੍ਹਾਂ ਕਰ ਦਿੱਤਾ ਜਿਸ ਕਰਕੇ ਉਸ ਨੂੰ ਅਦਾਲਤ ਵਿਚ ਜਾਣਾ ਪਿਆ। ਉਸ ਨੇ ਜੱਜ ਨੂੰ ਦਲੇਰੀ ਨਾਲ ਕਿਹਾ ਕਿ ਉਹ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦਾ ਹੈ, ਇਸ ਲਈ ਉਹ ਨਿਰਪੱਖ ਰਹਿਣਾ ਚਾਹੁੰਦਾ ਹੈ। ਜੱਜ ਨੇ ਅਚਾਨਕ ਉਸ ਨੂੰ ਪੁੱਛਿਆ, “ਕੌਣ ਹਨ ਤੇਰੇ ਭਰਾ?” ਰੌਬਰਟ ਨੇ ਸੋਚਿਆ ਵੀ ਨਹੀਂ ਸੀ ਕਿ ਜੱਜ ਇਹ ਸਵਾਲ ਪੁੱਛੇਗਾ। ਪਰ ਉਸ ਨੂੰ ਉਸੇ ਵੇਲੇ ਉਸ ਦਿਨ ਦਾ ਹਵਾਲਾ ਯਾਦ ਆਇਆ। ਇਹ ਸੀ ਮੱਤੀ 12:50: “ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹੈ ਮੇਰਾ ਭਰਾ ਤੇ ਮੇਰੀ ਭੈਣ ਤੇ ਮੇਰੀ ਮਾਤਾ।” ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਸ ਨੇ ਜੱਜ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਯਹੋਵਾਹ ਨੂੰ ਰੌਬਰਟ ’ਤੇ ਕਿੰਨਾ ਮਾਣ ਹੋਇਆ ਹੋਣਾ! ਨਾਲੇ ਯਹੋਵਾਹ ਨੂੰ ਸਾਡੇ ’ਤੇ ਵੀ ਮਾਣ ਹੁੰਦਾ ਹੈ ਜਦੋਂ ਅਸੀਂ ਉਸ ’ਤੇ ਭਰੋਸਾ ਰੱਖ ਕੇ ਔਖੇ ਹਾਲਾਤਾਂ ਵਿਚ ਦਲੇਰੀ ਨਾਲ ਗਵਾਹੀ ਦਿੰਦੇ ਹਾਂ।
20. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ? (ਯੂਹੰਨਾ 17:11, 15)
20 ਸਾਡੇ ਲਈ ਇਹ ਕਿੰਨੀ ਵੱਡੀ ਬਰਕਤ ਹੈ ਕਿ ਅਸੀਂ ਇਸ ਪਿਆਰ ਕਰਨ ਵਾਲੇ ਪਰਿਵਾਰ ਦਾ ਹਿੱਸਾ ਹਾਂ! ਯਹੋਵਾਹ ਸਾਡਾ ਸਭ ਤੋਂ ਵਧੀਆ ਪਿਤਾ ਹੈ ਅਤੇ ਸਾਡੇ ਭੈਣ-ਭਰਾ ਸਾਨੂੰ ਪਿਆਰ ਕਰਦੇ ਹਨ। ਸਾਨੂੰ ਆਪਣੇ ਇਸ ਪਰਿਵਾਰ ਦੀ ਕਦਰ ਕਰਨੀ ਚਾਹੀਦੀ ਹੈ। ਸ਼ੈਤਾਨ ਅਤੇ ਉਸ ਦਾ ਸਾਥ ਦੇਣ ਵਾਲੇ ਸਾਡੇ ਮਨ ਵਿਚ ਸ਼ੱਕ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਸਾਡਾ ਸਵਰਗੀ ਪਿਤਾ ਸਾਨੂੰ ਪਿਆਰ ਨਹੀਂ ਕਰਦਾ। ਉਹ ਸਾਡੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ। ਪਰ ਯਿਸੂ ਨੇ ਸਾਡੇ ਲਈ ਸਾਡੇ ਪਿਤਾ ਨੂੰ ਪ੍ਰਾਰਥਨਾ ਕੀਤੀ ਹੈ ਕਿ ਉਹ ਸਾਡੀ ਰਾਖੀ ਕਰੇ ਤਾਂਕਿ ਸਾਡੇ ਪਰਿਵਾਰ ਵਿਚ ਏਕਤਾ ਬਣੀ ਰਹੇ। (ਯੂਹੰਨਾ 17:11, 15 ਪੜ੍ਹੋ।) ਯਹੋਵਾਹ ਇਸ ਪ੍ਰਾਰਥਨਾ ਦਾ ਜਵਾਬ ਦੇ ਰਿਹਾ ਹੈ। ਸਾਨੂੰ ਯਿਸੂ ਦੀ ਰੀਸ ਕਰਦਿਆਂ ਕਦੇ ਵੀ ਆਪਣੇ ਸਵਰਗੀ ਪਿਤਾ ਦੇ ਪਿਆਰ ’ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਆਪਣੇ ਇਸ ਪਰਿਵਾਰ ਨਾਲ ਪਿਆਰ ਗੂੜ੍ਹਾ ਕਰਦੇ ਰਹਾਂਗੇ।
ਗੀਤ 99 ਲੱਖਾਂ-ਲੱਖ ਭੈਣ-ਭਰਾ
^ ਪੈਰਾ 5 ਸਾਡੇ ਲਈ ਇਹ ਕਿੰਨੇ ਮਾਣ ਦੀ ਗੱਲ ਹੈ ਕਿ ਅਸੀਂ ਉਸ ਪਰਿਵਾਰ ਦਾ ਹਿੱਸਾ ਹਾਂ ਜਿਸ ਵਿਚ ਸਾਰੇ ਭੈਣ-ਭਰਾ ਇਕ-ਦੂਜੇ ਨੂੰ ਪਿਆਰ ਕਰਦੇ ਹਨ! ਅਸੀਂ ਸਾਰੇ ਪਿਆਰ ਦੇ ਇਸ ਬੰਧਨ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਯਹੋਵਾਹ ਵਰਗਾ ਪਿਆਰ ਦਿਖਾ ਕੇ ਅਤੇ ਯਿਸੂ ਤੇ ਭੈਣਾਂ-ਭਰਾਵਾਂ ਦੀ ਰੀਸ ਕਰ ਕੇ।
^ ਪੈਰਾ 57 ਤਸਵੀਰਾਂ ਬਾਰੇ ਜਾਣਕਾਰੀ: ਯਹੋਵਾਹ ਨੇ ਗਥਸਮਨੀ ਦੇ ਬਾਗ਼ ਵਿਚ ਯਿਸੂ ਨੂੰ ਹੌਸਲਾ ਦੇਣ ਲਈ ਇਕ ਦੂਤ ਭੇਜਿਆ।
^ ਪੈਰਾ 59 ਤਸਵੀਰਾਂ ਬਾਰੇ ਜਾਣਕਾਰੀ: ਕੋਵਿਡ-19 ਮਹਾਂਮਾਰੀ ਦੌਰਾਨ ਕਈ ਭੈਣਾਂ-ਭਰਾਵਾਂ ਨੇ ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰਨ ਅਤੇ ਇਨ੍ਹਾਂ ਨੂੰ ਵੰਡਣ ਲਈ ਸਖ਼ਤ ਮਿਹਨਤ ਕੀਤੀ।
^ ਪੈਰਾ 61 ਤਸਵੀਰਾਂ ਬਾਰੇ ਜਾਣਕਾਰੀ: ਇਕ ਮਾਂ ਆਪਣੀ ਕੁੜੀ ਦੀ ਮਦਦ ਕਰਦੀ ਹੋਈ ਜੋ ਜੇਲ੍ਹ ਵਿਚ ਕੈਦ ਭਰਾ ਨੂੰ ਹੌਸਲਾ ਦੇਣ ਲਈ ਚਿੱਠੀ ਲਿਖਦੀ ਹੈ।