ਸ਼ਬਦਾਂ ਦੀ ਸਮਝ
ਰਿਹਾਈ ਦੀ ਕੀਮਤ ਦੇਣ ਤੋਂ ਪਹਿਲਾਂ ਪਾਪ ਮਾਫ਼ ਕੀਤੇ ਗਏ
ਯਿਸੂ ਨੇ ਆਪਣਾ ਲਹੂ ਵਹਾ ਕੇ ਜੋ ਰਿਹਾਈ ਦੀ ਕੀਮਤ ਦਿੱਤੀ ਹੈ, ਸਿਰਫ਼ ਉਸੇ ਦੇ ਆਧਾਰ ʼਤੇ ਸਾਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲ ਸਕਦੀ ਹੈ। (ਅਫ਼. 1:7) ਪਰ ਬਾਈਬਲ ਵਿਚ ਲਿਖਿਆ ਹੈ: “[ਪਰਮੇਸ਼ੁਰ] ਨੇ ਧੀਰਜ ਰੱਖਦੇ ਹੋਏ ਬੀਤੇ ਸਮੇਂ ਵਿਚ ਲੋਕਾਂ ਦੇ ਪਾਪ ਮਾਫ਼ ਕੀਤੇ ਸਨ” ਯਾਨੀ ਯਿਸੂ ਵੱਲੋਂ ਰਿਹਾਈ ਦੀ ਕੀਮਤ ਦੇਣ ਤੋਂ ਪਹਿਲਾਂ। (ਰੋਮੀ. 3:25) ਪਰ ਸਵਾਲ ਖੜ੍ਹਾ ਹੁੰਦਾ ਹੈ ਕਿ ਯਹੋਵਾਹ ਇਹ ਕਿਵੇਂ ਕਰ ਸਕਦਾ ਸੀ? ਕੀ ਅਜਿਹਾ ਕਰਨਾ ਉਸ ਦੇ ਨਿਆਂ ਦੇ ਅਸੂਲਾਂ ਮੁਤਾਬਕ ਸਹੀ ਸੀ?
ਜਿੱਦਾਂ ਹੀ ਯਹੋਵਾਹ ਨੇ ਇਹ ਭਵਿੱਖਬਾਣੀ ਕੀਤੀ ਕਿ ਇਕ “ਸੰਤਾਨ” ਆਵੇਗੀ ਜੋ ਇਨਸਾਨਾਂ ਨੂੰ ਪਾਪ ਤੇ ਮੌਤ ਤੋਂ ਬਚਾਵੇਗੀ, ਤਾਂ ਉਸ ਦੀ ਨਜ਼ਰ ਵਿਚ ਇਹ ਇੱਦਾਂ ਸੀ ਜਿੱਦਾਂ ਰਿਹਾਈ ਦੀ ਕੀਮਤ ਦਿੱਤੀ ਜਾ ਚੁੱਕੀ ਹੈ। (ਉਤ 3:15; 22:18) ਯਹੋਵਾਹ ਨੂੰ ਪੂਰਾ ਯਕੀਨ ਸੀ ਕਿ ਸਮਾਂ ਆਉਣ ʼਤੇ ਉਸ ਦਾ ਇਕਲੌਤਾ ਪੁੱਤਰ ਖ਼ੁਸ਼ੀ-ਖ਼ੁਸ਼ੀ ਖ਼ੁਦ ਨੂੰ ਕੁਰਬਾਨ ਕਰ ਦੇਵੇਗਾ। (ਗਲਾ. 4:4; ਇਬ. 10:7-10) ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਯਹੋਵਾਹ ਨੇ ਉਸ ਨੂੰ ਲੋਕਾਂ ਦੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਸੀ ਜਦ ਕਿ ਉਸ ਵੇਲੇ ਅਜੇ ਰਿਹਾਈ ਦੀ ਕੀਮਤ ਨਹੀਂ ਦਿੱਤੀ ਗਈ ਸੀ। ਯਿਸੂ ਕਿਸ ਆਧਾਰ ʼਤੇ ਪਾਪਾਂ ਨੂੰ ਮਾਫ਼ ਕਰ ਸਕਿਆ? ਉਹ ਜਾਣਦਾ ਸੀ ਕਿ ਆਉਣ ਵਾਲੇ ਸਮੇਂ ਵਿਚ ਜੋ ਵੀ ਉਸ ਦੀ ਰਿਹਾਈ ਦੀ ਕੀਮਤ ʼਤੇ ਨਿਹਚਾ ਕਰੇਗਾ, ਉਸ ਦੇ ਪਾਪ ਮਾਫ਼ ਕੀਤੇ ਜਾਣਗੇ। ਇਸ ਲਈ ਉਸ ਨੇ ਉਨ੍ਹਾਂ ਲੋਕਾਂ ਦੇ ਪਾਪ ਮਾਫ਼ ਕਰ ਦਿੱਤੇ ਜਿਨ੍ਹਾਂ ਨੇ ਉਸ ʼਤੇ ਨਿਹਚਾ ਕੀਤੀ ਸੀ।—ਮੱਤੀ 9:2-6.