ਅਧਿਐਨ ਲੇਖ 13
ਸ੍ਰਿਸ਼ਟੀ ਤੋਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਓ
“ਕਿਹਨੇ ਇਨ੍ਹਾਂ ਨੂੰ ਸਾਜਿਆ?”—ਯਸਾ. 40:26.
ਗੀਤ 11 ਸ੍ਰਿਸ਼ਟੀ ਵਧਾਉਂਦੀ ਰੱਬ ਦੀ ਸ਼ਾਨ
ਖ਼ਾਸ ਗੱਲਾਂ a
1. ਮਾਪਿਆਂ ਦੀ ਕੀ ਇੱਛਾ ਹੁੰਦੀ ਹੈ?
ਮਾਪਿਓ, ਅਸੀਂ ਜਾਣਦੇ ਹਾਂ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਯਹੋਵਾਹ ਬਾਰੇ ਜਾਣਨ ਅਤੇ ਉਸ ਨੂੰ ਪਿਆਰ ਕਰਨ। ਪਰ ਪਰਮੇਸ਼ੁਰ ਨੂੰ ਤਾਂ ਦੇਖਿਆ ਨਹੀਂ ਜਾ ਸਕਦਾ, ਤਾਂ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਸਿਖਾ ਸਕਦੇ ਹੋ ਕਿ ਯਹੋਵਾਹ ਇਕ ਅਸਲੀ ਸ਼ਖ਼ਸ ਹੈ ਅਤੇ ਉਹ ਉਸ ਦੇ ਨੇੜੇ ਜਾ ਸਕਦੇ ਹਨ?—ਯਾਕੂ. 4:8.
2. ਮਾਪੇ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਗੁਣਾਂ ਬਾਰੇ ਕਿਵੇਂ ਸਿਖਾ ਸਕਦੇ ਹਨ?
2 ਯਹੋਵਾਹ ਦੇ ਨੇੜੇ ਜਾਣ ਵਿਚ ਆਪਣੇ ਬੱਚਿਆਂ ਦੀ ਮਦਦ ਕਰਨ ਦਾ ਇਕ ਅਹਿਮ ਤਰੀਕਾ ਹੈ, ਉਨ੍ਹਾਂ ਨੂੰ ਬਾਈਬਲ ਤੋਂ ਸਿਖਾਉਣਾ। (2 ਤਿਮੋ. 3:14-17) ਪਰ ਬਾਈਬਲ ਵਿਚ ਇਕ ਹੋਰ ਤਰੀਕਾ ਦੱਸਿਆ ਗਿਆ ਹੈ ਜਿਸ ਨਾਲ ਤੁਹਾਡੇ ਬੱਚੇ ਯਹੋਵਾਹ ਨੂੰ ਜਾਣ ਸਕਦੇ ਹਨ ਅਤੇ ਉਸ ਦੇ ਨੇੜੇ ਆ ਸਕਦੇ ਹਨ। ਕਹਾਉਤਾਂ ਦੀ ਕਿਤਾਬ ਵਿਚ ਇਕ ਪਿਤਾ ਦੀ ਗੱਲ ਕੀਤੀ ਗਈ ਹੈ ਜੋ ਆਪਣੇ ਪੁੱਤਰ ਨੂੰ ਯਹੋਵਾਹ ਦੇ ਉਨ੍ਹਾਂ ਗੁਣਾਂ ਬਾਰੇ ਦੱਸ ਰਿਹਾ ਹੈ ਜੋ ਸ੍ਰਿਸ਼ਟੀ ਤੋਂ ਸਾਫ਼ ਦਿਖਾਈ ਦਿੰਦੇ ਹਨ ਅਤੇ ਉਹ ਉਸ ਨੂੰ ਕਹਿੰਦਾ ਹੈ ਕਿ “ਉਨ੍ਹਾਂ ਨੂੰ ਅੱਖੋਂ ਓਹਲੇ ਨਾ ਹੋਣ ਦੇਈਂ।” (ਕਹਾ. 3:19-21) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਤੋਂ ਅਸੀਂ ਜਾਣ ਸਕਦੇ ਹਾਂ ਕਿ ਉਸ ਵਿਚ ਕਿਹੜੇ-ਕਿਹੜੇ ਗੁਣ ਹਨ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਮਾਪੇ ਸ੍ਰਿਸ਼ਟੀ ਤੋਂ ਆਪਣੇ ਬੱਚਿਆਂ ਨੂੰ ਕਿਵੇਂ ਸਿਖਾ ਸਕਦੇ ਹਨ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ।
ਸ੍ਰਿਸ਼ਟੀ ਤੋਂ ਬੱਚਿਆਂ ਨੂੰ ਕਿਵੇਂ ਸਿਖਾਈਏ?
3. ਮਾਪੇ ਆਪਣੇ ਬੱਚਿਆਂ ਦੀ ਕੀ ਸਮਝਣ ਵਿਚ ਮਦਦ ਕਰ ਸਕਦੇ ਹਨ?
3 ਬਾਈਬਲ ਕਹਿੰਦੀ ਹੈ ਕਿ “ਦੁਨੀਆਂ ਨੂੰ ਸਿਰਜਣ ਦੇ ਸਮੇਂ ਤੋਂ ਹੀ [ਪਰਮੇਸ਼ੁਰ] ਦੇ ਗੁਣ ਸਾਫ਼-ਸਾਫ਼ ਦਿਖਾਈ ਦੇ ਰਹੇ ਹਨ। ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਇਹ ਗੁਣ ਦੇਖੇ ਜਾ ਸਕਦੇ ਹਨ।” (ਰੋਮੀ. 1:20) ਮਾਪਿਓ, ਤੁਹਾਨੂੰ ਆਪਣੇ ਬੱਚਿਆਂ ਨਾਲ ਕਿਤੇ ਬਾਹਰ ਜਾ ਕੇ ਸਮਾਂ ਬਿਤਾਉਣਾ ਬਹੁਤ ਪਸੰਦ ਹੋਣਾ। ਕਿਉਂ ਨਾ ਉਸ ਸਮੇਂ ਆਪਣੇ ਬੱਚਿਆਂ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਯਹੋਵਾਹ ਦੀਆਂ “ਬਣਾਈਆਂ ਚੀਜ਼ਾਂ” ਤੋਂ ਉਸ ਦੇ ਕਿਹੜੇ ਸ਼ਾਨਦਾਰ ਗੁਣਾਂ ਬਾਰੇ ਪਤਾ ਲੱਗਦਾ ਹੈ। ਆਓ ਦੇਖੀਏ ਕਿ ਤੁਸੀਂ ਇਸ ਬਾਰੇ ਯਿਸੂ ਤੋਂ ਕੀ ਸਿੱਖ ਸਕਦੇ ਹੋ।
4. ਯਿਸੂ ਨੇ ਆਪਣੇ ਚੇਲਿਆਂ ਨੂੰ ਸ੍ਰਿਸ਼ਟੀ ਤੋਂ ਕਿਵੇਂ ਸਿਖਾਇਆ? (ਲੂਕਾ 12:24, 27-30)
4 ਜ਼ਰਾ ਧਿਆਨ ਦਿਓ ਕਿ ਯਿਸੂ ਨੇ ਸ੍ਰਿਸ਼ਟੀ ਤੋਂ ਆਪਣੇ ਚੇਲਿਆਂ ਨੂੰ ਕਿਵੇਂ ਸਿਖਾਇਆ। ਇਕ ਮੌਕੇ ʼਤੇ ਉਸ ਨੇ ਆਪਣੇ ਚੇਲਿਆਂ ਨੂੰ ਕਾਵਾਂ ਅਤੇ ਜੰਗਲੀ ਫੁੱਲਾਂ ʼਤੇ ਧਿਆਨ ਦੇਣ ਲਈ ਕਿਹਾ। (ਲੂਕਾ 12:24, 27-30 ਪੜ੍ਹੋ।) ਯਿਸੂ ਚਾਹੁੰਦਾ ਤਾਂ ਕਿਸੇ ਵੀ ਜਾਨਵਰ ਜਾਂ ਪੌਦੇ ਦੀ ਗੱਲ ਕਰ ਸਕਦਾ ਸੀ, ਪਰ ਉਸ ਨੇ ਉਸ ਪੰਛੀ ਅਤੇ ਉਨ੍ਹਾਂ ਫੁੱਲਾਂ ਬਾਰੇ ਗੱਲ ਕੀਤੀ ਜਿਸ ਬਾਰੇ ਉਸ ਦੇ ਚੇਲੇ ਚੰਗੀ ਤਰ੍ਹਾਂ ਜਾਣਦੇ ਸਨ। ਸ਼ਾਇਦ ਚੇਲਿਆਂ ਨੇ ਆਕਾਸ਼ ਵਿਚ ਕਾਵਾਂ ਨੂੰ ਉੱਡਦੇ ਦੇਖਿਆ ਹੋਣਾ ਅਤੇ ਮੈਦਾਨ ਵਿਚ ਫੁੱਲਾਂ ਨੂੰ ਖਿੜਦੇ ਦੇਖਿਆ ਹੋਣਾ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਨ੍ਹਾਂ ਬਾਰੇ ਗੱਲ ਕਰਦਿਆਂ ਯਿਸੂ ਨੇ ਆਪਣਾ ਹੱਥ ਵਧਾ ਕੇ ਕਿਵੇਂ ਇਨ੍ਹਾਂ ਵੱਲ ਇਸ਼ਾਰਾ ਕੀਤਾ ਹੋਣਾ? ਇਹ ਮਿਸਾਲਾਂ ਦੇਣ ਤੋਂ ਬਾਅਦ ਯਿਸੂ ਨੇ ਕੀ ਕੀਤਾ? ਉਸ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਜਿਸ ਤਰ੍ਹਾਂ ਉਸ ਦਾ ਸਵਰਗੀ ਪਿਤਾ ਕਾਵਾਂ ਨੂੰ ਖਾਣਾ ਦਿੰਦਾ ਹੈ ਅਤੇ ਜੰਗਲੀ ਫੁੱਲਾਂ ਨੂੰ ਇੰਨੇ ਸ਼ਾਨਦਾਰ ਕੱਪੜੇ ਪਹਿਨਾਉਂਦਾ ਹੈ, ਉਸੇ ਤਰ੍ਹਾਂ ਉਹ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਲੋੜਾਂ ਵੀ ਪੂਰੀਆਂ ਕਰੇਗਾ। ਇਸ ਤਰ੍ਹਾਂ ਉਸ ਨੇ ਉਨ੍ਹਾਂ ਨੂੰ ਇਕ ਅਹਿਮ ਗੱਲ ਸਿਖਾਈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਖੁੱਲ੍ਹੇ-ਦਿਲ ਨਾਲ ਦਿੰਦਾ ਹੈ ਅਤੇ ਉਨ੍ਹਾਂ ਦੀ ਬਹੁਤ ਪਰਵਾਹ ਕਰਦਾ ਹੈ।
5. ਮਾਪੇ ਆਪਣੇ ਬੱਚਿਆਂ ਨੂੰ ਸ੍ਰਿਸ਼ਟੀ ਤੋਂ ਯਹੋਵਾਹ ਬਾਰੇ ਕਿਵੇਂ ਸਿਖਾ ਸਕਦੇ ਹਨ?
5 ਮਾਪਿਓ, ਤੁਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਵੇਲੇ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹੋ? ਤੁਸੀਂ ਸ੍ਰਿਸ਼ਟੀ ਵਿੱਚੋਂ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰ ਸਕਦੇ ਹੋ ਜਿਹੜੀਆਂ ਤੁਹਾਨੂੰ ਬਹੁਤ ਵਧੀਆ ਲੱਗਦੀਆਂ ਹਨ, ਜਿਵੇਂ ਕਿ ਤੁਹਾਡਾ ਕੋਈ ਮਨਪਸੰਦ ਜਾਨਵਰ ਜਾਂ ਪੌਦਾ। ਫਿਰ ਦੱਸੋ ਕਿ ਉਸ ਤੋਂ ਤੁਹਾਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ। ਇਸ ਤੋਂ ਬਾਅਦ ਤੁਸੀਂ ਆਪਣੇ ਬੱਚੇ ਨੂੰ ਪੁੱਛ ਸਕਦੇ ਹੋ ਕਿ ਉਸ ਦਾ ਮਨਪਸੰਦ ਜਾਨਵਰ ਜਾਂ ਪੌਦਾ ਕਿਹੜਾ ਹੈ। ਫਿਰ ਜਦੋਂ ਤੁਸੀਂ ਉਸ ਨੂੰ ਦੱਸੋਗੇ ਕਿ ਉਸ ਜਾਨਵਰ ਜਾਂ ਪੌਦੇ ਤੋਂ ਯਹੋਵਾਹ ਦੇ ਕਿਹੜੇ ਗੁਣਾਂ ਬਾਰੇ ਪਤਾ ਲੱਗਦਾ ਹੈ, ਤਾਂ ਸ਼ਾਇਦ ਉਹ ਤੁਹਾਡੀ ਗੱਲ ਹੋਰ ਵੀ ਧਿਆਨ ਨਾਲ ਸੁਣੇ।
6. ਅਸੀਂ ਭਰਾ ਕ੍ਰਿਸਟਫਰ ਦੀ ਮੰਮੀ ਤੋਂ ਕੀ ਸਿੱਖ ਸਕਦੇ ਹਾਂ?
6 ਮਾਪਿਓ, ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਦੱਸਣਾ ਚਾਹੁੰਦੇ ਹੋ ਕਿ ਕਿਸੇ ਜਾਨਵਰ ਜਾਂ ਪੌਦੇ ਤੋਂ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ, ਤਾਂ ਕੀ ਤੁਹਾਨੂੰ ਉਸ ਬਾਰੇ ਘੰਟਿਆਂ-ਬੱਧੀ ਖੋਜ ਕਰਨੀ ਪੈਣੀ? ਜ਼ਰੂਰੀ ਨਹੀਂ। ਯਿਸੂ ਨੇ ਆਪਣੇ ਚੇਲਿਆਂ ਨੂੰ ਲੰਬਾ-ਚੌੜਾ ਭਾਸ਼ਣ ਨਹੀਂ ਦਿੱਤਾ ਕਿ ਕਾਂ ਕੀ ਖਾਂਦੇ ਹਨ, ਕਿੱਦਾਂ ਖਾਂਦੇ ਹਨ ਜਾਂ ਫੁੱਲ ਕਿਵੇਂ ਵਧਦੇ ਹਨ। ਹੋ ਸਕਦਾ ਹੈ ਕਿ ਤੁਹਾਡੇ ਬੱਚੇ ਨੂੰ ਕਦੇ-ਕਦੇ ਕੁਦਰਤੀ ਚੀਜ਼ਾਂ ਬਾਰੇ ਗਹਿਰਾਈ ਨਾਲ ਸਿੱਖਣਾ ਵਧੀਆ ਲੱਗੇ, ਪਰ ਜ਼ਰੂਰੀ ਨਹੀਂ ਕਿ ਤੁਸੀਂ ਹਰ ਵਾਰ ਉਸ ਨੂੰ ਬਹੁਤ ਸਾਰੀਆਂ ਗੱਲਾਂ ਦੱਸੋ। ਕਈ ਵਾਰ ਕਿਸੇ ਜਾਨਵਰ ਜਾਂ ਪੌਦੇ ਬਾਰੇ ਇਕ ਛੋਟੀ ਜਿਹੀ ਗੱਲ ਦੱਸਣੀ ਜਾਂ ਇਕ ਛੋਟਾ ਜਿਹਾ ਸਵਾਲ ਪੁੱਛਣਾ ਹੀ ਕਾਫ਼ੀ ਹੁੰਦਾ ਹੈ। ਜ਼ਰਾ ਭਰਾ ਕ੍ਰਿਸਟਫਰ ਦੇ ਤਜਰਬੇ ʼਤੇ ਗੌਰ ਕਰੋ। ਉਹ ਆਪਣੇ ਬਚਪਨ ਨੂੰ ਯਾਦ ਕਰਦਿਆਂ ਕਹਿੰਦਾ ਹੈ: “ਸਾਡੀ ਮੰਮੀ ਸਾਨੂੰ ਆਲੇ-ਦੁਆਲੇ ਦੀਆਂ ਕੁਦਰਤੀ ਚੀਜ਼ਾਂ ਬਾਰੇ ਕੋਈ ਛੋਟੀ ਜਿਹੀ ਗੱਲ ਦੱਸਦੀ ਸੀ ਤਾਂਕਿ ਅਸੀਂ ਸ੍ਰਿਸ਼ਟੀ ਦੀ ਕਦਰ ਕਰੀਏ। ਉਦਾਹਰਣ ਲਈ, ਜਦੋਂ ਅਸੀਂ ਪਹਾੜਾਂ ਵੱਲ ਜਾਂਦੇ ਸੀ, ਤਾਂ ਉਹ ਕਹਿੰਦੀ ਸੀ: ‘ਦੇਖੋ ਇਹ ਪਹਾੜ ਕਿੰਨੇ ਵੱਡੇ ਅਤੇ ਕਿੰਨੇ ਸੋਹਣੇ ਹਨ! ਯਹੋਵਾਹ ਕਿੰਨਾ ਮਹਾਨ ਹੈ, ਹੈਨਾ?’ ਜਾਂ ਜਦੋਂ ਅਸੀਂ ਸਮੁੰਦਰ ਕਿਨਾਰੇ ਜਾਂਦੇ ਸੀ, ਤਾਂ ਉਹ ਕਹਿੰਦੀ ਸੀ: ‘ਜ਼ਰਾ ਦੇਖੋ ਇਹ ਲਹਿਰਾਂ ਕਿੰਨੀਆਂ ਤਾਕਤਵਰ ਹਨ! ਪਰਮੇਸ਼ੁਰ ਕਿੰਨਾ ਤਾਕਤਵਰ ਹੋਣਾ, ਹੈਨਾ?’” ਭਰਾ ਅੱਗੇ ਕਹਿੰਦਾ ਹੈ: “ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਅਸੀਂ ਹੋਰ ਸੋਚਣ ਲੱਗ ਪੈਂਦੇ ਸੀ ਅਤੇ ਇਨ੍ਹਾਂ ਦਾ ਸਾਡੇ ʼਤੇ ਗਹਿਰਾ ਅਸਰ ਪੈਂਦਾ ਸੀ।”
7. ਤੁਸੀਂ ਆਪਣੇ ਬੱਚਿਆਂ ਨੂੰ ਸ੍ਰਿਸ਼ਟੀ ਵੱਲ ਧਿਆਨ ਦੇਣਾ ਕਿਵੇਂ ਸਿਖਾ ਸਕਦੇ ਹੋ?
7 ਜਿੱਦਾਂ-ਜਿੱਦਾਂ ਤੁਹਾਡੇ ਬੱਚੇ ਵੱਡੇ ਹੁੰਦੇ ਹਨ, ਉਨ੍ਹਾਂ ਨੂੰ ਸਿਖਾਓ ਕਿ ਉਹ ਸ੍ਰਿਸ਼ਟੀ ਵੱਲ ਧਿਆਨ ਦੇਣ ਅਤੇ ਸੋਚਣ ਕਿ ਇਸ ਤੋਂ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ। ਤੁਸੀਂ ਯਹੋਵਾਹ ਦੀ ਬਣਾਈ ਕਿਸੇ ਇਕ ਚੀਜ਼ ਬਾਰੇ ਉਨ੍ਹਾਂ ਨਾਲ ਗੱਲ ਕਰ ਸਕਦੇ ਹੋ ਅਤੇ ਫਿਰ ਪੁੱਛ ਸਕਦੇ ਹੋ, “ਇਸ ਤੋਂ ਤੁਹਾਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?” ਉਨ੍ਹਾਂ ਦਾ ਜਵਾਬ ਸੁਣ ਕੇ ਸ਼ਾਇਦ ਤੁਸੀਂ ਹੈਰਾਨ ਰਹਿ ਜਾਓ!—ਮੱਤੀ 21:16.
ਸ੍ਰਿਸ਼ਟੀ ਤੋਂ ਬੱਚਿਆਂ ਨੂੰ ਕਦੋਂ ਸਿਖਾਈਏ?
8. ਇਜ਼ਰਾਈਲੀ ਮਾਪਿਆਂ ਕੋਲ “ਰਾਹ ਤੁਰਦਿਆਂ” ਕਿਹੜਾ ਮੌਕਾ ਹੁੰਦਾ ਸੀ?
8 ਇਜ਼ਰਾਈਲੀ ਮਾਪਿਆਂ ਨੂੰ ਕਿਹਾ ਗਿਆ ਸੀ ਕਿ ਉਹ “ਰਾਹ ਤੁਰਦਿਆਂ” ਆਪਣੇ ਬੱਚਿਆਂ ਨੂੰ ਯਹੋਵਾਹ ਦੇ ਹੁਕਮਾਂ ਬਾਰੇ ਸਿਖਾਉਣ। (ਬਿਵ. 11:19) ਇਜ਼ਰਾਈਲ ਦੇਸ਼ ਵਿਚ ਬਹੁਤ ਸਾਰੇ ਰਾਹ ਸਨ। ਇਨ੍ਹਾਂ ਰਾਹਾਂ ਦੇ ਆਲੇ-ਦੁਆਲੇ ਵੱਖੋ-ਵੱਖਰੇ ਜਾਨਵਰ, ਪੰਛੀ ਅਤੇ ਫੁੱਲ ਦੇਖੇ ਜਾ ਸਕਦੇ ਸਨ। ਜਦੋਂ ਇਜ਼ਰਾਈਲੀ ਪਰਿਵਾਰ ਇਨ੍ਹਾਂ ਰਾਹਾਂ ਥਾਣੀਂ ਜਾਂਦੇ ਸਨ, ਤਾਂ ਮਾਪਿਆਂ ਕੋਲ ਆਪਣੇ ਬੱਚਿਆਂ ਨਾਲ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਬਾਰੇ ਗੱਲ ਕਰਨ ਦਾ ਮੌਕਾ ਹੁੰਦਾ ਸੀ। ਇੱਦਾਂ ਉਹ ਆਪਣੇ ਬੱਚਿਆਂ ਦੇ ਮਨ ਵਿਚ ਇਨ੍ਹਾਂ ਚੀਜ਼ਾਂ ਬਾਰੇ ਹੋਰ ਜਾਣਨ ਦੀ ਇੱਛਾ ਪੈਦਾ ਕਰ ਸਕਦੇ ਸਨ। ਅੱਜ ਵੀ ਜਦੋਂ ਮਾਪੇ ਆਪਣੇ ਬੱਚਿਆਂ ਨਾਲ ਕਿਤੇ ਘੁੰਮਣ ਜਾਂਦੇ ਹਨ, ਤਾਂ ਉਨ੍ਹਾਂ ਕੋਲ ਵੀ ਇਸ ਤਰ੍ਹਾਂ ਕਰਨ ਦਾ ਮੌਕਾ ਹੁੰਦਾ ਹੈ। ਆਓ ਦੇਖੀਏ ਕਿ ਕੁਝ ਮਾਪਿਆਂ ਨੇ ਇਹ ਕਿੱਦਾਂ ਕੀਤਾ ਹੈ।
9. ਤੁਸੀਂ ਭੈਣ ਪੁਨੀਤਾ ਅਤੇ ਭੈਣ ਕਾਤਿਆ ਤੋਂ ਕੀ ਸਿੱਖ ਸਕਦੇ ਹੋ?
9 ਭੈਣ ਪੁਨੀਤਾ ਭਾਰਤ ਦੇ ਇਕ ਵੱਡੇ ਸ਼ਹਿਰ ਵਿਚ ਰਹਿੰਦੀ ਹੈ। ਉਹ ਕਹਿੰਦੀ ਹੈ, “ਜਦੋਂ ਵੀ ਅਸੀਂ ਆਪਣੇ ਘਰਦਿਆਂ ਨੂੰ ਮਿਲਣ ਪਿੰਡ ਜਾਂਦੇ ਹਾਂ, ਤਾਂ ਅਸੀਂ ਇਸ ਸਮੇਂ ਨੂੰ ਆਪਣੇ ਬੱਚਿਆਂ ਨਾਲ ਯਹੋਵਾਹ ਦੀਆਂ ਬਣਾਈਆਂ ਸ਼ਾਨਦਾਰ ਚੀਜ਼ਾਂ ਬਾਰੇ ਗੱਲ ਕਰਨ ਦਾ ਮੌਕਾ ਸਮਝਦੇ ਹਾਂ। ਮੈਨੂੰ ਲੱਗਦਾ ਹੈ ਕਿ ਮੇਰੇ ਬੱਚੇ ਉਦੋਂ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ʼਤੇ ਹੋਰ ਵੀ ਜ਼ਿਆਦਾ ਧਿਆਨ ਦੇ ਪਾਉਂਦੇ ਹਨ ਜਦੋਂ ਉਹ ਸ਼ਹਿਰ ਦੀ ਭੀੜ-ਭਾੜ ਅਤੇ ਗੱਡੀਆਂ ਦੇ ਸ਼ੋਰ-ਸ਼ਰਾਬੇ ਤੋਂ ਦੂਰ ਹੁੰਦੇ ਹਨ।” ਮਾਪਿਓ, ਸ਼ਾਇਦ ਤੁਹਾਡੇ ਬੱਚੇ ਕਿਸੇ ਸੋਹਣੀ ਜਗ੍ਹਾ ʼਤੇ ਤੁਹਾਡੇ ਨਾਲ ਬਿਤਾਇਆ ਸਮਾਂ ਕਦੇ ਨਾ ਭੁੱਲਣ। ਮੌਲਡੋਵਾ ਵਿਚ ਰਹਿਣ ਵਾਲੀ ਭੈਣ ਕਾਤਿਆ ਕਹਿੰਦੀ ਹੈ: “ਛੋਟੇ ਹੁੰਦਿਆਂ ਆਪਣੇ ਮੰਮੀ-ਡੈਡੀ ਨਾਲ ਪਿੰਡ ਵਿਚ ਬਿਤਾਇਆ ਸਮਾਂ ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ। ਮੈਂ ਆਪਣੇ ਮਾਪਿਆਂ ਦੀ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਬਚਪਨ ਤੋਂ ਹੀ ਸਿਖਾਇਆ ਕਿ ਮੈਂ ਰੁਕ ਕੇ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਵੱਲ ਧਿਆਨ ਦੇਵਾਂ ਅਤੇ ਉਨ੍ਹਾਂ ਤੋਂ ਯਹੋਵਾਹ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਾ।”
10. ਜੇ ਤੁਸੀਂ ਆਪਣੇ ਸ਼ਹਿਰ ਤੋਂ ਬਾਹਰ ਨਹੀਂ ਜਾ ਸਕਦੇ, ਤਾਂ ਤੁਸੀਂ ਕੀ ਕਰ ਸਕਦੇ ਹੋ? (“ ਮਾਪਿਆਂ ਲਈ ਸੁਝਾਅ” ਨਾਂ ਦੀ ਡੱਬੀ ਦੇਖੋ।)
10 ਜੇ ਤੁਸੀਂ ਕਿਤੇ ਘੁੰਮਣ-ਫਿਰਨ ਨਹੀਂ ਜਾ ਸਕਦੇ, ਤਾਂ ਤੁਸੀਂ ਕੀ ਕਰ ਸਕਦੇ ਹੋ? ਭਾਰਤ ਵਿਚ ਰਹਿਣ ਵਾਲਾ ਭਰਾ ਅਮੋਲ ਕਹਿੰਦਾ ਹੈ: “ਸਾਡੇ ਇੱਥੇ ਲੋਕਾਂ ਨੂੰ ਪੂਰਾ-ਪੂਰਾ ਦਿਨ ਕੰਮ ਕਰਨਾ ਪੈਂਦਾ ਹੈ ਅਤੇ ਜੇ ਤੁਸੀਂ ਕਿਤੇ ਘੁੰਮਣ-ਫਿਰਨ ਜਾਣਾ ਹੋਵੇ, ਤਾਂ ਬਹੁਤ ਮਹਿੰਗਾ ਪੈਂਦਾ ਹੈ। ਫਿਰ ਵੀ ਤੁਸੀਂ ਆਪਣੇ ਘਰ ਦੇ ਕੋਠੇ ʼਤੇ ਜਾਂ ਪਾਰਕ ਵਿਚ ਜਾ ਕੇ ਆਪਣੇ ਬੱਚਿਆਂ ਨਾਲ ਸ੍ਰਿਸ਼ਟੀ ਵੱਲ ਧਿਆਨ ਦੇ ਸਕਦੇ ਹੋ ਅਤੇ ਯਹੋਵਾਹ ਦੇ ਗੁਣਾਂ ਬਾਰੇ ਗੱਲ ਕਰ ਸਕਦੇ ਹੋ।” ਜੇ ਤੁਸੀਂ ਧਿਆਨ ਨਾਲ ਦੇਖੋ, ਤਾਂ ਤੁਹਾਨੂੰ ਆਪਣੇ ਆਲੇ-ਦੁਆਲੇ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜਿਨ੍ਹਾਂ ਤੋਂ ਤੁਸੀਂ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਹੋ, ਜਿਵੇਂ ਕਿ ਪੰਛੀ, ਛੋਟੇ-ਛੋਟੇ ਕੀੜੇ ਅਤੇ ਪੇੜ-ਪੌਦੇ ਵਗੈਰਾ। (ਜ਼ਬੂ. 104:24) ਜਰਮਨੀ ਦੀ ਰਹਿਣ ਵਾਲੀ ਭੈਣ ਕਾਰੀਨਾ ਕਹਿੰਦੀ ਹੈ, “ਮੇਰੀ ਮੰਮੀ ਨੂੰ ਫੁੱਲ ਬਹੁਤ ਪਸੰਦ ਹਨ। ਜਦੋਂ ਮੈਂ ਛੋਟੀ ਸੀ ਅਤੇ ਅਸੀਂ ਇਕੱਠੇ ਸੈਰ ʼਤੇ ਜਾਂਦੇ ਸੀ, ਤਾਂ ਮੰਮੀ ਹਮੇਸ਼ਾ ਮੇਰਾ ਧਿਆਨ ਸੋਹਣੇ-ਸੋਹਣੇ ਫੁੱਲਾਂ ਵੱਲ ਦਿਵਾਉਂਦੀ ਸੀ।” ਮਾਪਿਓ, ਤੁਸੀਂ ਆਪਣੇ ਬੱਚਿਆਂ ਨੂੰ ਸੰਗਠਨ ਦੇ ਉਨ੍ਹਾਂ ਵੀਡੀਓ ਅਤੇ ਲੇਖਾਂ ਰਾਹੀਂ ਵੀ ਸਿਖਾ ਸਕਦੇ ਹੋ ਜਿਨ੍ਹਾਂ ਵਿਚ ਸ੍ਰਿਸ਼ਟੀ ਬਾਰੇ ਦੱਸਿਆ ਗਿਆ ਹੈ। ਜੀ ਹਾਂ, ਚਾਹੇ ਤੁਸੀਂ ਜਿੱਥੇ ਮਰਜ਼ੀ ਰਹਿੰਦੇ ਹੋਵੋ, ਫਿਰ ਵੀ ਤੁਸੀਂ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਹੋ ਕਿ ਉਹ ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਵੱਲ ਧਿਆਨ ਦੇਣ। ਆਓ ਹੁਣ ਆਪਾਂ ਯਹੋਵਾਹ ਦੇ ਕੁਝ ਗੁਣਾਂ ਬਾਰੇ ਗੱਲ ਕਰੀਏ ਜਿਨ੍ਹਾਂ ਬਾਰੇ ਤੁਸੀਂ ਬੱਚਿਆਂ ਨੂੰ ਸ੍ਰਿਸ਼ਟੀ ਤੋਂ ਸਿਖਾ ਸਕਦੇ ਹੋ।
ਅਦਿੱਖ ਪਰਮੇਸ਼ੁਰ ਦੇ “ਗੁਣ ਸਾਫ਼-ਸਾਫ਼ ਦੇਖੇ ਜਾ ਸਕਦੇ ਹਨ”
11. ਮਾਪੇ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਪਿਆਰ ਦਾ ਅਹਿਸਾਸ ਕਿਵੇਂ ਕਰਾ ਸਕਦੇ ਹਨ?
11 ਮਾਪਿਓ, ਤੁਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਪਿਆਰ ਦਾ ਅਹਿਸਾਸ ਕਿਵੇਂ ਕਰਾ ਸਕਦੇ ਹੋ? ਤੁਸੀਂ ਉਨ੍ਹਾਂ ਨੂੰ ਦਿਖਾ ਸਕਦੇ ਹੋ ਕਿ ਕਈ ਜਾਨਵਰ ਕਿੱਦਾਂ ਆਪਣੇ ਬੱਚਿਆਂ ਦੀ ਪਿਆਰ ਨਾਲ ਦੇਖ-ਭਾਲ ਕਰਦੇ ਹਨ। (ਮੱਤੀ 23:37) ਤੁਸੀਂ ਉਨ੍ਹਾਂ ਦਾ ਧਿਆਨ ਇਸ ਗੱਲ ʼਤੇ ਵੀ ਦਿਵਾ ਸਕਦੇ ਹੋ ਕਿ ਕੁਦਰਤ ਵਿਚ ਵੱਖੋ-ਵੱਖਰੀਆਂ ਸ਼ਾਨਦਾਰ ਚੀਜ਼ਾਂ ਹਨ। ਇਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਭੈਣ ਕਾਰੀਨਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਜਦੋਂ ਮੈਂ ਤੇ ਮੰਮੀ ਸੈਰ ʼਤੇ ਜਾਂਦੇ ਸੀ, ਤਾਂ ਮੰਮੀ ਅਕਸਰ ਰੁਕ ਕੇ ਫੁੱਲਾਂ ਨੂੰ ਦੇਖਦੀ ਸੀ ਅਤੇ ਕਹਿੰਦੀ ਸੀ, ‘ਆਹ ਫੁੱਲ ਦੇਖ ਕਿੰਨਾ ਸੋਹਣਾ ਹੈ ਅਤੇ ਦੂਸਰੇ ਫੁੱਲਾਂ ਨਾਲੋਂ ਕਿੰਨਾ ਵੱਖਰਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ!’ ਸਾਲਾਂ ਬਾਅਦ ਮੈਂ ਅੱਜ ਵੀ ਬੜੇ ਧਿਆਨ ਨਾਲ ਦੇਖਦੀ ਹਾਂ ਕਿ ਇਕ ਫੁੱਲ ਦੂਜੇ ਫੁੱਲਾਂ ਤੋਂ ਕਿੰਨਾ ਵੱਖਰਾ ਹੈ, ਇਸ ਦਾ ਰੰਗ ਅਤੇ ਬਣਾਵਟ ਕਿੱਦਾਂ ਦੀ ਹੈ। ਫੁੱਲਾਂ ਕਰਕੇ ਮੈਨੂੰ ਯਾਦ ਰਹਿੰਦਾ ਹੈ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ!”
12. ਮਾਪੇ ਆਪਣੇ ਬੱਚਿਆਂ ਦੀ ਇਹ ਸਮਝਣ ਵਿਚ ਕਿੱਦਾਂ ਮਦਦ ਕਰ ਸਕਦੇ ਹਨ ਕਿ ਪਰਮੇਸ਼ੁਰ ਬੁੱਧੀਮਾਨ ਹੈ? (ਜ਼ਬੂਰ 139:14) (ਤਸਵੀਰ ਵੀ ਦੇਖੋ।)
12 ਬਿਨਾਂ ਸ਼ੱਕ, ਯਹੋਵਾਹ ਸਾਰੇ ਇਨਸਾਨਾਂ ਨਾਲੋਂ ਕਿਤੇ ਜ਼ਿਆਦਾ ਬੁੱਧੀਮਾਨ ਹੈ। (ਰੋਮੀ. 11:33) ਇਹ ਗੱਲ ਸਮਝਣ ਵਿਚ ਤੁਸੀਂ ਆਪਣੇ ਬੱਚਿਆਂ ਦੀ ਕਿੱਦਾਂ ਮਦਦ ਕਰ ਸਕਦੇ ਹੋ? ਤੁਸੀਂ ਉਨ੍ਹਾਂ ਨੂੰ ਦੱਸ ਸਕਦੇ ਹੋ ਕਿ ਪਾਣੀ ਭਾਫ਼ ਬਣ ਕੇ ਆਕਾਸ਼ ਵਿਚ ਜਾਂਦਾ ਹੈ ਅਤੇ ਬੱਦਲ ਬਣਦੇ ਹਨ ਤੇ ਫਿਰ ਉਹ ਬੱਦਲ ਸੌਖਿਆਂ ਹੀ ਇਕ ਥਾਂ ਤੋਂ ਦੂਜੀ ਥਾਂ ਜਾ ਕੇ ਮੀਂਹ ਵਰ੍ਹਾਉਂਦੇ ਹਨ। (ਅੱਯੂ. 38:36, 37) ਤੁਸੀਂ ਉਨ੍ਹਾਂ ਨੂੰ ਇਹ ਵੀ ਦੱਸ ਸਕਦੇ ਹੋ ਕਿ ਪਰਮੇਸ਼ੁਰ ਨੇ ਇਨਸਾਨਾਂ ਨੂੰ ਬਹੁਤ ਹੀ ਲਾਜਵਾਬ ਤਰੀਕੇ ਨਾਲ ਬਣਾਇਆ ਹੈ। (ਜ਼ਬੂਰ 139:14 ਪੜ੍ਹੋ।) ਜ਼ਰਾ ਧਿਆਨ ਦਿਓ ਕਿ ਭਰਾ ਵਲਾਦੀਮੀਰ ਆਪਣੇ ਮੁੰਡੇ ਨੂੰ ਇਹ ਗੱਲ ਕਿੱਦਾਂ ਸਮਝਾਉਂਦਾ ਹੈ। ਭਰਾ ਕਹਿੰਦਾ ਹੈ: “ਇਕ ਦਿਨ ਸਾਡਾ ਮੁੰਡਾ ਸਾਈਕਲ ਚਲਾਉਂਦੇ ਵੇਲੇ ਡਿੱਗ ਪਿਆ ਅਤੇ ਉਸ ਦੇ ਸੱਟ ਲੱਗ ਗਈ। ਕੁਝ ਦਿਨਾਂ ਬਾਅਦ ਉਸ ਦੀ ਸੱਟ ਠੀਕ ਹੋ ਗਈ। ਉਦੋਂ ਮੈਂ ਤੇ ਉਸ ਦੀ ਮੰਮੀ ਨੇ ਉਸ ਨੂੰ ਸਮਝਾਇਆ ਕਿ ਯਹੋਵਾਹ ਨੇ ਸਾਡਾ ਸਰੀਰ ਇੱਦਾਂ ਦਾ ਬਣਾਇਆ ਹੈ ਕਿ ਸੱਟ ਲੱਗਣ ਤੋਂ ਬਾਅਦ ਸਾਡਾ ਜ਼ਖ਼ਮ ਆਪਣੇ ਆਪ ਭਰ ਜਾਂਦਾ ਹੈ। ਫਿਰ ਅਸੀਂ ਉਸ ਨੂੰ ਕਿਹਾ ਕਿ ਇਨਸਾਨ ਵੀ ਬਹੁਤ ਸਾਰੀਆਂ ਚੀਜ਼ਾਂ ਬਣਾਉਂਦੇ ਹਨ, ਪਰ ਉਨ੍ਹਾਂ ਦੀਆਂ ਬਣਾਈਆਂ ਚੀਜ਼ਾਂ ਆਪਣੇ ਆਪ ਠੀਕ ਨਹੀਂ ਹੁੰਦੀਆਂ। ਉਦਾਹਰਣ ਲਈ, ਜੇ ਕਿਸੇ ਕਾਰ ਦਾ ਐਕਸੀਡੈਂਟ ਹੋ ਜਾਵੇ, ਤਾਂ ਉਹ ਆਪਣੇ ਆਪ ਠੀਕ ਨਹੀਂ ਹੁੰਦੀ। ਇਸ ਤਰ੍ਹਾਂ ਸਾਡਾ ਮੁੰਡਾ ਸਮਝ ਗਿਆ ਕਿ ਯਹੋਵਾਹ ਕਿੰਨਾ ਜ਼ਿਆਦਾ ਬੁੱਧੀਮਾਨ ਹੈ।”
13. ਮਾਪੇ ਆਪਣੇ ਬੱਚਿਆਂ ਦੀ ਇਹ ਸਮਝਣ ਵਿਚ ਕਿੱਦਾਂ ਮਦਦ ਕਰ ਸਕਦੇ ਹਨ ਕਿ ਪਰਮੇਸ਼ੁਰ ਤਾਕਤਵਰ ਹੈ? (ਯਸਾਯਾਹ 40:26)
13 ਯਹੋਵਾਹ ਸਾਨੂੰ ਕਹਿੰਦਾ ਹੈ ਕਿ ਅਸੀਂ ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕ ਕੇ ਦੇਖੀਏ। ਫਿਰ ਇਸ ਬਾਰੇ ਸੋਚ-ਵਿਚਾਰ ਕਰੀਏ ਕਿ ਕਿਸ ਤਰ੍ਹਾਂ ਉਸ ਨੇ ਆਪਣੀ ਜ਼ਬਰਦਸਤ ਤਾਕਤ ਨਾਲ ਸਾਰੇ ਤਾਰਿਆਂ ਨੂੰ ਉਨ੍ਹਾਂ ਦੀ ਜਗ੍ਹਾ ʼਤੇ ਰੱਖਿਆ ਹੈ। (ਯਸਾਯਾਹ 40:26 ਪੜ੍ਹੋ।) ਤੁਸੀਂ ਵੀ ਆਪਣੇ ਬੱਚਿਆਂ ਨੂੰ ਆਕਾਸ਼ ਵੱਲ ਦੇਖਣ ਅਤੇ ਉਸ ʼਤੇ ਸੋਚ-ਵਿਚਾਰ ਕਰਨ ਦੀ ਹੱਲਾਸ਼ੇਰੀ ਦੇ ਸਕਦੇ ਹੈ। ਜ਼ਰਾ ਧਿਆਨ ਦਿਓ ਕਿ ਤਾਈਵਾਨ ਵਿਚ ਰਹਿਣ ਵਾਲੀ ਭੈਣ ਸ਼ਿੰਗ-ਸ਼ਿੰਗ ਆਪਣੇ ਬਚਪਨ ਨੂੰ ਯਾਦ ਕਰਦਿਆਂ ਕੀ ਦੱਸਦੀ ਹੈ। ਉਹ ਕਹਿੰਦੀ ਹੈ: “ਇਕ ਵਾਰ ਮੈਂ ਤੇ ਮੇਰੀ ਮੰਮੀ ਸ਼ਹਿਰੋਂ ਬਾਹਰ ਘੁੰਮਣ ਗਏ ਸੀ ਅਤੇ ਅਸੀਂ ਉੱਥੇ ਤੰਬੂ ਲਾ ਕੇ ਰਹੇ। ਉਸ ਇਲਾਕੇ ਵਿਚ ਸ਼ਹਿਰ ਵਾਂਗ ਹਰ ਪਾਸੇ ਲਾਇਟਾਂ ਹੀ ਲਾਇਟਾਂ ਨਹੀਂ ਸਨ ਜਿਸ ਕਰਕੇ ਅਸੀਂ ਰਾਤ ਨੂੰ ਆਕਾਸ਼ ਵਿਚ ਬਹੁਤ ਸਾਰੇ ਤਾਰੇ ਦੇਖ ਸਕੇ। ਉਨ੍ਹਾਂ ਦਿਨਾਂ ਦੌਰਾਨ ਮੈਨੂੰ ਇਸ ਗੱਲ ਦੀ ਬਹੁਤ ਫ਼ਿਕਰ ਸੀ ਕਿ ਕਿਤੇ ਮੈਂ ਆਪਣੀ ਕਲਾਸ ਦੇ ਨਿਆਣਿਆਂ ਦੇ ਦਬਾਅ ਹੇਠ ਆ ਕੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨੀ ਨਾ ਛੱਡ ਦਿਆਂ। ਮੰਮੀ ਨੇ ਮੈਨੂੰ ਕਿਹਾ ਕਿ ਮੈਂ ਇਸ ਬਾਰੇ ਸੋਚ-ਵਿਚਾਰ ਕਰਾਂ ਕਿ ਯਹੋਵਾਹ ਨੇ ਕਿੰਨੀ ਤਾਕਤ ਨਾਲ ਇਨ੍ਹਾਂ ਤਾਰਿਆਂ ਨੂੰ ਬਣਾਇਆ ਹੈ। ਨਾਲੇ ਯਾਦ ਰੱਖਾਂ ਕਿ ਉਹ ਮੈਨੂੰ ਵੀ ਇਹੀ ਤਾਕਤ ਦੇ ਸਕਦਾ ਹੈ ਤਾਂਕਿ ਮੈਂ ਕਿਸੇ ਵੀ ਮੁਸ਼ਕਲ ਨੂੰ ਝੱਲ ਸਕਾਂ। ਉਨ੍ਹਾਂ ਛੁੱਟੀਆਂ ਦੌਰਾਨ ਸ੍ਰਿਸ਼ਟੀ ਵੱਲ ਧਿਆਨ ਦੇਣ ਕਰਕੇ ਮੇਰਾ ਦਿਲ ਕਰਨ ਲੱਗ ਪਿਆ ਕਿ ਮੈਂ ਯਹੋਵਾਹ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਾ ਅਤੇ ਉਸ ਦੀ ਸੇਵਾ ਕਰਦੇ ਰਹਿਣ ਦਾ ਮੇਰਾ ਇਰਾਦਾ ਹੋਰ ਵੀ ਪੱਕਾ ਹੋਇਆ।”
14. ਮਾਪੇ ਸ੍ਰਿਸ਼ਟੀ ਤੋਂ ਆਪਣੇ ਬੱਚਿਆਂ ਦੀ ਇਹ ਦੇਖਣ ਵਿਚ ਕਿੱਦਾਂ ਮਦਦ ਕਰ ਸਕਦੇ ਹਨ ਕਿ ਯਹੋਵਾਹ ਖ਼ੁਸ਼ਦਿਲ ਪਰਮੇਸ਼ੁਰ ਹੈ?
14 ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਉਹ ਖ਼ੁਸ਼ ਰਹਿੰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਵੀ ਖ਼ੁਸ਼ ਰਹੀਏ। ਵਿਗਿਆਨੀਆਂ ਨੇ ਦੇਖਿਆ ਹੈ ਕਿ ਜ਼ਿਆਦਾਤਰ ਜਾਨਵਰ ਖੇਡਦੇ ਹਨ, ਇੱਥੋਂ ਤਕ ਕਿ ਪੰਛੀ ਤੇ ਮੱਛੀਆਂ ਵੀ। (ਅੱਯੂ. 40:20) ਤੁਹਾਡੇ ਬੱਚੇ ਵੀ ਜਾਨਵਰਾਂ ਨੂੰ ਖੇਡਦਿਆਂ ਦੇਖ ਕੇ ਜ਼ਰੂਰ ਹੱਸਦੇ ਹੋਣੇ। ਸ਼ਾਇਦ ਉਨ੍ਹਾਂ ਨੇ ਕਿਸੇ ਬਲੂੰਗੜੇ ਨੂੰ ਉੱਨ ਦੇ ਗੋਲੇ ਪਿੱਛੇ ਭੱਜਦਿਆਂ ਜਾਂ ਕਤੂਰਿਆਂ ਨੂੰ ਆਪਸ ਵਿਚ ਖੇਡਦੇ ਦੇਖਿਆ ਹੋਣਾ। ਅਗਲੀ ਵਾਰ ਜਦੋਂ ਤੁਹਾਡੇ ਬੱਚੇ ਜਾਨਵਰਾਂ ਦੀਆਂ ਹਰਕਤਾਂ ਦੇਖ ਕੇ ਹੱਸਣ, ਤਾਂ ਕਿਉਂ ਨਾ ਤੁਸੀਂ ਉਨ੍ਹਾਂ ਨੂੰ ਯਾਦ ਕਰਾਓ ਕਿ ਅਸੀਂ ਖ਼ੁਸ਼ਦਿਲ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ?—1 ਤਿਮੋ. 1:11.
ਪਰਿਵਾਰ ਨਾਲ ਮਿਲ ਕੇ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਦਾ ਮਜ਼ਾ ਲਓ
15. ਮਾਪੇ ਆਪਣੇ ਬੱਚਿਆਂ ਦੇ ਮਨ ਦੀ ਗੱਲ ਜਾਣਨ ਲਈ ਕੀ ਕਰ ਸਕਦੇ ਹਨ? (ਕਹਾਉਤਾਂ 20:5) (ਤਸਵੀਰ ਵੀ ਦੇਖੋ।)
15 ਕਈ ਵਾਰ ਮਾਪਿਆਂ ਨੂੰ ਸਮਝ ਨਹੀਂ ਲੱਗਦੀ ਕਿ ਉਹ ਕੀ ਕਰਨ ਤਾਂਕਿ ਉਨ੍ਹਾਂ ਦੇ ਬੱਚੇ ਖੁੱਲ੍ਹ ਕੇ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਦੱਸਣ। ਜੇ ਤੁਹਾਡੇ ਨਾਲ ਵੀ ਇੱਦਾਂ ਹੁੰਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਬੱਚਿਆਂ ਦੇ ਮਨ ਵਿਚ ਕੀ ਚੱਲਦਾ ਹੈ ਅਤੇ ਉਹ ਕਿੱਦਾਂ ਸੋਚਦੇ ਹਨ। (ਕਹਾਉਤਾਂ 20:5 ਪੜ੍ਹੋ।) ਕੁਝ ਮਾਪਿਆਂ ਨੇ ਦੇਖਿਆ ਹੈ ਕਿ ਜਦੋਂ ਉਹ ਆਪਣੇ ਬੱਚਿਆਂ ਨਾਲ ਕੁਦਰਤ ਦੀਆਂ ਚੀਜ਼ਾਂ ਦਾ ਮਜ਼ਾ ਲੈਂਦੇ ਹਨ, ਤਾਂ ਉਹ ਸੌਖਿਆਂ ਹੀ ਇੱਦਾਂ ਕਰ ਪਾਉਂਦੇ ਹਨ। ਇੱਦਾਂ ਕਿਉਂ? ਕਿਉਂਕਿ ਉੱਥੇ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਘੱਟ ਹੁੰਦੀਆਂ ਹਨ। ਤਾਈਵਾਨ ਵਿਚ ਰਹਿਣ ਵਾਲਾ ਭਰਾ ਮਾਸਾਹੀਕੋ ਇਸ ਦਾ ਇਕ ਹੋਰ ਫ਼ਾਇਦਾ ਦੱਸਦਾ ਹੈ। ਉਹ ਕਹਿੰਦਾ ਹੈ: “ਜਦੋਂ ਅਸੀਂ ਬੱਚਿਆਂ ਨਾਲ ਕਿਤੇ ਬਾਹਰ ਜਾ ਕੇ ਸਮਾਂ ਬਿਤਾਉਂਦੇ ਹਾਂ, ਫਿਰ ਚਾਹੇ ਅਸੀਂ ਪਹਾੜਾਂ ʼਤੇ ਜਾਈਏ ਜਾਂ ਸਮੁੰਦਰੀ ਕਿਨਾਰਿਆਂ ʼਤੇ, ਤਾਂ ਉਹ ਬਹੁਤ ਵਧੀਆ ਮਹਿਸੂਸ ਕਰਦੇ ਹਨ। ਇਸ ਲਈ ਅਸੀਂ ਉਨ੍ਹਾਂ ਨਾਲ ਚੰਗੀ ਤਰ੍ਹਾਂ ਗੱਲ ਕਰ ਸਕਦੇ ਹਾਂ ਅਤੇ ਇਹ ਜਾਣ ਸਕਦੇ ਹਾਂ ਕਿ ਉਨ੍ਹਾਂ ਦੇ ਮਨ ਵਿਚ ਕੀ ਚੱਲਦਾ ਹੈ।” ਕਾਤਿਆ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਸਕੂਲ ਤੋਂ ਬਾਅਦ ਮੇਰੀ ਮੰਮੀ ਮੈਨੂੰ ਪਾਰਕ ਵਿਚ ਲੈ ਕੇ ਜਾਂਦੀ ਸੀ। ਉੱਥੇ ਮੈਨੂੰ ਬਹੁਤ ਵਧੀਆ ਲੱਗਦਾ ਸੀ ਤੇ ਮੈਂ ਆਸਾਨੀ ਨਾਲ ਆਪਣੀ ਮੰਮੀ ਨੂੰ ਦੱਸ ਸਕਦੀ ਸੀ ਕਿ ਸਕੂਲ ਵਿਚ ਕੀ-ਕੀ ਹੋਇਆ ਜਾਂ ਮੈਨੂੰ ਕਿਹੜੀ ਗੱਲ ਦੀ ਫ਼ਿਕਰ ਹੈ।”
16. ਪਰਿਵਾਰ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਦਾ ਮਜ਼ਾ ਲੈਣ ਲਈ ਕੀ ਕਰ ਸਕਦੇ ਹਨ?
16 ਜਦੋਂ ਪਰਿਵਾਰ ਵਿਚ ਸਾਰੇ ਜਣੇ ਮਿਲ ਕੇ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਦੇਖਦੇ ਹਨ ਅਤੇ ਉਨ੍ਹਾਂ ਦਾ ਮਜ਼ਾ ਲੈਂਦੇ ਹਨ, ਤਾਂ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਹੈ। ਨਾਲੇ ਸਾਰੇ ਇਕ-ਦੂਜੇ ਦੇ ਹੋਰ ਵੀ ਨੇੜੇ ਆਉਂਦੇ ਹਨ। ਬਾਈਬਲ ਵਿਚ ਲਿਖਿਆ ਹੈ ਕਿ “ਇਕ ਹੱਸਣ ਦਾ ਸਮਾਂ ਹੈ” ਅਤੇ “ਇਕ ਨੱਚਣ ਦਾ ਸਮਾਂ ਹੈ” ਜਾਂ ਖੇਡਣ ਦਾ ਵੀ ਸਮਾਂ ਹੁੰਦਾ ਹੈ। (ਉਪ. 3:1, 4) ਯਹੋਵਾਹ ਨੇ ਅਜਿਹੀਆਂ ਬਹੁਤ ਸਾਰੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ, ਜਿਵੇਂ ਕਿ ਪਹਾੜ, ਸਮੁੰਦਰ ਅਤੇ ਜੰਗਲ। ਕਈ ਪਰਿਵਾਰਾਂ ਨੂੰ ਅਜਿਹੀਆਂ ਥਾਵਾਂ ʼਤੇ ਜਾ ਕੇ ਸਮਾਂ ਬਿਤਾਉਣਾ ਬਹੁਤ ਵਧੀਆ ਲੱਗਦਾ ਹੈ। ਕਈ ਬੱਚਿਆਂ ਨੂੰ ਪਾਰਕ ਵਿਚ ਦੌੜਨਾ-ਭੱਜਣਾ ਤੇ ਖੇਡਣਾ, ਜਾਨਵਰਾਂ ਨੂੰ ਦੇਖਣਾ, ਨਦੀ, ਤਲਾਬ ਜਾਂ ਸਮੁੰਦਰ ਵਿਚ ਤੈਰਨਾ ਵਧੀਆ ਲੱਗਦਾ ਹੈ। ਸੱਚ-ਮੁੱਚ! ਜਦੋਂ ਅਸੀਂ ਕਿਤੇ ਘੁੰਮਣ-ਫਿਰਨ ਜਾਂਦੇ ਹਾਂ, ਤਾਂ ਸਾਡੇ ਕੋਲ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਦਾ ਮਜ਼ਾ ਲੈਣ ਦਾ ਕਿੰਨਾ ਵਧੀਆ ਮੌਕਾ ਹੁੰਦਾ ਹੈ।
17. ਇਹ ਕਿਉਂ ਜ਼ਰੂਰੀ ਹੈ ਕਿ ਮਾਪੇ ਹੁਣ ਤੋਂ ਹੀ ਆਪਣੇ ਬੱਚਿਆਂ ਨੂੰ ਸ੍ਰਿਸ਼ਟੀ ਦਾ ਮਜ਼ਾ ਲੈਣਾ ਸਿਖਾਉਣ?
17 ਨਵੀਂ ਦੁਨੀਆਂ ਵਿਚ ਮਾਪੇ ਅਤੇ ਬੱਚੇ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਦਾ ਹੋਰ ਵੀ ਜ਼ਿਆਦਾ ਮਜ਼ਾ ਲੈਣਗੇ। ਉਦੋਂ ਨਾ ਤਾਂ ਅਸੀਂ ਜਾਨਵਰਾਂ ਤੋਂ ਡਰਾਂਗੇ ਅਤੇ ਨਾ ਹੀ ਉਹ ਸਾਡੇ ਤੋਂ ਡਰਨਗੇ। (ਯਸਾ. 11:6-9) ਉਸ ਵੇਲੇ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਨੂੰ ਦੇਖਣ ਅਤੇ ਉਨ੍ਹਾਂ ਦਾ ਮਜ਼ਾ ਲੈਣ ਲਈ ਸਾਡੇ ਕੋਲ ਖੁੱਲ੍ਹਾ ਸਮਾਂ ਹੋਵੇਗਾ। (ਜ਼ਬੂ. 22:26) ਪਰ ਮਾਪਿਓ ਉਸ ਸਮੇਂ ਤਕ ਇੰਤਜ਼ਾਰ ਨਾ ਕਰੋ, ਸਗੋਂ ਹੁਣ ਤੋਂ ਹੀ ਆਪਣੇ ਬੱਚਿਆਂ ਨੂੰ ਸਿਖਾਓ ਕਿ ਉਹ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਦਾ ਮਜ਼ਾ ਲੈਣ। ਨਾਲੇ ਉਨ੍ਹਾਂ ਚੀਜ਼ਾਂ ਤੋਂ ਯਹੋਵਾਹ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨ। ਫਿਰ ਉਹ ਵੀ ਰਾਜਾ ਦਾਊਦ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੋਣਗੇ: “ਤੇਰੇ ਵਰਗੇ ਕੰਮ ਕੋਈ ਨਹੀਂ ਕਰ ਸਕਦਾ।”—ਜ਼ਬੂ. 86:8.
ਗੀਤ 134 ਬੱਚੇ ਯਹੋਵਾਹ ਦੀ ਅਮਾਨਤ
a ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਅੱਜ ਵੀ ਯਾਦ ਹੈ ਕਿ ਜਦੋਂ ਉਹ ਛੋਟੇ ਸਨ, ਤਾਂ ਉਨ੍ਹਾਂ ਦੇ ਮਸੀਹੀ ਮਾਪਿਆਂ ਨੇ ਸ੍ਰਿਸ਼ਟੀ ਦੀਆਂ ਚੀਜ਼ਾਂ ਤੋਂ ਉਨ੍ਹਾਂ ਨੂੰ ਯਹੋਵਾਹ ਬਾਰੇ ਸਿਖਾਇਆ ਸੀ। ਆਪਣੇ ਮਾਪਿਆਂ ਨਾਲ ਬਿਤਾਇਆ ਉਹ ਸਮਾਂ ਅਤੇ ਮਿੱਠੀਆਂ ਯਾਦਾਂ ਉਹ ਕਦੇ ਨਹੀਂ ਭੁੱਲੇ। ਜੇ ਤੁਹਾਡੇ ਵੀ ਬੱਚੇ ਹਨ, ਤਾਂ ਤੁਸੀਂ ਉਨ੍ਹਾਂ ਨੂੰ ਸ੍ਰਿਸ਼ਟੀ ਦੀਆਂ ਚੀਜ਼ਾਂ ਦਿਖਾ ਕੇ ਪਰਮੇਸ਼ੁਰ ਬਾਰੇ ਕਿਵੇਂ ਸਿਖਾ ਸਕਦੇ ਹੋ? ਇਸ ਲੇਖ ਵਿਚ ਅਸੀਂ ਇਸ ਸਵਾਲ ਦਾ ਜਵਾਬ ਦੇਖਾਂਗੇ।