ਜੀਵਨੀ
ਸਮਝਦਾਰ ਇਨਸਾਨਾਂ ਨਾਲ ਚੱਲ ਕੇ ਮੈਨੂੰ ਫ਼ਾਇਦਾ ਹੋਇਆ
ਬਰੂਕਿੰਗਜ਼, ਦੱਖਣੀ ਡਾਕੋਟਾ, ਅਮਰੀਕਾ ਵਿਚ ਸਵੇਰੇ-ਸਵੇਰੇ ਠੰਢੀ ਹਵਾ ਚੱਲਣ ਕਰਕੇ ਸਾਨੂੰ ਕਾਂਬਾ ਛਿੜ ਰਿਹਾ ਸੀ। ਇਸ ਤੋਂ ਮੈਂ ਅੰਦਾਜ਼ਾ ਲਾਇਆ ਕਿ ਜਲਦੀ ਹੀ ਠੰਢ ਸ਼ੁਰੂ ਹੋ ਜਾਵੇਗੀ। ਪਰ ਸ਼ਾਇਦ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇ ਕਿ ਉਸ ਦਿਨ ਅਸੀਂ ਕੁਝ ਜਣੇ ਇਕ ਹਵੇਲੀ ਵਿਚ ਠੰਢ ਨਾਲ ਕੰਬ ਰਹੇ ਸੀ। ਅਸੀਂ ਲੋਹੇ ਦੀ ਖੁਰਲੀ ਕੋਲ ਖੜ੍ਹੇ ਸੀ ਜੋ ਠੰਢੇ ਪਾਣੀ ਨਾਲ ਭਰੀ ਹੋਈ ਸੀ। ਆਓ ਮੈਂ ਪਹਿਲਾਂ ਤੁਹਾਨੂੰ ਆਪਣੀ ਥੋੜ੍ਹੀ ਜਿਹੀ ਕਹਾਣੀ ਦੱਸਾਂ ਤਾਂਕਿ ਤੁਸੀਂ ਸਮਝ ਸਕੋ ਕਿ ਅਸੀਂ ਉੱਥੇ ਕਿਉਂ ਖੜ੍ਹੇ ਸੀ।
ਮੇਰਾ ਬਚਪਨ
ਮੇਰਾ ਜਨਮ 7 ਮਾਰਚ 1936 ਵਿਚ ਹੋਇਆ। ਮੈਂ ਚਾਰ ਨਿਆਣਿਆਂ ਵਿੱਚੋਂ ਸਭ ਤੋਂ ਛੋਟਾ ਸੀ। ਅਸੀਂ ਪੂਰਬੀ-ਦੱਖਣ ਡਾਕੋਟਾ ਦੇ ਇਕ ਛੋਟੇ ਜਿਹੇ ਪਿੰਡ ਵਿਚ ਰਹਿੰਦੇ ਸੀ। ਖੇਤੀ ਤੋਂ ਹੀ ਸਾਡੀ ਰੋਜ਼ੀ-ਰੋਟੀ ਚੱਲਦੀ ਸੀ, ਪਰ ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਕੰਮ ਨਹੀਂ ਸੀ। ਮੇਰੇ ਮਾਪਿਆਂ ਨੇ 1934 ਵਿਚ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈ ਲਿਆ। ਉਨ੍ਹਾਂ ਨੇ ਸਾਡੇ ਸਵਰਗੀ ਪਿਤਾ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਸੀ। ਇਸ ਕਰਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਸਭ ਤੋਂ ਅਹਿਮ ਸੀ। ਕਾਨਡੀ, ਦੱਖਣੀ ਡਕੋਟਾ ਦੀ ਸਾਡੀ ਛੋਟੀ ਜਿਹੀ ਮੰਡਲੀ ਵਿਚ ਮੇਰੇ ਪਿਤਾ ਜੀ ਕਲੈਰੰਸ ਅਤੇ ਬਾਅਦ ਵਿਚ ਤਾਇਆ ਜੀ ਐਲਫ੍ਰੈਡ ਨੂੰ ਮੰਡਲੀ ਦਾ ਸੇਵਕ ਬਣਾਇਆ ਗਿਆ (ਹੁਣ ਮੰਡਲੀ ਦੇ ਸੇਵਕ ਨੂੰ ਬਜ਼ੁਰਗਾਂ ਦੇ ਸਮੂਹ ਦਾ ਸਹਾਇਕ ਬਜ਼ੁਰਗ ਕਿਹਾ ਜਾਂਦਾ ਹੈ)।
ਅਸੀਂ ਬਿਨਾਂ ਨਾਗਾ ਸਭਾਵਾਂ ਵਿਚ ਹਾਜ਼ਰ ਹੁੰਦੇ ਸੀ ਅਤੇ ਘਰ-ਘਰ ਜਾ ਕੇ ਦੂਸਰਿਆਂ ਨਾਲ ਬਾਈਬਲ ਵਿਚ ਦਿੱਤੀ ਭਵਿੱਖ ਦੀ ਆਸ ਬਾਰੇ ਗੱਲ ਕਰਦੇ ਸੀ। ਸਾਡੇ ਮਾਤਾ-ਪਿਤਾ ਦੀ ਮਿਸਾਲ ਅਤੇ ਉਨ੍ਹਾਂ ਦੁਆਰਾ ਦਿੱਤੀ ਸਿਖਲਾਈ ਨੇ ਸਾਡੇ ਉੱਤੇ ਡੂੰਘਾ ਅਸਰ ਪਾਇਆ। ਮੈਂ ਤੇ ਮੇਰੀ ਭੈਣ ਡੋਰਥੀ ਛੇ ਸਾਲਾਂ ਦੀ ਉਮਰ ਵਿਚ ਪ੍ਰਚਾਰਕ ਬਣ ਗਏ। 1943 ਵਿਚ ਮੈਂ ਬਾਈਬਲ ਸਿਖਲਾਈ ਸਕੂਲ
ਵਿਚ ਆਪਣਾ ਨਾਂ ਲਿਖਵਾਇਆ। ਇਹ ਸਕੂਲ ਸਭਾਵਾਂ ਵਿਚ ਹੁਣੇ-ਹੁਣੇ ਸ਼ੁਰੂ ਹੋਇਆ ਸੀ।ਸੰਮੇਲਨਾਂ ਵਿਚ ਜਾਣਾ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਸੀ। 1949 ਵਿਚ ਦੱਖਣੀ ਡਾਕੋਟਾ ਦੇ ਸੂ ਫਾਲਸ ਵਿਚ ਹੋਏ ਵੱਡੇ ਸੰਮੇਲਨ ਵਿਚ ਭਰਾ ਗ੍ਰਾਂਟ ਸੂਟਰ ਭਾਸ਼ਣ ਦੇਣ ਆਏ ਸਨ। ਮੈਨੂੰ ਅਜੇ ਵੀ ਉਨ੍ਹਾਂ ਦਾ ਭਾਸ਼ਣ ਯਾਦ ਹੈ: “ਜਿੰਨਾ ਤੁਸੀਂ ਸੋਚਦੇ ਹੋ ਉਸ ਤੋਂ ਬਹੁਤ ਘੱਟ ਸਮਾਂ ਬਚਿਆ ਹੈ!” ਉਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਸੀਹੀਆਂ ਨੂੰ ਪਰਮੇਸ਼ੁਰ ਦੇ ਸਥਾਪਿਤ ਹੋ ਚੁੱਕੇ ਰਾਜ ਬਾਰੇ ਖ਼ੁਸ਼ ਖ਼ਬਰੀ ਸੁਣਾਉਣ ਵਿਚ ਆਪਣੀ ਪੂਰੀ ਵਾਹ ਲਾਉਣ ਦੀ ਲੋੜ ਹੈ। ਇਸ ਗੱਲ ਨੇ ਮੈਨੂੰ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਪ੍ਰੇਰਿਤ ਕੀਤਾ। ਅਗਲੇ ਸੰਮੇਲਨ ਵਿਚ ਮੈਂ ਬਪਤਿਸਮਾ ਲੈਣ ਦਾ ਫ਼ੈਸਲਾ ਕੀਤਾ। ਬਰੂਕਿੰਗਜ਼ ਵਿਚ ਬਪਤਿਸਮਾ ਲੈਣ ਦਾ ਇੰਤਜ਼ਾਰ ਕਰਦਿਆਂ ਮੈਂ ਹਵੇਲੀ ਵਿਚ ਠੰਢ ਨਾਲ ਕੰਬ ਰਿਹਾ ਸੀ, ਜਿੱਦਾਂ ਮੈਂ ਸ਼ੁਰੂ ਵਿਚ ਦੱਸਿਆ ਸੀ। 12 ਨਵੰਬਰ 1949 ਨੂੰ ਖੁਰਲੀ ਵਿਚ ਸਾਡਾ ਚਾਰ ਜਣਿਆਂ ਦਾ ਬਪਤਿਸਮਾ ਹੋਇਆ।
ਫਿਰ ਮੈਂ ਪਾਇਨੀਅਰਿੰਗ ਕਰਨ ਦਾ ਟੀਚਾ ਰੱਖਿਆ। ਮੈਂ 1 ਜਨਵਰੀ 1952 ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਦੋਂ ਮੈਂ 15 ਸਾਲਾਂ ਦਾ ਸੀ। ਬਾਈਬਲ ਕਹਿੰਦੀ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾ. 13:20) ਮੇਰੇ ਤਾਇਆ ਜੀ ਜੂਲੀਅਸ ਦੀ ਉਮਰ 60 ਸਾਲਾਂ ਦੀ ਸੀ ਤੇ ਉਹ ਮੇਰੇ ਪਾਇਨੀਅਰ ਸਾਥੀ ਸਨ। ਭਾਵੇਂ ਸਾਡੀ ਉਮਰ ਵਿਚ ਬਹੁਤ ਫ਼ਰਕ ਸੀ, ਫਿਰ ਵੀ ਸਾਨੂੰ ਇਕੱਠਿਆਂ ਪ੍ਰਚਾਰ ਕਰ ਕੇ ਮਜ਼ਾ ਆਉਂਦਾ ਸੀ। ਮੈਂ ਉਨ੍ਹਾਂ ਦੇ ਤਜਰਬਿਆਂ ਤੋਂ ਬਹੁਤ ਕੁਝ ਸਿੱਖਿਆ ਅਤੇ ਸਮਝ ਪ੍ਰਾਪਤ ਕੀਤੀ। ਡੋਰਥੀ ਵੀ ਜਲਦੀ ਪਾਇਨੀਅਰਿੰਗ ਕਰਨ ਲੱਗ ਪਈ।
ਸਫ਼ਰੀ ਨਿਗਾਹਬਾਨਾਂ ਨੇ ਮੇਰੀ ਬਹੁਤ ਮਦਦ ਕੀਤੀ
ਮੇਰੇ ਬਚਪਨ ਵਿਚ ਮੇਰੇ ਮਾਪੇ ਕਈ ਵਾਰ ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਸਾਡੇ ਘਰ ਰੁਕਣ ਲਈ ਕਹਿੰਦੇ ਸਨ। ਉਨ੍ਹਾਂ ਵਿੱਚੋਂ ਜੈਸੀ ਅਤੇ ਲਿਨ ਕੈਂਟਵੈਲ ਨੇ ਮੇਰੀ ਬਹੁਤ ਮਦਦ ਕੀਤੀ। ਉਹ ਮੇਰੀ ਬਹੁਤ ਪਰਵਾਹ ਕਰਦੇ ਸੀ ਅਤੇ ਮੈਨੂੰ ਹੱਲਾਸ਼ੇਰੀ ਦਿੰਦੇ ਸੀ ਜਿਸ ਕਰਕੇ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਨਾਲੇ ਮੈਂ ਯਹੋਵਾਹ ਦੀ ਸੇਵਾ ਵਿਚ ਹੋਰ ਵੀ ਟੀਚੇ ਰੱਖ ਸਕਿਆ। ਜਦੋਂ ਉਹ ਨੇੜੇ ਦੀਆਂ ਮੰਡਲੀਆਂ ਵਿਚ ਸੇਵਾ ਕਰਦੇ ਸੀ, ਤਾਂ ਉਹ ਕਈ ਵਾਰ ਮੈਨੂੰ ਆਪਣੇ ਨਾਲ ਪ੍ਰਚਾਰ ’ਤੇ ਆਉਣ ਲਈ ਕਹਿੰਦੇ ਸਨ। ਉਹ ਸਮਾਂ ਕਿੰਨਾ ਵਧੀਆ ਸੀ ਅਤੇ ਮੈਨੂੰ ਬਹੁਤ ਹੌਸਲਾ ਮਿਲਦਾ ਸੀ।
ਸਾਡੀ ਮੰਡਲੀ ਦੇ ਅਗਲੇ ਸਫ਼ਰੀ ਦੌਰੇ ਲਈ ਬੱਡ ਤੇ ਉਸ ਦੀ ਪਤਨੀ ਜੋਨ ਮਿਲਰ ਆਏ। ਉਸ ਸਮੇਂ ਮੈਂ 18 ਸਾਲਾਂ ਦਾ ਸੀ ਅਤੇ ਮੈਨੂੰ ਫ਼ੌਜ ਵਿਚ ਭਰਤੀ ਹੋਣ ਦਾ ਹੁਕਮ ਮਿਲਿਆ। ਫ਼ੌਜੀ ਕਮੇਟੀ ਨੇ ਮੈਨੂੰ ਜੋ ਕੰਮ ਕਰਨ ਲਈ ਦਿੱਤਾ, ਉਸ ਤੋਂ ਮੈਨੂੰ ਲੱਗਾ ਕਿ ਸਰਕਾਰਾਂ ਪ੍ਰਤੀ ਨਿਰਪੱਖ ਰਹਿਣ ਦਾ ਯਿਸੂ ਦਾ ਹੁਕਮ ਮੈਂ ਨਹੀਂ ਮੰਨ ਰਿਹਾ। ਨਾਲੇ ਮੈਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਚਾਹੁੰਦਾ ਸੀ। (ਯੂਹੰ. 15:19) ਇਸ ਕਰਕੇ ਮੈਂ ਫ਼ੌਜੀ ਕਮੇਟੀ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਪ੍ਰਚਾਰਕ ਕਰਾਰ ਦੇਣ।
ਮੈਨੂੰ ਬਹੁਤ ਵਧੀਆ ਲੱਗਾ ਕਿ ਭਰਾ ਮਿਲਰ ਮੇਰੇ ਨਾਲ ਫ਼ੌਜੀ ਕਮੇਟੀ ਦੀ ਸੁਣਵਾਈ ’ਤੇ ਗਏ। ਉਹ ਕਿਸੇ ਨਾਲ ਵੀ ਗੱਲ ਕਰ ਲੈਂਦੇ ਸਨ ਅਤੇ ਕਿਸੇ ਤੋਂ ਵੀ ਡਰਦੇ ਨਹੀਂ ਸਨ। ਉਹ ਬਾਈਬਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਨ੍ਹਾਂ ਦਾ ਸਾਥ ਹੋਣ ਕਰਕੇ ਮੇਰੇ ਵਿਚ ਹਿੰਮਤ ਆ ਗਈ। ਸੁਣਵਾਈ ਦੇ ਨਤੀਜੇ ਵਜੋਂ 1954 ਦੀਆਂ ਗਰਮੀਆਂ ਵਿਚ ਮੈਨੂੰ ਪ੍ਰਚਾਰਕ ਕਰਾਰ ਦੇ ਦਿੱਤਾ ਗਿਆ। ਇਸ ਕਰਕੇ ਯਹੋਵਾਹ ਦੀ ਸੇਵਾ ਵਿਚ ਮੇਰੇ ਲਈ ਹੋਰ ਰਾਹ ਖੁੱਲ੍ਹਿਆ।
ਲਗਭਗ ਇਸ ਸਮੇਂ ਦੌਰਾਨ ਮੈਨੂੰ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਇਹ ਸਟੇਟਨ ਆਈਲੈਂਡ, ਨਿਊਯਾਰਕ ਵਿਚ ਸੀ ਜਿਸ ਨੂੰ ਉਸ ਸਮੇਂ ਵਾਚਟਾਵਰ ਫਾਰਮ ਕਹਿੰਦੇ ਸਨ। ਮੈਂ ਉੱਥੇ ਲਗਭਗ ਤਿੰਨ ਸਾਲ ਸੇਵਾ ਕੀਤੀ ਜੋ ਮੇਰੇ ਲਈ ਬਹੁਤ ਵੱਡਾ ਸਨਮਾਨ ਸੀ। ਉੱਥੇ ਸੇਵਾ ਕਰਦਿਆਂ ਮੈਂ ਕਈ ਸਮਝਦਾਰ ਲੋਕਾਂ ਨਾਲ ਮਿਲ ਕੇ ਕੰਮ ਕੀਤਾ ਜਿਸ ਕਰਕੇ ਮੈਨੂੰ ਬਹੁਤ ਵਧੀਆ ਤਜਰਬੇ ਹੋਏ।
ਬੈਥਲ ਸੇਵਾ
ਸਟੇਟਨ ਆਈਲੈਂਡ ਫਾਰਮ ’ਤੇ ਡਬਲਯੂ. ਬੀ. ਬੀ. ਆਰ. ਨਾਂ ਦਾ ਰੇਡੀਓ ਸਟੇਸ਼ਨ ਵੀ ਸੀ। 1924 ਤੋਂ ਲੈ ਕੇ 1957 ਤਕ ਯਹੋਵਾਹ ਦੇ ਗਵਾਹਾਂ ਨੇ ਇਸ ਨੂੰ ਚਲਾਇਆ। ਉਸ ਫਾਰਮ ’ਤੇ ਬੈਥਲ ਪਰਿਵਾਰ ਦੇ 15-20 ਕੁ ਜਣੇ ਕੰਮ ਕਰਦੇ ਸਨ। ਸਾਡੇ ਵਿੱਚੋਂ ਜ਼ਿਆਦਾਤਰ ਨੌਜਵਾਨ ਸਨ ਜਿਨ੍ਹਾਂ ਨੂੰ ਘੱਟ ਤਜਰਬਾ ਸੀ। ਪਰ ਸਾਡੇ ਨਾਲ ਸਿਆਣੇ ਚੁਣੇ ਹੋਏ ਮਸੀਹੀ ਭਰਾ ਐੱਲਡਨ ਵੁਡਵਰਥ ਸਨ। ਉਹ ਬਹੁਤ ਹੀ ਸਮਝਦਾਰ ਭਰਾ ਸਨ। ਉਹ ਸਾਡੇ ਲਈ ਇਕ ਪਿਤਾ ਵਾਂਗ ਸਨ ਜਿਨ੍ਹਾਂ ਨੇ ਸੱਚਾਈ ਵਿਚ ਮਜ਼ਬੂਤ ਹੋਣ ਵਿਚ ਸਾਡੀ ਮਦਦ ਕੀਤੀ। ਜਦੋਂ ਅਸੀਂ ਇਕ-ਦੂਜੇ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਚਿੜ ਜਾਂਦੇ ਸੀ, ਤਾਂ ਭਰਾ ਵੁਡਵਰਥ ਕਹਿੰਦੇ ਹੁੰਦੇ ਸਨ: “ਇਹ ਕਮਾਲ ਦੀ ਗੱਲ ਹੈ ਕਿ ਪ੍ਰਭੂ ਪਾਪੀ ਲੋਕਾਂ ਤੋਂ ਕਿੰਨੇ ਵੱਡੇ-ਵੱਡੇ ਕੰਮ ਕਰਾ ਰਿਹਾ ਹੈ।”
ਫਰੈਡਰਿਕ ਡਬਲਯੂ. ਫ਼ਰਾਂਜ਼ ਨਾਲ ਕੰਮ ਕਰਨਾ ਸਾਡੇ ਲਈ ਸਨਮਾਨ ਦੀ ਗੱਲ ਸੀ। ਉਹ ਬਹੁਤ ਹੀ ਸਮਝਦਾਰ ਭਰਾ ਸਨ ਅਤੇ ਉਨ੍ਹਾਂ ਨੂੰ ਬਾਈਬਲ ਦਾ ਬਹੁਤ ਜ਼ਿਆਦਾ ਗਿਆਨ ਸੀ ਜਿਸ ਦਾ ਸਾਡੇ ਸਾਰਿਆਂ ਉੱਤੇ ਵਧੀਆ ਅਸਰ ਪਿਆ। ਉਹ ਸਾਰਿਆਂ ਦਾ ਧਿਆਨ ਰੱਖਦੇ ਸੀ। ਭਰਾ ਹੈਰੀ ਪੀਟਰਸਨ ਸਾਡੇ ਲਈ ਖਾਣਾ ਬਣਾਉਂਦੇ ਸੀ। ਉਨ੍ਹਾਂ ਦਾ ਅਸਲੀ ਨਾਂ ਪਾਪਰਗਾਈਰੋਪਓਲੋਸ ਸੀ, ਪਰ ਅਸੀਂ ਉਨ੍ਹਾਂ ਨੂੰ ਪੀਟਰਸਨ ਕਹਿੰਦੇ ਸੀ। ਉਹ ਵੀ ਚੁਣੇ ਹੋਏ ਮਸੀਹੀ ਸਨ ਅਤੇ ਪ੍ਰਚਾਰ ਵਿਚ ਬਹੁਤ ਜੋਸ਼ੀਲੇ ਸਨ। ਭਰਾ ਪੀਟਰਸਨ ਆਪਣੀ ਬੈਥਲ ਦੀ ਜ਼ਿੰਮੇਵਾਰੀ ਬਹੁਤ ਚੰਗੇ ਤਰੀਕੇ ਨਾਲ ਨਿਭਾਉਂਦੇ ਸਨ, ਪਰ ਉਹ ਪ੍ਰਚਾਰ ’ਤੇ ਵੀ ਜਾਣਾ ਕਦੀ ਨਹੀਂ ਸੀ ਭੁੱਲਦੇ। ਉਹ ਹਰ ਮਹੀਨੇ ਸੈਂਕੜੇ ਰਸਾਲੇ ਵੰਡਦੇ ਸਨ। ਨਾਲੇ ਉਨ੍ਹਾਂ ਨੂੰ ਬਾਈਬਲ ਦਾ ਬਹੁਤ ਗਿਆਨ ਸੀ ਅਤੇ ਉਨ੍ਹਾਂ ਨੇ ਸਾਡੇ ਕਈ ਸਵਾਲਾਂ ਦੇ ਜਵਾਬ ਦਿੱਤੇ।
ਸਮਝਦਾਰ ਭੈਣਾਂ ਤੋਂ ਸਿੱਖਣਾ
ਖੇਤਾਂ ਵਿਚ ਉਗਦੀਆਂ ਫਲ-ਸਬਜ਼ੀਆਂ ਨੂੰ ਮਰਤਬਾਨਾਂ ਵਿਚ ਭਰਿਆ ਜਾਂਦਾ ਸੀ। ਬੈਥਲ ਪਰਿਵਾਰ ਲਈ ਹਰ ਸਾਲ ਲਗਭਗ 45,000 ਮਰਤਬਾਨ ਤਿਆਰ ਕੀਤੇ ਜਾਂਦੇ ਸਨ। ਮੇਰੇ ਲਈ
ਸਮਝਦਾਰ ਭੈਣ ਐਟਾ ਹੈਥ ਨਾਲ ਕੰਮ ਕਰਨਾ ਸਨਮਾਨ ਦੀ ਗੱਲ ਸੀ। ਜਿਹੜੀਆਂ ਚੀਜ਼ਾਂ ਮਰਤਬਾਨਾਂ ਵਿਚ ਭਰੀਆਂ ਜਾਂਦੀਆਂ ਸਨ, ਉਨ੍ਹਾਂ ਨੂੰ ਬਣਾਉਣ ਦੀ ਜ਼ਿੰਮੇਵਾਰੀ ਇਸ ਭੈਣ ਦੀ ਸੀ। ਇਨ੍ਹਾਂ ਮਹੀਨਿਆਂ ਦੌਰਾਨ ਆਲੇ-ਦੁਆਲੇ ਦੀਆਂ ਮੰਡਲੀਆਂ ਦੀਆਂ ਭੈਣਾਂ ਹੱਥ ਵਟਾਉਣ ਆਉਂਦੀਆਂ ਸਨ। ਇਨ੍ਹਾਂ ਭੈਣਾਂ ਦੇ ਕੰਮ ਦਾ ਪ੍ਰਬੰਧ ਐਟਾ ਕਰਦੀ ਸੀ। ਚਾਹੇ ਇਸ ਕੰਮ ਨੂੰ ਸੰਭਾਲਣ ਦੀ ਖ਼ਾਸ ਜ਼ਿੰਮੇਵਾਰੀ ਐਟਾ ਦੀ ਸੀ, ਫਿਰ ਵੀ ਉਸ ਨੇ ਜ਼ਿੰਮੇਵਾਰ ਭਰਾਵਾਂ ਦੇ ਅਧੀਨ ਰਹਿ ਕੇ ਵਧੀਆ ਮਿਸਾਲ ਰੱਖੀ। ਉਸ ਦਾ ਨਿਮਰ ਸੁਭਾਅ ਦੇ ਕੇ ਮੈਂ ਬਹੁਤ ਕੁਝ ਸਿੱਖਿਆ।ਨੌਜਵਾਨ ਭੈਣ ਐਂਜਲਾ ਰੋਮਾਨੋ ਵੀ ਮਰਤਬਾਨ ਭਰਨ ਲਈ ਆਉਂਦੀ ਸੀ। ਐਟਾ ਨੇ ਉਸ ਦੀ ਸੱਚਾਈ ਵਿਚ ਤਰੱਕੀ ਕਰਨ ਵਿਚ ਮਦਦ ਕੀਤੀ ਸੀ। ਬੈਥਲ ਸੇਵਾ ਕਰਦਿਆਂ ਮੈਂ ਇਸ ਸਮਝਦਾਰ ਭੈਣ ਨੂੰ ਮਿਲਿਆ ਜਿਸ ਨਾਲ ਮੈਂ 58 ਸਾਲਾਂ ਤੋਂ ਕਦਮ ਨਾਲ ਕਦਮ ਮਿਲਾ ਕੇ ਚੱਲ ਰਿਹਾ ਹਾਂ। ਅਪ੍ਰੈਲ 1958 ਵਿਚ ਸਾਡਾ ਵਿਆਹ ਹੋ ਗਿਆ ਅਤੇ ਯਹੋਵਾਹ ਦੀ ਸੇਵਾ ਕਰਦਿਆਂ ਸਾਨੂੰ ਬਹੁਤ ਸਨਮਾਨ ਮਿਲੇ ਹਨ। ਯਹੋਵਾਹ ਪ੍ਰਤੀ ਐਂਜਲਾ ਦੀ ਵਫ਼ਾਦਾਰੀ ਕਰਕੇ ਸਾਡਾ ਵਿਆਹੁਤਾ ਬੰਧਨ ਮਜ਼ਬੂਤ ਹੋਇਆ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਕਿਸੇ ਵੀ ਮੁਸ਼ਕਲ ਘੜੀ ਵਿਚ ਮੇਰਾ ਸਾਥ ਨਹੀਂ ਛੱਡੇਗੀ।
ਮਿਸ਼ਨਰੀ ਅਤੇ ਸਫ਼ਰੀ ਨਿਗਾਹਬਾਨ ਵਜੋਂ ਸੇਵਾ
ਜਦੋਂ 1957 ਵਿਚ ਸਟੇਟਨ ਆਈਲੈਂਡ ਦਾ ਡਬਲਯੂ. ਬੀ. ਬੀ. ਆਰ. ਰੇਡੀਓ ਸਟੇਸ਼ਨ ਵੇਚ ਦਿੱਤਾ ਗਿਆ, ਤਾਂ ਮੈਂ ਥੋੜ੍ਹੇ ਸਮੇਂ ਲਈ ਬਰੁਕਲਿਨ ਬੈਥਲ ਵਿਚ ਸੇਵਾ ਕੀਤੀ। ਐਂਜਲਾ ਨਾਲ ਵਿਆਹ ਹੋਣ ਤੋਂ ਬਾਅਦ ਮੈਂ ਬੈਥਲ ਛੱਡ ਦਿੱਤਾ ਅਤੇ ਅਸੀਂ ਲਗਭਗ ਤਿੰਨ ਸਾਲਾਂ ਲਈ ਸਟੇਟਨ ਆਈਲੈਂਡ ਵਿਚ ਪਾਇਨੀਅਰਿੰਗ ਕੀਤੀ। ਮੈਂ ਕੁਝ ਸਮੇਂ ਲਈ ਉਨ੍ਹਾਂ ਨਾਲ ਕੰਮ ਕੀਤਾ ਜਿਨ੍ਹਾਂ ਨੇ ਸਾਡਾ ਰੇਡੀਓ ਸਟੇਸ਼ਨ ਖ਼ਰੀਦਿਆ ਸੀ। ਉਸ ਸਟੇਸ਼ਨ ਦਾ ਨਾਂ ਡਬਲਯੂ. ਪੀ. ਓ. ਡਬਲਯੂ. ਸੀ।
ਅਸੀਂ ਆਪਣੀ ਜ਼ਿੰਦਗੀ ਸਾਦੀ ਰੱਖਣ ਦਾ ਇਰਾਦਾ ਕੀਤਾ ਤਾਂਕਿ ਸਾਨੂੰ ਜਿੱਥੇ ਵੀ ਸੇਵਾ ਕਰਨ ਲਈ ਕਿਹਾ ਜਾਵੇ, ਅਸੀਂ ਉੱਥੇ ਜਾਣ ਲਈ ਤਿਆਰ ਰਹੀਏ। ਇਸ ਕਰਕੇ 1961 ਦੇ ਸ਼ੁਰੂ ਵਿਚ ਅਸੀਂ ਫਾਲਸ ਸਿਟੀ, ਨੈਬਰਾਸਕਾ ਵਿਚ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਨ ਦਾ ਸੱਦਾ ਕਬੂਲ ਕਰ ਸਕੇ। ਸਾਨੂੰ ਉੱਥੇ ਗਿਆ ਅਜੇ ਥੋੜ੍ਹਾ ਹੀ ਸਮਾਂ ਹੋਇਆ ਸੀ, ਜਦੋਂ ਸਾਨੂੰ ਕਿੰਗਡਮ ਮਿਨਿਸਟ੍ਰੀ ਸਕੂਲ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਉਸ ਸਮੇਂ ਇਹ ਸਕੂਲ ਇਕ ਮਹੀਨੇ ਲਈ ਲੈਂਸਿੰਗ, ਨਿਊਯਾਰਕ ਵਿਚ ਹੁੰਦਾ ਸੀ। ਉਸ ਸਕੂਲ ਵਿਚ ਜਾ ਕੇ ਸਾਨੂੰ ਬਹੁਤ ਮਜ਼ਾ ਆਇਆ ਅਤੇ ਅਸੀਂ ਸੋਚਿਆ ਕਿ ਸਾਨੂੰ ਵਾਪਸ ਨੈਬਰਾਸਕਾ ਭੇਜਿਆ ਜਾਵੇਗਾ। ਪਰ ਸਾਨੂੰ ਬਹੁਤ ਹੈਰਾਨੀ ਹੋਈ ਜਦੋਂ ਸਾਨੂੰ ਕੰਬੋਡੀਆ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰਨ ਲਈ ਭੇਜਿਆ ਗਿਆ। ਏਸ਼ੀਆ ਦੇ ਦੱਖਣ-ਪੂਰਬ ਦਾ ਇਹ ਦੇਸ਼ ਬਹੁਤ ਸੋਹਣਾ ਹੈ। ਇੱਥੇ ਦੇ ਨਜ਼ਾਰੇ, ਪੇੜ-ਪੌਦੇ, ਪੰਛੀ, ਜਾਨਵਰ ਅਤੇ ਖਾਣਾ-ਪੀਣਾ ਬਹੁਤ ਹੀ ਅਲੱਗ ਤੇ ਵਧੀਆ ਸੀ। ਅਸੀਂ ਆਪਣੀ ਜ਼ਿੰਦਗੀ ਵਿਚ ਇੱਦਾਂ ਦੀਆਂ ਚੀਜ਼ਾਂ ਪਹਿਲਾਂ ਕਦੀ ਨਹੀਂ ਸੀ ਦੇਖੀਆਂ। ਅਸੀਂ ਇੱਥੇ ਖ਼ੁਸ਼-ਖ਼ਬਰੀ ਦਾ ਪ੍ਰਚਾਰ ਕਰਨ ਲਈ ਬੇਤਾਬ ਸੀ।
ਪਰ ਰਾਜਨੀਤਿਕ ਮਾਹੌਲ ਖ਼ਰਾਬ ਹੋਣ ਕਰਕੇ ਸਾਨੂੰ ਦੱਖਣੀ ਵੀਅਤਨਾਮ ਜਾਣਾ ਪਿਆ। ਬਹੁਤ ਦੁੱਖ ਦੀ ਗੱਲ ਹੈ ਕਿ ਦੋ ਸਾਲਾਂ ਦੇ ਅੰਦਰ-ਅੰਦਰ ਮੇਰੀ ਸਿਹਤ ਬਹੁਤ ਵਿਗੜ ਗਈ ਅਤੇ ਸਾਨੂੰ ਘਰ ਵਾਪਸ ਜਾਣ ਲਈ ਕਿਹਾ ਗਿਆ। ਮੈਨੂੰ ਠੀਕ ਹੋਣ ਲਈ ਥੋੜ੍ਹਾ ਸਮਾਂ ਚਾਹੀਦਾ ਸੀ। ਪਰ ਜਿੱਦਾਂ ਹੀ ਮੈਂ ਠੀਕ ਹੋ ਗਿਆ, ਅਸੀਂ ਦੋਨਾਂ ਨੇ ਦੁਬਾਰਾ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ।
ਮਾਰਚ 1965 ਵਿਚ ਸਾਨੂੰ ਮੰਡਲੀਆਂ ਦਾ ਦੌਰਾ ਕਰਨ ਦਾ ਸਨਮਾਨ ਮਿਲਿਆ। ਮੈਂ 33 ਸਾਲਾਂ ਤਕ ਸਫ਼ਰੀ ਅਤੇ ਜ਼ਿਲ੍ਹਾ ਨਿਗਾਹਬਾਨ ਵਜੋਂ ਸੇਵਾ ਕੀਤੀ। ਇਸ ਦੇ ਨਾਲ-ਨਾਲ ਅਸੀਂ ਵੱਡੇ ਸੰਮੇਲਨ ਹੋਣ ਤੋਂ ਪਹਿਲਾਂ ਅਤੇ ਇਸ ਦੌਰਾਨ ਵੀ ਬਹੁਤ ਕੰਮ ਕਰਦੇ ਸੀ। ਮੈਨੂੰ ਵੱਡੇ ਸੰਮੇਲਨਾਂ ਤੋਂ ਬਹੁਤ ਖ਼ੁਸ਼ੀ ਮਿਲਦੀ ਸੀ ਅਤੇ ਇਨ੍ਹਾਂ ਦਾ ਪ੍ਰਬੰਧ ਕਰ ਕੇ ਮੈਨੂੰ ਮਜ਼ਾ ਆਉਂਦਾ ਸੀ। ਅਸੀਂ ਕਾਫ਼ੀ ਸਾਲਾਂ ਤਕ ਨਿਊਯਾਰਕ ਸਿਟੀ ਵਿਚ ਸੇਵਾ ਕੀਤੀ ਅਤੇ ਕਈ ਵੱਡੇ ਸੰਮੇਲਨ ਯੈਂਕੀ ਸਟੇਡੀਅਮ ਵਿਚ ਹੁੰਦੇ ਸਨ।
ਬੈਥਲ ਨੂੰ ਵਾਪਸ ਅਤੇ ਸਿਖਲਾਈ ਦਾ ਕੰਮ
ਸਮੇਂ ਦੇ ਬੀਤਣ ਨਾਲ ਸਾਨੂੰ ਕੋਈ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਜਿਨ੍ਹਾਂ ਵਿਚ ਸਾਨੂੰ ਚੁਣੌਤੀਆਂ ਦਾ ਸਾਮ੍ਹਣਾ ਕਰਨ ਪਿਆ। ਮਿਸਾਲ ਲਈ, 1995 ਵਿਚ ਮੈਨੂੰ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ
ਵਿਚ ਸਿਖਲਾਈ ਦੇਣ ਲਈ ਕਿਹਾ ਗਿਆ। ਤਿੰਨ ਸਾਲਾਂ ਬਾਅਦ ਸਾਨੂੰ ਬੈਥਲ ਬੁਲਾਇਆ ਗਿਆ। ਮੈਨੂੰ ਇੰਨੀ ਖ਼ੁਸ਼ੀ ਸੀ ਕਿ ਮੈਨੂੰ 40 ਤੋਂ ਜ਼ਿਆਦਾ ਸਾਲਾਂ ਬਾਅਦ ਉੱਥੇ ਜਾ ਕੇ ਸੇਵਾ ਕਰਨ ਦਾ ਸਨਮਾਨ ਮਿਲਿਆ ਜਿੱਥੇ ਮੈਂ ਪੂਰੇ ਸਮੇਂ ਦੀ ਖ਼ਾਸ ਸੇਵਾ ਸ਼ੁਰੂ ਕੀਤੀ ਸੀ। ਮੈਂ ਕੁਝ ਸਮੇਂ ਲਈ ਸੇਵਾ ਵਿਭਾਗ ਵਿਚ ਕੰਮ ਕੀਤਾ ਅਤੇ ਸੰਗਠਨ ਵੱਲੋਂ ਚਲਾਏ ਗਏ ਕਈ ਸਕੂਲਾਂ ਵਿਚ ਸਿਖਲਾਈ ਦਿੱਤੀ। 2007 ਵਿਚ ਪ੍ਰਬੰਧਕ ਸਭਾ ਨੇ ਬੈਥਲ ਵਿਚ ਚਲਾਏ ਜਾਂਦੇ ਸਕੂਲਾਂ ਨੂੰ ਥੀਓਕ੍ਰੈਟਿਕ ਸਕੂਲਸ ਡਿਪਾਰਟਮੈਂਟ ਅਧੀਨ ਕਰ ਦਿੱਤਾ। ਮੈਂ ਕਈ ਸਾਲਾਂ ਤਕ ਇਸ ਵਿਭਾਗ ਦਾ ਨਿਗਰਾਨ ਰਿਹਾ।ਅਸੀਂ ਹਾਲ ਹੀ ਵਿਚ ਸੰਗਠਨ ਵੱਲੋਂ ਚਲਾਏ ਜਾਂਦੇ ਸਕੂਲਾਂ ਵਿਚ ਤਬਦੀਲੀਆਂ ਹੁੰਦੀਆਂ ਦੇਖੀਆਂ ਹਨ। 2008 ਵਿਚ ਮੰਡਲੀ ਦੇ ਬਜ਼ੁਰਗਾਂ ਲਈ ਸਕੂਲ ਸ਼ੁਰੂ ਕੀਤਾ ਗਿਆ। ਅਗਲੇ ਦੋ ਤੋਂ ਜ਼ਿਆਦਾ ਸਾਲਾਂ ਵਿਚ 12,000 ਤੋਂ ਵੱਧ ਬਜ਼ੁਰਗਾਂ ਨੂੰ ਪੈਟਰਸਨ ਅਤੇ ਬਰੁਕਲਿਨ ਬੈਥਲ ਵਿਚ ਸਿਖਲਾਈ ਦਿੱਤੀ ਗਈ। ਇਹ ਸਕੂਲ ਹੋਰ ਅਲੱਗ-ਅਲੱਗ ਥਾਵਾਂ ’ਤੇ ਚੱਲ ਰਿਹਾ ਹੈ ਜਿਨ੍ਹਾਂ ਵਿਚ ਵਧੀਆ ਸਿਖਲਾਈ ਦੇਣ ਵਾਲੇ ਭਰਾ ਹਨ। 2010 ਵਿਚ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਦਾ ਨਾਂ ਬਦਲ ਕੇ ਭਰਾਵਾਂ ਲਈ ਬਾਈਬਲ ਸਕੂਲ ਰੱਖ ਦਿੱਤਾ ਗਿਆ। ਨਾਲੇ ਇਕ ਨਵਾਂ ਸਕੂਲ ਚਲਾਇਆ ਗਿਆ ਜਿਸ ਦਾ ਨਾਂ ਸੀ, ਪਤੀ-ਪਤਨੀਆਂ ਲਈ ਬਾਈਬਲ ਸਕੂਲ।
2015 ਦੇ ਸੇਵਾ ਸਾਲ ਦੇ ਸ਼ੁਰੂ ਵਿਚ ਇਨ੍ਹਾਂ ਦੋਵੇਂ ਸਕੂਲਾਂ ਨੂੰ ਮਿਲਾ ਦਿੱਤਾ ਗਿਆ। ਹੁਣ ਇਸ ਨਵੇਂ ਸਕੂਲ ਦਾ ਨਾਂ ਹੈ ਰਾਜ ਦੇ ਪ੍ਰਚਾਰਕਾਂ ਲਈ ਸਕੂਲ। ਇਸ ਸਕੂਲ ਵਿਚ ਜੋੜੇ ਅਤੇ ਕੁਆਰੇ ਭੈਣ-ਭਰਾ ਜਾ ਸਕਦੇ ਹਨ। ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਨੂੰ ਇਹ ਸੁਣ ਕੇ ਬਹੁਤ ਖ਼ੁਸ਼ੀ ਹੋਈ ਕਿ ਇਹ ਸਕੂਲ ਕਈ ਦੇਸ਼ਾਂ ਵਿਚ ਚਲਾਇਆ ਜਾਣਾ ਸੀ। ਮੈਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਹੁਣ ਹੋਰ ਵੀ ਜ਼ਿਆਦਾ ਭੈਣਾਂ-ਭਰਾਵਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਨਾਲੇ ਮੈਂ ਇਸ ਗੱਲ ਨੂੰ ਸਨਮਾਨ ਸਮਝਦਾ ਹਾਂ ਕਿ ਮੈਂ ਇਨ੍ਹਾਂ ਸਕੂਲਾਂ ਵਿਚ ਆਏ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਮਿਲ ਸਕਿਆ।
ਆਪਣੇ ਬਪਤਿਸਮੇ ਤੋਂ ਪਹਿਲਾਂ ਦੇ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ’ਤੇ ਝਾਤ ਮਾਰਦਿਆਂ ਮੈਂ ਯਹੋਵਾਹ ਦਾ ਧੰਨਵਾਦ ਕਰਦਾ ਹੈ ਕਿ ਉਸ ਨੇ ਮੈਨੂੰ ਸਮਝਦਾਰ ਭੈਣਾਂ-ਭਰਾਵਾਂ ਨਾਲ ਮਿਲਾਇਆ ਜਿਨ੍ਹਾਂ ਨੇ ਸੱਚਾਈ ਦੇ ਰਾਹ ’ਤੇ ਚੱਲਣ ਵਿਚ ਮੇਰੀ ਮਦਦ ਕੀਤੀ। ਉਹ ਸਾਰੇ ਮੇਰੀ ਉਮਰ ਜਾਂ ਪਿਛੋਕੜ ਦੇ ਨਹੀਂ ਸਨ। ਪਰ ਉਹ ਸਾਰੇ ਯਹੋਵਾਹ ਨੂੰ ਦਿਲੋਂ ਮੰਨਦੇ ਸਨ। ਯਹੋਵਾਹ ਲਈ ਉਨ੍ਹਾਂ ਦਾ ਡੂੰਘਾ ਪਿਆਰ ਉਨ੍ਹਾਂ ਦੇ ਕੰਮਾਂ ਅਤੇ ਰਵੱਈਏ ਤੋਂ ਸਾਫ਼-ਸਾਫ਼ ਝਲਕਦਾ ਸੀ। ਯਹੋਵਾਹ ਦੇ ਸੰਗਠਨ ਵਿਚ ਇੱਦਾਂ ਦੇ ਬਹੁਤ ਸਾਰੇ ਸਮਝਦਾਰ ਭੈਣ-ਭਰਾ ਹਨ ਜਿਨ੍ਹਾਂ ਨਾਲ ਅਸੀਂ ਕਦਮ ਨਾਲ ਕਦਮ ਮਿਲਾ ਕੇ ਚੱਲ ਸਕਦੇ ਹਾਂ। ਮੈਂ ਵੀ ਇੱਦਾਂ ਕੀਤਾ ਜਿਸ ਦਾ ਮੈਨੂੰ ਬਹੁਤ ਫ਼ਾਇਦਾ ਹੋਇਆ ਹੈ।