ਯਹੋਵਾਹ ਦੇ ਦਿਨ ਦੀ ਉਡੀਕ ਕਰਦਿਆਂ ਖ਼ੁਸ਼ ਕਿਵੇਂ ਰਹੀਏ?
ਕੀ ਤੁਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ ਜਦੋਂ ਯਹੋਵਾਹ ਸਾਰੀਆਂ ਬੁਰਾਈਆਂ ਨੂੰ ਖ਼ਤਮ ਕਰ ਕੇ ਚੰਗਾ ਸਮਾਂ ਲਿਆਵੇਗਾ? (ਪ੍ਰਕਾ. 21:1-5) ਬੇਸ਼ੱਕ ਅਸੀਂ ਸਾਰੇ ਹੀ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ ਹਾਂ। ਪਰ ਧੀਰਜ ਰੱਖਦਿਆਂ ਯਹੋਵਾਹ ਦੇ ਦਿਨ ਦੀ ਉਡੀਕ ਕਰਨੀ ਹਮੇਸ਼ਾ ਸੌਖੀ ਨਹੀਂ ਹੁੰਦੀ, ਖ਼ਾਸ ਕਰਕੇ ਉਦੋਂ ਜਦੋਂ ਅਸੀਂ ਮੁਸ਼ਕਲਾਂ ਵਿਚ ਘਿਰੇ ਹੁੰਦੇ ਹਾਂ। ਬਾਈਬਲ ਬਿਲਕੁਲ ਠੀਕ ਕਹਿੰਦੀ ਹੈ: “ਆਸ ਪੂਰੀ ਹੋਣ ਵਿਚ ਦੇਰੀ ਦਿਲ ਨੂੰ ਬੀਮਾਰ ਕਰ ਦਿੰਦੀ ਹੈ।”—ਕਹਾ. 13:12.
ਫਿਰ ਵੀ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਧੀਰਜ ਰੱਖੀਏ ਅਤੇ ਉਸ ਦੇ ਦਿਨ ਦੀ ਉਡੀਕ ਕਰੀਏ। ਯਹੋਵਾਹ ਸਾਡੇ ਤੋਂ ਇਹ ਕਿਉਂ ਚਾਹੁੰਦਾ ਹੈ? ਨਾਲੇ ਅਸੀਂ ਉਡੀਕ ਕਰਦਿਆਂ ਵੀ ਖ਼ੁਸ਼ ਕਿੱਦਾਂ ਰਹਿ ਸਕਦੇ ਹਾਂ?
ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਉਡੀਕ ਕਰੀਏ?
ਬਾਈਬਲ ਵਿਚ ਲਿਖਿਆ ਹੈ: “ਯਹੋਵਾਹ ਧੀਰਜ ਨਾਲ ਉਡੀਕ ਕਰ ਰਿਹਾ ਹੈ ਕਿ ਤੁਹਾਡੇ ʼਤੇ ਮਿਹਰ ਕਰੇ, ਉਹ ਤੁਹਾਡੇ ʼਤੇ ਦਇਆ ਕਰਨ ਲਈ ਉੱਠ ਖੜ੍ਹਾ ਹੋਵੇਗਾ ਕਿਉਂਕਿ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ। ਖ਼ੁਸ਼ ਹਨ ਉਹ ਸਾਰੇ ਜੋ ਉਸ ʼਤੇ ਉਮੀਦ ਲਾਈ ਰੱਖਦੇ ਹਨ।” (ਯਸਾ. 30:18) ਵੈਸੇ ਤਾਂ ਇਹ ਗੱਲ ਯਸਾਯਾਹ ਨੇ ਢੀਠ ਯਹੂਦੀਆਂ ਨੂੰ ਕਹੀ ਸੀ। (ਯਸਾ. 30:1) ਪਰ ਉਸ ਵੇਲੇ ਕੁਝ ਵਫ਼ਾਦਾਰ ਯਹੂਦੀ ਵੀ ਸਨ ਅਤੇ ਯਸਾਯਾਹ ਦੀ ਇਹ ਗੱਲ ਸੁਣ ਕੇ ਉਨ੍ਹਾਂ ਨੂੰ ਇਕ ਉਮੀਦ ਮਿਲੀ। ਉਸੇ ਤਰ੍ਹਾਂ ਅੱਜ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਵੀ ਯਸਾਯਾਹ ਦੀ ਇਸ ਗੱਲ ਤੋਂ ਉਮੀਦ ਮਿਲਦੀ ਹੈ।
ਯਸਾਯਾਹ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਧੀਰਜ ਨਾਲ ਉਡੀਕ ਕਰ ਰਿਹਾ ਹੈ, ਇਸ ਲਈ ਸਾਨੂੰ ਵੀ ਉਡੀਕ ਕਰਨੀ ਚਾਹੀਦੀ ਹੈ। ਉਸ ਨੇ ਇਸ ਦੁਸ਼ਟ ਦੁਨੀਆਂ ਦਾ ਅੰਤ ਕਰਨ ਦਾ ਇਕ ਸਮਾਂ ਤੈਅ ਕੀਤਾ ਹੋਇਆ ਹੈ ਅਤੇ ਉਹ ਉਸ ਦਿਨ ਅਤੇ ਘੜੀ ਦੀ ਉਡੀਕ ਕਰ ਰਿਹਾ ਹੈ। (ਮੱਤੀ 24:36) ਉਸ ਵੇਲੇ ਇਹ ਸਾਬਤ ਹੋ ਜਾਵੇਗਾ ਕਿ ਸ਼ੈਤਾਨ ਨੇ ਯਹੋਵਾਹ ਅਤੇ ਉਸ ਦੇ ਸੇਵਕਾਂ ʼਤੇ ਜੋ ਇਲਜ਼ਾਮ ਲਗਾਏ ਹਨ, ਉਹ ਸਰਾਸਰ ਝੂਠੇ ਹਨ। ਇਸ ਤੋਂ ਬਾਅਦ ਉਹ ਸ਼ੈਤਾਨ ਅਤੇ ਉਸ ਦਾ ਸਾਥ ਦੇਣ ਵਾਲਿਆਂ ਦਾ ਸਫ਼ਾਇਆ ਕਰ ਦੇਵੇਗਾ, ਪਰ ‘ਸਾਡੇ ʼਤੇ ਦਇਆ ਕਰੇਗਾ।’
ਜਦ ਤਕ ਉਹ ਸਮਾਂ ਨਹੀਂ ਆਉਂਦਾ, ਉਦੋਂ ਤਕ ਸ਼ਾਇਦ ਯਹੋਵਾਹ ਸਾਡੀਆਂ ਮੁਸ਼ਕਲਾਂ ਦੂਰ ਨਾ ਕਰੇ, ਪਰ ਉਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਅਸੀਂ ਉਡੀਕ ਕਰਦਿਆਂ ਵੀ ਖ਼ੁਸ਼ ਰਹਿ ਸਕਦੇ ਹਾਂ। ਯਸਾਯਾਹ ਨੇ ਵੀ ਕਿਹਾ ਸੀ ਕਿ ਕਿਸੇ ਚੰਗੀ ਚੀਜ਼ ਦੀ ਉਡੀਕ ਕਰਦਿਆਂ ਵੀ ਅਸੀਂ ਖ਼ੁਸ਼ ਰਹਿ ਸਕਦੇ ਹਾਂ। (ਯਸਾ. 30:18) ਖ਼ੁਸ਼ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਅੱਗੇ ਦੱਸੇ ਚਾਰ ਕਦਮ ਸਾਡੀ ਮਦਦ ਕਰ ਸਕਦੇ ਹਨ।
ਉਡੀਕ ਕਰਦਿਆਂ ਖ਼ੁਸ਼ ਕਿੱਦਾਂ ਰਹੀਏ?
ਚੰਗੀਆਂ ਚੀਜ਼ਾਂ ʼਤੇ ਧਿਆਨ ਲਾਓ। ਰਾਜਾ ਦਾਊਦ ਨੇ ਆਪਣੀ ਜ਼ਿੰਦਗੀ ਦੌਰਾਨ ਬਹੁਤ ਬੁਰਾਈ ਦੇਖੀ। (ਜ਼ਬੂ. 37:35) ਪਰ ਫਿਰ ਵੀ ਉਸ ਨੇ ਲਿਖਿਆ: “ਯਹੋਵਾਹ ਸਾਮ੍ਹਣੇ ਚੁੱਪ ਰਹਿ ਅਤੇ ਧੀਰਜ ਨਾਲ ਉਸ ਦੀ ਉਡੀਕ ਕਰ। ਉਸ ਆਦਮੀ ਕਰਕੇ ਪਰੇਸ਼ਾਨ ਨਾ ਹੋ ਜੋ ਆਪਣੀਆਂ ਸਾਜ਼ਸ਼ਾਂ ਵਿਚ ਕਾਮਯਾਬ ਹੁੰਦਾ ਹੈ।” (ਜ਼ਬੂ. 37:7) ਦਾਊਦ ਨੇ ਖ਼ੁਦ ਵੀ ਇਹ ਸਲਾਹ ਮੰਨੀ। ਉਸ ਨੇ ਆਪਣਾ ਧਿਆਨ ਯਹੋਵਾਹ ਦੇ ਵਾਅਦਿਆਂ ʼਤੇ ਲਾਇਆ ਕਿ ਉਹ ਉਸ ਨੂੰ ਜ਼ਰੂਰ ਬਚਾਵੇਗਾ। ਉਸ ਨੇ ਇਸ ਗੱਲ ʼਤੇ ਵੀ ਧਿਆਨ ਲਾਇਆ ਕਿ ਯਹੋਵਾਹ ਨੇ ਹੁਣ ਤਕ ਉਸ ਲਈ ਕੀ ਕੁਝ ਕੀਤਾ ਹੈ। (ਜ਼ਬੂ. 40:5) ਸਾਨੂੰ ਵੀ ਆਪਣਾ ਧਿਆਨ ਮੁਸ਼ਕਲਾਂ ʼਤੇ ਲਾਉਣ ਦੀ ਬਜਾਇ ਇਸ ਗੱਲ ʼਤੇ ਲਾਉਣਾ ਚਾਹੀਦਾ ਹੈ ਕਿ ਸਾਡੇ ਨਾਲ ਕੀ-ਕੀ ਚੰਗਾ ਹੋ ਰਿਹਾ ਹੈ। ਇੱਦਾਂ ਕਰਨ ਨਾਲ ਯਹੋਵਾਹ ਦੇ ਦਿਨ ਦੀ ਉਡੀਕ ਕਰਨੀ ਸਾਡੇ ਲਈ ਹੋਰ ਵੀ ਸੌਖੀ ਹੋ ਜਾਵੇਗੀ।
ਯਹੋਵਾਹ ਦੀ ਮਹਿਮਾ ਕਰਨ ਵਿਚ ਰੁੱਝੇ ਰਹੋ। ਇਸ ਬਾਰੇ ਜ਼ਬੂਰ 71 ਵਿਚ ਇਕ ਬਹੁਤ ਹੀ ਵਧੀਆ ਗੱਲ ਕਹੀ ਗਈ ਹੈ, ਸ਼ਾਇਦ ਇਹ ਦਾਊਦ ਨੇ ਹੀ ਕਹੀ ਸੀ। ਉਸ ਨੇ ਯਹੋਵਾਹ ਨੂੰ ਕਿਹਾ: “ਮੈਂ ਤੇਰੀ ਉਡੀਕ ਕਰਦਾ ਰਹਾਂਗਾ; ਮੈਂ ਤੇਰੀ ਹੋਰ ਵੀ ਵਡਿਆਈ ਕਰਾਂਗਾ।” (ਜ਼ਬੂ. 71:14) ਉਹ ਕਿੱਦਾਂ ਯਹੋਵਾਹ ਦੀ ਮਹਿਮਾ ਕਰ ਸਕਦਾ ਸੀ? ਯਹੋਵਾਹ ਬਾਰੇ ਦੂਜਿਆਂ ਨੂੰ ਦੱਸ ਕੇ ਤੇ ਉਸ ਦੀ ਮਹਿਮਾ ਵਿਚ ਗੀਤ ਗਾ ਕੇ। (ਜ਼ਬੂ. 71:16, 23) ਦਾਊਦ ਵਾਂਗ ਅਸੀਂ ਵੀ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੇ ਦਿਨ ਦੀ ਉਡੀਕ ਕਰ ਸਕਦੇ ਹਾਂ। ਪ੍ਰਚਾਰ ਕਰਦਿਆਂ, ਇਕ-ਦੂਜੇ ਨਾਲ ਗੱਲਬਾਤ ਕਰਦਿਆਂ ਅਤੇ ਭਗਤੀ ਦੇ ਗੀਤ ਗਾਉਂਦਿਆਂ ਅਸੀਂ ਉਸ ਦੀ ਮਹਿਮਾ ਕਰ ਸਕਦੇ ਹਾਂ। ਸੋ ਅਗਲੀ ਵਾਰ ਜਦੋਂ ਤੁਸੀਂ ਕੋਈ ਭਗਤੀ ਗੀਤ ਗਾਓ, ਤਾਂ ਉਸ ਦੇ ਸ਼ਬਦਾਂ ʼਤੇ ਖ਼ਾਸ ਧਿਆਨ ਦਿਓ ਅਤੇ ਸੋਚੋ ਕਿ ਇਨ੍ਹਾਂ ਤੋਂ ਤੁਹਾਨੂੰ ਕਿਵੇਂ ਖ਼ੁਸ਼ੀ ਮਿਲ ਸਕਦੀ ਹੈ।
ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਓ ਅਤੇ ਹੌਸਲਾ ਪਾਓ। ਜਦੋਂ ਦਾਊਦ ਮੁਸ਼ਕਲਾਂ ਵਿੱਚੋਂ ਗੁਜ਼ਰ ਰਿਹਾ ਸੀ, ਤਾਂ ਉਸ ਨੇ ਯਹੋਵਾਹ ਨੂੰ ਕਿਹਾ: “ਤੇਰੇ ਵਫ਼ਾਦਾਰ ਸੇਵਕਾਂ ਦੀ ਮੌਜੂਦਗੀ ਵਿਚ, ਮੈਂ ਤੇਰੇ ਨਾਂ ʼਤੇ ਉਮੀਦ ਲਾਵਾਂਗਾ।” (ਜ਼ਬੂ. 52:9) ਅਸੀਂ ਵੀ ਆਪਣੇ ਭੈਣਾਂ-ਭਰਾਵਾਂ ਤੋਂ ਹੌਸਲਾ ਪਾ ਸਕਦੇ ਹਾਂ। ਨਾ ਸਿਰਫ਼ ਪ੍ਰਚਾਰ ਕਰਦਿਆਂ ਤੇ ਸਭਾਵਾਂ ਵਿਚ, ਸਗੋਂ ਹੋਰ ਮੌਕਿਆਂ ʼਤੇ ਉਨ੍ਹਾਂ ਨਾਲ ਸਮਾਂ ਬਿਤਾ ਕੇ।—ਰੋਮੀ. 1:11, 12.
ਆਪਣੀ ਉਮੀਦ ਪੱਕੀ ਕਰਦੇ ਰਹੋ। ਜ਼ਬੂਰ 62:5 ਵਿਚ ਲਿਖਿਆ ਹੈ: “ਮੈਂ ਚੁੱਪ-ਚਾਪ ਪਰਮੇਸ਼ੁਰ ਦੀ ਉਡੀਕ ਕਰਦਾ ਹਾਂ ਕਿਉਂਕਿ ਉਹੀ ਮੇਰੀ ਉਮੀਦ ਹੈ।” ਪੱਕੀ ਉਮੀਦ ਹੋਣ ਦਾ ਮਤਲਬ ਹੈ, ਪੂਰੇ ਯਕੀਨ ਨਾਲ ਕਿਸੇ ਚੀਜ਼ ਦਾ ਇੰਤਜ਼ਾਰ ਕਰਨਾ। ਪਰ ਜੇ ਅਸੀਂ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਾਂ, ਤਾਂ ਸਾਡੀ ਉਮੀਦ ਧੁੰਦਲੀ ਪੈ ਸਕਦੀ ਹੈ। ਇਸ ਲਈ ਸਾਨੂੰ ਪੱਕਾ ਭਰੋਸਾ ਹੋਣਾ ਚਾਹੀਦਾ ਹੈ ਕਿ ਯਹੋਵਾਹ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ, ਫਿਰ ਚਾਹੇ ਸਾਨੂੰ ਕਿੰਨਾ ਹੀ ਸਮਾਂ ਇੰਤਜ਼ਾਰ ਕਿਉਂ ਨਾ ਕਰਨਾ ਪਵੇ। ਪਰ ਅਸੀਂ ਆਪਣੀ ਉਮੀਦ ਪੱਕੀ ਕਿਵੇਂ ਕਰ ਸਕਦੇ ਹਾਂ? ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ। ਜਿੱਦਾਂ ਅਸੀਂ ਇਸ ਬਾਰੇ ਸੋਚ ਸਕਦੇ ਹਾਂ ਕਿ ਇਸ ਵਿਚ ਦਰਜ ਭਵਿੱਖਬਾਣੀਆਂ ਕਿੱਦਾਂ ਪੂਰੀਆਂ ਹੋਈਆਂ ਅਤੇ ਭਾਵੇਂ ਕਿ ਬਾਈਬਲ ਅਲੱਗ-ਅਲੱਗ ਲੋਕਾਂ ਨੇ ਲਿਖੀ ਹੈ, ਪਰ ਫਿਰ ਵੀ ਇਸ ਦੀਆਂ ਗੱਲਾਂ ਕਿਵੇਂ ਇਕ-ਦੂਜੇ ਨਾਲ ਮੇਲ ਖਾਂਦੀਆਂ ਹਨ। ਨਾਲੇ ਅਸੀਂ ਬਾਈਬਲ ਵਿੱਚੋਂ ਯਹੋਵਾਹ ਬਾਰੇ ਕਿੰਨਾ ਕੁਝ ਸਿੱਖ ਸਕਦੇ ਹਾਂ। (ਜ਼ਬੂ. 1:2, 3) ਇਸ ਤੋਂ ਇਲਾਵਾ, ਹਮੇਸ਼ਾ ਦੀ ਜ਼ਿੰਦਗੀ ਦੇ ਵਾਅਦੇ ਦੇ ਪੂਰੇ ਹੋਣ ਦੀ ਉਡੀਕ ਕਰਦਿਆਂ ਸਾਨੂੰ “ਪਵਿੱਤਰ ਸ਼ਕਤੀ ਅਨੁਸਾਰ ਪ੍ਰਾਰਥਨਾ” ਕਰਦੇ ਰਹਿਣਾ ਚਾਹੀਦਾ ਹੈ ਤਾਂਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਬਣਿਆ ਰਹੇ।—ਯਹੂ. 20, 21.
ਰਾਜਾ ਦਾਊਦ ਵਾਂਗ ਯਕੀਨ ਰੱਖੋ ਕਿ ਯਹੋਵਾਹ ਦੀਆਂ ਨਜ਼ਰਾਂ ਉਨ੍ਹਾਂ ਲੋਕਾਂ ʼਤੇ ਰਹਿੰਦੀਆਂ ਹਨ ਜਿਹੜੇ ਉਸ ਦੇ ਦਿਨ ਦਾ ਇੰਤਜ਼ਾਰ ਕਰਦੇ ਹਨ ਅਤੇ ਉਹ ਉਨ੍ਹਾਂ ਨੂੰ ਅਟੱਲ ਪਿਆਰ ਕਰਦਾ ਹੈ। (ਜ਼ਬੂ. 33:18, 22) ਆਓ ਆਪਾਂ ਚੰਗੀਆਂ ਚੀਜ਼ਾਂ ʼਤੇ ਧਿਆਨ ਲਾਉਂਦੇ ਰਹੀਏ, ਯਹੋਵਾਹ ਦੀ ਮਹਿਮਾ ਕਰਦੇ ਰਹੀਏ, ਭੈਣਾਂ-ਭਰਾਵਾਂ ਨਾਲ ਸਮਾਂ ਬਿਤਾ ਕੇ ਉਨ੍ਹਾਂ ਤੋਂ ਹੌਸਲਾ ਪਾਉਂਦੇ ਰਹੀਏ ਅਤੇ ਆਪਣੀ ਉਮੀਦ ਪੱਕੀ ਕਰਦੇ ਰਹੀਏ। ਇੱਦਾਂ ਕਰ ਕੇ ਅਸੀਂ ਧੀਰਜ ਰੱਖ ਸਕਾਂਗੇ ਅਤੇ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਰਹਿ ਸਕਾਂਗੇ।