Skip to content

Skip to table of contents

ਅਧਿਐਨ ਲੇਖ 8

ਗੀਤ 123 ਯਹੋਵਾਹ ਦੇ ਅਧੀਨ ਰਹੋ

ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਦੇ ਰਹੋ

ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਦੇ ਰਹੋ

“ਮੈਂ ਤੇਰਾ ਪਰਮੇਸ਼ੁਰ ਯਹੋਵਾਹ . . . ਤੈਨੂੰ ਉਸ ਰਾਹ ਪਾਉਂਦਾ ਹਾਂ ਜਿਸ ਰਾਹ ਤੈਨੂੰ ਜਾਣਾ ਚਾਹੀਦਾ ਹੈ।”​—ਯਸਾ. 48:17.

ਕੀ ਸਿੱਖਾਂਗੇ?

ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਯਹੋਵਾਹ ਅੱਜ ਕਿਵੇਂ ਆਪਣੇ ਲੋਕਾਂ ਨੂੰ ਸਹੀ ਰਾਹ ਦਿਖਾਉਂਦਾ ਹੈ ਅਤੇ ਉਸ ਦੇ ਦਿਖਾਏ ਰਾਹ ʼਤੇ ਚੱਲਣ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ।

1. ਮਿਸਾਲ ਦੇ ਕੇ ਸਮਝਾਓ ਕਿ ਸਾਨੂੰ ਕਿਉਂ ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਣਾ ਚਾਹੀਦਾ ਹੈ।

 ਕਲਪਨਾ ਕਰੋ ਕਿ ਤੁਸੀਂ ਇਕ ਜੰਗਲ ਵਿਚ ਗੁਆਚ ਗਏ ਹੋ। ਇਹ ਇਕ ਚਟਾਨੀ ਇਲਾਕਾ ਹੈ। ਚਾਰੇ ਪਾਸੇ ਖ਼ਤਰਨਾਕ ਜੰਗਲੀ ਜਾਨਵਰ ਘੁੰਮ ਰਹੇ ਹਨ ਅਤੇ ਜਗ੍ਹਾ-ਜਗ੍ਹਾ ਜ਼ਹਿਰੀਲੇ ਕੀੜੇ-ਮਕੌੜੇ ਅਤੇ ਪੇੜ-ਪੌਦੇ ਹਨ। ਪਰ ਜੇ ਤੁਹਾਡੇ ਨਾਲ ਇਕ ਅਜਿਹਾ ਵਿਅਕਤੀ ਹੋਵੇ ਜਿਹੜਾ ਜਾਣਦਾ ਹੋਵੇ ਕਿ ਕਿੱਥੇ-ਕਿੱਥੇ ਖ਼ਤਰਾ ਹੈ ਅਤੇ ਉਸ ਤੋਂ ਕਿਵੇਂ ਬਚਣਾ ਹੈ, ਤਾਂ ਤੁਹਾਨੂੰ ਕਿੰਨੀ ਰਾਹਤ ਮਿਲੇਗੀ, ਹਨਾ? ਤੁਸੀਂ ਉਸ ਦੇ ਕਿੰਨੇ ਅਹਿਸਾਨਮੰਦ ਹੋਵੋਗੇ। ਇਹ ਦੁਨੀਆਂ ਵੀ ਜੰਗਲ ਵਾਂਗ ਹੈ ਜਿੱਥੇ ਚਾਰੇ ਪਾਸੇ ਖ਼ਤਰੇ ਹੀ ਖ਼ਤਰੇ ਹਨ। ਜੇ ਸਾਡੇ ਤੋਂ ਛੋਟੀ ਜਿਹੀ ਵੀ ਗ਼ਲਤੀ ਹੋ ਗਈ, ਤਾਂ ਇਸ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਦਾਅ ʼਤੇ ਲੱਗ ਸਕਦਾ ਹੈ। ਪਰ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕਿਉਂ? ਕਿਉਂਕਿ ਯਹੋਵਾਹ ਸਾਨੂੰ ਰਾਹ ਦਿਖਾ ਰਿਹਾ ਹੈ। ਉਹ ਸਾਨੂੰ ਹਰ ਖ਼ਤਰੇ ਤੋਂ ਬਚਾਉਂਦਾ ਹੈ ਅਤੇ ਆਪਣੀ ਮੰਜ਼ਲ ਤਕ ਪਹੁੰਚਣ ਵਿਚ ਸਾਡੀ ਮਦਦ ਕਰਦਾ ਹੈ ਯਾਨੀ ਨਵੀਂ ਦੁਨੀਆਂ ਵਿਚ। ਅਸੀਂ ਉੱਥੇ ਹਮੇਸ਼ਾ ਲਈ ਜੀਵਾਂਗੇ।

2. ਯਹੋਵਾਹ ਸਾਨੂੰ ਕਿਵੇਂ ਸਹੀ ਰਾਹ ਦਿਖਾਉਂਦਾ ਹੈ?

2 ਯਹੋਵਾਹ ਸਾਨੂੰ ਅੱਜ ਕਿਵੇਂ ਸਹੀ ਰਾਹ ਦਿਖਾਉਂਦਾ ਹੈ? ਆਪਣੇ ਬਚਨ ਬਾਈਬਲ ਰਾਹੀਂ। ਇਸ ਤੋਂ ਇਲਾਵਾ, ਉਹ ਇਨਸਾਨਾਂ ਰਾਹੀਂ ਵੀ ਸਾਡੀ ਅਗਵਾਈ ਕਰਦਾ ਹੈ, ਜਿਵੇਂ ਉਹ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਰਾਹੀਂ ਸਾਨੂੰ ਸਹੀ ਸਮੇਂ ਤੇ ਭੋਜਨ ਦਿੰਦਾ ਹੈ ਤਾਂਕਿ ਅਸੀਂ ਸਹੀ ਫ਼ੈਸਲੇ ਕਰ ਸਕੀਏ। (ਮੱਤੀ 24:45) ਉਹ ਹੋਰ ਕਾਬਲ ਆਦਮੀਆਂ ਰਾਹੀਂ ਵੀ ਸਾਨੂੰ ਰਾਹ ਦਿਖਾਉਂਦਾ ਹੈ, ਜਿਵੇਂ ਸਰਕਟ ਓਵਰਸੀਅਰਾਂ ਅਤੇ ਮੰਡਲੀ ਦੇ ਬਜ਼ੁਰਗਾਂ ਰਾਹੀਂ। ਇਹ ਭਰਾ ਸਾਡਾ ਹੌਸਲਾ ਵਧਾਉਂਦੇ ਹਨ ਅਤੇ ਸਾਨੂੰ ਹਿਦਾਇਤਾਂ ਦਿੰਦੇ ਹਨ ਤਾਂਕਿ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੀਏ। ਇਨ੍ਹਾਂ ਆਖ਼ਰੀ ਦਿਨਾਂ ਵਿਚ ਯਹੋਵਾਹ ਜਿਸ ਤਰੀਕੇ ਨਾਲ ਸਾਡੀ ਮਦਦ ਕਰ ਰਿਹਾ ਹੈ, ਅਸੀਂ ਉਸ ਦੇ ਬਹੁਤ ਅਹਿਸਾਨਮੰਦ ਹਾਂ। ਇਸੇ ਕਰਕੇ ਅਸੀਂ ਯਹੋਵਾਹ ਦੇ ਦੋਸਤ ਬਣੇ ਰਹਿ ਪਾਉਂਦੇ ਹਾਂ ਅਤੇ ਜ਼ਿੰਦਗੀ ਦੇ ਰਾਹ ʼਤੇ ਚੱਲਦੇ ਰਹਿ ਪਾਉਂਦੇ ਹਾਂ।

3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਪਰ ਕਦੇ-ਕਦਾਈਂ ਸਾਨੂੰ ਯਹੋਵਾਹ ਵੱਲੋਂ ਮਿਲੀਆਂ ਹਿਦਾਇਤਾਂ ਮੰਨਣੀਆਂ ਔਖੀਆਂ ਲੱਗ ਸਕਦੀਆਂ ਹਨ, ਖ਼ਾਸ ਕਰਕੇ ਉਦੋਂ ਜਦੋਂ ਸਾਨੂੰ ਇਹ ਹਿਦਾਇਤਾਂ ਨਾਮੁਕੰਮਲ ਇਨਸਾਨਾਂ ਰਾਹੀਂ ਮਿਲਦੀਆਂ ਹਨ। ਹੋ ਸਕਦਾ ਹੈ ਕਿ ਭਰਾਵਾਂ ਤੋਂ ਸਾਨੂੰ ਜੋ ਹਿਦਾਇਤ ਮਿਲੇ, ਉਹ ਸਾਨੂੰ ਪਸੰਦ ਨਾ ਆਵੇ ਜਾਂ ਸਾਨੂੰ ਸਹੀ ਨਾ ਲੱਗੇ। ਇਸ ਲਈ ਸ਼ਾਇਦ ਅਸੀਂ ਸੋਚੀਏ ਕਿ ਇਹ ਹਿਦਾਇਤ ਯਹੋਵਾਹ ਵੱਲੋਂ ਤਾਂ ਹੋ ਹੀ ਨਹੀਂ ਸਕਦੀ। ਇੱਦਾਂ ਦੇ ਮੌਕਿਆਂ ʼਤੇ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਦਰਅਸਲ ਉਨ੍ਹਾਂ ਭਰਾਵਾਂ ਰਾਹੀਂ ਯਹੋਵਾਹ ਹੀ ਸਾਨੂੰ ਹਿਦਾਇਤਾਂ ਦੇ ਰਿਹਾ ਹੈ ਅਤੇ ਉਨ੍ਹਾਂ ਨੂੰ ਮੰਨਣ ਨਾਲ ਸਾਡਾ ਹੀ ਭਲਾ ਹੋਵੇਗਾ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਆਪਣਾ ਇਹ ਭਰੋਸਾ ਹੋਰ ਕਿਵੇਂ ਵਧਾ ਸਕਦੇ ਹਾਂ। ਅਸੀਂ ਤਿੰਨ ਗੱਲਾਂ ʼਤੇ ਚਰਚਾ ਕਰਾਂਗੇ। (1) ਯਹੋਵਾਹ ਨੇ ਪੁਰਾਣੇ ਸਮੇਂ ਵਿਚ ਆਪਣੇ ਲੋਕਾਂ ਨੂੰ ਕਿਵੇਂ ਰਾਹ ਦਿਖਾਇਆ? (2) ਯਹੋਵਾਹ ਅੱਜ ਸਾਨੂੰ ਕਿਵੇਂ ਰਾਹ ਦਿਖਾ ਰਿਹਾ ਹੈ? ਅਤੇ (3) ਉਸ ਦੇ ਦੱਸੇ ਰਾਹ ʼਤੇ ਚੱਲਦੇ ਰਹਿਣ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤਕ ਯਹੋਵਾਹ ਇਨਸਾਨਾਂ ਰਾਹੀਂ ਆਪਣੇ ਲੋਕਾਂ ਨੂੰ ਰਾਹ ਦਿਖਾ ਰਿਹਾ ਹੈ (ਪੈਰਾ 3 ਦੇਖੋ)


ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿੱਦਾਂ ਰਾਹ ਦਿਖਾਇਆ?

4-5. ਯਹੋਵਾਹ ਨੇ ਕਿੱਦਾਂ ਸਾਬਤ ਕੀਤਾ ਕਿ ਉਹ ਮੂਸਾ ਰਾਹੀਂ ਇਜ਼ਰਾਈਲੀਆਂ ਨੂੰ ਰਾਹ ਦਿਖਾ ਰਿਹਾ ਸੀ? (ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਦੇਖੋ।)

4 ਯਹੋਵਾਹ ਨੇ ਮੂਸਾ ਨੂੰ ਚੁਣਿਆ ਤਾਂਕਿ ਉਹ ਉਸ ਦੇ ਜ਼ਰੀਏ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਵੇ। ਨਾਲੇ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਈ ਸਬੂਤ ਦਿੱਤੇ ਕਿ ਉਹ ਮੂਸਾ ਰਾਹੀਂ ਉਨ੍ਹਾਂ ਨੂੰ ਰਾਹ ਦਿਖਾ ਰਿਹਾ ਸੀ। ਜ਼ਰਾ ਇਸ ਬਾਰੇ ਸੋਚੋ। ਯਹੋਵਾਹ ਦਿਨ ਵੇਲੇ ਬੱਦਲ ਦੇ ਥੰਮ੍ਹ ਅਤੇ ਰਾਤ ਵੇਲੇ ਅੱਗ ਦੇ ਥੰਮ੍ਹ ਨੂੰ ਵਰਤਦਾ ਸੀ। (ਕੂਚ 13:21) ਮੂਸਾ ਥੰਮ੍ਹ ਦੇ ਪਿੱਛੇ-ਪਿੱਛੇ ਚੱਲਿਆ ਅਤੇ ਇਜ਼ਰਾਈਲੀਆਂ ਨੂੰ ਲਾਲ ਸਮੁੰਦਰ ਨੇੜੇ ਲੈ ਆਇਆ। ਪਰ ਜਦੋਂ ਇਜ਼ਰਾਈਲੀਆਂ ਨੇ ਦੇਖਿਆ ਕਿ ਅੱਗੇ ਲਾਲ ਸਮੁੰਦਰ ਹੈ ਤੇ ਪਿੱਛੇ ਮਿਸਰੀ ਫ਼ੌਜ, ਤਾਂ ਉਹ ਬਹੁਤ ਡਰ ਗਏ। ਉਨ੍ਹਾਂ ਨੂੰ ਲੱਗਾ ਕਿ ਮੂਸਾ ਨੇ ਉਨ੍ਹਾਂ ਨੂੰ ਇੱਥੇ ਲਿਆ ਕੇ ਬਹੁਤ ਵੱਡੀ ਗ਼ਲਤੀ ਕਰ ਦਿੱਤੀ। ਪਰ ਇਹ ਕੋਈ ਗ਼ਲਤੀ ਨਹੀਂ ਸੀ। ਯਹੋਵਾਹ ਮੂਸਾ ਦੇ ਜ਼ਰੀਏ ਸੋਚ-ਸਮਝ ਕੇ ਆਪਣੇ ਲੋਕਾਂ ਨੂੰ ਇੱਥੇ ਲਿਆਇਆ ਸੀ। (ਕੂਚ 14:2) ਫਿਰ ਯਹੋਵਾਹ ਨੇ ਸ਼ਾਨਦਾਰ ਤਰੀਕੇ ਨਾਲ ਉਨ੍ਹਾਂ ਨੂੰ ਬਚਾਇਆ।​—ਕੂਚ 14:26-28.

ਉਜਾੜ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਰਾਹ ਦਿਖਾਉਣ ਲਈ ਮੂਸਾ ਬੱਦਲ ਦੇ ਥੰਮ੍ਹ ʼਤੇ ਨਿਰਭਰ ਸੀ (ਪੈਰੇ 4-5 ਦੇਖੋ)


5 ਇਸ ਤੋਂ ਬਾਅਦ, ਅਗਲੇ 40 ਸਾਲਾਂ ਤਕ ਮੂਸਾ ਬੱਦਲ ਦੇ ਥੰਮ੍ਹ ਦੇ ਪਿੱਛੇ-ਪਿੱਛੇ ਚੱਲਦਾ ਰਿਹਾ ਅਤੇ ਉਜਾੜ ਵਿਚ ਯਹੋਵਾਹ ਦੇ ਲੋਕਾਂ ਨੂੰ ਰਾਹ ਦਿਖਾਉਂਦਾ ਰਿਹਾ। a ਕੁਝ ਸਮੇਂ ਲਈ ਯਹੋਵਾਹ ਨੇ ਥੰਮ੍ਹ ਨੂੰ ਮੂਸਾ ਦੇ ਤੰਬੂ ʼਤੇ ਠਹਿਰਾਇਆ ਅਤੇ ਇਸ ਨੂੰ ਸਾਰੇ ਇਜ਼ਰਾਈਲੀ ਦੇਖ ਸਕਦੇ ਸਨ। (ਕੂਚ 33:7, 9-10) ਯਹੋਵਾਹ ਉਸ ਥੰਮ੍ਹ ਵਿੱਚੋਂ ਮੂਸਾ ਨੂੰ ਹਿਦਾਇਤਾਂ ਦਿੰਦਾ ਸੀ। ਫਿਰ ਮੂਸਾ ਇਹ ਹਿਦਾਇਤਾਂ ਲੋਕਾਂ ਨੂੰ ਦਿੰਦਾ ਸੀ। (ਜ਼ਬੂ. 99:7) ਸੱਚ-ਮੁੱਚ, ਇਜ਼ਰਾਈਲੀ ਇਹ ਸਾਫ਼-ਸਾਫ਼ ਦੇਖ ਸਕਦੇ ਸਨ ਕਿ ਯਹੋਵਾਹ ਮੂਸਾ ਰਾਹੀਂ ਉਨ੍ਹਾਂ ਨੂੰ ਰਾਹ ਦਿਖਾ ਰਿਹਾ ਸੀ।

ਮੂਸਾ ਅਤੇ ਉਸ ਤੋਂ ਬਾਅਦ ਚੁਣਿਆ ਗਿਆ ਆਗੂ, ਯਹੋਸ਼ੁਆ (ਪੈਰੇ 5, 7 ਦੇਖੋ)


6. ਜ਼ਿਆਦਾਤਰ ਇਜ਼ਰਾਈਲੀਆਂ ਨੇ ਯਹੋਵਾਹ ਦੇ ਪ੍ਰਬੰਧ ਪ੍ਰਤੀ ਕਿੱਦਾਂ ਦਾ ਰਵੱਈਆ ਦਿਖਾਇਆ? (ਗਿਣਤੀ 14:2, 10, 11)

6 ਅਫ਼ਸੋਸ ਦੀ ਗੱਲ ਹੈ ਕਿ ਜ਼ਿਆਦਾਤਰ ਇਜ਼ਰਾਈਲੀਆਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਯਹੋਵਾਹ ਮੂਸਾ ਰਾਹੀਂ ਉਨ੍ਹਾਂ ਨੂੰ ਹਿਦਾਇਤਾਂ ਦੇ ਰਿਹਾ ਸੀ ਜਦ ਕਿ ਇਸ ਦੇ ਸਬੂਤ ਸਾਫ਼-ਸਾਫ਼ ਦਿਸ ਰਹੇ ਸਨ। (ਗਿਣਤੀ 14:2, 10, 11 ਪੜ੍ਹੋ।) ਉਨ੍ਹਾਂ ਨੇ ਵਾਰ-ਵਾਰ ਇੱਦਾਂ ਕੀਤਾ। ਇਸ ਕਰਕੇ ਯਹੋਵਾਹ ਨੇ ਇਜ਼ਰਾਈਲੀਆਂ ਦੀ ਉਸ ਪੀੜ੍ਹੀ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਜਾਣ ਦਿੱਤਾ।​—ਗਿਣ. 14:30.

7. ਉਨ੍ਹਾਂ ਕੁਝ ਲੋਕਾਂ ਦੀ ਮਿਸਾਲ ਦਿਓ ਜੋ ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਦੇ ਰਹੇ। (ਗਿਣਤੀ 14:24) (ਤਸਵੀਰ ਵੀ ਦੇਖੋ।)

7 ਪਰ ਕੁਝ ਅਜਿਹੇ ਇਜ਼ਰਾਈਲੀ ਵੀ ਸਨ ਜੋ ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਦੇ ਰਹੇ। ਉਨ੍ਹਾਂ ਵਿੱਚੋਂ ਇਕ ਸੀ, ਕਾਲੇਬ। ਯਹੋਵਾਹ ਨੇ ਕਾਲੇਬ ਬਾਰੇ ਕਿਹਾ: “ਉਹ ਪੂਰੇ ਦਿਲ ਨਾਲ ਮੇਰੇ ਦੱਸੇ ਰਾਹ ʼਤੇ ਚੱਲਦਾ ਹੈ।” (ਗਿਣਤੀ 14:24 ਪੜ੍ਹੋ।) ਯਹੋਵਾਹ ਨੇ ਇਨਾਮ ਵਜੋਂ ਉਸ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦੀ ਇਜਾਜ਼ਤ ਦਿੱਤੀ, ਇੱਥੋਂ ਤਕ ਕਿ ਉਸ ਨੂੰ ਇਹ ਵੀ ਚੁਣਨ ਦਾ ਮੌਕਾ ਦਿੱਤਾ ਕਿ ਉਹ ਉਸ ਦੇਸ਼ ਵਿਚ ਕਿੱਥੇ ਰਹਿਣਾ ਚਾਹੇਗਾ। (ਯਹੋ. 14:12-14) ਇਸ ਤੋਂ ਇਲਾਵਾ, ਇਜ਼ਰਾਈਲੀਆਂ ਦੀ ਅਗਲੀ ਪੀੜ੍ਹੀ ਵੀ ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਦੀ ਰਹੀ। ਮੂਸਾ ਤੋਂ ਬਾਅਦ ਜਦੋਂ ਯਹੋਸ਼ੁਆ ਨੂੰ ਇਜ਼ਰਾਈਲੀਆਂ ਦਾ ਅਗਲਾ ਆਗੂ ਚੁਣਿਆ ਗਿਆ, ਤਾਂ ਇਜ਼ਰਾਈਲੀ “ਉਸ ਦੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਉਸ ਦਾ ਗਹਿਰਾ ਆਦਰ ਕਰਦੇ ਰਹੇ।” (ਯਹੋ. 4:14) ਇਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਕੇ ਗਿਆ।​—ਯਹੋ. 21:43, 44.

8. ਦੱਸੋ ਕਿ ਯਹੋਵਾਹ ਨੇ ਰਾਜਿਆਂ ਦੇ ਦਿਨਾਂ ਵਿਚ ਆਪਣੇ ਲੋਕਾਂ ਨੂੰ ਕਿਵੇਂ ਰਾਹ ਦਿਖਾਇਆ। (ਤਸਵੀਰ ਵੀ ਦੇਖੋ।)

8 ਸਾਲਾਂ ਬਾਅਦ ਯਹੋਵਾਹ ਨੇ ਆਪਣੇ ਲੋਕਾਂ ਨੂੰ ਰਾਹ ਦਿਖਾਉਣ ਲਈ ਨਿਆਈਆਂ ਨੂੰ ਚੁਣਿਆ। ਇਸ ਤੋਂ ਬਾਅਦ, ਰਾਜਿਆਂ ਦੇ ਜ਼ਮਾਨੇ ਵਿਚ ਯਹੋਵਾਹ ਨੇ ਨਬੀਆਂ ਦੇ ਜ਼ਰੀਏ ਆਪਣੇ ਲੋਕਾਂ ਨੂੰ ਰਾਹ ਦਿਖਾਇਆ। ਵਫ਼ਾਦਾਰ ਰਾਜਿਆਂ ਨੇ ਇਨ੍ਹਾਂ ਨਬੀਆਂ ਦੀ ਸੁਣੀ। ਜਿਵੇਂ, ਜਦੋਂ ਨਾਥਾਨ ਨਬੀ ਨੇ ਰਾਜਾ ਦਾਊਦ ਨੂੰ ਉਸ ਦੀ ਗ਼ਲਤੀ ਦੱਸੀ, ਤਾਂ ਉਸ ਨੇ ਨਿਮਰ ਹੋ ਕੇ ਆਪਣੀ ਗ਼ਲਤੀ ਮੰਨੀ। (2 ਸਮੂ. 12:7, 13; 1 ਇਤਿ. 17:3, 4) ਰਾਜਾ ਯਹੋਸ਼ਾਫਾਟ ਨੇ ਯਹਜ਼ੀਏਲ ਨਬੀ ਦੀ ਸਲਾਹ ਮੰਨੀ ਅਤੇ ਯਹੂਦਾਹ ਦੇ ਲੋਕਾਂ ਨੂੰ “[ਪਰਮੇਸ਼ੁਰ] ਦੇ ਨਬੀਆਂ ʼਤੇ ਨਿਹਚਾ” ਕਰਨ ਦੀ ਹੱਲਾਸ਼ੇਰੀ ਦਿੱਤੀ। (2 ਇਤਿ. 20:14, 15, 20) ਜਦੋਂ ਰਾਜਾ ਹਿਜ਼ਕੀਯਾਹ ਬਹੁਤ ਪਰੇਸ਼ਾਨ ਸੀ, ਤਾਂ ਉਸ ਨੇ ਯਸਾਯਾਹ ਤੋਂ ਮਦਦ ਮੰਗੀ। (ਯਸਾ. 37:1-6) ਜਦੋਂ ਵੀ ਰਾਜੇ ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਦੇ ਸਨ, ਤਾਂ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਸੀ ਅਤੇ ਸਾਰੀ ਕੌਮ ਦੀ ਹਿਫਾਜ਼ਤ ਕਰਦਾ ਸੀ। (2 ਇਤਿ. 20:29, 30; 32:22) ਇਹ ਸਭ ਦੇਖ ਕੇ ਸਾਫ਼ ਪਤਾ ਲੱਗਦਾ ਸੀ ਕਿ ਯਹੋਵਾਹ ਨਬੀਆਂ ਵਰਤ ਕੇ ਆਪਣੇ ਲੋਕਾਂ ਨੂੰ ਰਾਹ ਦਿਖਾ ਰਿਹਾ ਸੀ। ਫਿਰ ਵੀ ਜ਼ਿਆਦਾਤਰ ਰਾਜਿਆਂ ਨੇ ਯਹੋਵਾਹ ਦੇ ਨਬੀਆਂ ਦੀ ਗੱਲ ਨਹੀਂ ਸੁਣੀ।​—ਯਿਰ. 35:12-15.

ਰਾਜਾ ਹਿਜ਼ਕੀਯਾਹ ਅਤੇ ਯਸਾਯਾਹ ਨਬੀ (ਪੈਰਾ 8 ਦੇਖੋ)


ਯਹੋਵਾਹ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਕਿਵੇਂ ਰਾਹ ਦਿਖਾਇਆ?

9. ਯਹੋਵਾਹ ਨੇ ਪਹਿਲੀ ਸਦੀ ਵਿਚ ਮਸੀਹੀਆਂ ਨੂੰ ਕਿਵੇਂ ਰਾਹ ਦਿਖਾਇਆ? (ਤਸਵੀਰ ਵੀ ਦੇਖੋ।)

9 ਪਹਿਲੀ ਸਦੀ ਵਿਚ ਯਹੋਵਾਹ ਨੇ ਮਸੀਹੀ ਮੰਡਲੀ ਦੀ ਸ਼ੁਰੂਆਤ ਕੀਤੀ। ਉਸ ਵੇਲੇ ਯਹੋਵਾਹ ਨੇ ਕਿੱਦਾਂ ਮਸੀਹੀਆਂ ਨੂੰ ਰਾਹ ਦਿਖਾਇਆ? ਉਸ ਨੇ ਯਿਸੂ ਨੂੰ ਮੰਡਲੀ ਦਾ ਸਿਰ ਯਾਨੀ ਮੁਖੀ ਚੁਣਿਆ। (ਅਫ਼. 5:23) ਪਰ ਇੱਦਾਂ ਨਹੀਂ ਸੀ ਕਿ ਯਿਸੂ ਹਰ ਚੇਲੇ ਕੋਲ ਜਾ ਕੇ ਖ਼ੁਦ ਉਸ ਨੂੰ ਹਿਦਾਇਤਾਂ ਦਿੰਦਾ ਸੀ। ਇਸ ਦੀ ਬਜਾਇ, ਉਸ ਨੇ ਰਸੂਲਾਂ ਅਤੇ ਬਜ਼ੁਰਗਾਂ ਰਾਹੀਂ ਉਨ੍ਹਾਂ ਦੀ ਅਗਵਾਈ ਕੀਤੀ ਜੋ ਉਸ ਵੇਲੇ ਯਰੂਸ਼ਲਮ ਵਿਚ ਸਨ। (ਰਸੂ. 15:1, 2) ਇਸ ਤੋਂ ਇਲਾਵਾ, ਮੰਡਲੀ ਵਿਚ ਅਗਵਾਈ ਕਰਨ ਲਈ ਬਜ਼ੁਰਗਾਂ ਨੂੰ ਵੀ ਠਹਿਰਾਇਆ ਗਿਆ ਸੀ।​—1 ਥੱਸ. 5:12; ਤੀਤੁ. 1:5.

ਯਰੂਸ਼ਲਮ ਵਿਚ ਰਸੂਲ ਅਤੇ ਬਜ਼ੁਰਗ (ਪੈਰਾ 9 ਦੇਖੋ)


10. (ੳ) ਹਿਦਾਇਤਾਂ ਪ੍ਰਤੀ ਪਹਿਲੀ ਸਦੀ ਦੇ ਮਸੀਹੀਆਂ ਨੇ ਕਿਹੋ ਜਿਹਾ ਰਵੱਈਆ ਦਿਖਾਇਆ? (ਰਸੂਲਾਂ ਦੇ ਕੰਮ 15:30, 31) (ਅ) ਪੁਰਾਣੇ ਜ਼ਮਾਨੇ ਦੇ ਕੁਝ ਲੋਕਾਂ ਨੇ ਯਹੋਵਾਹ ਦੇ ਚੁਣੇ ਹੋਏ ਲੋਕਾਂ ʼਤੇ ਭਰੋਸਾ ਕਿਉਂ ਨਹੀਂ ਕੀਤਾ? (“ ਕੁਝ ਲੋਕਾਂ ਨੇ ਸਾਫ਼ ਸਬੂਤਾਂ ਨੂੰ ਵੀ ਕਿਉਂ ਨਜ਼ਰਅੰਦਾਜ਼ ਕੀਤਾ?” ਨਾਂ ਦੀ ਡੱਬੀ ਦੇਖੋ।)

10 ਯਹੋਵਾਹ ਨੇ ਪਹਿਲੀ ਸਦੀ ਵਿਚ ਮਸੀਹੀਆਂ ਨੂੰ ਜਿੱਦਾਂ ਰਾਹ ਦਿਖਾਇਆ, ਉਸ ਪ੍ਰਤੀ ਉਨ੍ਹਾਂ ਦਾ ਕਿੱਦਾਂ ਦਾ ਰਵੱਈਆ ਸੀ? ਜ਼ਿਆਦਾਤਰ ਮਸੀਹੀਆਂ ਨੇ ਉਨ੍ਹਾਂ ਹਿਦਾਇਤਾਂ ਨੂੰ ਖ਼ੁਸ਼ੀ-ਖ਼ੁਸ਼ੀ ਮੰਨਿਆ ਜੋ ਉਨ੍ਹਾਂ ਨੂੰ ਮਿਲਦੀਆਂ ਸਨ। ਦਰਅਸਲ, ਹਿਦਾਇਤਾਂ ਕਰਕੇ “ਉਨ੍ਹਾਂ ਨੂੰ ਹੌਸਲਾ ਮਿਲਿਆ ਤੇ ਬੇਹੱਦ ਖ਼ੁਸ਼ੀ ਹੋਈ।” (ਰਸੂਲਾਂ ਦੇ ਕੰਮ 15:30, 31 ਪੜ੍ਹੋ।) ਪਰ ਯਹੋਵਾਹ ਸਾਡੇ ਜ਼ਮਾਨੇ ਵਿਚ ਆਪਣੇ ਲੋਕਾਂ ਨੂੰ ਕਿਵੇਂ ਰਾਹ ਦਿਖਾ ਰਿਹਾ ਹੈ?

ਯਹੋਵਾਹ ਸਾਡੇ ਜ਼ਮਾਨੇ ਵਿਚ ਲੋਕਾਂ ਨੂੰ ਕਿੱਦਾਂ ਰਾਹ ਦਿਖਾ ਰਿਹਾ ਹੈ?

11. ਮਿਸਾਲ ਦੇ ਕੇ ਸਮਝਾਓ ਕਿ ਯਹੋਵਾਹ ਕਿਵੇਂ ਸਾਡੇ ਜ਼ਮਾਨੇ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਨੂੰ ਰਾਹ ਦਿਖਾਉਂਦਾ ਆਇਆ ਹੈ।

11 ਯਹੋਵਾਹ ਅੱਜ ਵੀ ਆਪਣੇ ਲੋਕਾਂ ਨੂੰ ਦਿਖਾ ਰਿਹਾ ਹੈ। ਉਹ ਬਾਈਬਲ ਤੇ ਆਪਣੇ ਪੁੱਤਰ ਰਾਹੀਂ ਇੱਦਾਂ ਕਰ ਰਿਹਾ ਹੈ ਜੋ ਕਿ ਮੰਡਲੀ ਦਾ ਮੁਖੀ ਹੈ। ਇਸ ਤੋਂ ਇਲਾਵਾ, ਯਹੋਵਾਹ ਇਨਸਾਨਾਂ ਰਾਹੀਂ ਵੀ ਆਪਣੇ ਲੋਕਾਂ ਨੂੰ ਰਾਹ ਦਿਖਾ ਰਿਹਾ ਹੈ, ਬਿਲਕੁਲ ਜਿੱਦਾਂ ਉਸ ਨੇ ਬੀਤੇ ਸਮੇਂ ਵਿਚ ਕੀਤਾ ਸੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਜ਼ਰਾ ਧਿਆਨ ਦਿਓ ਕਿ ਸਾਲ 1870 ਤੋਂ ਬਾਅਦ ਕੀ ਹੋਇਆ। ਚਾਰਲਸ ਟੇਜ਼ ਰਸਲ ਅਤੇ ਉਸ ਦੇ ਸਾਥੀ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰਨ ਲੱਗੇ। ਇਸ ਤੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ 1914 ਵਿਚ ਪਰਮੇਸ਼ੁਰ ਦੇ ਰਾਜ ਸੰਬੰਧੀ ਕੁਝ ਖ਼ਾਸ ਘਟਨਾਵਾਂ ਵਾਪਰਨਗੀਆਂ। (ਦਾਨੀ. 4:25, 26) ਕੀ ਇਸ ਸਭ ਪਿੱਛੇ ਯਹੋਵਾਹ ਦਾ ਹੱਥ ਸੀ? ਬਿਲਕੁਲ। ਸਾਲ 1914 ਵਿਚ ਜੋ ਘਟਨਾਵਾਂ ਵਾਪਰੀਆਂ, ਉਨ੍ਹਾਂ ਤੋਂ ਸਾਬਤ ਹੋਇਆ ਕਿ ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਗਿਆ ਹੈ। ਉਸੇ ਸਾਲ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ, ਮਹਾਂਮਾਰੀਆਂ ਫੈਲਣ ਲੱਗੀਆਂ, ਥਾਂ-ਥਾਂ ਭੁਚਾਲ਼ ਆਉਣ ਲੱਗੇ ਅਤੇ ਕਾਲ਼ ਪੈਣ ਲੱਗੇ। (ਲੂਕਾ 21:10, 11) ਸੱਚ-ਮੁੱਚ, ਯਹੋਵਾਹ ਇਨ੍ਹਾਂ ਬਾਈਬਲ ਵਿਦਿਆਰਥੀਆਂ ਰਾਹੀਂ ਆਪਣੇ ਲੋਕਾਂ ਨੂੰ ਰਾਹ ਦਿਖਾ ਰਿਹਾ ਸੀ।

12-13. ਦੂਜੇ ਵਿਸ਼ਵ ਯੁੱਧ ਦੌਰਾਨ ਕਿਹੜੇ ਇੰਤਜ਼ਾਮ ਕੀਤੇ ਗਏ ਤਾਂਕਿ ਵੱਡੇ ਪੈਮਾਨੇ ʼਤੇ ਲੋਕਾਂ ਨੂੰ ਪ੍ਰਚਾਰ ਕਰਨ ਤੇ ਸਿਖਾਉਣ ਦਾ ਕੰਮ ਕੀਤਾ ਜਾ ਸਕੇ?

12 ਹੁਣ ਜ਼ਰਾ ਧਿਆਨ ਦਿਓ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਕੀ ਹੋਇਆ। ਸਾਡੇ ਮੁੱਖ ਦਫ਼ਤਰ ਵਿਚ ਜ਼ਿੰਮੇਵਾਰੀਆਂ ਸੰਭਾਲਣ ਵਾਲੇ ਭਰਾਵਾਂ ਨੇ ਪ੍ਰਕਾਸ਼ ਦੀ ਕਿਤਾਬ 17:8 ਵਿਚ ਲਿਖੀ ਗੱਲ ਦਾ ਅਧਿਐਨ ਕੀਤਾ। ਇਸ ਤੋਂ ਉਹ ਸਮਝ ਗਏ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਰਮਾਗੇਡਨ ਨਹੀਂ ਆਵੇਗਾ। ਇਸ ਦੀ ਬਜਾਇ, ਇੱਦਾਂ ਦਾ ਸਮਾਂ ਆਵੇਗਾ ਜਦੋਂ ਕੁਝ ਹੱਦ ਤਕ ਸ਼ਾਂਤੀ ਹੋਵੇਗੀ ਅਤੇ ਉਹ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਸਕਣਗੇ। ਇਸ ਲਈ ਯਹੋਵਾਹ ਦੇ ਸੰਗਠਨ ਨੇ ਵਾਚਟਾਵਰ ਬਾਈਬਲ ਕਾਲਜ (ਸਕੂਲ) ਆਫ਼ ਗਿਲਿਅਡ ਦੀ ਸ਼ੁਰੂਆਤ ਕੀਤੀ। ਜੇ ਇਨਸਾਨੀ ਨਜ਼ਰੀਏ ਤੋਂ ਦੇਖੀਏ, ਤਾਂ ਉਸ ਵੇਲੇ ਇੱਦਾਂ ਕਰਨਾ ਸਹੀ ਨਹੀਂ ਸੀ। ਪਰ ਫਿਰ ਵੀ ਭਰਾਵਾਂ ਨੇ ਇਹ ਇੰਤਜ਼ਾਮ ਕੀਤਾ ਤਾਂਕਿ ਦੁਨੀਆਂ ਭਰ ਵਿਚ ਲੋਕਾਂ ਨੂੰ ਪ੍ਰਚਾਰ ਕਰਨ ਤੇ ਸਿਖਾਉਣ ਲਈ ਮਿਸ਼ਨਰੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਸਕੇ। ਜਦੋਂ ਅਜੇ ਯੁੱਧ ਚੱਲ ਹੀ ਰਿਹਾ ਸੀ, ਮਿਸ਼ਨਰੀਆਂ ਨੂੰ ਉਦੋਂ ਹੀ ਅਲੱਗ-ਅਲੱਗ ਥਾਵਾਂ ʼਤੇ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ, ਵਫ਼ਾਦਾਰ ਨੌਕਰ ਨੇ ਦੈਵ-ਸ਼ਾਸਕੀ ਸਕੂਲ b ਦੀ ਵੀ ਸ਼ੁਰੂਆਤ ਕੀਤੀ ਤਾਂਕਿ ਮੰਡਲੀਆਂ ਦੇ ਭੈਣਾਂ-ਭਰਾਵਾਂ ਨੂੰ ਹੋਰ ਚੰਗੀ ਤਰ੍ਹਾਂ ਪ੍ਰਚਾਰ ਕਰਨ ਅਤੇ ਸਿਖਾਉਣ ਦੀ ਸਿਖਲਾਈ ਦਿੱਤੀ ਜਾ ਸਕੇ। ਇੱਦਾਂ ਯਹੋਵਾਹ ਆਪਣੇ ਲੋਕਾਂ ਨੂੰ ਹੋਰ ਵੱਡੇ ਪੈਮਾਨੇ ʼਤੇ ਹੋਣ ਵਾਲੇ ਪ੍ਰਚਾਰ ਕੰਮ ਲਈ ਤਿਆਰ ਕਰ ਰਿਹਾ ਸੀ।

13 ਜੇ ਅਸੀਂ ਪਿੱਛੇ ਮੁੜ ਕੇ ਉਸ ਸਮੇਂ ਬਾਰੇ ਸੋਚੀਏ, ਤਾਂ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਮੁਸ਼ਕਲ ਦੌਰ ਵਿਚ ਵੀ ਯਹੋਵਾਹ ਆਪਣੇ ਲੋਕਾਂ ਨੂੰ ਰਾਹ ਦਿਖਾ ਰਿਹਾ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯਹੋਵਾਹ ਦੇ ਲੋਕ ਬਹੁਤ ਸਾਰੇ ਦੇਸ਼ਾਂ ਵਿਚ ਸ਼ਾਂਤੀ ਨਾਲ ਤੇ ਬਿਨਾਂ ਰੋਕ-ਟੋਕ ਤੋਂ ਪ੍ਰਚਾਰ ਕਰ ਰਹੇ ਹਨ। ਪਰਮੇਸ਼ੁਰ ਦੇ ਸੇਵਕ ਦੁਨੀਆਂ ਭਰ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਰਹੇ ਹਨ ਅਤੇ ਬਹੁਤ ਸਾਰੇ ਲੋਕ ਯਹੋਵਾਹ ਨੂੰ ਜਾਣ ਰਹੇ ਹਨ।

14. ਅੱਜ ਯਹੋਵਾਹ ਦੇ ਸੰਗਠਨ ਅਤੇ ਬਜ਼ੁਰਗਾਂ ਤੋਂ ਸਾਨੂੰ ਜੋ ਹਿਦਾਇਤਾਂ ਮਿਲ ਰਹੀਆਂ ਹਨ, ਅਸੀਂ ਉਨ੍ਹਾਂ ʼਤੇ ਕਿਉਂ ਭਰੋਸਾ ਰੱਖ ਸਕਦੇ ਹਾਂ? (ਪ੍ਰਕਾਸ਼ ਦੀ ਕਿਤਾਬ 2:1) (ਤਸਵੀਰ ਵੀ ਦੇਖੋ।)

14 ਅੱਜ ਪ੍ਰਬੰਧਕ ਸਭਾ ਦੇ ਭਰਾ ਹਰ ਮਾਮਲੇ ਵਿਚ ਮਸੀਹ ਦੀ ਅਗਵਾਈ ਭਾਲਦੇ ਹਨ। ਉਹ ਚਾਹੁੰਦੇ ਹਨ ਕਿ ਉਹ ਭੈਣਾਂ-ਭਰਾਵਾਂ ਨੂੰ ਜੋ ਵੀ ਹਿਦਾਇਤਾਂ ਦਿੰਦੇ ਹਨ, ਉਨ੍ਹਾਂ ਤੋਂ ਯਹੋਵਾਹ ਅਤੇ ਯਿਸੂ ਦੀ ਸੋਚ ਜ਼ਾਹਰ ਹੋਵੇ। ਉਹ ਇਹ ਹਿਦਾਇਤਾਂ ਸਰਕਟ ਓਵਰਸੀਅਰਾਂ ਅਤੇ ਬਜ਼ੁਰਗਾਂ ਰਾਹੀਂ ਮੰਡਲੀਆਂ ਤਕ ਪਹੁੰਚਾਉਂਦੇ ਹਨ। c ਚੁਣੇ ਹੋਏ ਬਜ਼ੁਰਗ ਅਤੇ ਮੰਡਲੀ ਦੇ ਬਾਕੀ ਬਜ਼ੁਰਗ ਮਸੀਹ ਦੇ “ਸੱਜੇ ਹੱਥ” ਵਿਚ ਹਨ। (ਪ੍ਰਕਾਸ਼ ਦੀ ਕਿਤਾਬ 2:1 ਪੜ੍ਹੋ।) ਇਹ ਸੱਚ ਹੈ ਕਿ ਇਹ ਸਾਰੇ ਬਜ਼ੁਰਗ ਨਾਮੁਕੰਮਲ ਹਨ ਅਤੇ ਉਨ੍ਹਾਂ ਤੋਂ ਗ਼ਲਤੀਆਂ ਹੁੰਦੀਆਂ ਹਨ, ਬਿਲਕੁਲ ਜਿੱਦਾਂ ਮੂਸਾ, ਯਹੋਸ਼ੁਆ ਅਤੇ ਰਸੂਲਾਂ ਤੋਂ ਵੀ ਹੋਈਆਂ ਸਨ। (ਗਿਣ. 20:12; ਯਹੋ. 9:14, 15; ਰੋਮੀ. 3:23) ਪਰ ਫਿਰ ਵੀ ਇਸ ਗੱਲ ਦੇ ਸਾਫ਼ ਸਬੂਤ ਮਿਲਦੇ ਹਨ ਕਿ ਯਿਸੂ ਬਹੁਤ ਹੀ ਸਮਝਦਾਰੀ ਨਾਲ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਤੇ ਬਜ਼ੁਰਗਾਂ ਰਾਹੀਂ ਸਾਨੂੰ ਸੇਧ ਦੇ ਰਿਹਾ ਹੈ। ਉਹ “ਯੁਗ ਦੇ ਆਖ਼ਰੀ ਸਮੇਂ ਤਕ” ਇੱਦਾਂ ਕਰਦਾ ਰਹੇਗਾ। (ਮੱਤੀ 28:20) ਇਸ ਲਈ ਬਜ਼ੁਰਗਾਂ ਵੱਲੋਂ ਮਿਲਣ ਵਾਲੀਆਂ ਹਿਦਾਇਤਾਂ ʼਤੇ ਅਸੀਂ ਪੂਰਾ ਭਰੋਸਾ ਕਰ ਸਕਦੇ ਹਾਂ ਜਿਨ੍ਹਾਂ ਰਾਹੀਂ ਯਿਸੂ ਆਪਣੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ।

ਪ੍ਰਬੰਧਕ ਸਭਾ (ਪੈਰਾ 14 ਦੇਖੋ)


ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਣ ਨਾਲ ਸਾਨੂੰ ਫ਼ਾਇਦਾ ਹੁੰਦਾ ਹੈ

15-16. ਤੁਸੀਂ ਉਨ੍ਹਾਂ ਦੇ ਤਜਰਬਿਆਂ ਤੋਂ ਕੀ ਸਿੱਖਦੇ ਹੋ ਜੋ ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲੇ?

15 ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਦੇ ਰਹਿਣ ਨਾਲ ਸਾਨੂੰ ਅੱਜ ਵੀ ਬਰਕਤਾਂ ਮਿਲਦੀਆਂ ਹਨ। ਜ਼ਰਾ ਐਂਡੀ ਤੇ ਰੂਬੀ ਦੀ ਮਿਸਾਲ ʼਤੇ ਗੌਰ ਕਰੋ ਜਿਨ੍ਹਾਂ ਨੇ ਵਫ਼ਾਦਾਰ ਅਤੇ ਸਮਝਦਾਰ ਨੌਕਰ ਵੱਲੋਂ ਮਿਲੀ ਸਲਾਹ ਨੂੰ ਮੰਨ ਕੇ ਆਪਣੀ ਜ਼ਿੰਦਗੀ ਸਾਦੀ ਕੀਤੀ। (ਮੱਤੀ 6:22; ਹਿੰਦੀ ਦੀ ਅਧਿਐਨ ਬਾਈਬਲ ਵਿਚ ਇਸ ਆਇਤ ਨਾਲ ਸਟੱਡੀ ਨੋਟ ਦੇਖੋ, “ਇੱਕੋ ਨਿਸ਼ਾਨੇ ʼਤੇ ਟਿਕੀ ਹੋਈ ਹੈ।”) ਨਤੀਜੇ ਵਜੋਂ, ਉਨ੍ਹਾਂ ਨੂੰ ਉਸਾਰੀ ਕੰਮ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ। ਰੂਬੀ ਦੱਸਦੀ ਹੈ: “ਅਸੀਂ ਬਹੁਤ ਹੀ ਛੋਟੀਆਂ-ਛੋਟੀਆਂ ਥਾਵਾਂ ʼਤੇ ਰਹੇ। ਕਦੇ-ਕਦੇ ਤਾਂ ਉੱਥੇ ਰਸੋਈ ਵੀ ਨਹੀਂ ਸੀ ਹੁੰਦੀ। ਮੈਨੂੰ ਫੋਟੋਗ੍ਰਾਫੀ ਕਰਨ ਦਾ ਬਹੁਤ ਸ਼ੌਕ ਸੀ। ਪਰ ਆਪਣੀ ਜ਼ਿੰਦਗੀ ਸਾਦੀ ਕਰਨ ਲਈ ਮੈਨੂੰ ਇਸ ਨਾਲ ਸੰਬੰਧਿਤ ਚੀਜ਼ਾਂ, ਜਿਵੇਂ ਕੈਮਰੇ ਤੇ ਲੈਂਸ ਵਗੈਰਾ ਵੇਚਣੇ ਪਏ। ਇੱਦਾਂ ਕਰਦਿਆਂ ਮੈਨੂੰ ਰੋਣਾ ਆ ਜਾਂਦਾ ਸੀ। ਪਰ ਅਬਰਾਹਾਮ ਦੀ ਪਤਨੀ ਸਾਰਾਹ ਵਾਂਗ ਮੈਂ ਠਾਣਿਆ ਹੋਇਆ ਸੀ ਕਿ ਮੈਂ ਪਿੱਛੇ ਦੇਖਣ ਦੀ ਬਜਾਇ ਅੱਗੇ ਦੇਖਾਂਗੀ।” (ਇਬ. 11:15) ਇਸ ਜੋੜੇ ਨੇ ਆਪਣੇ ਤਜਰਬੇ ਤੋਂ ਕਿਹੜੀ ਗੱਲ ਸਿੱਖੀ? ਰੂਬੀ ਦੱਸਦੀ ਹੈ: “ਸਾਡੇ ਕੋਲ ਜੋ ਕੁਝ ਵੀ ਹੈ, ਉਹ ਅਸੀਂ ਯਹੋਵਾਹ ਦੀ ਸੇਵਾ ਵਿਚ ਲਾ ਰਹੇ ਹਾਂ। ਇਸ ਕਰਕੇ ਅਸੀਂ ਬਹੁਤ ਖ਼ੁਸ਼ ਹਾਂ। ਯਹੋਵਾਹ ਦੀ ਸੇਵਾ ਕਰਦਿਆਂ ਸਾਨੂੰ ਨਵੀਂ ਦੁਨੀਆਂ ਦੀ ਝਲਕ ਮਿਲਦੀ ਹੈ ਕਿ ਉਸ ਸਮੇਂ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ।” ਐਂਡੀ ਦੱਸਦਾ ਹੈ: “ਅਸੀਂ ਬਹੁਤ ਖ਼ੁਸ਼ ਹਾਂ ਕਿਉਂਕਿ ਅਸੀਂ ਆਪਣਾ ਸਮਾਂ ਤੇ ਤਾਕਤ ਰਾਜ ਦੇ ਕੰਮਾਂ ਵਿਚ ਲਾ ਰਹੇ ਹਾਂ।”

16 ਜਦੋਂ ਅਸੀਂ ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਦੇ ਰਹਿੰਦੇ ਹਾਂ, ਤਾਂ ਸਾਨੂੰ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ? ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮਾਰੀਆ ਨੇ ਫ਼ੈਸਲਾ ਕੀਤਾ ਕਿ ਉਹ ਯਹੋਵਾਹ ਦੀ ਵਧ-ਚੜ੍ਹ ਕੇ ਸੇਵਾ ਕਰਨ ਲਈ ਪਾਇਨੀਅਰਿੰਗ ਕਰੇਗੀ। (ਮੱਤੀ 6:33; ਰੋਮੀ. 12:11) ਉਹ ਦੱਸਦੀ ਹੈ: “ਮੈਨੂੰ ਇਕ ਯੂਨੀਵਰਸਿਟੀ ਵੱਲੋਂ ਚਾਰ ਸਾਲਾਂ ਲਈ ਸਕਾਲਰਸ਼ਿਪ ਦੀ ਪੇਸ਼ਕਸ਼ ਹੋਈ। ਪਰ ਮੈਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੀ ਸੀ। ਇਸ ਕਰਕੇ ਮੈਂ ਫ਼ੈਸਲਾ ਕੀਤਾ ਕਿ ਮੈਂ ਇਕ ਛੋਟਾ ਜਿਹਾ ਕੋਰਸ ਕਰਾਂਗੀ ਜਿਸ ਨਾਲ ਮੈਂ ਆਪਣੇ ਪੈਰਾਂ ʼਤੇ ਖੜ੍ਹੀ ਹੋ ਸਕਾਂ ਅਤੇ ਪਾਇਨੀਅਰਿੰਗ ਵੀ ਕਰ ਸਕਾਂ। ਮੈਂ ਹੁਣ ਖ਼ੁਸ਼ੀ-ਖ਼ੁਸ਼ੀ ਪਾਇਨੀਅਰਿੰਗ ਕਰ ਰਹੀ ਹਾਂ ਅਤੇ ਇਹ ਮੇਰੇ ʼਤੇ ਹੈ ਕਿ ਮੈਂ ਕਿੰਨਾ ਕੁ ਕੰਮ ਕਰਾਂਗੀ। ਇਸ ਕਰਕੇ ਬੈਥਲ ਵਿਚ ਵਲੰਟੀਅਰ ਵਜੋਂ ਸੇਵਾ ਕਰਨ ਦੇ ਨਾਲ-ਨਾਲ ਮੈਨੂੰ ਯਹੋਵਾਹ ਦੀ ਸੇਵਾ ਵਿਚ ਹੋਰ ਵੀ ਬਹੁਤ ਸਾਰੇ ਕੰਮ ਕਰਨ ਦਾ ਸਨਮਾਨ ਮਿਲਿਆ ਹੈ। ਸੱਚ-ਮੁੱਚ, ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਫ਼ੈਸਲਿਆਂ ਵਿੱਚੋਂ ਇਕ ਸੀ।”

17. ਯਹੋਵਾਹ ਵੱਲੋਂ ਮਿਲਦੀਆਂ ਹਿਦਾਇਤਾਂ ਮੰਨਣ ਕਰਕੇ ਸਾਨੂੰ ਹੋਰ ਵੀ ਕਿਹੜੀਆਂ ਬਰਕਤਾਂ ਮਿਲਦੀਆਂ ਹਨ? (ਯਸਾਯਾਹ 48:17, 18)

17 ਸਾਨੂੰ ਸੰਗਠਨ ਵੱਲੋਂ ਅਜਿਹੀਆਂ ਹਿਦਾਇਤਾਂ ਮਿਲਦੀਆਂ ਹਨ ਜਿਨ੍ਹਾਂ ਕਰਕੇ ਸਾਡੀ ਹਿਫਾਜ਼ਤ ਹੁੰਦੀ ਹੈ। ਮਿਸਾਲ ਲਈ, ਸਾਨੂੰ ਖ਼ਬਰਦਾਰ ਕੀਤਾ ਜਾਂਦਾ ਹੈ ਕਿ ਅਸੀਂ ਪੈਸੇ ਨੂੰ ਪਿਆਰ ਨਾ ਕਰੀਏ ਅਤੇ ਨਾ ਹੀ ਇੱਦਾਂ ਦਾ ਕੁਝ ਕਰੀਏ ਜਿਸ ਕਰਕੇ ਅੱਗੇ ਚੱਲ ਕੇ ਅਸੀਂ ਪਾਪ ਕਰ ਬੈਠੀਏ। ਇੱਦਾਂ ਦੀਆਂ ਹਿਦਾਇਤਾਂ ਸਾਡੇ ਲਈ ਬਰਕਤ ਸਾਬਤ ਹੁੰਦੀਆਂ ਹਨ। ਸਾਡੀ ਜ਼ਮੀਰ ਸ਼ੁੱਧ ਰਹਿੰਦੀ ਹੈ ਅਤੇ ਅਸੀਂ ਵਾਧੂ ਦੀ ਟੈਂਸ਼ਨ ਤੋਂ ਬਚ ਪਾਉਂਦੇ ਹਾਂ। (1 ਤਿਮੋ. 6:9, 10) ਨਤੀਜੇ ਵਜੋਂ, ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰ ਪਾਉਂਦੇ ਹਾਂ ਜਿਸ ਨਾਲ ਸਾਨੂੰ ਸੱਚੀ ਖ਼ੁਸ਼ੀ, ਸ਼ਾਂਤੀ ਤੇ ਸੰਤੁਸ਼ਟੀ ਮਿਲਦੀ ਹੈ।​—ਯਸਾਯਾਹ 48:17, 18 ਪੜ੍ਹੋ।

18. ਤੁਸੀਂ ਯਹੋਵਾਹ ਵੱਲੋਂ ਮਿਲਦੀਆਂ ਹਿਦਾਇਤਾਂ ਮੰਨਣ ਦਾ ਪੱਕਾ ਇਰਾਦਾ ਕਿਉਂ ਕੀਤਾ ਹੈ?

18 ਬਿਨਾਂ ਸ਼ੱਕ ਯਹੋਵਾਹ ਮਹਾਂਕਸ਼ਟ ਅਤੇ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਵੀ ਇਨਸਾਨਾਂ ਜ਼ਰੀਏ ਆਪਣੇ ਲੋਕਾਂ ਨੂੰ ਰਾਹ ਦਿਖਾਵੇਗਾ। (ਜ਼ਬੂ. 45:16) ਉਸ ਸਮੇਂ ਸਾਨੂੰ ਜੋ ਹਿਦਾਇਤਾਂ ਦਿੱਤੀਆਂ ਜਾਣਗੀਆਂ, ਉਹ ਸ਼ਾਇਦ ਸਾਨੂੰ ਚੰਗੀਆਂ ਨਾ ਲੱਗਣ। ਪਰ ਕੀ ਅਸੀਂ ਉਦੋਂ ਵੀ ਉਨ੍ਹਾਂ ਨੂੰ ਮੰਨਾਂਗੇ? ਇਹ ਕਾਫ਼ੀ ਹੱਦ ਤਕ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਅਸੀਂ ਅੱਜ ਹਿਦਾਇਤਾਂ ਨੂੰ ਮੰਨਦੇ ਹਾਂ ਜਾਂ ਨਹੀਂ। ਤਾਂ ਫਿਰ ਆਓ ਆਪਾਂ ਹਮੇਸ਼ਾ ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਦੇ ਰਹੀਏ ਅਤੇ ਉਨ੍ਹਾਂ ਲੋਕਾਂ ਦੀਆਂ ਹਿਦਾਇਤਾਂ ਮੰਨਦੇ ਰਹੀਏ ਜਿਨ੍ਹਾਂ ਨੂੰ ਉਸ ਨੇ ਸਾਡੀ ਅਗਵਾਈ ਕਰਨ ਲਈ ਠਹਿਰਾਇਆ ਹੈ। (ਯਸਾ. 32:1, 2; ਇਬ. 13:17) ਇੱਦਾਂ ਕਰ ਕੇ ਅਸੀਂ ਦਿਖਾਵਾਂਗੇ ਕਿ ਸਾਨੂੰ ਯਹੋਵਾਹ ʼਤੇ ਪੂਰਾ ਭਰੋਸਾ ਹੈ ਜੋ ਸਾਨੂੰ ਸਹੀ ਰਾਹ ਦਿਖਾਉਂਦਾ ਹੈ। ਉਹ ਸਾਨੂੰ ਅਜਿਹੇ ਹਰ ਖ਼ਤਰੇ ਤੋਂ ਦੂਰ ਲੈ ਜਾਂਦਾ ਹੈ ਜਿਸ ਨਾਲ ਸਾਡਾ ਉਸ ਨਾਲ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਉਹ ਸਾਨੂੰ ਉਸ ਰਾਹ ਵੱਲ ਲੈ ਜਾਂਦਾ ਹੈ ਜੋ ਸਾਡੀ ਮੰਜ਼ਲ ਵੱਲ ਜਾਂਦਾ ਹੈ ਯਾਨੀ ਨਵੀਂ ਦੁਨੀਆਂ ਵੱਲ ਜਿੱਥੇ ਅਸੀਂ ਹਮੇਸ਼ਾ ਲਈ ਜੀਵਾਂਗੇ।

ਤੁਸੀਂ ਕੀ ਜਵਾਬ ਦਿਓਗੇ?

  • ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਵੇਂ ਰਾਹ ਦਿਖਾਇਆ?

  • ਯਹੋਵਾਹ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਕਿਵੇਂ ਰਾਹ ਦਿਖਾਇਆ?

  • ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਦੇ ਰਹਿਣ ਸਾਨੂੰ ਅੱਜ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

ਗੀਤ 48 ਰੋਜ਼ ਯਹੋਵਾਹ ਦੇ ਅੰਗ-ਸੰਗ ਚੱਲੋ

a ਯਹੋਵਾਹ ਨੇ ਇਕ ਦੂਤ ਨੂੰ ਵੀ ਚੁਣਿਆ ਜੋ “ਇਜ਼ਰਾਈਲੀਆਂ ਦੇ ਅੱਗੇ-ਅੱਗੇ ਜਾ ਰਿਹਾ” ਸੀ ਤਾਂਕਿ ਉਹ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਲਈ ਰਾਹ ਦਿਖਾਵੇ। ਜ਼ਾਹਰ ਹੈ ਕਿ ਇਹ ਦੂਤ ਮੀਕਾਏਲ ਸੀ। ਧਰਤੀ ʼਤੇ ਆਉਣ ਤੋਂ ਪਹਿਲਾਂ ਸਵਰਗ ਵਿਚ ਯਿਸੂ ਦਾ ਨਾਂ ਮੀਕਾਏਲ ਸੀ।​—ਕੂਚ 14:19; 32:34.

b ਬਾਅਦ ਵਿਚ ਇਸ ਨੂੰ “ਬਾਈਬਲ ਸਿਖਲਾਈ ਸਕੂਲ” ਕਿਹਾ ਜਾਣ ਲੱਗਾ। ਅੱਜ ਇਹ ਟ੍ਰੇਨਿੰਗ ਸਾਨੂੰ ਹਫ਼ਤੇ ਦੌਰਾਨ ਹੋਣ ਵਾਲੀ ਸਭਾ ਵਿਚ ਦਿੱਤੀ ਜਾਂਦੀ ਹੈ।

c ਫਰਵਰੀ 2021 ਦੇ ਪਹਿਰਾਬੁਰਜ ਦੇ ਸਫ਼ੇ 18 ʼਤੇ “ਪ੍ਰਬੰਧਕ ਸਭਾ ਦੀ ਜ਼ਿੰਮੇਵਾਰੀ” ਨਾਂ ਦੀ ਡੱਬੀ ਦੇਖੋ।