ਅਧਿਐਨ ਲੇਖ 47
ਗੀਤ 103 ਚਰਵਾਹੇ, ਅਨਮੋਲ ਤੋਹਫ਼ੇ
ਭਰਾਵੋ—ਕੀ ਤੁਸੀਂ ਬਜ਼ੁਰਗ ਬਣਨ ਲਈ ਮਿਹਨਤ ਕਰ ਰਹੇ ਹੋ?
“ਜੇ ਕੋਈ ਭਰਾ ਨਿਗਾਹਬਾਨ ਵਜੋਂ ਸੇਵਾ ਕਰਨ ਦੇ ਯੋਗ ਬਣਨ ਲਈ ਮਿਹਨਤ ਕਰਦਾ ਹੈ, ਤਾਂ ਉਸ ਵਿਚ ਚੰਗਾ ਕੰਮ ਕਰਨ ਦੀ ਇੱਛਾ ਹੈ।”—1 ਤਿਮੋ. 3:1.
ਕੀ ਸਿੱਖਾਂਗੇ?
ਇਸ ਲੇਖ ਵਿਚ ਅਸੀਂ ਬਾਈਬਲ ਵਿਚ ਦੱਸੀਆਂ ਕੁਝ ਯੋਗਤਾਵਾਂ ʼਤੇ ਗੌਰ ਕਰਾਂਗੇ ਜੋ ਬਜ਼ੁਰਗ ਬਣਨ ਲਈ ਇਕ ਭਰਾ ਵਿਚ ਹੋਣੀਆਂ ਚਾਹੀਦੀਆਂ ਹਨ।
1-2. ਇਕ ਬਜ਼ੁਰਗ ਕਿਹੜੇ ਕੰਮ ਕਰਦਾ ਹੈ?
ਜੇ ਤੁਸੀਂ ਕੁਝ ਸਮੇਂ ਤੋਂ ਸਹਾਇਕ ਸੇਵਕ ਵਜੋਂ ਸੇਵਾ ਕਰ ਰਹੇ ਹੋ, ਤਾਂ ਤੁਸੀਂ ਜ਼ਰੂਰ ਬਜ਼ੁਰਗ ਬਣਨ ਲਈ ਦਿੱਤੀਆਂ ਯੋਗਤਾਵਾਂ ʼਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰ ਰਹੇ ਹੋਣੇ। ਕੀ ਤੁਸੀਂ ਬਜ਼ੁਰਗ ਵਜੋਂ ਸੇਵਾ ਕਰਨੀ ਚਾਹੋਗੇ?—1 ਤਿਮੋ. 3:1.
2 ਇਕ ਬਜ਼ੁਰਗ ਕਿਹੜੇ ਕੰਮ ਕਰਦਾ ਹੈ? ਉਹ ਪ੍ਰਚਾਰ ਵਿਚ ਅਗਵਾਈ ਲੈਂਦਾ ਹੈ, ਉਹ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਤੇ ਉਨ੍ਹਾਂ ਨੂੰ ਸਿਖਾਉਣ ਵਿਚ ਸਖ਼ਤ ਮਿਹਨਤ ਕਰਦਾ ਹੈ ਅਤੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਮੰਡਲੀ ਨੂੰ ਮਜ਼ਬੂਤ ਕਰਦਾ ਹੈ। ਇਸੇ ਕਰਕੇ ਬਾਈਬਲ ਵਿਚ ਇਨ੍ਹਾਂ ਮਿਹਨਤੀ ਬਜ਼ੁਰਗਾਂ ਨੂੰ ‘ਤੋਹਫ਼ੇ’ ਕਿਹਾ ਗਿਆ ਹੈ।—ਅਫ਼. 4:8.
3. ਇਕ ਭਰਾ ਬਜ਼ੁਰਗ ਵਜੋਂ ਸੇਵਾ ਕਰਨ ਦੇ ਯੋਗ ਕਿਵੇਂ ਬਣ ਸਕਦਾ ਹੈ? (1 ਤਿਮੋਥਿਉਸ 3:1-7; ਤੀਤੁਸ 1:5-9)
3 ਤੁਸੀਂ ਬਜ਼ੁਰਗ ਵਜੋਂ ਸੇਵਾ ਕਰਨ ਦੇ ਯੋਗ ਕਿਵੇਂ ਬਣ ਸਕਦੇ ਹੋ? ਬਜ਼ੁਰਗ ਬਣਨ ਲਈ ਤੁਹਾਡੇ ਵਿਚ ਹੁਨਰ ਹੋਣੇ ਹੀ ਕਾਫ਼ੀ ਨਹੀਂ ਹਨ। ਜ਼ਰਾ ਸੋਚੋ, ਜੇ ਤੁਹਾਡੇ ਵਿਚ ਹੁਨਰ ਹਨ, ਤਾਂ ਤੁਹਾਨੂੰ ਆਸਾਨੀ ਨਾਲ ਨੌਕਰੀ ਮਿਲ ਸਕਦੀ ਹੈ। ਪਰ ਬਜ਼ੁਰਗ ਬਣਨ ਲਈ ਪ੍ਰਚਾਰ ਤੇ ਸਿਖਾਉਣ ਦੇ ਹੁਨਰ ਹੋਣੇ ਹੀ ਕਾਫ਼ੀ ਨਹੀਂ ਹਨ। ਤੁਹਾਡੇ ਵਿਚ 1 ਤਿਮੋਥਿਉਸ 3:1-7 ਅਤੇ ਤੀਤੁਸ 1:5-9 ਵਿਚ ਦੱਸੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ। (ਪੜ੍ਹੋ।) ਇਸ ਲੇਖ ਵਿਚ ਅਸੀਂ ਇਨ੍ਹਾਂ ਕੁਝ ਯੋਗਤਾਵਾਂ ʼਤੇ ਗੌਰ ਕਰਾਂਗੇ। ਅਸੀਂ ਦੇਖਾਂਗੇ ਕਿ ਇਕ ਭਰਾ (1) ਚੰਗਾ ਨਾਂ ਕਿਵੇਂ ਕਮਾ ਸਕਦਾ ਹੈ, (2) ਪਰਿਵਾਰ ਦਾ ਚੰਗਾ ਮੁਖੀ ਕਿਵੇਂ ਬਣ ਸਕਦਾ ਹੈ ਅਤੇ (3) ਮੰਡਲੀ ਵਿਚ ਖ਼ੁਸ਼ੀ-ਖ਼ੁਸ਼ੀ ਸੇਵਾ ਕਿਵੇਂ ਕਰ ਸਕਦਾ ਹੈ।
ਚੰਗਾ ਨਾਂ ਕਮਾਓ
4. “ਨਿਰਦੋਸ਼” ਹੋਣ ਦਾ ਕੀ ਮਤਲਬ ਹੈ?
4 ਬਜ਼ੁਰਗ ਬਣਨ ਦੇ ਯੋਗ ਹੋਣ ਲਈ ਤੁਹਾਨੂੰ “ਨਿਰਦੋਸ਼” ਹੋਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਮੰਡਲੀ ਵਿਚ ਚੰਗਾ ਚਾਲ-ਚਲਣ ਹੋਣ ਕਰਕੇ ਤੁਹਾਡਾ ਚੰਗਾ ਨਾਂ ਹੋਵੇ ਅਤੇ ਕਿਸੇ ਕੋਲ ਵੀ ਤੁਹਾਡੇ ʼਤੇ ਦੋਸ਼ ਲਾਉਣ ਦਾ ਜਾਇਜ਼ ਕਾਰਨ ਨਾ ਹੋਵੇ। ਇਸ ਤੋਂ ਇਲਾਵਾ, “ਬਾਹਰਲੇ ਲੋਕਾਂ ਵਿਚ ਵੀ [ਤੁਹਾਡੀ] ਨੇਕਨਾਮੀ” ਹੋਣੀ ਚਾਹੀਦੀ ਹੈ। ਸ਼ਾਇਦ ਤੁਹਾਡੇ ਵਿਸ਼ਵਾਸਾਂ ਕਰਕੇ ਲੋਕ ਤੁਹਾਡੀ ਨੁਕਤਾਚੀਨੀ ਕਰਨ, ਪਰ ਉਨ੍ਹਾਂ ਕੋਲ ਤੁਹਾਡੀ ਈਮਾਨਦਾਰੀ ਜਾਂ ਚਾਲ-ਚਲਣ ʼਤੇ ਸਵਾਲ ਖੜ੍ਹਾ ਕਰਨ ਦਾ ਕੋਈ ਜਾਇਜ਼ ਕਾਰਨ ਨਹੀਂ ਹੋਣਾ ਚਾਹੀਦਾ। (ਦਾਨੀ. 6:4, 5) ਖ਼ੁਦ ਤੋਂ ਪੁੱਛੋ, ‘ਕੀ ਭੈਣਾਂ-ਭਰਾਵਾਂ ਅਤੇ ਲੋਕਾਂ ਵਿਚ ਮੇਰਾ ਚੰਗਾ ਨਾਂ ਹੈ?’
5. ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ‘ਭਲਾਈ ਨਾਲ ਪਿਆਰ ਕਰਨ ਵਾਲੇ’ ਹੋ?
5 “ਭਲਾਈ ਨਾਲ ਪਿਆਰ ਕਰਨ ਵਾਲਾ।” ਇਸ ਦਾ ਮਤਲਬ ਹੈ ਕਿ ਤੁਸੀਂ ਦੂਜਿਆਂ ਵਿਚ ਚੰਗੇ ਗੁਣ ਦੇਖਦੇ ਹੋ ਅਤੇ ਉਨ੍ਹਾਂ ਦੀ ਤਾਰੀਫ਼ ਕਰਦੇ ਹੋ। ਨਾਲੇ ਤੁਸੀਂ ਖ਼ੁਸ਼ੀ-ਖ਼ੁਸ਼ੀ ਦੂਜਿਆਂ ਲਈ ਉਹ ਚੰਗੇ ਕੰਮ ਵੀ ਕਰਦੇ ਹੋ ਜਿਨ੍ਹਾਂ ਦੀ ਤੁਹਾਡੇ ਤੋਂ ਉਮੀਦ ਵੀ ਨਹੀਂ ਕੀਤੀ ਜਾਂਦੀ। (1 ਥੱਸ. 2:8) ਬਜ਼ੁਰਗਾਂ ਵਿਚ ਇਹ ਗੁਣ ਹੋਣਾ ਇੰਨਾ ਜ਼ਰੂਰੀ ਕਿਉਂ ਹੈ? ਕਿਉਂਕਿ ਬਜ਼ੁਰਗ ਆਪਣਾ ਜ਼ਿਆਦਾਤਰ ਸਮਾਂ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਅਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਲਾਉਂਦੇ ਹਨ। (1 ਪਤ. 5:1-3) ਭਾਵੇਂ ਕਿ ਇਕ ਬਜ਼ੁਰਗ ਬਹੁਤ ਸਾਰੇ ਕੰਮ ਕਰਦਾ ਹੈ, ਪਰ ਉਸ ਨੂੰ ਦੂਜਿਆਂ ਦੀ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਹੈ।—ਰਸੂ. 20:35.
6. “ਪਰਾਹੁਣਚਾਰੀ” ਦਿਖਾਉਣ ਦਾ ਕੀ ਮਤਲਬ ਹੈ? (ਇਬਰਾਨੀਆਂ 13:2, 16; ਤਸਵੀਰ ਵੀ ਦੇਖੋ।)
6 ਜਦੋਂ ਇਕ ਵਿਅਕਤੀ ਸਿਰਫ਼ ਆਪਣੇ ਕਰੀਬੀ ਦੋਸਤਾਂ ਲਈ ਹੀ ਨਹੀਂ, ਸਗੋਂ ਹੋਰਾਂ ਲਈ ਵੀ ਭਲੇ ਕੰਮ ਕਰਦਾ ਹੈ, ਤਾਂ ਉਹ ਦਿਖਾਉਂਦਾ ਹੈ ਕਿ ਉਹ “ਪਰਾਹੁਣਚਾਰੀ” ਕਰਨ ਵਾਲਾ ਹੈ। (1 ਪਤ. 4:9) ਇਕ ਬਾਈਬਲ ਡਿਕਸ਼ਨਰੀ ਵਿਚ ਦੱਸਿਆ ਗਿਆ ਹੈ ਕਿ ਪਰਾਹੁਣਚਾਰੀ ਕਰਨ ਵਾਲਾ ਇਕ ਵਿਅਕਤੀ ਉਨ੍ਹਾਂ ਨਾਲ ਵੀ ਵਧੀਆ ਤਰੀਕੇ ਨਾਲ ਪੇਸ਼ ਆਉਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਘਰ ਬੁਲਾਉਂਦਾ ਹੈ ਜਿਨ੍ਹਾਂ ਨੂੰ ਉਹ ਜਾਣਦਾ ਵੀ ਨਹੀਂ ਹੈ। ਕਈ ਵਾਰ ਸਾਡੇ ਕਿੰਗਡਮ ਹਾਲ ਵਿਚ ਹੋਰ ਮੰਡਲੀਆਂ ਤੋਂ ਭੈਣ-ਭਰਾ ਅਤੇ ਨਵੇਂ ਲੋਕ ਵੀ ਆਉਂਦੇ ਹਨ। ਖ਼ੁਦ ਨੂੰ ਪੁੱਛੋ, ‘ਕੀ ਮੈਂ ਉਨ੍ਹਾਂ ਦੀ ਪਰਾਹੁਣਚਾਰੀ ਕਰਨ ਲਈ ਅੱਗੇ ਆਉਂਦਾ ਹਾਂ?’ (ਇਬਰਾਨੀਆਂ 13:2, 16 ਪੜ੍ਹੋ।) ਪਰਾਹੁਣਚਾਰੀ ਕਰਨ ਵਾਲਾ ਵਿਅਕਤੀ ਹਰ ਤਰ੍ਹਾਂ ਦੇ ਲੋਕਾਂ ਲਈ ਪਿਆਰ ਦਿਖਾਉਂਦਾ ਹੈ। ਮਿਸਾਲ ਲਈ, ਜਿਨ੍ਹਾਂ ਕੋਲ ਬਹੁਤਾ ਕੁਝ ਨਹੀਂ ਹੈ, ਜਿਹੜੇ ਭਰਾ ਭਾਸ਼ਣ ਦੇਣ ਆਉਂਦੇ ਹਨ ਜਾਂ ਜਿਹੜੇ ਹੌਸਲਾ ਦੇਣ ਆਉਂਦੇ ਹਨ, ਜਿਵੇਂ ਸਰਕਟ ਓਵਰਸੀਅਰ।—ਉਤ. 18:2-8; ਕਹਾ. 3:27; ਲੂਕਾ 14:13, 14; ਰਸੂ. 16:15; ਰੋਮੀ. 12:13.
7. ‘ਪੈਸੇ ਦਾ ਪ੍ਰੇਮੀ ਨਾ ਹੋਣ’ ਦਾ ਕੀ ਮਤਲਬ ਹੈ?
7 “ਨਾ ਹੀ ਪੈਸੇ ਦਾ ਪ੍ਰੇਮੀ ਹੋਵੇ।” ਇਸ ਦਾ ਮਤਲਬ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਪੈਸਾ ਤੇ ਚੀਜ਼ਾਂ ਹੱਦੋਂ ਵੱਧ ਅਹਿਮੀਅਤ ਨਹੀਂ ਰੱਖਦੀਆਂ। ਚਾਹੇ ਤੁਸੀਂ ਅਮੀਰ ਹੋ ਜਾਂ ਗ਼ਰੀਬ, ਪਰ ਤੁਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਪਹਿਲੀ ਥਾਂ ਦਿੰਦੇ ਹੋ। (ਮੱਤੀ 6:33) ਤੁਸੀਂ ਆਪਣਾ ਸਮਾਂ, ਤਾਕਤ ਤੇ ਹੋਰ ਚੀਜ਼ਾਂ ਯਹੋਵਾਹ ਦੀ ਭਗਤੀ ਕਰਨ, ਪਰਿਵਾਰ ਦੀ ਦੇਖ-ਭਾਲ ਕਰਨ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਦੀ ਸੇਵਾ ਕਰਨ ਵਿਚ ਲਾਉਂਦੇ ਹੋ। (ਮੱਤੀ 6:24; 1 ਯੂਹੰ. 2:15-17) ਖ਼ੁਦ ਤੋਂ ਪੁੱਛੋ: ‘ਪੈਸੇ ਪ੍ਰਤੀ ਮੇਰਾ ਕੀ ਨਜ਼ਰੀਆ ਹੈ? ਕੀ ਮੈਂ ਉਨ੍ਹਾਂ ਚੀਜ਼ਾਂ ਵਿਚ ਹੀ ਸੰਤੁਸ਼ਟ ਰਹਿੰਦਾ ਹਾਂ ਜੋ ਮੇਰੇ ਕੋਲ ਹਨ? ਜਾਂ ਕੀ ਮੈਂ ਆਪਣਾ ਧਿਆਨ ਹੋਰ ਪੈਸਾ ਕਮਾਉਣ ਤੇ ਚੀਜ਼ਾਂ ਇਕੱਠੀਆਂ ਕਰਨ ਵਿਚ ਲਾਉਂਦਾ ਹਾਂ?’—1 ਤਿਮੋ. 6:6, 17-19.
8. ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾਉਂਦੇ ਹੋ ਕਿ ਤੁਸੀਂ “ਹਰ ਗੱਲ ਵਿਚ ਸੰਜਮ” ਅਤੇ “ਆਪਣੇ ਉੱਤੇ ਕਾਬੂ” ਰੱਖਣ ਵਾਲੇ ਹੋ?
8 “ਹਰ ਗੱਲ ਵਿਚ ਸੰਜਮ” ਰੱਖਣ ਅਤੇ “ਆਪਣੇ ਉੱਤੇ ਕਾਬੂ” ਰੱਖਣ ਦਾ ਮਤਲਬ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਕੁਝ ਹੱਦਾਂ ਠਹਿਰਾਉਂਦੇ ਹੋ। ਮਿਸਾਲ ਲਈ, ਤੁਸੀਂ ਹੱਦੋਂ ਵੱਧ ਨਹੀਂ ਖਾਂਦੇ, ਬੇਹਿਸਾਬੀ ਸ਼ਰਾਬ ਨਹੀਂ ਪੀਂਦੇ, ਤੁਹਾਡਾ ਪਹਿਰਾਵਾ ਤੇ ਵਾਲ਼ਾਂ ਦਾ ਸਟਾਈਲ ਸਲੀਕੇਦਾਰ ਹੁੰਦਾ ਹੈ ਅਤੇ ਤੁਸੀਂ ਸਹੀ ਮਨੋਰੰਜਨ ਕਰਦੇ ਹੋ। ਤੁਸੀਂ ਦੁਨੀਆਂ ਦੇ ਫ਼ੈਸ਼ਨ ਅਤੇ ਤੌਰ-ਤਰੀਕਿਆਂ ਦੀ ਨਕਲ ਨਹੀਂ ਕਰਦੇ। (ਲੂਕਾ 21:34; ਯਾਕੂ. 4:4) ਤੁਸੀਂ ਉਦੋਂ ਵੀ ਸ਼ਾਂਤ ਰਹਿੰਦੇ ਹੋ ਜਦੋਂ ਦੂਜੇ ਤੁਹਾਡੇ ਨਾਲ ਸਹੀ ਤਰੀਕੇ ਨਾਲ ਪੇਸ਼ ਨਹੀਂ ਆਉਂਦੇ। ਤੁਸੀਂ “ਸ਼ਰਾਬੀ” ਨਹੀਂ ਹੋ, ਇਸ ਦਾ ਮਤਲਬ ਹੈ ਕਿ ਤੁਸੀਂ ਇੰਨੀ ਸ਼ਰਾਬ ਨਹੀਂ ਪੀਂਦੇ ਕਿ ਤੁਹਾਨੂੰ ਕੋਈ ਸੁਰਤ ਹੀ ਨਾ ਰਹੇ। ਨਾਲੇ ਨਾ ਹੀ ਤੁਸੀਂ ਉਸ ਵਿਅਕਤੀ ਵਜੋਂ ਜਾਣੇ ਜਾਂਦੇ ਹੋ ਜੋ ਜਿੰਨੀ ਮਰਜ਼ੀ ਪੀ ਲਵੇ, ਫਿਰ ਵੀ ਉਸ ਨੂੰ ਨਸ਼ਾ ਨਹੀਂ ਚੜ੍ਹਦਾ। ਖ਼ੁਦ ਤੋਂ ਪੁੱਛੋ, ‘ਕੀ ਮੇਰੇ ਜੀਉਣ ਦੇ ਤਰੀਕੇ ਤੋਂ ਪਤਾ ਲੱਗਦਾ ਕਿ ਮੈਂ ਹਰ ਗੱਲ ਵਿਚ ਸੰਜਮ ਰੱਖਣ ਅਤੇ ਆਪਣੇ ʼਤੇ ਕਾਬੂ ਰੱਖਣ ਵਾਲਾ ਹਾਂ?’
9. ‘ਸਮਝਦਾਰ ਹੋਣ’ ਅਤੇ ‘ਸਲੀਕੇ ਨਾਲ ਕੰਮ ਕਰਨ’ ਦਾ ਕੀ ਮਤਲਬ ਹੈ?
9 ‘ਸਮਝਦਾਰ ਹੋਣ’ ਦਾ ਮਤਲਬ ਹੈ ਕਿ ਤੁਸੀਂ ਬਾਈਬਲ ਦੇ ਅਸੂਲਾਂ ਦੇ ਆਧਾਰ ਤੇ ਹਰ ਮਾਮਲੇ ਦੀ ਜਾਂਚ ਕਰਦੇ ਹੋ। ਤੁਸੀਂ ਗਹਿਰਾਈ ਨਾਲ ਸੋਚਦੇ ਹੋ ਕਿ ਬਾਈਬਲ ਦਾ ਕੋਈ ਅਸੂਲ ਕਿਸੇ ਹਾਲਾਤ ਵਿਚ ਕਿਵੇਂ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਤੁਹਾਨੂੰ ਸਹੀ ਸਮਝ ਹਾਸਲ ਹੁੰਦੀ ਹੈ ਅਤੇ ਤੁਸੀਂ ਸਹੀ ਫ਼ੈਸਲਾ ਕਰ ਪਾਉਂਦੇ ਹੋ। ਤੁਸੀਂ ਜਲਦਬਾਜ਼ੀ ਵਿਚ ਫ਼ੈਸਲੇ ਨਹੀਂ ਕਰਦੇ। ਇਸ ਦੀ ਬਜਾਇ, ਤੁਸੀਂ ਪੱਕਾ ਕਰਦੇ ਹੋ ਕਿ ਤੁਹਾਨੂੰ ਸਾਰੀ ਗੱਲ ਪਤਾ ਹੈ। (ਕਹਾ. 18:13) ਇੱਦਾਂ ਕਰਨ ਕਰਕੇ ਤੁਸੀਂ ਸਹੀ ਫ਼ੈਸਲੇ ਕਰਦੇ ਹੋ ਜਿਨ੍ਹਾਂ ਤੋਂ ਯਹੋਵਾਹ ਦੀ ਸੋਚ ਝਲਕਦੀ ਹੈ। ‘ਸਲੀਕੇ ਨਾਲ ਕੰਮ ਕਰਨ’ ਦਾ ਮਤਲਬ ਹੈ ਕਿ ਤੁਸੀਂ ਸਾਰਾ ਕੰਮ ਸਹੀ ਢੰਗ ਨਾਲ ਅਤੇ ਸਮੇਂ ਸਿਰ ਕਰਦੇ ਹੋ। ਤੁਸੀਂ ਉਸ ਇਨਸਾਨ ਵਜੋਂ ਜਾਣੇ ਜਾਂਦੇ ਹੋ ਜੋ ਭਰੋਸੇਯੋਗ ਹੈ ਅਤੇ ਹਿਦਾਇਤਾਂ ਨੂੰ ਮੰਨਦਾ ਹੈ। ਹੁਣ ਤਕ ਅਸੀਂ ਜਿਨ੍ਹਾਂ ਗੁਣਾਂ ʼਤੇ ਚਰਚਾ ਕੀਤੀ, ਉਨ੍ਹਾਂ ਗੁਣਾਂ ਨੂੰ ਆਪਣੇ ਵਿਚ ਵਧਾ ਕੇ ਤੁਸੀਂ ਚੰਗਾ ਨਾਂ ਕਮਾ ਸਕੋਗੇ। ਹੁਣ ਆਓ ਦੇਖੀਏ ਕਿ ਜੇ ਇਕ ਭਰਾ ਪਰਿਵਾਰ ਦਾ ਮੁਖੀ ਹੈ, ਤਾਂ ਬਜ਼ੁਰਗ ਬਣਨ ਲਈ ਉਸ ਵਿਚ ਹੋਰ ਕਿਹੜੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ।
ਪਰਿਵਾਰ ਦੇ ਮੁਖੀ ਵਜੋਂ ਮਿਸਾਲ ਬਣੋ
10. ਇਕ ਆਦਮੀ “ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਅਗਵਾਈ” ਕਿਵੇਂ ਕਰਦਾ ਹੈ?
10 ਜੇ ਤੁਸੀਂ ਇਕ ਪਤੀ ਹੋ ਅਤੇ ਬਜ਼ੁਰਗ ਵਜੋਂ ਸੇਵਾ ਕਰਨੀ ਚਾਹੁੰਦੇ ਹੋ, ਤਾਂ ਤੁਹਾਡੇ ਪਰਿਵਾਰ ਨੂੰ ਵੀ ਚੰਗੀ ਮਿਸਾਲ ਰੱਖਣ ਦੀ ਲੋੜ ਹੈ। ਇਸ ਲਈ ਤੁਹਾਨੂੰ “ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਅਗਵਾਈ” ਕਰਨੀ ਚਾਹੀਦੀ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਪਰਿਵਾਰ ਨਾਲ ਮਿਲ ਕੇ ਪਰਿਵਾਰਕ ਸਟੱਡੀ ਕਰਦੇ ਹੋ, ਇਹ ਪੱਕਾ ਕਰਦੇ ਹੋ ਕਿ ਤੁਹਾਡਾ ਪਰਿਵਾਰ ਮੀਟਿੰਗਾਂ ਵਿਚ ਹਾਜ਼ਰ ਹੁੰਦਾ ਹੈ ਅਤੇ ਪ੍ਰਚਾਰ ਕਰਨ ਵਿਚ ਤੁਸੀਂ ਉਨ੍ਹਾਂ ਦੀ ਮਦਦ ਕਰਦੇ ਹੋ। ਇੱਦਾਂ ਕਰਨਾ ਜ਼ਰੂਰੀ ਕਿਉਂ ਹੈ? ਪੌਲੁਸ ਰਸੂਲ ਨੇ ਤਰਕ ਕਰਦਿਆਂ ਪੁੱਛਿਆ: “ਜੇ ਕੋਈ ਆਦਮੀ ਆਪਣੇ ਪਰਿਵਾਰ ਦੀ ਅਗਵਾਈ ਕਰਨੀ ਨਹੀਂ ਜਾਣਦਾ, ਤਾਂ ਉਹ ਪਰਮੇਸ਼ੁਰ ਦੀ ਮੰਡਲੀ ਦੀ ਦੇਖ-ਭਾਲ ਕਿਵੇਂ ਕਰ ਸਕਦਾ ਹੈ?”—1 ਤਿਮੋ. 3:5.
11-12. ਜੇ ਇਕ ਭਰਾ ਬਜ਼ੁਰਗ ਬਣਨਾ ਚਾਹੁੰਦਾ ਹੈ, ਤਾਂ ਉਸ ਦੇ ਬੱਚਿਆਂ ਨੂੰ ਕਿਉਂ ਇਕ ਵਧੀਆ ਮਿਸਾਲ ਹੋਣਾ ਚਾਹੀਦਾ ਹੈ? (ਤਸਵੀਰ ਵੀ ਦੇਖੋ।)
11 ਜੇ ਤੁਹਾਡੇ ਬੱਚੇ ਨਾਬਾਲਗ ਹਨ, ਤਾਂ ਇਹ ਜ਼ਰੂਰੀ ਹੈ ਕਿ ਉਹ ਤੁਹਾਡੇ “ਕਹਿਣੇ ਵਿਚ ਹੋਣ ਤੇ ਇੱਜ਼ਤ ਨਾਲ ਪੇਸ਼ ਆਉਣ।” ਤੁਹਾਨੂੰ ਉਨ੍ਹਾਂ ਨੂੰ ਸਿਖਾਉਣਾ ਚਾਹੀਦਾ ਹੈ ਅਤੇ ਪਿਆਰ ਨਾਲ ਟ੍ਰੇਨਿੰਗ ਵੀ ਦੇਣੀ ਚਾਹੀਦੀ ਹੈ। ਬੇਸ਼ੱਕ ਬਾਕੀ ਬੱਚਿਆਂ ਵਾਂਗ ਉਹ ਵੀ ਹੱਸਣ-ਖੇਡਣਗੇ, ਪਰ ਤੁਹਾਡੀ ਚੰਗੀ ਟ੍ਰੇਨਿੰਗ ਕਰਕੇ ਉਹ ਤੁਹਾਡੇ ਕਹਿਣੇ ਵਿਚ ਰਹਿਣਗੇ, ਪਿਆਰ ਅਤੇ ਇੱਜ਼ਤ ਨਾਲ ਪੇਸ਼ ਆਉਣਗੇ। ਪਰ ਤੁਹਾਨੂੰ ਆਪਣੇ ਬੱਚਿਆਂ ਦੀ ਮਦਦ ਕਰਨ ਵਿਚ ਪੂਰੀ ਵਾਹ ਲਾਉਣੀ ਚਾਹੀਦੀ ਹੈ ਤਾਂਕਿ ਉਹ ਯਹੋਵਾਹ ਨਾਲ ਇਕ ਵਧੀਆ ਰਿਸ਼ਤਾ ਕਾਇਮ ਕਰਨ, ਬਾਈਬਲ ਅਸੂਲਾਂ ਮੁਤਾਬਕ ਜ਼ਿੰਦਗੀ ਜੀਉਣ ਅਤੇ ਬਪਤਿਸਮਾ ਲੈਣ ਲਈ ਕਦਮ ਚੁੱਕਣ।
12 “ਜਿਸ ਦੇ ਬੱਚੇ ਨਿਹਚਾਵਾਨ ਹੋਣ ਅਤੇ ਉਨ੍ਹਾਂ ਉੱਤੇ ਅਯਾਸ਼ੀ ਕਰਨ ਜਾਂ ਬਾਗ਼ੀ ਹੋਣ ਦਾ ਦੋਸ਼ ਨਾ ਲੱਗਾ ਹੋਵੇ।” ਜੇ ਤੁਹਾਡਾ ਬੱਚਾ ਬਪਤਿਸਮਾ-ਪ੍ਰਾਪਤ ਹੈ ਜਾਂ ਬਪਤਿਸਮਾ-ਰਹਿਤ ਪ੍ਰਚਾਰਕ ਹੈ ਅਤੇ ਉਹ ਇਕ ਗੰਭੀਰ ਪਾਪ ਕਰ ਬੈਠਦਾ ਹੈ, ਤਾਂ ਇਸ ਦਾ ਤੁਹਾਡੇ ʼਤੇ ਕੀ ਅਸਰ ਪਵੇਗਾ? ਜੇ ਪਿਤਾ ਨੇ ਉਸ ਨੂੰ ਚੰਗੀ ਟ੍ਰੇਨਿੰਗ ਨਹੀਂ ਦਿੱਤੀ ਅਤੇ ਲੋੜ ਪੈਣ ʼਤੇ ਉਸ ਨੂੰ ਨਹੀਂ ਸੁਧਾਰਿਆ, ਤਾਂ ਮੁਮਕਿਨ ਹੈ ਕਿ ਪਿਤਾ ਇਕ ਬਜ਼ੁਰਗ ਵਜੋਂ ਸੇਵਾ ਕਰਨ ਦੇ ਯੋਗ ਨਹੀਂ ਹੈ।—ਪਹਿਰਾਬੁਰਜ 15 ਅਕਤੂਬਰ 1996 ਦੇ ਸਫ਼ੇ 21 ʼਤੇ ਪੈਰੇ 6-7 ਦੇਖੋ।
ਭੈਣਾਂ-ਭਰਾਵਾਂ ਦੀ ਸੇਵਾ ਕਰੋ
13. ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ‘ਅੜਬ ਨਹੀਂ’ ਹੋ ਅਤੇ ‘ਮਨਮਰਜ਼ੀ ਨਹੀਂ’ ਕਰਦੇ?
13 ਉਹ ਭਰਾ ਮੰਡਲੀ ਲਈ ਬਰਕਤ ਸਾਬਤ ਹੁੰਦੇ ਹਨ ਜਿਨ੍ਹਾਂ ਵਿਚ ਵਧੀਆ ਗੁਣ ਹਨ। ਇਕ ਵਿਅਕਤੀ ਜੋ ‘ਅੜਬ ਨਹੀਂ’ ਹੁੰਦਾ, ਉਹ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਨਾਲੇ ਉਹ ਦੂਜਿਆਂ ਦੀ ਵੀ ਇਕ-ਦੂਜੇ ਨਾਲ ਸ਼ਾਂਤੀ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਉਹ ਦੂਜਿਆਂ ਦੀ ਧਿਆਨ ਨਾਲ ਸੁਣਦਾ ਹੈ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਕਿੱਦਾਂ ਮਹਿਸੂਸ ਕਰਦੇ ਹਨ। ਮੰਨ ਲਓ, ਤੁਸੀਂ ਬਜ਼ੁਰਗਾਂ ਦੀ ਮੀਟਿੰਗ ਵਿਚ ਬੈਠੇ ਹੋ। ਬਹੁਤ ਸਾਰੇ ਬਜ਼ੁਰਗ ਕਿਸੇ ਫ਼ੈਸਲੇ ਨਾਲ ਸਹਿਮਤ ਹੁੰਦੇ ਹਨ ਜੋ ਬਾਈਬਲ ਦੇ ਅਸੂਲਾਂ ਉੱਤੇ ਆਧਾਰਿਤ ਹੁੰਦਾ ਹੈ, ਪਰ ਤੁਸੀਂ ਉਸ ਨਾਲ ਸਹਿਮਤ ਨਹੀਂ ਹੋ। ਕੀ ਤੁਸੀਂ ਉਨ੍ਹਾਂ ਦੇ ਫ਼ੈਸਲੇ ਦਾ ਸਾਥ ਦਿਓਗੇ? ਤੁਸੀਂ ‘ਮਨਮਰਜ਼ੀ ਨਹੀਂ’ ਕਰਦੇ। ਤੁਸੀਂ ਦੂਜਿਆਂ ʼਤੇ ਆਪਣੀ ਰਾਇ ਨਹੀਂ ਥੋਪਦੇ, ਸਗੋਂ ਦੂਜਿਆਂ ਦੀ ਸਲਾਹ ਦੀ ਕਦਰ ਕਰਦੇ ਹੋ। (ਉਤ. 13:8, 9; ਕਹਾ. 15:22) ਤੁਸੀਂ ‘ਨਾ ਹੀ ਝਗੜਾਲੂ’ ਅਤੇ ‘ਨਾ ਹੀ ਗੁੱਸੇਖ਼ੋਰ ਹੋ।’ ਇਸ ਦਾ ਮਤਲਬ ਹੈ ਕਿ ਤੁਸੀਂ ਦੂਜਿਆਂ ਨਾਲ ਬਦਤਮੀਜ਼ੀ ਨਾਲ ਗੱਲ ਨਹੀਂ ਕਰਦੇ ਅਤੇ ਨਾ ਹੀ ਉਨ੍ਹਾਂ ਨਾਲ ਬਹਿਸ ਕਰਦੇ ਹੋ। ਇਸ ਦੀ ਬਜਾਇ, ਤੁਸੀਂ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹੋ। ਇਕ “ਸ਼ਾਂਤੀ-ਪਸੰਦ” ਆਦਮੀ ਸ਼ਾਂਤੀ ਬਣਾਉਣ ਵਿਚ ਪਹਿਲ ਕਰਦਾ ਹੈ, ਉਦੋਂ ਵੀ ਜਦੋਂ ਇੱਦਾਂ ਕਰਨਾ ਔਖਾ ਹੁੰਦਾ ਹੈ। (ਯਾਕੂ. 3:17, 18) ਪਿਆਰ ਨਾਲ ਗੱਲ ਕਰਨ ਕਰਕੇ ਦੂਜਿਆਂ ਦਾ ਗੁੱਸਾ ਠੰਢਾ ਹੋ ਸਕਦਾ ਹੈ, ਉਨ੍ਹਾਂ ਦਾ ਵੀ ਜੋ ਤੁਹਾਡੇ ਵਿਸ਼ਵਾਸਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੁੰਦੇ।—ਨਿਆ. 8:1-3; ਕਹਾ. 20:3; 25:15; ਮੱਤੀ 5:23, 24.
14. “ਨਵਾਂ-ਨਵਾਂ ਮਸੀਹੀ ਨਾ ਬਣਿਆ ਹੋਵੇ” ਅਤੇ “ਵਫ਼ਾਦਾਰ” ਹੋਣ ਦਾ ਕੀ ਮਤਲਬ ਹੈ?
14 ਇਕ ਭਰਾ ਜੋ ਬਜ਼ੁਰਗ ਬਣਨ ਦੇ ਕਾਬਲ ਹੈ, ਉਹ “ਨਵਾਂ-ਨਵਾਂ ਮਸੀਹੀ ਨਾ ਬਣਿਆ ਹੋਵੇ।” ਇਹ ਵੀ ਜ਼ਰੂਰੀ ਨਹੀਂ ਕਿ ਤੁਹਾਨੂੰ ਬਪਤਿਸਮਾ ਲਏ ਨੂੰ ਬਹੁਤ ਸਾਲ ਹੋ ਗਏ ਹੋਣ। ਪਰ ਤੁਹਾਨੂੰ ਸਮਝਦਾਰ ਮਸੀਹੀ ਬਣਨ ਲਈ ਸਮੇਂ ਦੀ ਲੋੜ ਹੈ। ਬਜ਼ੁਰਗ ਬਣਨ ਤੋਂ ਪਹਿਲਾਂ ਤੁਹਾਨੂੰ ਯਿਸੂ ਵਾਂਗ ਨਿਮਰ ਬਣਨ ਦੀ ਲੋੜ ਹੈ ਅਤੇ ਤੁਹਾਨੂੰ ਹਰ ਤਰੀਕੇ ਨਾਲ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ੀ ਹੋਣੀ ਚਾਹੀਦੀ ਹੈ। ਤੁਹਾਨੂੰ ਧੀਰਜ ਰੱਖਣ ਅਤੇ ਇਸ ਗੱਲ ਦੀ ਉਡੀਕ ਕਰਨ ਦੀ ਲੋੜ ਹੈ ਕਿ ਯਹੋਵਾਹ ਤੁਹਾਨੂੰ ਮੰਡਲੀ ਵਿਚ ਹੋਰ ਜ਼ਿੰਮੇਵਾਰੀਆਂ ਦੇਵੇਗਾ। (ਮੱਤੀ 20:23; ਫ਼ਿਲਿ. 2:5-8) ਯਹੋਵਾਹ ਦੇ ਮਿਆਰਾਂ ਅਤੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਮੰਨ ਕੇ ਤੁਸੀਂ ਖ਼ੁਦ ਨੂੰ “ਵਫ਼ਾਦਾਰ” ਸਾਬਤ ਕਰ ਸਕਦੇ ਹੋ।—1 ਤਿਮੋ. 4:15.
15. ਕੀ ਇਕ ਬਜ਼ੁਰਗ ਨੂੰ ਵਧੀਆ ਭਾਸ਼ਣਕਾਰ ਹੋਣਾ ਚਾਹੀਦਾ ਹੈ? ਸਮਝਾਓ।
15 ਇਨ੍ਹਾਂ ਆਇਤਾਂ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਇਕ ਨਿਗਾਹਬਾਨ ਨੂੰ “ਸਿਖਾਉਣ ਦੇ ਕਾਬਲ” ਹੋਣਾ ਚਾਹੀਦਾ ਹੈ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਤੁਹਾਨੂੰ ਵਧੀਆ ਭਾਸ਼ਣਕਾਰ ਹੋਣ ਦੀ ਲੋੜ ਹੈ? ਨਹੀਂ। ਇੱਦਾਂ ਦੇ ਬਹੁਤ ਸਾਰੇ ਕਾਬਲ ਬਜ਼ੁਰਗ ਹਨ ਜੋ ਜ਼ਿਆਦਾ ਵਧੀਆ ਭਾਸ਼ਣਕਾਰ ਨਹੀਂ ਹਨ, ਪਰ ਉਹ ਪ੍ਰਚਾਰ ਕਰਦੇ ਵੇਲੇ ਅਤੇ ਭੈਣਾਂ-ਭਰਾਵਾਂ ਨੂੰ ਹੌਸਲਾ ਦਿੰਦੇ ਵੇਲੇ ਬਾਈਬਲ ਦਾ ਵਧੀਆ ਇਸਤੇਮਾਲ ਕਰਦੇ ਹਨ। (1 ਕੁਰਿੰਥੀਆਂ 12:28, 29 ਅਤੇ ਅਫ਼ਸੀਆਂ 4:11 ਵਿਚ ਨੁਕਤਾ ਦੇਖੋ।) ਭਾਵੇਂ ਕਿ ਤੁਸੀਂ ਵਧੀਆ ਭਾਸ਼ਣਕਾਰ ਨਹੀਂ ਹੋ, ਪਰ ਫਿਰ ਵੀ ਤੁਹਾਨੂੰ ਆਪਣੀ ਸਿਖਾਉਣ ਦੀ ਕਲਾ ਨੂੰ ਨਿਖਾਰਦੇ ਰਹਿਣ ਦੀ ਲੋੜ ਹੈ। ਤੁਸੀਂ ਵਧੀਆ ਸਿੱਖਿਅਕ ਕਿਵੇਂ ਬਣ ਸਕਦੇ ਹੋ?
16. ਤੁਸੀਂ ਵਧੀਆ ਸਿੱਖਿਅਕ ਕਿਵੇਂ ਬਣ ਸਕਦੇ ਹੋ? (ਤਸਵੀਰ ਵੀ ਦੇਖੋ।)
16 “ਸਿਖਾਉਣ ਦਾ ਤਰੀਕਾ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਸੱਚੇ ਬਚਨ ਉੱਤੇ ਆਧਾਰਿਤ ਹੋਵੇ।” ਵਧੀਆ ਸਿੱਖਿਅਕ ਬਣਨ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਗੱਲ ਦਾ ਧਿਆਨ ਰੱਖੋ ਕਿ ਜਦੋਂ ਤੁਸੀਂ ਸਟੇਜ ਤੋਂ ਸਿਖਾਉਂਦੇ ਹੋ ਜਾਂ ਭੈਣਾਂ-ਭਰਾਵਾਂ ਨੂੰ ਸਲਾਹ ਦਿੰਦੇ ਹੋ, ਤਾਂ ਉਹ ਬਾਈਬਲ-ਆਧਾਰਿਤ ਹੋਵੇ। ਇੱਦਾਂ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਚੰਗੀ ਤਰ੍ਹਾਂ ਅਧਿਐਨ ਕਰੋ। (ਕਹਾ. 15:28; 16:23) ਇੱਦਾਂ ਕਰਦਿਆਂ ਇਹ ਧਿਆਨ ਦਿਓ ਕਿ ਸਾਡੇ ਪ੍ਰਕਾਸ਼ਨਾਂ ਵਿਚ ਕਿਸੇ ਆਇਤ ਨੂੰ ਕਿਵੇਂ ਸਮਝਾਇਆ ਗਿਆ ਹੈ ਤਾਂਕਿ ਤੁਸੀਂ ਉਸ ਨੂੰ ਸਹੀ ਤਰੀਕੇ ਨਾਲ ਲਾਗੂ ਕਰ ਸਕੋ। ਨਾਲੇ ਸਿਖਾਉਂਦੇ ਵੇਲੇ ਲੋਕਾਂ ਦੇ ਦਿਲਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰੋ। ਤਜਰਬੇਕਾਰ ਬਜ਼ੁਰਗਾਂ ਤੋਂ ਸਲਾਹ ਲੈ ਕੇ ਅਤੇ ਉਸ ਨੂੰ ਲਾਗੂ ਕਰ ਕੇ ਤੁਸੀਂ ਵਧੀਆ ਸਿੱਖਿਅਕ ਬਣ ਸਕਦੇ ਹੋ। (1 ਤਿਮੋ. 5:17) ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਨੂੰ “ਹੱਲਾਸ਼ੇਰੀ ਦੇਣ ਦੇ ਕਾਬਲ” ਹੋਣਾ ਚਾਹੀਦਾ ਹੈ। ਪਰ ਲੋੜ ਪੈਣ ʼਤੇ ਉਨ੍ਹਾਂ ਨੂੰ ਸਲਾਹ ਜਾਂ ਇੱਥੋਂ ਤਕ ਕਿ “ਤਾੜਨਾ” ਵੀ ਦੇਣੀ ਚਾਹੀਦੀ ਹੈ। ਪਰ ਇੱਦਾਂ ਕਰਦਿਆਂ ਉਨ੍ਹਾਂ ਨੂੰ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਜੇ ਤੁਸੀਂ ਪਿਆਰ ਨਾਲ ਪੇਸ਼ ਆਓਗੇ ਅਤੇ ਤੁਹਾਡੀ ਸਿੱਖਿਆ ਪਰਮੇਸ਼ੁਰ ਦੇ ਬਚਨ ʼਤੇ ਆਧਾਰਿਤ ਹੋਵੇਗੀ, ਤਾਂ ਤੁਸੀਂ ਵਧੀਆ ਸਿੱਖਿਅਕ ਬਣ ਸਕੋਗੇ। ਕਿਉਂ? ਕਿਉਂਕਿ ਤੁਸੀਂ ਮਹਾਨ ਸਿੱਖਿਅਕ ਯਿਸੂ ਦੀ ਰੀਸ ਕਰ ਰਹੇ ਹੋਵੋਗੇ।—ਮੱਤੀ 11:28-30; 2 ਤਿਮੋ. 2:24
ਮਿਹਨਤ ਕਰਦੇ ਰਹੋ
17. (ੳ) ਕਿਹੜੀਆਂ ਗੱਲਾਂ ਸਹਾਇਕ ਸੇਵਕ ਦੀ ਬਜ਼ੁਰਗ ਬਣਨ ਵਿਚ ਮਦਦ ਕਰ ਸਕਦੀਆਂ ਹਨ? (ਅ) ਕਿਸੇ ਭਰਾ ਦੀ ਬਜ਼ੁਰਗ ਵਜੋਂ ਸਿਫ਼ਾਰਸ਼ ਕਰਨ ਤੋਂ ਪਹਿਲਾਂ ਬਜ਼ੁਰਗਾਂ ਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ? (“ ਬਜ਼ੁਰਗੋ, ਹੱਦੋਂ ਵੱਧ ਉਮੀਦਾਂ ਨਾ ਰੱਖੋ” ਨਾਂ ਦੀ ਡੱਬੀ ਦੇਖੇ।)
17 ਕੁਝ ਸਹਾਇਕ ਸੇਵਕਾਂ ਨੂੰ ਸ਼ਾਇਦ ਲੱਗੇ ਕਿ ਉਹ ਕਦੇ ਵੀ ਬਜ਼ੁਰਗ ਨਹੀਂ ਬਣ ਸਕਦੇ। ਕਿਉਂ? ਕਿਉਂਕਿ ਸ਼ਾਇਦ ਉਨ੍ਹਾਂ ਨੂੰ ਲੱਗੇ ਕਿ ਉਨ੍ਹਾਂ ਵਿਚ ਬਹੁਤ ਸਾਰੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ। ਪਰ ਯਾਦ ਰੱਖੋ, ਯਹੋਵਾਹ ਤੇ ਉਸ ਦਾ ਸੰਗਠਨ ਕਦੇ ਵੀ ਇਹ ਮੰਗ ਨਹੀਂ ਕਰਦੇ ਕਿ ਤੁਸੀਂ ਇਨ੍ਹਾਂ ਯੋਗਤਾਵਾਂ ʼਤੇ ਪੂਰੀ ਤਰ੍ਹਾਂ ਖਰੇ ਉਤਰੋ। (1 ਪਤ. 2:21) ਨਾਲੇ ਯਹੋਵਾਹ ਦੀ ਜ਼ਬਰਦਸਤ ਪਵਿੱਤਰ ਸ਼ਕਤੀ ਇਹ ਯੋਗਤਾਵਾਂ ਪੂਰੀਆਂ ਕਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ। (ਫ਼ਿਲਿ. 2:13) ਕੀ ਤੁਸੀਂ ਆਪਣੇ ਕਿਸੇ ਖ਼ਾਸ ਗੁਣ ਵਿਚ ਨਿਖਾਰ ਲਿਆਉਣਾ ਚਾਹੁੰਦੇ ਹੋ? ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੋ, ਖੋਜਬੀਨ ਕਰੋ ਅਤੇ ਕਿਸੇ ਬਜ਼ੁਰਗ ਤੋਂ ਇਸ ਬਾਰੇ ਸਲਾਹ ਲਓ।
18. ਸਾਰੇ ਸਹਾਇਕ ਸੇਵਕਾਂ ਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ?
18 ਭਰਾਵੋ, ਇਸ ਲੇਖ ਵਿਚ ਦੱਸੇ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਰਹੋ, ਫਿਰ ਚਾਹੇ ਤੁਸੀਂ ਪਹਿਲਾਂ ਤੋਂ ਬਜ਼ੁਰਗ ਵਜੋਂ ਸੇਵਾ ਕਿਉਂ ਨਾ ਕਰ ਰਹੇ ਹੋਵੋ। (ਫ਼ਿਲਿ. 3:16) ਜੇ ਤੁਸੀਂ ਸਹਾਇਕ ਸੇਵਕ ਹੋ, ਤਾਂ ਬਜ਼ੁਰਗ ਬਣਨ ਲਈ ਮਿਹਨਤ ਕਰੋ। ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਟ੍ਰੇਨਿੰਗ ਦੇਵੇ ਤਾਂਕਿ ਤੁਸੀਂ ਯਹੋਵਾਹ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਦੀ ਹੋਰ ਸੇਵਾ ਕਰ ਸਕੋ। (ਯਸਾ. 64:8) ਤੁਸੀਂ ਬਜ਼ੁਰਗ ਵਜੋਂ ਸੇਵਾ ਕਰਨ ਲਈ ਜੋ ਸਖ਼ਤ ਮਿਹਨਤ ਕਰਦੇ ਹੋ, ਯਹੋਵਾਹ ਉਸ ʼਤੇ ਜ਼ਰੂਰ ਬਰਕਤ ਪਾਵੇਗਾ।
ਗੀਤ 101 ਏਕਤਾ ਬਣਾਈ ਰੱਖੋ