ਕੀ ਤੁਸੀਂ “ਧਰਤੀ ਦੇ ਵਾਰਸ” ਬਣਨ ਲਈ ਤਿਆਰ ਹੋ?
ਯਿਸੂ ਨੇ ਇਹ ਵਾਅਦਾ ਕੀਤਾ ਸੀ, “ਖ਼ੁਸ਼ ਹਨ ਨਰਮ ਸੁਭਾਅ ਵਾਲੇ ਕਿਉਂਕਿ ਉਹ ਧਰਤੀ ਦੇ ਵਾਰਸ ਹੋਣਗੇ।” (ਮੱਤੀ 5:5) ਅਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜਦੋਂ ਇਹ ਵਾਅਦਾ ਪੂਰਾ ਹੋਵੇਗਾ। ਚੁਣੇ ਹੋਏ ਮਸੀਹੀ ਉਦੋਂ ਇਸ ਧਰਤੀ ਦੇ ਵਾਰਸ ਬਣਨਗੇ, ਜਦੋਂ ਉਹ ਯਿਸੂ ਨਾਲ ਮਿਲ ਕੇ ਸਵਰਗ ਤੋਂ ਧਰਤੀ ʼਤੇ ਰਾਜ ਕਰਨਗੇ। (ਪ੍ਰਕਾ. 5:10; 20:6) ਪਰ ਜ਼ਿਆਦਾਤਰ ਮਸੀਹੀ ਉਦੋਂ ਧਰਤੀ ਦੇ ਵਾਰਸ ਬਣਨਗੇ ਜਦੋਂ ਉਹ ਇਸ ਧਰਤੀ ʼਤੇ ਹਮੇਸ਼ਾ-ਹਮੇਸ਼ਾ ਲਈ ਜੀਉਣਗੇ। ਉਦੋਂ ਉਹ ਮੁਕੰਮਲ ਹੋਣਗੇ ਅਤੇ ਉਨ੍ਹਾਂ ਵਿਚ ਬਹੁਤ ਜ਼ਿਆਦਾ ਸ਼ਾਂਤੀ ਤੇ ਖ਼ੁਸ਼ੀ ਹੋਵੇਗੀ। ਪਰ ਇਸ ਲਈ ਉਨ੍ਹਾਂ ਨੂੰ ਕੁਝ ਕਰਨਾ ਪੈਣਾ। ਖ਼ਾਸ ਤੌਰ ਤੇ ਉਨ੍ਹਾਂ ਨੂੰ ਇਹ ਤਿੰਨ ਕੰਮ ਕਰਨੇ ਪੈਣੇ: ਉਨ੍ਹਾਂ ਨੂੰ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਉਣਾ ਪੈਣਾ, ਦੁਬਾਰਾ ਜੀਉਂਦੇ ਕੀਤੇ ਜਾਣ ਵਾਲਿਆਂ ਦੀ ਮਦਦ ਕਰਨੀ ਪੈਣੀ ਅਤੇ ਉਨ੍ਹਾਂ ਨੂੰ ਸਿਖਾਉਣਾ ਪੈਣਾ। ਅਸੀਂ ਅੱਜ ਇਹ ਕਿਵੇਂ ਦਿਖਾ ਸਕਦੇ ਹਾਂ ਕਿ ਭਵਿੱਖ ਵਿਚ ਅਸੀਂ ਇਹ ਸਾਰੇ ਕੰਮ ਕਰਨੇ ਚਾਹੁੰਦੇ ਹਾਂ।
ਕੀ ਤੁਸੀਂ ਧਰਤੀ ਨੂੰ ਬਾਗ਼ ਵਰਗੀ ਬਣਾਉਣ ਲਈ ਤਿਆਰ ਹੋ?
ਜਦੋਂ ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਇਹ ਹੁਕਮ ਦਿੱਤਾ ਸੀ ਕਿ “ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ,” ਤਾਂ ਉਸ ਨੇ ਇਹ ਵੀ ਹੁਕਮ ਦਿੱਤਾ ਸੀ ਕਿ “ਇਸ ʼਤੇ ਅਧਿਕਾਰ ਰੱਖੋ।” (ਉਤ. 1:28) ਇਸ ਦਾ ਮਤਲਬ ਸੀ ਕਿ ਉਨ੍ਹਾਂ ਨੇ ਪੂਰੀ ਧਰਤੀ ਨੂੰ ਅਦਨ ਦੇ ਬਾਗ਼ ਵਰਗੀ ਸੋਹਣੀ ਬਣਾਉਣਾ ਸੀ। ਭਵਿੱਖ ਵਿਚ ਜਿਹੜੇ ਲੋਕ ਇਸ ਧਰਤੀ ਦੇ ਵਾਰਸ ਬਣਨਗੇ, ਉਹ ਪਰਮੇਸ਼ੁਰ ਦਾ ਇਹ ਹੁਕਮ ਪੂਰਾ ਕਰਨਗੇ ਅਤੇ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਉਣਗੇ। ਆਦਮ ਤੇ ਹੱਵਾਹ ਨੇ ਅਦਨ ਦੇ ਬਾਗ਼ ਦੀਆਂ ਸਰਹੱਦਾਂ ਨੂੰ ਅੱਗੇ ਵਧਾਉਣਾ ਸੀ। ਪਰ ਅੱਜ ਇਨਸਾਨਾਂ ਨੇ ਧਰਤੀ ਨੂੰ ਕਾਫ਼ੀ ਹੱਦ ਤਕ ਤਬਾਹ ਕਰ ਦਿੱਤਾ ਹੈ। ਇਸ ਕਰਕੇ ਆਰਮਾਗੇਡਨ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਸਾਫ਼-ਸਫ਼ਾਈ ਕਰਨੀ ਪਵੇਗੀ। ਇਸ ਲਈ ਉਨ੍ਹਾਂ ਕੋਲ ਢੇਰ ਸਾਰਾ ਕੰਮ ਹੋਵੇਗਾ!
ਜਦੋਂ ਇਜ਼ਰਾਈਲੀ ਬਾਬਲ ਦੀ ਗ਼ੁਲਾਮੀ ਤੋਂ ਵਾਪਸ ਆਏ ਸਨ, ਤਾਂ ਉਨ੍ਹਾਂ ਨੇ ਵੀ ਕੁਝ ਅਜਿਹਾ ਹੀ ਕੰਮ ਕੀਤਾ ਸੀ। ਉਨ੍ਹਾਂ ਦੇ ਦੇਸ਼ ਨੂੰ ਉਜਾੜ ਪਿਆ 70 ਸਾਲ ਹੋ ਗਏ ਸਨ। ਪਰ ਯਸਾਯਾਹ ਨੇ ਭਵਿੱਖਬਾਣੀ ਕੀਤੀ ਕਿ ਯਹੋਵਾਹ ਦੀ ਬਰਕਤ ਸਦਕਾ ਉਹ ਫਿਰ ਤੋਂ ਆਪਣੇ ਦੇਸ਼ ਨੂੰ ਖੂਬਸੂਰਤ ਬਣਾ ਸਕਣਗੇ। ਉਸ ਨੇ ਲਿਖਿਆ ਕਿ “ਉਹ ਉਸ ਦੇ ਉਜਾੜ ਨੂੰ ਅਦਨ ਵਰਗਾ ਅਤੇ ਉਸ ਦੇ ਰੇਗਿਸਤਾਨ ਨੂੰ ਯਹੋਵਾਹ ਦੇ ਬਾਗ਼ ਵਰਗਾ ਬਣਾ ਦੇਵੇਗਾ।” (ਯਸਾ. 51:3) ਇਜ਼ਰਾਈਲੀ ਇਸ ਤਰ੍ਹਾਂ ਕਰਨ ਵਿਚ ਸਫ਼ਲ ਹੋਏ। ਬਿਲਕੁਲ ਇਸੇ ਤਰ੍ਹਾਂ ਜਿਹੜੇ ਲੋਕ ਭਵਿੱਖ ਵਿਚ ਧਰਤੀ ਦੇ ਵਾਰਸ ਬਣਨਗੇ, ਉਹ ਵੀ ਯਹੋਵਾਹ ਦੀ ਮਦਦ ਸਦਕਾ ਇਸ ਧਰਤੀ ਨੂੰ ਖੂਬਸੂਰਤ ਬਾਗ਼ ਵਰਗੀ ਬਣਾ ਸਕਣਗੇ। ਅੱਜ ਤੁਸੀਂ ਕੀ ਕਰਕੇ ਦਿਖਾ ਸਕਦੇ ਹੋ ਕਿ ਤੁਸੀਂ ਇਸ ਕੰਮ ਵਿਚ ਹਿੱਸਾ ਲੈਣਾ ਚਾਹੁੰਦੇ ਹੋ।
ਤੁਸੀਂ ਆਪਣਾ ਘਰ ਤੇ ਆਲਾ-ਦੁਆਲਾ ਸਾਫ਼-ਸੁਥਰਾ ਰੱਖ ਸਕਦੇ ਹੋ। ਚਾਹੇ ਤੁਹਾਡੇ ਗੁਆਂਢੀ ਸਾਫ਼-ਸਫ਼ਾਈ ਨਾ ਵੀ ਰੱਖਣ, ਪਰ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ। ਤੁਸੀਂ ਕਿੰਗਡਮ ਹਾਲਾਂ ਅਤੇ ਸੰਮੇਲਨ ਹਾਲਾਂ ਦੀ ਵੀ ਸਾਫ਼-ਸਫ਼ਾਈ ਤੇ ਸਾਂਭ-ਸੰਭਾਲ ਕਰਨ ਵਿਚ ਹੱਥ ਵਟਾ ਸਕਦੇ ਹੋ। ਜੇ ਤੁਹਾਡੇ ਹਾਲਾਤ ਇਜਾਜ਼ਤ ਦੇਣ, ਤਾਂ ਕੀ ਤੁਸੀਂ ਰਾਹਤ ਦੇ ਕੰਮ ਵਿਚ ਹਿੱਸਾ ਲੈਣ ਲਈ ਫਾਰਮ ਭਰ ਸਕਦੇ ਹੋ? ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਲੋੜ ਵੇਲੇ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਤਿਆਰ ਹੋ। ਇਸ ਲਈ ਆਪਣੇ ਆਪ ਤੋਂ ਪੁੱਛੋ, ‘ਮੈਂ ਅੱਜ ਕਿਹੜੇ ਹੁਨਰ ਸਿੱਖ ਸਕਦਾ ਹਾਂ ਜੋ ਨਵੀਂ ਦੁਨੀਆਂ ਵਿਚ ਮੇਰੇ ਕੰਮ ਆਉਣਗੇ?’
ਕੀ ਤੁਸੀਂ ਦੁਬਾਰਾ ਜੀਉਂਦੇ ਕੀਤੇ ਜਾਣ ਵਾਲਿਆਂ ਦੀ ਮਦਦ ਕਰਨ ਲਈ ਤਿਆਰ ਹੋ?
ਜੈਰੁਸ ਦੀ ਧੀ ਨੂੰ ਜੀਉਂਦਾ ਕਰਨ ਤੋਂ ਤੁਰੰਤ ਬਾਅਦ ਯਿਸੂ ਨੇ ਕਿਹਾ ਬੱਚੀ ਨੂੰ ਕੁਝ ਖਾਣ ਲਈ ਦਿੱਤਾ ਜਾਵੇ। (ਮਰ. 5:42, 43) ਇਕ 12 ਸਾਲ ਦਾ ਬੱਚਾ ਬਹੁਤਾ ਖਾਣਾ ਨਹੀਂ ਖਾਂਦਾ ਤੇ ਉਸ ਨੂੰ ਖਾਣਾ ਬਣਾ ਕੇ ਦੇਣਾ ਕੋਈ ਇੰਨਾ ਵੀ ਔਖਾ ਕੰਮ ਨਹੀਂ ਸੀ। ਜ਼ਰਾ ਸੋਚੋ ਕਿ ਉਦੋਂ ਕਿੰਨੀ ਮਿਹਨਤ ਕਰਨੀ ਪਵੇਗੀ ਜਦੋਂ ਯਿਸੂ ਦੇ ਵਾਅਦੇ ਮੁਤਾਬਕ “ਕਬਰਾਂ ਵਿਚ ਪਏ ਸਾਰੇ ਲੋਕ ਉਸ ਦੀ ਆਵਾਜ਼ ਸੁਣਨਗੇ ਅਤੇ ਬਾਹਰ ਨਿਕਲ ਆਉਣਗੇ।” (ਯੂਹੰ. 5:28, 29) ਉਦੋਂ ਕਿੰਨਾ ਖਾਣਾ ਬਣਾਉਣਾ ਪਵੇਗਾ ਅਤੇ ਕਿੰਨੀ ਮਿਹਨਤ ਕਰਨੀ ਪਵੇਗੀ। ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਉਸ ਸਮੇਂ ਸਭ ਕੁਝ ਕਿੱਦਾਂ ਹੋਵੇਗਾ, ਪਰ ਅਸੀਂ ਸੋਚ ਸਕਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ, ਰਹਿਣ ਲਈ ਘਰ ਅਤੇ ਪਹਿਨਣ ਲਈ ਕੱਪੜੇ ਚਾਹੀਦੇ ਹੋਣਗੇ। ਕੀ ਤੁਸੀਂ ਅੱਜ ਆਪਣੇ ਕੰਮਾਂ ਰਾਹੀਂ ਦਿਖਾ ਸਕਦੇ ਹੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਦੂਜਿਆਂ ਦੀ ਮਦਦ ਕਰਨੀ ਚਾਹੁੰਦੇ ਹੋ? ਆਓ ਆਪਾਂ ਕੁਝ ਸਵਾਲਾਂ ʼਤੇ ਗੌਰ ਕਰੀਏ।
ਤੁਸੀਂ ਹੁਣ ਤੋਂ ਹੀ ਕਿੱਦਾਂ ਦਿਖਾ ਸਕਦੇ ਹੋ ਕਿ ਤੁਸੀਂ ਧਰਤੀ ਦੇ ਵਾਰਸ ਬਣਨ ਲਈ ਤਿਆਰ ਹੋ?
ਜਦੋਂ ਤੁਹਾਡੀ ਮੰਡਲੀ ਵਿਚ ਸਰਕਟ ਓਵਰਸੀਅਰ ਦੇ ਦੌਰੇ ਬਾਰੇ ਘੋਸ਼ਣਾ ਕੀਤੀ ਜਾਂਦੀ ਹੈ, ਤਾਂ ਕੀ ਤੁਸੀਂ ਉਸ ਨੂੰ ਆਪਣੇ ਘਰ ਖਾਣੇ ʼਤੇ ਬੁਲਾ ਸਕਦੇ ਹੋ? ਜੇ ਤੁਹਾਡੀ ਮੰਡਲੀ ਵਿਚ ਕੋਈ ਅਜਿਹਾ ਭੈਣ ਜਾਂ ਭਰਾ ਹੈ ਜੋ ਪਹਿਲਾਂ ਬੈਥਲ ਵਿਚ ਸੇਵਾ ਕਰਦਾ ਸੀ ਜਾਂ ਸਰਕਟ ਓਵਰਸੀਅਰ ਵਜੋਂ ਸੇਵਾ ਕਰਦਾ ਸੀ, ਤਾਂ ਕੀ ਤੁਸੀਂ ਉਸ ਦੀ ਘਰ ਲੱਭਣ ਵਿਚ ਮਦਦ ਕਰ ਸਕਦੇ ਹੋ? ਜੇ ਤੁਹਾਡੇ ਇਲਾਕੇ ਵਿਚ ਕੋਈ ਸੰਮੇਲਨ ਹੁੰਦਾ ਹੈ, ਤਾਂ ਕੀ ਤੁਸੀਂ ਸੰਮੇਲਨ ਤੋਂ ਪਹਿਲਾਂ ਅਤੇ ਬਾਅਦ ਵਿਚ ਹੋਣ ਵਾਲੇ ਕੰਮਾਂ ਵਿਚ ਹੱਥ ਵਟਾ ਸਕਦੇ ਹੋ? ਜਾਂ ਸੰਮੇਲਨ ਵਿਚ ਆਉਣ ਵਾਲੇ ਭੈਣਾਂ-ਭਰਾਵਾਂ ਦਾ ਸੁਆਗਤ ਕਰ ਸਕਦੇ ਹੋ?
ਕੀ ਤੁਸੀਂ ਦੁਬਾਰਾ ਜੀਉਂਦੇ ਕੀਤੇ ਜਾਣ ਵਾਲਿਆਂ ਨੂੰ ਸਿਖਾਉਣ ਲਈ ਤਿਆਰ ਹੋ?
ਰਸੂਲਾਂ ਦੇ ਕੰਮ 24:15 ਮੁਤਾਬਕ ਨਵੀਂ ਦੁਨੀਆਂ ਵਿਚ ਸ਼ਾਇਦ ਅਰਬਾਂ ਹੀ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ। ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਇੱਦਾਂ ਦੇ ਹੋਣਗੇ ਜਿਨ੍ਹਾਂ ਨੂੰ ਯਹੋਵਾਹ ਬਾਰੇ ਸਿੱਖਣ ਅਤੇ ਉਸ ਦੀ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ। ਜੀਉਂਦੇ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਜਾਵੇਗਾ। a ਪਰ ਇਨ੍ਹਾਂ ਲੋਕਾਂ ਨੂੰ ਸਿਖਾਵੇਗਾ ਕੌਣ? ਵਫ਼ਾਦਾਰ ਅਤੇ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰਨ ਵਾਲੇ। (ਯਸਾ. 11:9) ਗੌਰ ਕਰੋ ਕਿ ਭੈਣ ਸ਼ਾਰਲੇਟ ਇਸ ਬਾਰੇ ਕੀ ਕਹਿੰਦੀ ਹੈ। ਉਹ ਦੱਸਦੀ ਹੈ ਕਿ ਉਹ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ ਜਦੋਂ ਉਹ ਜੀਉਂਦੇ ਕੀਤੇ ਲੋਕਾਂ ਨੂੰ ਸਿਖਾਵੇਗੀ। ਉਸ ਨੇ ਯੂਰਪ, ਦੱਖਣੀ ਅਮਰੀਕਾ ਅਤੇ ਅਫ਼ਰੀਕਾ ਵਿਚ ਪ੍ਰਚਾਰ ਕੀਤਾ ਹੈ। ਉਹ ਦੱਸਦੀ ਹੈ: “ਮੈਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ ਜਦੋਂ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ। ਜਦੋਂ ਮੈਂ ਬੀਤੇ ਜ਼ਮਾਨੇ ਦੇ ਉਨ੍ਹਾਂ ਲੋਕਾਂ ਬਾਰੇ ਪੜ੍ਹਦੀ ਹਾਂ, ਤਾਂ ਮੈਂ ਅਕਸਰ ਸੋਚਦੀ ਹਾਂ: ‘ਜੇ ਉਨ੍ਹਾਂ ਲੋਕਾਂ ਨੂੰ ਯਹੋਵਾਹ ਬਾਰੇ ਪਤਾ ਹੁੰਦਾ, ਤਾਂ ਉਨ੍ਹਾਂ ਦੀ ਜ਼ਿੰਦਗੀ ਕਿੰਨੀ ਅਲੱਗ ਹੋਣੀ ਸੀ।’ ਮੈਂ ਚਾਹੁੰਦੀ ਹਾਂ ਕਿ ਛੇਤੀ-ਛੇਤੀ ਉਹ ਸਮਾਂ ਆਵੇ ਤੇ ਮੈਂ ਉਨ੍ਹਾਂ ਨੂੰ ਯਹੋਵਾਹ ਬਾਰੇ ਦੱਸਾਂ। ਨਾਲੇ ਮੈਂ ਉਨ੍ਹਾਂ ਨੂੰ ਇਹ ਵੀ ਦੱਸਾਂ ਕਿ ਜੇ ਉਹ ਯਹੋਵਾਹ ਦੀ ਸੇਵਾ ਕਰਨਗੇ, ਤਾਂ ਉਨ੍ਹਾਂ ਦੀ ਜ਼ਿੰਦਗੀ ਕਿੰਨੀ ਵਧੀਆ ਹੋਵੇਗੀ।”
ਯਹੋਵਾਹ ਦੇ ਉਨ੍ਹਾਂ ਕਈ ਵਫ਼ਾਦਾਰ ਸੇਵਕਾਂ ਨੂੰ ਵੀ ਜੀਉਂਦਾ ਕੀਤਾ ਜਾਵੇਗਾ ਜੋ ਯਿਸੂ ਤੋਂ ਕਾਫ਼ੀ ਸਮਾਂ ਪਹਿਲਾਂ ਰਹਿੰਦੇ ਸਨ। ਸਾਨੂੰ ਉਨ੍ਹਾਂ ਨੂੰ ਸਿਖਾਉਣ ਦਾ ਮੌਕਾ ਮਿਲੇਗਾ। ਜ਼ਰਾ ਦਾਨੀਏਲ ਬਾਰੇ ਸੋਚੋ। ਉਸ ਨੇ ਇੱਦਾਂ ਦੀਆਂ ਕਈ ਭਵਿੱਖਬਾਣੀਆਂ ਲਿਖੀਆਂ ਜਿਨ੍ਹਾਂ ਦਾ ਮਤਲਬ ਉਹ ਖ਼ੁਦ ਵੀ ਨਹੀਂ ਜਾਣਦਾ ਸੀ। (ਦਾਨੀ. 12:8) ਨਵੀਂ ਦੁਨੀਆਂ ਵਿਚ ਅਸੀਂ ਉਸ ਨੂੰ ਉਨ੍ਹਾਂ ਭਵਿੱਖਬਾਣੀਆਂ ਦਾ ਮਤਲਬ ਦੱਸਾਂਗੇ ਅਤੇ ਇਹ ਵੀ ਦੱਸਾਂਗੇ ਕਿ ਉਹ ਕਿਵੇਂ ਪੂਰੀਆਂ ਹੋਈਆਂ। ਅਸੀਂ ਰੂਥ ਅਤੇ ਨਾਓਮੀ ਨੂੰ ਇਹ ਦੱਸਾਂਗੇ ਕਿ ਉਨ੍ਹਾਂ ਦੇ ਖ਼ਾਨਦਾਨ ਵਿੱਚੋਂ ਮਸੀਹ ਪੈਦਾ ਹੋਇਆ ਸੀ। ਸੱਚੀਂ! ਉਨ੍ਹਾਂ ਨੂੰ ਸਿਖਾਉਣਾ ਸਾਡੇ ਲਈ ਮਾਣ ਦੀ ਗੱਲ ਹੋਵੇਗੀ ਅਤੇ ਇਸ ਤੋਂ ਸਾਨੂੰ ਕਿੰਨੀ ਖ਼ੁਸ਼ੀ ਮਿਲੇਗੀ। ਨਵੀਂ ਦੁਨੀਆਂ ਵਿਚ ਪੂਰੀ ਧਰਤੀ ʼਤੇ ਲੋਕਾਂ ਨੂੰ ਸਿਖਾਇਆ ਜਾਵੇਗਾ। ਉਸ ਸਮੇਂ ਅੱਜ ਵਾਂਗ ਨਾ ਤਾਂ ਚਿੰਤਾਵਾਂ ਹੋਣਗੀਆਂ ਤੇ ਨਾ ਹੀ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ। ਉਸ ਸਮੇਂ ਲੋਕਾਂ ਨੂੰ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਸਿਖਾ ਸਕਾਂਗੇ।
ਅੱਜ ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਭਵਿੱਖ ਵਿਚ ਜੀਉਂਦੇ ਕੀਤੇ ਜਾਣ ਵਾਲੇ ਲੋਕਾਂ ਨੂੰ ਸਿਖਾਉਣਾ ਚਾਹੁੰਦੇ ਹੋ? ਹੋਰ ਵਧੀਆ ਸਿੱਖਿਅਕ ਬਣ ਕੇ ਅਤੇ ਪੂਰੀ ਦੁਨੀਆਂ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ। (ਮੱਤੀ 24:14) ਸ਼ਾਇਦ ਤੁਸੀਂ ਵਧਦੀ ਉਮਰ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਪ੍ਰਚਾਰ ਵਿਚ ਉੱਨਾ ਹਿੱਸਾ ਨਹੀਂ ਲੈ ਪਾਉਂਦੇ ਜਿੰਨਾ ਤੁਸੀਂ ਲੈਣਾ ਚਾਹੁੰਦੇ ਹੋ। ਪਰ ਇਸ ਦੇ ਬਾਵਜੂਦ ਵੀ ਜੇ ਤੁਸੀਂ ਪੂਰੀ ਵਾਹ ਲਾ ਕੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹੋ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਨਵੀਂ ਦੁਨੀਆਂ ਵਿਚ ਜੀਉਂਦੇ ਕੀਤੇ ਜਾਣ ਵਾਲੇ ਲੋਕਾਂ ਨੂੰ ਸਿਖਾਉਣਾ ਚਾਹੁੰਦੇ ਹੋ।
ਇਨ੍ਹਾਂ ਅਹਿਮ ਸਵਾਲਾਂ ʼਤੇ ਸੋਚ-ਵਿਚਾਰ ਕਰਨਾ ਵਧੀਆ ਰਹੇਗਾ: ਕੀ ਤੁਸੀਂ ਧਰਤੀ ਦੇ ਵਾਰਸ ਬਣਨ ਲਈ ਤਿਆਰ ਹੋ? ਕੀ ਤੁਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ ਜਦੋਂ ਪੂਰੀ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਇਆ ਜਾਵੇਗਾ? ਕੀ ਤੁਸੀਂ ਦੁਬਾਰਾ ਜੀਉਂਦੇ ਕੀਤੇ ਜਾਣ ਵਾਲਿਆਂ ਦੀ ਮਦਦ ਕਰੋਗੇ ਅਤੇ ਉਨ੍ਹਾਂ ਨੂੰ ਯਹੋਵਾਹ ਬਾਰੇ ਸਿਖਾਓਗੇ? ਜਦੋਂ ਤੁਸੀਂ ਅੱਜ ਉਨ੍ਹਾਂ ਕੰਮਾਂ ਵਿਚ ਹਿੱਸਾ ਲੈਂਦੇ ਹੋ ਜੋ ਨਵੀਂ ਦੁਨੀਆਂ ਵਿਚ ਵੀ ਕੀਤੇ ਜਾਣਗੇ, ਤਾਂ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਧਰਤੀ ਦੇ ਵਾਰਸ ਬਣਨ ਲਈ ਤਿਆਰ ਹੋ।
a ਸਤੰਬਰ 2022 ਦੇ ਪਹਿਰਾਬੁਰਜ ਵਿੱਚੋਂ “ਬਹੁਤ ਸਾਰੇ ਲੋਕਾਂ ਦੀ ਧਰਮੀ ਅਸੂਲਾਂ ʼਤੇ ਚੱਲਣ ਵਿਚ ਮਦਦ ਕੀਤੀ ਜਾਵੇਗੀ” ਨਾਂ ਦਾ ਲੇਖ ਦੇਖੋ।