ਅਧਿਐਨ ਲੇਖ 26
ਗੀਤ 8 ਯਹੋਵਾਹ ਸਾਡਾ ਸਹਾਰਾ
ਯਹੋਵਾਹ ਨੂੰ ਆਪਣੀ ਚਟਾਨ ਬਣਾਓ
“ਸਾਡੇ ਪਰਮੇਸ਼ੁਰ ਵਰਗੀ ਚਟਾਨ ਹੋਰ ਕੋਈ ਨਹੀਂ।”—1 ਸਮੂ. 2:2.
ਕੀ ਸਿੱਖਾਂਗੇ?
ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਯਹੋਵਾਹ ਨੂੰ ਚਟਾਨ ਕਿਉਂ ਕਿਹਾ ਗਿਆ ਹੈ ਅਤੇ ਅਸੀਂ ਉਸ ਦੇ ਚਟਾਨ ਵਰਗੇ ਗੁਣਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ।
1. ਜ਼ਬੂਰ 18:46 ਵਿਚ ਦਾਊਦ ਨੇ ਪਰਮੇਸ਼ੁਰ ਦੀ ਤੁਲਨਾ ਕਿਸ ਨਾਲ ਕੀਤੀ?
ਅੱਜ ਅਸੀਂ ਅਜਿਹੇ ਸਮੇਂ ਵਿਚ ਜੀ ਰਹੇ ਹਾਂ ਜਦੋਂ ਸਾਨੂੰ ਅਚਾਨਕ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਇਕ ਹੀ ਝਟਕੇ ਵਿਚ ਸਾਡੀ ਪੂਰੀ ਜ਼ਿੰਦਗੀ ਉਥਲ-ਪੁਥਲ ਹੋ ਸਕਦੀ ਹੈ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਇੱਦਾਂ ਦੇ ਹਾਲਾਤਾਂ ਵਿਚ ਅਸੀਂ ਯਹੋਵਾਹ ਤੋਂ ਮਦਦ ਲੈ ਸਕਦੇ ਹਾਂ! ਅਸੀਂ ਪਿਛਲੇ ਲੇਖ ਵਿਚ ਸਿੱਖਿਆ ਸੀ ਕਿ ਯਹੋਵਾਹ ਜੀਉਂਦਾ ਪਰਮੇਸ਼ੁਰ ਹੈ ਅਤੇ ਉਹ ਸਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਯਹੋਵਾਹ ਸਾਡੇ ਨਾਲ ਹੈ ਅਤੇ ਸਾਡੀ ਮਦਦ ਕਰ ਰਿਹਾ ਹੈ, ਤਾਂ ਸਾਡਾ ਭਰੋਸਾ ਹੋਰ ਮਜ਼ਬੂਤ ਹੁੰਦਾ ਹੈ ਕਿ ਉਹ ਸੱਚ-ਮੁੱਚ “ਜੀਉਂਦਾ ਪਰਮੇਸ਼ੁਰ ਹੈ!” (ਜ਼ਬੂਰ 18:46 ਪੜ੍ਹੋ।) ਇਸ ਆਇਤ ਵਿਚ ਦਾਊਦ ਨੇ ਯਹੋਵਾਹ ਨੂੰ “ਮੇਰੀ ਚਟਾਨ” ਕਿਹਾ। ਪਰ ਯਹੋਵਾਹ ਤਾਂ ਜੀਉਂਦਾ ਪਰਮੇਸ਼ੁਰ ਹੈ, ਫਿਰ ਉਸ ਨੇ ਪਰਮੇਸ਼ੁਰ ਦੀ ਤੁਲਨਾ ਇਕ ਬੇਜਾਨ ਚੀਜ਼ ਨਾਲ ਕਿਉਂ ਕੀਤੀ?
2. ਇਸ ਲੇਖ ਵਿਚ ਅਸੀਂ ਕੀ ਸਿੱਖਾਂਗੇ?
2 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਨੂੰ ਚਟਾਨ ਕਿਉਂ ਕਿਹਾ ਗਿਆ ਹੈ ਅਤੇ ਇਸ ਤੋਂ ਅਸੀਂ ਉਸ ਬਾਰੇ ਕੀ ਸਿੱਖਦੇ ਹਾਂ। ਅਸੀਂ ਇਹ ਵੀ ਸਿੱਖਾਂਗੇ ਕਿ ਅਸੀਂ ਯਹੋਵਾਹ ਨੂੰ ਆਪਣੀ ਚਟਾਨ ਕਿਵੇਂ ਬਣਾ ਸਕਦੇ ਹਾਂ। ਅਖ਼ੀਰ, ਅਸੀਂ ਕੁਝ ਤਰੀਕੇ ਦੇਖਾਂਗੇ ਜਿਨ੍ਹਾਂ ਰਾਹੀਂ ਅਸੀਂ ਯਹੋਵਾਹ ਦੇ ਚਟਾਨ ਵਰਗੇ ਗੁਣਾਂ ਦੀ ਰੀਸ ਕਰ ਸਕਦੇ ਹਾਂ।
ਯਹੋਵਾਹ ਨੂੰ ਚਟਾਨ ਕਿਉਂ ਕਿਹਾ ਗਿਆ ਹੈ?
3. ਬਾਈਬਲ ਵਿਚ ਅਕਸਰ ਯਹੋਵਾਹ ਨੂੰ “ਚਟਾਨ” ਕਿਉਂ ਕਿਹਾ ਗਿਆ ਹੈ? (ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਦੇਖੋ।)
3 ਬਾਈਬਲ ਵਿਚ ਯਹੋਵਾਹ ਦੀ ਤੁਲਨਾ “ਚਟਾਨ” ਨਾਲ ਕੀਤੀ ਗਈ ਹੈ ਤਾਂਕਿ ਅਸੀਂ ਉਸ ਬਾਰੇ ਹੋਰ ਚੰਗੀ ਤਰ੍ਹਾਂ ਜਾਣ ਸਕੀਏ। ਬਾਈਬਲ ਵਿਚ ਅਕਸਰ ਯਹੋਵਾਹ ਦੇ ਸੇਵਕਾਂ ਨੇ ਉਸ ਦੀ ਤਾਰੀਫ਼ ਕਰਦਿਆਂ ਕਿਹਾ ਕਿ ਯਹੋਵਾਹ ਚਟਾਨ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ। ਬਿਵਸਥਾ ਸਾਰ 32:4 ਵਿਚ ਪਹਿਲੀ ਵਾਰ ਯਹੋਵਾਹ ਨੂੰ ਚਟਾਨ ਕਿਹਾ ਗਿਆ। ਹੰਨਾਹ ਨੇ ਪ੍ਰਾਰਥਨਾ ਵਿਚ ਕਿਹਾ: “ਸਾਡੇ ਪਰਮੇਸ਼ੁਰ ਵਰਗੀ ਚਟਾਨ ਹੋਰ ਕੋਈ ਨਹੀਂ।” (1 ਸਮੂ. 2:2) ਹੱਬਕੂਕ ਨੇ ਕਿਹਾ ਕਿ ਯਹੋਵਾਹ “ਮੇਰੀ ਚਟਾਨ” ਹੈ। (ਹੱਬ. 1:12) ਜ਼ਬੂਰ 73 ਦੇ ਲਿਖਾਰੀ ਨੇ ਕਿਹਾ: “ਪਰਮੇਸ਼ੁਰ ਮੇਰੀ ਚਟਾਨ ਹੈ ਜੋ ਮੇਰੇ ਦਿਲ ਨੂੰ ਤਕੜਾ ਕਰਦਾ ਹੈ।” (ਜ਼ਬੂ. 73:26) ਨਾਲੇ ਯਹੋਵਾਹ ਨੇ ਖ਼ੁਦ ਆਪਣੇ ਆਪ ਨੂੰ ਚਟਾਨ ਕਿਹਾ ਹੈ। (ਯਸਾ. 44:8) ਆਓ ਆਪਾਂ ਯਹੋਵਾਹ ਦੇ ਤਿੰਨ ਗੁਣਾਂ ʼਤੇ ਗੌਰ ਕਰੀਏ ਜਿਨ੍ਹਾਂ ਕਰਕੇ ਉਸ ਨੂੰ ਚਟਾਨ ਕਿਹਾ ਗਿਆ ਹੈ। ਨਾਲੇ ਸਿੱਖੀਏ ਕਿ ਅਸੀਂ ਉਸ ਨੂੰ ‘ਆਪਣੀ ਚਟਾਨ’ ਕਿਵੇਂ ਬਣਾ ਸਕਦੇ ਹਾਂ।—ਬਿਵ. 32:31.
4. ਯਹੋਵਾਹ ਸਾਨੂੰ ਪਨਾਹ ਕਿਵੇਂ ਦਿੰਦਾ ਹੈ? (ਜ਼ਬੂਰ 94:22)
4 ਯਹੋਵਾਹ ਪਨਾਹ ਦਿੰਦਾ ਹੈ। ਇਕ ਵਿਅਕਤੀ ਜ਼ਬਰਦਸਤ ਤੂਫ਼ਾਨ ਵੇਲੇ ਚਟਾਨਾਂ ਨਾਲ ਬਣੀ ਗੁਫ਼ਾ ਵਿਚ ਪਨਾਹ ਲੈਂਦਾ ਹੈ ਜਿਸ ਕਰਕੇ ਉਸ ਦੀ ਹਿਫਾਜ਼ਤ ਹੁੰਦੀ ਹੈ। ਉਸੇ ਤਰ੍ਹਾਂ ਮੁਸੀਬਤਾਂ ਦੇ ਤੂਫ਼ਾਨ ਵਿਚ ਯਹੋਵਾਹ ਸਾਨੂੰ ਪਨਾਹ ਦਿੰਦਾ ਹੈ ਤੇ ਸਾਡੀ ਹਿਫਾਜ਼ਤ ਕਰਦਾ ਹੈ। (ਜ਼ਬੂਰ 94:22 ਪੜ੍ਹੋ।) ਸਾਡਾ ਉਸ ਨਾਲ ਜੋ ਰਿਸ਼ਤਾ ਹੈ, ਉਹ ਉਸ ਦੀ ਹਿਫਾਜ਼ਤ ਕਰਦਾ ਹੈ। ਨਾਲੇ ਉਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਅੱਜ ਅਸੀਂ ਜੋ ਵੀ ਮੁਸ਼ਕਲਾਂ ਸਹਿ ਰਹੇ ਹਾਂ, ਉਹ ਹਮੇਸ਼ਾ ਨਹੀਂ ਰਹਿਣਗੀਆਂ। ਉਹ ਤਾਂ ਇਹ ਵੀ ਵਾਅਦਾ ਕਰਦਾ ਹੈ ਕਿ ਉਹ ਭਵਿੱਖ ਵਿਚ ਹਰ ਉਸ ਚੀਜ਼ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ ਜਿਸ ਕਰਕੇ ਸਾਡੀ ਸ਼ਾਂਤੀ ਤੇ ਸੁਰੱਖਿਆ ਖ਼ਤਰੇ ਵਿਚ ਹੈ।—ਹਿਜ਼. 34:25, 26.
5. ਅਸੀਂ ਕਿਵੇਂ ਯਹੋਵਾਹ ਨੂੰ ਆਪਣੀ ਚਟਾਨ ਬਣਾ ਸਕਦੇ ਹਾਂ ਅਤੇ ਉਸ ਵਿਚ ਪਨਾਹ ਲੈ ਸਕਦੇ ਹਾਂ?
5 ਪ੍ਰਾਰਥਨਾ ਕਰ ਕੇ ਅਸੀਂ ਯਹੋਵਾਹ ਨੂੰ ਆਪਣੀ ਪਨਾਹ ਬਣਾਉਂਦੇ ਹਾਂ। ਜਦੋਂ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਸਾਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲਦੀ ਹੈ ਜਿਸ ਨਾਲ ਸਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਹੁੰਦੀ ਹੈ। (ਫ਼ਿਲਿ. 4:6, 7) ਜ਼ਰਾ ਭਰਾ ਆਰਟਮ ਦੇ ਤਜਰਬੇ ʼਤੇ ਗੌਰ ਕਰੋ। ਭਰਾ ਨੂੰ ਆਪਣੀ ਨਿਹਚਾ ਕਰਕੇ ਜੇਲ੍ਹ ਹੋਈ ਸੀ। ਜੇਲ੍ਹ ਵਿਚ ਇਕ ਅਫ਼ਸਰ ਵਾਰ-ਵਾਰ ਭਰਾ ਨੂੰ ਪੁੱਛ-ਗਿੱਛ ਕਰਨ ਲਈ ਬੁਲਾਉਂਦਾ ਸੀ, ਉਸ ਨੂੰ ਡਰਾਉਂਦਾ-ਧਮਕਾਉਂਦਾ ਸੀ ਅਤੇ ਉਸ ਦੀ ਬੇਇੱਜ਼ਤੀ ਕਰਦਾ ਸੀ। ਭਰਾ ਦੱਸਦਾ ਹੈ, ‘ਜਦੋਂ ਵੀ ਉਹ ਅਫ਼ਸਰ ਮੈਨੂੰ ਬੁਲਾਉਂਦਾ ਸੀ, ਤਾਂ ਮੈਂ ਘਬਰਾ ਜਾਂਦਾ ਸੀ। ਮੈਂ ਪ੍ਰਾਰਥਨਾ ਕਰ ਕੇ ਯਹੋਵਾਹ ਤੋਂ ਮਨ ਦੀ ਸ਼ਾਂਤੀ ਮੰਗਦਾ ਸੀ ਅਤੇ ਕਹਿੰਦਾ ਸੀ ਕਿ ਉਹ ਸਹੀ ਸੋਚ ਰੱਖਣ ਵਿਚ ਮੇਰੀ ਮਦਦ ਕਰੇ। ਉਸ ਅਫ਼ਸਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮੈਂ ਹਾਰ ਨਹੀਂ ਮੰਨੀ। ਮੈਂ ਮਹਿਸੂਸ ਕੀਤਾ ਕਿ ਯਹੋਵਾਹ ਇਕ ਕੰਧ ਵਾਂਗ ਮੇਰੇ ਅੱਗੇ ਖੜ੍ਹਾ ਹੈ ਅਤੇ ਮੇਰੀ ਹਿਫਾਜ਼ਤ ਕਰ ਰਿਹਾ ਹੈ।’
6. ਅਸੀਂ ਹਮੇਸ਼ਾ ਯਹੋਵਾਹ ʼਤੇ ਕਿਉਂ ਭਰੋਸਾ ਰੱਖ ਸਕਦੇ ਹਾਂ? (ਯਸਾਯਾਹ 26:3, 4)
6 ਯਹੋਵਾਹ ਭਰੋਸੇਯੋਗ ਹੈ। ਜਿੱਦਾਂ ਇਕ ਚਟਾਨ ਜਾਂ ਪਹਾੜ ਹਮੇਸ਼ਾ ਆਪਣੀ ਜਗ੍ਹਾ ʼਤੇ ਰਹਿੰਦੇ ਹਨ, ਉਸੇ ਤਰ੍ਹਾਂ ਯਹੋਵਾਹ ਹਮੇਸ਼ਾ ਸਾਡਾ ਸਾਥ ਦਿੰਦਾ ਹੈ। ਬਾਈਬਲ ਵਿਚ ਦੱਸਿਆ ਗਿਆ ਹੈ ਕਿ “ਯਹੋਵਾਹ ਹਮੇਸ਼ਾ ਰਹਿਣ ਵਾਲੀ ਚਟਾਨ ਹੈ।” ਇਸ ਕਰਕੇ ਅਸੀਂ ਉਸ ʼਤੇ ਪੂਰਾ ਭਰੋਸਾ ਰੱਖ ਸਕਦੇ ਹਾਂ। (ਯਸਾਯਾਹ 26:3, 4 ਪੜ੍ਹੋ।) ਯਹੋਵਾਹ ਜੀਉਂਦਾ ਪਰਮੇਸ਼ੁਰ ਹੈ ਅਤੇ ਉਹ ਹਮੇਸ਼ਾ ਰਹੇਗਾ। ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਆਪਣਾ ਹਰ ਵਾਅਦਾ ਪੂਰਾ ਕਰੇਗਾ, ਹਮੇਸ਼ਾ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ ਅਤੇ ਲੋੜ ਪੈਣ ਤੇ ਸਾਨੂੰ ਸੰਭਾਲੇਗਾ। ਨਾਲੇ ਉਹ ਉਨ੍ਹਾਂ ਨਾਲ ਵਫ਼ਾਦਾਰੀ ਨਿਭਾਉਂਦਾ ਹੈ ਜੋ ਉਸ ਦੇ ਵਫ਼ਾਦਾਰ ਰਹਿੰਦੇ ਹਨ। (2 ਸਮੂ. 22:26) ਅਸੀਂ ਉਸ ਲਈ ਜੋ ਵੀ ਕਰਦੇ ਹਾਂ, ਉਹ ਉਸ ਨੂੰ ਕਦੇ ਵੀ ਨਹੀਂ ਭੁੱਲੇਗਾ ਅਤੇ ਸਾਨੂੰ ਹਮੇਸ਼ਾ ਉਸ ਦਾ ਇਨਾਮ ਦੇਵੇਗਾ।—ਇਬ. 6:10; 11:6.
7. ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖਾਂਗੇ, ਤਾਂ ਕੀ ਹੋਵੇਗਾ? (ਤਸਵੀਰ ਵੀ ਦੇਖੋ।)
7 ਯਹੋਵਾਹ ʼਤੇ ਪੂਰਾ ਭਰੋਸਾ ਰੱਖ ਕੇ ਅਸੀਂ ਉਸ ਨੂੰ ਆਪਣੀ ਚਟਾਨ ਬਣਾਉਂਦੇ ਹਾਂ। ਸਾਨੂੰ ਯਕੀਨ ਹੈ ਕਿ ਮੁਸ਼ਕਲਾਂ ਦੌਰਾਨ ਵੀ ਜੇ ਅਸੀਂ ਉਸ ਦਾ ਕਹਿਣ ਮੰਨੀਏ, ਤਾਂ ਸਾਡਾ ਹੀ ਭਲਾ ਹੋਵੇਗਾ। (ਯਸਾ. 48:17, 18) ਨਾਲੇ ਜਦੋਂ ਅਸੀਂ ਦੇਖਦੇ ਹਾਂ ਕਿ ਔਖੀਆਂ ਘੜੀਆਂ ਦੌਰਾਨ ਯਹੋਵਾਹ ਕਿਵੇਂ ਸਾਨੂੰ ਸੰਭਾਲਦਾ ਹੈ, ਤਾਂ ਉਸ ʼਤੇ ਸਾਡਾ ਭਰੋਸਾ ਹੋਰ ਵੀ ਵਧ ਜਾਂਦਾ ਹੈ। ਫਿਰ ਜਦੋਂ ਸਾਡੇ ʼਤੇ ਕੋਈ ਅਜਿਹੀ ਮੁਸ਼ਕਲ ਆਉਂਦੀ ਹੈ ਜਿਸ ਵਿਚ ਯਹੋਵਾਹ ਤੋਂ ਸਿਵਾਇ ਸਾਡੀ ਕੋਈ ਹਰ ਮਦਦ ਨਹੀਂ ਕਰ ਸਕਦਾ, ਤਾਂ ਅਸੀਂ ਉਸ ਮੁਸ਼ਕਲ ਦਾ ਵੀ ਡਟ ਕੇ ਸਾਮ੍ਹਣਾ ਕਰ ਪਾਉਂਦੇ ਹਾਂ। ਅਸੀਂ ਸਾਫ਼-ਸਾਫ਼ ਦੇਖ ਪਾਉਂਦੇ ਹਾਂ ਕਿ ਯਹੋਵਾਹ ਸਾਡੇ ਨਾਲ ਹੈ ਅਤੇ ਅਸੀਂ ਉਸ ʼਤੇ ਭਰੋਸਾ ਰੱਖ ਸਕਦੇ ਹਾਂ। ਭਰਾ ਵਲਾਦੀਮੀਰ ਦੱਸਦਾ ਹੈ: “ਜਦੋਂ ਮੈਂ ਜੇਲ੍ਹ ਵਿਚ ਸੀ, ਤਾਂ ਮੈਂ ਯਹੋਵਾਹ ਨੂੰ ਆਪਣੇ ਬਹੁਤ ਜ਼ਿਆਦਾ ਨੇੜੇ ਮਹਿਸੂਸ ਕੀਤਾ। ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਸੀ। ਜੇਲ੍ਹ ਵਿਚ ਮੈਂ ਬਿਲਕੁਲ ਇਕੱਲਾ ਸੀ ਅਤੇ ਹਾਲਾਤਾਂ ʼਤੇ ਵੀ ਮੇਰਾ ਕੋਈ ਵੱਸ ਨਹੀਂ ਸੀ। ਉਸ ਵੇਲੇ ਮੈਂ ਯਹੋਵਾਹ ʼਤੇ ਹੋਰ ਵੀ ਭਰੋਸਾ ਰੱਖਣਾ ਸਿੱਖਿਆ।”
8. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਚਟਾਨ ਵਾਂਗ ਸਥਿਰ ਹੈ? (ਅ) ਯਹੋਵਾਹ ਸਾਡੀ ਚਟਾਨ ਹੈ, ਇਸ ਕਰਕੇ ਅਸੀਂ ਕਿਸ ਗੱਲ ਦਾ ਯਕੀਨ ਰੱਖ ਸਕਦੇ ਹਾਂ? (ਜ਼ਬੂਰ 62:6, 7)
8 ਯਹੋਵਾਹ ਸਥਿਰ ਰਹਿੰਦਾ ਹੈ। ਯਹੋਵਾਹ ਇਕ ਚਟਾਨ ਵਾਂਗ ਮਜ਼ਬੂਤ ਤੇ ਸਥਿਰ ਰਹਿੰਦਾ ਹੈ। ਉਸ ਦਾ ਸੁਭਾਅ ਅਤੇ ਮਕਸਦ ਕਦੇ ਨਹੀਂ ਬਦਲਦਾ। (ਮਲਾ. 3:6) ਜਿੱਦਾਂ ਅਦਨ ਦੇ ਬਾਗ਼ ਵਿਚ ਜਦੋਂ ਆਦਮ ਤੇ ਹੱਵਾਹ ਨੇ ਬਗਾਵਤ ਕੀਤੀ, ਤਾਂ ਉਸ ਨੇ ਧਰਤੀ ਅਤੇ ਇਨਸਾਨਾਂ ਲਈ ਆਪਣਾ ਮਕਸਦ ਨਹੀਂ ਬਦਲਿਆ। ਪੌਲੁਸ ਰਸੂਲ ਨੇ ਯਹੋਵਾਹ ਬਾਰੇ ਕਿਹਾ ਕਿ ਉਹ “ਆਪਣੇ ਸੁਭਾਅ ਤੋਂ ਉਲਟ ਕੁਝ ਵੀ ਨਹੀਂ ਕਰ ਸਕਦਾ।” (2 ਤਿਮੋ. 2:13) ਇਸ ਦਾ ਮਤਲਬ ਹੈ ਕਿ ਚਾਹੇ ਜੋ ਵੀ ਹੋ ਜਾਵੇ ਜਾਂ ਦੂਸਰੇ ਚਾਹੇ ਜੋ ਵੀ ਕਰਨ, ਯਹੋਵਾਹ ਦਾ ਸੁਭਾਅ, ਮਕਸਦ ਅਤੇ ਉਸ ਦੇ ਮਿਆਰ ਹਮੇਸ਼ਾ ਇੱਕੋ ਜਿਹੇ ਰਹਿੰਦੇ ਹਨ। ਇਸ ਲਈ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਕਦੇ ਨਹੀਂ ਬਦਲੇਗਾ ਅਤੇ ਹਮੇਸ਼ਾ ਸਥਿਰ ਰਹੇਗਾ। ਔਖੀਆਂ ਘੜੀਆਂ ਵਿਚ ਵੀ ਉਹ ਸਾਨੂੰ ਜ਼ਰੂਰ ਸੰਭਾਲੇਗਾ ਅਤੇ ਆਪਣੇ ਵਾਅਦੇ ਪੂਰੇ ਕਰੇਗਾ।—ਜ਼ਬੂਰ 62:6, 7 ਪੜ੍ਹੋ।
9. ਤੁਸੀਂ ਭੈਣ ਤਾਤੀਯਾਨਾ ਤੋਂ ਕੀ ਸਿੱਖਿਆ?
9 ਯਹੋਵਾਹ ਦੇ ਗੁਣਾਂ, ਧਰਤੀ ਅਤੇ ਇਨਸਾਨਾਂ ਲਈ ਰੱਖੇ ਉਸ ਦੇ ਮਕਸਦ ʼਤੇ ਸੋਚ-ਵਿਚਾਰ ਕਰ ਕੇ ਵੀ ਅਸੀਂ ਉਸ ਨੂੰ ਆਪਣੀ ਚਟਾਨ ਬਣਾਉਂਦੇ ਹਾਂ। ਇੱਦਾਂ ਕਰ ਕੇ ਅਸੀਂ ਮੁਸ਼ਕਲਾਂ ਦੌਰਾਨ ਵੀ ਸ਼ਾਂਤ ਅਤੇ ਵਫ਼ਾਦਾਰ ਰਹਿ ਪਾਉਂਦੇ ਹਾਂ। (ਜ਼ਬੂ. 16:8) ਜ਼ਰਾ ਭੈਣ ਤਾਤੀਯਾਨਾ ਦੀ ਮਿਸਾਲ ʼਤੇ ਗੌਰ ਕਰੋ। ਉਸ ਨੂੰ ਉਸ ਦੀ ਨਿਹਚਾ ਕਰਕੇ ਘਰ ਵਿਚ ਕੈਦ ਕਰ ਦਿੱਤਾ ਗਿਆ ਸੀ। ਉਹ ਦੱਸਦੀ ਹੈ: “ਘਰ ਵਿਚ ਇਕੱਲੇ ਰਹਿਣਾ ਮੇਰੇ ਲਈ ਬਹੁਤ ਔਖਾ ਸੀ। ਮੈਂ ਅਕਸਰ ਨਿਰਾਸ਼ ਹੋ ਜਾਂਦੀ ਸੀ।” ਫਿਰ ਭੈਣ ਨੇ ਸੋਚਿਆ ਕਿ ਉਸ ਲਈ ਯਹੋਵਾਹ ਦੇ ਵਫ਼ਾਦਾਰ ਰਹਿਣਾ ਕਿੰਨਾ ਜ਼ਰੂਰੀ ਹੈ ਅਤੇ ਇਹ ਯਹੋਵਾਹ ਅਤੇ ਉਸ ਦੇ ਮਕਸਦ ਨਾਲ ਕਿਵੇਂ ਜੁੜਿਆ ਹੋਇਆ ਹੈ। ਇਸ ਕਰਕੇ ਉਹ ਸ਼ਾਂਤ ਰਹਿ ਸਕੀ ਅਤੇ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕੀ। ਉਹ ਦੱਸਦੀ ਹੈ: “ਜਦੋਂ ਮੈਂ ਇਹ ਗੱਲ ਸਮਝ ਗਈ ਕਿ ਮੇਰੇ ਨਾਲ ਇਹ ਸਭ ਕੁਝ ਇਸ ਲਈ ਹੋ ਰਿਹਾ ਹੈ ਕਿਉਂਕਿ ਮੈਂ ਯਹੋਵਾਹ ਨੂੰ ਪਿਆਰ ਕਰਦੀ ਹਾਂ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੀ ਹਾਂ, ਤਾਂ ਮੈਂ ਆਪਣੇ ਬਾਰੇ ਅਤੇ ਆਪਣੀਆਂ ਮੁਸ਼ਕਲਾਂ ਬਾਰੇ ਸੋਚਣਾ ਛੱਡ ਦਿੱਤਾ।”
10. ਅੱਜ ਅਸੀਂ ਯਹੋਵਾਹ ਨੂੰ ਆਪਣੀ ਚਟਾਨ ਕਿਵੇਂ ਬਣਾ ਸਕਦੇ ਹਾਂ?
10 ਭਵਿੱਖ ਵਿਚ ਸਾਨੂੰ ਹੋਰ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ ਅਤੇ ਉਦੋਂ ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਯਹੋਵਾਹ ʼਤੇ ਭਰੋਸਾ ਰੱਖਣ ਦੀ ਲੋੜ ਪਵੇਗੀ। ਇਸ ਲਈ ਅੱਜ ਸਾਨੂੰ ਉਸ ʼਤੇ ਆਪਣਾ ਭਰੋਸਾ ਹੋਰ ਵੀ ਪੱਕਾ ਕਰਨ ਦੀ ਲੋੜ ਹੈ ਕਿ ਚਾਹੇ ਜੋ ਵੀ ਹੋ ਜਾਵੇ, ਉਹ ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਜ਼ਰੂਰ ਕਰੇਗਾ। ਅਸੀਂ ਉਸ ʼਤੇ ਆਪਣਾ ਭਰੋਸਾ ਕਿਵੇਂ ਵਧਾ ਸਕਦੇ ਹਾਂ? ਬਾਈਬਲ ਵਿਚ ਦਰਜ ਵਫ਼ਾਦਾਰ ਸੇਵਕਾਂ ਦੇ ਬਿਰਤਾਂਤ ਅਤੇ ਅੱਜ ਦੇ ਜ਼ਮਾਨੇ ਦੇ ਵਫ਼ਾਦਾਰ ਸੇਵਕਾਂ ਦੇ ਤਜਰਬੇ ਪੜ੍ਹੋ ਅਤੇ ਇਨ੍ਹਾਂ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰੋ। ਧਿਆਨ ਦਿਓ ਕਿ ਯਹੋਵਾਹ ਉਨ੍ਹਾਂ ਲਈ ਚਟਾਨ ਕਿਵੇਂ ਸਾਬਤ ਹੋਇਆ, ਉਸ ਨੇ ਉਨ੍ਹਾਂ ਦੀ ਮਦਦ ਕਿਵੇਂ ਕੀਤੀ ਅਤੇ ਉਸ ਨੇ ਉਨ੍ਹਾਂ ਨੂੰ ਕਿਵੇਂ ਸੰਭਾਲਿਆ। ਇਸ ਤਰ੍ਹਾਂ ਤੁਸੀਂ ਯਹੋਵਾਹ ਨੂੰ ਆਪਣੀ ਚਟਾਨ ਬਣਾ ਸਕੋਗੇ।
ਯਹੋਵਾਹ ਦੇ ਚਟਾਨ ਵਰਗੇ ਗੁਣਾਂ ਦੀ ਰੀਸ ਕਰੋ
11. ਸਾਨੂੰ ਯਹੋਵਾਹ ਦੇ ਚਟਾਨ ਵਰਗੇ ਗੁਣਾਂ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ? (“ ਨੌਜਵਾਨ ਭਰਾਵਾਂ ਲਈ ਟੀਚੇ” ਨਾਂ ਦੀ ਡੱਬੀ ਵੀ ਦੇਖੋ।)
11 ਅਸੀਂ ਯਹੋਵਾਹ ਦੇ ਕਈ ਗੁਣਾਂ ʼਤੇ ਧਿਆਨ ਦਿੱਤਾ ਜਿਨ੍ਹਾਂ ਕਰਕੇ ਉਸ ਨੂੰ ਚਟਾਨ ਕਿਹਾ ਗਿਆ ਹੈ। ਹੁਣ ਆਓ ਆਪਾਂ ਦੇਖੀਏ ਕਿ ਅਸੀਂ ਯਹੋਵਾਹ ਦੀ ਰੀਸ ਕਰਕੇ ਇਨ੍ਹਾਂ ਗੁਣਾਂ ਨੂੰ ਆਪਣੇ ਅੰਦਰ ਕਿਵੇਂ ਵਧਾ ਸਕਦੇ ਹਾਂ। ਅਸੀਂ ਜਿੰਨਾ ਜ਼ਿਆਦਾ ਇਨ੍ਹਾਂ ਗੁਣਾਂ ਨੂੰ ਵਧਾਵਾਂਗੇ, ਅਸੀਂ ਉੱਨਾ ਜ਼ਿਆਦਾ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰ ਸਕਾਂਗੇ। ਉਦਾਹਰਣ ਲਈ, ਯਿਸੂ ਨੇ ਆਪਣੇ ਇਕ ਚੇਲੇ ਸ਼ਮਊਨ ਨੂੰ ਕੇਫ਼ਾਸ ਨਾਂ ਦਿੱਤਾ (ਯੂਨਾਨੀ ਵਿਚ “ਪਤਰਸ”) ਜਿਸ ਦਾ ਮਤਲਬ ਹੈ, “ਚਟਾਨ ਜਾਂ ਪੱਥਰ।” (ਯੂਹੰ. 1:42) ਯਿਸੂ ਨੇ ਪਤਰਸ ਨੂੰ ਇਹ ਨਾਂ ਕਿਉਂ ਦਿੱਤਾ? ਕਿਉਂਕਿ ਪਤਰਸ ਨੇ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਦਿਲਾਸਾ ਦੇਣਾ ਸੀ ਅਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਨੀ ਸੀ। ਬਾਈਬਲ ਵਿਚ ਬਜ਼ੁਰਗਾਂ ਬਾਰੇ ਦੱਸਿਆ ਗਿਆ ਹੈ ਕਿ ਉਹ “ਵੱਡੀ ਸਾਰੀ ਚਟਾਨ ਦੇ ਸਾਏ” ਵਾਂਗ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਬਜ਼ੁਰਗ ਮੰਡਲੀ ਦੇ ਭੈਣਾਂ-ਭਰਾਵਾਂ ਦੀ ਹਿਫਾਜ਼ਤ ਕਰਦੇ ਹਨ। (ਯਸਾ. 32:2) ਪਰ ਅਸੀਂ ਸਾਰੇ ਜਣੇ ਵੀ ਇਕ-ਦੂਜੇ ਨੂੰ ਹੌਸਲਾ ਦੇ ਸਕਦੇ ਹਾਂ ਅਤੇ ਆਪਣੀ ਚਟਾਨ ਯਹੋਵਾਹ ਦੀ ਰੀਸ ਕਰ ਸਕਦੇ ਹਾਂ।—ਅਫ਼. 5:1.
12. ਅਸੀਂ ਦੂਜਿਆਂ ਨੂੰ ਪਨਾਹ ਕਿਵੇਂ ਦੇ ਸਕਦੇ ਹਾਂ?
12 ਦੂਜਿਆਂ ਨੂੰ ਪਨਾਹ ਦਿਓ। ਜਦੋਂ ਕੁਦਰਤੀ ਆਫ਼ਤਾਂ ਆਉਂਦੀਆਂ ਹਨ ਜਾਂ ਦੰਗੇ-ਫ਼ਸਾਦ ਹੁੰਦੇ ਹਨ, ਤਾਂ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਆਪਣੇ ਘਰ ਵਿਚ ਪਨਾਹ ਦੇ ਸਕਦੇ ਹਾਂ। ਇਨ੍ਹਾਂ ‘ਆਖ਼ਰੀ ਦਿਨਾਂ’ ਵਿਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾਣਗੇ ਅਤੇ ਸਾਨੂੰ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਦੇ ਹੋਰ ਵੀ ਮੌਕੇ ਮਿਲਣਗੇ। (2 ਤਿਮੋ. 3:1) ਅਸੀਂ ਉਨ੍ਹਾਂ ਦਾ ਹੌਸਲਾ ਵਧਾ ਕੇ ਅਤੇ ਉਨ੍ਹਾਂ ਨੂੰ ਪਿਆਰ ਦਿਖਾ ਕੇ ਵੀ ਪਨਾਹ ਦੇ ਸਕਦੇ ਹਾਂ। ਅਸੀਂ ਹੋਰ ਕਿਹੜੇ ਤਰੀਕੇ ਨਾਲ ਆਪਣੇ ਭੈਣਾਂ-ਭਰਾਵਾਂ ਨੂੰ ਪਨਾਹ ਦੇ ਸਕਦੇ ਹਾਂ? ਅਸੀਂ ਕਿੰਗਡਮ ਹਾਲ ਵਿਚ ਉਨ੍ਹਾਂ ਨੂੰ ਮਿਲ ਸਕਦੇ ਹਾਂ ਤੇ ਉਨ੍ਹਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਦਿਲਾਸਾ ਦੇ ਸਕਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੀ ਮੰਡਲੀ ਦਾ ਮਾਹੌਲ ਇੱਦਾਂ ਦਾ ਹੋਵੇ ਜਿੱਥੇ ਦੂਜਿਆਂ ਨੂੰ ਪਿਆਰ ਅਤੇ ਹੌਸਲਾ ਮਿਲੇ। ਅੱਜ ਦੁਨੀਆਂ ਦੇ ਜ਼ਿਆਦਾਤਰ ਲੋਕ ਦੂਜਿਆਂ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਂਦੇ ਹਨ। ਇਸ ਕਰਕੇ ਸਾਡੇ ਭੈਣ-ਭਰਾ ਪਰੇਸ਼ਾਨ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਲੱਗ ਸਕਦਾ ਹੈ ਕਿ ਉਨ੍ਹਾਂ ਨੂੰ ਕੋਈ ਪਿਆਰ ਨਹੀਂ ਕਰਦਾ। ਇਸ ਲਈ ਜਦੋਂ ਭੈਣ-ਭਰਾ ਸਭਾਵਾਂ ਵਿਚ ਆਉਂਦੇ ਹਨ, ਤਾਂ ਸਾਨੂੰ ਉਨ੍ਹਾਂ ਨੂੰ ਅਹਿਸਾਸ ਦਿਵਾਉਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦੀ ਕਿੰਨੀ ਪਰਵਾਹ ਕਰਦੇ ਹਾਂ। ਇੱਦਾਂ ਕਰਨ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ ਅਤੇ ਉਹ ਸੁਰੱਖਿਅਤ ਮਹਿਸੂਸ ਕਰਨਗੇ।
13. ਬਜ਼ੁਰਗ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਕਿਵੇਂ ਪਨਾਹ ਦੇ ਸਕਦੇ ਹਨ? (ਤਸਵੀਰ ਵੀ ਦੇਖੋ।)
13 ਬਜ਼ੁਰਗ ਵੀ ਦੂਜਿਆਂ ਨੂੰ ਪਨਾਹ ਦੇ ਸਕਦੇ ਹਨ। ਉਹ ਕਿਵੇਂ? ਜਦੋਂ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਜਾਂ ਕਿਸੇ ਭੈਣ ਜਾਂ ਭਰਾ ਦੀ ਸਿਹਤ ਅਚਾਨਕ ਖ਼ਰਾਬ ਹੋ ਜਾਂਦੀ ਹੈ, ਤਾਂ ਉਹ ਉਸ ਦੀ ਮਦਦ ਕਰਨ ਲਈ ਜਲਦ ਤੋਂ ਜਲਦ ਪ੍ਰਬੰਧ ਕਰ ਸਕਦੇ ਹਨ। ਜਾਂ ਜਦੋਂ ਕੋਈ ਭੈਣ ਜਾਂ ਭਰਾ ਤੂਫ਼ਾਨ ਵਰਗੀ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਦਾ ਹੈ, ਤਾਂ ਉਹ ਬਾਈਬਲ ਤੋਂ ਉਸ ਦਾ ਹੌਸਲਾ ਵਧਾ ਸਕਦੇ ਹਨ। ਪਰ ਭੈਣ-ਭਰਾ ਕਦੋਂ ਇਕ ਬਜ਼ੁਰਗ ਤੋਂ ਮਦਦ ਮੰਗਣਗੇ? ਜਦੋਂ ਉਨ੍ਹਾਂ ਨੂੰ ਯਕੀਨ ਹੋਵੇਗਾ ਕਿ ਉਹ ਬਜ਼ੁਰਗ ਉਨ੍ਹਾਂ ਨਾਲ ਪਿਆਰ ਨਾਲ ਗੱਲ ਕਰੇਗਾ, ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣੇਗਾ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ। ਜਦੋਂ ਇਕ ਬਜ਼ੁਰਗ ਇੱਦਾਂ ਕਰੇਗਾ, ਤਾਂ ਭੈਣ-ਭਰਾ ਉਸ ਦਾ ਪਿਆਰ ਮਹਿਸੂਸ ਕਰ ਸਕਣਗੇ। ਨਾਲੇ ਫਿਰ ਜਦੋਂ ਉਹ ਉਨ੍ਹਾਂ ਨੂੰ ਬਾਈਬਲ ਵਿੱਚੋਂ ਕੋਈ ਵੀ ਸਲਾਹ ਦੇਵੇਗਾ, ਤਾਂ ਉਸ ਨੂੰ ਮੰਨਣਾ ਉਨ੍ਹਾਂ ਲਈ ਹੋਰ ਵੀ ਸੌਖਾ ਹੋਵੇਗਾ।—1 ਥੱਸ. 2:7, 8, 11.
14. ਅਸੀਂ ਭਰੋਸੇਯੋਗ ਕਿਵੇਂ ਬਣ ਸਕਦੇ ਹਾਂ?
14 ਭਰੋਸੇਯੋਗ ਬਣੋ। ਭੈਣਾਂ-ਭਰਾਵਾਂ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਹਾਂ, ਖ਼ਾਸ ਕਰਕੇ ਔਖੀਆਂ ਘੜੀਆਂ ਦੌਰਾਨ। (ਕਹਾ. 17:17) ਅਸੀਂ ਭਰੋਸੇਯੋਗ ਕਿਵੇਂ ਬਣ ਸਕਦੇ ਹਾਂ? ਅਸੀਂ ਹਰ ਰੋਜ਼ ਯਹੋਵਾਹ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਾਂ, ਜਿਵੇਂ ਕਿ ਆਪਣੇ ਵਾਅਦੇ ਪੂਰੇ ਕਰਨੇ ਅਤੇ ਸਮੇਂ ਦਾ ਪਾਬੰਦ ਹੋਣਾ। (ਮੱਤੀ 5:37) ਜਦੋਂ ਅਸੀਂ ਦੇਖਦੇ ਹਾਂ ਕਿ ਕਿਸੇ ਨੂੰ ਸਾਡੀ ਮਦਦ ਦੀ ਲੋੜ ਹੈ, ਤਾਂ ਅਸੀਂ ਤੁਰੰਤ ਉਸ ਦੀ ਮਦਦ ਕਰ ਸਕਦੇ ਹਾਂ। ਇਸ ਤੋਂ ਇਲਾਵਾ, ਸਾਨੂੰ ਇਸ ਗੱਲ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਮੰਡਲੀ ਵਿਚ ਮਿਲੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੀਏ। ਨਾਲੇ ਇੱਦਾਂ ਕਰਦਿਆਂ ਉਨ੍ਹਾਂ ਬਾਰੇ ਦਿੱਤੀਆਂ ਹਿਦਾਇਤਾਂ ਨੂੰ ਵੀ ਧਿਆਨ ਵਿਚ ਰੱਖੀਏ।
15. ਜਦੋਂ ਬਜ਼ੁਰਗ ਭਰੋਸੇਯੋਗ ਹੁੰਦੇ ਹਨ, ਤਾਂ ਭੈਣਾਂ-ਭਰਾਵਾਂ ਨੂੰ ਕੀ ਫ਼ਾਇਦੇ ਹੁੰਦੇ ਹਨ?
15 ਭਰੋਸੇਯੋਗ ਬਜ਼ੁਰਗ ਮੰਡਲੀ ਲਈ ਬਰਕਤ ਹੁੰਦੇ ਹਨ। ਉਹ ਕਿਵੇਂ? ਜਦੋਂ ਭੈਣਾਂ-ਭਰਾਵਾਂ ਨੂੰ ਪਤਾ ਹੁੰਦਾ ਹੈ ਕਿ ਉਹ ਬਜ਼ੁਰਗਾਂ ਨੂੰ, ਜਿਵੇਂ ਗਰੁੱਪ ਓਵਰਸੀਅਰ ਨੂੰ ਕਦੇ ਵੀ ਮਦਦ ਲਈ ਬੁਲਾ ਸਕਦੇ ਹਨ, ਤਾਂ ਉਨ੍ਹਾਂ ਨੂੰ ਚਿੰਤਾ ਘੱਟ ਹੁੰਦੀ ਹੈ। ਇਸ ਤੋਂ ਇਲਾਵਾ, ਜਦੋਂ ਬਜ਼ੁਰਗ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ, ਤਾਂ ਭੈਣ-ਭਰਾ ਦੇਖ ਸਕਦੇ ਹਨ ਕਿ ਉਹ ਉਨ੍ਹਾਂ ਦੀ ਪਰਵਾਹ ਕਰਦੇ ਹਨ। ਨਾਲੇ ਜਦੋਂ ਬਜ਼ੁਰਗ ਆਪਣੇ ਵੱਲੋਂ ਨਹੀਂ, ਸਗੋਂ ਬਾਈਬਲ ਅਤੇ ਸਾਡੇ ਪ੍ਰਕਾਸ਼ਨਾਂ ʼਤੇ ਆਧਾਰਿਤ ਕੋਈ ਸਲਾਹ ਦਿੰਦੇ ਹਨ, ਤਾਂ ਭੈਣ-ਭਰਾ ਉਨ੍ਹਾਂ ʼਤੇ ਹੋਰ ਭਰੋਸਾ ਕਰਨ ਲੱਗ ਪੈਂਦੇ ਹਨ। ਇੰਨਾ ਹੀ ਨਹੀਂ, ਜਦੋਂ ਬਜ਼ੁਰਗ ਕਿਸੇ ਭੈਣ ਜਾਂ ਭਰਾ ਦੀਆਂ ਗੱਲਾਂ ਦੂਜਿਆਂ ਨੂੰ ਨਹੀਂ ਦੱਸਦੇ ਅਤੇ ਆਪਣਾ ਹਰ ਵਾਅਦਾ ਨਿਭਾਉਂਦੇ ਹਨ, ਤਾਂ ਭੈਣ-ਭਰਾ ਉਨ੍ਹਾਂ ʼਤੇ ਹੋਰ ਵੀ ਜ਼ਿਆਦਾ ਭਰੋਸਾ ਕਰਨ ਲੱਗ ਪੈਂਦੇ ਹਨ।
16. ਸਥਿਰ ਰਹਿਣ ਕਰਕੇ ਸਾਨੂੰ ਅਤੇ ਦੂਜਿਆਂ ਨੂੰ ਕੀ ਫ਼ਾਇਦੇ ਹੁੰਦੇ ਹਨ?
16 ਸਥਿਰ ਰਹੋ। ਜਦੋਂ ਭੈਣ-ਭਰਾ ਦੇਖਣਗੇ ਕਿ ਅਸੀਂ ਹਰ ਗੱਲ ਵਿਚ ਯਹੋਵਾਹ ਦਾ ਕਹਿਣਾ ਮੰਨਦੇ ਹਾਂ ਅਤੇ ਬਾਈਬਲ ਦੇ ਅਸੂਲਾਂ ਮੁਤਾਬਕ ਫ਼ੈਸਲੇ ਕਰਦੇ ਹਾਂ, ਤਾਂ ਉਹ ਵੀ ਇੱਦਾਂ ਕਰਨਾ ਸਿੱਖਣਗੇ। ਅਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਅਤੇ ਯਹੋਵਾਹ ʼਤੇ ਆਪਣੀ ਨਿਹਚਾ ਪੱਕੀ ਕਰ ਕੇ ਉਸ ਦੇ ਵਫ਼ਾਦਾਰ ਰਹਿੰਦੇ ਹਾਂ ਅਤੇ ਉਸ ਦੇ ਅਸੂਲਾਂ ਮੁਤਾਬਕ ਚੱਲਦੇ ਹਾਂ। ਇਸ ਤੋਂ ਇਲਾਵਾ, ਅਸੀਂ ਝੂਠੀਆਂ ਸਿੱਖਿਆਵਾਂ ਦੇ ਬਹਿਕਾਵੇ ਵਿਚ ਨਹੀਂ ਆਉਂਦੇ ਤੇ ਨਾ ਹੀ ਦੁਨੀਆਂ ਦੀ ਸੋਚ ਨੂੰ ਆਪਣੇ ʼਤੇ ਹਾਵੀ ਹੋਣ ਦਿੰਦੇ ਹਾਂ। (ਅਫ਼. 4:14; ਯਾਕੂ. 1:6-8) ਅਸੀਂ ਯਹੋਵਾਹ ਅਤੇ ਉਸ ਦੇ ਵਾਅਦਿਆਂ ʼਤੇ ਪੂਰਾ ਭਰੋਸਾ ਕਰਦੇ ਹਾਂ। ਇਸ ਲਈ ਬੁਰੀਆਂ ਖ਼ਬਰਾਂ ਸੁਣਨ ʼਤੇ ਵੀ ਅਸੀਂ ਘਬਰਾਉਂਦੇ ਨਹੀਂ, ਸਗੋਂ ਸ਼ਾਂਤ ਰਹਿੰਦੇ ਹਾਂ। (ਜ਼ਬੂ. 112:7, 8) ਇੰਨਾ ਹੀ ਨਹੀਂ, ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਭੈਣਾਂ-ਭਰਾਵਾਂ ਦੀ ਵੀ ਮਦਦ ਕਰ ਪਾਉਂਦੇ ਹਾਂ।—1 ਥੱਸ. 3:2, 3.
17. ਬਜ਼ੁਰਗ ਕਿਵੇਂ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਦੇ ਹਨ?
17 ਬਜ਼ੁਰਗ ਹਰ ਗੱਲ ਵਿਚ ਸੰਜਮ ਰੱਖਦੇ ਹਨ, ਸਮਝਦਾਰ ਹੁੰਦੇ ਹਨ ਅਤੇ ਸਲੀਕੇ ਨਾਲ ਕੰਮ ਕਰਦੇ ਹਨ। ਪਰ ਉਹ ਅੜਬ ਨਹੀਂ ਹੁੰਦੇ। ਉਹ ਦੂਜਿਆਂ ਦੀ ਸ਼ਾਂਤ ਰਹਿਣ ਅਤੇ ਯਹੋਵਾਹ ʼਤੇ ਪੱਕੀ ਨਿਹਚਾ ਰੱਖਣ ਵਿਚ ਮਦਦ ਕਰਦੇ ਹਨ। ਨਾਲੇ ਉਹ “ਪਰਮੇਸ਼ੁਰ ਦੇ ਸੱਚੇ ਬਚਨ” ਨੂੰ ਮਜ਼ਬੂਤੀ ਨਾਲ ਫੜੀ ਰੱਖਦੇ ਹਨ ਜਿਸ ਕਰਕੇ ਉਹ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰ ਪਾਉਂਦੇ ਹਨ। (ਤੀਤੁ. 1:9; 1 ਤਿਮੋ. 3:1-3) ਬਜ਼ੁਰਗ ਬਾਕਾਇਦਾ ਸਭਾਵਾਂ ਵਿਚ ਆਉਂਦੇ ਹਨ, ਪ੍ਰਚਾਰ ʼਤੇ ਜਾਂਦੇ ਹਨ ਅਤੇ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰਦੇ ਹਨ। ਇਸ ਤਰ੍ਹਾਂ ਉਹ ਦੂਜਿਆਂ ਲਈ ਵਧੀਆ ਮਿਸਾਲ ਰੱਖਦੇ ਹਨ। ਨਾਲੇ ਜਦੋਂ ਉਹ ਹੌਸਲਾ ਦੇਣ ਲਈ ਭੈਣਾਂ-ਭਰਾਵਾਂ ਨੂੰ ਮਿਲਦੇ ਹਨ, ਤਾਂ ਉਹ ਉਨ੍ਹਾਂ ਨੂੰ ਵੀ ਇਨ੍ਹਾਂ ਕੰਮਾਂ ਵਿਚ ਲੱਗੇ ਰਹਿਣ ਦੀ ਹੱਲਾਸ਼ੇਰੀ ਦਿੰਦੇ ਹਨ। ਜਦੋਂ ਭੈਣ-ਭਰਾ ਅਚਾਨਕ ਕੋਈ ਮੁਸੀਬਤ ਆਉਣ ʼਤੇ ਚਿੰਤਾ ਕਰਨ ਲੱਗ ਪੈਂਦੇ ਹਨ, ਤਾਂ ਬਜ਼ੁਰਗ ਉਨ੍ਹਾਂ ਨੂੰ ਯਹੋਵਾਹ ਅਤੇ ਉਸ ਦੇ ਵਾਅਦਿਆਂ ʼਤੇ ਧਿਆਨ ਲਾਈ ਰੱਖਣ ਦੀ ਹੱਲਾਸ਼ੇਰੀ ਦਿੰਦੇ ਹਨ।
18. ਅਸੀਂ ਕਿਉਂ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦੇ ਹਾਂ ਅਤੇ ਉਸ ਦੇ ਹੋਰ ਨੇੜੇ ਆਉਣਾ ਚਾਹੁੰਦੇ ਹਾਂ? (“ ਯਹੋਵਾਹ ਦੇ ਨੇੜੇ ਆਉਣ ਦਾ ਇਕ ਤਰੀਕਾ” ਨਾਂ ਦੀ ਡੱਬੀ ਦੇਖੋ।)
18 ਯਹੋਵਾਹ ਦੇ ਸ਼ਾਨਦਾਰ ਗੁਣਾਂ ʼਤੇ ਗੌਰ ਕਰਨ ਤੋਂ ਬਾਅਦ ਅਸੀਂ ਵੀ ਦਾਊਦ ਵਾਂਗ ਕਹਿ ਸਕਦੇ ਹਾਂ: “ਮੇਰੀ ਚਟਾਨ, ਯਹੋਵਾਹ ਦੀ ਮਹਿਮਾ ਹੋਵੇ।” (ਜ਼ਬੂ. 144:1) ਅਸੀਂ ਯਹੋਵਾਹ ʼਤੇ ਹਮੇਸ਼ਾ ਭਰੋਸਾ ਕਰ ਸਕਦੇ ਹਾਂ। ਉਹ ਹਮੇਸ਼ਾ ਸਾਡਾ ਸਾਥ ਦੇਵੇਗਾ ਅਤੇ ਸਾਡੇ ਨੇੜੇ ਰਹੇਗਾ। ਚਾਹੇ ਅਸੀਂ ਸਿਆਣੀ ਉਮਰ ਦੇ ਹੀ ਕਿਉਂ ਨਾ ਹੋਈਏ, ਫਿਰ ਵੀ ਅਸੀਂ ਪੂਰੇ ਯਕੀਨ ਨਾਲ ਕਹਿ ਸਕਦੇ ਹਾਂ: “ਉਹ ਮੇਰੀ ਚਟਾਨ ਹੈ।”—ਜ਼ਬੂ. 92:14, 15.
ਗੀਤ 150 ਯਹੋਵਾਹ ਵਿਚ ਪਨਾਹ ਲਓ
a ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਬਾਰੇ ਜਾਣਕਾਰੀ: ਕਿੰਗਡਮ ਹਾਲ ਵਿਚ ਇਕ ਭੈਣ ਬਿਨਾਂ ਹਿਚਕਿਚਾਏ ਦੋ ਬਜ਼ੁਰਗਾਂ ਨਾਲ ਗੱਲ ਕਰ ਰਹੀ ਹੈ।