ਨਵੀਂ ਮੰਡਲੀ ਨੂੰ ਬਣਾਓ ਆਪਣਾ ਪਰਿਵਾਰ
ਕੀ ਤੁਹਾਨੂੰ ਕਦੇ ਆਪਣੀ ਮੰਡਲੀ ਬਦਲਣੀ ਪਈ ਹੈ? ਜੇ ਹਾਂ, ਤਾਂ ਤੁਸੀਂ ਭਰਾ ਜੀਨ-ਚਾਰਲਸ ਵਾਂਗ ਮਹਿਸੂਸ ਕੀਤਾ ਹੋਣਾ। ਉਹ ਦੱਸਦਾ ਹੈ: “ਜਦੋਂ ਤੁਸੀਂ ਕਿਸੇ ਨਵੀਂ ਮੰਡਲੀ ਵਿਚ ਜਾਂਦੇ ਹੋ, ਤਾਂ ਤੁਹਾਡੇ ਮਨ ਵਿਚ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ। ਨਾਲੇ ਇਸ ਗੱਲ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਪਰਿਵਾਰ ਵਿਚ ਸਾਰਿਆਂ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਬਣਿਆ ਰਹੇ। ਇਹ ਸੌਖਾ ਨਹੀਂ ਹੁੰਦਾ।” ਇਹੀ ਨਹੀਂ, ਜਦੋਂ ਕੋਈ ਵਿਅਕਤੀ ਨਵੀਂ ਜਗ੍ਹਾ ʼਤੇ ਜਾਂਦਾ ਹੈ, ਤਾਂ ਉਸ ਨੂੰ ਕੰਮ ਤੇ ਘਰ ਲੱਭਣਾ ਪੈਂਦਾ ਹੈ। ਨਾਲੇ ਜੇ ਬੱਚੇ ਹਨ, ਤਾਂ ਉਨ੍ਹਾਂ ਲਈ ਨਵਾਂ ਸਕੂਲ ਲੱਭਣਾ ਪੈਂਦਾ ਹੈ। ਇਸ ਤੋਂ ਇਲਾਵਾ, ਇਹ ਵੀ ਹੋ ਸਕਦਾ ਹੈ ਕਿ ਨਵੀਂ ਜਗ੍ਹਾ ਦਾ ਮੌਸਮ, ਰਹਿਣ-ਸਹਿਣ ਅਤੇ ਪ੍ਰਚਾਰ ਦਾ ਇਲਾਕਾ ਪੁਰਾਣੀ ਜਗ੍ਹਾ ਨਾਲੋਂ ਕਾਫ਼ੀ ਵੱਖਰਾ ਹੋਵੇ।
ਭਰਾ ਨੀਕੋਲਸ ਤੇ ਭੈਣ ਸੀਲੀਨ ਨੂੰ ਇਕ ਅਲੱਗ ਤਰ੍ਹਾਂ ਦੀ ਮੁਸ਼ਕਲ ਦਾ ਸਾਮ੍ਹਣਾ ਕਰਨਾ ਪਿਆ। ਉਹ ਦੋਵੇਂ ਫਰਾਂਸ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦੇ ਹਨ। ਬ੍ਰਾਂਚ ਆਫ਼ਿਸ ਨੇ ਉਨ੍ਹਾਂ ਨੂੰ ਕਿਸੇ ਹੋਰ ਮੰਡਲੀ ਨਾਲ ਸੇਵਾ ਕਰਨ ਲਈ ਕਿਹਾ। ਉਹ ਦੱਸਦੇ ਹਨ: “ਪਹਿਲਾਂ-ਪਹਿਲ ਤਾਂ ਅਸੀਂ ਬਹੁਤ ਖ਼ੁਸ਼ ਸੀ, ਪਰ ਛੇਤੀ ਹੀ ਸਾਨੂੰ ਆਪਣੇ ਪੁਰਾਣੇ ਦੋਸਤਾਂ ਦੀ ਯਾਦ ਸਤਾਉਣ ਲੱਗ ਪਈ। ਸਾਡੀ ਅਜੇ ਤਕ ਨਵੀਂ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਇੰਨੀ ਵਧੀਆ ਦੋਸਤੀ ਨਹੀਂ ਸੀ ਹੋਈ।” a ਇਕ ਨਵੀਂ ਮੰਡਲੀ ਵਿਚ ਜਾਣ ਕਰਕੇ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਸਕਦੀਆਂ ਹਨ। ਮੁਸ਼ਕਲਾਂ ਦੌਰਾਨ ਤੁਸੀਂ ਕੀ ਕਰ ਸਕਦੇ ਹੋ? ਦੂਸਰੇ ਭੈਣ-ਭਰਾ ਕਿਵੇਂ ਮਦਦ ਕਰ ਸਕਦੇ ਹਨ? ਨਾਲੇ ਨਵੀਂ ਮੰਡਲੀ ਵਿਚ ਢਲ਼ਣ ਕਰਕੇ ਤੁਹਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ ਅਤੇ ਤੁਸੀਂ ਦੂਜਿਆਂ ਲਈ ਕਿਵੇਂ ਬਰਕਤ ਸਾਬਤ ਹੋ ਸਕਦੇ ਹੋ?
ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਚਾਰ ਸੁਝਾਅ
1. ਯਹੋਵਾਹ ʼਤੇ ਭਰੋਸਾ ਰੱਖੋ। (ਜ਼ਬੂ. 37:5) ਜਪਾਨ ਵਿਚ ਰਹਿਣ ਵਾਲੀ ਭੈਣ ਕਾਜ਼ੂਮੀ 20 ਸਾਲਾਂ ਤੋਂ ਇਕ ਹੀ ਮੰਡਲੀ ਵਿਚ ਸੀ। ਪਰ ਉਸ ਦੇ ਪਤੀ ਦੀ ਬਦਲੀ ਹੋ ਗਈ ਅਤੇ ਉਨ੍ਹਾਂ ਨੂੰ ਇਕ ਨਵੀਂ ਮੰਡਲੀ ਵਿਚ ਜਾਣਾ ਪਿਆ। ਪਰ ਭੈਣ ਨੇ “ਆਪਣਾ ਰਾਹ ਯਹੋਵਾਹ ਦੇ ਹਵਾਲੇ ਕਰ” ਦਿੱਤਾ ਅਤੇ ਉਸ ʼਤੇ ਭਰੋਸਾ ਰੱਖਿਆ। ਉਹ ਦੱਸਦੀ ਹੈ: “ਕਈ ਵਾਰ ਮੈਨੂੰ ਬਹੁਤ ਇਕੱਲਾਪਣ ਮਹਿਸੂਸ ਹੁੰਦਾ ਸੀ, ਚਿੰਤਾ ਤੇ ਘਬਰਾਹਟ ਹੁੰਦੀ ਸੀ। ਪਰ ਮੈਂ ਹਰ ਵਾਰ ਦਿਲ ਖੋਲ੍ਹ ਕੇ ਯਹੋਵਾਹ ਨੂੰ ਦੱਸਦੀ ਸੀ ਕਿ ਮੈਨੂੰ ਕਿਵੇਂ ਲੱਗ ਰਿਹਾ ਹੈ ਅਤੇ ਉਹ ਹਰ ਵਾਰ ਮੈਨੂੰ ਹਿੰਮਤ ਦਿੰਦਾ ਸੀ।”
ਅਸੀਂ ਯਹੋਵਾਹ ʼਤੇ ਆਪਣਾ ਭਰੋਸਾ ਹੋਰ ਮਜ਼ਬੂਤ ਕਿਵੇਂ ਕਰ ਸਕਦੇ ਹਾਂ? ਜਿੱਦਾਂ ਇਕ ਪੌਦੇ ਨੂੰ ਵਧਣ-ਫੁੱਲਣ ਲਈ ਲਗਾਤਾਰ ਪਾਣੀ ਤੇ ਖਾਦ ਦੀ ਲੋੜ ਹੁੰਦੀ ਹੈ, ਉੱਦਾਂ ਹੀ ਆਪਣੀ ਨਿਹਚਾ ਵਧਾਉਣ ਲਈ ਸਾਨੂੰ ਵੀ ਕੁਝ ਕਰਨ ਦੀ ਲੋੜ ਹੈ। ਭਰਾ ਨੀਕੋਲਸ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦਾ ਹੈ ਕਿ ਉਸ ਨੇ ਅਬਰਾਹਾਮ, ਯਿਸੂ ਅਤੇ ਪੌਲੁਸ ਬਾਰੇ ਪੜ੍ਹਿਆ। ਇਨ੍ਹਾਂ ਤਿੰਨਾਂ ਨੇ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਕਈ ਕੁਰਬਾਨੀਆਂ ਕੀਤੀਆਂ। ਇਸ ʼਤੇ ਸੋਚ-ਵਿਚਾਰ ਕਰ ਕੇ ਉਸ ਦੀ ਨਿਹਚਾ
ਵਧੀ ਕਿ ਯਹੋਵਾਹ ਉਸ ਦੀ ਵੀ ਜ਼ਰੂਰ ਮਦਦ ਕਰੇਗਾ। ਜੇ ਤੁਸੀਂ ਵੀ ਲਗਾਤਾਰ ਬਾਈਬਲ ਪੜ੍ਹੋਗੇ ਤੇ ਅਧਿਐਨ ਕਰੋਗੇ, ਤਾਂ ਤੁਸੀਂ ਨਵੀਂ ਮੰਡਲੀ ਵਿਚ ਵਧੀਆ ਤਰੀਕੇ ਨਾਲ ਢਲ਼ ਸਕੋਗੇ। ਨਾਲੇ ਸਿੱਖੀਆਂ ਗੱਲਾਂ ਦੂਜਿਆਂ ਨੂੰ ਦੱਸ ਕੇ ਉਨ੍ਹਾਂ ਦਾ ਹੌਸਲਾ ਵਧਾ ਸਕੋਗੇ।2. ਤੁਲਨਾ ਨਾ ਕਰੋ। (ਉਪ. 7:10) ਜਦੋਂ ਜ਼ੂਏਲ ਅਫ਼ਰੀਕਾ ਤੋਂ ਅਮਰੀਕਾ ਆ ਕੇ ਰਹਿਣ ਲੱਗਾ, ਤਾਂ ਉਸ ਨੇ ਦੇਖਿਆ ਕਿ ਦੋਵੇਂ ਦੇਸ਼ਾਂ ਦੇ ਸਭਿਆਚਾਰਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਉਹ ਦੱਸਦਾ ਹੈ: “ਮੈਨੂੰ ਇੱਦਾਂ ਲੱਗਦਾ ਸੀ ਕਿ ਮੈਂ ਜਦੋਂ ਵੀ ਕਿਸੇ ਨੂੰ ਮਿਲਣਾ, ਮੈਨੂੰ ਉਸ ਨੂੰ ਆਪਣੇ ਬਾਰੇ ਸਾਰਾ ਕੁਝ ਦੱਸਣਾ ਪੈਣਾ।” ਇਸ ਕਰਕੇ ਉਹ ਇੰਨਾ ਪਰੇਸ਼ਾਨ ਹੋ ਗਿਆ ਕਿ ਉਹ ਭੈਣਾਂ-ਭਰਾਵਾਂ ਤੋਂ ਦੂਰ-ਦੂਰ ਰਹਿਣ ਲੱਗ ਪਿਆ। ਪਰ ਜਦੋਂ ਉਸ ਨੇ ਉੱਥੇ ਦੇ ਭੈਣਾਂ-ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਿਆ, ਤਾਂ ਉਸ ਦੀ ਸੋਚ ਬਦਲ ਗਈ। ਉਹ ਦੱਸਦਾ ਹੈ: “ਅਸੀਂ ਜਿੱਥੇ ਮਰਜ਼ੀ ਰਹਿੰਦੇ ਹੋਈਏ, ਪਰ ਹੈ ਤਾਂ ਅਸੀਂ ਸਾਰੇ ਇਨਸਾਨ ਹੀ, ਬੱਸ ਸਾਡੇ ਗੱਲਬਾਤ ਕਰਨ ਦਾ ਤਰੀਕਾ ਥੋੜ੍ਹਾ ਬਦਲ ਜਾਂਦਾ ਹੈ। ਇਸ ਲਈ ਭਾਵੇਂ ਉਹ ਸਾਡੇ ਤੋਂ ਅਲੱਗ ਹੋਣ, ਫਿਰ ਵੀ ਸਾਨੂੰ ਉਨ੍ਹਾਂ ਨੂੰ ਅਪਣਾ ਲੈਣਾ ਚਾਹੀਦਾ ਹੈ।” ਇਸ ਲਈ ਨਵੀਂ ਮੰਡਲੀ ਦੀ ਤੁਲਨਾ ਆਪਣੀ ਪੁਰਾਣੀ ਮੰਡਲੀ ਨਾਲ ਨਾ ਕਰੋ। ਇਸ ਬਾਰੇ ਐਨਲੀਜ਼ ਨਾਂ ਦੀ ਪਾਇਨੀਅਰ ਕਹਿੰਦੀ ਹੈ: “ਮੈਂ ਨਵੀਂ ਜਗ੍ਹਾ ʼਤੇ ਇਸ ਕਰਕੇ ਨਹੀਂ ਆਈ ਕਿ ਮੈਂ ਉਹੀ ਕਰਾਂ ਜੋ ਮੈਂ ਪਹਿਲਾਂ ਕਰਦੀ ਸੀ, ਸਗੋਂ ਮੈਂ ਨਵੀਂ ਜਗ੍ਹਾ ʼਤੇ ਨਵੀਆਂ ਚੀਜ਼ਾਂ ਸਿੱਖਣ ਤੇ ਨਵੇਂ ਲੋਕਾਂ ਨੂੰ ਮਿਲਣ ਆਈ ਹਾਂ।”
ਬਜ਼ੁਰਗੋ, ਤੁਹਾਨੂੰ ਵੀ ਆਪਣੀ ਨਵੀਂ ਮੰਡਲੀ ਦੀ ਤੁਲਨਾ ਪੁਰਾਣੀ ਮੰਡਲੀ ਨਾਲ ਨਹੀਂ ਕਰਨੀ ਚਾਹੀਦੀ। ਸ਼ਾਇਦ ਨਵੀਂ ਮੰਡਲੀ ਵਿਚ ਭਰਾਵਾਂ ਦਾ ਕੰਮ ਕਰਨ ਦਾ ਤਰੀਕਾ ਅਲੱਗ ਹੋਵੇ। ਪਰ ਜੇ ਉਹ ਅਲੱਗ ਤਰੀਕੇ ਨਾਲ ਕੰਮ ਕਰਦੇ ਹਨ, ਤਾਂ ਜ਼ਰੂਰੀ ਨਹੀਂ ਕਿ ਉਹ ਗ਼ਲਤ ਹੀ ਹੋਣ। ਕੋਈ ਵੀ ਸੁਝਾਅ ਦੇਣ ਤੋਂ ਪਹਿਲਾਂ ਵਧੀਆ ਹੋਵੇਗਾ ਕਿ ਤੁਸੀਂ ਉੱਥੇ ਬਾਰੇ ਥੋੜ੍ਹਾ-ਬਹੁਤਾ ਜਾਣੋ। (ਉਪ. 3:1, 7ਅ) ਦੂਜਿਆਂ ʼਤੇ ਆਪਣੀ ਰਾਇ ਨਾ ਥੋਪੋ। ਇਸ ਦੀ ਬਜਾਇ, ਵਧੀਆ ਮਿਸਾਲ ਰੱਖੋ। ਇੱਦਾਂ ਦੂਜੇ ਤੁਹਾਨੂੰ ਦੇਖ ਕੇ ਸਿੱਖ ਸਕਣਗੇ।—2 ਕੁਰਿੰ. 1:24.
3. ਭੈਣਾਂ-ਭਰਾਵਾਂ ਨਾਲ ਮਿਲ ਕੇ ਕੰਮ ਕਰੋ। (ਫ਼ਿਲਿ. 1:27) ਜਦੋਂ ਤੁਸੀਂ ਕਿਸੇ ਦੂਜੀ ਜਗ੍ਹਾ ਜਾਂਦੇ ਹੋ, ਤਾਂ ਬਹੁਤ ਸਾਰੇ ਕੰਮ ਕਰਨ ਨੂੰ ਹੁੰਦੇ ਹਨ ਅਤੇ ਸਾਰੇ ਕੰਮ ਕਰਨ ਲਈ ਕਾਫ਼ੀ ਸਮਾਂ ਲੱਗ ਸਕਦਾ ਹੈ। ਪਰ ਸ਼ੁਰੂ ਤੋਂ ਹੀ ਕਿੰਗਡਮ ਹਾਲ ਵਿਚ ਹਰ ਮੀਟਿੰਗ ʼਤੇ ਜਾਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਮੀਟਿੰਗਾਂ ʼਤੇ ਜਾਓਗੇ ਹੀ ਨਹੀਂ, ਤਾਂ ਭੈਣ-ਭਰਾ ਤੁਹਾਡੀ ਕਿਵੇਂ ਮਦਦ ਕਰ ਸਕਣਗੇ? ਲੂਸਿੰਡਾ ਨਾਂ ਦੀ ਭੈਣ ਆਪਣੀਆਂ ਦੋ ਕੁੜੀਆਂ ਨਾਲ ਦੱਖਣੀ ਅਫ਼ਰੀਕਾ ਦੇ ਵੱਡੇ ਸ਼ਹਿਰ ਵਿਚ ਜਾ ਕੇ ਰਹਿਣ ਲੱਗ ਪਈ। ਉਹ ਕਹਿੰਦੀ ਹੈ: “ਮੇਰੇ ਦੋਸਤਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਨਵੀਂ ਮੰਡਲੀ ਵਿਚ ਜਾਂਦਿਆਂ ਹੀ ਉੱਥੇ ਦੇ ਭੈਣਾਂ-ਭਰਾਵਾਂ ਨਾਲ ਮਿਲਾਂ-ਗਿਲਾਂ, ਉਨ੍ਹਾਂ ਨਾਲ ਪ੍ਰਚਾਰ ʼਤੇ ਜਾਵਾਂ ਅਤੇ ਮੀਟਿੰਗਾਂ ਵਿਚ ਹਿੱਸਾ ਲਵਾਂ। ਮੈਂ ਭਰਾਵਾਂ ਨੂੰ ਇਹ ਵੀ ਕਿਹਾ ਕਿ ਉਹ ਸਾਡੇ ਘਰ ਪ੍ਰਚਾਰ ਲਈ ਸਭਾ ਰੱਖ ਸਕਦੇ ਹਨ।”
ਮੰਡਲੀ ਦੇ ਭੈਣਾਂ-ਭਰਾਵਾਂ ਨਾਲ “ਇਕਜੁੱਟ ਹੋ ਕੇ” ਕੰਮ ਕਰਨ ਨਾਲ ਤੁਹਾਡੀ ਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਵੇਗੀ। ਐਨਲੀਜ਼, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ ਕਿ ਬਜ਼ੁਰਗਾਂ ਨੇ ਉਸ ਨੂੰ ਕਿਹਾ ਕਿ ਉਹ ਮੰਡਲੀ ਵਿਚ ਸਾਰਿਆਂ ਨਾਲ ਪ੍ਰਚਾਰ ʼਤੇ ਜਾਣ ਦੀ ਕੋਸ਼ਿਸ਼ ਕਰੇ। ਉਸ ਨੇ ਇੱਦਾਂ ਹੀ ਕੀਤਾ। ਉਹ ਦੱਸਦੀ ਹੈ: “ਮੈਂ ਦੇਖ ਸਕੀ ਕਿ ਭੈਣਾਂ-ਭਰਾਵਾਂ ਨਾਲ ਘੁਲਣ-ਮਿਲਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ।” ਨਾਲੇ ਜਦੋਂ ਤੁਸੀਂ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਅਤੇ ਮੁਰੰਮਤ ਵਗੈਰਾ ਵਿਚ ਹੱਥ ਵਟਾਓਗੇ, ਤਾਂ ਭੈਣ-ਭਰਾ ਦੇਖ ਸਕਣਗੇ ਕਿ ਤੁਸੀਂ ਉਨ੍ਹਾਂ ਦੀ ਮੰਡਲੀ ਨੂੰ ਆਪਣੀ ਮੰਡਲੀ ਸਮਝਦੇ ਹੋ। ਜਿੰਨਾ ਜ਼ਿਆਦਾ ਤੁਸੀਂ ਇਨ੍ਹਾਂ ਕੰਮਾਂ ਵਿਚ ਹਿੱਸਾ ਲਓਗੇ ਅਤੇ ਭੈਣਾਂ-ਭਰਾਵਾਂ ਨਾਲ ਮਿਲੋ-ਗਿਲੋਗੇ, ਉੱਨੀ ਜਲਦੀ ਤੁਸੀਂ ਉਨ੍ਹਾਂ ਦੇ ਦੋਸਤ ਬਣ ਜਾਓਗੇ। ਨਾਲੇ ਉਹ ਨਵੀਂ ਮੰਡਲੀ ਤੁਹਾਡਾ ਆਪਣਾ ਪਰਿਵਾਰ ਬਣ ਜਾਵੇਗੀ।
4. ਨਵੇਂ ਦੋਸਤ ਬਣਾਓ। (2 ਕੁਰਿੰ. 6:11-13) ਭੈਣਾਂ-ਭਰਾਵਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰੋ। ਇਸ ਲਈ ਤੁਸੀਂ ਸਭਾਵਾਂ ਵਿਚ ਥੋੜ੍ਹਾ ਪਹਿਲਾਂ ਆ ਸਕਦੇ ਹੋ ਅਤੇ ਬਾਅਦ ਵਿਚ ਵੀ ਰੁਕ ਸਕਦੇ ਹੋ। ਇਸ ਤਰ੍ਹਾਂ ਭੈਣ-ਭਰਾ ਦੇਖ ਸਕਣਗੇ ਕਿ ਤੁਸੀਂ ਉਨ੍ਹਾਂ ਦੀ ਕਿੰਨੀ ਪਰਵਾਹ ਕਰਦੇ ਹੋ। ਉਨ੍ਹਾਂ ਦੇ ਨਾਂ ਯਾਦ ਰੱਖਣ ਦੀ ਕੋਸ਼ਿਸ਼ ਕਰੋ। ਜਦੋਂ ਤੁਸੀਂ ਭੈਣਾਂ-ਭਰਾਵਾਂ ਨੂੰ ਉਨ੍ਹਾਂ ਦਾ ਨਾਂ ਲੈ ਕੇ ਬੁਲਾਓਗੇ ਅਤੇ ਉਨ੍ਹਾਂ ਨਾਲ ਪਿਆਰ ਨਾਲ ਗੱਲ ਕਰੋਗੇ, ਤਾਂ ਉਹ ਤੁਹਾਡੇ ਬਾਰੇ ਜਾਣਨਾ ਚਾਹੁਣਗੇ। ਹੋ ਸਕਦਾ ਹੈ ਕਿ ਇੱਦਾਂ ਤੁਹਾਡੀ ਉਨ੍ਹਾਂ ਨਾਲ ਦੋਸਤੀ ਹੋ ਜਾਵੇ।
ਇਸ ਗੱਲ ਦੀ ਚਿੰਤਾ ਨਾ ਕਰੋ ਕਿ ਨਵੀਂ ਮੰਡਲੀ ਦੇ ਭੈਣ-ਭਰਾ ਤੁਹਾਨੂੰ ਪਸੰਦ ਕਰਨਗੇ ਜਾਂ ਨਹੀਂ। ਇਸ ਦੀ ਬਜਾਇ, ਉਨ੍ਹਾਂ ਨੂੰ ਮੌਕਾ ਦਿਓ ਕਿ ਉਹ ਤੁਹਾਨੂੰ ਜਾਣ ਸਕਣ। ਗੌਰ ਕਰੋ ਕਿ ਭੈਣ ਲੂਸਿੰਡਾ ਨੇ ਕੀ ਕਿਹਾ: “ਅਸੀਂ ਭੈਣਾਂ-ਭਰਾਵਾਂ ਨੂੰ ਆਪਣੇ ਘਰ ਬੁਲਾਉਂਦੇ ਸੀ। ਇਸ ਕਰਕੇ ਸਾਡੀ ਉਨ੍ਹਾਂ ਨਾਲ ਵਧੀਆ ਦੋਸਤੀ ਹੋ ਗਈ ਅਤੇ ਇਹ ਦੋਸਤੀ ਅੱਜ ਵੀ ਕਾਇਮ ਹੈ।” ਕਿਉਂ ਨਾ ਤੁਸੀਂ ਵੀ ਇੱਦਾਂ ਕਰ ਕੇ ਦੇਖੋ?
“ਇਕ-ਦੂਜੇ ਦਾ ਸੁਆਗਤ ਕਰੋ”
ਜਦੋਂ ਕੋਈ ਪਹਿਲੀ ਵਾਰ ਨਵੀਂ ਮੰਡਲੀ ਵਿਚ ਆਉਂਦਾ ਹੈ, ਤਾਂ ਕਈ ਸਾਰੇ ਨਵੇਂ ਚਿਹਰੇ ਦੇਖ ਕੇ ਸ਼ਾਇਦ ਉਹ ਥੋੜ੍ਹਾ ਘਬਰਾ ਜਾਵੇ। ਤੁਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹੋ? ਪੌਲੁਸ ਰਸੂਲ ਨੇ ਕਿਹਾ ਸੀ: “ਇਕ-ਦੂਜੇ ਦਾ ਸੁਆਗਤ ਕਰੋ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ [ਯਾਨੀ ਤੁਹਾਡਾ ਸੁਆਗਤ] ਕੀਤਾ ਹੈ।” (ਰੋਮੀ. 15:7, ਫੁਟਨੋਟ) ਬਜ਼ੁਰਗੋ, ਯਿਸੂ ਵਾਂਗ ਤੁਸੀਂ ਵੀ ਨਵੇਂ ਭੈਣਾਂ-ਭਰਾਵਾਂ ਦਾ ਸੁਆਗਤ ਕਰ ਸਕਦੇ ਹੋ ਅਤੇ ਉਨ੍ਹਾਂ ਦੀ ਮਦਦ ਕਰ ਸਕਦੇ ਹੋ। (“ ਜਦੋਂ ਤੁਸੀਂ ਮੰਡਲੀ ਬਦਲਦੇ ਹੋ” ਨਾਂ ਦੀ ਡੱਬੀ ਦੇਖੋ।) ਮੰਡਲੀ ਦੇ ਬਾਕੀ ਭੈਣ-ਭਰਾ ਵੀ ਇੱਦਾਂ ਕਰ ਸਕਦੇ ਹਨ, ਇੱਥੋਂ ਤਕ ਕਿ ਛੋਟੇ ਬੱਚੇ ਵੀ।
ਦੂਜਿਆਂ ਦਾ ਸੁਆਗਤ ਕਰਨ ਦਾ ਇਕ ਤਰੀਕਾ ਹੈ, ਪਰਾਹੁਣਚਾਰੀ ਕਰਨੀ। ਅਸੀਂ ਹੋਰ ਤਰੀਕਿਆਂ ਨਾਲ ਵੀ ਆਪਣੇ ਨਵੇਂ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ। ਜਦੋਂ ਇਕ ਭੈਣ ਇਕ ਹੋਰ ਸ਼ਹਿਰ ਆ ਕੇ ਰਹਿਣ ਲੱਗ ਪਈ, ਤਾਂ ਉੱਥੇ ਦੀ ਮੰਡਲੀ ਦੀ ਇਕ ਭੈਣ ਨੇ ਉਸ ਨੂੰ ਸਾਰਾ ਸ਼ਹਿਰ ਦਿਖਾਇਆ। ਨਾਲੇ ਦੱਸਿਆ ਕਿ ਉਹ ਕਿੱਥੋਂ ਬੱਸ ਤੇ ਗੱਡੀ ਲੈ ਸਕਦੀ ਹੈ। ਇਸ ਤੋਂ ਉਸ ਭੈਣ ਨੂੰ ਬਹੁਤ ਫ਼ਾਇਦਾ ਹੋਇਆ ਅਤੇ ਉਹ ਉਸ ਭੈਣ ਦਾ ਪਿਆਰ ਕਦੀ ਨਹੀਂ ਭੁੱਲੀ।
ਵਧਣ-ਫੁੱਲਣ ਦਾ ਮੌਕਾ
ਜੇ ਇਕ ਚੂਚਾ ਹਮੇਸ਼ਾ ਡਰਦਾ ਰਹੇਗਾ, ਤਾਂ ਉਹ ਕਦੇ ਵੀ ਉੱਡ ਨਹੀਂ ਸਕੇਗਾ। ਉੱਡਣ ਲਈ ਉਸ ਨੂੰ ਆਪਣਾ ਡਰ ਦੂਰ ਕਰਨਾ ਪਵੇਗਾ। ਇਸੇ ਤਰ੍ਹਾਂ ਜਦੋਂ ਤੁਸੀਂ ਨਵੀਂ ਮੰਡਲੀ ਵਿਚ ਜਾਂਦੇ ਹੋ, ਤਾਂ ਸ਼ਾਇਦ ਤੁਹਾਡੇ ਮਨ ਵਿਚ ਵੀ ਕਈ ਚਿੰਤਾਵਾਂ ਅਤੇ ਡਰ ਹੋਣ। ਪਰ ਨਵੀਂ ਮੰਡਲੀ ਵਿਚ ਯਹੋਵਾਹ ਦੀ ਸੇਵਾ ਕਰਨ ਲਈ ਤੁਹਾਨੂੰ ਆਪਣਾ ਡਰ ਦੂਰ ਕਰਨਾ ਪਵੇਗਾ। ਨੀਕੋਲਸ ਤੇ ਸੀਲੀਨ ਦੱਸਦੇ ਹਨ: “ਇਕ ਮੰਡਲੀ ਤੋਂ ਦੂਜੀ ਮੰਡਲੀ ਵਿਚ ਜਾਣ ਕਰਕੇ ਤੁਸੀਂ ਕਾਫ਼ੀ ਕੁਝ ਸਿੱਖ ਸਕਦੇ ਹੋ। ਨਵੀਂ ਜਗ੍ਹਾ ਅਤੇ ਨਵੇਂ ਲੋਕਾਂ
ਨਾਲ ਰਹਿਣ ਲਈ ਸਾਨੂੰ ਆਪਣੇ ਵਿਚ ਕਈ ਬਦਲਾਅ ਕਰਨੇ ਪਏ। ਪਰ ਇਸ ਕਰਕੇ ਅਸੀਂ ਆਪਣੇ ਅੰਦਰ ਕਈ ਗੁਣ ਵਧਾ ਸਕੇ।” ਜਦੋਂ ਭਰਾ ਜੀਨ-ਚਾਰਲਸ ਆਪਣੇ ਪਰਿਵਾਰ ਨਾਲ ਕਿਸੇ ਹੋਰ ਜਗ੍ਹਾ ʼਤੇ ਜਾ ਕੇ ਰਹਿਣ ਲੱਗਾ, ਤਾਂ ਉਸ ਦੇ ਪਰਿਵਾਰ ਨੂੰ ਬਹੁਤ ਫ਼ਾਇਦਾ ਹੋਇਆ। ਉਹ ਦੱਸਦਾ ਹੈ: “ਸਾਡੇ ਬੱਚੇ ਨਵੀਂ ਮੰਡਲੀ ਵਿਚ ਤਰੱਕੀ ਕਰ ਸਕੇ ਅਤੇ ਯਹੋਵਾਹ ਦੇ ਹੋਰ ਨੇੜੇ ਆ ਗਏ। ਕੁਝ ਹੀ ਮਹੀਨਿਆਂ ਵਿਚ ਸਾਡੀ ਕੁੜੀ ਹਫ਼ਤੇ ਦੌਰਾਨ ਹੋਣ ਵਾਲੀਆਂ ਮੀਟਿੰਗਾਂ ਵਿਚ ਭਾਗ ਪੇਸ਼ ਕਰਨ ਲੱਗ ਪਈ ਅਤੇ ਸਾਡਾ ਮੁੰਡਾ ਬਪਤਿਸਮਾ-ਰਹਿਤ ਪ੍ਰਚਾਰਕ ਬਣ ਗਿਆ।”ਉਦੋਂ ਕੀ ਜੇ ਤੁਸੀਂ ਆਪਣੇ ਹਾਲਾਤਾਂ ਕਰਕੇ ਉੱਥੇ ਜਾ ਕੇ ਸੇਵਾ ਨਹੀਂ ਕਰ ਸਕਦੇ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਜੇ ਇੱਦਾਂ ਹੈ, ਤਾਂ ਵੀ ਤੁਸੀਂ ਇਸ ਲੇਖ ਵਿਚ ਦਿੱਤੇ ਸੁਝਾਅ ਲਾਗੂ ਕਰ ਸਕਦੇ ਹੋ। ਤੁਸੀਂ ਆਪਣੀ ਪੁਰਾਣੀ ਮੰਡਲੀ ਵਿਚ ਹੀ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਹਮੇਸ਼ਾ ਵਾਂਗ ਯਹੋਵਾਹ ʼਤੇ ਭਰੋਸਾ ਰੱਖੋ, ਭੈਣਾਂ-ਭਰਾਵਾਂ ਨਾਲ ਮਿਲੋ-ਗਿਲੋ, ਮੰਡਲੀ ਦੇ ਕੰਮਾਂ ਵਿਚ ਹੋਰ ਜ਼ਿਆਦਾ ਹਿੱਸਾ ਲਓ ਅਤੇ ਹਰੇਕ ਨਾਲ ਪ੍ਰਚਾਰ ʼਤੇ ਜਾਣ ਦੀ ਕੋਸ਼ਿਸ਼ ਕਰੋ। ਨਾਲੇ ਭੈਣਾਂ-ਭਰਾਵਾਂ ਨਾਲ ਦੋਸਤੀ ਹੋਰ ਪੱਕੀ ਕਰੋ ਅਤੇ ਕੁਝ ਨਵੇਂ ਦੋਸਤ ਬਣਾਉਣ ਦੀ ਕੋਸ਼ਿਸ਼ ਕਰੋ। ਕੀ ਹਾਲ ਹੀ ਵਿਚ ਕੋਈ ਨਵਾਂ ਭੈਣ ਜਾਂ ਭਰਾ ਤੁਹਾਡੀ ਮੰਡਲੀ ਵਿਚ ਆਇਆ ਹੈ ਜਾਂ ਕੋਈ ਲੋੜਵੰਦ ਭੈਣ ਜਾਂ ਭਰਾ ਹੈ? ਉਸ ਦੀ ਮਦਦ ਕਰੋ। ਪਿਆਰ ਸੱਚੇ ਮਸੀਹੀਆਂ ਦੀ ਪਛਾਣ ਹੈ। ਪਿਆਰ ਦਿਖਾਉਣ ਕਰਕੇ ਤੁਸੀਂ ਯਹੋਵਾਹ ਦੇ ਹੋਰ ਵੀ ਨੇੜੇ ਆ ਸਕੋਗੇ। (ਯੂਹੰ. 13:35) ਤੁਸੀਂ ਯਕੀਨ ਰੱਖ ਸਕਦੇ ਹੋ ਕਿ “ਪਰਮੇਸ਼ੁਰ ਨੂੰ ਅਜਿਹੇ ਬਲੀਦਾਨਾਂ ਤੋਂ ਬਹੁਤ ਖ਼ੁਸ਼ੀ ਹੁੰਦੀ ਹੈ।”—ਇਬ. 13:16.
ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਇਕ ਮੰਡਲੀ ਤੋਂ ਦੂਜੀ ਮੰਡਲੀ ਵਿਚ ਜਾਣ ਕਰਕੇ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਪਰ ਉਹ ਇਨ੍ਹਾਂ ਦਾ ਸਾਮ੍ਹਣਾ ਕਰ ਸਕੇ। ਤੁਸੀਂ ਵੀ ਕਰ ਸਕਦੇ ਹੋ। ਐਨਲੀਜ਼ ਦੱਸਦੀ ਹੈ: “ਮੰਡਲੀ ਬਦਲਣ ਕਰਕੇ ਮੈਂ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹ ਸਕੀ।” ਭੈਣ ਕਾਜ਼ੂਮੀ ਦੱਸਦੀ ਹੈ: “ਜਦੋਂ ਤੁਸੀਂ ਇਕ ਮੰਡਲੀ ਤੋਂ ਦੂਜੀ ਮੰਡਲੀ ਵਿਚ ਜਾਂਦੇ ਹੋ, ਤਾਂ ਤੁਸੀਂ ਦੇਖ ਸਕਦੇ ਹੋ ਕਿ ਯਹੋਵਾਹ ਕਿਵੇਂ ਤੁਹਾਨੂੰ ਸੰਭਾਲ ਰਿਹਾ ਹੈ। ਇਹ ਇਕ ਅਲੱਗ ਹੀ ਅਹਿਸਾਸ ਹੁੰਦਾ ਹੈ।” ਕੀ ਤੁਹਾਨੂੰ ਜ਼ੂਏਲ ਦਾ ਤਜਰਬਾ ਯਾਦ ਹੈ? ਉਹ ਦੱਸਦਾ ਹੈ: “ਹੁਣ ਮੇਰੇ ਇੰਨੇ ਵਧੀਆ ਦੋਸਤ ਬਣ ਗਏ ਹਨ ਕਿ ਇਹ ਮੰਡਲੀ ਮੈਨੂੰ ਆਪਣੀ ਲੱਗਣ ਲੱਗ ਪਈ ਹੈ। ਹੁਣ ਜੇ ਮੈਨੂੰ ਇਹ ਮੰਡਲੀ ਛੱਡਣੀ ਪਵੇ, ਤਾਂ ਇਹ ਮੇਰੇ ਲਈ ਬਹੁਤ ਔਖਾ ਹੋਣਾ।”
a ਜਦੋਂ ਤੁਹਾਨੂੰ ਆਪਣੀ ਪੁਰਾਣੀ ਮੰਡਲੀ ਦੀ ਯਾਦ ਆਵੇ, ਤਾਂ ਤੁਸੀਂ ਕੀ ਕਰ ਸਕਦੇ ਹੋ? ਇਸ ਬਾਰੇ ਜਾਣਨ ਲਈ ਪਹਿਰਾਬੁਰਜ 15 ਅਕਤੂਬਰ 1999 ਦੇ ਸਫ਼ੇ 26 ʼਤੇ ਦਿੱਤਾ ਲੇਖ “ਕੀ ਤੁਸੀਂ ਵਿਦੇਸ਼ ਵਿਚ ਸੇਵਾ ਕਰ ਸਕਦੇ ਹੋ?” ਦੇ ਪੈਰੇ 1-3 ਦੇਖੋ।