Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਮਸੀਹੀ ਨੂੰ ਕਿਸੇ ਇਨਸਾਨ ਤੋਂ ਆਪਣਾ ਬਚਾਅ ਕਰਨ ਲਈ ਬੰਦੂਕ ਰੱਖਣੀ ਚਾਹੀਦੀ ਹੈ?

ਜਦੋਂ ਆਪਣੀ ਰਾਖੀ ਅਤੇ ਬਚਾਅ ਕਰਨ ਦੀ ਗੱਲ ਆਉਂਦੀ ਹੈ, ਤਾਂ ਮਸੀਹੀ ਬਾਈਬਲ ਦੇ ਅਸੂਲਾਂ ਮੁਤਾਬਕ ਫ਼ੈਸਲੇ ਕਰਦੇ ਹਨ। ਇਨ੍ਹਾਂ ਅਸੂਲਾਂ ਤੋਂ ਪਤਾ ਲੱਗਦਾ ਹੈ ਕਿ ਕਿਸੇ ਇਨਸਾਨ ਤੋਂ ਆਪਣੀ ਜਾਣ ਬਚਾਉਣ ਲਈ ਕਿਸੇ ਵੀ ਤਰ੍ਹਾਂ ਦੀ ਬੰਦੂਕ ਦੀ ਵਰਤੋਂ ਕਰਨੀ ਮਸੀਹੀਆਂ ਲਈ ਗ਼ਲਤ ਹੈ। ਅੱਗੇ ਦੱਸੀਆਂ ਕੁਝ ਗੱਲਾਂ ’ਤੇ ਗੌਰ ਕਰੋ:

ਯਹੋਵਾਹ ਦੀਆਂ ਨਜ਼ਰਾਂ ਵਿਚ ਇਨਸਾਨਾਂ ਦੀ ਜ਼ਿੰਦਗੀ ਪਵਿੱਤਰ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਯਹੋਵਾਹ ਬਾਰੇ ਕਿਹਾ: “ਜੀਉਣ ਦਾ ਚਸ਼ਮਾ ਤੇਰੇ ਮੁੱਢ ਹੈ।” (ਜ਼ਬੂ. 36:9) ਇਕ ਮਸੀਹੀ ਨੂੰ ਆਪਣੀਆਂ ਚੀਜ਼ਾਂ ਜਾਂ ਆਪਣੀ ਜਾਨ ਬਚਾਉਂਦਿਆਂ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕੋਈ ਅਜਿਹਾ ਕਦਮ ਨਾ ਚੁੱਕ ਲਵੇ ਜਿਸ ਨਾਲ ਕਿਸੇ ਦੀ ਜਾਨ ਚਲੀ ਜਾਵੇ।​—ਬਿਵ. 22:8; ਜ਼ਬੂ. 51:14.

ਇਹ ਗੱਲ ਸੱਚ ਹੈ ਕਿ ਜੇ ਅਸੀਂ ਆਪਣੇ ਬਚਾਅ ਲਈ ਕਿਸੇ ਚੀਜ਼ ਨਾਲ ਹਮਲਾਵਰ ਉੱਤੇ ਹਮਲਾ ਕਰਦੇ ਹਾਂ, ਤਾਂ ਉਸ ਦੀ ਜਾਨ ਜਾ ਸਕਦੀ ਹੈ। ਪਰ ਬੰਦੂਕ ਰੱਖਣ ਕਰਕੇ ਸਾਡੇ ਹੱਥੋਂ ਜਾਣੇ-ਅਣਜਾਣੇ ਵਿਚ ਹਮਲਾਵਰ ਦੀ ਜਾਨ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ। * ਹੋ ਸਕਦਾ ਹੈ ਕਿ ਹਮਲਾਵਰ ਪਹਿਲਾਂ ਤੋਂ ਹੀ ਸ਼ਾਇਦ ਡਰਿਆ ਤੇ ਘਬਰਾਇਆ ਹੋਵੇ। ਜੇ ਉਹ ਸਾਡੇ ਹੱਥ ਵਿਚ ਬੰਦੂਕ ਦੇਖ ਲਵੇ, ਤਾਂ ਹਾਲਾਤ ਇੰਨੇ ਵਿਗੜ ਸਕਦੇ ਹਨ ਕਿ ਕਿਸੇ ਦੀ ਵੀ ਜਾਨ ਜਾ ਸਕਦੀ ਹੈ।

ਜਦੋਂ ਯਿਸੂ ਨੇ ਆਪਣੀ ਆਖ਼ਰੀ ਰਾਤ ਆਪਣੇ ਚੇਲਿਆਂ ਨੂੰ ਤਲਵਾਰਾਂ ਲਿਆਉਣ ਲਈ ਕਿਹਾ ਸੀ, ਤਾਂ ਉਹ ਬਚਾਅ ਲਈ ਤਲਵਾਰਾਂ ਲਿਆਉਣ ਲਈ ਨਹੀਂ ਸੀ ਕਹਿ ਰਿਹਾ। (ਲੂਕਾ 22:36, 38) ਯਿਸੂ ਨੇ ਉਨ੍ਹਾਂ ਨੂੰ ਤਲਵਾਰਾਂ ਲਿਆਉਣ ਲਈ ਇਸ ਲਈ ਕਿਹਾ ਸੀ ਕਿਉਂਕਿ ਉਹ ਉਨ੍ਹਾਂ ਨੂੰ ਇਕ ਅਹਿਮ ਸਬਕ ਸਿਖਾਉਣਾ ਚਾਹੁੰਦਾ ਸੀ: ਉਸ ਦੇ ਚੇਲਿਆਂ ਨੂੰ ਕਦੀ ਵੀ ਲੜਨਾ ਨਹੀਂ ਚਾਹੀਦਾ, ਚਾਹੇ ਉਨ੍ਹਾਂ ਨੂੰ ਹਥਿਆਰਬੰਦ ਭੀੜ ਦਾ ਸਾਮ੍ਹਣਾ ਹੀ ਕਿਉਂ ਨਾ ਕਰਨਾ ਪਵੇ। (ਲੂਕਾ 22:52) ਜਦੋਂ ਪਤਸਰ ਨੇ ਮਹਾਂ ਪੁਜਾਰੀ ਦੇ ਨੌਕਰ ਦਾ ਕੰਨ ਵੱਡ ਦਿੱਤਾ ਸੀ, ਤਾਂ ਯਿਸੂ ਨੇ ਕਿਹਾ: “ਆਪਣੀ ਤਲਵਾਰ ਮਿਆਨ ਵਿਚ ਪਾ।” ਫਿਰ ਯਿਸੂ ਨੇ ਇਕ ਅਸੂਲ ਦਿੱਤਾ ਜੋ ਮਸੀਹੀ ਅੱਜ ਵੀ ਲਾਗੂ ਕਰਦੇ ਹਨ: “ਜਿਹੜੇ ਤਲਵਾਰ ਚਲਾਉਂਦੇ ਹਨ, ਉਹ ਤਲਵਾਰ ਨਾਲ ਹੀ ਵੱਢੇ ਜਾਣਗੇ”​—ਮੱਤੀ 26:51, 52.

ਮੀਕਾਹ 4:3 ਵਿਚ ਲਿਖਿਆ ਹੈ ਕਿ ਪਰਮੇਸ਼ੁਰ ਦੇ ਲੋਕ “ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ।” ਅੱਜ ਸੱਚੇ ਮਸੀਹੀ ਸ਼ਾਂਤੀ-ਪਸੰਦ ਲੋਕਾਂ ਵਜੋਂ ਜਾਣੇ ਜਾਂਦੇ ਹਨ। ਉਹ ਪੌਲੁਸ ਰਸੂਲ ਵੱਲੋਂ ਲਿਖਿਆ ਪਰਮੇਸ਼ੁਰ ਦਾ ਹੁਕਮ ਮੰਨਦੇ ਹਨ ਕਿ “ਬੁਰਾਈ ਦੇ ਵੱਟੇ ਬੁਰਾਈ ਨਾ ਕਰੋ” ਅਤੇ “ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।” (ਰੋਮੀ. 12:17, 18) ਪੌਲੁਸ ਨੇ ਵੀ ਇਹ ਹੁਕਮ ਮੰਨਿਆ ਭਾਵੇਂ ਉਸ ਨੂੰ “ਡਾਕੂਆਂ ਦੇ ਖ਼ਤਰਿਆਂ” ਦਾ ਸਾਮ੍ਹਣਾ ਕਰਨ ਦੇ ਨਾਲ-ਨਾਲ ਹੋਰ ਵੀ ਕਈ ਖ਼ਤਰਿਆਂ ਦਾ ਸਾਮ੍ਹਣਾ ਕਰਨਾ ਪਿਆ। ਪਰ ਉਹ ਆਪਣੀ ਜਾਨ ਬਚਾਉਣ ਦੀ ਖ਼ਾਤਰ ਕਦੀ ਵੀ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਨਹੀਂ ਗਿਆ। (2 ਕੁਰਿੰ. 11:26) ਉਹ ਪਰਮੇਸ਼ੁਰ ’ਤੇ ਭਰੋਸਾ ਰੱਖਦਾ ਸੀ ਅਤੇ ਜਾਣਦਾ ਸੀ ਕਿ ਬਾਈਬਲ ਦੀ ਬੁੱਧ “ਜੁੱਧ ਦੇ ਸ਼ਸਤ੍ਰਾਂ ਨਾਲੋਂ” ਚੰਗੀ ਹੈ।​—ਉਪ. 9:18.

ਸਾਨੂੰ ਚੀਜ਼ਾਂ ਨਾਲੋਂ ਜਾਨ ਪਿਆਰੀ ਹੈ। ਅਸੀਂ ਜਾਣਦੇ ਹਾਂ ਕਿ ਇਨਸਾਨ ਦੀ ‘ਜ਼ਿੰਦਗੀ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।’ (ਲੂਕਾ 12:15) ਸੋ ਜੇ ਹਥਿਆਰਬੰਦ ਚੋਰ ਆਰਾਮ ਨਾਲ ਗੱਲ ਕਰਨ ’ਤੇ ਸਾਡੀ ਗੱਲ ਨਹੀਂ ਮੰਨਦਾ, ਤਾਂ ਉਸ ਵੇਲੇ ਵਧੀਆ ਹੋਵੇਗਾ ਕਿ ਅਸੀਂ ਯਿਸੂ ਦੀ ਇਹ ਸਲਾਹ ਮੰਨੀਏ: “ਦੁਸ਼ਟ ਇਨਸਾਨ ਦਾ ਵਿਰੋਧ ਨਾ ਕਰ।” ਇਸ ਦਾ ਮਤਲਬ ਹੋ ਸਕਦਾ ਹੈ ਕਿ ਅਸੀਂ ਚੋਰ ਨੂੰ ਚੀਜ਼ਾਂ ਲਿਜਾਣਾ ਤੋਂ ਨਹੀਂ ਰੋਕਾਂਗੇ। (ਮੱਤੀ 5:39, 40; ਲੂਕਾ 6:29) * ਪਰ ਸਮਝਦਾਰੀ ਦੀ ਗੱਲ ਹੋਵੇਗੀ ਕਿ ਅਸੀਂ ਪਹਿਲਾਂ ਤੋਂ ਹੀ ਚੋਰਾਂ ਦੀਆਂ ਨਜ਼ਰਾਂ ਵਿਚ ਨਾ ਆਈਏ। ਜੇ ਅਸੀਂ “ਧਨ-ਦੌਲਤ ਤੇ ਹੈਸੀਅਤ ਦਾ ਦਿਖਾਵਾ” ਨਹੀਂ ਕਰਾਂਗੇ, ਤਾਂ ਸ਼ਾਇਦ ਚੋਰ ਸਾਡੇ ਉੱਤੇ ਹਮਲਾ ਨਾ ਹੀ ਕਰਨ। (1 ਯੂਹੰ. 2:16) ਜੇ ਸਾਡੇ ਗੁਆਂਢੀ ਸਾਨੂੰ ਸ਼ਾਂਤ-ਪਸੰਦ ਯਹੋਵਾਹ ਦੇ ਗਵਾਹ ਵਜੋਂ ਜਾਣਦੇ ਹਨ, ਤਾਂ ਇਸ ਗੱਲ ਕਰਕੇ ਵੀ ਸਾਡਾ ਬਚਾਅ ਹੋ ਸਕਦਾ ਹੈ।​—ਕਹਾ. 18:10.

ਮਸੀਹੀ ਦੂਜਿਆਂ ਦੀ ਜ਼ਮੀਰ ਦਾ ਧਿਆਨ ਰੱਖਦੇ ਹਨ। (ਰੋਮੀ. 14:21) ਜੇ ਕੋਈ ਮਸੀਹੀ ਆਪਣੇ ਬਚਾਅ ਲਈ ਬੰਦੂਕ ਰੱਖਦਾ ਹੈ, ਤਾਂ ਇਹ ਗੱਲ ਜਾਣ ਕੇ ਭੈਣਾਂ-ਭਰਾਵਾਂ ਨੂੰ ਹੈਰਾਨੀ ਹੋ ਸਕਦੀ ਹੈ ਜਾਂ ਕਈਆਂ ਨੂੰ ਠੋਕਰ ਵੀ ਲੱਗ ਸਕਦੀ ਹੈ। ਭਾਵੇਂ ਕਿ ਕਾਨੂੰਨ ਸਾਨੂੰ ਬੰਦੂਕ ਰੱਖਣ ਦੀ ਇਜਾਜ਼ਤ ਦੇਵੇ, ਫਿਰ ਵੀ ਭੈਣਾਂ-ਭਰਾਵਾਂ ਨਾਲ ਪਿਆਰ ਹੋਣ ਕਰਕੇ ਅਸੀਂ ਅਜਿਹਾ ਕੋਈ ਵੀ ਕੰਮ ਨਹੀਂ ਕਰਾਂਗੇ ਜਿਸ ਨਾਲ ਉਨ੍ਹਾਂ ਨੂੰ ਠੋਕਰ ਲੱਗੇ।​—1 ਕੁਰਿੰ. 10:32, 33; 13:4, 5.

ਮਸੀਹੀ ਸਾਰਿਆਂ ਲਈ ਵਧੀਆ ਮਿਸਾਲ ਬਣਨਾ ਚਾਹੁੰਦੇ ਹਨ। (2 ਕੁਰਿੰ. 4:2; 1 ਪਤ. 5:2, 3) ਜੇ ਕਿਸੇ ਮਸੀਹੀ ਨੇ ਲੋਕਾਂ ਤੋਂ ਆਪਣਾ ਬਚਾ ਕਰਨ ਲਈ ਬੰਦੂਕ ਰੱਖੀ ਹੈ, ਤਾਂ ਮੰਡਲੀ ਦੇ ਬਜ਼ੁਰਗ ਉਸ ਨੂੰ ਬਾਈਬਲ ਤੋਂ ਸਲਾਹ ਦੇਣਗੇ। ਜੇ ਉਹ ਫਿਰ ਵੀ ਬੰਦੂਕ ਰੱਖਦਾ ਹੈ, ਤਾਂ ਉਹ ਦੂਸਰਿਆਂ ਲਈ ਚੰਗੀ ਮਿਸਾਲ ਨਹੀਂ ਰੱਖ ਰਿਹਾ ਹੋਵੇਗਾ। ਨਤੀਜੇ ਵਜੋਂ, ਉਸ ਨੂੰ ਮੰਡਲੀ ਵਿਚ ਕੋਈ ਵੀ ਜ਼ਿੰਮੇਵਾਰੀ ਜਾਂ ਸਨਮਾਨ ਨਹੀਂ ਮਿਲੇਗਾ। ਇਹ ਗੱਲ ਉਨ੍ਹਾਂ ਮਸੀਹੀਆਂ ਉੱਤੇ ਵੀ ਲਾਗੂ ਹੁੰਦੀ ਜੋ ਅਜਿਹੀ ਨੌਕਰੀ ਕਰਦੇ ਹਨ ਜਿਸ ਵਿਚ ਉਨ੍ਹਾਂ ਨੂੰ ਹਥਿਆਰ ਚੁੱਕਣੇ ਪੈਂਦੇ ਹਨ। ਚੰਗਾ ਹੋਵੇਗਾ ਜੇ ਉਹ ਕੋਈ ਹੋਰ ਕੰਮ ਲੱਭ ਲੈਣ। *

ਹਰ ਇਕ ਮਸੀਹੀ ਨੂੰ ਆਪ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਆਪਣਾ, ਆਪਣੇ ਪਰਿਵਾਰ ਅਤੇ ਆਪਣੀਆਂ ਚੀਜ਼ਾਂ ਦਾ ਬਚਾਅ ਕਿਵੇਂ ਕਰੇਗਾ ਅਤੇ ਉਹ ਕਿਹੜੀ ਨੌਕਰੀ ਕਰੇਗਾ। ਪਰ ਉਸ ਨੂੰ ਹਰ ਫ਼ੈਸਲਾ ਬਾਈਬਲ ਦੇ ਅਸੂਲਾਂ ਮੁਤਾਬਕ ਕਰਨਾ ਚਾਹੀਦਾ ਹੈ। ਸਾਡੇ ਨਾਲ ਪਿਆਰ ਕਰਨ ਕਰਕੇ ਬੁੱਧੀਮਾਨ ਪਰਮੇਸ਼ੁਰ ਨੇ ਸਾਨੂੰ ਅਸੂਲ ਦਿੱਤੇ ਹਨ। ਇਸ ਲਈ ਜਿਨ੍ਹਾਂ ਮਸੀਹੀਆਂ ਦਾ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਹੈ, ਉਹ ਕਿਸੇ ਇਨਸਾਨ ਤੋਂ ਆਪਣਾ ਬਚਾਅ ਕਰਨ ਲਈ ਬੰਦੂਕ ਨਹੀਂ ਰੱਖਦੇ। ਉਹ ਜਾਣਦੇ ਹਨ ਕਿ ਪਰਮੇਸ਼ੁਰ ’ਤੇ ਭਰੋਸਾ ਰੱਖ ਕੇ ਤੇ ਬਾਈਬਲ ਦੇ ਅਸੂਲਾਂ ਮੁਤਾਬਕ ਚੱਲ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਸੁਰੱਖਿਆ ਮਿਲੇਗੀ।​—ਜ਼ਬੂ. 97:10; ਕਹਾ. 1:33; 2:6, 7.

ਮਹਾਂਕਸ਼ਟ ਦੌਰਾਨ ਮਸੀਹੀ ਆਪਣਾ ਬਚਾਅ ਆਪ ਕਰਨ ਦੀ ਬਜਾਇ ਯਹੋਵਾਹ ’ਤੇ ਭਰੋਸਾ ਰੱਖਣਗੇ

^ ਪੈਰਾ 3 ਸ਼ਾਇਦ ਇਕ ਮਸੀਹੀ ਜੰਗਲੀ ਜਾਨਵਰਾਂ ਤੋਂ ਆਪਣਾ ਬਚਾਅ ਕਰਨ ਲਈ ਜਾਂ ਆਪਣੇ ਭੋਜਨ ਵਾਸਤੇ ਸ਼ਿਕਾਰ ਕਰਨ ਲਈ ਬੰਦੂਕ ਰੱਖੇ। ਪਰ ਜਦੋਂ ਉਹ ਬੰਦੂਕ ਨਹੀਂ ਵਰਤਦਾ, ਤਾਂ ਉਸ ਨੂੰ ਬੰਦੂਕ ਦੀਆਂ ਗੋਲੀਆਂ ਕੱਢ ਕੇ ਅਤੇ ਬੰਦੂਕ ਦੇ ਪੁਰਜੇ ਅਲੱਗ-ਅਲੱਗ ਕਰ ਕੇ ਜਿੰਦੇ ਅੰਦਰ ਰੱਖਣੇ ਚਾਹੀਦੇ ਹਨ। ਜਿਨ੍ਹਾਂ ਦੇਸ਼ਾਂ ਜਾਂ ਇਲਾਕਿਆਂ ਵਿਚ ਬੰਦੂਕ ਰੱਖਣੀ ਗ਼ੈਰ-ਕਾਨੂੰਨੀ ਹੈ ਜਾਂ ਜਿੱਥੇ ਸਰਕਾਰ ਨੇ ਬੰਦੂਕ ਰੱਖਣ ਲਈ ਕੋਈ ਖ਼ਾਸ ਕਾਨੂੰਨ ਬਣਾਏ ਹਨ, ਤਾਂ ਉੱਥੇ ਦੇ ਮਸੀਹੀਆਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ।​—ਰੋਮੀ. 13:1.

^ ਪੈਰਾ 2 ਬਲਾਤਕਾਰ ਤੋਂ ਬਚਣ ਲਈ 8 ਮਾਰਚ 1993 ਦਾ ਜਾਗਰੂਕ ਬਣੋ! (ਹਿੰਦੀ) ਬਰੋਸ਼ਰ ਨੰ. 3 ਵਿਚ “ਬਲਾਤਕਾਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ” ਨਾਂ ਦਾ ਲੇਖ ਦੇਖੋ।

^ ਪੈਰਾ 4 ਕੀ ਮਸੀਹੀ ਉਹ ਨੌਕਰੀ ਕਰ ਸਕਦਾ ਹੈ ਜਿਸ ਵਿਚ ਉਸ ਨੂੰ ਹਥਿਆਰਬੰਦ ਹੋਣਾ ਪੈਂਦਾ ਹੈ, ਇਸ ਬਾਰੇ ਹੋਰ ਜਾਣਕਾਰੀ ਲਈ ਪਹਿਰਾਬੁਰਜ 1 ਨਵੰਬਰ 2005 ਦਾ ਸਫ਼ਾ 31 ਅਤੇ ਪਹਿਰਾਬੁਰਜ (ਅੰਗ੍ਰੇਜ਼ੀ) 15 ਜੁਲਾਈ 1983 ਦੇ ਸਫ਼ੇ 25-26 ਦੇਖੋ।