Skip to content

Skip to table of contents

ਅਧਿਐਨ ਲੇਖ 19

ਗੀਤ 6 ਅੰਬਰ ਕਰੇ ਯਹੋਵਾਹ ਦੀ ਮਹਿਮਾ

ਵਫ਼ਾਦਾਰ ਦੂਤਾਂ ਦੀ ਰੀਸ ਕਰੋ

ਵਫ਼ਾਦਾਰ ਦੂਤਾਂ ਦੀ ਰੀਸ ਕਰੋ

‘ਹੇ ਦੂਤੋ, ਯਹੋਵਾਹ ਦੀ ਮਹਿਮਾ ਕਰੋ।’​—ਜ਼ਬੂ. 103:20.

ਕੀ ਸਿੱਖਾਂਗੇ?

ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਅਸੀਂ ਯਹੋਵਾਹ ਦੇ ਵਫ਼ਾਦਾਰ ਦੂਤਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ।

1-2. (ੳ) ਅਸੀਂ ਦੂਤਾਂ ਤੋਂ ਕਿੱਦਾਂ ਅਲੱਗ ਹਾਂ? (ਅ) ਸਾਡੇ ਅਤੇ ਦੂਤਾਂ ਵਿਚ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ?

 ਜਦੋਂ ਯਹੋਵਾਹ ਨੇ ਸਾਨੂੰ ਆਪਣੇ ਵੱਲ ਖਿੱਚਿਆ, ਤਾਂ ਅਸੀਂ ਉਸ ਦੇ ਪਰਿਵਾਰ ਦਾ ਹਿੱਸਾ ਬਣ ਗਏ ਜੋ ਉਸ ਦੀ ਭਗਤੀ ਕਰਦਾ ਹੈ। ਇਹ ਪਰਿਵਾਰ ਅਲੱਗ-ਅਲੱਗ ਲੋਕਾਂ ਨਾਲ ਮਿਲ ਕੇ ਬਣਿਆ ਹੈ ਅਤੇ ਇਨ੍ਹਾਂ ਵਿਚ ਬਹੁਤ ਜ਼ਿਆਦਾ ਪਿਆਰ ਹੈ। ਇਸ ਪਰਿਵਾਰ ਵਿਚ ਲੱਖਾਂ-ਕਰੋੜਾਂ ਵਫ਼ਾਦਾਰ ਦੂਤ ਵੀ ਹਨ। (ਦਾਨੀ. 7:9, 10) ਦੂਤਾਂ ਦਾ ਜ਼ਿਕਰ ਆਉਂਦੇ ਹੀ ਸ਼ਾਇਦ ਅਸੀਂ ਸੋਚੀਏ ਕਿ ਉਹ ਤਾਂ ਸਾਡੇ ਤੋਂ ਬਹੁਤ ਅਲੱਗ ਹਨ। ਸਾਡੇ ਅਤੇ ਉਨ੍ਹਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਸਾਨੂੰ ਪੈਦਾ ਹੋਇਆਂ ਨੂੰ ਕੁਝ ਸਾਲ ਹੀ ਹੋਏ ਹਨ, ਪਰ ਦੂਤ ਤਾਂ ਸਦੀਆਂ ਤੋਂ ਹੋਂਦ ਵਿਚ ਹਨ। (ਅੱਯੂ. 38:4, 7) ਉਹ ਸਾਡੇ ਤੋਂ ਕਿਤੇ ਜ਼ਿਆਦਾ ਤਾਕਤਵਰ ਹਨ। ਇਸ ਤੋਂ ਇਲਾਵਾ, ਉਹ ਪਵਿੱਤਰ ਤੇ ਧਰਮੀ ਹਨ। ਉਹ ਯਹੋਵਾਹ ਦੀ ਹਰ ਗੱਲ ਮੰਨਦੇ ਹਨ ਜੋ ਅਸੀਂ ਨਾਮੁਕੰਮਲ ਇਨਸਾਨ ਨਹੀਂ ਕਰ ਸਕਦੇ।​—ਲੂਕਾ 9:26.

2 ਭਾਵੇਂ ਕਿ ਅਸੀਂ ਕਈ ਤਰੀਕਿਆਂ ਨਾਲ ਦੂਤਾਂ ਤੋਂ ਅਲੱਗ ਹਾਂ, ਪਰ ਸਾਡੇ ਵਿਚ ਕਾਫ਼ੀ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਮਿਸਾਲ ਲਈ, ਦੂਤਾਂ ਵਾਂਗ ਅਸੀਂ ਯਹੋਵਾਹ ਦੇ ਗੁਣ ਜ਼ਾਹਰ ਕਰ ਸਕਦੇ ਹਾਂ। ਉਨ੍ਹਾਂ ਵਾਂਗ ਸਾਡਾ ਵੀ ਇਕ ਨਾਂ ਅਤੇ ਸ਼ਖ਼ਸੀਅਤ ਹੈ। ਉਨ੍ਹਾਂ ਵਾਂਗ ਸਾਡੇ ਕੋਲ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਹੈ ਅਤੇ ਸਾਡੇ ਕੋਲ ਵੀ ਅਲੱਗ-ਅਲੱਗ ਜ਼ਿੰਮੇਵਾਰੀਆਂ ਹਨ। ਦੂਤਾਂ ਵਾਂਗ ਸਾਡੇ ਅੰਦਰ ਵੀ ਪਰਮੇਸ਼ੁਰ ਦੀ ਭਗਤੀ ਕਰਨ ਦੀ ਤਮੰਨਾ ਹੈ।​—1 ਪਤ. 1:12.

3. ਅਸੀਂ ਵਫ਼ਾਦਾਰ ਦੂਤਾਂ ਤੋਂ ਕੀ ਸਿੱਖ ਸਕਦੇ ਹਾਂ?

3 ਅਸੀਂ ਦੇਖਿਆ ਕਿ ਸਾਡੇ ਵਿਚ ਅਤੇ ਦੂਤਾਂ ਵਿਚ ਕਾਫ਼ੀ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਇਸ ਕਰਕੇ ਅਸੀਂ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਅਤੇ ਉਨ੍ਹਾਂ ਤੋਂ ਹੌਸਲਾ ਪਾ ਸਕਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਵਫ਼ਾਦਾਰ ਦੂਤਾਂ ਵਾਂਗ ਨਿਮਰ ਕਿਵੇਂ ਬਣ ਸਕਦੇ ਹਾਂ, ਲੋਕਾਂ ਨੂੰ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ, ਧੀਰਜ ਕਿਵੇਂ ਰੱਖ ਸਕਦੇ ਹਾਂ ਅਤੇ ਮੰਡਲੀ ਨੂੰ ਕਿਵੇਂ ਸ਼ੁੱਧ ਬਣਾਈ ਰੱਖ ਸਕਦੇ ਹਾਂ।

ਦੂਤ ਨਿਮਰ ਹਨ

4. (ੳ) ਦੂਤ ਨਿਮਰਤਾ ਕਿਵੇਂ ਦਿਖਾਉਂਦੇ ਹਨ? (ਅ) ਦੂਤ ਨਿਮਰ ਕਿਉਂ ਹਨ? (ਜ਼ਬੂਰ 89:7)

4 ਭਾਵੇਂ ਦੂਤਾਂ ਕੋਲ ਬਹੁਤ ਤਜਰਬਾ ਹੈ, ਉਹ ਤਾਕਤਵਰ ਹਨ ਅਤੇ ਬੁੱਧੀਮਾਨ ਹਨ, ਫਿਰ ਵੀ ਉਹ ਨਿਮਰ ਹਨ। ਉਹ ਹਮੇਸ਼ਾ ਯਹੋਵਾਹ ਦਾ ਕਹਿਣਾ ਮੰਨਦੇ ਹਨ। (ਜ਼ਬੂ. 103:20) ਉਹ ਜੋ ਵੀ ਕਰਦੇ ਹਨ, ਉਹ ਉਸ ʼਤੇ ਘਮੰਡ ਨਹੀਂ ਕਰਦੇ। ਉਹ ਆਪਣੀ ਤਾਕਤ ਦਿਖਾ ਕੇ ਲੋਕਾਂ ਦੀ ਵਾਹ-ਵਾਹ ਨਹੀਂ ਖੱਟਦੇ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਨਾਂ ਹੋਵੇ, ਸਗੋਂ ਉਹ ਯਹੋਵਾਹ ਦੀ ਮਰਜ਼ੀ ਪੂਰੀ ਕਰਨੀ ਚਾਹੁੰਦੇ ਹਨ। a (ਉਤ. 32:24, 29; 2 ਰਾਜ. 19:35) ਦੂਤ ਉਹ ਮਹਿਮਾ ਨਹੀਂ ਲੈਂਦੇ ਜਿਸ ਦਾ ਹੱਕਦਾਰ ਸਿਰਫ਼ ਯਹੋਵਾਹ ਹੈ। ਉਹ ਇੰਨੇ ਨਿਮਰ ਕਿਉਂ ਹਨ? ਕਿਉਂਕਿ ਉਹ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਦਾ ਗਹਿਰਾ ਆਦਰ ਕਰਦੇ ਹਨ।​—ਜ਼ਬੂਰ 89:7 ਪੜ੍ਹੋ।

5. ਇਕ ਦੂਤ ਨੇ ਜਿਸ ਤਰੀਕੇ ਨਾਲ ਯੂਹੰਨਾ ਰਸੂਲ ਨੂੰ ਸੁਧਾਰਿਆ, ਉਸ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਉਹ ਨਿਮਰ ਸੀ? (ਤਸਵੀਰ ਵੀ ਦੇਖੋ।)

5 ਜ਼ਰਾ ਇਕ ਬਿਰਤਾਂਤ ʼਤੇ ਧਿਆਨ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਦੂਤ ਕਿੰਨੇ ਨਿਮਰ ਹਨ। ਲਗਭਗ 96 ਈਸਵੀ ਵਿਚ ਯੂਹੰਨਾ ਰਸੂਲ ਕੋਲ ਇਕ ਦੂਤ ਆਇਆ ਜਿਸ ਦਾ ਨਾਂ ਅਸੀਂ ਨਹੀਂ ਜਾਣਦੇ। ਉਸ ਨੇ ਯੂਹੰਨਾ ਰਸੂਲ ਨੂੰ ਸ਼ਾਨਦਾਰ ਦਰਸ਼ਣ ਦਿਖਾਇਆ। (ਪ੍ਰਕਾ. 1:1) ਇਹ ਦਰਸ਼ਣ ਦੇਖ ਕੇ ਯੂਹੰਨਾ ਨੇ ਕੀ ਕੀਤਾ? ਉਹ ਦੂਤ ਦੀ ਭਗਤੀ ਕਰਨ ਲਈ ਉਸ ਦੇ ਪੈਰਾਂ ʼਤੇ ਡਿਗ ਪਿਆ। ਪਰ ਵਫ਼ਾਦਾਰ ਦੂਤ ਨੇ ਉਸ ਨੂੰ ਉਸੇ ਵੇਲੇ ਰੋਕਦਿਆਂ ਕਿਹਾ: “ਇੱਦਾਂ ਨਾ ਕਰ! ਪਰਮੇਸ਼ੁਰ ਦੀ ਭਗਤੀ ਕਰ। ਮੈਂ ਵੀ ਤੇਰੇ ਵਾਂਗ ਅਤੇ ਤੇਰੇ ਭਰਾਵਾਂ ਵਾਂਗ ਇਕ ਦਾਸ ਹੀ ਹਾਂ।” (ਪ੍ਰਕਾ. 19:10) ਸੱਚੀਂ, ਇਹ ਦੂਤ ਕਿੰਨਾ ਨਿਮਰ ਸੀ! ਉਹ ਆਪਣੀ ਮਹਿਮਾ ਨਹੀਂ ਕਰਾਉਣੀ ਚਾਹੁੰਦਾ ਸੀ। ਉਸ ਨੇ ਉਸੇ ਵੇਲੇ ਉਸ ਦਾ ਧਿਆਨ ਯਹੋਵਾਹ ਪਰਮੇਸ਼ੁਰ ਵੱਲ ਖਿੱਚਿਆ। ਜ਼ਰਾ ਸੋਚੋ, ਉਹ ਦੂਤ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਿਹਾ ਸੀ ਅਤੇ ਯੂਹੰਨਾ ਤੋਂ ਕਿਤੇ ਜ਼ਿਆਦਾ ਤਾਕਤਵਰ ਸੀ। ਪਰ ਉਸ ਨੇ ਇੱਦਾਂ ਨਹੀਂ ਸੋਚਿਆ ਕਿ ਯੂਹੰਨਾ ਉਸ ਤੋਂ ਨੀਵਾਂ ਹੈ। ਇਸ ਦੀ ਬਜਾਇ, ਉਸ ਨੇ ਕਿਹਾ ਕਿ ਉਹ ਵੀ ਯੂਹੰਨਾ ਵਾਂਗ ਇਕ ਦਾਸ ਹੈ। ਜ਼ਰਾ ਇਕ ਹੋਰ ਗੱਲ ʼਤੇ ਗੌਰ ਕਰੋ। ਇਸ ਦੂਤ ਨੇ ਸਿਆਣੀ ਉਮਰ ਦੇ ਰਸੂਲ ਨੂੰ ਸੁਧਾਰਿਆ ਤਾਂ ਸੀ, ਪਰ ਉਸ ਨੇ ਨਾ ਤਾਂ ਯੂਹੰਨਾ ਨੂੰ ਝਿੜਕਿਆ ਅਤੇ ਨਾ ਹੀ ਉਸ ਨਾਲ ਬੁਰੇ ਤਰੀਕੇ ਨਾਲ ਪੇਸ਼ ਆਇਆ। ਇਸ ਦੀ ਬਜਾਇ, ਦੂਤ ਨੇ ਉਸ ਨਾਲ ਪਿਆਰ ਨਾਲ ਗੱਲ ਕੀਤੀ। ਸ਼ਾਇਦ ਉਹ ਸਮਝ ਗਿਆ ਸੀ ਕਿ ਯੂਹੰਨਾ ਦਰਸ਼ਣ ਦੇਖ ਕੇ ਸ਼ਰਧਾ ਨਾਲ ਭਰ ਗਿਆ ਹੈ। ਇਸ ਕਰਕੇ ਯੂਹੰਨਾ ਉਸ ਅੱਗੇ ਝੁਕ ਰਿਹਾ ਸੀ।

ਦੂਤ ਨੇ ਜਿਸ ਤਰ੍ਹਾਂ ਯੂਹੰਨਾ ਨੂੰ ਸੁਧਾਰਿਆ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਨਿਮਰ ਸੀ! (ਪੈਰਾ 5 ਦੇਖੋ)


6. ਅਸੀਂ ਦੂਤਾਂ ਦੀ ਨਿਮਰਤਾ ਦੀ ਰੀਸ ਕਿਵੇਂ ਕਰ ਸਕਦੇ ਹਾਂ?

6 ਅਸੀਂ ਦੂਤਾਂ ਦੀ ਨਿਮਰਤਾ ਦੀ ਰੀਸ ਕਿਵੇਂ ਕਰ ਸਕਦੇ ਹਾਂ? ਅਸੀਂ ਯਹੋਵਾਹ ਦੀ ਸੇਵਾ ਵਿਚ ਜੋ ਵੀ ਕਰਦੇ ਹਾਂ, ਸਾਨੂੰ ਉਸ ʼਤੇ ਸ਼ੇਖ਼ੀਆਂ ਨਹੀਂ ਮਾਰਨੀਆਂ ਚਾਹੀਦੀਆਂ। (1 ਕੁਰਿੰ. 4:7) ਨਾਲੇ ਜੇ ਅਸੀਂ ਕੋਈ ਕੰਮ ਚੰਗੀ ਤਰ੍ਹਾਂ ਕੀਤਾ ਹੈ, ਤਾਂ ਸਾਨੂੰ ਉਸ ਦਾ ਸਿਹਰਾ ਆਪਣੇ ਸਿਰ ਨਹੀਂ ਲੈਣਾ ਚਾਹੀਦਾ। ਇਸ ਤੋਂ ਇਲਾਵਾ, ਜੇ ਅਸੀਂ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਾਂ ਜਾਂ ਸਾਨੂੰ ਕੋਈ ਖ਼ਾਸ ਜ਼ਿੰਮੇਵਾਰੀ ਮਿਲੀ ਹੈ, ਤਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਦੂਜੇ ਭੈਣਾਂ-ਭਰਾਵਾਂ ਤੋਂ ਉੱਚੇ ਹਾਂ। ਸੱਚ ਤਾਂ ਇਹ ਹੈ ਕਿ ਸਾਡੇ ਕੋਲ ਜਿੰਨੀਆਂ ਜ਼ਿਆਦਾ ਜ਼ਿੰਮੇਵਾਰੀਆਂ ਹੁੰਦੀਆਂ ਹਨ, ਸਾਨੂੰ ਖ਼ੁਦ ਨੂੰ ਉੱਨਾ ਹੀ ਨੀਵਾਂ ਸਮਝਣਾ ਚਾਹੀਦਾ ਹੈ। (ਲੂਕਾ 9:48) ਦੂਤਾਂ ਵਾਂਗ ਅਸੀਂ ਦੂਜਿਆਂ ਦੀ ਸੇਵਾ ਕਰਨੀ ਚਾਹੁੰਦੇ ਹਾਂ। ਨਾਲੇ ਅਸੀਂ ਕਦੇ ਵੀ ਇਹ ਨਹੀਂ ਦਿਖਾਉਣਾ ਚਾਹੁੰਦੇ ਕਿ ਅਸੀਂ ਦੂਜਿਆਂ ਨਾਲੋਂ ਵਧੀਆ ਹਾਂ।

7. ਕਿਸੇ ਨੂੰ ਸਲਾਹ ਦਿੰਦਿਆਂ ਜਾਂ ਉਸ ਦੀ ਸੋਚ ਸੁਧਾਰਦਿਆਂ ਅਸੀਂ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ?

7 ਕਦੇ-ਕਦਾਈਂ ਸਾਨੂੰ ਕਿਸੇ ਮਸੀਹੀ ਜਾਂ ਆਪਣੇ ਕਿਸੇ ਬੱਚੇ ਨੂੰ ਸਲਾਹ ਦੇਣੀ ਪੈ ਸਕਦੀ ਹੈ। ਜਾਂ ਫਿਰ ਉਨ੍ਹਾਂ ਦੀ ਸੋਚ ਸੁਧਾਰਨੀ ਪੈ ਸਕਦੀ ਹੈ। ਉਸ ਸਮੇਂ ਅਸੀਂ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ? ਹੋ ਸਕਦਾ ਹੈ ਕਿ ਕੋਈ ਗੱਲ ਸਾਨੂੰ ਸਿੱਧੀ-ਸਿੱਧੀ ਦੱਸਣੀ ਪਵੇ। ਪਰ ਉਸ ਵੇਲੇ ਅਸੀਂ ਉਸ ਦੂਤ ਨੂੰ ਯਾਦ ਰੱਖਾਂਗੇ ਜਿਸ ਨੇ ਯੂਹੰਨਾ ਨੂੰ ਸਲਾਹ ਦਿੱਤੀ ਸੀ। ਅਸੀਂ ਉਸ ਵਿਅਕਤੀ ਨੂੰ ਸਿੱਧੀ-ਸਿੱਧੀ ਸਲਾਹ ਤਾਂ ਦੇਵਾਂਗੇ, ਪਰ ਝਿੜਕਾਂਗੇ ਨਹੀਂ। ਨਾਲੇ ਅਸੀਂ ਇਸ ਗੱਲ ਦਾ ਵੀ ਧਿਆਨ ਰੱਖਾਂਗੇ ਕਿ ਸਾਡੀਆਂ ਗੱਲਾਂ ਕਰਕੇ ਉਸ ਦਾ ਹੌਸਲਾ ਢਹਿ-ਢੇਰੀ ਨਾ ਹੋ ਜਾਵੇ। ਜਦੋਂ ਅਸੀਂ ਖ਼ੁਦ ਨੂੰ ਦੂਜਿਆਂ ਤੋਂ ਵੱਡਾ ਨਹੀਂ ਸਮਝਦੇ, ਤਾਂ ਬਾਈਬਲ-ਆਧਾਰਿਤ ਸਲਾਹ ਦਿੰਦੇ ਵੇਲੇ ਅਸੀਂ ਉਨ੍ਹਾਂ ਨਾਲ ਪਿਆਰ ਅਤੇ ਆਦਰ ਨਾਲ ਪੇਸ਼ ਆਉਂਦੇ ਹਾਂ।​—ਕੁਲੁ. 4:6.

ਦੂਤ ਲੋਕਾਂ ਨੂੰ ਪਿਆਰ ਕਰਦੇ ਹਨ

8. (ੳ) ਲੂਕਾ 15:10 ਤੋਂ ਕਿੱਦਾਂ ਪਤਾ ਲੱਗਦਾ ਹੈ ਕਿ ਦੂਤ ਲੋਕਾਂ ਨਾਲ ਪਿਆਰ ਕਰਦੇ ਹਨ? (ਅ) ਦੂਤ ਪ੍ਰਚਾਰ ਕਰਨ ਵਿਚ ਸਾਡਾ ਸਾਥ ਕਿੱਦਾਂ ਦਿੰਦੇ ਹਨ? (ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਵੀ ਦੇਖੋ।)

8 ਇੱਦਾਂ ਨਹੀਂ ਹੈ ਕਿ ਦੂਤਾਂ ਨੂੰ ਸਾਡੇ ਨਾਲ ਕੋਈ ਲੈਣਾ-ਦੇਣਾ ਨਹੀਂ ਜਾਂ ਉਨ੍ਹਾਂ ਨੂੰ ਸਾਡੀ ਕੋਈ ਪਰਵਾਹ ਨਹੀਂ ਹੈ। ਇਸ ਦੀ ਬਜਾਇ, ਉਹ ਸਾਨੂੰ ਬਹੁਤ ਪਿਆਰ ਕਰਦੇ ਹਨ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਜਦੋਂ ਕੋਈ ਗੁਆਚੀ ਹੋਈ ਭੇਡ ਯਹੋਵਾਹ ਵੱਲ ਮੁੜ ਆਉਂਦੀ ਹੈ ਅਤੇ ਤੋਬਾ ਕਰਦੀ ਹੈ, ਤਾਂ ਦੂਤ ਖ਼ੁਸ਼ੀਆਂ ਮਨਾਉਂਦੇ ਹਨ। ਜਦੋਂ ਕੋਈ ਯਹੋਵਾਹ ਬਾਰੇ ਸਿੱਖ ਕੇ ਆਪਣੀ ਜ਼ਿੰਦਗੀ ਵਿਚ ਬਦਲਾਅ ਕਰਦਾ ਹੈ, ਉਦੋਂ ਵੀ ਦੂਤ ਬਹੁਤ ਖ਼ੁਸ਼ ਹੁੰਦੇ ਹਨ। (ਲੂਕਾ 15:10 ਪੜ੍ਹੋ।) ਇਸ ਤੋਂ ਇਲਾਵਾ, ਦੂਤ ਜੋਸ਼ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹਨ। (ਪ੍ਰਕਾ. 14:6) ਭਾਵੇਂ ਕਿ ਉਹ ਖ਼ੁਦ ਜਾ ਕੇ ਲੋਕਾਂ ਨੂੰ ਪ੍ਰਚਾਰ ਨਹੀਂ ਕਰਦੇ, ਪਰ ਉਹ ਇੱਦਾਂ ਦੇ ਲੋਕਾਂ ਨੂੰ ਲੱਭਣ ਵਿਚ ਸਾਡੀ ਮਦਦ ਕਰਦੇ ਹਨ ਜੋ ਯਹੋਵਾਹ ਬਾਰੇ ਸਿੱਖਣਾ ਚਾਹੁੰਦੇ ਹਨ। ਅਸੀਂ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਕਿਸੇ ਵਿਅਕਤੀ ਨੂੰ ਲੱਭਣ ਵਿਚ ਦੂਤਾਂ ਨੇ ਹੀ ਸਾਡੀ ਮਦਦ ਕੀਤੀ ਸੀ। ਕਿਉਂ? ਕਿਉਂਕਿ ਯਹੋਵਾਹ ਹੋਰ ਤਰੀਕਿਆਂ ਨਾਲ ਵੀ ਸਾਡੀ ਮਦਦ ਕਰਦਾ ਹੈ, ਜਿਵੇਂ ਕਿ ਆਪਣੀ ਪਵਿੱਤਰ ਸ਼ਕਤੀ ਰਾਹੀਂ। ਇਸ ਦੇ ਜ਼ਰੀਏ ਉਹ ਲੋਕਾਂ ਨੂੰ ਆਪਣੇ ਵੱਲ ਖਿੱਚ ਸਕਦਾ ਹੈ ਜਾਂ ਆਪਣੇ ਸੇਵਕਾਂ ਨੂੰ ਵੀ ਉਨ੍ਹਾਂ ਲੋਕਾਂ ਨਾਲ ਮਿਲਾ ਸਕਦਾ ਹੈ। (ਰਸੂ. 16:6, 7) ਪਰ ਇਹ ਗੱਲ ਸੱਚ ਹੈ ਕਿ ਪ੍ਰਚਾਰ ਕਰਨ ਵਿਚ ਦੂਤਾਂ ਦਾ ਵੱਡਾ ਹੱਥ ਹੈ। ਇਸ ਲਈ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਇਸ ਕੰਮ ਵਿਚ ਦੂਤ ਸਾਡਾ ਸਾਥ ਦਿੰਦੇ ਹਨ।​—“ ਉਨ੍ਹਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਦੇ ਜਵਾਬ ਮਿਲੇ” ਨਾਂ ਦੀ ਡੱਬੀ ਦੇਖੋ। b

ਇਕ ਪਤੀ-ਪਤੀ ਪਬਲਿਕ ਥਾਵਾਂ ʼਤੇ ਗਵਾਹੀ ਦੇਣ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਹੇ ਹਨ। ਭੈਣ ਇਕ ਕੁੜੀ ਨੂੰ ਦੇਖ ਰਹੀ ਹੈ ਜੋ ਬਹੁਤ ਪਰੇਸ਼ਾਨ ਹੈ। ਭੈਣ ਸੋਚ ਰਹੀ ਹੈ ਕਿ ਦੂਤ ਉਨ੍ਹਾਂ ਲੋਕਾਂ ਨੂੰ ਲੱਭਣ ਵਿਚ ਸਾਡੀ ਮਦਦ ਕਰ ਸਕਦੇ ਹਨ ਜੋ ਪਰਮੇਸ਼ੁਰ ਬਾਰੇ ਜਾਣਨਾ ਚਾਹੁੰਦੇ ਹਨ। ਭੈਣ ਨੂੰ ਉਸ ਕੁੜੀ ʼਤੇ ਤਰਸ ਆਉਂਦਾ ਹੈ ਅਤੇ ਉਸ ਦਾ ਉਸ ਕੁੜੀ ਨਾਲ ਗੱਲ ਕਰਨ ਨੂੰ ਦਿਲ ਕਰਦਾ ਹੈ (ਪੈਰਾ 8 ਦੇਖੋ)


9. ਲੋਕਾਂ ਨੂੰ ਪਿਆਰ ਦਿਖਾਉਣ ਦੇ ਮਾਮਲੇ ਵਿਚ ਅਸੀਂ ਦੂਤਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ?

9 ਲੋਕਾਂ ਨੂੰ ਪਿਆਰ ਦਿਖਾਉਣ ਦੇ ਮਾਮਲੇ ਵਿਚ ਅਸੀਂ ਦੂਤਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ? ਜਦੋਂ ਮੰਡਲੀ ਵਿਚ ਘੋਸ਼ਣਾ ਕੀਤੀ ਜਾਂਦੀ ਹੈ ਕਿ ਮੰਡਲੀ ਵਿਚ ਕਿਸੇ ਨੂੰ ਬਹਾਲ ਕੀਤਾ ਗਿਆ ਹੈ, ਤਾਂ ਅਸੀਂ ਵੀ ਦੂਤਾਂ ਵਾਂਗ ਖ਼ੁਸ਼ੀ ਮਨਾ ਸਕਦੇ ਹਾਂ। ਅਸੀਂ ਉਸ ਭੈਣ ਜਾਂ ਭਰਾ ਦਾ ਸੁਆਗਤ ਕਰ ਸਕਦੇ ਹਾਂ ਅਤੇ ਉਸ ਨੂੰ ਯਕੀਨ ਦਿਵਾ ਸਕਦੇ ਹਾਂ ਕਿ ਅਸੀਂ ਉਸ ਨਾਲ ਬਹੁਤ ਪਿਆਰ ਕਰਦੇ ਹਾਂ। (ਲੂਕਾ 15:4-7; 2 ਕੁਰਿੰ. 2:6-8) ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈ ਕੇ ਵੀ ਅਸੀਂ ਦੂਤਾਂ ਦੀ ਰੀਸ ਕਰ ਸਕਦੇ ਹਾਂ। (ਉਪ. 11:6) ਦੂਤ ਜਿਸ ਤਰ੍ਹਾਂ ਖ਼ੁਸ਼ ਖ਼ਬਰੀ ਸੁਣਾਉਣ ਵਿਚ ਸਾਡੀ ਮਦਦ ਕਰਦੇ ਹਨ, ਅਸੀਂ ਵੀ ਉਸੇ ਤਰ੍ਹਾਂ ਪ੍ਰਚਾਰ ਕਰਨ ਵਿਚ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ। ਇਸ ਲਈ ਸੋਚੋ ਕਿ ਅਸੀਂ ਕਿਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ। ਕੀ ਅਸੀਂ ਉਨ੍ਹਾਂ ਨਾਲ ਪ੍ਰਚਾਰ ਕਰਨ ਲਈ ਜਾ ਸਕਦੇ ਹਾਂ ਜਿਨ੍ਹਾਂ ਨੇ ਹਾਲ ਹੀ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ? ਕੀ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਆਪਣੇ ਨਾਲ ਪ੍ਰਚਾਰ ʼਤੇ ਲਿਜਾ ਸਕਦੇ ਹਾਂ ਜੋ ਸਿਆਣੀ ਉਮਰ ਦੇ ਜਾਂ ਬੀਮਾਰ ਹਨ?

10. ਅਸੀਂ ਭੈਣ ਸਾਰਾ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ?

10 ਉਦੋਂ ਕੀ ਜਦੋਂ ਅਸੀਂ ਆਪਣੇ ਹਾਲਾਤਾਂ ਕਰਕੇ ਉੱਨਾ ਨਹੀਂ ਕਰ ਸਕਦੇ ਜਿੰਨਾ ਅਸੀਂ ਕਰਨਾ ਚਾਹੁੰਦੇ ਹਾਂ? ਉਦੋਂ ਵੀ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਦੂਤ ਸਾਡੀ ਮਦਦ ਕਰਨਗੇ। ਜ਼ਰਾ ਭਾਰਤ ਵਿਚ ਰਹਿਣ ਵਾਲੀ ਭੈਣ ਸਾਰਾ c ਦੇ ਤਜਰਬੇ ʼਤੇ ਗੌਰ ਕਰੋ। ਉਹ ਲਗਭਗ 20 ਸਾਲਾਂ ਤੋਂ ਜੋਸ਼ ਨਾਲ ਪਾਇਨੀਅਰਿੰਗ ਕਰ ਰਹੀ ਸੀ। ਪਰ ਫਿਰ ਉਹ ਇੰਨੀ ਬੀਮਾਰ ਹੋ ਗਈ ਕਿ ਉਹ ਮੰਜੇ ਤੋਂ ਵੀ ਨਹੀਂ ਉੱਠ ਸਕਦੀ ਸੀ। ਇਸ ਕਰਕੇ ਭੈਣ ਬਹੁਤ ਨਿਰਾਸ਼ ਹੋ ਗਈ। ਪਰ ਲਗਾਤਾਰ ਬਾਈਬਲ ਪੜ੍ਹਨ ਅਤੇ ਭੈਣਾਂ-ਭਰਾਵਾਂ ਦੀ ਮਦਦ ਨਾਲ ਉਸ ਦੀ ਖ਼ੁਸ਼ੀ ਵਾਪਸ ਆ ਗਈ। ਬਿਨਾਂ ਸ਼ੱਕ, ਹਾਲਾਤ ਬਦਲਣ ਕਰਕੇ ਭੈਣ ਨੂੰ ਆਪਣਾ ਪ੍ਰਚਾਰ ਕਰਨ ਦਾ ਤਰੀਕਾ ਵੀ ਬਦਲਣਾ ਪੈਣਾ ਸੀ। ਉਸ ਲਈ ਬੈਠਣਾ ਵੀ ਔਖਾ ਸੀ। ਇਸ ਲਈ ਚਿੱਠੀਆਂ ਲਿਖਣ ਦੀ ਬਜਾਇ ਉਹ ਫ਼ੋਨ ਰਾਹੀਂ ਗਵਾਹੀ ਦੇਣ ਲੱਗੀ। ਉਸ ਨੇ ਆਪਣੀਆਂ ਕਈ ਰਿਟਰਨ ਵਿਜ਼ਿਟਾਂ ਨੂੰ ਫ਼ੋਨ ਕੀਤਾ। ਉਨ੍ਹਾਂ ਨਾਲ ਗੱਲ ਕਰ ਕੇ ਉਸ ਨੂੰ ਪਤਾ ਲੱਗਾ ਕਿ ਅਜਿਹੇ ਹੋਰ ਵੀ ਲੋਕ ਹਨ ਜੋ ਸ਼ਾਇਦ ਯਹੋਵਾਹ ਬਾਰੇ ਸਿੱਖਣਾ ਚਾਹੁਣ। ਇਸ ਦਾ ਕੀ ਨਤੀਜਾ ਨਿਕਲਿਆ? ਕੁਝ ਹੀ ਮਹੀਨਿਆਂ ਅੰਦਰ ਭੈਣ 70 ਲੋਕਾਂ ਨੂੰ ਬਾਈਬਲ ਸਟੱਡੀ ਕਰਾਉਣ ਲੱਗੀ। ਉਹ ਇਕੱਲੀ ਇੰਨੇ ਲੋਕਾਂ ਨੂੰ ਸਟੱਡੀ ਨਹੀਂ ਕਰਵਾ ਸਕਦੀ ਸੀ। ਇਸ ਲਈ ਉਸ ਨੇ ਕੁਝ ਸਟੱਡੀਆਂ ਮੰਡਲੀ ਦੇ ਹੋਰ ਭੈਣਾਂ-ਭਰਾਵਾਂ ਨੂੰ ਦੇ ਦਿੱਤੀਆਂ। ਭੈਣ ਜਿਨ੍ਹਾਂ ਲੋਕਾਂ ਨੂੰ ਸਟੱਡੀ ਕਰਵਾਉਂਦੀ ਹੈ, ਉਨ੍ਹਾਂ ਵਿੱਚੋਂ ਬਹੁਤ ਜਣੇ ਮੀਟਿੰਗਾਂ ʼਤੇ ਆਉਂਦੇ ਹਨ। ਜ਼ਰਾ ਸੋਚੋ, ਭੈਣ ਸਾਰਾ ਵਰਗੇ ਮਿਹਨਤੀ ਭੈਣਾਂ-ਭਰਾਵਾਂ ਨਾਲ ਮਿਲ ਕੇ ਕੰਮ ਕਰਨ ਨਾਲ ਦੂਤਾਂ ਨੂੰ ਕਿੰਨੀ ਖ਼ੁਸ਼ੀ ਮਿਲਦੀ ਹੋਣੀ!

ਦੂਤ ਧੀਰਜ ਰੱਖਦੇ ਹਨ

11. ਧੀਰਜ ਰੱਖਣ ਦੇ ਮਾਮਲੇ ਵਿਚ ਵਫ਼ਾਦਾਰ ਦੂਤ ਕਿੱਦਾਂ ਇਕ ਵਧੀਆ ਮਿਸਾਲ ਹਨ?

11 ਧੀਰਜ ਰੱਖਣ ਦੇ ਮਾਮਲੇ ਵਿਚ ਵੀ ਦੂਤ ਵਧੀਆ ਮਿਸਾਲ ਹਨ। ਹਜ਼ਾਰਾਂ ਸਾਲਾਂ ਦੌਰਾਨ ਉਨ੍ਹਾਂ ਨੇ ਬੇਇਨਸਾਫ਼ੀ ਹੁੰਦੀ ਦੇਖੀ ਹੈ ਅਤੇ ਦੁਸ਼ਟਤਾ ਨੂੰ ਵਧਦਿਆਂ ਦੇਖਿਆ ਹੈ। ਉਨ੍ਹਾਂ ਨੇ ਦੇਖਿਆ ਹੈ ਕਿ ਸ਼ੈਤਾਨ ਅਤੇ ਬਹੁਤ ਸਾਰੇ ਦੂਤ ਕਿੱਦਾਂ ਯਹੋਵਾਹ ਦੇ ਵਿਰੋਧੀ ਬਣ ਗਏ ਜੋ ਇਕ ਸਮੇਂ ʼਤੇ ਉਨ੍ਹਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਦੇ ਸਨ। (ਉਤ. 3:1; 6:1, 2; ਯਹੂ. 6) ਬਾਈਬਲ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਕ ਸ਼ਕਤੀਸ਼ਾਲੀ ਦੁਸ਼ਟ ਦੂਤ ਨੇ ਕਈ ਦਿਨਾਂ ਤਕ ਇਕ ਵਫ਼ਾਦਾਰ ਦੂਤ ਦਾ ਵਿਰੋਧ ਕੀਤਾ। (ਦਾਨੀ. 10:13) ਇਸ ਤੋਂ ਇਲਾਵਾ, ਦੂਤਾਂ ਨੇ ਦੇਖਿਆ ਹੈ ਕਿ ਆਦਮ ਅਤੇ ਹੱਵਾਹ ਦੇ ਸਮੇਂ ਤੋਂ ਲੈ ਕੇ ਹੁਣ ਤਕ ਬਹੁਤ ਘੱਟ ਲੋਕਾਂ ਨੇ ਸੱਚੀ ਭਗਤੀ ਦਾ ਸਾਥ ਦਿੱਤਾ ਹੈ। ਫਿਰ ਵੀ ਇਹ ਦੂਤ ਖ਼ੁਸ਼ੀ-ਖ਼ੁਸ਼ੀ ਅਤੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਉਹ ਜਾਣਦੇ ਹਨ ਕਿ ਯਹੋਵਾਹ ਸਹੀ ਸਮੇਂ ʼਤੇ ਹਰ ਤਰ੍ਹਾਂ ਦੀ ਬੇਇਨਸਾਫ਼ੀ ਨੂੰ ਖ਼ਤਮ ਕਰ ਦੇਵੇਗਾ।

12. ਧੀਰਜ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

12 ਅਸੀਂ ਦੂਤਾਂ ਦੇ ਧੀਰਜ ਦੀ ਰੀਸ ਕਿਵੇਂ ਕਰ ਸਕਦੇ ਹਾਂ? ਦੂਤਾਂ ਵਾਂਗ ਸ਼ਾਇਦ ਅਸੀਂ ਵੀ ਬੇਇਨਸਾਫ਼ੀ ਹੁੰਦੀ ਦੇਖੀ ਹੋਵੇ। ਪਰ ਸਾਨੂੰ ਵੀ ਦੂਤਾਂ ਵਾਂਗ ਯਕੀਨ ਹੈ ਕਿ ਪਰਮੇਸ਼ੁਰ ਸਹੀ ਸਮੇਂ ʼਤੇ ਬੁਰਾਈ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। ਇਸ ਲਈ ਵਫ਼ਾਦਾਰ ਦੂਤਾਂ ਵਾਂਗ ਅਸੀਂ ਵੀ ‘ਚੰਗੇ ਕੰਮ ਕਰਨੇ ਨਹੀਂ ਛੱਡਦੇ।’ (ਗਲਾ. 6:9) ਨਾਲੇ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਉਹ ਧੀਰਜ ਰੱਖਣ ਵਿਚ ਸਾਡੀ ਮਦਦ ਕਰੇਗਾ। (1 ਕੁਰਿੰ. 10:13) ਇਸ ਲਈ ਸਾਨੂੰ ਪ੍ਰਾਰਥਨਾ ਵਿਚ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗਣੀ ਚਾਹੀਦੀ ਹੈ ਕਿਉਂਕਿ ਧੀਰਜ ਅਤੇ ਖ਼ੁਸ਼ੀ ਪਵਿੱਤਰ ਸ਼ਕਤੀ ਦੇ ਗੁਣ ਹਨ। (ਗਲਾ. 5:22; ਕੁਲੁ. 1:11) ਉਦੋਂ ਕੀ ਜਦੋਂ ਤੁਹਾਡਾ ਵਿਰੋਧ ਹੁੰਦਾ ਹੈ? ਡਰੋ ਨਾ, ਸਗੋਂ ਯਹੋਵਾਹ ʼਤੇ ਪੂਰਾ ਭਰੋਸਾ ਰੱਖੋ। ਯਹੋਵਾਹ ਹਮੇਸ਼ਾ ਤੁਹਾਡੀ ਮਦਦ ਕਰੇਗਾ ਅਤੇ ਤੁਹਾਨੂੰ ਮਜ਼ਬੂਤ ਕਰੇਗਾ।​—ਇਬ. 13:6.

ਦੂਤ ਮੰਡਲੀ ਨੂੰ ਸ਼ੁੱਧ ਬਣਾਈ ਰੱਖਣ ਵਿਚ ਮਦਦ ਕਰਦੇ ਹਨ

13. ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਦੂਤਾਂ ਨੂੰ ਕਿਹੜੀ ਖ਼ਾਸ ਜ਼ਿੰਮੇਵਾਰੀ ਦਿੱਤੀ ਗਈ ਹੈ? (ਮੱਤੀ 13:47-49)

13 ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਯਹੋਵਾਹ ਨੇ ਦੂਤਾਂ ਨੂੰ ਇਕ ਖ਼ਾਸ ਜ਼ਿੰਮੇਵਾਰੀ ਦਿੱਤੀ ਹੈ। (ਮੱਤੀ 13:47-49 ਪੜ੍ਹੋ।) ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਖ਼ੁਸ਼ ਖ਼ਬਰੀ ਵਿਚ ਦਿਲਚਸਪੀ ਲੈਂਦੇ ਹਨ ਅਤੇ ਸੱਚਾਈ ਵੱਲ ਖਿੱਚੇ ਆਉਂਦੇ ਹਨ। ਇਨ੍ਹਾਂ ਵਿੱਚੋਂ ਕੁਝ ਲੋਕ ਕਦਮ ਚੁੱਕ ਕੇ ਸੱਚੇ ਮਸੀਹੀ ਬਣਦੇ ਹਨ ਜਦ ਕਿ ਹੋਰ ਲੋਕ ਇੱਦਾਂ ਨਹੀਂ ਕਰਦੇ। ਦੂਤਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ “ਦੁਸ਼ਟਾਂ ਨੂੰ ਧਰਮੀਆਂ ਤੋਂ ਵੱਖਰਾ” ਕਰਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਮੰਡਲੀ ਦੀ ਸ਼ੁੱਧਤਾ ਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਜੇ ਕੋਈ ਸੱਚਾਈ ਨੂੰ ਛੱਡ ਦਿੰਦਾ ਹੈ, ਤਾਂ ਉਹ ਕਦੇ ਵਾਪਸ ਨਹੀਂ ਆ ਸਕਦਾ। ਨਾ ਹੀ ਇਸ ਦਾ ਇਹ ਮਤਲਬ ਹੈ ਕਿ ਮੰਡਲੀ ਵਿਚ ਕਦੇ ਕੋਈ ਪਾਪ ਨਹੀਂ ਕਰੇਗਾ। ਪਰ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਦੂਤ ਮੰਡਲੀ ਨੂੰ ਸ਼ੁੱਧ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਦੇ ਹਨ।

14-15. ਮੰਡਲੀ ਨੂੰ ਸ਼ੁੱਧ ਬਣਾਈ ਰੱਖਣ ਵਿਚ ਅਸੀਂ ਦੂਤਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਤਸਵੀਰਾਂ ਵੀ ਦੇਖੋ।)

14 ਮੰਡਲੀ ਨੂੰ ਸ਼ੁੱਧ ਬਣਾਈ ਰੱਖਣ ਵਿਚ ਅਸੀਂ ਦੂਤਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ? ਸਾਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਦੇ ਰਹਿਣ ਦੀ ਲੋੜ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਅਸੀਂ ਉਹ ਦੋਸਤ ਚੁਣ ਸਕਦੇ ਹਾਂ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ। ਨਾਲੇ ਅਸੀਂ ਹਰ ਉਸ ਚੀਜ਼ ਤੋਂ ਦੂਰ ਰਹਿ ਸਕਦੇ ਹਾਂ ਜਿਸ ਕਰਕੇ ਉਸ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਇਸ ਤਰ੍ਹਾਂ ਅਸੀਂ ਮੰਡਲੀ ਨੂੰ ਸ਼ੁੱਧ ਬਣਾਈ ਰੱਖਣ ਵਿਚ ਮਦਦ ਕਰ ਸਕਦੇ ਹਾਂ। (ਜ਼ਬੂ. 101:3) ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਵੀ ਯਹੋਵਾਹ ਦੇ ਵਫ਼ਾਦਾਰ ਰਹਿਣ ਵਿਚ ਮਦਦ ਕਰ ਸਕਦੇ ਹਾਂ। ਮਿਸਾਲ ਲਈ, ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਭੈਣ ਜਾਂ ਭਰਾ ਨੇ ਗੰਭੀਰ ਪਾਪ ਕੀਤਾ ਹੈ? ਪਿਆਰ ਹੋਣ ਕਰਕੇ ਅਸੀਂ ਉਸ ਵਿਅਕਤੀ ਨੂੰ ਕਹਾਂਗੇ ਕਿ ਉਹ ਜਾ ਕੇ ਬਜ਼ੁਰਗਾਂ ਨਾਲ ਗੱਲ ਕਰੇ। ਪਰ ਜੇ ਉਹ ਇੱਦਾਂ ਨਹੀਂ ਕਰਦਾ, ਤਾਂ ਅਸੀਂ ਖ਼ੁਦ ਜਾ ਕੇ ਇਸ ਮਾਮਲੇ ਬਾਰੇ ਬਜ਼ੁਰਗਾਂ ਨੂੰ ਦੱਸਾਂਗੇ। ਅਸੀਂ ਚਾਹੁੰਦੇ ਹਾਂ ਕਿ ਉਸ ਭੈਣ ਜਾਂ ਭਰਾ ਨੂੰ ਜਲਦੀ ਤੋਂ ਜਲਦੀ ਮਦਦ ਮਿਲ ਸਕੇ ਜਿਸ ਦਾ ਯਹੋਵਾਹ ਨਾਲ ਰਿਸ਼ਤਾ ਖ਼ਰਾਬ ਹੋ ਗਿਆ ਹੈ।​—ਯਾਕੂ. 5:14, 15.

15 ਜਿਹੜੇ ਭੈਣ-ਭਰਾ ਗੰਭੀਰ ਪਾਪ ਕਰਦੇ ਹਨ, ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਸ਼ਾਇਦ ਮੰਡਲੀ ਵਿੱਚੋਂ ਕੱਢ ਦਿੱਤਾ ਜਾਵੇ। ਜਦੋਂ ਇੱਦਾਂ ਹੁੰਦਾ ਹੈ, ਤਾਂ ਅਸੀਂ ਉਨ੍ਹਾਂ ਨਾਲ ‘ਸੰਗਤ ਕਰਨੀ ਛੱਡ’ ਦਿੰਦੇ ਹਾਂ। d (1 ਕੁਰਿੰ. 5:9-13) ਇਸ ਪ੍ਰਬੰਧ ਕਰਕੇ ਮੰਡਲੀ ਸ਼ੁੱਧ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ, ਜਦੋਂ ਯਹੋਵਾਹ ਦਾ ਕਹਿਣਾ ਮੰਨਦਿਆਂ ਅਸੀਂ ਉਨ੍ਹਾਂ ਨਾਲ ਸੰਗਤ ਨਹੀਂ ਕਰਦੇ, ਤਾਂ ਸ਼ਾਇਦ ਉਨ੍ਹਾਂ ਦੀ ਅਕਲ ਟਿਕਾਣੇ ਆ ਜਾਵੇ ਅਤੇ ਉਹ ਯਹੋਵਾਹ ਵੱਲ ਮੁੜ ਆਉਣ। ਇੱਦਾਂ ਕਰਕੇ ਅਸੀਂ ਉਨ੍ਹਾਂ ਲਈ ਪਿਆਰ ਦਿਖਾਉਂਦੇ ਹਾਂ। ਨਾਲੇ ਜਦੋਂ ਉਹ ਵਾਪਸ ਆਉਂਦੇ ਹਨ, ਤਾਂ ਅਸੀਂ ਯਹੋਵਾਹ ਅਤੇ ਦੂਤਾਂ ਨਾਲ ਮਿਲ ਕੇ ਖ਼ੁਸ਼ੀ ਮਨਾਉਂਦੇ ਹਾਂ।​—ਲੂਕਾ 15:7.

ਜੇ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਭੈਣ ਜਾਂ ਭਰਾ ਨੇ ਕੋਈ ਗੰਭੀਰ ਪਾਪ ਕੀਤਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? (ਪੈਰਾ 14 ਦੇਖੋ) e


16. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦੂਤਾਂ ਦੀ ਰੀਸ ਕਰ ਸਕਦੇ ਹਾਂ?

16 ਇਹ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ ਕਿ ਯਹੋਵਾਹ ਨੇ ਸਾਨੂੰ ਦੂਤਾਂ ਬਾਰੇ ਜਾਣਨ ਅਤੇ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਦਿੱਤਾ ਹੈ! ਆਓ ਆਪਾਂ ਉਨ੍ਹਾਂ ਦੇ ਚੰਗੇ ਗੁਣਾਂ ਦੀ ਰੀਸ ਕਰੀਏ। ਉਨ੍ਹਾਂ ਵਾਂਗ ਨਿਮਰ ਬਣੀਏ, ਲੋਕਾਂ ਨਾਲ ਪਿਆਰ ਕਰੀਏ, ਧੀਰਜ ਰੱਖੀਏ ਅਤੇ ਮੰਡਲੀ ਦੀ ਸ਼ੁੱਧਤਾ ਨੂੰ ਬਣਾਈ ਰੱਖੀਏ। ਵਫ਼ਾਦਾਰ ਦੂਤਾਂ ਦੀ ਰੀਸ ਕਰ ਕੇ ਅਸੀਂ ਵੀ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣੇ ਰਹਿ ਸਕਦੇ ਹਾਂ।

ਗੀਤ 123 ਯਹੋਵਾਹ ਦੇ ਅਧੀਨ ਰਹੋ

a ਭਾਵੇਂ ਕਿ ਸਵਰਗ ਵਿਚ ਲੱਖਾਂ-ਕਰੋੜਾਂ ਦੂਤ ਹਨ, ਪਰ ਬਾਈਬਲ ਵਿਚ ਸਿਰਫ਼ ਦੋ ਦੂਤਾਂ ਦੇ ਨਾਂ ਹੀ ਦੱਸੇ ਗਏ ਹਨ। ਉਹ ਹਨ, ਮੀਕਾਏਲ ਅਤੇ ਜਬਰਾਏਲ।​—ਦਾਨੀ. 12:1; ਲੂਕਾ 1:19.

b ਪਹਿਰਾਬੁਰਜ 2017 ਨੰ. 5 ਦੇ ਸਫ਼ਾ 3 (ਹਿੰਦੀ) ਅਤੇ ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’ ਕਿਤਾਬ ਦੇ ਅਧਿਆਇ 7, ਸਫ਼ਾ 59 ʼਤੇ ਪੈਰਾ 17 ਵਿਚ ਦਿੱਤੇ ਤਜਰਬੇ ਦੇਖੋ। ਸਾਡੇ ਪ੍ਰਕਾਸ਼ਨਾਂ ਵਿਚ ਇਸ ਤਰ੍ਹਾਂ ਦੇ ਹੋਰ ਵੀ ਤਜਰਬੇ ਹਨ, ਤੁਸੀਂ ਉਨ੍ਹਾਂ ਨੂੰ ਵੀ ਪੜ੍ਹ ਸਕਦੇ ਹੋ।

c ਨਾਂ ਬਦਲਿਆ ਗਿਆ ਹੈ।

d ਜਿੱਦਾਂ 2024 ਪ੍ਰਬੰਧਕ ਸਭਾ ਵੱਲੋਂ ਅਪਡੇਟ#2 ਵਿਚ ਸਮਝਾਇਆ ਗਿਆ ਸੀ ਕਿ ਜੇ ਉਹ ਵਿਅਕਤੀ ਸਭਾ ਵਿਚ ਆਉਂਦਾ ਹੈ ਜਿਸ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਸੀ, ਤਾਂ ਇਕ ਪ੍ਰਚਾਰਕ ਬਾਈਬਲ ਦੁਆਰਾ ਸਿਖਾਈ ਆਪਣੀ ਜ਼ਮੀਰ ਅਨੁਸਾਰ ਫ਼ੈਸਲਾ ਕਰ ਸਕਦਾ ਹੈ ਕਿ ਉਹ ਉਸ ਵਿਅਕਤੀ ਨੂੰ ਦੁਆ-ਸਲਾਮ ਕਰੇਗਾ ਜਾਂ ਨਹੀਂ।

e ਤਸਵੀਰਾਂ ਬਾਰੇ ਜਾਣਕਾਰੀ​—: ਇਕ ਭੈਣ ਆਪਣੀ ਸਹੇਲੀ ਨੂੰ ਕਹਿੰਦੀ ਹੈ ਕਿ ਉਹ ਜਾ ਕੇ ਬਜ਼ੁਰਗਾਂ ਨਾਲ ਗੱਲ ਕਰੇ। ਪਰ ਕੁਝ ਸਮਾਂ ਬੀਤਣ ਤੋਂ ਬਾਅਦ ਵੀ ਜਦੋਂ ਉਹ ਇੱਦਾਂ ਨਹੀਂ ਕਰਦੀ, ਤਾਂ ਉਹ ਭੈਣ ਸਾਰਾ ਕੁਝ ਬਜ਼ੁਰਗਾਂ ਨੂੰ ਦੱਸ ਦਿੰਦੀ ਹੈ।