Skip to content

Skip to table of contents

ਅਧਿਐਨ ਲੇਖ 22

ਗੀਤ 15 ਯਹੋਵਾਹ ਦੇ ਜੇਠੇ ਦੀ ਤਾਰੀਫ਼ ਕਰੋ!

ਯਿਸੂ ਲਈ ਯਹੋਵਾਹ ਦਾ ਨਾਂ ਕਿੰਨਾ ਕੁ ਮਾਅਨੇ ਰੱਖਦਾ ਹੈ?

ਯਿਸੂ ਲਈ ਯਹੋਵਾਹ ਦਾ ਨਾਂ ਕਿੰਨਾ ਕੁ ਮਾਅਨੇ ਰੱਖਦਾ ਹੈ?

“ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ ਅਤੇ ਦੱਸਦਾ ਰਹਾਂਗਾ।”​—ਯੂਹੰ. 17:26.

ਕੀ ਸਿੱਖਾਂਗੇ?

ਜਦੋਂ ਯਿਸੂ ਨੇ ਕਿਹਾ ਕਿ ਉਸ ਨੇ ਲੋਕਾਂ ਨੂੰ ਯਹੋਵਾਹ ਦਾ ਨਾਂ ਦੱਸਿਆ, ਤਾਂ ਉਸ ਦੇ ਕਹਿਣ ਦਾ ਕੀ ਮਤਲਬ ਸੀ? ਨਾਲੇ ਉਸ ਨੇ ਕਿਵੇਂ ਯਹੋਵਾਹ ਦਾ ਨਾਂ ਪਵਿੱਤਰ ਕੀਤਾ ਅਤੇ ਉਸ ʼਤੇ ਲੱਗੇ ਦੋਸ਼ਾਂ ਨੂੰ ਝੂਠਾ ਸਾਬਤ ਕੀਤਾ।

1-2. (ੳ) ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਕੀ ਕੀਤਾ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ?

 ਇਹ ਵੀਰਵਾਰ 14 ਨੀਸਾਨ 33 ਈਸਵੀ ਦੀ ਗੱਲ ਹੈ। ਰਾਤ ਕਾਫ਼ੀ ਹੋ ਚੁੱਕੀ ਹੈ। ਯਿਸੂ ਆਪਣੇ ਵਫ਼ਾਦਾਰ ਰਸੂਲਾਂ ਨਾਲ ਇਕ ਚੁਬਾਰੇ ਵਿਚ ਹੈ ਅਤੇ ਉਨ੍ਹਾਂ ਨੇ ਹੁਣੇ-ਹੁਣੇ ਖ਼ਾਸ ਭੋਜਨ ਖਾਧਾ ਹੈ ਜਿਸ ਨੂੰ “ਪ੍ਰਭੂ ਦਾ ਸ਼ਾਮ ਦਾ ਭੋਜਨ” ਕਿਹਾ ਜਾਂਦਾ ਹੈ। ਯਿਸੂ ਜਾਣਦਾ ਹੈ ਕਿ ਬਹੁਤ ਜਲਦੀ ਉਸ ਨੂੰ ਧੋਖੇ ਨਾਲ ਫੜਵਾਇਆ ਜਾਵੇਗਾ, ਉਸ ʼਤੇ ਮੁਕੱਦਮਾ ਚਲਾ ਕੇ ਉਸ ਨੂੰ ਸਜ਼ਾ ਸੁਣਾਈ ਜਾਵੇਗੀ ਅਤੇ ਫਿਰ ਉਸ ਨੂੰ ਤੜਫਾ-ਤੜਫਾ ਕੇ ਮਾਰ ਦਿੱਤਾ ਜਾਵੇਗਾ। ਇਸ ਕਰਕੇ ਉਹ ਆਪਣੇ ਚੇਲਿਆਂ ਨੂੰ ਹੌਸਲਾ ਦਿੰਦਾ ਹੈ। ਫਿਰ ਉੱਥੋਂ ਜਾਣ ਤੋਂ ਪਹਿਲਾਂ ਉਹ ਉਨ੍ਹਾਂ ਨਾਲ ਮਿਲ ਕੇ ਪ੍ਰਾਰਥਨਾ ਕਰਦਾ ਹੈ। ਅੱਗੇ ਚੱਲ ਕੇ ਯੂਹੰਨਾ ਰਸੂਲ ਨੇ ਇਸ ਪ੍ਰਾਰਥਨਾ ਨੂੰ ਆਪਣੀ ਇੰਜੀਲ ਵਿਚ ਲਿਖਿਆ। ਇਹ ਪ੍ਰਾਰਥਨਾ ਯੂਹੰਨਾ ਅਧਿਆਇ 17 ਵਿਚ ਦਰਜ ਹੈ।

2 ਇਸ ਲੇਖ ਵਿਚ ਅਸੀਂ ਇਸੇ ਪ੍ਰਾਰਥਨਾ ʼਤੇ ਧਿਆਨ ਦੇਵਾਂਗੇ ਅਤੇ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ: ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੂੰ ਕਿਸ ਗੱਲ ਦੀ ਚਿੰਤਾ ਸੀ? ਧਰਤੀ ʼਤੇ ਰਹਿੰਦਿਆਂ ਯਿਸੂ ਲਈ ਕਿਹੜੀ ਗੱਲ ਸਭ ਤੋਂ ਜ਼ਿਆਦਾ ਮਾਅਨੇ ਰੱਖਦੀ ਸੀ?

“ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ”

3. ਯਿਸੂ ਨੇ ਆਪਣੀ ਪ੍ਰਾਰਥਨਾ ਵਿਚ ਕੀ ਕਿਹਾ ਅਤੇ ਉਸ ਦੇ ਕਹਿਣ ਦਾ ਕੀ ਮਤਲਬ ਸੀ? (ਯੂਹੰਨਾ 17:6, 26)

3 ਯਿਸੂ ਨੇ ਆਪਣੀ ਪ੍ਰਾਰਥਨਾ ਵਿਚ ਕਿਹਾ: “ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ।” ਉਸ ਨੇ ਦੋ ਵਾਰ ਕਿਹਾ ਕਿ ਉਸ ਨੇ ਆਪਣੇ ਚੇਲਿਆਂ ਨੂੰ ਯਹੋਵਾਹ ਦਾ ਨਾਂ ਦੱਸਿਆ ਹੈ। (ਯੂਹੰਨਾ 17:6, 26 ਪੜ੍ਹੋ।) ਉਸ ਦੇ ਕਹਿਣ ਦਾ ਕੀ ਮਤਲਬ ਸੀ? ਕੀ ਉਸ ਦੇ ਚੇਲੇ ਪਰਮੇਸ਼ੁਰ ਦਾ ਨਾਂ ਨਹੀਂ ਜਾਣਦੇ ਸਨ? ਯਿਸੂ ਦੇ ਚੇਲੇ ਯਹੂਦੀ ਸਨ ਅਤੇ ਜਾਣਦੇ ਸਨ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। ਨਾਲੇ ਇਹ ਨਾਂ ਇਬਰਾਨੀ ਲਿਖਤਾਂ ਵਿਚ ਹਜ਼ਾਰਾਂ ਵਾਰ ਆਇਆ ਸੀ। ਸੋ ਜਦੋਂ ਯਿਸੂ ਨੇ ਕਿਹਾ ਕਿ “ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ,” ਤਾਂ ਅਸਲ ਵਿਚ ਉਹ ਕਹਿ ਰਿਹਾ ਸੀ ਕਿ ਉਸ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ, ਉਸ ਵਿਚ ਕਿਹੜੇ-ਕਿਹੜੇ ਗੁਣ ਹਨ, ਉਸ ਨੇ ਧਰਤੀ ਅਤੇ ਇਨਸਾਨਾਂ ਲਈ ਕੀ ਮਕਸਦ ਰੱਖਿਆ ਹੈ, ਉਸ ਨੇ ਕੀ ਕੁਝ ਕੀਤਾ ਹੈ ਤੇ ਉਹ ਭਵਿੱਖ ਵਿਚ ਕੀ ਕਰੇਗਾ? ਯਿਸੂ ਹੀ ਯਹੋਵਾਹ ਬਾਰੇ ਇਹ ਸਾਰੀਆਂ ਗੱਲਾਂ ਸਭ ਤੋਂ ਵਧੀਆ ਤਰੀਕੇ ਨਾਲ ਦੱਸ ਸਕਦਾ ਸੀ।

4-5. (ੳ) ਇਕ ਵਿਅਕਤੀ ਦਾ ਨਾਂ ਸਾਡੇ ਲਈ ਹੋਰ ਵੀ ਖ਼ਾਸ ਕਿਵੇਂ ਬਣ ਜਾਂਦਾ ਹੈ? ਇਕ ਮਿਸਾਲ ਦਿਓ। (ਅ) ਯਿਸੂ ਦੇ ਚੇਲਿਆਂ ਲਈ ਯਹੋਵਾਹ ਦਾ ਨਾਂ ਖ਼ਾਸ ਕਿਵੇਂ ਬਣ ਗਿਆ?

4 ਮੰਨ ਲਓ ਕਿ ਤੁਹਾਡੀ ਮੰਡਲੀ ਵਿਚ ਡੇਵਿਡ ਨਾਂ ਦਾ ਇਕ ਬਜ਼ੁਰਗ ਹੈ ਜੋ ਇਕ ਬਹੁਤ ਵੱਡਾ ਡਾਕਟਰ ਵੀ ਹੈ। ਤੁਸੀਂ ਉਸ ਨੂੰ ਕਈ ਸਾਲਾਂ ਤੋਂ ਜਾਣਦੇ ਹੋ। ਇਕ ਦਿਨ ਅਚਾਨਕ ਤੁਹਾਡੀ ਸਿਹਤ ਖ਼ਰਾਬ ਹੋ ਜਾਂਦੀ ਹੈ ਅਤੇ ਤੁਹਾਨੂੰ ਉਸੇ ਹਸਪਤਾਲ ਵਿਚ ਲਿਜਾਇਆ ਜਾਂਦਾ ਹੈ ਜਿੱਥੇ ਉਹ ਬਜ਼ੁਰਗ ਕੰਮ ਕਰਦਾ ਹੈ। ਉਹ ਤੁਹਾਡਾ ਇਲਾਜ ਕਰਦਾ ਹੈ ਅਤੇ ਤੁਹਾਡੀ ਜਾਨ ਬਚਾ ਲੈਂਦਾ ਹੈ। ਇਸ ਤੋਂ ਬਾਅਦ ਤੁਸੀਂ ਜਦੋਂ ਵੀ ਉਸ ਭਰਾ ਦਾ ਨਾਂ ਸੁਣੋਗੇ, ਤਾਂ ਤੁਹਾਡੇ ਮਨ ਵਿਚ ਕੀ ਆਵੇਗਾ? ਤੁਸੀਂ ਸਿਰਫ਼ ਇਹੀ ਨਹੀਂ ਸੋਚੋਗੇ ਕਿ ਭਰਾ ਡੇਵਿਡ ਤੁਹਾਡੀ ਮੰਡਲੀ ਦਾ ਇਕ ਬਜ਼ੁਰਗ ਹੈ, ਸਗੋਂ ਇਹ ਵੀ ਸੋਚੋਗੇ ਕਿ ਉਹ ਕਿੰਨਾ ਵਧੀਆ ਡਾਕਟਰ ਹੈ ਜਿਸ ਨੇ ਤੁਹਾਡੀ ਜਾਨ ਬਚਾਈ ਸੀ।

5 ਉਸੇ ਤਰ੍ਹਾਂ ਯਿਸੂ ਦੇ ਚੇਲੇ ਪਰਮੇਸ਼ੁਰ ਦਾ ਨਾਂ ਪਹਿਲਾਂ ਤੋਂ ਹੀ ਜਾਣਦੇ ਸਨ। ਪਰ ਜਦੋਂ ਯਿਸੂ ਨੇ ਧਰਤੀ ʼਤੇ ਆ ਕੇ ਸੇਵਾ ਕੀਤੀ, ਤਾਂ ਉਸ ਦੇ ਚੇਲਿਆਂ ਲਈ ਯਹੋਵਾਹ ਦਾ ਨਾਂ ਹੋਰ ਵੀ ਖ਼ਾਸ ਬਣ ਗਿਆ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਹੈ। ਇਸ ਲਈ ਉਸ ਦੀ ਕਹਿਣੀ ਤੇ ਕਰਨੀ ਤੋਂ ਉਸ ਦੇ ਚੇਲੇ ਸਾਫ਼ ਦੇਖ ਸਕੇ ਕਿ ਉਸ ਦਾ ਪਿਤਾ ਕਿਹੋ ਜਿਹਾ ਹੈ। ਜੀ ਹਾਂ, ਯਿਸੂ ਦੇ ਸਿਖਾਉਣ ਅਤੇ ਲੋਕਾਂ ਨਾਲ ਉਸ ਦੇ ਪੇਸ਼ ਆਉਣ ਦੇ ਤਰੀਕੇ ਤੋਂ ਚੇਲੇ ਯਹੋਵਾਹ ਨੂੰ ਚੰਗੀ ਤਰ੍ਹਾਂ ‘ਜਾਣ’ ਸਕੇ।​—ਯੂਹੰ. 14:9; 17:3.

“ਆਪਣੇ ਨਾਂ ਦੀ ਖ਼ਾਤਰ, ਜੋ ਨਾਂ ਤੂੰ ਮੈਨੂੰ ਦਿੱਤਾ ਹੈ”

6. ਜਦੋਂ ਯਿਸੂ ਨੇ ਕਿਹਾ ਕਿ ਯਹੋਵਾਹ ਨੇ ਉਸ ਨੂੰ ‘ਆਪਣਾ ਨਾਂ ਦਿੱਤਾ ਹੈ,’ ਤਾਂ ਉਸ ਦੇ ਕਹਿਣ ਦਾ ਕੀ ਮਤਲਬ ਸੀ? (ਯੂਹੰਨਾ 17:11, 12)

6 ਆਪਣੇ ਚੇਲਿਆਂ ਲਈ ਯਿਸੂ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਕੀਤੀ: “ਆਪਣੇ ਨਾਂ ਦੀ ਖ਼ਾਤਰ, ਜੋ ਨਾਂ ਤੂੰ ਮੈਨੂੰ ਦਿੱਤਾ ਹੈ, ਉਨ੍ਹਾਂ ਦੀ ਰੱਖਿਆ ਕਰ।” (ਯੂਹੰਨਾ 17:11, 12 ਪੜ੍ਹੋ।) ਸੋ ਜਦੋਂ ਯਿਸੂ ਨੇ ਕਿਹਾ ਕਿ ਯਹੋਵਾਹ ਨੇ ਉਸ ਨੂੰ ‘ਆਪਣਾ ਨਾਂ ਦਿੱਤਾ ਹੈ,’ ਤਾਂ ਕੀ ਉਸ ਦੇ ਕਹਿਣ ਦਾ ਇਹ ਮਤਲਬ ਸੀ ਕਿ ਉਸ ਨੂੰ ਯਹੋਵਾਹ ਬੁਲਾਇਆ ਜਾਵੇਗਾ? ਜੀ ਨਹੀਂ। ਜ਼ਰਾ ਗੌਰ ਕਰੋ ਕਿ ਯਿਸੂ ਨੇ ਯਹੋਵਾਹ ਨੂੰ ਕਿਹਾ ਕਿ ਉਹ “ਆਪਣੇ ਨਾਂ ਦੀ ਖ਼ਾਤਰ” ਇਸ ਤਰ੍ਹਾਂ ਕਰੇ। ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਦਾ ਨਾਂ ਬਦਲ ਕੇ ਯਹੋਵਾਹ ਨਹੀਂ ਹੋ ਗਿਆ ਸੀ। ਤਾਂ ਫਿਰ ਯਿਸੂ ਦੇ ਕਹਿਣ ਦਾ ਕੀ ਮਤਲਬ ਸੀ ਕਿ ਪਰਮੇਸ਼ੁਰ ਨੇ ਉਸ ਨੂੰ ਆਪਣਾ ਨਾਂ ਦਿੱਤਾ ਹੈ? ਇਕ ਤਾਂ ਇਹ ਕਿ ਉਹ ਯਹੋਵਾਹ ਦਾ ਨੁਮਾਇੰਦਾ ਸੀ ਅਤੇ ਉਸ ਵੱਲੋਂ ਗੱਲ ਕਰਦਾ ਸੀ। ਉਹ ਆਪਣੇ ਪਿਤਾ ਦੇ ਨਾਂ ʼਤੇ ਆਇਆ ਸੀ ਅਤੇ ਉਸ ਨੇ ਉਸ ਦੇ ਨਾਂ ʼਤੇ ਵੱਡੇ-ਵੱਡੇ ਚਮਤਕਾਰ ਕੀਤੇ ਸਨ। (ਯੂਹੰ. 5:43; 10:25) ਇਸ ਤੋਂ ਇਲਾਵਾ, ਯਿਸੂ ਦੇ ਨਾਂ ਦਾ ਮਤਲਬ ਹੈ, “ਯਹੋਵਾਹ ਮੁਕਤੀ ਹੈ।” ਜੀ ਹਾਂ, ਉਸ ਦੇ ਨਾਂ ਦੇ ਮਤਲਬ ਵਿਚ ਯਹੋਵਾਹ ਦਾ ਨਾਂ ਹੈ। ਇਸ ਲਈ ਉਸ ਨੇ ਕਿਹਾ ਕਿ ਪਿਤਾ ਨੇ ਉਸ ਨੂੰ ਆਪਣਾ ਨਾਂ ਦਿੱਤਾ ਹੈ।

7. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਯਹੋਵਾਹ ਵੱਲੋਂ ਗੱਲ ਕਰਦਾ ਸੀ? ਇਕ ਉਦਾਹਰਣ ਦਿਓ।

7 ਇਸ ਗੱਲ ਨੂੰ ਸਮਝਣ ਲਈ ਕਿ ਯਿਸੂ ਯਹੋਵਾਹ ਵੱਲੋਂ ਗੱਲ ਕਰਦਾ ਸੀ, ਜ਼ਰਾ ਇਸ ਉਦਾਹਰਣ ʼਤੇ ਗੌਰ ਕਰੋ। ਇਕ ਰਾਜਦੂਤ ਆਪਣੇ ਦੇਸ਼ ਦੇ ਰਾਸ਼ਟਰਪਤੀ ਦਾ ਨੁਮਾਇੰਦਾ ਹੁੰਦਾ ਹੈ। ਉਹ ਉਸ ਦੇ ਨਾਂ ʼਤੇ ਆਉਂਦਾ ਹੈ ਅਤੇ ਉਸ ਵੱਲੋਂ ਗੱਲ ਕਰਦਾ ਹੈ। ਜਦੋਂ ਉਹ ਕੋਈ ਗੱਲ ਕਹਿੰਦਾ ਹੈ, ਤਾਂ ਇਹ ਇੱਦਾਂ ਹੈ ਜਿੱਦਾਂ ਰਾਸ਼ਟਰਪਤੀ ਨੇ ਉਹ ਗੱਲ ਕਹੀ ਹੋਵੇ। ਉਸੇ ਤਰ੍ਹਾਂ ਯਿਸੂ ਯਹੋਵਾਹ ਦਾ ਨੁਮਾਇੰਦਾ ਸੀ ਅਤੇ ਉਸ ਦੇ ਨਾਂ ʼਤੇ ਆਇਆ ਸੀ। ਇਸ ਲਈ ਉਹ ਜੋ ਵੀ ਗੱਲ ਕਹਿੰਦਾ ਸੀ, ਉਹ ਇੱਦਾਂ ਸੀ ਜਿੱਦਾਂ ਉਹ ਆਪਣੇ ਪਿਤਾ ਵੱਲੋਂ ਗੱਲ ਕਰ ਰਿਹਾ ਹੋਵੇ।​—ਮੱਤੀ 21:9; ਲੂਕਾ 13:35.

8. ਯਿਸੂ ਦੇ ਧਰਤੀ ʼਤੇ ਆਉਣ ਤੋਂ ਪਹਿਲਾਂ ਯਹੋਵਾਹ ਨੇ ਇੱਦਾਂ ਕਿਉਂ ਕਿਹਾ ਸੀ ਕਿ ਯਿਸੂ “ਮੇਰੇ ਨਾਂ ʼਤੇ ਆਉਂਦਾ ਹੈ”? (ਕੂਚ 23:20, 21)

8 ਯਿਸੂ ਆਪਣੇ ਪਿਤਾ ਯਹੋਵਾਹ ਵੱਲੋਂ ਗੱਲ ਕਰਦਾ ਸੀ। ਇਸ ਲਈ ਉਸ ਨੂੰ “ਸ਼ਬਦ” ਵੀ ਕਿਹਾ ਗਿਆ ਹੈ। ਉਹ ਦੂਤਾਂ ਤੇ ਇਨਸਾਨਾਂ ਤਕ ਯਹੋਵਾਹ ਦਾ ਸੰਦੇਸ਼ ਪਹੁੰਚਾਉਂਦਾ ਸੀ ਅਤੇ ਉਸ ਦੀਆਂ ਹਿਦਾਇਤਾਂ ਦਿੰਦਾ ਸੀ। (ਯੂਹੰ. 1:1-3) ਇੱਦਾਂ ਲੱਗਦਾ ਹੈ ਕਿ ਉਜਾੜ ਵਿਚ ਯਹੋਵਾਹ ਨੇ ਇਜ਼ਰਾਈਲੀਆਂ ਦੀ ਹਿਫਾਜ਼ਤ ਕਰਨ ਲਈ ਜਿਸ ਦੂਤ ਨੂੰ ਭੇਜਿਆ ਸੀ, ਉਹ ਯਿਸੂ ਹੀ ਸੀ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਦੂਤ ਦਾ ਕਹਿਣਾ ਮੰਨਣ ਲਈ ਕਿਹਾ। ਕਿਉਂ? ਯਹੋਵਾਹ ਨੇ ਕਿਹਾ: “ਕਿਉਂਕਿ ਉਹ ਮੇਰੇ ਨਾਂ ʼਤੇ ਆਉਂਦਾ ਹੈ।” a (ਕੂਚ 23:20, 21 ਪੜ੍ਹੋ।) ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ‘ਯਹੋਵਾਹ ਦੇ ਨਾਂ ਉੱਤੇ’ ਯਾਨੀ ਉਸ ਵੱਲੋਂ ਗੱਲ ਕਰਦਾ ਸੀ। ਨਾਲੇ ਯਿਸੂ ਨੇ ਉਸ ਦਾ ਨਾਂ ਪਵਿੱਤਰ ਕਰਨ ਅਤੇ ਉਸ ਦੇ ਨਾਂ ʼਤੇ ਲੱਗੇ ਦੋਸ਼ਾਂ ਨੂੰ ਝੂਠਾ ਸਾਬਤ ਕਰਨ ਵਿਚ ਸਭ ਤੋਂ ਅਹਿਮ ਭੂਮਿਕਾ ਨਿਭਾਈ।

“ਹੇ ਪਿਤਾ, ਆਪਣੇ ਨਾਂ ਦੀ ਮਹਿਮਾ ਕਰ”

9. ਯਿਸੂ ਲਈ ਯਹੋਵਾਹ ਦਾ ਨਾਂ ਕਿੰਨਾ ਮਾਅਨੇ ਰੱਖਦਾ ਸੀ ਅਤੇ ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ?

9 ਜਿੱਦਾਂ ਅਸੀਂ ਦੇਖਿਆ ਕਿ ਧਰਤੀ ʼਤੇ ਆਉਣ ਤੋਂ ਪਹਿਲਾਂ ਵੀ ਯਿਸੂ ਲਈ ਯਹੋਵਾਹ ਦਾ ਨਾਂ ਬਹੁਤ ਮਾਅਨੇ ਰੱਖਦਾ ਸੀ। ਧਰਤੀ ʼਤੇ ਹੁੰਦਿਆਂ ਵੀ ਯਿਸੂ ਨੇ ਆਪਣੇ ਕੰਮਾਂ ਰਾਹੀਂ ਦਿਖਾਇਆ ਕਿ ਉਸ ਲਈ ਯਹੋਵਾਹ ਦਾ ਨਾਂ ਕਿੰਨਾ ਮਾਅਨੇ ਰੱਖਦਾ ਸੀ! ਆਪਣੀ ਸੇਵਕਾਈ ਦੇ ਅਖ਼ੀਰ ਵਿਚ ਯਿਸੂ ਨੇ ਕਿਹਾ: “ਹੇ ਪਿਤਾ, ਆਪਣੇ ਨਾਂ ਦੀ ਮਹਿਮਾ ਕਰ।” ਉਸੇ ਵੇਲੇ ਯਹੋਵਾਹ ਨੇ ਸਵਰਗ ਤੋਂ ਉੱਚੀ ਆਵਾਜ਼ ਵਿਚ ਕਿਹਾ: “ਮੈਂ ਇਸ ਦੀ ਮਹਿਮਾ ਕੀਤੀ ਹੈ ਅਤੇ ਦੁਬਾਰਾ ਕਰਾਂਗਾ।”​—ਯੂਹੰ. 12:28.

10-11. (ੳ) ਯਿਸੂ ਨੇ ਕਿਵੇਂ ਯਹੋਵਾਹ ਦੇ ਨਾਂ ਦੀ ਮਹਿਮਾ ਕੀਤੀ? (ਤਸਵੀਰ ਵੀ ਦੇਖੋ।) (ਅ) ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨ ਅਤੇ ਉਸ ʼਤੇ ਲੱਗੇ ਦੋਸ਼ਾਂ ਨੂੰ ਝੂਠਾ ਸਾਬਤ ਕਰਨ ਦੀ ਕਿਉਂ ਲੋੜ ਸੀ?

10 ਯਿਸੂ ਨੇ ਵੀ ਆਪਣੇ ਪਿਤਾ ਦੇ ਨਾਂ ਦੀ ਮਹਿਮਾ ਕੀਤੀ। ਕਿਵੇਂ? ਉਸ ਨੇ ਦੂਜਿਆਂ ਨੂੰ ਦੱਸਿਆ ਕਿ ਉਸ ਦੇ ਪਿਤਾ ਵਿਚ ਕਿੰਨੇ ਸ਼ਾਨਦਾਰ ਗੁਣ ਹਨ ਅਤੇ ਉਸ ਨੇ ਇਨਸਾਨਾਂ ਲਈ ਕਿੰਨੇ ਲਾਜਵਾਬ ਕੰਮ ਕੀਤੇ ਹਨ! ਪਰ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਲਈ ਇਹ ਵੀ ਜ਼ਰੂਰੀ ਸੀ ਕਿ ਉਸ ਦਾ ਨਾਂ ਪਵਿੱਤਰ ਕੀਤਾ ਜਾਵੇ ਅਤੇ ਉਸ ʼਤੇ ਲੱਗੇ ਦੋਸ਼ ਮਿਟਾਏ ਜਾਣ। ਯਿਸੂ ਲਈ ਇਹ ਗੱਲ ਕਿੰਨੀ ਮਾਅਨੇ ਰੱਖਦੀ ਸੀ, ਇਹ ਸਾਨੂੰ ਉਸ ਪ੍ਰਾਰਥਨਾ ਤੋਂ ਪਤਾ ਲੱਗਦੀ ਹੈ ਜੋ ਉਸ ਨੇ ਆਪਣੇ ਚੇਲਿਆਂ ਨੂੰ ਕਰਨੀ ਸਿਖਾਈ ਸੀ। ਉਸ ਨੇ ਕਿਹਾ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।”​—ਮੱਤੀ 6:9.

11 ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨ ਅਤੇ ਉਸ ʼਤੇ ਲੱਗੇ ਦੋਸ਼ਾਂ ਨੂੰ ਝੂਠਾ ਸਾਬਤ ਕਰਨ ਦੀ ਕਿਉਂ ਲੋੜ ਸੀ? ਕਿਉਂਕਿ ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਯਹੋਵਾਹ ਪਰਮੇਸ਼ੁਰ ਦਾ ਅਪਮਾਨ ਕੀਤਾ ਸੀ ਅਤੇ ਉਸ ʼਤੇ ਝੂਠੇ ਦੋਸ਼ ਲਾਏ ਸਨ। ਉਸ ਨੇ ਦਾਅਵਾ ਕੀਤਾ ਸੀ ਕਿ ਯਹੋਵਾਹ ਝੂਠਾ ਹੈ ਅਤੇ ਆਦਮ ਤੇ ਹੱਵਾਹ ਤੋਂ ਚੰਗੀਆਂ ਚੀਜ਼ਾਂ ਦੂਰ ਰੱਖਦਾ ਹੈ। (ਉਤ. 3:1-5) ਸ਼ੈਤਾਨ ਨੇ ਇਹ ਵੀ ਦਾਅਵਾ ਕੀਤਾ ਕਿ ਯਹੋਵਾਹ ਦਾ ਰਾਜ ਕਰਨ ਦਾ ਤਰੀਕਾ ਸਹੀ ਨਹੀਂ ਹੈ। ਇਸ ਤਰ੍ਹਾਂ ਉਸ ਨੇ ਯਹੋਵਾਹ ਨੂੰ ਬਦਨਾਮ ਕੀਤਾ। ਬਾਅਦ ਵਿਚ ਅੱਯੂਬ ਦੇ ਜ਼ਮਾਨੇ ਵਿਚ ਸ਼ੈਤਾਨ ਨੇ ਇਨਸਾਨਾਂ ʼਤੇ ਵੀ ਸਵਾਲ ਖੜ੍ਹਾ ਕੀਤਾ। ਉਸ ਨੇ ਦਾਅਵਾ ਕੀਤਾ ਕਿ ਇਨਸਾਨ ਸੁਆਰਥੀ ਹਨ। ਉਹ ਸਿਰਫ਼ ਆਪਣੇ ਫ਼ਾਇਦੇ ਲਈ ਹੀ ਯਹੋਵਾਹ ਦੀ ਸੇਵਾ ਕਰਦੇ ਹਨ। ਉਸ ਧੋਖੇਬਾਜ਼ ਨੇ ਤਾਂ ਇਹ ਵੀ ਦਾਅਵਾ ਕੀਤਾ ਕਿ ਇਨਸਾਨ ਯਹੋਵਾਹ ਨੂੰ ਪਿਆਰ ਨਹੀਂ ਕਰਦੇ। ਜੇ ਉਨ੍ਹਾਂ ʼਤੇ ਮੁਸ਼ਕਲਾਂ ਆਉਣ, ਤਾਂ ਉਹ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਣਗੇ। (ਅੱਯੂ. 1:9-11; 2:4) ਇਹ ਬਹੁਤ ਵੱਡਾ ਮਸਲਾ ਸੀ ਅਤੇ ਇਸ ਨੂੰ ਸਾਬਤ ਕਰਨ ਲਈ ਸਮੇਂ ਦੀ ਲੋੜ ਸੀ ਕਿ ਕੌਣ ਝੂਠਾ ਹੈ, ਸ਼ੈਤਾਨ ਜਾਂ ਯਹੋਵਾਹ।

ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਪਰਮੇਸ਼ੁਰ ਦਾ ਨਾਂ ਪਵਿੱਤਰ ਕੀਤਾ ਜਾਣਾ ਕਿੰਨਾ ਜ਼ਰੂਰੀ ਹੈ! (ਪੈਰਾ 10 ਦੇਖੋ)


“ਮੈਂ ਆਪਣੀ ਜਾਨ ਦਿੰਦਾ ਹਾਂ”

12. ਯਹੋਵਾਹ ਦੇ ਨਾਂ ਨਾਲ ਪਿਆਰ ਹੋਣ ਕਰਕੇ ਯਿਸੂ ਕੀ ਕਰਨ ਲਈ ਤਿਆਰ ਸੀ?

12 ਯਿਸੂ ਆਪਣੇ ਪਿਤਾ ਨਾਲ ਬਹੁਤ ਪਿਆਰ ਕਰਦਾ ਸੀ। ਇਸ ਕਰਕੇ ਉਹ ਹਰ ਹਾਲ ਵਿਚ ਆਪਣੇ ਪਿਤਾ ਦਾ ਨਾਂ ਪਵਿੱਤਰ ਕਰਨਾ ਅਤੇ ਉਸ ʼਤੇ ਲੱਗੇ ਦੋਸ਼ਾਂ ਨੂੰ ਝੂਠਾ ਸਾਬਤ ਕਰਨਾ ਚਾਹੁੰਦਾ ਸੀ। ਉਸ ਨੇ ਕਿਹਾ: “ਮੈਂ ਆਪਣੀ ਜਾਨ ਦਿੰਦਾ ਹਾਂ।” (ਯੂਹੰ. 10:17, 18) ਜੀ ਹਾਂ, ਉਹ ਯਹੋਵਾਹ ਦੇ ਨਾਂ ਦੀ ਖ਼ਾਤਰ ਆਪਣੀ ਜਾਨ ਤਕ ਦੇਣ ਲਈ ਤਿਆਰ ਸੀ। b ਆਦਮ ਤੇ ਹੱਵਾਹ ਮੁਕੰਮਲ ਸਨ, ਪਰ ਉਨ੍ਹਾਂ ਨੇ ਯਹੋਵਾਹ ਤੋਂ ਮੂੰਹ ਮੋੜ ਲਿਆ ਤੇ ਸ਼ੈਤਾਨ ਨਾਲ ਰਲ਼ ਗਏ। ਉਨ੍ਹਾਂ ਤੋਂ ਉਲਟ ਯਿਸੂ ਆਪਣੇ ਪਿਤਾ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਹ ਖ਼ੁਸ਼ੀ-ਖ਼ੁਸ਼ੀ ਧਰਤੀ ʼਤੇ ਆਇਆ ਅਤੇ ਉਸ ਨੇ ਹਮੇਸ਼ਾ ਯਹੋਵਾਹ ਦਾ ਕਹਿਣਾ ਮੰਨਿਆ। (ਇਬ. 4:15; 5:7-10) ਉਸ ਨੇ ਤਸੀਹੇ ਦੀ ਸੂਲ਼ੀ ʼਤੇ ਆਪਣੇ ਆਖ਼ਰੀ ਦਮ ਤਕ ਯਹੋਵਾਹ ਪ੍ਰਤੀ ਵਫ਼ਾਦਾਰੀ ਬਣਾਈ ਰੱਖੀ। (ਇਬ. 12:2) ਇਸ ਤਰ੍ਹਾਂ ਉਸ ਨੇ ਯਹੋਵਾਹ ਅਤੇ ਉਸ ਦੇ ਨਾਂ ਲਈ ਆਪਣਾ ਪਿਆਰ ਸਾਬਤ ਕੀਤਾ।

13. ਯਿਸੂ ਕਿਉਂ ਸਭ ਤੋਂ ਚੰਗੀ ਤਰ੍ਹਾਂ ਸਾਬਤ ਕਰ ਸਕਦਾ ਸੀ ਕਿ ਸ਼ੈਤਾਨ ਝੂਠਾ ਹੈ? (ਤਸਵੀਰ ਵੀ ਦੇਖੋ।)

13 ਯਿਸੂ ਨੇ ਆਪਣੇ ਜੀਉਣ ਦੇ ਤਰੀਕੇ ਤੋਂ ਸਾਬਤ ਕੀਤਾ ਕਿ ਸ਼ੈਤਾਨ ਝੂਠਾ ਹੈ, ਨਾ ਕਿ ਯਹੋਵਾਹ। (ਯੂਹੰ. 8:44) ਜਿੰਨੀ ਚੰਗੀ ਤਰ੍ਹਾਂ ਯਿਸੂ ਯਹੋਵਾਹ ਨੂੰ ਜਾਣਦਾ ਸੀ, ਉੱਨੀ ਚੰਗੀ ਤਰ੍ਹਾਂ ਹੋਰ ਕੋਈ ਨਹੀਂ ਜਾਣਦਾ। ਜੇ ਸ਼ੈਤਾਨ ਦੇ ਲਗਾਏ ਦੋਸ਼ਾਂ ਵਿਚ ਮਾੜੀ-ਮੋਟੀ ਵੀ ਸੱਚਾਈ ਹੁੰਦੀ, ਤਾਂ ਯਿਸੂ ਨੂੰ ਇਸ ਬਾਰੇ ਪਤਾ ਹੋਣਾ ਸੀ। ਉਹ ਜਾਣਦਾ ਸੀ ਕਿ ਸ਼ੈਤਾਨ ਦੇ ਦਾਅਵੇ ਸਰਾਸਰ ਝੂਠੇ ਹਨ। ਇਸ ਲਈ ਉਹ ਯਹੋਵਾਹ ਦੇ ਪੱਖ ਵਿਚ ਖੜ੍ਹਾ ਰਿਹਾ ਅਤੇ ਉਸ ਦੇ ਨਾਂ ਨੂੰ ਪਵਿੱਤਰ ਕਰਦਾ ਰਿਹਾ। ਤਸੀਹੇ ਦੀ ਸੂਲ਼ੀ ʼਤੇ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਉਸ ਨੂੰ ਛੱਡ ਦਿੱਤਾ ਹੈ, ਤਾਂ ਵੀ ਉਸ ਨੇ ਯਹੋਵਾਹ ਤੋਂ ਮੂੰਹ ਨਹੀਂ ਮੋੜਿਆ, ਸਗੋਂ ਉਹ ਆਖ਼ਰੀ ਦਮ ਤਕ ਯਹੋਵਾਹ ਦਾ ਵਫ਼ਾਦਾਰ ਰਿਹਾ।​—ਮੱਤੀ 27:46. c

ਯਿਸੂ ਨੇ ਆਪਣੇ ਜੀਉਣ ਦੇ ਤਰੀਕੇ ਤੋਂ ਸਾਬਤ ਕੀਤਾ ਕਿ ਸ਼ੈਤਾਨ ਝੂਠਾ ਹੈ, ਨਾ ਕਿ ਯਹੋਵਾਹ (ਪੈਰਾ 13 ਦੇਖੋ)


‘ਤੂੰ ਮੈਨੂੰ ਜੋ ਕੰਮ ਦਿੱਤਾ ਸੀ, ਮੈਂ ਉਹ ਕੰਮ ਪੂਰਾ ਕੀਤਾ ਹੈ’

14. ਯਹੋਵਾਹ ਨੇ ਯਿਸੂ ਦੀ ਵਫ਼ਾਦਾਰੀ ਦਾ ਕੀ ਇਨਾਮ ਦਿੱਤਾ?

14 ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਪ੍ਰਾਰਥਨਾ ਵਿਚ ਯਹੋਵਾਹ ਨੂੰ ਕਿਹਾ: ‘ਤੂੰ ਮੈਨੂੰ ਜੋ ਕੰਮ ਦਿੱਤਾ ਸੀ, ਮੈਂ ਉਹ ਕੰਮ ਪੂਰਾ ਕੀਤਾ ਹੈ।’ ਯਿਸੂ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਉਸ ਨੂੰ ਉਸ ਦੀ ਵਫ਼ਾਦਾਰੀ ਦਾ ਇਨਾਮ ਜ਼ਰੂਰ ਦੇਵੇਗਾ। (ਯੂਹੰ. 17:4, 5) ਨਾਲੇ ਯਹੋਵਾਹ ਨੇ ਇੱਦਾਂ ਕੀਤਾ ਵੀ। ਉਸ ਨੇ ਯਿਸੂ ਨੂੰ ਕਬਰ ਵਿਚ ਨਹੀਂ ਛੱਡਿਆ, ਸਗੋਂ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਅਤੇ ਸਵਰਗ ਵਿਚ ਪਹਿਲਾਂ ਨਾਲੋਂ ਜ਼ਿਆਦਾ ਉੱਚਾ ਰੁਤਬਾ ਦਿੱਤਾ। (ਰਸੂ. 2:23, 24; ਫ਼ਿਲਿ. 2:8, 9) ਸਮੇਂ ਦੇ ਬੀਤਣ ਨਾਲ ਯਿਸੂ ਨੇ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਹਕੂਮਤ ਕਰਨੀ ਸ਼ੁਰੂ ਕਰ ਦਿੱਤੀ। ਇਹ ਰਾਜ ਕੀ ਕਰੇਗਾ? ਯਿਸੂ ਨੇ ਆਪਣੇ ਚੇਲਿਆਂ ਨੂੰ ਜੋ ਪ੍ਰਾਰਥਨਾ ਕਰਨੀ ਸਿਖਾਈ ਸੀ, ਉਸ ਵਿਚ ਯਿਸੂ ਨੇ ਕਿਹਾ: “ਤੇਰਾ ਰਾਜ ਆਵੇ। ਤੇਰੀ [ਯਹੋਵਾਹ ਦੀ] ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।”​—ਮੱਤੀ 6:10.

15. ਯਿਸੂ ਭਵਿੱਖ ਵਿਚ ਕੀ ਕਰੇਗਾ?

15 ਭਵਿੱਖ ਵਿਚ ਯਿਸੂ ਆਰਮਾਗੇਡਨ ਦੇ ਯੁੱਧ ਵਿਚ ਪਰਮੇਸ਼ੁਰ ਦੇ ਦੁਸ਼ਮਣਾਂ ਨਾਲ ਲੜੇਗਾ ਅਤੇ ਦੁਸ਼ਟਾਂ ਦਾ ਨਾਸ਼ ਕਰ ਦੇਵੇਗਾ। (ਪ੍ਰਕਾ. 16:14, 16; 19:11-16) ਇਸ ਤੋਂ ਜਲਦੀ ਹੀ ਬਾਅਦ ਉਹ ਸ਼ੈਤਾਨ ਨੂੰ “ਅਥਾਹ ਕੁੰਡ” ਵਿਚ ਸੁੱਟ ਦੇਵੇਗਾ ਜਿੱਥੇ ਉਹ ਕੁਝ ਨਹੀਂ ਕਰ ਸਕੇਗਾ। (ਪ੍ਰਕਾ. 20:1-3) ਯਿਸੂ ਆਪਣੇ ਹਜ਼ਾਰ ਸਾਲ ਦੇ ਰਾਜ ਦੌਰਾਨ ਪੂਰੀ ਧਰਤੀ ʼਤੇ ਸ਼ਾਂਤੀ ਲਿਆਵੇਗਾ ਅਤੇ ਸਾਰੇ ਇਨਸਾਨਾਂ ਨੂੰ ਮੁਕੰਮਲ ਬਣਾ ਦੇਵੇਗਾ। ਉਹ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰੇਗਾ ਅਤੇ ਪੂਰੀ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾ ਦੇਵੇਗਾ। ਅਖ਼ੀਰ ਧਰਤੀ ਅਤੇ ਇਨਸਾਨਾਂ ਲਈ ਰੱਖਿਆ ਯਹੋਵਾਹ ਦਾ ਮਕਸਦ ਪੂਰਾ ਹੋ ਜਾਵੇਗਾ।​—ਪ੍ਰਕਾ. 21:1-4.

16. ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ?

16 ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ? ਉਸ ਵੇਲੇ ਤਕ ਪਾਪ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ ਹੋਵੇਗਾ। ਸਾਨੂੰ ਰਿਹਾਈ ਦੀ ਕੀਮਤ ਦੇ ਆਧਾਰ ʼਤੇ ਆਪਣੇ ਪਾਪਾਂ ਦੀ ਮਾਫ਼ੀ ਮੰਗਣ ਦੀ ਲੋੜ ਨਹੀਂ ਰਹੇਗੀ। ਸਾਨੂੰ ਨਾ ਤਾਂ ਵਿਚੋਲੇ ਦੀ ਲੋੜ ਰਹੇਗੀ ਅਤੇ ਨਾ ਹੀ ਪੁਜਾਰੀਆਂ ਦੀ। ਨਾਲੇ “ਆਖ਼ਰੀ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰ ਦਿੱਤਾ” ਜਾ ਚੁੱਕਾ ਹੋਵੇਗਾ ਜੋ ਸਾਨੂੰ ਆਦਮ ਤੋਂ ਮਿਲੀ ਸੀ। ਸਾਰੇ ਮਰੇ ਹੋਏ ਲੋਕ ਦੁਬਾਰਾ ਜੀਉਂਦੇ ਕੀਤੇ ਜਾ ਚੁੱਕੇ ਹੋਣਗੇ। ਸਾਰੀਆਂ ਕਬਰਾਂ ਖਾਲੀ ਹੋ ਚੁੱਕੀਆਂ ਹੋਣਗੀਆਂ। ਨਾਲੇ ਧਰਤੀ ʼਤੇ ਸਾਰੇ ਇਨਸਾਨ ਮੁਕੰਮਲ ਹੋ ਚੁੱਕੇ ਹੋਣਗੇ।​—1 ਕੁਰਿੰ. 15:25, 26.

17-18. (ੳ) ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਵਿਚ ਕੀ ਹੋਵੇਗਾ? (ਅ) ਯਿਸੂ ਆਪਣੇ ਹਜ਼ਾਰ ਸਾਲ ਦੇ ਰਾਜ ਤੋਂ ਬਾਅਦ ਕੀ ਕਰੇਗਾ? (1 ਕੁਰਿੰਥੀਆਂ 15:24, 28) (ਤਸਵੀਰ ਵੀ ਦੇਖੋ।)

17 ਯਿਸੂ ਦੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਵਿਚ ਹੋਰ ਕੀ ਹੋਵੇਗਾ? ਉਸ ਸਮੇਂ ਕੁਝ ਬਹੁਤ ਹੀ ਖ਼ਾਸ ਹੋਵੇਗਾ। ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਵੇਗਾ। ਸਦੀਆਂ ਤੋਂ ਯਹੋਵਾਹ ਦੇ ਨਾਂ ਨੂੰ ਲੈ ਕੇ ਜੋ ਮਸਲਾ ਚੱਲਦਾ ਆਇਆ ਹੈ, ਉਹ ਹਮੇਸ਼ਾ ਲਈ ਖ਼ਤਮ ਹੋ ਜਾਵੇਗਾ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਦਾਅਵਾ ਕੀਤਾ ਸੀ ਕਿ ਯਹੋਵਾਹ ਝੂਠਾ ਹੈ, ਉਹ ਇਕ ਚੰਗਾ ਰਾਜਾ ਨਹੀਂ ਹੈ ਅਤੇ ਇਨਸਾਨਾਂ ਨੂੰ ਪਿਆਰ ਨਹੀਂ ਕਰਦਾ। ਪਰ ਉਦੋਂ ਤੋਂ ਲੈ ਕੇ ਹੁਣ ਤਕ ਯਹੋਵਾਹ ਦਾ ਆਦਰ ਕਰਨ ਵਾਲੇ ਬਹੁਤ ਸਾਰੇ ਸੇਵਕਾਂ ਨੇ ਉਸ ਦਾ ਨਾਂ ਪਵਿੱਤਰ ਕੀਤਾ ਹੈ। ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਵਿਚ ਯਹੋਵਾਹ ਆਪਣੇ ਨਾਂ ਨੂੰ ਪੂਰੀ ਤਰ੍ਹਾਂ ਪਵਿੱਤਰ ਕਰ ਦੇਵੇਗਾ ਅਤੇ ਹਮੇਸ਼ਾ ਲਈ ਸਾਬਤ ਕਰ ਦੇਵੇਗਾ ਕਿ ਉਹ ਇਕ ਪਿਆਰ ਕਰਨ ਵਾਲਾ ਪਿਤਾ ਹੈ।

18 ਅਖ਼ੀਰ ਯਹੋਵਾਹ ʼਤੇ ਲਾਏ ਸ਼ੈਤਾਨ ਦੇ ਸਾਰੇ ਦੋਸ਼ ਹਮੇਸ਼ਾ ਲਈ ਝੂਠੇ ਸਾਬਤ ਹੋ ਜਾਣਗੇ। ਯਿਸੂ ਆਪਣੇ ਹਜ਼ਾਰ ਸਾਲ ਦੇ ਰਾਜ ਤੋਂ ਬਾਅਦ ਕੀ ਕਰੇਗਾ? ਕੀ ਉਹ ਸ਼ੈਤਾਨ ਵਾਂਗ ਯਹੋਵਾਹ ਖ਼ਿਲਾਫ਼ ਬਗਾਵਤ ਕਰੇਗਾ? ਨਹੀਂ! (1 ਕੁਰਿੰਥੀਆਂ 15:24, 28 ਪੜ੍ਹੋ।) ਉਹ ਆਪਣੇ ਪਿਤਾ ਨੂੰ ਰਾਜ ਵਾਪਸ ਸੌਂਪ ਦੇਵੇਗਾ ਅਤੇ ਉਸ ਦੇ ਅਧੀਨ ਹੋ ਜਾਵੇਗਾ। ਜੀ ਹਾਂ, ਸ਼ੈਤਾਨ ਤੋਂ ਉਲਟ ਯਿਸੂ ਖ਼ੁਸ਼ੀ-ਖ਼ੁਸ਼ੀ ਇਹ ਸਾਰਾ ਕੁਝ ਕਰਨ ਲਈ ਤਿਆਰ ਹੈ ਕਿਉਂਕਿ ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਹੈ।

ਆਪਣੇ ਹਜ਼ਾਰ ਸਾਲ ਦੇ ਰਾਜ ਤੋਂ ਬਾਅਦ ਯਿਸੂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਨੂੰ ਰਾਜ ਸੌਂਪ ਦੇਵੇਗਾ (ਪੈਰਾ 18 ਦੇਖੋ)


19. ਯਿਸੂ ਲਈ ਯਹੋਵਾਹ ਦਾ ਨਾਂ ਕਿੰਨਾ ਕੁ ਮਾਅਨੇ ਰੱਖਦਾ ਹੈ?

19 ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਯਹੋਵਾਹ ਨੇ ਖ਼ੁਸ਼ੀ-ਖ਼ੁਸ਼ੀ ਯਿਸੂ ਨੂੰ ਆਪਣਾ ਨਾਂ ਦਿੱਤਾ। ਧਰਤੀ ʼਤੇ ਹੁੰਦਿਆਂ ਯਿਸੂ ਨੇ ਸਾਫ਼-ਸਾਫ਼ ਦਿਖਾਇਆ ਕਿ ਉਹ ਹੂ-ਬਹੂ ਆਪਣੇ ਪਿਤਾ ਵਰਗਾ ਹੈ। ਸੋ ਉਸ ਲਈ ਯਹੋਵਾਹ ਦਾ ਨਾਂ ਕਿੰਨਾ ਕੁ ਮਾਅਨੇ ਰੱਖਦਾ ਹੈ? ਇਹ ਨਾਂ ਉਸ ਲਈ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਅਨਮੋਲ ਹੈ। ਇਸ ਨਾਂ ਦੀ ਖ਼ਾਤਰ ਉਸ ਨੇ ਖ਼ੁਸ਼ੀ-ਖ਼ੁਸ਼ੀ ਆਪਣੀ ਜਾਨ ਤਕ ਦੇ ਦਿੱਤੀ ਅਤੇ ਆਪਣੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਵਿਚ ਉਹ ਖ਼ੁਸ਼ੀ-ਖ਼ੁਸ਼ੀ ਸਾਰਾ ਕੁਝ ਯਹੋਵਾਹ ਨੂੰ ਵਾਪਸ ਸੌਂਪ ਦੇਵੇਗਾ। ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ? ਇਸ ਸਵਾਲ ਦਾ ਜਵਾਬ ਅਸੀਂ ਅਗਲੇ ਲੇਖ ਵਿਚ ਦੇਖਾਂਗੇ।

ਗੀਤ 16 ਯਿਸੂ ਕਰਕੇ ਯਹੋਵਾਹ ਦੀ ਮਹਿਮਾ ਕਰੋ

a ਯਿਸੂ ਤੋਂ ਇਲਾਵਾ ਦੂਜੇ ਦੂਤਾਂ ਨੇ ਵੀ ਯਹੋਵਾਹ ਦੇ ਨਾਂ ʼਤੇ ਜਾਂ ਉਸ ਵੱਲੋਂ ਲੋਕਾਂ ਨੂੰ ਸੰਦੇਸ਼ ਦਿੱਤੇ। ਇਸ ਕਰਕੇ ਬਾਈਬਲ ਵਿਚ ਕਈ ਥਾਵਾਂ ʼਤੇ ਜਦੋਂ ਦੂਤ ਲੋਕਾਂ ਨਾਲ ਗੱਲ ਕਰ ਰਹੇ ਸਨ, ਤਾਂ ਇੱਦਾਂ ਦੱਸਿਆ ਗਿਆ ਹੈ ਜਿੱਦਾਂ ਖ਼ੁਦ ਯਹੋਵਾਹ ਗੱਲ ਕਰ ਰਿਹਾ ਹੋਵੇ। (ਉਤ. 18:1-33) ਭਾਵੇਂ ਕੁਝ ਆਇਤਾਂ ਵਿਚ ਦੱਸਿਆ ਹੈ ਕਿ ਯਹੋਵਾਹ ਨੇ ਮੂਸਾ ਨੂੰ ਕਾਨੂੰਨ ਦਿੱਤਾ ਸੀ, ਪਰ ਹੋਰ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਦੂਤਾਂ ਰਾਹੀਂ ਕਾਨੂੰਨ ਦਿੱਤਾ ਸੀ। ਇਹ ਦੂਤ ਯਹੋਵਾਹ ਦੇ ਨਾਂ ʼਤੇ ਜਾਂ ਉਸ ਵੱਲੋਂ ਸੰਦੇਸ਼ ਦੇ ਰਹੇ ਸਨ।​—ਲੇਵੀ. 27:34; ਰਸੂ. 7:38, 53; ਗਲਾ. 3:19; ਇਬ. 2:2-4.

b ਯਿਸੂ ਦੀ ਕੁਰਬਾਨੀ ਕਰਕੇ ਇਨਸਾਨਾਂ ਲਈ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਵੀ ਖੁੱਲ੍ਹਿਆ ਹੈ।

c ਪਹਿਰਾਬੁਰਜ ਅਪ੍ਰੈਲ 2021 ਦੇ ਸਫ਼ੇ 30-31 ਉੱਤੇ “ਪਾਠਕਾਂ ਵੱਲੋਂ ਸਵਾਲ” ਨਾਂ ਦਾ ਲੇਖ ਦੇਖੋ।