ਕੀ ਤੁਸੀਂ ਜਾਣਦੇ ਹੋ?
ਬਾਈਬਲ ਤੋਂ ਇਲਾਵਾ ਹੋਰ ਕੀ ਸਬੂਤ ਹੈ ਕਿ ਇਜ਼ਰਾਈਲੀ ਮਿਸਰ ਵਿਚ ਗ਼ੁਲਾਮ ਸਨ?
ਬਾਈਬਲ ਸਾਨੂੰ ਦੱਸਦੀ ਹੈ ਕਿ ਮਿਦਯਾਨੀਆਂ ਦੁਆਰਾ ਯੂਸੁਫ਼ ਨੂੰ ਮਿਸਰ ਲੈ ਕੇ ਜਾਣ ਤੋਂ ਬਾਅਦ ਯਾਕੂਬ ਤੇ ਉਸ ਦਾ ਪਰਿਵਾਰ ਕਨਾਨ ਤੋਂ ਮਿਸਰ ਚਲੇ ਗਏ। ਉਹ ਮਿਸਰ ਵਿਚ ਗੋਸ਼ਨ ਨਾਂ ਦੇ ਇਲਾਕੇ ਵਿਚ ਵੱਸ ਗਏ ਜੋ ਕਿ ਨੀਲ ਨਦੀ ਦੇ ਨੇੜੇ ਸੀ। (ਇਹ ਇਕ ਵਿਸ਼ਾਲ ਇਲਾਕਾ ਹੈ ਜਿੱਥੇ ਨੀਲ ਨਦੀ ਭੂਮੱਧ ਸਾਗਰ ਵਿਚ ਮਿਲਦੀ ਹੈ।) (ਉਤ. 47:1, 6) ਇਜ਼ਰਾਈਲੀ ‘ਵਧਦੇ ਗਏ ਤੇ ਅੱਤ ਬਲਵੰਤ ਹੁੰਦੇ ਗਏ।’ ਇਸ ਕਰਕੇ ਮਿਸਰੀ ਇਜ਼ਰਾਈਲੀਆਂ ਤੋਂ ਡਰ ਗਏ ਤੇ ਉਨ੍ਹਾਂ ਨੂੰ ਜ਼ਬਰਦਸਤੀ ਗ਼ੁਲਾਮ ਬਣਾ ਲਿਆ।—ਕੂਚ 1:7-14.
ਕੁਝ ਆਲੋਚਕਾਂ ਨੇ ਉੱਪਰ ਦੱਸੇ ਬਾਈਬਲ ਦੇ ਬਿਰਤਾਂਤ ਦਾ ਮਖੌਲ ਉਡਾਉਂਦਿਆਂ ਕਿਹਾ ਹੈ ਕਿ ਇਹ ਇਕ ਕਥਾ-ਕਹਾਣੀ ਹੈ। ਪਰ ਇਸ ਗੱਲ ਦਾ ਸਬੂਤ ਹੈ ਕਿ ਸਾਮੀ * ਲੋਕ ਮਿਸਰ ਵਿਚ ਗ਼ੁਲਾਮਾਂ ਵਜੋਂ ਰਹਿੰਦੇ ਸਨ।
ਮਿਸਾਲ ਲਈ, ਪੁਰਾਤੱਤਵ-ਵਿਗਿਆਨੀਆਂ ਨੂੰ ਉੱਤਰੀ ਮਿਸਰ ਦੇ ਪੁਰਾਣੇ ਇਲਾਕਿਆਂ ਦੇ ਖੰਡਰ ਲੱਭੇ। ਡਾਕਟਰ ਜੌਨ ਬਿਮਸਨ ਦੱਸਦਾ ਹੈ ਕਿ ਉੱਤਰੀ ਮਿਸਰ ਦੇ ਇਨ੍ਹਾਂ ਇਲਾਕਿਆਂ ਵਿਚ 20 ਜਾਂ ਇਸ ਤੋਂ ਜ਼ਿਆਦਾ ਸਾਮੀ ਪਿੰਡਾਂ ਦੇ ਹੋਣ ਦਾ ਸਬੂਤ ਮਿਲਿਆ ਹੈ। ਇਸ ਤੋਂ ਇਲਾਵਾ, ਮਿਸਰ-ਵਿਗਿਆਨੀ ਜੇਮਜ਼ ਕੇ. ਹੌਫ਼ਮੀਰ ਦੱਸਦਾ ਹੈ: “ਲਗਭਗ 1800 ਤੋਂ 1540 ਈ. ਪੂ. ਦੌਰਾਨ ਪੱਛਮੀ ਏਸ਼ੀਆ ਦੇ ਸਾਮੀ ਭਾਸ਼ਾ ਬੋਲਣ ਵਾਲੇ ਲੋਕਾਂ ਲਈ ਮਿਸਰ ਇਕ ਮਨਪਸੰਦ ਥਾਂ ਸੀ।” ਉਹ ਅੱਗੇ ਦੱਸਦਾ ਹੈ: “ਇਹ ਸਮਾਂ ਬਾਈਬਲ ਦੇ ਜ਼ਮਾਨੇ ਨਾਲ ਅਤੇ ਉਤਪਤ ਵਿਚ ਦੱਸੇ ਸਮੇਂ ਤੇ ਹਾਲਾਤਾਂ ਨਾਲ ਮੇਲ ਖਾਂਦਾ ਹੈ।”
ਦੱਖਣੀ ਮਿਸਰ ਤੋਂ ਸਾਨੂੰ ਹੋਰ ਸਬੂਤ ਮਿਲਦਾ ਹੈ। ਪੁਰਾਤੱਤਵ-ਵਿਗਿਆਨੀਆਂ ਨੂੰ 2000-1600 ਈ. ਪੂ. ਦੌਰਾਨ ਲਿਖਿਆ ਇਕ ਪਪਾਇਰਸ ਮਿਲਿਆ। ਇਸ ’ਤੇ ਉਨ੍ਹਾਂ ਗ਼ੁਲਾਮਾਂ ਦੇ ਨਾਂ ਹਨ ਜੋ ਦੱਖਣੀ ਮਿਸਰ ਦੇ ਇਕ ਘਰ ਵਿਚ ਕੰਮ ਕਰਦੇ ਸਨ। ਉਨ੍ਹਾਂ ਵਿੱਚੋਂ 40 ਲੋਕਾਂ ਦੇ ਨਾਂ ਸਾਮੀ ਹਨ। ਇਹ ਗ਼ੁਲਾਮ ਖਾਣਾ ਬਣਾਉਣ ਦਾ, ਕੱਪੜੇ ਬੁਣਨ ਦਾ ਅਤੇ ਮਜ਼ਦੂਰਾਂ ਵਜੋਂ ਕੰਮ ਕਰਦੇ ਸਨ। ਹੌਫ਼ਮੀਰ ਦੱਸਦਾ ਹੈ: ‘ਦੱਖਣੀ ਮਿਸਰ ਵਿਚ ਤੇਬਾਇਡ ਨਾਂ ਦੇ ਇਲਾਕੇ ਦੇ ਇਕ ਘਰ ਵਿਚ ਚਾਲੀ ਤੋਂ ਵੀ ਵੱਧ ਸਾਮੀ ਲੋਕਾਂ ਦਾ ਕੰਮ ਕਰਨ ਦਾ ਮਤਲਬ ਹੈ ਕਿ ਪੂਰੇ ਮਿਸਰ ਦੇ ਨਾਲ-ਨਾਲ ਸਾਮੀ ਲੋਕਾਂ ਦੀ ਗਿਣਤੀ ਉੱਥੇ ਵੀ ਬਹੁਤ ਸੀ ਜਿੱਥੇ ਨੀਲ ਨਦੀ ਭੂਮੱਧ ਸਾਗਰ ਵਿਚ ਮਿਲ ਜਾਂਦੀ ਹੈ।’
ਪੁਰਾਤੱਤਵ-ਵਿਗਿਆਨੀ ਡੇਵਿਡ ਰੋਲ ਨੇ ਲਿਖਿਆ ਕਿ ਲਿਸਟ ਵਿਚ ਦਿੱਤੇ ਕੁਝ ਗ਼ੁਲਾਮਾਂ ਦੇ ਨਾਂ “ਬਾਈਬਲ ਵਿਚ ਪਾਏ ਜਾਂਦੇ ਨਾਵਾਂ ਨਾਲ ਮਿਲਦੇ-ਜੁਲਦੇ ਹਨ।” ਮਿਸਾਲ ਲਈ, ਪਪਾਇਰਸ ਦੇ ਇਨ੍ਹਾਂ ਟੁਕੜਿਆਂ ਵਿਚ ਅਜਿਹੇ ਕੁਝ ਨਾਂ ਹਨ, ਜਿਵੇਂ ਕਿ ਯਿੱਸਾਕਾਰ, ਆਸ਼ੇਰ ਤੇ ਸਿਫਰਾਹ। (ਕੂਚ 1:3, 4, 15) ਰੋਲ ਸਿੱਟਾ ਕੱਢਦਾ ਹੈ, “ਇਹ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਇਜ਼ਰਾਈਲੀ ਮਿਸਰ ਵਿਚ ਗ਼ੁਲਾਮ ਸਨ।”
ਡਾਕਟਰ ਬਿਮਸਨ ਕਹਿੰਦਾ ਹੈ: “ਮਿਸਰ ਵਿਚਲੀ ਗ਼ੁਲਾਮੀ ਤੇ ਕੂਚ ਬਾਰੇ ਬਾਈਬਲ ਵਿਚ ਦਿੱਤੀ ਜਾਣਕਾਰੀ ਇਤਿਹਾਸਕ ਤੌਰ ’ਤੇ ਸਹੀ ਹੈ।”
^ ਪੈਰਾ 4 ਸਾਮੀ ਨਾਂ ਸ਼ੇਮ ਤੋਂ ਆਇਆ ਸੀ ਜੋ ਕਿ ਨੂਹ ਦਾ ਪੁੱਤਰ ਸੀ। ਸ਼ੇਮ ਦੇ ਘਰਾਣੇ ਵਿਚ ਏਲਾਮੀ, ਅੱਸ਼ੂਰੀ, ਕਸਦੀ, ਇਬਰਾਨੀ, ਸੀਰੀਆਈ ਅਤੇ ਅਰਬ ਦੇ ਵੱਖੋ-ਵੱਖਰੇ ਕਬੀਲੇ ਸ਼ਾਮਲ ਸਨ।