ਅਧਿਐਨ ਲੇਖ 13
ਇਕ-ਦੂਸਰੇ ਨਾਲ ਗੂੜ੍ਹਾ ਪਿਆਰ ਕਰੋ
“ਇਕ-ਦੂਸਰੇ ਨਾਲ ਦਿਲੋਂ ਗੂੜ੍ਹਾ ਪਿਆਰ ਕਰੋ।”—1 ਪਤ. 1:22.
ਗੀਤ 25 ਪਿਆਰ ਹੈ ਸਾਡੀ ਪਛਾਣ
ਖ਼ਾਸ ਗੱਲਾਂ *
1. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਖ਼ਾਸ ਹੁਕਮ ਦਿੱਤਾ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)
ਯਿਸੂ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਆਪਣੇ ਚੇਲਿਆਂ ਨੂੰ ਇਕ ਖ਼ਾਸ ਹੁਕਮ ਦਿੱਤਾ। ਉਸ ਨੇ ਉਨ੍ਹਾਂ ਨੂੰ ਕਿਹਾ: “ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ, ਤੁਸੀਂ ਵੀ ਉਸੇ ਤਰ੍ਹਾਂ ਇਕ-ਦੂਜੇ ਨਾਲ ਪਿਆਰ ਕਰੋ।” ਉਸ ਨੇ ਅੱਗੇ ਕਿਹਾ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”—ਯੂਹੰ. 13:34, 35.
2. ਇਕ-ਦੂਜੇ ਲਈ ਪਿਆਰ ਦਿਖਾਉਣਾ ਜ਼ਰੂਰੀ ਕਿਉਂ ਹੈ?
2 ਯਿਸੂ ਨੇ ਕਿਹਾ ਕਿ ਸੱਚੇ ਮਸੀਹੀ ਸਾਫ਼-ਸਾਫ਼ ਪਛਾਣੇ ਜਾਣਗੇ ਜੇ ਉਹ ਇਕ-ਦੂਜੇ ਨਾਲ ਉਸ ਤਰ੍ਹਾਂ ਪਿਆਰ ਕਰਨ ਜਿਸ ਤਰ੍ਹਾਂ ਉਸ ਨੇ ਉਨ੍ਹਾਂ ਨਾਲ ਕੀਤਾ। ਇਹ ਗੱਲ ਪਹਿਲੀ ਸਦੀ ਵਿਚ ਸੱਚ ਸੀ ਅਤੇ ਅੱਜ ਵੀ। ਇਸ ਲਈ ਕਿੰਨਾ ਹੀ ਜ਼ਰੂਰੀ ਹੈ ਕਿ ਅਸੀਂ ਹਰ ਰੁਕਾਵਟ ਨੂੰ ਪਾਰ ਕਰ ਕੇ ਇਕ-ਦੂਜੇ ਲਈ ਪਿਆਰ ਦਿਖਾਈਏ!
3. ਇਸ ਲੇਖ ਵਿਚ ਅਸੀਂ ਕਿਸ ਗੱਲ ’ਤੇ ਗੌਰ ਕਰਾਂਗੇ?
3 ਆਪਣੀਆਂ ਤੇ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਸਾਡੇ ਲਈ ਇਕ-ਦੂਜੇ ਨੂੰ ਪਿਆਰ ਦਿਖਾਉਣਾ ਔਖਾ ਹੋ ਸਕਦਾ ਹੈ। ਪਰ ਸਾਨੂੰ ਮਸੀਹ ਦੀ ਰੀਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਪਿਆਰ ਸ਼ਾਂਤੀ ਕਾਇਮ ਕਰਨ, ਪੱਖਪਾਤ ਨਾ ਕਰਨ ਅਤੇ ਪਰਾਹੁਣਚਾਰੀ ਕਰਨ ਵਿਚ ਸਾਡੀ ਕਿਵੇਂ ਮਦਦ ਕਰੇਗਾ। ਇਸ ਲੇਖ ਦਾ ਅਧਿਐਨ ਕਰਦਿਆਂ ਆਪਣੇ ਆਪ ਤੋਂ ਪੁੱਛੋ: ‘ਮੈਂ ਉਨ੍ਹਾਂ ਭੈਣਾਂ-ਭਰਾਵਾਂ ਤੋਂ ਕੀ ਸਿੱਖ ਸਕਦਾ ਹਾਂ ਜੋ ਮੁਸ਼ਕਲਾਂ ਦੇ ਬਾਵਜੂਦ ਵੀ ਇਕ-ਦੂਜੇ ਲਈ ਪਿਆਰ ਦਿਖਾਉਂਦੇ ਰਹੇ?’
ਸ਼ਾਂਤੀ ਕਾਇਮ ਕਰਨ ਵਾਲੇ ਬਣੋ
4. ਮੱਤੀ 5:23, 24 ਅਨੁਸਾਰ ਸਾਨੂੰ ਉਸ ਭੈਣ ਜਾਂ ਭਰਾ ਨਾਲ ਸ਼ਾਂਤੀ ਕਿਉਂ ਕਾਇਮ ਕਰਨੀ ਚਾਹੀਦੀ ਹੈ ਜੋ ਸਾਡੇ ਨਾਲ ਗੁੱਸੇ ਹੈ?
4 ਯਿਸੂ ਨੇ ਸਾਨੂੰ ਉਸ ਭੈਣ ਜਾਂ ਭਰਾ ਨਾਲ ਸ਼ਾਂਤੀ ਕਾਇਮ ਕਰਨ ਦੀ ਅਹਿਮੀਅਤ ਬਾਰੇ ਸਿਖਾਇਆ ਜੋ ਸਾਡੇ ਨਾਲ ਗੁੱਸੇ ਹੈ। (ਮੱਤੀ 5:23, 24 ਪੜ੍ਹੋ।) ਉਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਦੂਜਿਆਂ ਨਾਲ ਵਧੀਆ ਰਿਸ਼ਤਾ ਬਣਾਉਣ ਦੀ ਲੋੜ ਹੈ। ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਕਾਇਮ ਕਰਨ ਵਿਚ ਆਪਣੀ ਪੂਰੀ ਵਾਹ ਲਾਉਂਦੇ ਹਾਂ। ਜੇ ਅਸੀਂ ਕਿਸੇ ਖ਼ਿਲਾਫ਼ ਆਪਣੇ ਦਿਲ ਵਿਚ ਨਾਰਾਜ਼ਗੀ ਪਾਲ਼ੀ ਰੱਖਦੇ ਹਾਂ ਅਤੇ ਸ਼ਾਂਤੀ ਕਾਇਮ ਕਰਨ ਤੋਂ ਵੀ ਇਨਕਾਰ ਕਰਦੇ ਹਾਂ, ਤਾਂ ਉਹ ਸਾਡੀ ਭਗਤੀ ਸਵੀਕਾਰ ਨਹੀਂ ਕਰੇਗਾ।—1 ਯੂਹੰ. 4:20.
5. ਕਿਹੜੀ ਗੱਲ ਕਰਕੇ ਮਾਰਕ ਲਈ ਸ਼ਾਂਤੀ ਕਾਇਮ ਕਰਨੀ ਔਖੀ ਸੀ?
5 ਸ਼ਾਇਦ ਸਾਨੂੰ ਸ਼ਾਂਤੀ ਕਾਇਮ ਕਰਨੀ ਔਖੀ ਲੱਗੇ। ਕਿਉਂ? ਜ਼ਰਾ ਗੌਰ ਕਰੋ ਕਿ ਮਾਰਕ * ਨਾਲ ਕੀ ਹੋਇਆ। ਉਸ ਨੂੰ ਬਹੁਤ ਦੁੱਖ ਲੱਗਾ ਜਦੋਂ ਇਕ ਭਰਾ ਨੇ ਉਸ ਦੀ ਨੁਕਤਾਚੀਨੀ ਕੀਤੀ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਉਸ ਬਾਰੇ ਬੁਰਾ-ਭਲਾ ਕਿਹਾ। ਮਾਰਕ ਨੇ ਕੀ ਕੀਤਾ? ਉਹ ਦੱਸਦਾ ਹੈ: “ਮੈਂ ਆਪਾ ਖੋਹ ਬੈਠਾ ਅਤੇ ਗੁੱਸੇ ਵਿਚ ਉਸ ਨੂੰ ਬਹੁਤ ਕੁਝ ਕਹਿ ਦਿੱਤਾ।” ਪਰ ਬਾਅਦ ਵਿਚ ਮਾਰਕ ਨੂੰ ਆਪਣੇ ਵਿਵਹਾਰ ’ਤੇ ਸ਼ਰਮਿੰਦਗੀ ਹੋਈ ਅਤੇ ਉਸ ਨੇ ਭਰਾ ਤੋਂ ਮਾਫ਼ੀ ਮੰਗੀ ਅਤੇ ਉਸ ਨਾਲ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਮਾਰਕ ਵੱਲੋਂ ਕੀਤੀਆਂ ਕੋਸ਼ਿਸ਼ਾਂ ਦਾ ਭਰਾ ’ਤੇ ਕੋਈ ਅਸਰ ਨਹੀਂ ਹੋਇਆ। ਪਹਿਲਾਂ-ਪਹਿਲ ਮਾਰਕ ਨੇ ਸੋਚਿਆ: ‘ਜੇ ਉਹ ਭਰਾ ਸ਼ਾਂਤੀ ਕਾਇਮ ਨਹੀਂ ਕਰਨੀ ਚਾਹੁੰਦਾ, ਤਾਂ ਮੈਂ ਕੋਸ਼ਿਸ਼ ਕਿਉਂ ਕਰਦਾ ਰਹਾਂ?’ ਪਰ ਸਰਕਟ ਓਵਰਸੀਅਰ ਨੇ ਮਾਰਕ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਹਿੰਮਤ ਨਾ ਹਾਰੇ। ਮਾਰਕ ਨੇ ਕੀ ਕੀਤਾ?
6. (ੳ) ਮਾਰਕ ਨੇ ਸ਼ਾਂਤੀ ਕਾਇਮ ਕਰਨ ਦੀ ਕਿਵੇਂ ਕੋਸ਼ਿਸ਼ ਕੀਤੀ? (ਅ) ਮਾਰਕ ਨੇ ਕੁਲੁੱਸੀਆਂ 3:13, 14 ਕਿਵੇਂ ਲਾਗੂ ਕੀਤਾ?
6 ਜਦੋਂ ਮਾਰਕ ਨੇ ਆਪਣੇ ਰਵੱਈਏ ’ਤੇ ਸੋਚ-ਵਿਚਾਰ ਕੀਤਾ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਵਿਚ ਨਿਮਰਤਾ ਦੀ ਘਾਟ ਸੀ ਅਤੇ ਕਦੇ-ਕਦਾਈਂ ਉਹ ਆਪਣੇ ਆਪ ਨੂੰ ਦੂਜਿਆਂ ਤੋਂ ਵਧੀਆ ਸਮਝਦਾ ਸੀ। ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਆਪਣਾ ਰਵੱਈਆ ਬਦਲਣ ਦੀ ਲੋੜ ਸੀ। (ਕੁਲੁ. 3:8, 9, 12) ਮਾਰਕ ਫਿਰ ਉਸ ਭਰਾ ਕੋਲ ਗਿਆ ਅਤੇ ਨਿਮਰਤਾ ਨਾਲ ਆਪਣੇ ਵਿਵਹਾਰ ਲਈ ਮਾਫ਼ੀ ਮੰਗੀ। ਮਾਰਕ ਨੇ ਮਾਫ਼ੀ ਮੰਗਣ ਲਈ ਉਸ ਭਰਾ ਨੂੰ ਚਿੱਠੀਆਂ ਲਿਖੀਆਂ ਅਤੇ ਕਿਹਾ ਕਿ ਉਹ ਉਸ ਨਾਲ ਦੁਬਾਰਾ ਤੋਂ ਦੋਸਤੀ ਕਰਨੀ ਚਾਹੁੰਦਾ ਸੀ। ਮਾਰਕ ਨੇ ਤਾਂ ਉਸ ਭਰਾ ਨੂੰ ਛੋਟੇ-ਛੋਟੇ ਤੋਹਫ਼ੇ ਵੀ ਦਿੱਤੇ ਤੇ ਸੋਚਿਆ ਕਿ ਸ਼ਾਇਦ ਭਰਾ ਨੂੰ ਚੰਗੇ ਲੱਗਣ। ਦੁੱਖ ਦੀ ਗੱਲ ਹੈ ਕਿ ਉਹ ਭਰਾ ਆਪਣੇ ਦਿਲ ਵਿਚ ਨਾਰਾਜ਼ਗੀ ਲੈ ਕੇ ਬੈਠਾ ਰਿਹਾ। ਫਿਰ ਵੀ ਮਾਰਕ ਯਿਸੂ ਵੱਲੋਂ ਦਿੱਤੇ ਪਿਆਰ ਕਰਨ ਤੇ ਮਾਫ਼ ਕਰਨ ਦੇ ਹੁਕਮ ਨੂੰ ਮੰਨਦਾ ਰਿਹਾ। (ਕੁਲੁੱਸੀਆਂ 3:13, 14 ਪੜ੍ਹੋ।) ਭਾਵੇਂ ਕਿ ਦੂਜੇ ਸਾਡੇ ਵੱਲੋਂ ਸ਼ਾਂਤੀ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਪ੍ਰਤੀ ਕੋਈ ਹੁੰਗਾਰਾ ਨਾ ਭਰਨ, ਤਾਂ ਵੀ ਸੱਚਾ ਪਿਆਰ ਸਾਡੀ ਮਦਦ ਕਰੇਗਾ ਕਿ ਅਸੀਂ ਮਾਫ਼ ਕਰੀਏ ਅਤੇ ਦੁਬਾਰਾ ਸ਼ਾਂਤੀ ਕਾਇਮ ਕਰਨ ਲਈ ਪ੍ਰਾਰਥਨਾ ਕਰਦੇ ਰਹੀਏ।—ਮੱਤੀ 18:21, 22; ਗਲਾ. 6:9.
7. (ੳ) ਯਿਸੂ ਨੇ ਸਾਨੂੰ ਕੀ ਕਰਨ ਦੀ ਤਾਕੀਦ ਕੀਤੀ? (ਅ) ਇਕ ਭੈਣ ਨੂੰ ਕਿਹੜੇ ਔਖੇ ਹਾਲਾਤ ਦਾ ਸਾਮ੍ਹਣਾ ਕਰਨਾ ਪਿਆ?
7 ਯਿਸੂ ਨੇ ਸਾਨੂੰ ਵਾਰ-ਵਾਰ ਤਾਕੀਦ ਕੀਤੀ ਕਿ ਅਸੀਂ ਦੂਜਿਆਂ ਨਾਲ ਉਸ ਤਰੀਕੇ ਨਾਲ ਪੇਸ਼ ਆਈਏ ਜਿੱਦਾਂ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਪੇਸ਼ ਆਉਣ। ਉਸ ਨੇ ਇਹ ਵੀ ਕਿਹਾ ਕਿ ਅਸੀਂ ਸਿਰਫ਼ ਉਨ੍ਹਾਂ ਨਾਲ ਹੀ ਪਿਆਰ ਨਾ ਕਰੀਏ ਜੋ ਸਾਡੇ ਨਾਲ ਪਿਆਰ ਕਰਦੇ ਹਨ। (ਲੂਕਾ 6:31-33) ਪਰ ਉਦੋਂ ਕੀ ਜੇ ਮੰਡਲੀ ਵਿਚ ਇਕ ਭੈਣ ਜਾਂ ਭਰਾ ਸਾਨੂੰ ਬੁਲਾਉਂਦਾ ਨਹੀਂ ਅਤੇ ਸਾਨੂੰ ਨਜ਼ਰਅੰਦਾਜ਼ ਕਰਦਾ ਹੈ? ਭਾਵੇਂ ਇੱਦਾਂ ਘੱਟ ਹੀ ਹੁੰਦਾ ਹੈ, ਪਰ ਲਾਰਾ ਨਾਲ ਇੱਦਾਂ ਹੀ ਹੋਇਆ। ਉਹ ਦੱਸਦੀ ਹੈ: “ਇਕ ਭੈਣ ਮੈਨੂੰ ਬੁਲਾਉਂਦੀ ਨਹੀਂ ਸੀ ਤੇ ਮੈਨੂੰ ਪਤਾ ਨਹੀਂ ਕਿ ਉਹ ਇੱਦਾਂ ਕਿਉਂ ਕਰਦੀ ਸੀ। ਮੈਂ ਬਹੁਤ ਪਰੇਸ਼ਾਨ ਹੋ ਗਈ ਅਤੇ ਮੈਨੂੰ ਮੀਟਿੰਗਾਂ ’ਤੇ ਜਾ ਕੇ ਖ਼ੁਸ਼ੀ ਨਹੀਂ ਮਿਲਦੀ ਸੀ।” ਪਹਿਲਾਂ-ਪਹਿਲ ਲਾਰਾ ਨੇ ਸੋਚਿਆ: ‘ਮੈਂ ਕਿਹੜਾ ਕੋਈ ਗ਼ਲਤੀ ਕੀਤੀ ਹੈ। ਨਾਲੇ ਮੰਡਲੀ ਦੇ ਬਾਕੀ ਭੈਣਾਂ-ਭਰਾਵਾਂ ਨੇ ਵੀ ਦੇਖਿਆ ਹੈ ਕਿ ਉਹ ਅਜੀਬ ਤਰੀਕੇ ਨਾਲ ਪੇਸ਼ ਆਉਂਦੀ ਹੈ।’
8. ਲਾਰਾ ਨੇ ਸ਼ਾਂਤੀ ਕਾਇਮ ਕਰਨ ਲਈ ਕਿਹੜੇ ਕਦਮ ਚੁੱਕੇ ਅਤੇ ਅਸੀਂ ਉਸ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ?
8 ਲਾਰਾ ਨੇ ਸ਼ਾਂਤੀ ਕਾਇਮ ਕਰਨ ਲਈ ਕਦਮ ਚੁੱਕੇ। ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਉਸ ਭੈਣ ਨਾਲ ਗੱਲ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਗੱਲਬਾਤ ਕੀਤੀ, ਇਕ-ਦੂਜੇ ਨੂੰ ਜੱਫੀ ਪਾਈ ਅਤੇ ਸ਼ਾਂਤੀ ਕਾਇਮ ਕੀਤੀ। ਲੱਗਦਾ ਸੀ ਕਿ ਸਾਰਾ ਕੁਝ ਠੀਕ ਹੋ ਗਿਆ। ਲਾਰਾ ਦੱਸਦੀ ਹੈ: “ਪਰ ਬਾਅਦ ਵਿਚ ਇਹ ਭੈਣ ਫਿਰ ਪਹਿਲਾਂ ਵਾਂਗ ਕਰਨ ਲੱਗ ਪਈ। ਮੈਂ ਬਹੁਤ ਨਿਰਾਸ਼ ਹੋ ਗਈ।” ਪਹਿਲਾਂ ਤਾਂ ਲਾਰਾ ਨੂੰ ਲੱਗਾ ਕਿ ਉਹ ਸਿਰਫ਼ ਤਾਂ ਹੀ ਖ਼ੁਸ਼ ਰਹਿ ਸਕਦੀ ਸੀ ਜੇ ਉਹ ਭੈਣ ਆਪਣਾ ਰਵੱਈਆ ਬਦਲ ਲਵੇ। ਪਰ ਬਾਅਦ ਵਿਚ ਲਾਰਾ ਨੂੰ ਅਹਿਸਾਸ ਹੋਇਆ ਕਿ ਸਭ ਤੋਂ ਵਧੀਆ ਗੱਲ ਹੈ ਕਿ ਉਹ ਉਸ ਭੈਣ ਨੂੰ ਪਿਆਰ ਦਿਖਾਉਂਦੀ ਰਹੇ ਅਤੇ ਉਸ ਨੂੰ “ਦਿਲੋਂ ਮਾਫ਼” ਕਰੇ। (ਅਫ਼. 4:32–5:2) ਲਾਰਾ ਨੂੰ ਯਾਦ ਆਇਆ ਕਿ ਸੱਚਾ ਪਿਆਰ “ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ। ਇਹ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ, ਸਾਰੀਆਂ ਗੱਲਾਂ ਉੱਤੇ ਭਰੋਸਾ ਕਰਦਾ ਹੈ, ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ, ਕਿਸੇ ਗੱਲ ਵਿਚ ਹਿੰਮਤ ਨਹੀਂ ਹਾਰਦਾ।” (1 ਕੁਰਿੰ. 13:5, 7) ਲਾਰਾ ਨੂੰ ਦੁਬਾਰਾ ਮਨ ਦੀ ਸ਼ਾਂਤੀ ਮਿਲੀ। ਸਮੇਂ ਦੇ ਬੀਤਣ ਨਾਲ, ਉਹ ਭੈਣ ਉਸ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣ ਲੱਗ ਪਈ। ਜਦੋਂ ਤੁਸੀਂ ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਕਾਇਮ ਕਰੋਗੇ ਅਤੇ ਉਨ੍ਹਾਂ ਨੂੰ ਪਿਆਰ ਦਿਖਾਉਂਦੇ ਰਹੋਗੇ, ਤਾਂ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ “ਪਿਆਰ ਤੇ ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਨਾਲ ਹੋਵੇਗਾ।”—2 ਕੁਰਿੰ. 13:11.
ਪੱਖਪਾਤ ਨਾ ਕਰੋ
9. ਰਸੂਲਾਂ ਦੇ ਕੰਮ 10:34, 35 ਅਨੁਸਾਰ ਸਾਨੂੰ ਪੱਖਪਾਤ ਕਿਉਂ ਨਹੀਂ ਕਰਨਾ ਚਾਹੀਦਾ?
9 ਯਹੋਵਾਹ ਪੱਖਪਾਤ ਨਹੀਂ ਕਰਦਾ। (ਰਸੂਲਾਂ ਦੇ ਕੰਮ 10:34, 35 ਪੜ੍ਹੋ।) ਪੱਖਪਾਤ ਨਾ ਕਰ ਕੇ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਉਸ ਦੇ ਬੱਚੇ ਹਾਂ। ਅਸੀਂ ਆਪਣੇ ਗੁਆਂਢੀਆਂ ਨੂੰ ਆਪਣੇ ਵਾਂਗ ਪਿਆਰ ਕਰਨ ਦੇ ਹੁਕਮ ਦੀ ਪਾਲਣਾ ਕਰਦੇ ਹਾਂ ਅਤੇ ਭੈਣਾਂ-ਭਰਾਵਾਂ ਵਿਚ ਸ਼ਾਂਤੀ ਬਣਾਈ ਰੱਖਣ ਵਿਚ ਮਦਦ ਕਰਦੇ ਹਾਂ।—ਰੋਮੀ. 12:9, 10; ਯਾਕੂ. 2:8, 9.
10-11. ਇਕ ਭੈਣ ਨੇ ਆਪਣੀ ਗ਼ਲਤ ਸੋਚ ’ਤੇ ਕਾਬੂ ਕਿਵੇਂ ਪਾਇਆ?
10 ਕੁਝ ਜਣਿਆਂ ਲਈ ਪੱਖਪਾਤ ਨਾ ਕਰਨਾ ਔਖਾ ਹੋ ਸਕਦਾ ਹੈ। ਜ਼ਰਾ ਗੌਰ ਕਰੋ ਕਿ ਰੂਥ ਨਾਂ ਦੀ ਭੈਣ ਨਾਲ ਕੀ ਹੋਇਆ। ਜਦੋਂ ਉਹ ਛੋਟੀ ਸੀ, ਤਾਂ ਕਿਸੇ ਹੋਰ ਦੇਸ਼ ਦੀ ਇਕ ਔਰਤ ਨੇ ਰੂਥ ਦੇ ਪਰਿਵਾਰ ਨਾਲ ਬਹੁਤ ਮਾੜਾ ਕੀਤਾ ਸੀ। ਇਸ ਦਾ ਉਸ ’ਤੇ ਕੀ ਅਸਰ ਪਿਆ? ਰੂਥ ਦੱਸਦੀ ਹੈ: “ਮੈਂ ਉਸ ਦੇਸ਼ ਦੀ ਹਰ ਚੀਜ਼ ਨਾਲ ਨਫ਼ਰਤ ਕਰਦੀ ਸੀ। ਮੈਂ ਸੋਚਦੀ ਸੀ ਕਿ ਉਸ ਦੇਸ਼ ਦੇ ਸਾਰੇ ਲੋਕ ਇੱਕੋ ਜਿਹੇ ਹਨ, ਇੱਥੋਂ ਤਕ ਕਿ ਭੈਣ-ਭਰਾ ਵੀ।” ਰੂਥ ਨੇ ਇਸ ਤਰ੍ਹਾਂ ਦੀ ਸੋਚ ’ਤੇ ਕਾਬੂ ਕਿਵੇਂ ਪਾਇਆ?
11 ਰੂਥ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਇਸ ਗ਼ਲਤ ਸੋਚ ਤੋਂ ਬਚਣ ਲਈ ਬਹੁਤ ਜਤਨ ਕਰਨ ਦੀ ਲੋੜ ਸੀ। ਉਸ ਨੇ ਉਸ ਦੇਸ਼ ਬਾਰੇ ਯੀਅਰ ਬੁੱਕ ਵਿੱਚੋਂ ਤਜਰਬੇ ਅਤੇ ਰਿਪੋਰਟਾਂ ਪੜ੍ਹੀਆਂ। ਉਹ ਦੱਸਦੀ ਹੈ: “ਮੈਂ ਉਸ ਦੇਸ਼ ਦੇ ਲੋਕਾਂ ਬਾਰੇ ਸਹੀ ਸੋਚ ਕਾਇਮ ਕਰਨ ਲਈ ਜਤਨ ਕੀਤੇ। ਮੈਂ ਦੇਖਣਾ ਸ਼ੁਰੂ ਕੀਤਾ ਕਿ ਉਸ ਦੇਸ਼ ਦੇ ਭੈਣਾਂ-ਭਰਾਵਾਂ ਵਿਚ ਯਹੋਵਾਹ ਲਈ ਜੋਸ਼ ਸੀ। ਮੈਨੂੰ ਸਾਫ਼-ਸਾਫ਼ ਪਤਾ ਲੱਗ ਗਿਆ ਕਿ ਉਹ ਵੀ ਸਾਡੇ ਵਿਸ਼ਵ-ਵਿਆਪੀ ਭਾਈਚਾਰੇ ਦਾ ਹਿੱਸਾ ਹਨ।” ਹੌਲੀ-ਹੌਲੀ ਰੂਥ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਹੋਰ ਵੀ ਕੁਝ ਕਰਨ ਦੀ ਲੋੜ ਸੀ। ਉਹ ਦੱਸਦੀ ਹੈ: “ਜਦੋਂ ਵੀ ਮੈਂ ਉਸ ਦੇਸ਼ ਦੇ ਭੈਣਾਂ-ਭਰਾਵਾਂ ਨੂੰ ਮਿਲਦੀ ਸੀ, ਤਾਂ ਮੈਂ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀ ਸੀ। ਇਸ ਤਰ੍ਹਾਂ ਕਰ ਕੇ ਮੈਂ ਉਨ੍ਹਾਂ ਨੂੰ ਹੋਰ ਚੰਗੀ ਤਰ੍ਹਾਂ ਜਾਣਦੀ ਸੀ।” ਇਸ ਦਾ ਕੀ ਨਤੀਜਾ ਨਿਕਲਿਆ? ਰੂਥ ਦੱਸਦੀ ਹੈ: “ਸਮੇਂ ਦੇ ਬੀਤਣ ਨਾਲ, ਉਨ੍ਹਾਂ ਪ੍ਰਤੀ ਮੇਰੀ ਸੋਚ ਬਦਲ ਗਈ।”
12. ਸੇਰਾਹ ਨਾਂ ਦੀ ਭੈਣ ਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਦਾ ਸਾਮ੍ਹਣਾ ਕਰਨਾ ਪਿਆ?
12 ਕੁਝ ਲੋਕਾਂ ਨੂੰ ਸ਼ਾਇਦ ਅਹਿਸਾਸ ਹੀ ਨਾ ਹੋਵੇ ਕਿ ਉਹ ਪੱਖਪਾਤ ਕਰਦੇ ਹਨ। ਮਿਸਾਲ ਲਈ, ਸੇਰਾਹ ਸੋਚਦੀ ਸੀ ਕਿ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦੀ ਕਿਉਂਕਿ ਉਹ ਕੌਮ, ਅਮੀਰੀ-ਗ਼ਰੀਬੀ ਜਾਂ ਸੰਗਠਨ ਵਿਚ ਮਿਲੀ ਜ਼ਿੰਮੇਵਾਰੀ ਦੇ ਆਧਾਰ ’ਤੇ ਲੋਕਾਂ ਬਾਰੇ ਰਾਇ ਕਾਇਮ ਨਹੀਂ ਕਰਦੀ। ਪਰ ਉਹ ਮੰਨਦੀ ਹੈ: “ਮੈਨੂੰ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਮੈਂ ਪੱਖਪਾਤ ਕਰਦੀ ਸੀ।” ਕਿਸ ਤਰੀਕੇ ਨਾਲ? ਸੇਰਾਹ ਦਾ ਪਰਿਵਾਰ ਬਹੁਤ ਪੜ੍ਹਿਆ-ਲਿਖਿਆ ਸੀ ਅਤੇ ਉਹ ਉਨ੍ਹਾਂ ਲੋਕਾਂ ਨਾਲ ਹੀ ਦੋਸਤੀ ਕਰਨੀ ਪਸੰਦ ਕਰਦੀ ਸੀ ਜੋ ਪੜ੍ਹੇ-ਲਿਖੇ ਸਨ। ਇਕ ਵਾਰ ਤਾਂ ਉਸ ਨੇ ਆਪਣੇ ਦੋਸਤ ਨੂੰ ਕਿਹਾ: “ਮੈਂ ਪੜ੍ਹੇ-ਲਿਖੇ ਲੋਕਾਂ ਨਾਲ ਹੀ ਸੰਗਤੀ ਕਰਦੀ ਹਾਂ। ਮੈਂ ਉਨ੍ਹਾਂ ਤੋਂ ਦੂਰ ਰਹਿੰਦੀ ਹਾਂ ਜੋ ਘੱਟ ਪੜ੍ਹੇ-ਲਿਖੇ ਹਨ।” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸੇਰਾਹ ਨੂੰ ਆਪਣੇ ਰਵੱਈਏ ਵਿਚ ਸੁਧਾਰ ਕਰਨ ਦੀ ਲੋੜ ਸੀ। ਕਿਵੇਂ?
13. ਸੇਰਾਹ ਨੇ ਜਿਸ ਤਰੀਕੇ ਨਾਲ ਆਪਣਾ ਰਵੱਈਆ ਬਦਲਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
13 ਇਕ ਸਰਕਟ ਓਵਰਸੀਅਰ ਨੇ ਸੇਰਾਹ ਦੀ ਆਪਣੇ ਰਵੱਈਏ ਦੀ ਜਾਂਚ ਕਰਨ ਵਿਚ ਮਦਦ ਕੀਤੀ। ਉਹ ਦੱਸਦੀ ਹੈ: “ਉਨ੍ਹਾਂ ਨੇ ਮੇਰੀ ਤਾਰੀਫ਼ ਕੀਤੀ ਕਿ ਮੈਂ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰਦੀ ਹਾਂ, ਵਧੀਆ ਟਿੱਪਣੀਆਂ ਦਿੰਦੀ ਹਾਂ ਅਤੇ ਮੈਨੂੰ ਬਾਈਬਲ ਬਾਰੇ ਜਾਣਕਾਰੀ ਹੈ। ਫਿਰ ਉਨ੍ਹਾਂ ਨੇ ਮੈਨੂੰ ਸਮਝਾਇਆ ਕਿ ਜਿੱਦਾਂ-ਜਿੱਦਾਂ ਸਾਡਾ ਗਿਆਨ ਵਧਦਾ ਹੈ, ਉੱਦਾਂ-ਉੱਦਾਂ ਸਾਨੂੰ ਆਪਣੇ ਵਿਚ ਨਿਮਰਤਾ ਤੇ ਦਇਆ ਪੈਦਾ ਕਰਨੀ ਅਤੇ ਆਪਣੀਆਂ ਹੱਦਾਂ ਨੂੰ ਪਛਾਣਨਾ ਚਾਹੀਦਾ ਹੈ।” ਸੇਰਾਹ ਨੇ ਸਰਕਟ ਓਵਰਸੀਅਰ ਦੀਆਂ ਗੱਲਾਂ ਲਾਗੂ ਕੀਤੀਆਂ। ਉਸ ਨੇ ਕਿਹਾ: “ਮੈਨੂੰ ਅਹਿਸਾਸ ਹੋਇਆ ਕਿ ਸਾਡੇ ਲਈ ਦਇਆ ਤੇ ਪਿਆਰ ਨਾਲ ਪੇਸ਼ ਆਉਣਾ ਸਭ ਤੋਂ ਜ਼ਰੂਰੀ ਹੈ।” ਨਤੀਜੇ ਵਜੋਂ, ਉਸ ਨੇ ਭੈਣਾਂ-ਭਰਾਵਾਂ ਪ੍ਰਤੀ ਸਹੀ ਨਜ਼ਰੀਆ ਰੱਖਣਾ ਸ਼ੁਰੂ ਕਰ ਦਿੱਤਾ। ਉਹ ਦੱਸਦੀ ਹੈ: “ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਿਹੜੇ ਗੁਣਾਂ ਕਰਕੇ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਨ।” ਸਾਡੇ ਬਾਰੇ ਕੀ? ਅਸੀਂ 1 ਪਤ. 2:17.
ਕਦੀ ਵੀ ਆਪਣੀ ਪੜ੍ਹਾਈ-ਲਿਖਾਈ ਕਰਕੇ ਆਪਣੇ ਆਪ ਨੂੰ ਦੂਜਿਆਂ ਤੋਂ ਵਧੀਆ ਨਹੀਂ ਸਮਝਣਾ ਚਾਹੁੰਦੇ! “ਸਾਰੇ ਭਰਾਵਾਂ ਨਾਲ ਪਿਆਰ” ਹੋਣ ਕਰਕੇ ਅਸੀਂ ਪੱਖਪਾਤ ਕਰਨ ਤੋਂ ਬਚਾਂਗੇ।—ਪਰਾਹੁਣਚਾਰੀ ਕਰੋ
14. ਇਬਰਾਨੀਆਂ 13:16 ਅਨੁਸਾਰ ਯਹੋਵਾਹ ਨੂੰ ਕਿਵੇਂ ਲੱਗਦਾ ਹੈ ਜਦੋਂ ਅਸੀਂ ਦੂਜਿਆਂ ਦੀ ਪਰਾਹੁਣਚਾਰੀ ਕਰਦੇ ਹਾਂ?
14 ਯਹੋਵਾਹ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਦੂਜਿਆਂ ਦੀ ਪਰਾਹੁਣਚਾਰੀ ਕਰਦੇ ਹਾਂ। (ਇਬਰਾਨੀਆਂ 13:16 ਪੜ੍ਹੋ।) ਉਹ ਇਸ ਨੂੰ ਸਾਡੀ ਭਗਤੀ ਦਾ ਹਿੱਸਾ ਮੰਨਦਾ ਹੈ, ਖ਼ਾਸ ਕਰਕੇ ਜਦੋਂ ਅਸੀਂ ਲੋੜਵੰਦ ਦੀ ਮਦਦ ਕਰਦੇ ਹਾਂ। (ਯਾਕੂ. 1:27; 2:14-17) ਇਸ ਲਈ ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ: “ਪਰਾਹੁਣਚਾਰੀ ਕਰਨ ਵਿਚ ਲੱਗੇ ਰਹੋ।” (ਰੋਮੀ. 12:13) ਪਰਾਹੁਣਚਾਰੀ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਦੂਜਿਆਂ ਦੀ ਪਰਵਾਹ ਕਰਦੇ ਹਾਂ, ਉਨ੍ਹਾਂ ਨੂੰ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦੇ ਦੋਸਤ ਬਣਨਾ ਚਾਹੁੰਦੇ ਹਾਂ। ਯਹੋਵਾਹ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਦੂਜਿਆਂ ਨਾਲ ਖਾਣ-ਪੀਣ ਦੀਆਂ ਚੀਜ਼ਾਂ ਸਾਂਝੀਆਂ ਕਰਦੇ ਹਾਂ, ਉਨ੍ਹਾਂ ਨਾਲ ਸਮਾਂ ਬਿਤਾਉਂਦੇ ਹਾਂ ਜਾਂ ਉਨ੍ਹਾਂ ਵੱਲ ਧਿਆਨ ਦਿੰਦੇ ਹਾਂ। (1 ਪਤ. 4:8-10) ਪਰ ਕੁਝ ਗੱਲਾਂ ਕਰਕੇ ਸਾਡੇ ਲਈ ਪਰਾਹੁਣਚਾਰੀ ਦਿਖਾਉਣੀ ਔਖੀ ਹੋ ਸਕਦੀ ਹੈ।
15-16. (ੳ) ਕੁਝ ਜਣੇ ਸ਼ਾਇਦ ਪਰਾਹੁਣਚਾਰੀ ਕਰਨ ਤੋਂ ਕਿਉਂ ਝਿਜਕਣ? (ਅ) ਕਿਸ ਗੱਲ ਨੇ ਐਡਿਟ ਦੀ ਪਰਾਹੁਣਚਾਰੀ ਕਰਨ ਵਿਚ ਮਦਦ ਕੀਤੀ?
15 ਅਸੀਂ ਸ਼ਾਇਦ ਆਪਣੇ ਹਾਲਾਤਾਂ ਜਾਂ ਪਿਛੋਕੜ ਤੇ ਪੁਰਾਣੀਆਂ ਆਦਤਾਂ ਕਰਕੇ ਪਰਾਹੁਣਚਾਰੀ ਦਿਖਾਉਣ ਤੋਂ ਝਿਜਕੀਏ। ਜ਼ਰਾ ਐਡਿਟ ਨਾਂ ਦੀ ਵਿਧਵਾ ਭੈਣ ਦੀ ਮਿਸਾਲ ’ਤੇ ਗੌਰ ਕਰੋ। ਗਵਾਹ ਬਣਨ ਤੋਂ ਪਹਿਲਾਂ ਉਹ ਲੋਕਾਂ ਨਾਲ ਜ਼ਿਆਦਾ ਮਿਲਣਾ-ਜੁਲਣਾ ਪਸੰਦ ਨਹੀਂ ਕਰਦੀ ਸੀ। ਐਡਿਟ ਨੂੰ ਲੱਗਦਾ ਸੀ ਕਿ ਦੂਜੇ ਜਣੇ ਵਧੀਆ ਤਰੀਕੇ ਨਾਲ ਪਰਾਹੁਣਚਾਰੀ ਦਿਖਾ ਸਕਦੇ ਸਨ।
16 ਗਵਾਹ ਬਣਨ ਤੋਂ ਬਾਅਦ ਐਡਿਟ ਨੇ ਆਪਣੀ ਸੋਚ ਬਦਲੀ। ਉਸ ਨੇ ਪਰਾਹੁਣਚਾਰੀ ਕਰਨ ਲਈ ਕਦਮ ਚੁੱਕੇ। ਉਹ ਦੱਸਦੀ ਹੈ: “ਜਦੋਂ ਸਾਡਾ ਨਵਾਂ ਕਿੰਗਡਮ ਹਾਲ ਬਣ ਰਿਹਾ ਸੀ, ਤਾਂ ਇਕ ਬਜ਼ੁਰਗ ਨੇ ਮੈਨੂੰ ਦੱਸਿਆ ਕਿ ਇਕ ਜੋੜਾ ਇਸ ਕੰਮ ਵਿਚ ਮਦਦ ਕਰਨ ਲਈ ਆ ਰਿਹਾ ਹੈ ਤੇ ਪੁੱਛਿਆ ਕਿ ਜੇ ਮੈਂ ਉਨ੍ਹਾਂ ਨੂੰ ਦੋ ਹਫ਼ਤਿਆਂ ਲਈ ਆਪਣੇ ਘਰ ਰੱਖ ਸਕਾਂ। ਮੈਨੂੰ ਯਾਦ ਸੀ ਕਿ ਯਹੋਵਾਹ ਨੇ ਸਾਰਫਥ ਦੀ ਵਿਧਵਾ ਨੂੰ ਬਰਕਤਾਂ ਦਿੱਤੀਆਂ ਸਨ।” (1 ਰਾਜ. 17:12-16) ਐਡਿਟ ਉਨ੍ਹਾਂ ਨੂੰ ਆਪਣੇ ਘਰ ਰੱਖਣ ਲਈ ਮੰਨ ਗਈ। ਕੀ ਉਸ ਨੂੰ ਬਰਕਤਾਂ ਮਿਲੀਆਂ? ਉਹ ਦੱਸਦੀ ਹੈ: “ਉਹ ਦੋ ਹਫ਼ਤੇ ਨਹੀਂ, ਸਗੋਂ ਦੋ ਮਹੀਨੇ ਮੇਰੇ ਕੋਲ ਰਹੇ। ਇਸ ਸਮੇਂ ਦੌਰਾਨ ਸਾਡੇ ਵਿਚ ਗੂੜ੍ਹੀ ਦੋਸਤੀ ਹੋ ਗਈ।” ਮੰਡਲੀ ਵਿਚ ਵੀ ਐਡਿਟ ਦੇ ਬਹੁਤ ਸਾਰੇ ਦੋਸਤ ਬਣ ਗਏ। ਉਹ ਹੁਣ ਪਾਇਨੀਅਰ ਵਜੋਂ ਸੇਵਾ ਕਰਦੀ ਹੈ ਅਤੇ ਜਿਨ੍ਹਾਂ ਨਾਲ ਉਹ ਪ੍ਰਚਾਰ ਜਾਂ ਸਟੱਡੀਆਂ ’ਤੇ ਜਾਂਦੀ ਹੈ, ਉਹ ਬਾਅਦ ਵਿਚ ਉਸ ਦੇ ਘਰ ਚਾਹ-ਪਾਣੀ ਪੀਣ ਆਉਂਦੇ ਹਨ। ਉਹ ਦੱਸਦੀ ਹੈ: “ਭਾਵੇਂ ਦੇਣ ਵਿਚ ਮੈਨੂੰ ਖ਼ੁਸ਼ੀ ਮਿਲਦੀ ਹੈ ਅਤੇ ਸੱਚਾਈ ਇਹ ਹੈ ਕਿ ਬਦਲੇ ਵਿਚ ਮੈਨੂੰ ਵੀ ਬਹੁਤ ਬਰਕਤਾਂ ਮਿਲਦੀਆਂ ਹਨ!”—ਇਬ. 13:1, 2.
17. ਲੂਕ ਤੇ ਉਸ ਦੀ ਪਤਨੀ ਨੂੰ ਕੀ ਅਹਿਸਾਸ ਹੋਇਆ?
17 ਅਸੀਂ ਸ਼ਾਇਦ ਪਹਿਲਾਂ ਤੋਂ ਹੀ ਪਰਾਹੁਣਚਾਰੀ ਕਰਦੇ ਹੋਈਏ, ਪਰ ਕੀ ਅਸੀਂ ਇਸ ਵਿਚ ਸੁਧਾਰ ਕਰ ਸਕਦੇ ਹਾਂ? ਮਿਸਾਲ ਲਈ, ਲੂਕ ਅਤੇ ਉਸ ਦੀ ਪਤਨੀ ਪਰਾਹੁਣਚਾਰੀ ਕਰਦੇ ਹਨ। ਉਹ ਆਪਣੇ ਮਾਪਿਆਂ, ਰਿਸ਼ਤੇਦਾਰਾਂ, ਕਰੀਬੀ ਦੋਸਤਾਂ ਅਤੇ ਸਰਕਟ ਓਵਰਸੀਅਰ ਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਆਪਣੇ ਘਰ ਬੁਲਾਉਂਦੇ ਹੁੰਦੇ ਸਨ। ਪਰ ਲੂਕ ਦੱਸਦਾ ਹੈ: “ਸਾਨੂੰ ਅਹਿਸਾਸ ਹੋਇਆ ਕਿ ਅਸੀਂ ਸਿਰਫ਼ ਉਨ੍ਹਾਂ ਨੂੰ ਹੀ ਬੁਲਾਉਂਦੇ ਹਾਂ ਜੋ ਸਾਡੇ ਨੇੜੇ ਸਨ।” ਲੂਕ ਤੇ ਉਸ ਦੀ ਪਤਨੀ ਨੇ ਪਰਾਹੁਣਚਾਰੀ ਕਰਨ ਦੇ ਮਾਮਲੇ ਵਿਚ ਸੁਧਾਰ ਕਿਵੇਂ ਕੀਤਾ?
18. ਲੂਕ ਤੇ ਉਸ ਦੀ ਪਤਨੀ ਨੇ ਪਰਾਹੁਣਚਾਰੀ ਕਰਨ ਦੇ ਮਾਮਲੇ ਵਿਚ ਸੁਧਾਰ ਕਿਵੇਂ ਕੀਤਾ?
18 ਲੂਕ ਅਤੇ ਉਸ ਦੀ ਪਤਨੀ ਨੇ ਯਿਸੂ ਦੇ ਸ਼ਬਦਾਂ ’ਤੇ ਸੋਚ-ਵਿਚਾਰ ਕਰਦਿਆਂ ਆਪਣਾ ਨਜ਼ਰੀਆ ਬਦਲਿਆ: “ਜੇ ਤੁਸੀਂ ਸਿਰਫ਼ ਉਨ੍ਹਾਂ ਨਾਲ ਹੀ ਪਿਆਰ ਕਰਦੇ ਹੋ ਜੋ ਤੁਹਾਡੇ ਨਾਲ ਪਿਆਰ ਕਰਦੇ ਹਨ, ਤਾਂ ਕੀ ਤੁਹਾਨੂੰ ਕੋਈ ਇਨਾਮ ਮਿਲੇਗਾ?” (ਮੱਤੀ 5:45-47) ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਖੁੱਲ੍ਹੇ ਦਿਲ ਵਾਲੇ ਪਰਮੇਸ਼ੁਰ ਯਹੋਵਾਹ ਦੀ ਰੀਸ ਕਰਨ ਦੀ ਲੋੜ ਸੀ। ਇਸ ਲਈ ਉਨ੍ਹਾਂ ਨੇ ਉਨ੍ਹਾਂ ਭੈਣਾਂ-ਭਰਾਵਾਂ ਨੂੰ ਆਪਣੇ ਘਰ ਬੁਲਾਉਣ ਦਾ ਫ਼ੈਸਲਾ ਕੀਤਾ ਜਿਨ੍ਹਾਂ ਨੂੰ ਉਨ੍ਹਾਂ ਨੇ ਕਦੇ ਨਹੀਂ ਬੁਲਾਇਆ ਸੀ। ਲੂਕ ਕਹਿੰਦਾ ਹੈ: “ਸਾਨੂੰ ਸਾਰਿਆਂ ਨੂੰ ਹੁਣ ਇਕੱਠੇ ਸਮਾਂ ਬਿਤਾ ਕੇ ਮਜ਼ਾ ਆਉਂਦਾ ਹੈ। ਸਾਰੇ ਜਣਿਆਂ ਨੂੰ ਹੌਸਲਾ ਮਿਲਦਾ ਹੈ ਅਤੇ ਅਸੀਂ ਇਕ-ਦੂਜੇ ਦੇ ਅਤੇ ਯਹੋਵਾਹ ਦੇ ਹੋਰ ਨੇੜੇ ਮਹਿਸੂਸ ਕਰਦੇ ਹਾਂ।”
19. ਅਸੀਂ ਕਿਵੇਂ ਸਾਬਤ ਕਰਦੇ ਹਾਂ ਕਿ ਅਸੀਂ ਯਿਸੂ ਦੇ ਚੇਲੇ ਹਾਂ ਅਤੇ ਤੁਸੀਂ ਕੀ ਕਰਨ ਦਾ ਇਰਾਦਾ ਕੀਤਾ ਹੈ?
19 ਅਸੀਂ ਦੇਖਿਆ ਹੈ ਕਿ ਇਕ-ਦੂਸਰੇ ਨਾਲ ਦਿਲੋਂ ਗੂੜ੍ਹਾ ਪਿਆਰ ਕਰਨ ਕਰਕੇ ਸਾਡੀ ਸ਼ਾਂਤੀ ਕਾਇਮ ਕਰਨ, ਪੱਖਪਾਤ ਨਾ ਕਰਨ ਅਤੇ ਪਰਾਹੁਣਚਾਰੀ ਕਰਨ ਵਿਚ ਮਦਦ ਹੋ ਸਕਦੀ ਹੈ। ਸਾਨੂੰ ਹਰ ਤਰ੍ਹਾਂ ਦੀ ਗ਼ਲਤ ਸੋਚ ’ਤੇ ਕਾਬੂ ਪਾਉਣਾ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਗੂੜ੍ਹਾ ਪਿਆਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਕਰਕੇ ਸਾਨੂੰ ਖ਼ੁਸ਼ੀ ਮਿਲੇਗੀ ਅਤੇ ਅਸੀਂ ਸਾਬਤ ਕਰਾਂਗੇ ਕਿ ਅਸੀਂ ਸੱਚ-ਮੁੱਚ ਯਿਸੂ ਦੇ ਚੇਲੇ ਹਾਂ।—ਯੂਹੰ. 13:17, 35.
ਗੀਤ 11 ਯਹੋਵਾਹ ਦਾ ਜੀ ਆਨੰਦ ਕਰੋ
^ ਪੈਰਾ 5 ਯਿਸੂ ਨੇ ਕਿਹਾ ਸੀ ਕਿ ਪਿਆਰ ਸੱਚੇ ਮਸੀਹੀਆਂ ਦੀ ਪਛਾਣ ਹੈ। ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਸਾਨੂੰ ਸ਼ਾਂਤੀ ਕਾਇਮ ਕਰਨ, ਪੱਖਪਾਤ ਨਾ ਕਰਨ ਅਤੇ ਪਰਾਹੁਣਚਾਰੀ ਕਰਨ ਲਈ ਪ੍ਰੇਰਿਤ ਕਰਦਾ ਹੈ। ਸ਼ਾਇਦ ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਾ ਹੋਵੇ। ਇਸ ਲੇਖ ਵਿਚ ਵਧੀਆ ਸੁਝਾਅ ਦਿੱਤੇ ਗਏ ਹਨ ਕਿ ਅਸੀਂ ਇਕ-ਦੂਜੇ ਨਾਲ ਗੂੜ੍ਹਾ ਪਿਆਰ ਕਿਵੇਂ ਕਰਦੇ ਰਹਿ ਸਕਦੇ ਹਾਂ।
^ ਪੈਰਾ 5 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।
^ ਪੈਰਾ 57 ਤਸਵੀਰਾਂ ਬਾਰੇ ਜਾਣਕਾਰੀ: ਇਕ ਭੈਣ ਸ਼ਾਂਤੀ ਕਾਇਮ ਕਰਨ ਵਿਚ ਨਾਕਾਮ ਹੋਈ, ਪਰ ਉਹ ਕੋਸ਼ਿਸ਼ ਕਰਦੀ ਰਹਿੰਦੀ ਹੈ। ਅਖ਼ੀਰ ਉਹ ਆਪਣੀਆਂ ਕੋਸ਼ਿਸ਼ਾਂ ਵਿਚ ਸਫ਼ਲ ਹੁੰਦੀ ਹੈ।
^ ਪੈਰਾ 59 ਤਸਵੀਰਾਂ ਬਾਰੇ ਜਾਣਕਾਰੀ: ਇਕ ਸਿਆਣੀ ਉਮਰ ਦਾ ਭਰਾ ਮੰਡਲੀ ਵਿਚ ਇਕੱਲਾ ਮਹਿਸੂਸ ਕਰਦਾ ਹੋਇਆ।
^ ਪੈਰਾ 61 ਤਸਵੀਰਾਂ ਬਾਰੇ ਜਾਣਕਾਰੀ: ਇਕ ਭੈਣ ਪਹਿਲਾਂ-ਪਹਿਲ ਪਰਾਹੁਣਚਾਰੀ ਕਰਨ ਤੋਂ ਝਿਜਕਦੀ ਸੀ, ਪਰ ਆਪਣੀ ਸੋਚ ਬਦਲਣ ਕਰਕੇ ਉਸ ਨੂੰ ਖ਼ੁਸ਼ੀ ਮਿਲੀ।