ਅਧਿਐਨ ਲੇਖ 6
ਬਾਈਬਲ ਤੋਂ ਇਸ ਦੇ ਲਿਖਾਰੀ ਬਾਰੇ ਕੀ ਪਤਾ ਲੱਗਦਾ ਹੈ?
“ਮੈਂ ਜੋ ਗੱਲਾਂ ਤੈਨੂੰ ਕਹੀਆਂ ਹਨ, ਉਹ ਸਾਰੀਆਂ ਗੱਲਾਂ ਇਕ ਕਿਤਾਬ ਵਿਚ ਲਿਖ ਲੈ।”—ਯਿਰ. 30:2.
ਗੀਤ 96 ਰੱਬ ਦੀ ਕਿਤਾਬ—ਇਕ ਖ਼ਜ਼ਾਨਾ
ਖ਼ਾਸ ਗੱਲਾਂ a
1. ਤੁਸੀਂ ਬਾਈਬਲ ਲਈ ਯਹੋਵਾਹ ਦੇ ਕਿਉਂ ਸ਼ੁਕਰਗੁਜ਼ਾਰ ਹੋ?
ਅਸੀਂ ਬਾਈਬਲ ਲਈ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ! ਆਪਣੇ ਬਚਨ ਰਾਹੀਂ ਉਸ ਨੇ ਸਾਨੂੰ ਵਧੀਆ ਸਲਾਹਾਂ ਦਿੱਤੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਮੁਸ਼ਕਲਾਂ ਨੂੰ ਸਹਿ ਪਾਉਂਦੇ ਹਾਂ। ਉਸ ਨੇ ਸਾਨੂੰ ਭਵਿੱਖ ਲਈ ਸ਼ਾਨਦਾਰ ਉਮੀਦ ਦਿੱਤੀ ਹੈ। ਪਰ ਸਭ ਤੋਂ ਜ਼ਿਆਦਾ ਉਸ ਨੇ ਬਾਈਬਲ ਦੇ ਜ਼ਰੀਏ ਸਾਨੂੰ ਦੱਸਿਆ ਹੈ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ ਅਤੇ ਉਸ ਵਿਚ ਕਿਹੜੇ ਗੁਣ ਹਨ। ਜਦੋਂ ਅਸੀਂ ਯਹੋਵਾਹ ਦੇ ਸ਼ਾਨਦਾਰ ਗੁਣਾਂ ʼਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਇਹ ਸਾਡੇ ਦਿਲਾਂ ਨੂੰ ਛੂਹ ਜਾਂਦੇ ਹਨ। ਫਿਰ ਸਾਡਾ ਦਿਲ ਕਰਦਾ ਹੈ ਕਿ ਅਸੀਂ ਉਸ ਨਾਲ ਗੂੜ੍ਹੀ ਦੋਸਤੀ ਕਰ ਕੇ ਉਸ ਦੇ ਹੋਰ ਵੀ ਨੇੜੇ ਜਾਈਏ।—ਜ਼ਬੂ. 25:14.
2. ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਰਾਹੀਂ ਇਨਸਾਨਾਂ ਨੂੰ ਆਪਣੇ ਬਾਰੇ ਦੱਸਿਆ?
2 ਯਹੋਵਾਹ ਚਾਹੁੰਦਾ ਹੈ ਕਿ ਇਨਸਾਨ ਉਸ ਬਾਰੇ ਜਾਣਨ। ਇਸ ਲਈ ਪੁਰਾਣੇ ਸਮੇਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਸੁਪਨੇ ਤੇ ਦਰਸ਼ਣ ਦਿਖਾ ਕੇ ਅਤੇ ਦੂਤਾਂ ਰਾਹੀਂ ਆਪਣੇ ਬਾਰੇ ਦੱਸਿਆ। ਪਰ ਜ਼ਰਾ ਸੋਚੋ, ਜੇ ਯਹੋਵਾਹ ਉਨ੍ਹਾਂ ਸੁਪਨਿਆਂ, ਦਰਸ਼ਣਾਂ ਅਤੇ ਦੂਤਾਂ ਰਾਹੀਂ ਦਿੱਤੇ ਸੰਦੇਸ਼ਾਂ ਨੂੰ ਨਾ ਲਿਖਵਾਉਂਦਾ, ਤਾਂ ਕੀ ਸਾਨੂੰ ਉਨ੍ਹਾਂ ਬਾਰੇ ਪਤਾ ਲੱਗਣਾ ਸੀ? (ਗਿਣ. 12:6; ਰਸੂ. 10:3, 4) ਇਸੇ ਕਰਕੇ ਯਹੋਵਾਹ ਆਪਣੇ ਬਾਰੇ ਜੋ ਵੀ ਇਨਸਾਨਾਂ ਨੂੰ ਦੱਸਣਾ ਚਾਹੁੰਦਾ ਸੀ, ਉਹ ਸਭ ਉਸ ਨੇ ਕੁਝ ਆਦਮੀਆਂ ਰਾਹੀਂ “ਇਕ ਕਿਤਾਬ ਵਿਚ” ਲਿਖਵਾ ਦਿੱਤਾ। (ਯਿਰ. 30:2) “ਸੱਚੇ ਪਰਮੇਸ਼ੁਰ ਦਾ ਕੰਮ ਖਰਾ ਹੈ,” ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਸ ਨੇ ਇਨਸਾਨਾਂ ਨਾਲ ਗੱਲ ਕਰਨ ਲਈ ਬਾਈਬਲ ਲਿਖਵਾ ਕੇ ਬਿਲਕੁਲ ਸਹੀ ਕੀਤਾ। ਨਾਲੇ ਉਸ ਦੇ ਬਚਨ ਵਿਚ ਦਰਜ ਗੱਲਾਂ ʼਤੇ ਚੱਲ ਕੇ ਸਾਡਾ ਭਲਾ ਹੁੰਦਾ ਹੈ।—ਜ਼ਬੂ. 18:30.
3. ਯਹੋਵਾਹ ਨੇ ਸਾਡੇ ਤਕ ਬਾਈਬਲ ਸਹੀ-ਸਲਾਮਤ ਕਿਵੇਂ ਪਹੁੰਚਾਈ? (ਯਸਾਯਾਹ 40:8)
3 ਯਸਾਯਾਹ 40:8 ਪੜ੍ਹੋ। ਪਰਮੇਸ਼ੁਰ ਨੇ ਆਪਣੇ ਬਚਨ ਵਿਚ ਜੋ ਵਧੀਆ ਸਲਾਹਾਂ ਲਿਖਵਾਈਆਂ ਹਨ, ਉਨ੍ਹਾਂ ਤੋਂ ਵਫ਼ਾਦਾਰ ਇਨਸਾਨਾਂ ਨੂੰ ਹਜ਼ਾਰਾਂ ਸਾਲਾਂ ਤੋਂ ਫ਼ਾਇਦਾ ਹੁੰਦਾ ਆ ਰਿਹਾ ਹੈ। ਇਹ ਕਿੱਦਾਂ ਹੋ ਸਕਿਆ? ਦੇਖਿਆ ਜਾਵੇ ਤਾਂ ਬਾਈਬਲ ਨੂੰ ਜਿਨ੍ਹਾਂ ਚੀਜ਼ਾਂ ʼਤੇ ਲਿਖਿਆ ਗਿਆ ਸੀ, ਉਹ ਸਾਲਾਂ ਦੇ ਬੀਤਣ ਨਾਲ ਖ਼ਰਾਬ ਹੋ ਗਈਆਂ ਅਤੇ ਅੱਜ ਮੁਢਲੀਆਂ ਹੱਥ-ਲਿਖਤਾਂ ਮੌਜੂਦ ਨਹੀਂ ਹਨ। ਪਰ ਯਹੋਵਾਹ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਮੁਢਲੀਆਂ ਹੱਥ-ਲਿਖਤਾਂ ਦੀਆਂ ਨਕਲਾਂ ਤਿਆਰ ਕੀਤੀਆਂ ਜਾਣ। ਚਾਹੇ ਕਿ ਨਕਲਾਂ ਤਿਆਰ ਕਰਨ ਵਾਲੇ ਨਾਮੁਕੰਮਲ ਸਨ, ਪਰ ਉਨ੍ਹਾਂ ਨੇ ਬੜੇ ਧਿਆਨ ਨਾਲ ਇਨ੍ਹਾਂ ਨੂੰ ਤਿਆਰ ਕੀਤਾ। ਉਦਾਹਰਣ ਲਈ, ਇਬਰਾਨੀ ਲਿਖਤਾਂ ਬਾਰੇ ਇਕ ਵਿਦਵਾਨ ਨੇ ਕਿਹਾ: “ਅਸੀਂ ਬੇਝਿਜਕ ਹੋ ਕੇ ਕਹਿ ਸਕਦੇ ਹਾਂ ਕਿ ਪ੍ਰਾਚੀਨ ਸਮੇਂ ਦੀ ਹੋਰ ਕੋਈ ਵੀ ਅਜਿਹੀ ਕਿਤਾਬ ਨਹੀਂ ਹੈ ਜੋ ਸਾਡੇ ਤਕ ਸਹੀ-ਸਹੀ ਪਹੁੰਚਾਈ ਗਈ ਹੋਵੇ।” ਤਾਂ ਫਿਰ ਅਸੀਂ ਕਿਹੜੀ ਗੱਲ ਦਾ ਭਰੋਸਾ ਰੱਖ ਸਕਦੇ ਹਾਂ? ਚਾਹੇ ਬਾਈਬਲ ਨੂੰ ਲਿਖਿਆਂ ਹਜ਼ਾਰਾਂ ਸਾਲ ਬੀਤ ਚੁੱਕੇ ਹਨ ਤੇ ਜਿਨ੍ਹਾਂ ਚੀਜ਼ਾਂ ʼਤੇ ਇਹ ਲਿਖੀ ਗਈ ਸੀ, ਉਹ ਸਾਲਾਂ ਦੇ ਬੀਤਣ ਨਾਲ ਖ਼ਰਾਬ ਹੋ ਗਈਆਂ ਅਤੇ ਇਸ ਦੀਆਂ ਨਕਲਾਂ ਤਿਆਰ ਕਰਨ ਵਾਲੇ ਨਾਮੁਕੰਮਲ ਸਨ, ਫਿਰ ਵੀ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਅੱਜ ਅਸੀਂ ਬਾਈਬਲ ਵਿੱਚੋਂ ਜੋ ਵੀ ਪੜ੍ਹਦੇ ਹਾਂ, ਉਹ ਇਸ ਦੇ ਲਿਖਾਰੀ ਯਹੋਵਾਹ ਦੇ ਹੀ ਵਿਚਾਰ ਹਨ।
4. ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?
4 ਯਹੋਵਾਹ ਹੀ ਸਾਨੂੰ “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ” ਦਿੰਦਾ ਹੈ। (ਯਾਕੂ. 1:17) ਯਹੋਵਾਹ ਨੇ ਸਾਨੂੰ ਬਾਈਬਲ ਦੇ ਕੇ ਸਭ ਤੋਂ ਵਧੀਆ ਤੋਹਫ਼ਾ ਦਿੱਤਾ ਹੈ। ਜਦੋਂ ਕੋਈ ਇਨਸਾਨ ਸਾਨੂੰ ਤੋਹਫ਼ਾ ਦਿੰਦਾ ਹੈ, ਤਾਂ ਉਸ ਤੋਂ ਪਤਾ ਲੱਗਦਾ ਹੈ ਕਿ ਉਹ ਸਾਡੇ ਬਾਰੇ ਅਤੇ ਸਾਡੀਆਂ ਲੋੜਾਂ ਬਾਰੇ ਕਿੰਨੀ ਚੰਗੀ ਤਰ੍ਹਾਂ ਜਾਣਦਾ ਹੈ। ਇਹੀ ਗੱਲ ਬਾਈਬਲ ਨੂੰ ਦੇਣ ਵਾਲੇ ਪਰਮੇਸ਼ੁਰ ਬਾਰੇ ਵੀ ਬਿਲਕੁਲ ਸੱਚ ਹੈ। ਜਦੋਂ ਅਸੀਂ ਬਾਈਬਲ ʼਤੇ ਧਿਆਨ ਨਾਲ ਗੌਰ ਕਰਦੇ ਹਾਂ, ਤਾਂ ਅਸੀਂ ਯਹੋਵਾਹ ਬਾਰੇ ਬਹੁਤ ਕੁਝ ਸਿੱਖ ਪਾਉਂਦੇ ਹਾਂ। ਅਸੀਂ ਇਹ ਵੀ ਸਿੱਖ ਪਾਉਂਦੇ ਹਾਂ ਕਿ ਉਹ ਸਾਨੂੰ ਤੇ ਸਾਡੀਆਂ ਲੋੜਾਂ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹੈ। ਬੁੱਧ, ਨਿਆਂ ਅਤੇ ਪਿਆਰ ਯਹੋਵਾਹ ਦੇ ਤਿੰਨ ਮੁੱਖ ਗੁਣ ਹਨ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਬਾਈਬਲ ਤੋਂ ਸਾਨੂੰ ਯਹੋਵਾਹ ਦੇ ਇਨ੍ਹਾਂ ਗੁਣਾਂ ਬਾਰੇ ਕਿਵੇਂ ਪਤਾ ਲੱਗਦਾ ਹੈ। ਪਰ ਆਓ ਆਪਾਂ ਸਭ ਤੋਂ ਪਹਿਲਾਂ ਬਾਈਬਲ ਵਿੱਚੋਂ ਪਰਮੇਸ਼ੁਰ ਦੀ ਬੁੱਧ ਬਾਰੇ ਜਾਣੀਏ।
ਬਾਈਬਲ ਤੋਂ ਪਰਮੇਸ਼ੁਰ ਦੀ ਬੁੱਧ ਬਾਰੇ ਪਤਾ ਲੱਗਦਾ ਹੈ
5. ਬਾਈਬਲ ਤੋਂ ਪਰਮੇਸ਼ੁਰ ਦੀ ਬੁੱਧ ਬਾਰੇ ਕਿਵੇਂ ਪਤਾ ਲੱਗਦਾ ਹੈ?
5 ਯਹੋਵਾਹ ਜਾਣਦਾ ਹੈ ਕਿ ਸਾਨੂੰ ਉਸ ਦੀਆਂ ਵਧੀਆ ਸਲਾਹਾਂ ਦੀ ਬਹੁਤ ਲੋੜ ਹੈ। ਇਸ ਲਈ ਉਸ ਨੇ ਸਾਨੂੰ ਤੋਹਫ਼ੇ ਵਿਚ ਬਾਈਬਲ ਦਿੱਤੀ ਹੈ ਜੋ ਬੁੱਧ ਦੀਆਂ ਸਲਾਹਾਂ ਨਾਲ ਭਰਪੂਰ ਹੈ। ਇਸ ਵਿਚ ਦਿੱਤੀਆਂ ਸਲਾਹਾਂ ਨੂੰ ਮੰਨ ਕੇ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ ਅਤੇ ਇਹ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਪੂਰੀ ਤਰ੍ਹਾਂ ਬਦਲ ਦਿੰਦੀ ਹੈ। ਜਦੋਂ ਮੂਸਾ ਨੇ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਲਿਖੀਆਂ, ਤਾਂ ਉਸ ਨੇ ਇਜ਼ਰਾਈਲੀਆਂ ਨੂੰ ਕਿਹਾ: “ਇਹ ਫੋਕੀਆਂ ਗੱਲਾਂ ਨਹੀਂ ਹਨ, ਸਗੋਂ ਤੁਹਾਡੀ ਜ਼ਿੰਦਗੀ ਇਨ੍ਹਾਂ ʼਤੇ ਨਿਰਭਰ ਕਰਦੀ ਹੈ।” (ਬਿਵ. 32:47) ਜਿਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੇ ਬਚਨ ਵਿਚ ਦਰਜ ਸਲਾਹਾਂ ਨੂੰ ਮੰਨਿਆ, ਉਹ ਆਪਣੇ ਹਰ ਕੰਮ ਵਿਚ ਕਾਮਯਾਬ ਹੋਏ ਅਤੇ ਉਨ੍ਹਾਂ ਦੀ ਜ਼ਿੰਦਗੀ ਖ਼ੁਸ਼ਹਾਲ ਸੀ। (ਜ਼ਬੂ. 1:2, 3) ਸਮੇਂ ਦੇ ਬੀਤਣ ਨਾਲ ਪਰਮੇਸ਼ੁਰ ਦੇ ਬਚਨ ਦੀ ਤਾਕਤ ਘਟੀ ਨਹੀਂ ਹੈ, ਸਗੋਂ ਅੱਜ ਵੀ ਇਹ ਲੋਕਾਂ ਦੀਆਂ ਜ਼ਿੰਦਗੀਆਂ ʼਤੇ ਅਸਰ ਪਾ ਰਹੀ ਹੈ। ਉਦਾਹਰਣ ਲਈ, jw.org/pa ʼਤੇ “ਲੜੀਵਾਰ ਲੇਖ” ਹੇਠਾਂ “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਵਿਚ ਬਹੁਤ ਸਾਰੇ ਭੈਣਾਂ-ਭਰਾਵਾਂ ਦੇ ਤਜਰਬੇ ਦਿੱਤੇ ਗਏ ਹਨ। ਉਨ੍ਹਾਂ ਦੇ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਜ਼ਬਰਦਸਤ ਤਰੀਕੇ ਨਾਲ ‘[ਉਨ੍ਹਾਂ ਦੀਆਂ] ਜ਼ਿੰਦਗੀਆਂ ਉੱਤੇ ਪ੍ਰਭਾਵ ਪਾ ਰਹੀ ਹੈ।’—1 ਥੱਸ. 2:13.
6. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਦੁਨੀਆਂ ਦੀ ਕੋਈ ਵੀ ਕਿਤਾਬ ਪਰਮੇਸ਼ੁਰ ਦੇ ਬਚਨ ਦਾ ਮੁਕਾਬਲਾ ਨਹੀਂ ਕਰ ਸਕਦੀ?
6 ਦੁਨੀਆਂ ਦੀ ਹੋਰ ਕੋਈ ਵੀ ਕਿਤਾਬ ਪਰਮੇਸ਼ੁਰ ਦੇ ਬਚਨ ਦਾ ਮੁਕਾਬਲਾ ਨਹੀਂ ਕਰ ਸਕਦੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਦੇਖਿਆ ਜਾਵੇ ਤਾਂ ਦੁਨੀਆਂ ਦੀਆਂ ਹੋਰ ਕਿਤਾਬਾਂ ਦੇ ਲਿਖਾਰੀਆਂ ਦੀ ਇਕ ਨਾ ਇਕ ਦਿਨ ਮੌਤ ਹੋ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਕਿਤਾਬਾਂ ਵਿਚ ਲਿਖੀਆਂ ਸਲਾਹਾਂ ਸਮੇਂ ਦੇ ਬੀਤਣ ਨਾਲ ਕਿਸੇ ਕੰਮ ਨਹੀਂ ਆਉਂਦੀਆਂ। ਪਰ ਬਾਈਬਲ ਦਾ ਲਿਖਾਰੀ ਯਹੋਵਾਹ ਪਰਮੇਸ਼ੁਰ ਸਰਬਸ਼ਕਤੀਮਾਨ ਹੈ, ਉਹ ਕਦੇ ਮਰਦਾ ਨਹੀਂ ਅਤੇ ਉਹ ਅਥਾਹ ਬੁੱਧ ਦਾ ਮਾਲਕ ਹੈ। ਇਸ ਲਈ ਬਾਈਬਲ ਵਿਚ ਦਿੱਤੀਆਂ ਸਲਾਹਾਂ ਅਤੇ ਅਸੂਲ ਹਮੇਸ਼ਾ ਕੰਮ ਆਉਂਦੇ ਹਨ ਅਤੇ ਹਰ ਜ਼ਮਾਨੇ ਦੇ ਲੋਕਾਂ ਨੂੰ ਇਸ ਤੋਂ ਫ਼ਾਇਦਾ ਹੁੰਦਾ ਹੈ। ਜਦੋਂ ਅਸੀਂ ਇਸ ਪਵਿੱਤਰ ਕਿਤਾਬ ਨੂੰ ਪੜ੍ਹਦੇ ਹਾਂ ਅਤੇ ਇਸ ʼਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਇਸ ਦਾ ਲਿਖਾਰੀ ਸਾਨੂੰ ਆਪਣੀ ਜ਼ਬਰਦਸਤ ਪਵਿੱਤਰ ਸ਼ਕਤੀ ਦਿੰਦਾ ਹੈ ਤਾਂਕਿ ਅਸੀਂ ਸਮਝ ਸਕੀਏ ਕਿ ਬਾਈਬਲ ਵਿਚ ਦਿੱਤੀਆਂ ਸਲਾਹਾਂ ਨੂੰ ਅਸੀਂ ਕਿਵੇਂ ਲਾਗੂ ਕਰ ਸਕਦੇ ਹਾਂ। (ਜ਼ਬੂ. 119:27; ਮਲਾ. 3:16; ਇਬ. 4:12) ਜੀ ਹਾਂ, ਬਾਈਬਲ ਦਾ ਲਿਖਾਰੀ ਸਾਡੀ ਮਦਦ ਕਰਨ ਲਈ ਬੇਤਾਬ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਬਾਕਾਇਦਾ ਉਸ ਦਾ ਬਚਨ ਪੜ੍ਹੀਏ।
7. ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਬਚਨ ਕਰਕੇ ਉਸ ਦੇ ਲੋਕਾਂ ਵਿਚ ਏਕਤਾ ਕਿਵੇਂ ਬਣੀ ਰਹੀ?
7 ਬਾਈਬਲ ਕਰਕੇ ਪਰਮੇਸ਼ੁਰ ਦੇ ਲੋਕਾਂ ਵਿਚ ਏਕਤਾ ਬਣੀ ਰਹਿੰਦੀ ਹੈ। ਇਸ ਤੋਂ ਵੀ ਪਰਮੇਸ਼ੁਰ ਦੀ ਬੁੱਧ ਦਾ ਸਬੂਤ ਮਿਲਦਾ ਹੈ। ਜਦੋਂ ਇਜ਼ਰਾਈਲੀ ਵਾਅਦਾ ਕੀਤੇ ਦੇਸ਼ ਵਿਚ ਪਹੁੰਚੇ, ਤਾਂ ਉਹ ਦੂਰ-ਦੁਰਾਡੇ ਇਲਾਕਿਆਂ ਵਿਚ ਰਹਿਣ ਲੱਗ ਪਏ ਅਤੇ ਵੱਖੋ-ਵੱਖਰੇ ਕੰਮ-ਧੰਦੇ ਕਰਨ ਲੱਗ ਪਏ। ਕੁਝ ਜਣੇ ਮੱਛੀਆਂ ਫੜਨ, ਕੁਝ ਜਣੇ ਪਸ਼ੂ ਪਾਲਣ ਅਤੇ ਕੁਝ ਜਣੇ ਖੇਤੀਬਾੜੀ ਕਰਨ ਲੱਗ ਪਏ। ਇਸ ਕਰਕੇ ਇਕ ਇਲਾਕੇ ਵਿਚ ਰਹਿੰਦੇ ਇਜ਼ਰਾਈਲੀ ਦੇਸ਼ ਦੇ ਦੂਜੇ ਇਲਾਕਿਆਂ ਵਿਚ ਰਹਿੰਦੇ ਇਜ਼ਰਾਈਲੀਆਂ ਦੀ ਪਰਵਾਹ ਕਰਨੀ ਸੌਖਿਆਂ ਹੀ ਭੁੱਲ ਸਕਦੇ ਸਨ। ਪਰ ਯਹੋਵਾਹ ਨੇ ਇੱਦਾਂ ਹੋਣ ਨਹੀਂ ਦਿੱਤਾ। ਉਸ ਨੇ ਪ੍ਰਬੰਧ ਕੀਤਾ ਕਿ ਇਜ਼ਰਾਈਲੀ ਅਲੱਗ-ਅਲੱਗ ਮੌਕਿਆਂ ʼਤੇ ਇਕੱਠੇ ਹੋਣ ਅਤੇ ਉਨ੍ਹਾਂ ਨੂੰ ਉਸ ਦੇ ਬਚਨ ਵਿਚਲੀਆਂ ਗੱਲਾਂ ਪੜ੍ਹ ਕੇ ਸੁਣਾਈਆਂ ਤੇ ਸਮਝਾਈਆਂ ਜਾਣ। (ਬਿਵ. 31:10-13; ਨਹ. 8:2, 8, 18) ਜ਼ਰਾ ਕਲਪਨਾ ਕਰੋ ਕਿ ਜਦੋਂ ਇਕ ਵਫ਼ਾਦਾਰ ਇਜ਼ਰਾਈਲੀ ਯਰੂਸ਼ਲਮ ਪਹੁੰਚ ਕੇ ਅਲੱਗ-ਅਲੱਗ ਇਲਾਕਿਆਂ ਤੋਂ ਆਏ ਸ਼ਾਇਦ ਲੱਖਾਂ ਹੋਰ ਸੇਵਕਾਂ ਨੂੰ ਦੇਖਦਾ ਹੋਣਾ, ਤਾਂ ਉਸ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੋਣੀ! ਇਸ ਤਰ੍ਹਾਂ ਯਹੋਵਾਹ ਨੇ ਆਪਣੇ ਲੋਕਾਂ ਵਿਚ ਏਕਤਾ ਬਣਾਈ ਰੱਖਣ ਵਿਚ ਮਦਦ ਕੀਤੀ। ਬਾਅਦ ਵਿਚ ਜਦੋਂ ਮਸੀਹੀ ਮੰਡਲੀ ਬਣੀ, ਤਾਂ ਉਸ ਵਿਚ ਵੀ ਬਹੁਤ ਜਣੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਦੇ ਸਨ, ਅਮੀਰ-ਗ਼ਰੀਬ ਸਨ, ਕਈਆਂ ਦਾ ਸਮਾਜ ਵਿਚ ਉੱਚਾ ਰੁਤਬਾ ਸੀ ਤੇ ਕਈ ਮਾਮੂਲੀ ਲੋਕ ਸਨ। ਪਰ ਪਰਮੇਸ਼ੁਰ ਦੇ ਬਚਨ ਨਾਲ ਪਿਆਰ ਹੋਣ ਕਰਕੇ ਉਹ ਏਕਤਾ ਨਾਲ ਸੱਚੇ ਪਰਮੇਸ਼ੁਰ ਦੀ ਭਗਤੀ ਕਰਦੇ ਸਨ। ਜਿਨ੍ਹਾਂ ਨੇ ਨਵਾਂ-ਨਵਾਂ ਬਪਤਿਸਮਾ ਲਿਆ ਸੀ, ਉਹ ਦੂਜੇ ਭੈਣਾਂ-ਭਰਾਵਾਂ ਨਾਲ ਇਕੱਠੇ ਹੋ ਕੇ ਅਤੇ ਉਨ੍ਹਾਂ ਦੀ ਮਦਦ ਲੈ ਕੇ ਹੀ ਪਰਮੇਸ਼ੁਰ ਦੇ ਬਚਨ ਨੂੰ ਸਮਝ ਸਕਦੇ ਸਨ।—ਰਸੂ. 2:42; 8:30, 31.
8. ਅੱਜ ਬਾਈਬਲ ਕਰਕੇ ਯਹੋਵਾਹ ਦੇ ਲੋਕਾਂ ਵਿਚ ਏਕਤਾ ਕਿਵੇਂ ਬਣੀ ਰਹਿੰਦੀ ਹੈ?
8 ਯਹੋਵਾਹ ਅੱਜ ਵੀ ਬਾਈਬਲ ਦੇ ਜ਼ਰੀਏ ਆਪਣੇ ਲੋਕਾਂ ਨੂੰ ਸਿਖਾਉਂਦਾ ਹੈ ਅਤੇ ਉਨ੍ਹਾਂ ਵਿਚ ਏਕਤਾ ਬਣਾਈ ਰੱਖਦਾ ਹੈ। ਬਾਈਬਲ ਵਿਚ ਯਹੋਵਾਹ ਬਾਰੇ ਉਹ ਸਾਰੀਆਂ ਸੱਚਾਈਆਂ ਦਰਜ ਹਨ ਜਿਨ੍ਹਾਂ ਬਾਰੇ ਸਾਨੂੰ ਸਿੱਖਣ ਦੀ ਲੋੜ ਹੈ। ਅਸੀਂ ਬਾਕਾਇਦਾ ਮੰਡਲੀ ਦੀਆਂ ਮੀਟਿੰਗਾਂ ਤੇ ਸੰਮੇਲਨਾਂ ਵਿਚ ਇਕੱਠੇ ਹੁੰਦੇ ਹਾਂ ਅਤੇ ਸਾਨੂੰ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਸੁਣਾਇਆ ਤੇ ਸਮਝਾਇਆ ਜਾਂਦਾ ਹੈ ਅਤੇ ਉਸ ʼਤੇ ਚਰਚਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਬਾਈਬਲ ਦੇ ਜ਼ਰੀਏ ਯਹੋਵਾਹ ਦਾ ਮਕਸਦ ਪੂਰਾ ਹੋ ਪਾਉਂਦਾ ਹੈ ਕਿ ਉਸ ਦੇ ਸੇਵਕ “ਮੋਢੇ ਨਾਲ ਮੋਢਾ ਜੋੜ ਕੇ ਉਸ ਦੀ ਸੇਵਾ ਕਰਨ।”—ਸਫ਼. 3:9.
9. ਬਾਈਬਲ ਦੇ ਸੰਦੇਸ਼ ਨੂੰ ਸਮਝਣ ਲਈ ਇਕ ਵਿਅਕਤੀ ਵਿਚ ਕਿਹੜਾ ਗੁਣ ਹੋਣਾ ਜ਼ਰੂਰੀ ਹੈ? (ਲੂਕਾ 10:21)
9 ਜ਼ਰਾ ਯਹੋਵਾਹ ਦੀ ਬੁੱਧ ਦੇ ਇਕ ਹੋਰ ਸਬੂਤ ʼਤੇ ਗੌਰ ਕਰੋ। ਪਰਮੇਸ਼ੁਰ ਨੇ ਆਪਣੇ ਬਚਨ ਦੇ ਬਹੁਤ ਸਾਰੇ ਹਿੱਸੇ ਇਸ ਤਰ੍ਹਾਂ ਲਿਖਵਾਏ ਹਨ ਕਿ ਸਿਰਫ਼ ਨਿਮਰ ਲੋਕ ਹੀ ਇਸ ਨੂੰ ਸਮਝ ਸਕਦੇ ਹਨ। (ਲੂਕਾ 10:21 ਪੜ੍ਹੋ।) ਪੂਰੀ ਦੁਨੀਆਂ ਵਿਚ ਲੋਕ ਬਾਈਬਲ ਪੜ੍ਹਦੇ ਹਨ। ਇਕ ਵਿਦਵਾਨ ਨੇ ਬਾਈਬਲ ਬਾਰੇ ਕਿਹਾ: “ਕਿਸੇ ਵੀ ਕਿਤਾਬ ਨਾਲੋਂ ਜ਼ਿਆਦਾ ਲੋਕ ਬਾਈਬਲ ਪੜ੍ਹਦੇ ਹਨ ਅਤੇ ਉਹ ਵੀ ਬੜੇ ਧਿਆਨ ਨਾਲ।” ਪਰ ਇਸ ਵਿਚ ਲਿਖਵਾਇਆ ਸੰਦੇਸ਼ ਸਿਰਫ਼ ਨਿਮਰ ਲੋਕ ਹੀ ਸਮਝ ਸਕਦੇ ਹਨ ਅਤੇ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਦੇ ਹਨ।—2 ਕੁਰਿੰ. 3:15, 16.
10. ਬਾਈਬਲ ਦੀ ਹੋਰ ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਜਿੰਨਾ ਬੁੱਧੀਮਾਨ ਕੋਈ ਨਹੀਂ ਹੈ?
10 ਬਾਈਬਲ ਦੀ ਇਕ ਹੋਰ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿੰਨਾ ਬੁੱਧੀਮਾਨ ਹੈ। ਯਹੋਵਾਹ ਆਪਣੇ ਬਚਨ ਦੇ ਜ਼ਰੀਏ ਨਾ ਸਿਰਫ਼ ਸਾਨੂੰ ਸਾਰਿਆਂ ਨੂੰ, ਸਗੋਂ ਇਕੱਲੇ-ਇਕੱਲੇ ਨੂੰ ਵੀ ਸਿਖਾਉਂਦਾ ਤੇ ਦਿਲਾਸਾ ਦਿੰਦਾ ਹੈ। ਬਾਈਬਲ ਪੜ੍ਹ ਕੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਯਹੋਵਾਹ ਸਾਡੇ ਵਿੱਚੋਂ ਹਰੇਕ ਵਿਚ ਦਿਲਚਸਪੀ ਲੈਂਦਾ ਹੈ। (ਯਸਾ. 30:21) ਹੋ ਸਕਦਾ ਹੈ ਕਿ ਮੁਸ਼ਕਲਾਂ ਦੌਰਾਨ ਬਾਈਬਲ ਪੜ੍ਹਦਿਆਂ ਸਾਨੂੰ ਕੋਈ ਆਇਤ ਇੱਦਾਂ ਲੱਗੇ ਕਿ ਇਹ ਸਿਰਫ਼ ਸਾਡੇ ਲਈ ਲਿਖੀ ਗਈ ਹੈ। ਕੀ ਤੁਹਾਡੇ ਨਾਲ ਵੀ ਕਦੇ ਇੱਦਾਂ ਹੋਇਆ? ਕਮਾਲ ਦੀ ਗੱਲ ਤਾਂ ਇਹ ਹੈ ਕਿ ਬਾਈਬਲ ਲਿਖਵਾਈ ਹੀ ਇਸ ਤਰੀਕੇ ਨਾਲ ਗਈ ਹੈ ਕਿ ਲੱਖਾਂ ਹੀ ਲੋਕਾਂ ਨੂੰ ਬਿਲਕੁਲ ਇਸੇ ਤਰ੍ਹਾਂ ਲੱਗਦਾ ਹੈ। ਪਰ ਇਹ ਕਿੱਦਾਂ ਹੋ ਸਕਦਾ ਹੈ ਕਿ ਹਜ਼ਾਰਾਂ ਸਾਲਾਂ ਪਹਿਲਾਂ ਲਿਖੀ ਇਹ ਕਿਤਾਬ ਅੱਜ ਤੁਹਾਡੇ ਲਈ ਵੀ ਫ਼ਾਇਦੇਮੰਦ ਹੈ? ਇੱਦਾਂ ਤਾਂ ਹੀ ਹੋ ਸਕਿਆ ਹੈ ਕਿਉਂਕਿ ਇਸ ਦਾ ਲਿਖਾਰੀ ਪੂਰੀ ਕਾਇਨਾਤ ਵਿੱਚੋਂ ਸਭ ਤੋਂ ਜ਼ਿਆਦਾ ਬੁੱਧੀਮਾਨ ਹੈ।—2 ਤਿਮੋ. 3:16, 17.
ਬਾਈਬਲ ਤੋਂ ਪਰਮੇਸ਼ੁਰ ਦੇ ਨਿਆਂ ਬਾਰੇ ਪਤਾ ਲੱਗਦਾ ਹੈ
11. ਜਿਸ ਤਰ੍ਹਾਂ ਬਾਈਬਲ ਲਿਖਵਾਈ ਗਈ, ਉਸ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ?
11 ਨਿਆਂ ਯਹੋਵਾਹ ਦਾ ਇਕ ਹੋਰ ਗੁਣ ਹੈ। (ਬਿਵ. 32:4) ਯਹੋਵਾਹ ਨਿਆਂ-ਪਸੰਦ ਪਰਮੇਸ਼ੁਰ ਹੈ, ਇਸ ਲਈ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। (ਰਸੂ. 10:34, 35; ਰੋਮੀ. 2:11) ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਉਸ ਨੇ ਬਾਈਬਲ ਨੂੰ ਜਿਨ੍ਹਾਂ ਭਾਸ਼ਾਵਾਂ ਵਿਚ ਲਿਖਵਾਇਆ, ਉਸ ਤੋਂ ਇਹ ਗੱਲ ਸਾਫ਼ ਪਤਾ ਲੱਗਦੀ ਹੈ। ਜਦੋਂ ਯਹੋਵਾਹ ਨੇ ਬਾਈਬਲ ਦੀਆਂ ਪਹਿਲੀਆਂ 39 ਕਿਤਾਬਾਂ ਲਿਖਵਾਈਆਂ, ਤਾਂ ਉਸ ਵੇਲੇ ਪਰਮੇਸ਼ੁਰ ਦੇ ਜ਼ਿਆਦਾਤਰ ਲੋਕ ਇਬਰਾਨੀ ਭਾਸ਼ਾ ਬੋਲਦੇ ਸਨ। ਇਸ ਲਈ ਉਸ ਨੇ ਇਨ੍ਹਾਂ ਕਿਤਾਬਾਂ ਨੂੰ ਇਸੇ ਭਾਸ਼ਾ ਵਿਚ ਹੀ ਲਿਖਵਾਇਆ। ਪਰ ਪਹਿਲੀ ਸਦੀ ਤਕ ਜ਼ਿਆਦਾਤਰ ਲੋਕ ਯੂਨਾਨੀ ਭਾਸ਼ਾ ਬੋਲਣ ਲੱਗ ਪਏ। ਇਸ ਲਈ ਯਹੋਵਾਹ ਨੇ ਬਾਈਬਲ ਦੀਆਂ ਬਾਕੀ 27 ਕਿਤਾਬਾਂ ਇਸੇ ਭਾਸ਼ਾ ਵਿਚ ਲਿਖਵਾਈਆਂ। ਯਹੋਵਾਹ ਨੇ ਆਪਣੇ ਬਚਨ ਨੂੰ ਸਿਰਫ਼ ਇਕ ਹੀ ਭਾਸ਼ਾ ਵਿਚ ਨਹੀਂ ਲਿਖਵਾਇਆ। ਅੱਜ ਪੂਰੀ ਦੁਨੀਆਂ ਵਿਚ ਲਗਭਗ ਅੱਠ ਅਰਬ ਲੋਕ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਦੇ ਹਨ। ਤਾਂ ਫਿਰ ਇੰਨੇ ਸਾਰੇ ਲੋਕ ਯਹੋਵਾਹ ਬਾਰੇ ਕਿਵੇਂ ਜਾਣ ਸਕਦੇ ਹਨ?
12. ਕਿਹੜੇ ਇਕ ਤਰੀਕੇ ਨਾਲ ਆਖ਼ਰੀ ਦਿਨਾਂ ਦੌਰਾਨ ਦਾਨੀਏਲ 12:4 ਵਿਚ ਦਰਜ ਭਵਿੱਖਬਾਣੀ ਪੂਰੀ ਹੋ ਰਹੀ ਹੈ?
12 ਯਹੋਵਾਹ ਨੇ ਦਾਨੀਏਲ ਨਬੀ ਰਾਹੀਂ ਵਾਅਦਾ ਕੀਤਾ ਸੀ ਕਿ ਅੰਤ ਦੇ ਸਮੇਂ ਤਕ ਬਾਈਬਲ ਵਿਚ ਦਰਜ “ਸੱਚਾ ਗਿਆਨ ਬਹੁਤ ਵਧ ਜਾਵੇਗਾ।” ਅੱਜ ਬਿਲਕੁਲ ਇਸੇ ਤਰ੍ਹਾਂ ਹੀ ਹੋ ਰਿਹਾ ਹੈ। (ਦਾਨੀਏਲ 12:4 ਪੜ੍ਹੋ।) ਉਹ ਕਿਵੇਂ? ਅੱਜ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾ ਰਿਹਾ ਹੈ, ਛਾਪਿਆ ਜਾ ਰਿਹਾ ਹੈ ਅਤੇ ਵੰਡਿਆ ਜਾ ਰਿਹਾ ਹੈ। ਅੱਜ ਪੂਰੀ ਦੁਨੀਆਂ ਵਿਚ ਬਾਈਬਲ ਸਭ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤੀ ਗਈ ਹੈ ਅਤੇ ਵੰਡੀ ਜਾ ਰਹੀ ਹੈ। ਬਹੁਤ ਸਾਰੀਆਂ ਕੰਪਨੀਆਂ ਨੇ ਬਾਈਬਲਾਂ ਦੇ ਅਨੁਵਾਦ ਤਿਆਰ ਕੀਤੇ ਹਨ, ਪਰ ਕਈ ਵਾਰ ਇਹ ਬਹੁਤ ਮਹਿੰਗੇ ਹੁੰਦੇ ਹਨ। ਯਹੋਵਾਹ ਦੇ ਲੋਕਾਂ ਨੇ ਬਾਈਬਲ ਦੇ ਕੁਝ ਹਿੱਸੇ ਜਾਂ ਪੂਰੀ ਬਾਈਬਲ ਨੂੰ 240 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਹੈ। ਕੋਈ ਵੀ ਇਸ ਨੂੰ ਮੁਫ਼ਤ ਵਿਚ ਲੈ ਸਕਦਾ ਹੈ। ਇਸ ਕਰਕੇ ਅੰਤ ਆਉਣ ਤੋਂ ਪਹਿਲਾਂ ਸਾਰੀਆਂ ਕੌਮਾਂ ਦੇ ਲੋਕ ‘ਰਾਜ ਦੀ ਖ਼ੁਸ਼ ਖ਼ਬਰੀ’ ਬਾਰੇ ਸਿੱਖ ਰਹੇ ਹਨ। (ਮੱਤੀ 24:14) ਸਾਡਾ ਨਿਆਂ-ਪਸੰਦ ਪਰਮੇਸ਼ੁਰ ਚਾਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਉਸ ਦੇ ਬਚਨ ਨੂੰ ਪੜ੍ਹ ਕੇ ਉਸ ਬਾਰੇ ਸਿੱਖਣ ਦਾ ਮੌਕਾ ਮਿਲੇ। ਇਹ ਇਸ ਲਈ ਕਿ ਉਹ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹੈ।
ਬਾਈਬਲ ਤੋਂ ਪਰਮੇਸ਼ੁਰ ਦੇ ਪਿਆਰ ਬਾਰੇ ਪਤਾ ਲੱਗਦਾ ਹੈ
13. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਬਾਈਬਲ ਤੋਂ ਯਹੋਵਾਹ ਦੇ ਪਿਆਰ ਬਾਰੇ ਪਤਾ ਲੱਗਦਾ ਹੈ? (ਯੂਹੰਨਾ 21:25)
13 ਬਾਈਬਲ ਤੋਂ ਸਾਨੂੰ ਇਸ ਦੇ ਲਿਖਾਰੀ ਦੇ ਸਭ ਤੋਂ ਵੱਡੇ ਗੁਣ ਪਿਆਰ ਦਾ ਸਬੂਤ ਮਿਲਦਾ ਹੈ। (1 ਯੂਹੰ. 4:8) ਧਿਆਨ ਦਿਓ ਕਿ ਬਾਈਬਲ ਵਿਚ ਯਹੋਵਾਹ ਨੇ ਕਿਹੜੀਆਂ ਗੱਲਾਂ ਲਿਖਵਾਈਆਂ ਹਨ ਅਤੇ ਕਿਹੜੀਆਂ ਨਹੀਂ। ਉਸ ਨੇ ਸਾਨੂੰ ਉਹ ਸਾਰੀ ਜਾਣਕਾਰੀ ਦਿੱਤੀ ਹੈ ਜਿਸ ਨਾਲ ਅਸੀਂ ਉਸ ਨਾਲ ਚੰਗਾ ਰਿਸ਼ਤਾ ਬਣਾ ਸਕਦੇ ਹਾਂ, ਹੁਣ ਖ਼ੁਸ਼ਹਾਲ ਜ਼ਿੰਦਗੀ ਜੀ ਸਕਦੇ ਹਾਂ ਅਤੇ ਭਵਿੱਖ ਵਿਚ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰ ਸਕਦੇ ਹਨ। ਪਰ ਯਹੋਵਾਹ ਨੇ ਸਾਨੂੰ ਹੱਦੋਂ ਵੱਧ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ!—ਯੂਹੰਨਾ 21:25 ਪੜ੍ਹੋ।
14. ਹੋਰ ਕਿਹੜੇ ਤਰੀਕੇ ਨਾਲ ਸਾਨੂੰ ਬਾਈਬਲ ਤੋਂ ਪਰਮੇਸ਼ੁਰ ਦੇ ਪਿਆਰ ਦਾ ਸਬੂਤ ਮਿਲਦਾ ਹੈ?
14 ਯਹੋਵਾਹ ਨੇ ਜਿਸ ਤਰੀਕੇ ਨਾਲ ਬਾਈਬਲ ਵਿਚ ਗੱਲਾਂ ਲਿਖਵਾਈਆਂ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ ਤੇ ਸਾਡਾ ਆਦਰ ਕਰਦਾ ਹੈ। ਬਾਈਬਲ ਵਿਚ ਉਸ ਨੇ ਸਾਨੂੰ ਕਾਇਦੇ-ਕਾਨੂੰਨਾਂ ਦੀ ਲੰਬੀ-ਚੌੜੀ ਲਿਸਟ ਨਹੀਂ ਦਿੱਤੀ ਕਿ ਸਾਨੂੰ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੀਦਾ ਹੈ ਜਾਂ ਕੀ ਨਹੀਂ। ਇਸ ਦੀ ਬਜਾਇ, ਉਹ ਲੋਕਾਂ ਦੀਆਂ ਜੀਵਨ ਕਹਾਣੀਆਂ, ਰੋਮਾਂਚਕ ਭਵਿੱਖਬਾਣੀਆਂ ਅਤੇ ਵਧੀਆ ਸਲਾਹਾਂ ਰਾਹੀਂ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਸਹੀ ਫ਼ੈਸਲੇ ਕਰ ਸਕੀਏ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਸਾਡਾ ਜੀਅ ਕਰਦਾ ਹੈ ਕਿ ਅਸੀਂ ਉਸ ਨੂੰ ਦਿਲੋਂ ਪਿਆਰ ਕਰੀਏ ਅਤੇ ਉਸ ਦਾ ਕਹਿਣਾ ਮੰਨੀਏ।
15. (ੳ) ਬਾਈਬਲ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੀ ਪਰਵਾਹ ਕਰਦਾ ਹੈ? (ਅ) ਤਸਵੀਰ ਵਿਚ ਦਿਖਾਈ ਛੋਟੀ ਕੁੜੀ, ਜਵਾਨ ਭਰਾ ਅਤੇ ਸਿਆਣੀ ਉਮਰ ਦੀ ਭੈਣ ਬਾਈਬਲ ਵਿਚ ਦਰਜ ਕਿਨ੍ਹਾਂ ਲੋਕਾਂ ਬਾਰੇ ਸੋਚ ਰਹੇ ਹਨ? (ਉਤ. 39:1, 10-12; 2 ਰਾਜ. 5:1-3; ਲੂਕਾ 2:25-38)
15 ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੀ ਬਹੁਤ ਪਰਵਾਹ ਕਰਦਾ ਹੈ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਕਿਉਂਕਿ ਉਸ ਦੇ ਬਚਨ ਵਿਚ ਅਜਿਹੇ ਲੋਕਾਂ ਦੀਆਂ ਕਹਾਣੀਆਂ ਦਰਜ ਹਨ ਜਿਨ੍ਹਾਂ ਵਿਚ “ਸਾਡੇ ਵਰਗੀਆਂ ਭਾਵਨਾਵਾਂ” ਸਨ। (ਯਾਕੂ. 5:17) ਇਸ ਕਰਕੇ ਅਸੀਂ ਸਮਝ ਪਾਉਂਦੇ ਹਾਂ ਕਿ ਉਨ੍ਹਾਂ ʼਤੇ ਕੀ ਬੀਤੀ ਹੋਣੀ ਜਾਂ ਉਨ੍ਹਾਂ ਨੂੰ ਕਿੱਦਾਂ ਲੱਗਾ ਹੋਣਾ। ਇਸ ਤੋਂ ਇਲਾਵਾ, ਜਦੋਂ ਅਸੀਂ ਪੜ੍ਹਦੇ ਹਾਂ ਕਿ ਯਹੋਵਾਹ ਉਨ੍ਹਾਂ ਨਾਲ ਕਿਵੇਂ ਪੇਸ਼ ਆਇਆ, ਤਾਂ ਅਸੀਂ ਇਹ ਗੱਲ ਹੋਰ ਵੀ ਚੰਗੀ ਤਰ੍ਹਾਂ ਸਮਝ ਪਾਉਂਦੇ ਹਾਂ ਕਿ “ਯਹੋਵਾਹ ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ।”—ਯਾਕੂ. 5:11.
16. ਬਾਈਬਲ ਵਿਚ ਉਨ੍ਹਾਂ ਵਿਅਕਤੀਆਂ ਬਾਰੇ ਪੜ੍ਹ ਕੇ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ ਜਿਨ੍ਹਾਂ ਨੇ ਗ਼ਲਤੀਆਂ ਕੀਤੀਆਂ ਸਨ? (ਯਸਾਯਾਹ 55:7)
16 ਬਾਈਬਲ ਤੋਂ ਯਹੋਵਾਹ ਦੇ ਪਿਆਰ ਦਾ ਇਕ ਹੋਰ ਸਬੂਤ ਮਿਲਦਾ ਹੈ। ਇਹ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਜਦੋਂ ਸਾਡੇ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ, ਤਾਂ ਪਰਮੇਸ਼ੁਰ ਸਾਨੂੰ ਤਿਆਗਦਾ ਨਹੀਂ। ਇਜ਼ਰਾਈਲੀਆਂ ਨੇ ਯਹੋਵਾਹ ਖ਼ਿਲਾਫ਼ ਵਾਰ-ਵਾਰ ਪਾਪ ਕੀਤਾ, ਪਰ ਜਦੋਂ ਉਨ੍ਹਾਂ ਨੇ ਸੱਚੇ ਦਿਲੋਂ ਤੋਬਾ ਕੀਤੀ, ਤਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। (ਯਸਾਯਾਹ 55:7 ਪੜ੍ਹੋ।) ਪਹਿਲੀ ਸਦੀ ਦੇ ਮਸੀਹੀ ਵੀ ਜਾਣਦੇ ਸਨ ਕਿ ਯਹੋਵਾਹ ਉਨ੍ਹਾਂ ਨੂੰ ਕਿੰਨਾ ਪਿਆਰ ਕਰਦਾ ਹੈ। ਜ਼ਰਾ ਉਸ ਸਮੇਂ ਦੇ ਇਕ ਆਦਮੀ ਬਾਰੇ ਸੋਚੋ ਜੋ ਗ਼ਲਤ ਰਾਹ ʼਤੇ ਤੁਰ ਪਿਆ ਸੀ ਅਤੇ ਉਸ ਨੇ ਬਹੁਤ ਵੱਡਾ ਪਾਪ ਕੀਤਾ ਸੀ। ਬਾਅਦ ਵਿਚ ਜਦੋਂ ਉਸ ਨੇ ਦਿਲੋਂ ਤੋਬਾ ਕੀਤੀ, ਤਾਂ ਯਹੋਵਾਹ ਨੇ ਪੌਲੁਸ ਰਸੂਲ ਰਾਹੀਂ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਉਨ੍ਹਾਂ ਨੂੰ “ਉਸ ਨੂੰ ਦਿਲੋਂ ਮਾਫ਼ ਕਰ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਦਿਲਾਸਾ ਦੇਣਾ ਚਾਹੀਦਾ ਹੈ।” (2 ਕੁਰਿੰ. 2:6, 7; 1 ਕੁਰਿੰ. 5:1-5) ਇਹ ਕਿੰਨੀ ਵੱਡੀ ਗੱਲ ਹੈ ਕਿ ਯਹੋਵਾਹ ਨੇ ਆਪਣੇ ਉਨ੍ਹਾਂ ਸੇਵਕਾਂ ਨੂੰ ਕਦੇ ਨਹੀਂ ਤਿਆਗਿਆ ਜਿਨ੍ਹਾਂ ਤੋਂ ਗ਼ਲਤੀਆਂ ਹੋ ਗਈਆਂ ਸਨ। ਇਸ ਦੀ ਬਜਾਇ, ਉਸ ਨੇ ਪਿਆਰ ਨਾਲ ਉਨ੍ਹਾਂ ਦੀ ਮਦਦ ਕੀਤੀ, ਉਨ੍ਹਾਂ ਨੂੰ ਸੁਧਾਰਿਆ ਅਤੇ ਫਿਰ ਤੋਂ ਉਨ੍ਹਾਂ ਦਾ ਦੋਸਤ ਬਣ ਗਿਆ। ਅੱਜ ਵੀ ਯਹੋਵਾਹ ਦਿਲੋਂ ਤੋਬਾ ਕਰਨ ਵਾਲਿਆਂ ਨਾਲ ਇਸੇ ਤਰ੍ਹਾਂ ਕਰਨ ਦਾ ਵਾਅਦਾ ਕਰਦਾ ਹੈ।—ਯਾਕੂ. 4:8-10.
ਬਾਈਬਲ ਇਕ “ਚੰਗੀ ਦਾਤ” ਹੈ, ਇਸ ਦੀ ਕਦਰ ਕਰੋ
17. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਬਾਈਬਲ ਇਕ ਉੱਤਮ ਤੋਹਫ਼ਾ ਹੈ?
17 ਬਾਈਬਲ ਸੱਚ-ਮੁੱਚ ਯਹੋਵਾਹ ਵੱਲੋਂ ਮਿਲਿਆ ਇਕ ਉੱਤਮ ਤੋਹਫ਼ਾ ਹੈ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਕਿਉਂਕਿ ਹੁਣ ਤਕ ਅਸੀਂ ਸਿੱਖਿਆ ਕਿ ਬਾਈਬਲ ਤੋਂ ਸਾਨੂੰ ਪਰਮੇਸ਼ੁਰ ਦੀ ਬੁੱਧ, ਉਸ ਦੇ ਨਿਆਂ ਅਤੇ ਪਿਆਰ ਬਾਰੇ ਪਤਾ ਲੱਗਦਾ ਹੈ। ਨਾਲੇ ਇਸ ਕਿਤਾਬ ਤੋਂ ਸਾਬਤ ਹੁੰਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਜਾਣੀਏ ਅਤੇ ਉਸ ਨਾਲ ਦੋਸਤੀ ਕਰੀਏ।
18. ਅਸੀਂ ਯਹੋਵਾਹ ਵੱਲੋਂ ਮਿਲੀ “ਚੰਗੀ ਦਾਤ” ਬਾਈਬਲ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?
18 ਪਰਮੇਸ਼ੁਰ ਦਾ ਬਚਨ ਇਕ “ਚੰਗੀ ਦਾਤ” ਹੈ ਅਤੇ ਸਾਨੂੰ ਕਦੇ ਵੀ ਇਸ ਦੀ ਅਹਿਮੀਅਤ ਨੂੰ ਭੁੱਲਣਾ ਨਹੀਂ ਚਾਹੀਦਾ। (ਯਾਕੂ. 1:17) ਤਾਂ ਫਿਰ ਆਓ ਆਪਾਂ ਇਸ ਲਈ ਕਦਰ ਦਿਖਾਉਂਦੇ ਰਹੀਏ। ਇਸ ਤਰ੍ਹਾਂ ਕਰਨ ਲਈ ਸਾਨੂੰ ਪ੍ਰਾਰਥਨਾ ਕਰ ਕੇ ਉਸ ਦੇ ਬਚਨ ਨੂੰ ਪੜ੍ਹਨਾ ਅਤੇ ਇਸ ਦੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਇਸ ਦਾ ਮਹਾਨ ਲਿਖਾਰੀ ਸਾਡੇ ਜਤਨਾਂ ʼਤੇ ਬਰਕਤ ਪਾਵੇਗਾ ਅਤੇ ਅਸੀਂ “ਪਰਮੇਸ਼ੁਰ ਦਾ ਗਿਆਨ ਹਾਸਲ” ਕਰਾਂਗੇ।—ਕਹਾ. 2:5.
ਗੀਤ 98 ਪਰਮੇਸ਼ੁਰ ਦਾ ਬਚਨ
a ਬਾਈਬਲ ਪੜ੍ਹ ਕੇ ਅਸੀਂ ਯਹੋਵਾਹ ਦੇ ਨੇੜੇ ਜਾਂਦੇ ਹਾਂ। ਇਸ ਪਵਿੱਤਰ ਕਿਤਾਬ ਤੋਂ ਅਸੀਂ ਪਰਮੇਸ਼ੁਰ ਦੀ ਬੁੱਧ, ਨਿਆਂ ਅਤੇ ਪਿਆਰ ਬਾਰੇ ਬਹੁਤ ਕੁਝ ਸਿੱਖਦੇ ਹਾਂ। ਅਸੀਂ ਜੋ ਵੀ ਗੱਲਾਂ ਸਿੱਖਦੇ ਹਾਂ, ਉਸ ਕਰਕੇ ਪਰਮੇਸ਼ੁਰ ਦੇ ਬਚਨ ਲਈ ਸਾਡੇ ਦਿਲ ਵਿਚ ਕਦਰ ਹੋਰ ਵੀ ਵਧੇਗੀ ਅਤੇ ਅਸੀਂ ਸਮਝ ਸਕਾਂਗੇ ਕਿ ਬਾਈਬਲ ਸਾਡੇ ਸਵਰਗੀ ਪਿਤਾ ਵੱਲੋਂ ਇਕ ਕੀਮਤੀ ਤੋਹਫ਼ਾ ਹੈ।