ਅਧਿਐਨ ਲੇਖ 8
ਸਾਨੂੰ ਸ਼ੁਕਰਗੁਜ਼ਾਰੀ ਕਿਉਂ ਦਿਖਾਉਣੀ ਚਾਹੀਦੀ ਹੈ?
“ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ।”—ਕੁਲੁ. 3:15.
ਗੀਤ 2 ਯਹੋਵਾਹ ਤੇਰਾ ਧੰਨਵਾਦ
ਖ਼ਾਸ ਗੱਲਾਂ *
1. ਯਿਸੂ ਦੁਆਰਾ ਠੀਕ ਕੀਤੇ ਸਾਮਰੀ ਨੇ ਸ਼ੁਕਰਗੁਜ਼ਾਰੀ ਕਿਵੇਂ ਦਿਖਾਈ?
ਦਸ ਆਦਮੀਆਂ ਦੀ ਹਾਲਤ ਬਹੁਤ ਖ਼ਰਾਬ ਸੀ। ਉਨ੍ਹਾਂ ਨੂੰ ਕੋੜ੍ਹ ਦੀ ਬੀਮਾਰੀ ਸੀ ਅਤੇ ਉਨ੍ਹਾਂ ਨੂੰ ਠੀਕ ਹੋਣ ਦੀ ਕੋਈ ਆਸ ਨਹੀਂ ਸੀ। ਪਰ ਇਕ ਦਿਨ ਉਨ੍ਹਾਂ ਨੇ ਮਹਾਨ ਗੁਰੂ ਯਿਸੂ ਨੂੰ ਦੂਰੋਂ ਦੇਖਿਆ। ਉਨ੍ਹਾਂ ਨੇ ਸੁਣਿਆ ਸੀ ਕਿ ਯਿਸੂ ਨੇ ਹਰ ਤਰ੍ਹਾਂ ਦੀ ਬੀਮਾਰੀ ਨੂੰ ਠੀਕ ਕੀਤਾ ਸੀ। ਇਸ ਲਈ ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਯਿਸੂ ਉਨ੍ਹਾਂ ਨੂੰ ਵੀ ਠੀਕ ਕਰ ਸਕਦਾ ਸੀ। ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਯਿਸੂ, ਗੁਰੂ ਜੀ, ਸਾਡੇ ਉੱਤੇ ਦਇਆ ਕਰ!” ਦਸ ਆਦਮੀ ਪੂਰੀ ਤਰ੍ਹਾਂ ਠੀਕ ਹੋ ਗਏ। ਉਹ ਜ਼ਰੂਰ ਯਿਸੂ ਵੱਲੋਂ ਦਿਖਾਈ ਦਇਆ ਲਈ ਸ਼ੁਕਰਗੁਜ਼ਾਰ ਹੋਣੇ! ਪਰ ਉਨ੍ਹਾਂ ਵਿੱਚੋਂ ਇਕ ਜਣੇ ਨੇ ਦਿਲ ਵਿਚ ਸ਼ੁਕਰਗੁਜ਼ਾਰੀ ਮਹਿਸੂਸ ਹੀ ਨਹੀਂ ਕੀਤੀ, ਸਗੋਂ ਉਸ ਨੇ ਯਿਸੂ ਨੂੰ ਸ਼ੁਕਰਗੁਜ਼ਾਰੀ * ਦਿਖਾਈ ਵੀ। ਠੀਕ ਹੋਇਆ ਇਹ ਸਾਮਰੀ ਆਦਮੀ “ਉੱਚੀ-ਉੱਚੀ” ਪਰਮੇਸ਼ੁਰ ਦੀ ਮਹਿਮਾ ਕਰਨ ਲਈ ਪ੍ਰੇਰਿਤ ਹੋਇਆ।—ਲੂਕਾ 17:12-19.
2-3. (ੳ) ਅਸੀਂ ਸ਼ਾਇਦ ਸ਼ੁਕਰਗੁਜ਼ਾਰੀ ਦਿਖਾਉਣੀ ਕਿਉਂ ਭੁੱਲ ਜਾਈਏ? (ਅ) ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?
2 ਅਸੀਂ ਉਸ ਸਾਮਰੀ ਵਾਂਗ ਉਨ੍ਹਾਂ ਲੋਕਾਂ ਨੂੰ ਸ਼ੁਕਰਗੁਜ਼ਾਰੀ ਦਿਖਾਉਣੀ ਚਾਹੁੰਦੇ ਹਾਂ ਜੋ ਸਾਡੇ ਲਈ ਕੁਝ ਕਰਦੇ ਹਨ। ਪਰ ਕਿਸੇ ਮੌਕੇ ’ਤੇ ਸ਼ਾਇਦ ਅਸੀਂ ਆਪਣੇ ਸ਼ਬਦਾਂ ਜਾਂ ਕੰਮਾਂ ਰਾਹੀਂ ਸ਼ੁਕਰਗੁਜ਼ਾਰੀ ਦਿਖਾਉਣੀ ਭੁੱਲ ਜਾਈਏ।
3 ਇਸ ਲੇਖ ਵਿਚ ਅਸੀਂ ਇਸ ਗੱਲ ’ਤੇ ਗੌਰ ਕਰਾਂਗੇ ਕਿ ਆਪਣੀ ਕਹਿਣੀ ਤੇ ਕਰਨੀ ਰਾਹੀਂ ਸ਼ੁਕਰਗੁਜ਼ਾਰੀ ਦਿਖਾਉਣੀ ਜ਼ਰੂਰੀ ਕਿਉਂ ਹੈ। ਅਸੀਂ ਬਾਈਬਲ ਵਿਚ ਦਰਜ ਸ਼ੁਕਰਗੁਜ਼ਾਰੀ ਦਿਖਾਉਣ ਅਤੇ ਨਾ ਦਿਖਾਉਣ ਵਾਲੀਆਂ ਕੁਝ ਮਿਸਾਲਾਂ ਤੋਂ ਸਿੱਖਾਂਗੇ। ਫਿਰ ਅਸੀਂ ਸ਼ੁਕਰਗੁਜ਼ਾਰੀ ਦਿਖਾਉਣ ਦੇ ਕੁਝ ਖ਼ਾਸ ਤਰੀਕਿਆਂ ’ਤੇ ਚਰਚਾ ਕਰਾਂਗੇ।
ਸਾਨੂੰ ਸ਼ੁਕਰਗੁਜ਼ਾਰੀ ਕਿਉਂ ਦਿਖਾਉਣੀ ਚਾਹੀਦੀ ਹੈ?
4-5. ਸਾਨੂੰ ਸ਼ੁਕਰਗੁਜ਼ਾਰੀ ਕਿਉਂ ਦਿਖਾਉਣੀ ਚਾਹੀਦੀ ਹੈ?
4 ਯਹੋਵਾਹ ਨੇ ਸ਼ੁਕਰਗੁਜ਼ਾਰੀ ਦਿਖਾਉਣ ਵਿਚ ਸਾਡੇ ਲਈ ਵਧੀਆ ਮਿਸਾਲ ਰੱਖੀ ਹੈ। ਉਹ ਉਨ੍ਹਾਂ ਲੋਕਾਂ ਨੂੰ ਬਰਕਤਾਂ ਦੇ ਕੇ ਸ਼ੁਕਰਗੁਜ਼ਾਰੀ ਦਿਖਾਉਂਦਾ ਹੈ ਜੋ ਉਸ ਨੂੰ ਖ਼ੁਸ਼ ਕਰਦੇ ਹਨ। (2 ਸਮੂ. 22:21; ਜ਼ਬੂ. 13:6; ਮੱਤੀ 10:40, 41) ਨਾਲੇ ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ “ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ” ਕਰੀਏ। (ਅਫ਼. 5:1) ਸੋ ਸ਼ੁਕਰਗੁਜ਼ਾਰੀ ਦਿਖਾਉਣ ਦਾ ਇਕ ਅਹਿਮ ਕਾਰਨ ਹੈ ਕਿ ਅਸੀਂ ਯਹੋਵਾਹ ਦੀ ਰੀਸ ਕਰਨੀ ਚਾਹੁੰਦੇ ਹਾਂ।
5 ਇਕ ਹੋਰ ਤਰੀਕੇ ’ਤੇ ਗੌਰ ਕਰੋ ਕਿ ਅਸੀਂ ਦੂਜਿਆਂ ਨੂੰ ਸ਼ੁਕਰਗੁਜ਼ਾਰੀ ਕਿਉਂ ਦਿਖਾਉਣੀ ਚਾਹੁੰਦੇ ਹਾਂ। ਜਦੋਂ ਦੂਜੇ ਸਾਡੇ ਲਈ ਸ਼ੁਕਰਗੁਜ਼ਾਰੀ ਦਿਖਾਉਂਦੇ ਹਨ, ਤਾਂ ਸਾਨੂੰ ਖ਼ੁਸ਼ੀ ਹੁੰਦੀ ਹੈ। ਜਦੋਂ ਅਸੀਂ ਦੂਜਿਆਂ ਨੂੰ ਸ਼ੁਕਰਗੁਜ਼ਾਰੀ ਦਿਖਾਉਂਦੇ ਹਾਂ, ਤਾਂ ਉਨ੍ਹਾਂ ਨੂੰ ਖ਼ੁਸ਼ੀ ਹੁੰਦੀ ਹੈ। ਕਿਸੇ ਵਿਅਕਤੀ ਨੂੰ ਸ਼ੁਕਰਗੁਜ਼ਾਰੀ ਜ਼ਾਹਰ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਉਸ ਨੇ ਸਾਡੀ ਮਦਦ ਲਈ ਜੋ ਜਤਨ ਕੀਤੇ ਜਾਂ ਸਾਡੀ ਲੋੜ ਮੁਤਾਬਕ ਜੋ ਸਾਨੂੰ ਦਿੱਤਾ, ਉਸ ਨਾਲ ਸਾਡੀ ਸੱਚ-ਮੁੱਚ ਮਦਦ ਹੋਈ। ਇਸ ਕਰਕੇ ਉਸ ਨਾਲ ਸਾਡੀ ਦੋਸਤੀ ਹੋਰ ਗੂੜ੍ਹੀ ਹੁੰਦੀ ਹੈ।
6. ਸ਼ੁਕਰਗੁਜ਼ਾਰੀ ਲਈ ਕਹੇ ਸ਼ਬਦਾਂ ਅਤੇ ਸੋਨੇ ਦੇ ਸੇਬਾਂ ਵਿਚ ਕਿਹੜੀਆਂ ਕੁਝ ਗੱਲਾਂ ਮਿਲਦੀਆਂ-ਜੁਲਦੀਆਂ ਹਨ?
6 ਸਾਡੇ ਵੱਲੋਂ ਸ਼ੁਕਰਗੁਜ਼ਾਰੀ ਲਈ ਕਹੇ ਸ਼ਬਦ ਬਹੁਤ ਮਾਅਨੇ ਰੱਖਦੇ ਹਨ। ਬਾਈਬਲ ਕਹਿੰਦੀ ਹੈ: “ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।” (ਕਹਾ. 25:11) ਕਲਪਨਾ ਕਰੋ ਕਿ ਚਾਂਦੀ ਦੀ ਟੋਕਰੀ ਵਿਚ ਪਏ ਸੋਨੇ ਦੇ ਬਣੇ ਸੇਬ ਕਿੰਨੇ ਸੋਹਣੇ ਲੱਗਣਗੇ! ਨਾਲੇ ਸੋਚੋ ਕਿ ਇਹ ਕਿੰਨੇ ਕੀਮਤੀ ਹੋਣਗੇ! ਜੇ ਤੁਹਾਨੂੰ ਇਸ ਤਰ੍ਹਾਂ ਦਾ ਤੋਹਫ਼ਾ ਮਿਲੇ, ਤਾਂ ਤੁਹਾਨੂੰ ਕਿੱਦਾਂ ਲੱਗੇਗਾ? ਦੂਸਰਿਆਂ ਨੂੰ ਸ਼ੁਕਰਗੁਜ਼ਾਰੀ ਦਿਖਾਉਣ ਲਈ ਤੁਸੀਂ ਜੋ ਗੱਲਾਂ ਕਹਿੰਦੇ ਹੋ, ਉਹ ਵੀ ਇੰਨੀਆਂ ਹੀ ਮਾਅਨੇ ਰੱਖਦੀਆਂ ਹਨ। ਨਾਲੇ ਸੋਨੇ ਦਾ ਬਣਿਆ ਸੇਬ ਬਹੁਤ ਲੰਬੇ ਸਮੇਂ ਤਕ ਰਹਿੰਦਾ ਹੈ। ਬਿਲਕੁਲ ਇਸੇ ਤਰ੍ਹਾਂ ਤੁਹਾਡੇ ਵੱਲੋਂ ਕਹੇ ਸ਼ੁਕਰਗੁਜ਼ਾਰੀ ਦੇ ਸ਼ਬਦ ਸ਼ਾਇਦ ਕੋਈ ਉਮਰ ਭਰ ਯਾਦ ਰੱਖੇ।
ਉਨ੍ਹਾਂ ਨੇ ਸ਼ੁਕਰਗੁਜ਼ਾਰੀ ਦਿਖਾਈ
7. ਦਾਊਦ ਨੇ ਜ਼ਬੂਰ 30:12 ਅਨੁਸਾਰ ਸ਼ੁਕਰਗੁਜ਼ਾਰੀ ਕਿਵੇਂ ਦਿਖਾਈ ਅਤੇ ਜ਼ਬੂਰਾਂ ਦੇ ਹੋਰ ਲਿਖਾਰੀਆਂ ਨੇ ਸ਼ੁਕਰਗੁਜ਼ਾਰੀ ਕਿਵੇਂ ਦਿਖਾਈ?
7 ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕਾਂ ਜ਼ਬੂਰ 30:12 ਪੜ੍ਹੋ।) ਉਹ ਸ਼ੁੱਧ ਭਗਤੀ ਦੀ ਦਿਲੋਂ ਕਦਰ ਕਰਦਾ ਸੀ ਅਤੇ ਇਹ ਗੱਲ ਉਸ ਨੇ ਆਪਣੇ ਕੰਮਾਂ ਰਾਹੀਂ ਜ਼ਾਹਰ ਕੀਤੀ। ਉਸ ਨੇ ਮੰਦਰ ਬਣਾਉਣ ਲਈ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਦਾਨ ਕੀਤੀਆਂ। ਆਸਾਫ਼ ਦੇ ਖ਼ਾਨਦਾਨ ਨੇ ਜ਼ਬੂਰ ਯਾਨੀ ਮਹਿਮਾ ਦੇ ਗੀਤ ਲਿਖ ਕੇ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕੀਤੀ। ਇਕ ਗੀਤ ਵਿਚ ਉਨ੍ਹਾਂ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਯਹੋਵਾਹ ਦੇ “ਅਚਰਜ” ਕੰਮਾਂ ਲਈ ਸ਼ੁਕਰਗੁਜ਼ਾਰੀ ਦਿਖਾਈ। (ਜ਼ਬੂ. 75:1) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਦਾਊਦ ਤੇ ਆਸਾਫ਼ ਦਾ ਖ਼ਾਨਦਾਨ ਯਹੋਵਾਹ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਉਹ ਪਰਮੇਸ਼ੁਰ ਵੱਲੋਂ ਮਿਲੀਆਂ ਸਾਰੀਆਂ ਬਰਕਤਾਂ ਲਈ ਉਸ ਦੇ ਕਿੰਨੇ ਸ਼ੁਕਰਗੁਜ਼ਾਰ ਸਨ। ਕੀ ਤੁਸੀਂ ਇਨ੍ਹਾਂ ਜ਼ਬੂਰਾਂ ਦੇ ਲਿਖਾਰੀਆਂ ਦੀ ਰੀਸ ਕਰਨ ਦੇ ਤਰੀਕੇ ਸੋਚ ਸਕਦੇ ਹੋ?
ਨੇ ਸ਼ੁਕਰਗੁਜ਼ਾਰੀ ਦਿਖਾਈ। ਉਨ੍ਹਾਂ ਵਿੱਚੋਂ ਇਕ ਸੀ ਦਾਊਦ। (8-9. ਪੌਲੁਸ ਰਸੂਲ ਨੇ ਆਪਣੇ ਭੈਣਾਂ-ਭਰਾਵਾਂ ਨੂੰ ਸ਼ੁਕਰਗੁਜ਼ਾਰੀ ਕਿਵੇਂ ਦਿਖਾਈ ਅਤੇ ਇਸ ਦਾ ਕੀ ਨਤੀਜਾ ਨਿਕਲਿਆ ਹੋਣਾ?
8 ਪੌਲੁਸ ਰਸੂਲ ਆਪਣੇ ਭੈਣਾਂ-ਭਰਾਵਾਂ ਦੀ ਕਦਰ ਕਰਦਾ ਸੀ ਜਿਸ ਦਾ ਸਬੂਤ ਭੈਣਾਂ-ਭਰਾਵਾਂ ਬਾਰੇ ਕਹੀਆਂ ਉਸ ਦੀਆਂ ਗੱਲਾਂ ਤੋਂ ਮਿਲਦਾ ਹੈ। ਉਹ ਪ੍ਰਾਰਥਨਾ ਵਿਚ ਇਨ੍ਹਾਂ ਲਈ ਹਮੇਸ਼ਾ ਪਰਮੇਸ਼ੁਰ ਦਾ ਧੰਨਵਾਦ ਕਰਦਾ ਸੀ। ਉਨ੍ਹਾਂ ਨੂੰ ਚਿੱਠੀਆਂ ਲਿਖ ਕੇ ਵੀ ਉਸ ਨੇ ਦਿਖਾਇਆ ਕਿ ਉਹ ਉਨ੍ਹਾਂ ਦੀ ਬਹੁਤ ਕਦਰ ਕਰਦਾ ਸੀ। ਪੌਲੁਸ ਨੇ ਰੋਮੀਆਂ 16 ਅਧਿਆਇ ਦੀਆਂ ਪਹਿਲੀਆਂ 15 ਆਇਤਾਂ ਵਿਚ 27 ਮਸੀਹੀ ਭੈਣਾਂ-ਭਰਾਵਾਂ ਦੇ ਨਾਵਾਂ ਦਾ ਜ਼ਿਕਰ ਕੀਤਾ। ਪੌਲੁਸ ਨੇ ਅਕੂਲਾ ਤੇ ਪਰਿਸਕਾ ਬਾਰੇ ਖ਼ਾਸ ਤੌਰ ’ਤੇ ਦੱਸਿਆ ਕਿ ਉਨ੍ਹਾਂ ਨੇ ਪੌਲੁਸ ਦੀ ਖ਼ਾਤਰ “ਆਪਣੀ ਜਾਨ ਖ਼ਤਰੇ ਵਿਚ ਪਾਈ” ਅਤੇ ਦੱਸਿਆ ਕਿ ਫ਼ੀਬੀ ਨੇ ਪੌਲੁਸ ਤੋਂ ਇਲਾਵਾ “ਹੋਰ ਕਈ ਭਰਾਵਾਂ ਦੀ ਰੱਖਿਆ ਕੀਤੀ।” ਉਸ ਨੇ ਪਿਆਰੇ ਅਤੇ ਸਖ਼ਤ ਮਿਹਨਤ ਕਰਨ ਵਾਲੇ ਭੈਣਾਂ-ਭਰਾਵਾਂ ਦੀ ਤਾਰੀਫ਼ ਕੀਤੀ।—ਰੋਮੀ. 16:1-15.
9 ਪੌਲੁਸ ਜਾਣਦਾ ਸੀ ਕਿ ਭੈਣ-ਭਰਾ ਨਾਮੁਕੰਮਲ ਸਨ, ਪਰ ਰੋਮੀਆਂ ਨੂੰ ਲਿਖੀ ਆਪਣੀ ਚਿੱਠੀ ਦੇ ਅਖ਼ੀਰ ਵਿਚ ਉਸ ਨੇ ਭੈਣਾਂ-ਭਰਾਵਾਂ ਦੇ ਚੰਗੇ ਗੁਣਾਂ ’ਤੇ ਧਿਆਨ ਲਾਇਆ। ਕਲਪਨਾ ਕਰੋ ਕਿ ਉਨ੍ਹਾਂ ਭੈਣਾਂ-ਭਰਾਵਾਂ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ ਜਦੋਂ ਮੰਡਲੀ ਵਿਚ ਪੌਲੁਸ ਦੀ ਚਿੱਠੀ ਉੱਚੀ ਪੜ੍ਹ ਕੇ ਸੁਣਾਈ ਗਈ ਹੋਣੀ। ਇਸ ਕਰਕੇ ਉਨ੍ਹਾਂ ਦੀ ਪੌਲੁਸ ਨਾਲ ਦੋਸਤੀ ਹੋਰ ਜ਼ਿਆਦਾ ਗੂੜ੍ਹੀ ਹੋਈ ਹੋਣੀ। ਕੀ ਤੁਸੀਂ ਬਾਕਾਇਦਾ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਸ਼ੁਕਰਗੁਜ਼ਾਰੀ ਦਿਖਾਉਂਦੇ ਹੋ ਜਦੋਂ ਉਹ ਕੁਝ ਚੰਗਾ ਕਹਿੰਦੇ ਜਾਂ ਕਰਦੇ ਹਨ?
10. ਯਿਸੂ ਦੁਆਰਾ ਆਪਣੇ ਚੇਲਿਆਂ ਨੂੰ ਦਿਖਾਈ ਸ਼ੁਕਰਗੁਜ਼ਾਰੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
10 ਏਸ਼ੀਆ ਮਾਈਨਰ ਦੀਆਂ ਕੁਝ ਮੰਡਲੀਆਂ ਨੂੰ ਆਪਣੇ ਸੰਦੇਸ਼ ਵਿਚ ਯਿਸੂ ਨੇ ਆਪਣੇ ਚੇਲਿਆਂ ਦੇ ਕੰਮ ਦੀ ਤਾਰੀਫ਼ ਕੀਤੀ। ਮਿਸਾਲ ਲਈ, ਉਸ ਨੇ ਥੂਆਤੀਰਾ ਦੀ ਮੰਡਲੀ ਨੂੰ ਆਪਣੇ ਸੰਦੇਸ਼ ਦੇ ਸ਼ੁਰੂ ਵਿਚ ਕਿਹਾ: “ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਅਤੇ ਇਹ ਵੀ ਜਾਣਦਾ ਹਾਂ ਕਿ ਤੂੰ ਕਿੰਨਾ ਪਿਆਰ ਕਰਦਾ ਹੈਂ ਅਤੇ ਕਿੰਨੀ ਨਿਹਚਾ ਤੇ ਸੇਵਾ ਕਰਦਾ ਹੈਂ ਅਤੇ ਕਿੰਨਾ ਧੀਰਜ ਰੱਖਦਾ ਹੈਂ। ਮੈਨੂੰ ਇਹ ਵੀ ਪਤਾ ਹੈ ਕਿ ਤੇਰੇ ਕੰਮ ਪਹਿਲਾਂ ਨਾਲੋਂ ਹੁਣ ਜ਼ਿਆਦਾ ਵਧੀਆ ਹਨ।” (ਪ੍ਰਕਾ. 2:19) ਯਿਸੂ ਨੇ ਸਿਰਫ਼ ਇਹੀ ਨਹੀਂ ਕਿਹਾ ਕਿ ਉਹ ਵਧ-ਚੜ੍ਹ ਕੇ ਕੰਮ ਕਰ ਰਹੇ ਸਨ, ਸਗੋਂ ਉਸ ਨੇ ਉਨ੍ਹਾਂ ਦੇ ਚੰਗੇ ਗੁਣਾਂ ਦੀ ਤਾਰੀਫ਼ ਵੀ ਕੀਤੀ ਜਿਸ ਕਰਕੇ ਉਹ ਜ਼ਿਆਦਾ ਵਧੀਆ ਕੰਮ ਕਰਨ ਲਈ ਪ੍ਰੇਰਿਤ ਹੋਏ। ਚਾਹੇ ਯਿਸੂ ਨੂੰ ਥੂਆਤੀਰਾ ਦੀ ਮੰਡਲੀ ਵਿਚ ਕੁਝ ਜਣਿਆਂ ਨੂੰ ਤਾੜਨਾ ਦੇਣ ਦੀ ਲੋੜ ਪਈ, ਪਰ ਫਿਰ ਵੀ ਉਸ ਨੇ ਆਪਣੇ ਸੰਦੇਸ਼ ਦੇ ਸ਼ੁਰੂ ਤੇ ਅਖ਼ੀਰ ਵਿਚ ਮੰਡਲੀ ਨੂੰ ਹੌਸਲਾ ਦਿੱਤਾ। (ਪ੍ਰਕਾ. 2:25-28) ਜ਼ਰਾ ਯਿਸੂ ਦੇ ਅਧਿਕਾਰ ਬਾਰੇ ਸੋਚੋ। ਉਹ ਸਾਰੀਆਂ ਮੰਡਲੀਆਂ ਦਾ ਮੁਖੀ ਹੈ। ਅਸੀਂ ਉਸ ਲਈ ਜੋ ਕੰਮ ਕਰਦੇ ਹਾਂ, ਉਨ੍ਹਾਂ ਲਈ ਉਸ ਨੂੰ ਸਾਡਾ ਸ਼ੁਕਰੀਆ ਕਰਨ ਦੀ ਲੋੜ ਨਹੀਂ ਹੈ। ਪਰ ਫਿਰ ਵੀ ਉਹ ਕਦਰਦਾਨੀ ਜ਼ਾਹਰ ਕਰਦਾ ਹੈ। ਮੰਡਲੀ ਦੇ ਬਜ਼ੁਰਗਾਂ ਲਈ ਕਿੰਨੀ ਹੀ ਵਧੀਆ ਮਿਸਾਲ!
ਜਿਨ੍ਹਾਂ ਨੇ ਸ਼ੁਕਰਗੁਜ਼ਾਰੀ ਨਹੀਂ ਦਿਖਾਈ
11. ਇਬਰਾਨੀਆਂ 12:16 ਅਨੁਸਾਰ ਏਸਾਓ ਦਾ ਪਵਿੱਤਰ ਚੀਜ਼ਾਂ ਪ੍ਰਤੀ ਕਿਹੋ ਜਿਹਾ ਰਵੱਈਆ ਸੀ?
11 ਦੁੱਖ ਦੀ ਗੱਲ ਹੈ ਕਿ ਬਾਈਬਲ ਦੇ ਕੁਝ ਪਾਤਰਾਂ ਨੇ ਸ਼ੁਕਰਗੁਜ਼ਾਰੀ ਨਹੀਂ ਦਿਖਾਈ। ਮਿਸਾਲ ਲਈ, ਚਾਹੇ ਏਸਾਓ ਦੇ ਮਾਪੇ ਯਹੋਵਾਹ ਨੂੰ ਪਿਆਰ ਕਰਦੇ ਸਨ ਅਤੇ ਉਸ ਦਾ ਆਦਰ ਕਰਦੇ ਸਨ, ਪਰ ਫਿਰ ਵੀ ਏਸਾਓ ਨੇ ਪਵਿੱਤਰ ਚੀਜ਼ਾਂ ਦੀ ਕਦਰ ਨਹੀਂ ਕੀਤੀ। (ਇਬਰਾਨੀਆਂ 12:16 ਪੜ੍ਹੋ।) ਉਸ ਦਾ ਨਾਸ਼ੁਕਰਾ ਰਵੱਈਆ ਕਿਵੇਂ ਜ਼ਾਹਰ ਹੋਇਆ? ਏਸਾਓ ਨੇ ਬਿਨਾਂ ਸੋਚੇ-ਸਮਝੇ ਸਿਰਫ਼ ਇਕ ਦਾਲ ਦੀ ਕੌਲੀ ਬਦਲੇ ਆਪਣੇ ਜੇਠੇ ਹੋਣ ਦਾ ਹੱਕ ਆਪਣੇ ਛੋਟੇ ਭਰਾ ਯਾਕੂਬ ਨੂੰ ਵੇਚ ਦਿੱਤਾ। (ਉਤ. 25:30-34) ਬਾਅਦ ਵਿਚ ਏਸਾਓ ਆਪਣੇ ਫ਼ੈਸਲੇ ’ਤੇ ਬਹੁਤ ਜ਼ਿਆਦਾ ਪਛਤਾਇਆ। ਜਦੋਂ ਜੇਠੇ ਹੋਣ ਕਰਕੇ ਉਸ ਨੂੰ ਬਰਕਤਾਂ ਨਹੀਂ ਮਿਲੀਆਂ, ਤਾਂ ਉਸ ਕੋਲ ਸ਼ਿਕਾਇਤ ਕਰਨ ਦਾ ਕੋਈ ਕਾਰਨ ਨਹੀਂ ਸੀ ਕਿਉਂਕਿ ਉਸ ਨੇ ਪਹਿਲਾਂ ਆਪਣੇ ਜੇਠੇ ਹੋਣ ਦੇ ਹੱਕ ਦੀ ਕੋਈ ਕਦਰ ਨਹੀਂ ਕੀਤੀ ਸੀ।
12-13. ਇਜ਼ਰਾਈਲੀਆਂ ਨੇ ਕਿਵੇਂ ਦਿਖਾਇਆ ਕਿ ਉਹ ਨਾਸ਼ੁਕਰੇ ਸਨ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
12 ਇਜ਼ਰਾਈਲੀਆਂ ਕੋਲ ਸ਼ੁਕਰਗੁਜ਼ਾਰੀ ਦਿਖਾਉਣ ਦੇ ਬਹੁਤ ਸਾਰੇ ਕਾਰਨ ਸਨ। ਯਹੋਵਾਹ ਨੇ ਮਿਸਰ ’ਤੇ 10 ਬਿਪਤਾਵਾਂ ਲਿਆਉਣ ਤੋਂ ਬਾਅਦ ਇਜ਼ਰਾਈਲੀਆਂ ਨੂੰ ਗ਼ੁਲਾਮੀ ਤੋਂ ਛੁਟਕਾਰਾ ਦਿਵਾਇਆ। ਫਿਰ ਪਰਮੇਸ਼ੁਰ ਨੇ ਮਿਸਰੀ ਫ਼ੌਜ ਨੂੰ ਲਾਲ ਸਮੁੰਦਰ ਵਿਚ ਨਾਸ਼ ਕਰ ਕੇ ਉਨ੍ਹਾਂ ਨੂੰ ਤਬਾਹੀ ਤੋਂ ਬਚਾਇਆ। ਇਜ਼ਰਾਈਲੀਆਂ ਨੇ ਇੰਨੀ ਸ਼ੁਕਰਗੁਜ਼ਾਰੀ ਦਿਖਾਈ ਕਿ ਉਨ੍ਹਾਂ ਨੇ ਯਹੋਵਾਹ ਦੀ ਮਹਿਮਾ ਵਿਚ ਫ਼ਤਿਹ ਦਾ ਗੀਤ ਗਾਇਆ। ਪਰ ਕੀ ਉਹ ਹਮੇਸ਼ਾ ਸ਼ੁਕਰਗੁਜ਼ਾਰ ਰਹੇ?
13 ਜਦੋਂ ਇਜ਼ਰਾਈਲੀਆਂ ਨੂੰ ਨਵੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ, ਤਾਂ ਇਜ਼ਰਾਈਲੀ ਜਲਦੀ ਹੀ ਉਹ ਸਾਰੇ ਚੰਗੇ ਕੰਮ ਭੁੱਲ ਗਏ ਜੋ ਯਹੋਵਾਹ ਨੇ ਉਨ੍ਹਾਂ ਲਈ ਕੀਤੇ ਸਨ। ਉਨ੍ਹਾਂ ਨੇ ਦਿਖਾਇਆ ਕਿ ਉਹ ਨਾਸ਼ੁਕਰੇ ਸਨ। (ਜ਼ਬੂ. 106:7) ਕਿਵੇਂ? “ਇਸਰਾਏਲੀਆਂ ਦੀ ਸਾਰੀ ਮੰਡਲੀ ਮੂਸਾ ਅਤੇ ਹਾਰੂਨ ਨਾਲ ਉਜਾੜ ਵਿੱਚ ਕੁੜ੍ਹਣ ਲੱਗੀ।” ਅਸਲ ਵਿਚ ਉਹ ਯਹੋਵਾਹ ਦੇ ਖ਼ਿਲਾਫ਼ ਕੁੜ ਰਹੇ ਸਨ। (ਕੂਚ 16:2, 8) ਪਰਮੇਸ਼ੁਰ ਨੂੰ ਆਪਣੇ ਲੋਕਾਂ ਦਾ ਇਹ ਨਾਸ਼ੁਕਰਾ ਰਵੱਈਆ ਦੇਖ ਕੇ ਬਹੁਤ ਦੁੱਖ ਲੱਗਾ। ਬਾਅਦ ਵਿਚ ਉਸ ਨੇ ਕਿਹਾ ਕਿ ਯਹੋਸ਼ੁਆ ਤੇ ਕਾਲੇਬ ਤੋਂ ਇਲਾਵਾ ਇਜ਼ਰਾਈਲੀਆਂ ਦੀ ਇਹ ਪੂਰੀ ਪੀੜ੍ਹੀ ਉਜਾੜ ਵਿਚ ਹੀ ਨਾਸ਼ ਹੋ ਜਾਵੇਗੀ। (ਗਿਣ. 14:22-24; 26:65) ਆਓ ਆਪਾਂ ਦੇਖੀਏ ਕਿ ਅਸੀਂ ਇਨ੍ਹਾਂ ਬੁਰੀਆਂ ਮਿਸਾਲਾਂ ਦੀ ਰੀਸ ਕਰਨ ਤੋਂ ਕਿਵੇਂ ਬਚ ਸਕਦੇ ਹਾਂ ਅਤੇ ਚੰਗੀਆਂ ਮਿਸਾਲਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ।
ਅੱਜ ਸ਼ੁਕਰਗੁਜ਼ਾਰੀ ਦਿਖਾਓ
14-15. (ੳ) ਵਿਆਹੇ ਜੋੜੇ ਕਿਵੇਂ ਦਿਖਾ ਸਕਦੇ ਹਨ ਕਿ ਉਹ ਇਕ-ਦੂਜੇ ਦੀ ਕਦਰ ਕਰਦੇ ਹਨ? (ਅ) ਮਾਪੇ ਆਪਣੇ ਬੱਚਿਆਂ ਨੂੰ ਸ਼ੁਕਰਗੁਜ਼ਾਰ ਹੋਣਾ ਕਿਵੇਂ ਸਿਖਾ ਸਕਦੇ ਹਨ?
14 ਪਰਿਵਾਰ ਵਿਚ। ਪੂਰੇ ਪਰਿਵਾਰ ਨੂੰ ਉਦੋਂ ਫ਼ਾਇਦਾ ਹੁੰਦਾ ਹੈ ਜਦੋਂ ਹਰੇਕ ਮੈਂਬਰ ਸ਼ੁਕਰਗੁਜ਼ਾਰੀ ਦਿਖਾਉਂਦਾ ਹੈ। ਵਿਆਹੇ ਜੋੜੇ ਜਿੰਨਾ ਜ਼ਿਆਦਾ ਇਕ-ਦੂਜੇ ਲਈ ਸ਼ੁਕਰਗੁਜ਼ਾਰੀ ਦਿਖਾਉਂਦੇ ਹਨ, ਉਹ ਉੱਨਾ ਜ਼ਿਆਦਾ ਇਕ-ਦੂਜੇ ਦੇ ਹੋਰ ਨੇੜੇ ਆਉਂਦੇ ਹਨ। ਉਨ੍ਹਾਂ ਲਈ ਇਕ-ਦੂਜੇ ਨੂੰ ਮਾਫ਼ ਕਰਨਾ ਹੋਰ ਵੀ ਸੌਖਾ ਹੁੰਦਾ ਹੈ। ਪਤਨੀ ਦੀ ਕਦਰ ਕਰਨ ਵਾਲਾ ਪਤੀ ਸਿਰਫ਼ ਆਪਣੀ ਪਤਨੀ ਦੀਆਂ ਚੰਗੀਆਂ ਗੱਲਾਂ ਅਤੇ ਚੰਗੇ ਕੰਮਾਂ ਵੱਲ ਧਿਆਨ ਹੀ ਨਹੀਂ ਦਿੰਦਾ, ਸਗੋਂ “ਉਹ ਦੀ ਸਲਾਹੁਤ” ਵੀ ਕਰਦਾ ਹੈ। (ਕਹਾ. 31:10, 28) ਪਤਨੀ ਵੀ ਆਪਣੇ ਪਤੀ ਨੂੰ ਦੱਸਦੀ ਹੈ ਕਿ ਉਹ ਕਿਹੜੀਆਂ ਗੱਲਾਂ ਲਈ ਉਸ ਦੀ ਸ਼ੁਕਰਗੁਜ਼ਾਰ ਹੈ।
15 ਮਾਪਿਓ, ਤੁਸੀਂ ਆਪਣੇ ਬੱਚਿਆਂ ਨੂੰ ਸ਼ੁਕਰਗੁਜ਼ਾਰੀ ਦਿਖਾਉਣੀ ਕਿਵੇਂ ਸਿਖਾ ਸਕਦੇ ਹੋ? ਯਾਦ ਰੱਖੋ ਕਿ ਤੁਹਾਡੇ ਬੱਚੇ ਤੁਹਾਡੀ ਕਹਿਣੀ ਅਤੇ ਕਰਨੀ ਦੀ ਨਕਲ ਕਰਨਗੇ। ਇਸ ਲਈ ਜਦੋਂ ਤੁਹਾਡੇ ਬੱਚੇ ਤੁਹਾਡੇ ਲਈ ਕੋਈ ਕੰਮ ਕਰਦੇ ਹਨ, ਤਾਂ ਧੰਨਵਾਦ ਕਹਿ ਕੇ ਉਨ੍ਹਾਂ ਲਈ ਚੰਗੀ ਮਿਸਾਲ ਰੱਖੋ। ਨਾਲੇ ਜਦੋਂ ਦੂਜੇ ਤੁਹਾਡੇ ਬੱਚਿਆਂ ਲਈ ਕੁਝ ਕਰਦੇ ਹਨ, ਤਾਂ ਬੱਚਿਆਂ ਨੂੰ ਉਨ੍ਹਾਂ ਦਾ ਧੰਨਵਾਦ ਕਰਨਾ ਸਿਖਾਓ। ਆਪਣੇ ਬੱਚਿਆਂ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਸ਼ੁਕਰਗੁਜ਼ਾਰੀ ਦਿਲ ਤੋਂ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਸ਼ਬਦਾਂ ਦਾ
ਦੂਜਿਆਂ ’ਤੇ ਵਧੀਆ ਅਸਰ ਪੈ ਸਕਦਾ ਹੈ। ਮਿਸਾਲ ਲਈ, ਕਲਾਡੀ ਨਾਂ ਦੀ ਇਕ ਨੌਜਵਾਨ ਔਰਤ ਦੱਸਦੀ ਹੈ: “ਜਦੋਂ ਮੇਰੇ ਮੰਮੀ ਜੀ 32 ਸਾਲਾਂ ਦੇ ਸਨ, ਉਦੋਂ ਮੇਰੇ ਡੈਡੀ ਜੀ ਨੂੰ ਜੇਲ੍ਹ ਹੋ ਗਈ। ਮੇਰੇ ਮੰਮੀ ਜੀ ਨੇ ਇਕੱਲਿਆਂ ਨੇ ਤਿੰਨ ਬੱਚਿਆਂ ਦੀ ਪਰਵਰਿਸ਼ ਕੀਤੀ। ਜਦੋਂ ਮੈਂ 32 ਸਾਲਾਂ ਦੀ ਹੋਈ, ਤਾਂ ਮੈਨੂੰ ਪਤਾ ਲੱਗਾ ਕਿ ਉਸ ਵੇਲੇ ਮੇਰੇ ਮੰਮੀ ਜੀ ਲਈ ਸਭ ਕੁਝ ਕਰਨਾ ਕਿੰਨਾ ਔਖਾ ਹੋਇਆ ਹੋਣਾ। ਇਸ ਲਈ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਉਨ੍ਹਾਂ ਸਾਰੀਆਂ ਕੁਰਬਾਨੀਆਂ ਲਈ ਉਨ੍ਹਾਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਉਨ੍ਹਾਂ ਨੇ ਮੇਰੀ ਅਤੇ ਮੇਰੇ ਭਰਾਵਾਂ ਦੀ ਪਰਵਰਿਸ਼ ਕਰਨ ਲਈ ਕੀਤੀਆਂ ਹਨ। ਕੁਝ ਕੁ ਸਮਾਂ ਪਹਿਲਾਂ ਮੇਰੇ ਮੰਮੀ ਜੀ ਨੇ ਮੈਨੂੰ ਕਿਹਾ ਕਿ ਮੇਰੀ ਕਹੀ ਗੱਲ ਤੋਂ ਉਨ੍ਹਾਂ ਨੂੰ ਬਹੁਤ ਹੌਸਲਾ ਮਿਲਦਾ ਹੈ। ਨਾਲੇ ਉਹ ਅਕਸਰ ਮੇਰੀ ਇਹ ਗੱਲ ਯਾਦ ਕਰਦੇ ਹਨ ਅਤੇ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ।”16. ਇਕ ਮਿਸਾਲ ਦਿਓ ਕਿ ਕੁਝ ਕਹਿਣ ਨਾਲ ਸ਼ੁਕਰਗੁਜ਼ਾਰੀ ਦਿਖਾਉਣ ਨਾਲ ਦੂਜਿਆਂ ਨੂੰ ਹੌਸਲਾ ਕਿਵੇਂ ਮਿਲਦਾ ਹੈ।
16 ਮੰਡਲੀ ਵਿਚ। ਜਦੋਂ ਅਸੀਂ ਕੁਝ ਕਹਿ ਕੇ ਭੈਣਾਂ-ਭਰਾਵਾਂ ਨੂੰ ਸ਼ੁਕਰਗੁਜ਼ਾਰੀ ਦਿਖਾਉਂਦੇ ਹਾਂ, ਤਾਂ ਉਨ੍ਹਾਂ ਨੂੰ ਹੌਸਲਾ ਮਿਲਦਾ ਹੈ। ਮਿਸਾਲ ਲਈ, 28 ਸਾਲਾਂ ਦਾ ਜੋਰਜੀ ਮੰਡਲੀ ਦਾ ਬਜ਼ੁਰਗ ਹੈ। ਉਸ ਦੀ ਸਿਹਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ। ਉਹ ਪੂਰਾ ਇਕ ਮਹੀਨਾ ਸਭਾਵਾਂ ’ਤੇ ਨਹੀਂ ਜਾ ਸਕਿਆ। ਦੁਬਾਰਾ ਸਭਾਵਾਂ ਵਿਚ ਜਾਣ ਤੋਂ ਬਾਅਦ ਵੀ ਉਹ ਆਪਣੇ ਭਾਗ ਚੰਗੀ ਤਰ੍ਹਾਂ ਪੇਸ਼ ਨਹੀਂ ਕਰ ਪਾ ਰਿਹਾ ਸੀ। ਜੋਰਜੀ ਕਹਿੰਦਾ ਹੈ: “ਮੈਂ ਆਪਣੀ ਮਾੜੀ ਸਿਹਤ ਕਰਕੇ ਅਤੇ ਮੰਡਲੀ ਵਿਚ ਮਿਲੀਆਂ ਆਪਣੀਆਂ ਜ਼ਿੰਮੇਵਾਰੀਆਂ ਨਾ ਸੰਭਾਲਣ ਕਰਕੇ ਆਪਣੇ ਆਪ ਬਹੁਤ ਨਿਕੰਮਾ ਮਹਿਸੂਸ ਕਰਦਾ ਸੀ। ਪਰ ਇਕ ਸਭਾ ਤੋਂ ਬਾਅਦ ਇਕ ਭਰਾ ਨੇ ਮੈਨੂੰ ਕਿਹਾ: ‘ਮੈਂ ਤੁਹਾਡਾ ਸ਼ੁਕਰੀਆ ਕਰਨਾ ਚਾਹੁੰਦਾ ਹਾਂ ਕਿਉਂਕਿ ਤੁਸੀਂ ਮੇਰੇ ਪਰਿਵਾਰ ਲਈ ਬਹੁਤ ਵਧੀਆ ਮਿਸਾਲ ਰੱਖੀ ਹੈ। ਤੁਸੀਂ ਸੋਚ ਨਹੀਂ ਸਕਦੇ ਕਿ ਪਿਛਲੇ ਕੁਝ ਸਾਲਾਂ ਦੌਰਾਨ ਸਾਨੂੰ ਤੁਹਾਡੇ ਭਾਸ਼ਣ ਸੁਣ ਕੇ ਕਿੰਨਾ ਮਜ਼ਾ ਆਇਆ। ਉਨ੍ਹਾਂ ਭਾਸ਼ਣਾਂ ਕਰਕੇ ਸਾਡੀ ਨਿਹਚਾ ਹੋਰ ਵੀ ਮਜ਼ਬੂਤ ਹੋਈ।’ ਇਹ ਗੱਲ ਮੇਰੇ ਦਿਲ ਨੂੰ ਇੰਨੀ ਛੂਹ ਗਈ ਕਿ ਮੇਰੀਆਂ ਅੱਖਾਂ ਭਰ ਆਈਆਂ। ਉਸ ਵੇਲੇ ਮੈਂ ਸੱਚ-ਮੁੱਚ ਇਸ ਤਰ੍ਹਾਂ ਦਾ ਹੀ ਕੁਝ ਸੁਣਨਾ ਚਾਹੁੰਦਾ ਸੀ।”
17. ਕੁਲੁੱਸੀਆਂ 3:15 ਅਨੁਸਾਰ ਅਸੀਂ ਯਹੋਵਾਹ ਦੀ ਖੁੱਲ੍ਹ-ਦਿਲੀ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ?
17 ਆਪਣੇ ਖੁੱਲ੍ਹੇ ਦਿਲ ਵਾਲੇ ਪਰਮੇਸ਼ੁਰ ਨੂੰ। ਯਹੋਵਾਹ ਨੇ ਸਾਨੂੰ ਆਪਣੇ ਬਾਰੇ ਬਹੁਤ ਸਾਰਾ ਗਿਆਨ ਦਿੱਤਾ ਹੈ। ਮਿਸਾਲ ਲਈ, ਸਾਨੂੰ ਸਭਾਵਾਂ, ਰਸਾਲਿਆਂ ਅਤੇ ਸਾਡੀ ਵੈੱਬਸਾਈਟ ਰਾਹੀਂ ਹਿਦਾਇਤਾਂ ਮਿਲਦੀਆਂ ਹਨ। ਕੀ ਤੁਸੀਂ ਇਸ ਤਰ੍ਹਾਂ ਦਾ ਵਿਚਾਰ, ਕੋਈ ਭਾਸ਼ਣ ਸੁਣਿਆ, ਲੇਖ ਪੜ੍ਹਿਆ ਜਾਂ ਬਰਾਡਕਾਸਟ ਦੇਖਿਆ ਅਤੇ ਸੋਚਿਆ ਹੋਵੇ, ‘ਇਹ ਤਾਂ ਮੇਰੇ ਲਈ ਹੀ ਹੈ’? ਅਸੀਂ ਯਹੋਵਾਹ ਨੂੰ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ? (ਕੁਲੁੱਸੀਆਂ 3:15 ਪੜ੍ਹੋ।) ਇਕ ਤਰੀਕਾ ਹੈ, ਉਸ ਵੱਲੋਂ ਮਿਲੀਆਂ ਇਨ੍ਹਾਂ ਸਾਰੀਆਂ ਚੰਗੀਆਂ ਚੀਜ਼ਾਂ ਲਈ ਪ੍ਰਾਰਥਨਾ ਵਿਚ ਹਮੇਸ਼ਾ ਉਸ ਦਾ ਧੰਨਵਾਦ ਕਰਨਾ।—ਯਾਕੂ. 1:17.
18. ਅਸੀਂ ਕਿਹੜੇ ਤਰੀਕਿਆਂ ਰਾਹੀਂ ਆਪਣੇ ਕਿੰਗਡਮ ਹਾਲ ਵਾਸਤੇ ਕਦਰ ਦਿਖਾ ਸਕਦੇ ਹਾਂ?
18 ਅਸੀਂ ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਰੱਖ ਕੇ ਵੀ ਯਹੋਵਾਹ ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰ ਸਕਦੇ
ਹਾਂ। ਅਸੀਂ ਬਾਕਾਇਦਾ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਕਰਨ ਵਿਚ ਹਿੱਸਾ ਪਾਉਂਦੇ ਹਾਂ ਅਤੇ ਮੰਡਲੀ ਵਿਚ ਜਿਹੜੇ ਭਰਾਵਾਂ ਦੀ ਬਿਜਲੀ ਦੀਆਂ ਚੀਜ਼ਾਂ ਨੂੰ ਵਰਤਣ ਦੀ ਜ਼ਿੰਮੇਵਾਰੀ ਹੈ ਉਹ ਉਨ੍ਹਾਂ ਨੂੰ ਧਿਆਨ ਨਾਲ ਵਰਤਦੇ ਹਨ। ਕਿੰਗਡਮ ਹਾਲਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨ ਕਰਕੇ ਇਹ ਲੰਬੇ ਸਮੇਂ ਤਕ ਸਹੀ ਹਾਲਤ ਵਿਚ ਰਹਿੰਦੇ ਹਨ ਅਤੇ ਜ਼ਿਆਦਾ ਕੋਈ ਵੱਡੀ ਮੁਰੰਮਤ ਦੀ ਲੋੜ ਨਹੀਂ ਪੈਂਦੀ। ਇਸ ਤਰ੍ਹਾਂ ਅਸੀਂ ਦੁਨੀਆਂ ਭਰ ਵਿਚ ਹੋਰ ਕਿੰਗਡਮ ਹਾਲ ਬਣਾਉਣ ਅਤੇ ਉਨ੍ਹਾਂ ਦੀ ਮੁਰੰਮਤ ਕਰਨ ਲਈ ਜ਼ਿਆਦਾ ਪੈਸੇ ਬਚਾਉਂਦੇ ਹਾਂ।19. ਤੁਸੀਂ ਇਕ ਸਰਕਟ ਓਵਰਸੀਅਰ ਅਤੇ ਉਸ ਦੀ ਪਤਨੀ ਦੇ ਤਜਰਬੇ ਤੋਂ ਕੀ ਸਿੱਖਿਆ?
19 ਜਿਹੜੇ ਸਾਡੇ ਲਈ ਸਖ਼ਤ ਮਿਹਨਤ ਕਰਦੇ ਹਨ। ਜਦੋਂ ਅਸੀਂ ਸ਼ੁਕਰਗੁਜ਼ਾਰੀ ਦਿਖਾਉਂਦੇ ਹਾਂ, ਤਾਂ ਸ਼ਾਇਦ ਸਾਡੇ ਸ਼ਬਦਾਂ ਕਰਕੇ ਇਕ ਇਨਸਾਨ ਦਾ ਚੁਣੌਤੀਆਂ ਪ੍ਰਤੀ ਨਜ਼ਰੀਆ ਬਦਲ ਜਾਵੇ। ਇਕ ਸਰਕਟ ਓਵਰਸੀਅਰ ਅਤੇ ਉਸ ਦੀ ਪਤਨੀ ਦੇ ਤਜਰਬੇ ’ਤੇ ਗੌਰ ਕਰੋ। ਇਕ ਵਾਰ ਸਰਦੀਆਂ ਵਿਚ ਪੂਰਾ ਦਿਨ ਪ੍ਰਚਾਰ ਕਰਨ ਤੋਂ ਬਾਅਦ ਉਹ ਥੱਕੇ-ਟੁੱਟੇ ਘਰ ਪਹੁੰਚੇ। ਇੰਨੀ ਠੰਢ ਸੀ ਕਿ ਪਤਨੀ ਕੋਟ ਪਾ ਕੇ ਹੀ ਸੌਂ ਗਈ। ਸਵੇਰੇ ਉਸ ਨੇ ਆਪਣੇ ਪਤੀ ਨੂੰ ਕਿਹਾ ਉਹ ਹੋਰ ਜ਼ਿਆਦਾ ਸਫ਼ਰੀ ਕੰਮ ਨਹੀਂ ਕਰ ਸਕਦੀ। ਉਸੇ ਸਵੇਰ ਬਾਅਦ ਵਿਚ ਸ਼ਾਖ਼ਾ ਦਫ਼ਤਰ ਤੋਂ ਚਿੱਠੀ ਆਈ ਤੇ ਇਹ ਚਿੱਠੀ ਭੈਣ ਲਈ ਸੀ। ਚਿੱਠੀ ਵਿਚ ਭੈਣ ਦੇ ਪ੍ਰਚਾਰ ਦੇ ਕੰਮ ਅਤੇ ਉਸ ਦੇ ਧੀਰਜ ਦੀ ਤਾਰੀਫ਼ ਕੀਤੀ ਗਈ ਸੀ। ਉਸ ਵਿਚ ਲਿਖਿਆ ਸੀ ਕਿ ਅਸੀਂ ਜਾਣਦੇ ਹਾਂ ਕਿ ਹਰ ਹਫ਼ਤੇ ਇਕ ਥਾਂ ਤੋਂ ਦੂਜੀ ਥਾਂ ਜਾਣਾ ਕਿੰਨਾ ਮੁਸ਼ਕਲ ਹੈ। ਉਸ ਦੇ ਪਤੀ ਨੇ ਕਿਹਾ: “ਤਾਰੀਫ਼ ਦੇ ਇਹ ਸ਼ਬਦ ਉਸ ਨੂੰ ਇੰਨੇ ਚੰਗੇ ਲੱਗੇ ਕਿ ਇਸ ਤੋਂ ਬਾਅਦ ਉਸ ਨੇ ਸੇਵਾ ਦੇ ਇਸ ਕੰਮ ਨੂੰ ਛੱਡਣ ਬਾਰੇ ਕਦੀ ਨਹੀਂ ਕਿਹਾ। ਦਰਅਸਲ, ਜਦੋਂ ਮੈਂ ਕਈ ਵਾਰ ਇਸ ਨੂੰ ਛੱਡਣ ਬਾਰੇ ਸੋਚਦਾ ਸੀ, ਤਾਂ ਉਹ ਮੈਨੂੰ ਇਸ ਕੰਮ ਨੂੰ ਕਰਦੇ ਰਹਿਣ ਦੀ ਹੱਲਾਸ਼ੇਰੀ ਦਿੰਦੀ ਸੀ।” ਇਹ ਜੋੜਾ ਲਗਭਗ 40 ਸਾਲਾਂ ਤਕ ਸਰਕਟ ਦਾ ਕੰਮ ਕਰਦਾ ਰਿਹਾ।
20. ਸਾਨੂੰ ਹਰ ਰੋਜ਼ ਕੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਿਉਂ?
20 ਆਓ ਆਪਾਂ ਹਰ ਰੋਜ਼ ਆਪਣੀ ਕਹਿਣੀ ਅਤੇ ਕਰਨੀ ਰਾਹੀਂ ਸ਼ੁਕਰਗੁਜ਼ਾਰੀ ਦਿਖਾਉਣ ਦੀ ਕੋਸ਼ਿਸ਼ ਕਰੀਏ। ਸਾਡੇ ਦਿਲੋਂ ਕਹੇ ਸ਼ਬਦਾਂ ਅਤੇ ਕੰਮਾਂ ਕਰਕੇ ਸ਼ਾਇਦ ਕੋਈ ਵਿਅਕਤੀ ਇਸ ਨਾਸ਼ੁਕਰੀ ਦੁਨੀਆਂ ਵਿਚ ਹਰ ਰੋਜ਼ ਆਉਂਦੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਦਾ ਸਾਮ੍ਹਣਾ ਕਰ ਸਕੇ। ਨਾਲੇ ਇਸ ਤਰ੍ਹਾਂ ਦੇ ਸ਼ਬਦਾਂ ਕਰਕੇ ਦੂਸਰੇ ਹਮੇਸ਼ਾ ਲਈ ਸਾਡੇ ਦੋਸਤ ਬਣਨਗੇ। ਸਭ ਤੋਂ ਅਹਿਮ ਗੱਲ ਹੈ ਕਿ ਅਸੀਂ ਆਪਣੇ ਖੁੱਲ੍ਹ-ਦਿਲੇ ਤੇ ਕਦਰ ਕਰਨ ਵਾਲੇ ਪਿਤਾ ਯਹੋਵਾਹ ਦੀ ਰੀਸ ਕਰ ਰਹੇ ਹੋਵਾਂਗੇ।
ਗੀਤ 13 ਧੰਨਵਾਦ ਦਾ ਗੀਤ
^ ਪੈਰਾ 5 ਅਸੀਂ ਯਹੋਵਾਹ, ਯਿਸੂ ਅਤੇ ਇਕ ਸਾਮਰੀ ਕੋੜ੍ਹੀ ਤੋਂ ਸ਼ੁਕਰਗੁਜ਼ਾਰੀ ਦਿਖਾਉਣ ਬਾਰੇ ਕੀ ਸਿੱਖ ਸਕਦੇ ਹਾਂ? ਇਸ ਲੇਖ ਵਿਚ ਅਸੀਂ ਇਨ੍ਹਾਂ ਅਤੇ ਕੁਝ ਹੋਰ ਮਿਸਾਲਾਂ ’ਤੇ ਗੌਰ ਕਰਾਂਗੇ। ਅਸੀਂ ਦੇਖਾਂਗੇ ਕਿ ਸ਼ੁਕਰਗੁਜ਼ਾਰੀ ਦਿਖਾਉਣੀ ਇੰਨੀ ਜ਼ਰੂਰੀ ਕਿਉਂ ਹੈ ਅਤੇ ਸ਼ੁਕਰਗੁਜ਼ਾਰੀ ਦਿਖਾਉਣ ਦੇ ਕੁਝ ਖ਼ਾਸ ਤਰੀਕਿਆਂ ’ਤੇ ਗੌਰ ਕਰਾਂਗੇ।
^ ਪੈਰਾ 1 ਸ਼ਬਦ ਦਾ ਮਤਲਬ: ਕਿਸੇ ਵਿਅਕਤੀ ਜਾਂ ਚੀਜ਼ ਲਈ ਸ਼ੁਕਰਗੁਜ਼ਾਰੀ ਦਿਖਾਉਣ ਦਾ ਮਤਲਬ ਹੈ ਕਿ ਅਸੀਂ ਉਸ ਵਿਅਕਤੀ ਜਾਂ ਉਸ ਚੀਜ਼ ਦੀ ਕਦਰ ਕਰਦੇ ਹਾਂ। ਇਸ ਸ਼ਬਦ ਦਾ ਮਤਲਬ ਹੋ ਸਕਦਾ ਹੈ, ਦਿਲ ਵਿਚ ਸ਼ੁਕਰਗੁਜ਼ਾਰੀ ਦੀਆਂ ਭਾਵਨਾਵਾਂ ਹੋਣੀਆਂ।