ਅਧਿਐਨ ਲੇਖ 49
ਕੰਮ ਅਤੇ ਆਰਾਮ ਕਰਨ ਦਾ ‘ਇੱਕ ਸਮਾਂ’ ਹੈ
“ਆਓ ਆਪਾਂ ਕਿਸੇ ਇਕਾਂਤ ਜਗ੍ਹਾ ਚੱਲੀਏ ਅਤੇ ਥੋੜ੍ਹਾ ਆਰਾਮ ਕਰੀਏ।”—ਮਰ. 6:31.
ਗੀਤ 32 ਤਕੜੇ ਹੋਵੋ, ਦ੍ਰਿੜ੍ਹ ਬਣੋ!
ਖ਼ਾਸ ਗੱਲਾਂ *
1. ਬਹੁਤ ਸਾਰੇ ਲੋਕਾਂ ਦਾ ਕੰਮ ਪ੍ਰਤੀ ਕਿਹੋ ਜਿਹਾ ਨਜ਼ਰੀਆ ਹੈ?
ਜਿੱਥੇ ਤੁਸੀਂ ਰਹਿੰਦੇ ਹੋ, ਉੱਥੇ ਜ਼ਿਆਦਾਤਰ ਲੋਕਾਂ ਦਾ ਕੰਮ ਪ੍ਰਤੀ ਕਿਹੋ ਜਿਹਾ ਨਜ਼ਰੀਆ ਹੈ? ਬਹੁਤ ਸਾਰੇ ਦੇਸ਼ਾਂ ਵਿਚ ਲੋਕ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖ਼ਤ ਮਿਹਨਤ ਤੇ ਕਈ-ਕਈ ਘੰਟੇ ਕੰਮ ਕਰਦੇ ਹਨ। ਹੱਦੋਂ ਵੱਧ ਕੰਮ ਕਰਨ ਵਾਲੇ ਲੋਕਾਂ ਕੋਲ ਅਕਸਰ ਆਰਾਮ ਕਰਨ ਦਾ ਸਮਾਂ ਨਹੀਂ ਹੁੰਦਾ, ਉਹ ਆਪਣੇ ਪਰਿਵਾਰ ਨਾਲ ਸਮਾਂ ਨਹੀਂ ਗੁਜ਼ਾਰਦੇ ਜਾਂ ਉਨ੍ਹਾਂ ਕੋਲ ਪਰਮੇਸ਼ੁਰ ਬਾਰੇ ਸਿੱਖਣ ਦਾ ਵੀ ਸਮਾਂ ਨਹੀਂ ਹੁੰਦਾ। (ਉਪ. 2:23) ਇਸ ਦੇ ਉਲਟ, ਕੁਝ ਲੋਕਾਂ ਨੂੰ ਤਾਂ ਬਿਲਕੁਲ ਵੀ ਕੰਮ ਕਰਨਾ ਪਸੰਦ ਨਹੀਂ ਹੈ ਅਤੇ ਉਹ ਕੰਮ ਨਾ ਕਰਨ ਦੇ ਬਹਾਨੇ ਬਣਾਉਂਦੇ ਹਨ।—ਕਹਾ. 26:13, 14.
2-3. ਯਹੋਵਾਹ ਤੇ ਯਿਸੂ ਨੇ ਕੰਮ ਦੇ ਮਾਮਲੇ ਵਿਚ ਕਿਹੜੀਆਂ ਮਿਸਾਲਾਂ ਰੱਖੀਆਂ?
2 ਬਹੁਤ ਸਾਰੇ ਲੋਕ ਜਾਂ ਤਾਂ ਬਹੁਤ ਜ਼ਿਆਦਾ ਕੰਮ ਕਰਦੇ ਹਨ ਜਾਂ ਬਿਲਕੁਲ ਵੀ ਨਹੀਂ। ਜ਼ਰਾ ਇਨ੍ਹਾਂ ਲੋਕਾਂ ਤੋਂ ਉਲਟ ਯਹੋਵਾਹ ਤੇ ਯਿਸੂ ਦੇ ਕੰਮ ਕਰਨ ਦੇ ਤਰੀਕੇ ਬਾਰੇ ਸੋਚੋ। ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਨੂੰ ਕੰਮ ਕਰਨਾ ਬਹੁਤ ਪਸੰਦ ਹੈ। ਯਿਸੂ ਨੇ ਇਹ ਗੱਲ ਸਾਫ਼-ਸਾਫ਼ ਜ਼ਾਹਰ ਕੀਤੀ ਜਦੋਂ ਉਸ ਨੇ ਕਿਹਾ: “ਮੇਰਾ ਪਿਤਾ ਅਜੇ ਤਕ ਕੰਮ ਕਰ ਰਿਹਾ ਹੈ, ਇਸ ਲਈ ਮੈਂ ਵੀ ਕੰਮ ਕਰਦਾ ਰਹਿੰਦਾ ਹਾਂ।” (ਯੂਹੰ. 5:17) ਜ਼ਰਾ ਪਰਮੇਸ਼ੁਰ ਦੇ ਉਨ੍ਹਾਂ ਸਾਰੇ ਕੰਮਾਂ ਬਾਰੇ ਸੋਚੋ ਜਦੋਂ ਉਸ ਨੇ ਅਣਗਿਣਤ ਦੂਤ ਤੇ ਵਿਸ਼ਾਲ ਬ੍ਰਹਿਮੰਡ ਬਣਾਇਆ। ਅਸੀਂ ਇਸ ਦਾ ਸਬੂਤ ਧਰਤੀ ’ਤੇ ਪਰਮੇਸ਼ੁਰ ਦੀਆਂ ਬਣਾਈਆਂ ਹੋਈਆਂ ਸੋਹਣੀਆਂ ਚੀਜ਼ਾਂ ਤੋਂ ਵੀ ਦੇਖਦੇ ਹਾਂ। ਜ਼ਬੂਰਾਂ ਦੇ ਲਿਖਾਰੀ ਨੇ ਸਹੀ ਕਿਹਾ: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!”—ਜ਼ਬੂ. 104:24.
3 ਯਿਸੂ ਨੇ ਆਪਣੇ ਪਿਤਾ ਦੀ ਰੀਸ ਕੀਤੀ। ਉਸ ਨੇ ਪਰਮੇਸ਼ੁਰ ਦੀ ਮਦਦ ਕੀਤੀ ਜਦੋਂ ਪਰਮੇਸ਼ੁਰ ਨੇ “ਅਕਾਸ਼ ਕਾਇਮ ਕੀਤੇ।” ਉਸ ਨੇ ਯਹੋਵਾਹ ਨਾਲ “ਰਾਜ ਮਿਸਤਰੀ” ਵਜੋਂ ਕੰਮ ਕੀਤਾ। (ਕਹਾ. 8:27-31) ਇਸ ਤੋਂ ਕਈ ਸਾਲਾਂ ਬਾਅਦ ਧਰਤੀ ’ਤੇ ਹੁੰਦਿਆਂ ਯਿਸੂ ਨੇ ਸ਼ਾਨਦਾਰ ਕੰਮ ਕੀਤੇ। ਇਹ ਕੰਮ ਉਸ ਲਈ ਭੋਜਨ ਵਾਂਗ ਸਨ ਅਤੇ ਉਸ ਦੇ ਕੰਮਾਂ ਤੋਂ ਸਾਬਤ ਹੋਇਆ ਕਿ ਪਰਮੇਸ਼ੁਰ ਨੇ ਉਸ ਨੂੰ ਭੇਜਿਆ ਸੀ।—ਯੂਹੰ. 4:34; 5:36; 14:10.
4. ਅਸੀਂ ਆਰਾਮ ਬਾਰੇ ਯਹੋਵਾਹ ਤੇ ਯਿਸੂ ਤੋਂ ਕੀ ਸਿੱਖ ਸਕਦੇ ਹਾਂ?
4 ਕੀ ਯਹੋਵਾਹ ਤੇ ਯਿਸੂ ਦੁਆਰਾ ਸਖ਼ਤ ਮਿਹਨਤ ਕਰਨ ਦੀਆਂ ਰੱਖੀਆਂ ਮਿਸਾਲਾਂ ਦਾ ਮਤਲਬ ਹੈ ਕਿ ਸਾਨੂੰ ਬਿਲਕੁਲ ਵੀ ਆਰਾਮ ਨਹੀਂ ਕਰਨਾ ਚਾਹੀਦਾ? ਬਿਲਕੁਲ ਨਹੀਂ। ਬਾਈਬਲ ਕਹਿੰਦੀ ਹੈ ਕਿ ਸਵਰਗ ਅਤੇ ਧਰਤੀ ਨੂੰ ਬਣਾਉਣ ਤੋਂ ਬਾਅਦ ਯਹੋਵਾਹ ਨੇ “ਆਰਾਮ ਕੀਤਾ ਅਤੇ ਉਸ ਦਾ ਦਿਲ ਖ਼ੁਸ਼ ਹੋਇਆ।” (ਕੂਚ 31:17, NW) ਯਹੋਵਾਹ ਕਦੇ ਵੀ ਥੱਕਦਾ ਨਹੀਂ ਜਿਸ ਕਰਕੇ ਉਸ ਨੂੰ ਆਰਾਮ ਕਰਨ ਦੀ ਲੋੜ ਨਹੀਂ ਹੈ। ਪਰ ਇਸ ਦਾ ਮਤਲਬ ਹੈ ਕਿ ਯਹੋਵਾਹ ਨੇ ਚੀਜ਼ਾਂ ਬਣਾਉਣੀਆਂ ਬੰਦ ਕੀਤੀਆਂ ਅਤੇ ਉਸ ਨੇ ਜੋ ਬਣਾਇਆ ਸੀ, ਉਸ ਤੋਂ ਖ਼ੁਸ਼ੀ ਪਾਈ। ਨਾਲੇ ਚਾਹੇ ਧਰਤੀ ’ਤੇ ਹੁੰਦਿਆਂ ਯਿਸੂ ਨੇ ਬਹੁਤ ਮਿਹਨਤ ਕੀਤੀ ਸੀ, ਪਰ ਫਿਰ ਵੀ ਉਸ ਨੇ ਆਰਾਮ ਕਰਨ ਅਤੇ ਆਪਣੇ ਦੋਸਤਾਂ ਨਾਲ ਖਾਣਾ ਖਾਣ ਲਈ ਸਮਾਂ ਕੱਢਿਆ ਸੀ।—ਮੱਤੀ 14:13; ਲੂਕਾ 7:34.
5. ਬਹੁਤ ਸਾਰੇ ਲੋਕਾਂ ਨੂੰ ਕੀ ਕਰਨਾ ਔਖਾ ਲੱਗਦਾ ਹੈ?
5 ਬਾਈਬਲ ਪਰਮੇਸ਼ੁਰ ਦੇ ਲੋਕਾਂ ਨੂੰ ਕੰਮ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ। ਉਸ ਦੇ ਸੇਵਕਾਂ ਨੂੰ ਆਲਸੀ ਹੋਣ ਦੀ ਬਜਾਇ ਮਿਹਨਤੀ ਹੋਣਾ ਚਾਹੀਦਾ ਹੈ। (ਕਹਾ. 15:19) ਸ਼ਾਇਦ ਤੁਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਕੋਈ ਕੰਮ ਕਰਦੇ ਹੋ। ਨਾਲੇ ਮਸੀਹ ਦੇ ਚੇਲਿਆਂ ਵਜੋਂ ਸਾਡੇ ਸਾਰਿਆਂ ਕੋਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਹੈ। ਪਰ ਤੁਹਾਨੂੰ ਕੁਝ ਹੱਦ ਤਕ ਆਰਾਮ ਕਰਨ ਦੀ ਵੀ ਲੋੜ ਹੈ। ਕੀ ਕਦੀ-ਕਦਾਈਂ ਤੁਹਾਡੇ ਲਈ ਕੰਮ ਕਰਨ, ਪ੍ਰਚਾਰ ਕਰਨ ਅਤੇ ਆਰਾਮ ਕਰਨ ਲਈ ਸਮਾਂ ਕੱਢਣਾ ਔਖਾ ਹੁੰਦਾ ਹੈ? ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਨੂੰ ਕਿੰਨਾ ਕੰਮ ਤੇ ਕਿੰਨਾ ਆਰਾਮ ਕਰਨਾ ਚਾਹੀਦਾ?
ਸਹੀ ਨਜ਼ਰੀਆ ਰੱਖੋ
6. ਮਰਕੁਸ 6:30-34 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਿਸੂ ਨੇ ਕੰਮ ਤੇ ਆਰਾਮ ਪ੍ਰਤੀ ਸਹੀ ਨਜ਼ਰੀਆ ਰੱਖਿਆ?
6 ਕੰਮ ਪ੍ਰਤੀ ਸਹੀ ਨਜ਼ਰੀਆ ਰੱਖਣਾ ਜ਼ਰੂਰੀ ਹੈ। ਰਾਜਾ ਸੁਲੇਮਾਨ ਇਹ ਲਿਖਣ ਲਈ ਪ੍ਰੇਰਿਤ ਹੋਇਆ: “ਹਰੇਕ ਕੰਮ ਦਾ ਇੱਕ ਸਮਾ ਹੈ।” ਉਸ ਨੇ ਬੀਜਣ, ਉਸਾਰਨ, ਰੋਣ, ਹੱਸਣ, ਨੱਚਣ ਅਤੇ ਹੋਰ ਕੰਮਾਂ ਦਾ ਜ਼ਿਕਰ ਕੀਤਾ। (ਉਪ. 3:1-8) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜ਼ਿੰਦਗੀ ਦੇ ਦੋ ਮੁੱਖ ਪਹਿਲੂ ਹਨ, ਕੰਮ ਅਤੇ ਆਰਾਮ। ਯਿਸੂ ਨੇ ਕੰਮ ਅਤੇ ਆਰਾਮ ਪ੍ਰਤੀ ਸਹੀ ਨਜ਼ਰੀਆ ਰੱਖਿਆ। ਇਕ ਮੌਕੇ ’ਤੇ ਰਸੂਲ ਪ੍ਰਚਾਰ ਕਰ ਕੇ ਵਾਪਸ ਆਏ। ਉਹ ਇੰਨੇ ਰੁੱਝੇ ਹੋਏ ਸਨ ਕਿ ਉਨ੍ਹਾਂ ਨੂੰ “ਖਾਣਾ ਖਾਣ ਦੀ ਵੀ ਵਿਹਲ ਨਾ ਮਿਲੀ।” ਜਦੋਂ ਉਹ ਵਾਪਸ ਆਏ, ਤਾਂ ਯਿਸੂ ਨੇ ਕਿਹਾ: “ਆਓ ਆਪਾਂ ਕਿਸੇ ਇਕਾਂਤ ਜਗ੍ਹਾ ਚੱਲੀਏ ਅਤੇ ਥੋੜ੍ਹਾ ਆਰਾਮ ਕਰੀਏ।” (ਮਰਕੁਸ 6:30-34 ਪੜ੍ਹੋ।) ਚਾਹੇ ਯਿਸੂ ਤੇ ਉਸ ਦੇ ਚੇਲਿਆਂ ਨੂੰ ਕਈ ਵਾਰ ਆਰਾਮ ਕਰਨ ਲਈ ਬਿਲਕੁਲ ਵੀ ਸਮਾਂ ਨਹੀਂ ਮਿਲਦਾ ਸੀ, ਪਰ ਉਹ ਜਾਣਦਾ ਸੀ ਕਿ ਉਨ੍ਹਾਂ ਸਾਰਿਆਂ ਨੂੰ ਆਰਾਮ ਕਰਨ ਦੀ ਲੋੜ ਸੀ।
7. ਸਬਤ ਦੇ ਕਾਨੂੰਨ ਬਾਰੇ ਜਾਣ ਕੇ ਸਾਡੀ ਕਿਵੇਂ ਮਦਦ ਹੋਵੇਗੀ?
7 ਕਦੀ-ਕਦਾਈਂ ਥੋੜ੍ਹਾ-ਬਹੁਤਾ ਆਰਾਮ ਕਰਨਾ ਜਾਂ ਰੋਜ਼ਮੱਰਾ ਦੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰਨਾ ਜ਼ਰੂਰੀ ਹੈ। ਇਹ ਗੱਲ ਅਸੀਂ ਇਕ ਪ੍ਰਬੰਧ ਤੋਂ ਦੇਖ ਸਕਦੇ ਹਾਂ ਜੋ ਪਰਮੇਸ਼ੁਰ ਨੇ ਆਪਣੇ ਪ੍ਰਾਚੀਨ ਲੋਕਾਂ ਲਈ ਕੀਤਾ ਸੀ। ਉਹ ਪ੍ਰਬੰਧ ਹਰ ਹਫ਼ਤੇ ਸਬਤ ਦਾ ਦਿਨ ਮਨਾਉਣ ਦਾ ਸੀ। ਅਸੀਂ ਮੂਸਾ ਦੇ ਕਾਨੂੰਨ ਅਧੀਨ ਨਹੀਂ ਹਾਂ, ਪਰ ਅਸੀਂ ਇਸ ਵਿਚ ਦੱਸੇ ਸਬਤ ਦੇ ਕਾਨੂੰਨ ਬਾਰੇ ਜਾਣ ਕੇ ਫ਼ਾਇਦਾ ਪਾ ਸਕਦੇ ਹਾਂ। ਸਬਤ ਬਾਰੇ ਜਾਣ ਕੇ ਅਸੀਂ ਦੇਖ ਸਕਾਂਗੇ ਕਿ ਅਸੀਂ ਕੰਮ ਅਤੇ ਆਰਾਮ ਪ੍ਰਤੀ ਸਹੀ ਨਜ਼ਰੀਆ ਰੱਖ ਰਹੇ ਹਾਂ ਜਾਂ ਨਹੀਂ।
ਸਬਤ—ਭਗਤੀ ਅਤੇ ਆਰਾਮ ਕਰਨ ਦਾ ਸਮਾਂ
8. ਕੂਚ 31:12-15 ਅਨੁਸਾਰ ਸਬਤ ਦੇ ਦਿਨ ਕੀ ਕੀਤਾ ਜਾਣਾ ਚਾਹੀਦਾ ਸੀ?
8 ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਛੇ “ਦਿਨ” ਚੀਜ਼ਾਂ ਬਣਾਉਣ ਤੋਂ ਬਾਅਦ ਪਰਮੇਸ਼ੁਰ ਨੇ ਧਰਤੀ ’ਤੇ ਚੀਜ਼ਾਂ ਬਣਾਉਣੀਆਂ ਬੰਦ ਕਰ ਦਿੱਤੀਆਂ। (ਉਤ. 2:2) ਪਰ ਯਹੋਵਾਹ ਨੂੰ ਕੰਮ ਕਰਨਾ ਬਹੁਤ ਪਸੰਦ ਹੈ ਜਿਸ ਕਰਕੇ ਉਹ ਕਈ ਤਰੀਕਿਆਂ ਨਾਲ “ਅਜੇ ਤਕ ਕੰਮ ਕਰ ਰਿਹਾ ਹੈ।” (ਯੂਹੰ. 5:17) ਯਹੋਵਾਹ ਨੇ ਛੇ “ਦਿਨ” ਕੰਮ ਕੀਤਾ ਅਤੇ ਸੱਤਵੇਂ “ਦਿਨ” ਆਰਾਮ ਕੀਤਾ ਅਤੇ ਇਜ਼ਰਾਈਲੀਆਂ ਨੂੰ ਵੀ ਹਰ ਸੱਤਵੇਂ ਦਿਨ ਆਰਾਮ ਕਰਨ ਲਈ ਕਿਹਾ। ਪਰਮੇਸ਼ੁਰ ਨੇ ਕਿਹਾ ਕਿ ਸਬਤ ਉਸ ਅਤੇ ਇਜ਼ਰਾਈਲੀਆਂ ਵਿਚਕਾਰ ਇਕ ਨਿਸ਼ਾਨ ਸੀ। ਇਹ ਦਿਨ “ਵਿਸਰਾਮ ਦਾ . . . ਯਹੋਵਾਹ ਲਈ ਪਵਿੱਤ੍ਰ” ਦਿਨ ਸੀ। (ਕੂਚ 31:12-15 ਪੜ੍ਹੋ।) ਇਸ ਦਿਨ ’ਤੇ ਕਿਸੇ ਨੂੰ ਵੀ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ ਅਤੇ ਇਸ ਵਿਚ ਬੱਚੇ, ਗ਼ੁਲਾਮ ਅਤੇ ਇੱਥੋਂ ਤਕ ਕਿ ਪਾਲਤੂ ਜਾਨਵਰ ਵੀ ਸ਼ਾਮਲ ਸਨ। (ਕੂਚ 20:10) ਇਸ ਕਰਕੇ ਲੋਕ ਪਰਮੇਸ਼ੁਰ ਦੀ ਭਗਤੀ ਕਰਨ ਸੰਬੰਧੀ ਮਾਮਲਿਆਂ ਵੱਲ ਜ਼ਿਆਦਾ ਧਿਆਨ ਦੇ ਪਾਉਂਦੇ ਸਨ।
9. ਯਿਸੂ ਦੇ ਜ਼ਮਾਨੇ ਵਿਚ ਕੁਝ ਲੋਕਾਂ ਦੇ ਸਬਤ ਦੇ ਦਿਨ ਸੰਬੰਧੀ ਕਿਹੜੇ ਗ਼ਲਤ ਵਿਚਾਰ ਸਨ?
9 ਸਬਤ ਦਾ ਦਿਨ ਪਰਮੇਸ਼ੁਰ ਦੇ ਲੋਕਾਂ ਦੇ ਭਲੇ ਲਈ ਸੀ, ਪਰ ਯਿਸੂ ਦੇ ਜ਼ਮਾਨੇ ਵਿਚ ਬਹੁਤ ਸਾਰੇ ਧਾਰਮਿਕ ਆਗੂਆਂ ਨੇ ਇਸ ਨੂੰ ਮਨਾਉਣ ਲਈ ਹੱਦੋਂ ਵੱਧ ਸਖ਼ਤ ਨਿਯਮ ਬਣਾ ਦਿੱਤੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਬਤ ਦੇ ਦਿਨ ਕਣਕ ਦੇ ਸਿੱਟਿਆਂ ਨੂੰ ਤੋੜਨਾ ਜਾਂ ਕਿਸੇ ਬੀਮਾਰ ਵਿਅਕਤੀ ਨੂੰ ਠੀਕ ਕਰਨਾ ਕਾਨੂੰਨ ਦੇ ਖ਼ਿਲਾਫ਼ ਸੀ। (ਮਰ. 2:23-27; 3:2-5) ਪਰ ਪਰਮੇਸ਼ੁਰ ਅਜਿਹਾ ਨਹੀਂ ਸੀ ਚਾਹੁੰਦਾ। ਇਸ ਕਰਕੇ ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਇਹ ਗੱਲ ਸਾਫ਼-ਸਾਫ਼ ਸਮਝਾਈ ਸੀ।
10. ਅਸੀਂ ਮੱਤੀ 12:9-12 ਤੋਂ ਸਬਤ ਬਾਰੇ ਯਿਸੂ ਦੇ ਨਜ਼ਰੀਏ ਤੋਂ ਕੀ ਸਿੱਖ ਸਕਦੇ ਹਾਂ?
10 ਮੂਸਾ ਦੇ ਕਾਨੂੰਨ ਦੇ ਅਧੀਨ ਹੋਣ ਕਰਕੇ ਯਿਸੂ ਅਤੇ ਉਸ ਦੇ ਯਹੂਦੀ ਚੇਲੇ ਸਬਤ ਦਾ ਦਿਨ ਮਨਾਉਂਦੇ ਸਨ। * ਪਰ ਯਿਸੂ ਨੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਦਿਖਾਇਆ ਕਿ ਸਬਤ ਦੇ ਦਿਨ ਕਿਸੇ ਦਾ ਭਲਾ ਕਰਨਾ ਅਤੇ ਕਿਸੇ ਦੀ ਮਦਦ ਕਰਨੀ ਸਹੀ ਸੀ। ਉਸ ਨੇ ਸਾਫ਼-ਸਾਫ਼ ਦੱਸਿਆ: “ਸਬਤ ਦੇ ਦਿਨ ਚੰਗਾ ਕੰਮ ਕਰਨਾ ਠੀਕ ਹੈ।” (ਮੱਤੀ 12:9-12 ਪੜ੍ਹੋ।) ਉਸ ਨੇ ਇਹ ਨਹੀਂ ਸੋਚਿਆ ਕਿ ਸਬਤ ਦੇ ਦਿਨ ਕਿਸੇ ਦਾ ਭਲਾ ਕਰਨਾ ਅਤੇ ਕਿਸੇ ਦੀ ਮਦਦ ਕਰਨੀ ਪਰਮੇਸ਼ੁਰ ਦੇ ਕਾਨੂੰਨ ਨੂੰ ਤੋੜਨਾ ਸੀ। ਯਿਸੂ ਨੇ ਆਪਣੇ ਕੰਮਾਂ ਰਾਹੀਂ ਦਿਖਾਇਆ ਕਿ ਉਹ ਸਮਝਦਾ ਸੀ ਕਿ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਸਬਤ ਦੇ ਦਿਨ ਆਰਾਮ ਕਰਨ ਲਈ ਕਿਉਂ ਕਿਹਾ ਸੀ। ਪਰਮੇਸ਼ੁਰ ਦੇ ਲੋਕ ਆਪਣੇ ਰੋਜ਼ਮੱਰਾ ਦੇ ਕੰਮ-ਧੰਦਿਆਂ ਤੋਂ ਆਰਾਮ ਕਰਨ ਕਰਕੇ ਪਰਮੇਸ਼ੁਰ ਦੀ ਭਗਤੀ ਕਰਨ ਉੱਤੇ ਧਿਆਨ ਲਾ ਸਕਦੇ ਸਨ। ਜਿਸ ਪਰਿਵਾਰ ਵਿਚ ਯਿਸੂ ਦੀ ਪਰਵਰਿਸ਼ ਹੋਈ ਸੀ, ਉਹ ਸਬਤ ਦੇ ਦਿਨ ਪਰਮੇਸ਼ੁਰ ਦੀ ਭਗਤੀ ਕਰਦਾ ਸੀ। ਅਸੀਂ ਇਹ ਗੱਲ ਇਸ ਕਰਕੇ ਜਾਣਦੇ ਹਾਂ ਕਿਉਂਕਿ ਅਸੀਂ ਪੜ੍ਹਦੇ ਹਾਂ ਕਿ ਜਦੋਂ ਯਿਸੂ ਆਪਣੇ ਸ਼ਹਿਰ ਨਾਸਰਤ ਵਿਚ ਸੀ, ਤਾਂ “ਹਮੇਸ਼ਾ ਵਾਂਗ ਸਬਤ ਦੇ ਦਿਨ [ਯਿਸੂ] ਸਭਾ ਘਰ ਨੂੰ ਗਿਆ ਅਤੇ ਧਰਮ-ਗ੍ਰੰਥ ਵਿੱਚੋਂ ਪੜ੍ਹਨ ਲਈ ਖੜ੍ਹਾ ਹੋਇਆ।”—ਲੂਕਾ 4:15-19.
ਕੰਮ ਪ੍ਰਤੀ ਤੁਹਾਡਾ ਕੀ ਨਜ਼ਰੀਆ ਹੈ?
11. ਕੰਮ ਸੰਬੰਧੀ ਕਿਸ ਨੇ ਯਿਸੂ ਲਈ ਵਧੀਆ ਮਿਸਾਲ ਰੱਖੀ?
11 ਯੂਸੁਫ਼ ਨੇ ਆਪਣੇ ਪੁੱਤਰ ਯਿਸੂ ਨੂੰ ਤਰਖਾਣ ਦਾ ਕੰਮ ਸਿਖਾਉਂਦਿਆਂ ਜ਼ਰੂਰ ਦੱਸਿਆ ਹੋਣਾ ਕਿ ਕੰਮ ਪ੍ਰਤੀ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ। (ਮੱਤੀ 13:55, 56) ਨਾਲੇ ਯਿਸੂ ਨੇ ਆਪਣੀ ਅੱਖੀਂ ਯੂਸੁਫ਼ ਨੂੰ ਹਰ ਰੋਜ਼ ਆਪਣੇ ਵੱਡੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਸਖ਼ਤ ਮਿਹਨਤ ਕਰਦਿਆਂ ਦੇਖਿਆ ਹੋਣਾ। ਦਿਲਚਸਪੀ ਦੀ ਗੱਲ ਹੈ ਕਿ ਯਿਸੂ ਨੇ ਬਾਅਦ ਵਿਚ ਆਪਣੇ ਚੇਲਿਆਂ ਨੂੰ ਕਿਹਾ: “ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।” (ਲੂਕਾ 10:7) ਜੀ ਹਾਂ, ਯਿਸੂ ਸਖ਼ਤ ਮਿਹਨਤ ਕਰਨੀ ਜਾਣਦਾ ਸੀ।
12. ਕਿਹੜੇ ਹਵਾਲਿਆਂ ਤੋਂ ਸਖ਼ਤ ਮਿਹਨਤ ਸੰਬੰਧੀ ਪੌਲੁਸ ਦੇ ਰਵੱਈਏ ਦਾ ਪਤਾ ਲੱਗਦਾ ਹੈ?
12 ਪੌਲੁਸ ਰਸੂਲ ਵੀ ਸਖ਼ਤ ਮਿਹਨਤ ਕਰਨੀ ਜਾਣਦਾ ਸੀ। ਉਸ ਦਾ ਮੁੱਖ ਕੰਮ ਯਿਸੂ ਦੇ ਨਾਂ ਅਤੇ ਉਸ ਦੀਆਂ ਸਿੱਖਿਆਵਾਂ ਬਾਰੇ ਦੂਜਿਆਂ ਨੂੰ ਗਵਾਹੀ ਦੇਣ ਦਾ ਸੀ। ਪਰ ਪੌਲੁਸ ਨੇ ਆਪਣਾ ਗੁਜ਼ਾਰਾ ਤੋਰਨ ਲਈ ਕੰਮ ਵੀ ਕੀਤਾ। ਥੱਸਲੁਨੀਕੀਆਂ ਦੇ ਮਸੀਹੀ ਜਾਣਦੇ ਸਨ ਕਿ ਉਸ ਨੇ “ਦਿਨ-ਰਾਤ ਸਖ਼ਤ ਮਿਹਨਤ” ਕੀਤੀ ਤਾਂਕਿ ਉਹ ਕਿਸੇ ’ਤੇ ਵੀ “ਆਪਣੇ ਖ਼ਰਚਿਆਂ ਦਾ ਬੋਝ ਨਾ” ਪਾਵੇ। (2 ਥੱਸ. 3:8; ਰਸੂ. 20:34, 35) ਜਦੋਂ ਪੌਲੁਸ ਨੇ ਕੰਮ ਦੀ ਗੱਲ ਕੀਤੀ, ਤਾਂ ਉਹ ਸ਼ਾਇਦ ਤੰਬੂ ਬਣਾਉਣ ਦੇ ਕੰਮ ਦੀ ਗੱਲ ਕਰ ਰਿਹਾ ਸੀ। ਕੁਰਿੰਥੁਸ ਵਿਚ ਹੁੰਦਿਆਂ ਉਹ ਅਕੂਲਾ ਅਤੇ ਪ੍ਰਿਸਕਿੱਲਾ ਦੇ ਨਾਲ ਰਿਹਾ ਅਤੇ “ਉਹ ਤੰਬੂ ਬਣਾਉਣ ਦਾ ਕੰਮ ਕਰਦੇ ਸਨ। ਪੌਲੁਸ ਨੇ ਉਨ੍ਹਾਂ ਨਾਲ ਮਿਲ ਕੇ ਇਹ ਕੰਮ ਕੀਤਾ।” ਪੌਲੁਸ ਨੇ “ਦਿਨ-ਰਾਤ” ਕੰਮ ਕੀਤਾ, ਇਸ ਦਾ ਇਹ ਮਤਲਬ ਨਹੀਂ ਸੀ ਕਿ ਉਸ ਨੇ ਬਿਨਾਂ ਰੁਕੇ ਕੰਮ ਕੀਤਾ। ਉਹ ਤੰਬੂ ਬਣਾਉਣ ਦੇ ਕੰਮ ਤੋਂ ਛੁੱਟੀ ਕਰਦਾ ਸੀ, ਜਿਵੇਂ ਸਬਤ ਦੇ ਦਿਨ ’ਤੇ। ਉਸ ਦਿਨ ਉਸ ਨੂੰ ਯਹੂਦੀਆਂ ਨੂੰ ਗਵਾਹੀ ਦੇਣ ਦਾ ਮੌਕਾ ਮਿਲਦਾ ਸੀ ਕਿਉਂਕਿ ਉਹ ਵੀ ਸਬਤ ਦੇ ਦਿਨ ਕੰਮ ਨਹੀਂ ਕਰਦੇ ਸਨ।—ਰਸੂ. 13:14-16, 42-44; 16:13; 18:1-4.
13. ਅਸੀਂ ਪੌਲੁਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
13 ਪੌਲੁਸ ਰਸੂਲ ਨੇ ਵਧੀਆ ਮਿਸਾਲ ਰੱਖੀ। ਚਾਹੇ ਉਸ ਨੂੰ ਕੰਮ ਕਰਨਾ ਪੈਂਦਾ ਸੀ, ਪਰ ਫਿਰ ਵੀ ਉਸ ਨੇ ਧਿਆਨ ਰੱਖਿਆ ਕਿ ਉਹ ‘ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ’ ਕਰਨ ਦੇ “ਪਵਿੱਤਰ ਕੰਮ” ਵਿਚ ਬਾਕਾਇਦਾ ਹਿੱਸਾ ਲਵੇ। (ਰੋਮੀ. 15:16; 2 ਕੁਰਿੰ. 11:23) ਉਸ ਨੇ ਦੂਜਿਆਂ ਨੂੰ ਵੀ ਇਹੀ ਕਰਨ ਦੀ ਹੱਲਾਸ਼ੇਰੀ ਦਿੱਤੀ। ਇਸ ਲਈ ਅਕੂਲਾ ਤੇ ਪ੍ਰਿਸਕਿੱਲਾ ਪੌਲੁਸ ਨਾਲ ਮਿਲ ਕੇ “ਯਿਸੂ ਮਸੀਹ ਦਾ ਕੰਮ ਕਰਦੇ” ਸਨ। (ਰੋਮੀ. 12:11; 16:3) ਪੌਲੁਸ ਰਸੂਲ ਨੇ ਕਿਹਾ: “ਜਿਹੜਾ ਇਨਸਾਨ ਕੰਮ ਨਹੀਂ ਕਰਨਾ ਚਾਹੁੰਦਾ, ਤਾਂ ਉਸ ਨੂੰ ਰੋਟੀ ਖਾਣ ਦਾ ਵੀ ਹੱਕ ਨਹੀਂ ਹੈ।” (2 ਥੱਸ. 3:10) ਪਰ ਯਹੋਵਾਹ ਨੇ ਤਾਂ ਉਸ ਨੂੰ ਕੁਰਿੰਥੀਆਂ ਦੇ ਮਸੀਹੀਆਂ ਨੂੰ ਇਹੀ ਵੀ ਲਿਖਣ ਲਈ ਪ੍ਰੇਰਿਆ ਕਿ ਉਹ “ਪ੍ਰਭੂ ਦੇ ਕੰਮ ਵਿਚ ਹਮੇਸ਼ਾ ਰੁੱਝੇ” ਰਹਿਣ।—1 ਕੁਰਿੰ. 15:58; 2 ਕੁਰਿੰ. 9:8.
14. ਯੂਹੰਨਾ 14:12 ਵਿਚ ਦਰਜ ਯਿਸੂ ਦੇ ਸ਼ਬਦਾਂ ਦਾ ਕੀ ਮਤਲਬ ਹੈ?
14 ਇਨ੍ਹਾਂ ਆਖ਼ਰੀ ਦਿਨਾਂ ਵਿਚ ਪ੍ਰਚਾਰ ਤੇ ਚੇਲੇ ਬਣਾਉਣ ਦਾ ਕੰਮ ਸਭ ਤੋਂ ਅਹਿਮ ਹੈ। ਦਰਅਸਲ, ਯਿਸੂ ਨੇ ਪਹਿਲਾਂ ਹੀ ਕਿਹਾ ਸੀ ਕਿ ਉਸ ਦੇ ਚੇਲੇ ਉਸ ਨਾਲੋਂ ਵੀ ਵੱਡੇ-ਵੱਡੇ ਕੰਮ ਕਰਨਗੇ। (ਯੂਹੰਨਾ 14:12 ਪੜ੍ਹੋ।) ਉਸ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਅਸੀਂ ਉਸ ਵਾਂਗ ਚਮਤਕਾਰ ਕਰਾਂਗੇ। ਇਸ ਦੀ ਬਜਾਇ, ਯਿਸੂ ਦੇ ਚੇਲਿਆਂ ਨੇ ਉਸ ਨਾਲੋਂ ਜ਼ਿਆਦਾ ਇਲਾਕਿਆਂ ਵਿਚ, ਜ਼ਿਆਦਾ ਲੋਕਾਂ ਨੂੰ ਅਤੇ ਜ਼ਿਆਦਾ ਸਮੇਂ ਪ੍ਰਚਾਰ ਤੇ ਸਿਖਾਉਣ ਦਾ ਕੰਮ ਕਰਨਾ ਸੀ।
15. ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਕਿਉਂ?
15 ਜੇ ਤੁਸੀਂ ਕੋਈ ਕੰਮ-ਧੰਦਾ ਕਰਦੇ ਹੋ, ਤਾਂ ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਕੀ ਮੈਂ ਆਪਣੀ ਕੰਮ ਦੀ ਥਾਂ ’ਤੇ ਸਖ਼ਤ ਮਿਹਨਤ ਕਰਨ ਵਾਲੇ ਵਜੋਂ ਜਾਣਿਆ ਜਾਂਦਾ ਹਾਂ? ਕੀ ਮੈਂ ਆਪਣਾ ਕੰਮ ਸਮੇਂ ਸਿਰ ਅਤੇ ਜੀ-ਜਾਨ ਲਾ ਕੇ ਪੂਰਾ ਕਰਦਾ ਹਾਂ?’ ਜੇ ਤੁਹਾਡਾ ਜਵਾਬ ਹਾਂ ਵਿਚ ਹੈ, ਤਾਂ ਬਿਨਾਂ ਸ਼ੱਕ ਤੁਹਾਡਾ ਮਾਲਕ ਤੁਹਾਡੇ ’ਤੇ ਭਰੋਸਾ ਕਰੇਗਾ। ਨਾਲੇ ਤੁਹਾਡੀ ਕੰਮ ਦੀ ਥਾਂ ’ਤੇ ਸ਼ਾਇਦ ਲੋਕ ਖ਼ੁਸ਼ ਖ਼ਬਰੀ ਸੁਣਨ ਲਈ ਜ਼ਿਆਦਾ ਤਿਆਰ ਹੋਣ। ਜਦੋਂ ਪ੍ਰਚਾਰ ਤੇ ਸਿਖਾਉਣ ਦੀ ਗੱਲ ਆਉਂਦੀ ਹੈ, ਤਾਂ ਆਪਣੇ ਆਪ ਤੋਂ ਇਹ ਸਵਾਲ ਪੁੱਛੋ: “ਕੀ ਮੈਂ ਪ੍ਰਚਾਰ ਵਿਚ ਸਖ਼ਤ ਮਿਹਨਤ ਕਰਨ ਵਾਲੇ ਵਜੋਂ ਜਾਣਿਆ
ਜਾਂਦਾ ਹਾਂ? ਕੀ ਮੈਂ ਪਹਿਲੀ ਮੁਲਾਕਾਤ ਦੀ ਵਧੀਆ ਤਿਆਰੀ ਕਰਦਾ ਹਾਂ? ਕੀ ਮੈਂ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਛੇਤੀ ਤੋਂ ਛੇਤੀ ਮਿਲਣ ਜਾਂਦਾ ਹਾਂ? ਕੀ ਮੈਂ ਪ੍ਰਚਾਰ ਕਰਨ ਦੇ ਵੱਖੋ-ਵੱਖਰੇ ਤਰੀਕਿਆਂ ਵਿਚ ਹਿੱਸਾ ਲੈਂਦਾ ਹਾਂ?’ ਜੇ ਤੁਹਾਡਾ ਜਵਾਬ ਹਾਂ ਵਿਚ ਹੈ, ਤਾਂ ਤੁਹਾਨੂੰ ਆਪਣੇ ਪ੍ਰਚਾਰ ਦੇ ਕੰਮ ਤੋਂ ਖ਼ੁਸ਼ੀ ਮਿਲੇਗੀ।ਆਰਾਮ ਪ੍ਰਤੀ ਤੁਹਾਡਾ ਕੀ ਨਜ਼ਰੀਆ ਹੈ?
16. ਆਰਾਮ ਪ੍ਰਤੀ ਯਿਸੂ ਤੇ ਉਸ ਦੇ ਰਸੂਲਾਂ ਦਾ ਨਜ਼ਰੀਆ ਅੱਜ ਦੇ ਬਹੁਤ ਸਾਰੇ ਲੋਕਾਂ ਤੋਂ ਕਿਵੇਂ ਵੱਖਰਾ ਸੀ?
16 ਯਿਸੂ ਜਾਣਦਾ ਸੀ ਕਿ ਕਦੀ-ਕਦਾਈਂ ਉਸ ਨੂੰ ਅਤੇ ਉਸ ਦੇ ਚੇਲਿਆਂ ਨੂੰ ਥੋੜ੍ਹਾ-ਬਹੁਤਾ ਆਰਾਮ ਕਰਨ ਦੀ ਲੋੜ ਸੀ। ਪਰ ਉਸ ਸਮੇਂ ਦੇ ਅਤੇ ਅੱਜ ਦੇ ਬਹੁਤ ਸਾਰੇ ਲੋਕ ਯਿਸੂ ਦੁਆਰਾ ਦਿੱਤੀ ਮਿਸਾਲ ਵਿਚ ਦੱਸੇ ਅਮੀਰ ਆਦਮੀ ਵਾਂਗ ਹੋ ਸਕਦੇ ਹਨ। ਉਸ ਆਦਮੀ ਨੇ ਆਪਣੇ ਆਪ ਨੂੰ ਕਿਹਾ: “ਹੁਣ ਤੂੰ ਆਰਾਮ ਕਰ, ਖਾ-ਪੀ ਤੇ ਮੌਜਾਂ ਮਾਣ।” (ਲੂਕਾ 12:19; 2 ਤਿਮੋ. 3:4) ਉਸ ਨੇ ਆਪਣਾ ਧਿਆਨ ਆਰਾਮ ਕਰਨ ਅਤੇ ਮੌਜ-ਮਸਤੀ ਕਰਨ ’ਤੇ ਲਾਇਆ ਹੋਇਆ ਸੀ। ਇਸ ਦੇ ਉਲਟ, ਯਿਸੂ ਤੇ ਉਸ ਦੇ ਰਸੂਲਾਂ ਦੀ ਜ਼ਿੰਦਗੀ ਵਿਚ ਆਪਣੇ ਆਪ ਨੂੰ ਖ਼ੁਸ਼ ਕਰਨਾ ਅਹਿਮ ਨਹੀਂ ਸੀ।
17. ਕੰਮ ਤੋਂ ਬਾਅਦ ਅਤੇ ਛੁੱਟੀਆਂ ਮਨਾਉਂਦਿਆਂ ਅਸੀਂ ਆਪਣਾ ਸਮਾਂ ਕਿਵੇਂ ਵਰਤਦੇ ਹਾਂ?
17 ਕੰਮ ਤੋਂ ਬਾਅਦ ਦੇ ਸਮੇਂ ਦੌਰਾਨ ਅਸੀਂ ਸਿਰਫ਼ ਆਰਾਮ ਹੀ ਨਹੀਂ ਕਰਦੇ, ਸਗੋਂ ਦੂਜਿਆਂ ਨੂੰ ਗਵਾਹੀ ਵੀ ਦਿੰਦੇ ਹਾਂ ਅਤੇ ਸਭਾਵਾਂ ਵਿਚ ਵੀ ਹਾਜ਼ਰ ਹੁੰਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਯਿਸੂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦਰਅਸਲ, ਸਾਡੇ ਲਈ ਚੇਲੇ ਬਣਾਉਣ ਦਾ ਕੰਮ ਅਤੇ ਸਭਾਵਾਂ ਵਿਚ ਹਾਜ਼ਰ ਹੋਣਾ ਬਹੁਤ ਅਹਿਮ ਹੈ। ਇਸ ਕਰਕੇ ਅਸੀਂ ਇਨ੍ਹਾਂ ਪਵਿੱਤਰ ਕੰਮਾਂ ਵਿਚ ਬਾਕਾਇਦਾ ਹਿੱਸਾ ਲੈਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। (ਇਬ. 10:24, 25) ਜਦੋਂ ਅਸੀਂ ਛੁੱਟੀਆਂ ਮਨਾਉਣ ਵੀ ਜਾਂਦੇ ਹਾਂ, ਤਾਂ ਵੀ ਅਸੀਂ ਜਿੱਥੇ ਮਰਜ਼ੀ ਹੋਈਏ ਅਸੀਂ ਸਭਾਵਾਂ ਵਿਚ ਹਾਜ਼ਰ ਹੁੰਦੇ ਹਾਂ ਅਤੇ ਮਿਲਣ ਵਾਲੇ ਲੋਕਾਂ ਨੂੰ ਗਵਾਹੀ ਦੇਣ ਦੇ ਮੌਕੇ ਲੱਭਦੇ ਹਾਂ।—2 ਤਿਮੋ. 4:2.
18. ਸਾਡਾ ਰਾਜਾ ਮਸੀਹ ਯਿਸੂ ਸਾਡੇ ਤੋਂ ਕੀ ਕਰਨ ਦੀ ਮੰਗ ਕਰਦਾ ਹੈ?
18 ਅਸੀਂ ਕਿੰਨੇ ਹੀ ਸ਼ੁਕਰਗੁਜ਼ਾਰ ਹਾਂ ਕਿ ਸਾਡਾ ਰਾਜਾ ਮਸੀਹ ਯਿਸੂ ਸਾਡੇ ਤੋਂ ਹੱਦੋਂ ਵੱਧ ਉਮੀਦ ਨਹੀਂ ਰੱਖਦਾ ਅਤੇ ਕੰਮ ਤੇ ਆਰਾਮ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਕਰਦਾ ਹੈ! (ਇਬ. 4:15) ਉਹ ਚਾਹੁੰਦਾ ਹੈ ਕਿ ਅਸੀਂ ਲੋੜੀਂਦਾ ਆਰਾਮ ਕਰੀਏ। ਨਾਲੇ ਉਹ ਚਾਹੁੰਦਾ ਹੈ ਕਿ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕੰਮ ਵੀ ਕਰੀਏ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲਈਏ ਜਿਸ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ। ਅਗਲੇ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਸਾਨੂੰ ਪਾਪ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਉਣ ਵਿਚ ਯਿਸੂ ਕਿਹੜੀ ਭੂਮਿਕਾ ਅਦਾ ਕਰਦਾ ਹੈ।
ਗੀਤ 60 ਉਹ ਤੁਹਾਨੂੰ ਤਕੜਾ ਕਰੇਗਾ
^ ਪੈਰਾ 5 ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਕੰਮ ਅਤੇ ਆਰਾਮ ਪ੍ਰਤੀ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ। ਇਜ਼ਰਾਈਲੀਆਂ ਨੂੰ ਹਰੇਕ ਹਫ਼ਤੇ ਸਬਤ ਮਨਾਉਣ ਦਾ ਹੁਕਮ ਦਿੱਤਾ ਗਿਆ ਸੀ। ਇਹ ਲੇਖ ਸਬਤ ਦੀ ਮਿਸਾਲ ਰਾਹੀਂ ਸਾਡੀ ਮਦਦ ਕਰੇਗਾ ਕਿ ਅਸੀਂ ਕੰਮ ਤੇ ਆਰਾਮ ਪ੍ਰਤੀ ਆਪਣੇ ਨਜ਼ਰੀਏ ਦੀ ਜਾਂਚ ਕਰੀਏ।
^ ਪੈਰਾ 10 ਚੇਲੇ ਸਬਤ ਦੇ ਕਾਨੂੰਨ ਦਾ ਇੰਨਾ ਆਦਰ ਕਰਦੇ ਸਨ ਕਿ ਉਨ੍ਹਾਂ ਨੇ ਸਬਤ ਦੇ ਦਿਨ ਦੌਰਾਨ ਯਿਸੂ ਦੀ ਲਾਸ਼ ’ਤੇ ਲਾਉਣ ਵਾਲੇ ਮਸਾਲੇ ਤਿਆਰ ਕਰਨੇ ਬੰਦ ਕਰ ਦਿੱਤੇ।—ਲੂਕਾ 23:55, 56.