ਅਧਿਐਨ ਲੇਖ 15
ਯਿਸੂ ਦੇ ਆਖ਼ਰੀ ਸ਼ਬਦਾਂ ਤੋਂ ਸਿੱਖੋ?
“ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ। ਇਸ ਦੀ ਗੱਲ ਸੁਣੋ।”—ਮੱਤੀ 17:5.
ਗੀਤ 25 ਪਿਆਰ ਹੈ ਸਾਡੀ ਪਛਾਣ
ਖ਼ਾਸ ਗੱਲਾਂ *
1-2. ਧਰਤੀ ’ਤੇ ਜਦੋਂ ਯਿਸੂ ਨੇ ਆਪਣੇ ਆਖ਼ਰੀ ਸ਼ਬਦ ਕਹੇ, ਤਾਂ ਕੀ ਹੋਇਆ ਸੀ?
ਇਹ ਗੱਲ 14 ਨੀਸਾਨ 33 ਈਸਵੀ ਦੀ ਹੈ। ਯਿਸੂ ਉੱਤੇ ਝੂਠੇ ਦੋਸ਼ ਲਾਏ ਗਏ ਹਨ ਅਤੇ ਉਸ ਨੂੰ ਉਸ ਜੁਰਮ ਲਈ ਮੁਜਰਮ ਕਰਾਰ ਕਰ ਦਿੱਤਾ ਗਿਆ ਹੈ ਜੋ ਉਸ ਨੇ ਕੀਤਾ ਨਹੀਂ ਹੈ। ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ, ਉਸ ਨਾਲ ਬੇਰਹਿਮੀ ਭਰਿਆ ਸਲੂਕ ਕੀਤਾ ਜਾਂਦਾ ਹੈ ਅਤੇ ਫਿਰ ਉਸ ਨੂੰ ਤਸੀਹੇ ਦੀ ਸੂਲ਼ੀ ਉੱਤੇ ਟੰਗਿਆ ਜਾਂਦਾ ਹੈ। ਉਸ ਦੇ ਹੱਥਾਂ-ਪੈਰਾਂ ਵਿਚ ਕਿੱਲ ਠੋਕੇ ਜਾਂਦੇ ਹਨ। ਉਹ ਦਰਦ ਨਾਲ ਤੜਫ਼ ਰਿਹਾ ਹੈ। ਉਸ ਲਈ ਸਾਹ ਲੈਣਾ ਅਤੇ ਕੁਝ ਬੋਲਣਾ ਵੀ ਬਹੁਤ ਔਖਾ ਹੋ ਰਿਹਾ ਹੈ। ਪਰ ਉਸ ਨੂੰ ਬੋਲਣਾ ਹੀ ਪਵੇਗਾ ਕਿਉਂਕਿ ਉਸ ਨੇ ਇਕ ਅਹਿਮ ਗੱਲ ਕਹਿਣੀ ਹੈ।
2 ਆਓ ਦੇਖੀਏ ਕਿ ਯਿਸੂ ਨੇ ਤਸੀਹੇ ਦੀ ਸੂਲ਼ੀ ਉੱਤੇ ਮਰਨ ਤੋਂ ਪਹਿਲਾਂ ਕੀ ਕਿਹਾ ਸੀ ਅਤੇ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ? ਆਓ ਆਪਾਂ ‘ਉਸ ਦੀ ਗੱਲ’ ਸੁਣੀਏ।—ਮੱਤੀ 17:5.
“ਹੇ ਪਿਤਾ, ਇਨ੍ਹਾਂ ਨੂੰ ਮਾਫ਼ ਕਰ ਦੇ”
3. ਜਦੋਂ ਯਿਸੂ ਨੇ ਪ੍ਰਾਰਥਨਾ ਵਿਚ ਕਿਹਾ, “ਹੇ ਪਿਤਾ, ਇਨ੍ਹਾਂ ਨੂੰ ਮਾਫ਼ ਕਰ ਦੇ,” ਤਾਂ ਸ਼ਾਇਦ ਉਹ ਕਿਨ੍ਹਾਂ ਦੀ ਗੱਲ ਕਰ ਰਿਹਾ ਸੀ?
3 ਯਿਸੂ ਨੇ ਕੀ ਕਿਹਾ ਸੀ? ਤਸੀਹੇ ਦੀ ਸੂਲ਼ੀ ਉੱਤੇ ਟੰਗੇ ਜਾਣ ਤੋਂ ਬਾਅਦ ਯਿਸੂ ਨੇ ਪ੍ਰਾਰਥਨਾ ਵਿਚ ਕਿਹਾ: “ਹੇ ਪਿਤਾ, ਇਨ੍ਹਾਂ ਨੂੰ ਮਾਫ਼ ਕਰ ਦੇ।” ਯਿਸੂ ਇੱਥੇ ਕਿਨ੍ਹਾਂ ਦੀ ਗੱਲ ਕਰ ਰਿਹਾ ਸੀ? ਅੱਗੇ ਕਹੇ ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਿਨ੍ਹਾਂ ਦੀ ਗੱਲ ਕਰ ਰਿਹਾ ਸੀ? ਉਸ ਨੇ ਕਿਹਾ: “ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।” (ਲੂਕਾ 23:33, 34) ਲੱਗਦਾ ਹੈ ਕਿ ਯਿਸੂ ਇੱਥੇ ਉਨ੍ਹਾਂ ਰੋਮੀ ਫ਼ੌਜੀਆਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਨੇ ਉਸ ਦੇ ਹੱਥਾਂ-ਪੈਰਾਂ ਵਿਚ ਕਿੱਲ ਠੋਕੇ ਸਨ। ਉਹ ਨਹੀਂ ਜਾਣਦੇ ਸਨ ਕਿ ਯਿਸੂ ਅਸਲ ਵਿਚ ਕੌਣ ਸੀ। ਸ਼ਾਇਦ ਯਿਸੂ ਉਨ੍ਹਾਂ ਲੋਕਾਂ ਦੀ ਵੀ ਗੱਲ ਕਰ ਰਿਹਾ ਸੀ ਜਿਨ੍ਹਾਂ ਨੇ ਉਸ ਨੂੰ ਸੂਲ਼ੀ ਉੱਤੇ ਟੰਗਣ ਦੀ ਮੰਗ ਕੀਤੀ ਸੀ, ਪਰ ਬਾਅਦ ਵਿਚ ਉਨ੍ਹਾਂ ਵਿੱਚੋਂ ਕਈਆਂ ਨੇ ਉਸ ’ਤੇ ਨਿਹਚਾ ਦਿਖਾਉਣੀ ਸੀ। (ਰਸੂ. 2:36-38) ਆਪਣੇ ਨਾਲ ਹੋਈ ਬੇਇਨਸਾਫ਼ੀ ਕਰਕੇ ਯਿਸੂ ਨੇ ਆਪਣੇ ਮਨ ਵਿਚ ਕੁੜੱਤਣ ਜਾਂ ਨਾਰਾਜ਼ਗੀ ਨਹੀਂ ਪਾਲ਼ੀ। (1 ਪਤ. 2:23) ਇਸ ਦੀ ਬਜਾਇ, ਉਸ ਨੇ ਯਹੋਵਾਹ ਨੂੰ ਉਨ੍ਹਾਂ ਲੋਕਾਂ ਨੂੰ ਮਾਫ਼ ਕਰਨ ਲਈ ਕਿਹਾ ਜਿਨ੍ਹਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੀ।
4. ਯਿਸੂ ਆਪਣੇ ਵਿਰੋਧੀਆਂ ਨੂੰ ਮਾਫ਼ ਕਰਨ ਲਈ ਤਿਆਰ ਸੀ, ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
4 ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਯਿਸੂ ਵਾਂਗ ਸਾਨੂੰ ਵੀ ਦੂਸਰਿਆਂ ਨੂੰ ਮਾਫ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। (ਕੁਲੁ. 3:13) ਸ਼ਾਇਦ ਸਾਡੇ ਕੁਝ ਰਿਸ਼ਤੇਦਾਰ ਸਾਡਾ ਵਿਰੋਧ ਕਰਦੇ ਹਨ ਕਿਉਂਕਿ ਉਹ ਸਾਡੇ ਵਿਸ਼ਵਾਸਾਂ ਨੂੰ ਅਤੇ ਜੀਉਣ ਦੇ ਤਰੀਕੇ ਨੂੰ ਨਹੀਂ ਸਮਝ ਪਾਉਂਦੇ। ਹੋ ਸਕਦਾ ਹੈ ਕਿ ਉਹ ਸਾਡੇ ਬਾਰੇ ਝੂਠ ਬੋਲਣ ਜਾਂ ਦੂਜਿਆਂ ਦੇ ਸਾਮ੍ਹਣੇ ਸਾਡੀ ਬੇਇੱਜ਼ਤੀ ਕਰਨ। ਸਾਡੇ ਪ੍ਰਕਾਸ਼ਨ ਪਾੜ ਕੇ ਸੁੱਟ ਦੇਣ ਜਾਂ ਸਾਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ। ਇਨ੍ਹਾਂ ਗੱਲਾਂ ਕਰਕੇ ਆਪਣੇ ਮਨ ਵਿਚ ਨਾਰਾਜ਼ਗੀ ਜਾਂ ਕੁੜੱਤਣ ਭਰਨ ਦੀ ਬਜਾਇ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੇ ਵਿਰੋਧੀਆਂ ਦੀਆਂ ਅੱਖਾਂ ਖੋਲ੍ਹੇ ਤਾਂ ਜੋ ਉਹ ਵੀ ਇਕ ਦਿਨ ਸੱਚਾਈ ਵਿਚ ਆ ਸਕਣ। (ਮੱਤੀ 5:44, 45) ਕਈ ਵਾਰ ਸਾਨੂੰ ਦੂਸਰਿਆਂ ਨੂੰ ਮਾਫ਼ ਕਰਨਾ ਔਖਾ ਲੱਗ ਸਕਦਾ ਹੈ। ਪਰ ਜੇ ਅਸੀਂ ਆਪਣੇ ਦਿਲ ਵਿਚ ਨਾਰਾਜ਼ਗੀ ਅਤੇ ਕੁੜੱਤਣ ਨੂੰ ਜੜ੍ਹ ਫੜਨ ਦਿੰਦੇ ਹਾਂ, ਤਾਂ ਇਸ ਨਾਲ ਸਾਡਾ ਹੀ ਨੁਕਸਾਨ ਹੋਵੇਗਾ। ਇਕ ਭੈਣ ਕਹਿੰਦੀ ਹੈ, “ਮਾਫ਼ ਕਰਨ ਦਾ ਇਹ ਮਤਲਬ ਨਹੀਂ ਕਿ ਦੂਸਰਿਆਂ ਨੇ ਮੇਰੇ ਨਾਲ ਜੋ ਵੀ ਮਾੜਾ ਕੀਤਾ ਉਹ ਸਹੀ ਹੈ ਜਾਂ ਮੈਂ ਉਨ੍ਹਾਂ ਨੂੰ ਮੇਰੇ ਨਾਲ ਬੁਰਾ ਸਲੂਕ ਕਰਨ ਦੀ ਖੁੱਲ੍ਹ ਦੇ ਰਹੀ ਹਾਂ। ਇਸ ਦਾ ਮਤਲਬ ਹੈ ਕਿ ਮੈਂ ਉਨ੍ਹਾਂ ਨਾਲ ਗੁੱਸੇ ਨਹੀਂ ਰਹਿਣਾ ਚਾਹੁੰਦੀ ਅਤੇ ਉਸ ਗੱਲ ਨੂੰ ਭੁਲਾ ਦੇਣਾ ਚਾਹੁੰਦੀ ਹਾਂ।” (ਜ਼ਬੂ. 37:8) ਜਦੋਂ ਅਸੀਂ ਦੂਸਰਿਆਂ ਨੂੰ ਮਾਫ਼ ਕਰਦੇ ਹਾਂ, ਤਾਂ ਜੋ ਵੀ ਸਾਡੇ ਨਾਲ ਬੁਰਾ ਹੋਇਆ ਹੈ ਉਸ ਕਰਕੇ ਅਸੀਂ ਆਪਣੇ ਮਨ ਵਿਚ ਕੁੜੱਤਣ ਨਹੀਂ ਭਰਦੇ।—ਅਫ਼. 4:31, 32.
“ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ”
5. (ੳ) ਯਿਸੂ ਨੇ ਇਕ ਅਪਰਾਧੀ ਨਾਲ ਕੀ ਵਾਅਦਾ ਕੀਤਾ? (ਅ) ਉਸ ਨੇ ਇਹ ਵਾਅਦਾ ਕਿਉਂ ਕੀਤਾ?
5 ਯਿਸੂ ਨੇ ਕੀ ਕਿਹਾ ਸੀ? ਯਿਸੂ ਨਾਲ ਦੋ ਹੋਰ ਅਪਰਾਧੀਆਂ ਨੂੰ ਸੂਲ਼ੀ ’ਤੇ ਟੰਗਿਆ ਗਿਆ ਸੀ। ਪਹਿਲਾਂ ਤਾਂ ਉਹ ਦੋਵੇਂ ਉਸ ਦੀ ਬੇਇੱਜ਼ਤੀ ਕਰ ਰਹੇ ਸਨ। (ਮੱਤੀ 27:44)ਪਰ ਬਾਅਦ ਵਿਚ ਇਕ ਅਪਰਾਧੀ ਦਾ ਮਨ ਬਦਲ ਗਿਆ। ਉਸ ਨੂੰ ਅਹਿਸਾਸ ਹੋਇਆ ਕਿ ਯਿਸੂ ਨੇ “ਕੋਈ ਜੁਰਮ ਨਹੀਂ ਕੀਤਾ” ਸੀ। (ਲੂਕਾ 23:40, 41) ਉਸ ਨੇ ਇਹ ਵੀ ਦਿਖਾਇਆ ਕਿ ਉਸ ਨੂੰ ਵਿਸ਼ਵਾਸ ਸੀ ਕਿ ਯਿਸੂ ਨੂੰ ਮਰਿਆਂ ਹੋਇਆ ਵਿੱਚੋਂ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਇਕ ਦਿਨ ਰਾਜੇ ਵਜੋਂ ਰਾਜ ਕਰੇਗਾ। ਇਸ ਲਈ ਉਸ ਨੇ ਯਿਸੂ ਨੂੰ ਕਿਹਾ, “ਹੇ ਯਿਸੂ, ਜਦੋਂ ਤੂੰ ਰਾਜਾ ਬਣੇਂਗਾ, ਤਾਂ ਮੈਨੂੰ ਯਾਦ ਰੱਖੀਂ।” (ਲੂਕਾ 23:42) ਸੱਚ-ਮੁੱਚ ਇਸ ਆਦਮੀ ਨੇ ਕਿੰਨੀ ਹੀ ਨਿਹਚਾ ਦਿਖਾਈ! ਜਵਾਬ ਵਿਚ ਯਿਸੂ ਨੇ ਕਿਹਾ, “ਮੈਂ ਅੱਜ ਤੈਨੂੰ ਸੱਚ ਕਹਿੰਦਾ ਹਾਂ, ਤੂੰ ਮੇਰੇ ਨਾਲ [ਸਵਰਗ ਵਿਚ ਨਹੀਂ, ਸਗੋਂ] ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ।” (ਲੂਕਾ 23:43) ਧਿਆਨ ਦਿਓ ਕਿ ਯਿਸੂ ਨੇ ਉਸ ਅਪਰਾਧੀ ਨਾਲ ਨਿੱਜੀ ਤੌਰ ਤੇ ਇਹ ਵਾਅਦਾ ਕੀਤਾ ਸੀ। ਯਿਸੂ ਉਸ ਅਪਰਾਧੀ ਨੂੰ ਇਹ ਉਮੀਦ ਇਸ ਲਈ ਦੇ ਸਕਿਆ ਕਿਉਂਕਿ ਉਹ ਜਾਣਦਾ ਸੀ ਕਿ ਉਸ ਦਾ ਪਿਤਾ ਦਿਆਲੂ ਹੈ।—ਜ਼ਬੂ. 103:8.
6. ਅਪਰਾਧੀ ਨੂੰ ਕਹੇ ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
6 ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਹੈ। (ਇਬ. 1:3) ਯਹੋਵਾਹ ਸਾਨੂੰ ਮਾਫ਼ ਕਰਨ ਲਈ ਅਤੇ ਸਾਡੇ ’ਤੇ ਦਇਆ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਪਰ ਪਰਮੇਸ਼ੁਰ ਉਦੋਂ ਹੀ ਇੱਦਾਂ ਕਰੇਗਾ ਜੇ ਅਸੀਂ ਬੀਤੇ ਸਮੇਂ ਵਿਚ ਕੀਤੀਆਂ ਆਪਣੀਆਂ ਗ਼ਲਤੀਆਂ ਲਈ ਦਿਲੋਂ ਪਛਤਾਵਾ ਕਰਾਂਗੇ। ਨਾਲੇ ਇਸ ਗੱਲ ਵਿਚ ਨਿਹਚਾ ਦਿਖਾਉਂਦੇ ਹਾਂ ਕਿ ਯਿਸੂ ਦੇ ਵਹਾਏ ਗਏ ਲਹੂ ਸਦਕਾ ਹੀ ਸਾਨੂੰ ਸਾਡੇ ਪਾਪਾਂ ਦੀ ਮਾਫ਼ੀ ਮਿਲ ਸਕਦੀ ਹੈ। (1 ਯੂਹੰ. 1:7) ਸ਼ਾਇਦ ਕਈਆਂ ਨੂੰ ਇਹ ਮੰਨਣਾ ਔਖਾ ਲੱਗਦਾ ਹੈ ਕਿ ਯਹੋਵਾਹ ਬੀਤੇ ਸਮੇਂ ਵਿਚ ਕੀਤੀਆਂ ਗ਼ਲਤੀਆਂ ਲਈ ਉਨ੍ਹਾਂ ਨੂੰ ਮਾਫ਼ ਕਰ ਸਕਦਾ ਹੈ। ਜੇ ਤੁਹਾਨੂੰ ਵੀ ਕਦੀ-ਕਦੀ ਇੱਦਾਂ ਲੱਗਦਾ ਹੈ, ਤਾਂ ਜ਼ਰਾ ਅੱਗੇ ਦੱਸੀ ਗੱਲ ਵੱਲ ਧਿਆਨ ਦਿਓ। ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਯਿਸੂ ਨੇ ਉਸ ਅਪਰਾਧੀ ਨੂੰ ਦਇਆ ਦਿਖਾਈ ਜਿਸ ਨੇ ਉਸ ’ਤੇ ਨਿਹਚਾ ਕਰਨੀ ਸ਼ੁਰੂ ਹੀ ਕੀਤੀ ਸੀ। ਹੁਣ ਜ਼ਰਾ ਸੋਚੋ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਉੱਤੇ ਕਿੰਨੀ ਦਇਆ ਕਰੇਗਾ ਜੋ ਪੂਰੀ ਵਾਹ ਲਾ ਕੇ ਉਸ ਦੇ ਹੁਕਮਾਂ ਨੂੰ ਮੰਨ ਰਹੇ ਹਨ।—ਜ਼ਬੂ. 51:1; 1 ਯੂਹੰ. 2:1, 2.
‘ਦੇਖ, ਇਹ ਤੇਰਾ ਪੁੱਤਰ ਹੈ! ਦੇਖ, ਇਹ ਤੇਰੀ ਮਾਂ ਹੈ!’
7. (ੳ) ਯੂਹੰਨਾ 19:26, 27 ਮੁਤਾਬਕ ਯਿਸੂ ਨੇ ਮਰੀਅਮ ਅਤੇ ਯੂਹੰਨਾ ਨੂੰ ਕੀ ਕਿਹਾ ਸੀ? (ਅ) ਉਸ ਨੇ ਇਹ ਸ਼ਬਦ ਕਿਉਂ ਕਹੇ ਸਨ?
7 ਯਿਸੂ ਨੇ ਕੀ ਕਿਹਾ ਸੀ? (ਯੂਹੰਨਾ 19:26, 27 ਪੜ੍ਹੋ।) ਯਿਸੂ ਨੂੰ ਆਪਣੀ ਮਾਂ ਮਰੀਅਮ ਦੀ ਚਿੰਤਾ ਹੋ ਰਹੀ ਸੀ ਜੋ ਸ਼ਾਇਦ ਉਸ ਵੇਲੇ ਵਿਧਵਾ ਸੀ। ਯਿਸੂ ਦੇ ਭੈਣ-ਭਰਾ ਆਪਣੀ ਮਾਂ ਦੀਆਂ ਰੋਜ਼ਮੱਰਾ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਸਨ। ਪਰ ਉਹ ਯਹੋਵਾਹ ਦੀ ਸੇਵਾ ਕਰਨ ਵਿਚ ਉਸ ਦੀ ਮਦਦ ਨਹੀਂ ਕਰ ਸਕਦੇ ਸਨ ਕਿਉਂਕਿ ਸ਼ਾਇਦ ਉਹ ਉਦੋਂ ਤਕ ਯਿਸੂ ਦੇ ਚੇਲੇ ਨਹੀਂ ਬਣੇ ਸਨ। ਫਿਰ ਯਿਸੂ ਨੇ ਯੂਹੰਨਾ ਬਾਰੇ ਸੋਚਿਆ ਜੋ ਉਸ ਦਾ ਵਫ਼ਾਦਾਰ ਰਸੂਲ ਅਤੇ ਕਰੀਬੀ ਦੋਸਤ ਸੀ। (ਮੱਤੀ 12:46-50) ਯਿਸੂ ਉਨ੍ਹਾਂ ਲੋਕਾਂ ਨੂੰ ਆਪਣਾ ਪਰਿਵਾਰ ਮੰਨਦਾ ਸੀ ਜੋ ਯਹੋਵਾਹ ਦੀ ਸੇਵਾ ਕਰਦੇ ਸਨ। ਇਸ ਲਈ ਮਰੀਅਮ ਲਈ ਪਿਆਰ ਅਤੇ ਪਰਵਾਹ ਹੋਣ ਕਰਕੇ ਯਿਸੂ ਨੇ ਉਸ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਯੂਹੰਨਾ ਨੂੰ ਦਿੱਤੀ ਕਿਉਂਕਿ ਉਸ ਨੂੰ ਪਤਾ ਸੀ ਕਿ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਯੂਹੰਨਾ ਉਸ ਦੀ ਮਦਦ ਕਰੇਗਾ। ਯਿਸੂ ਨੇ ਆਪਣੀ ਮਾਂ ਨੂੰ ਕਿਹਾ, ‘ਦੇਖ, ਇਹ ਤੇਰਾ ਪੁੱਤਰ ਹੈ’ ਅਤੇ ਉਸ ਨੇ ਯੂਹੰਨਾ ਨੂੰ ਕਿਹਾ, ‘ਦੇਖ, ਇਹ ਤੇਰੀ ਮਾਂ ਹੈ।’ ਉਸ ਦਿਨ ਤੋਂ ਯੂਹੰਨਾ ਲਈ ਮਰੀਅਮ ਉਸ ਦੀ ਮਾਂ ਵਾਂਗ ਸੀ ਅਤੇ ਉਸ ਨੇ ਆਪਣੀ ਮਾਂ ਵਾਂਗ ਉਸ ਦੀ ਦੇਖ-ਭਾਲ ਕੀਤੀ। ਸੱਚ-ਮੁੱਚ ਯਿਸੂ ਨੇ ਆਪਣੀ ਪਿਆਰੀ ਮਾਂ ਲਈ ਕਿੰਨੀ ਹੀ ਪਰਵਾਹ ਦਿਖਾਈ! ਉਸ ਦੀ ਮਾਂ ਨੇ ਜਨਮ ਤੋਂ ਉਸ ਦੀ ਦੇਖ-ਭਾਲ ਕੀਤੀ ਸੀ ਅਤੇ ਉਹ ਉਸ ਦੀ ਮੌਤ ਵੇਲੇ ਉਸ ਦੇ ਨੇੜੇ ਖੜ੍ਹੀ ਸੀ।
8. ਯਿਸੂ ਨੇ ਮਰੀਅਮ ਅਤੇ ਯੂਹੰਨਾ ਨੂੰ ਜੋ ਕਿਹਾ ਸੀ ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
8 ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਮਸੀਹੀ ਭੈਣਾਂ-ਭਰਾਵਾਂ ਨਾਲ ਸਾਡਾ ਰਿਸ਼ਤਾ ਸਾਡੇ ਪਰਿਵਾਰ ਦੇ ਮੈਂਬਰਾਂ ਜਾਂ ਸਾਡੇ ਦੋਸਤਾਂ-ਮਿੱਤਰਾਂ ਨਾਲੋਂ ਜ਼ਿਆਦਾ ਗੂੜ੍ਹਾ ਹੋ ਸਕਦਾ ਹੈ। ਸਾਡੇ ਰਿਸ਼ਤੇਦਾਰ ਸ਼ਾਇਦ ਸਾਡਾ ਵਿਰੋਧ ਕਰਨ, ਇੱਥੋਂ ਤਕ ਕਿ ਸਾਨੂੰ ਛੱਡ ਵੀ ਦੇਣ। ਪਰ ਯਿਸੂ ਨੇ ਵਾਅਦਾ ਕੀਤਾ ਸੀ ਕਿ ਜੇ ਅਸੀਂ ਯਹੋਵਾਹ ਅਤੇ ਉਸ ਦੇ ਸੰਗਠਨ ਦੇ ਨੇੜੇ ਰਹਿੰਦੇ ਹਾਂ, ਤਾਂ ਜਿੰਨਾ ਅਸੀਂ ਗੁਆਇਆ ਹੈ ਉਸ ਤੋਂ “100 ਗੁਣਾ” ਪਾਵਾਂਗੇ। ਸਾਡੇ ਭੈਣਾਂ-ਭਰਾਵਾਂ ਵਿੱਚੋਂ ਬਹੁਤ ਸਾਰੇ ਸਾਡੇ ਲਈ ਪੁੱਤਰ, ਧੀ, ਮਾਂ ਅਤੇ ਪਿਤਾ ਬਣ ਸਕਦੇ ਹਨ। (ਮਰ. 10:29, 30) ਅਜਿਹੇ ਪਰਿਵਾਰ ਦਾ ਹਿੱਸਾ ਬਣ ਕੇ ਤੁਹਾਨੂੰ ਕਿਵੇਂ ਲੱਗਦਾ ਹੈ ਜਿਸ ਵਿਚ ਸਾਰੇ ਯਹੋਵਾਹ ’ਤੇ ਨਿਹਚਾ ਕਰਦੇ ਹਨ ਅਤੇ ਉਸ ਨੂੰ ਤੇ ਇਕ-ਦੂਜੇ ਨੂੰ ਪਿਆਰ ਕਰਦੇ ਹਨ?—ਕੁਲੁ. 3:14; 1 ਪਤ. 2:17.
“ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?”
9. ਮੱਤੀ 27:46 ਵਿਚ ਦਰਜ ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖਦੇ ਹਾਂ?
9 ਯਿਸੂ ਨੇ ਕੀ ਕਿਹਾ ਸੀ? ਦਮ ਤੋੜਨ ਤੋਂ ਥੋੜ੍ਹਾ ਸਮਾਂ ਪਹਿਲਾਂ ਯਿਸੂ ਨੇ ਕਿਹਾ: “ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?” (ਮੱਤੀ 27:46) ਬਾਈਬਲ ਨਹੀਂ ਦੱਸਦੀ ਕਿ ਯਿਸੂ ਨੇ ਇੱਦਾਂ ਕਿਉਂ ਕਿਹਾ ਸੀ? ਪਰ ਅਸੀਂ ਇਨ੍ਹਾਂ ਸ਼ਬਦਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਪਹਿਲੀ ਗੱਲ, ਇਹ ਸ਼ਬਦ ਕਹਿ ਕੇ ਯਿਸੂ ਜ਼ਬੂਰ 22:1 * ਦੀ ਭਵਿੱਖਬਾਣੀ ਪੂਰੀ ਕਰ ਰਿਹਾ ਸੀ। ਦੂਸਰੀ ਗੱਲ, ਯਿਸੂ ਦੇ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਆਪਣੇ ਪੁੱਤਰ ਦੁਆਲੇ ‘ਸੁਰੱਖਿਆ ਲਈ ਵਾੜ ਨਹੀਂ’ ਲਾਈ ਸੀ। (ਅੱਯੂ. 1:10) ਯਿਸੂ ਜਾਣਦਾ ਸੀ ਕਿ ਉਸ ਦੇ ਪਿਤਾ ਨੇ ਉਸ ਨੂੰ ਦੁਸ਼ਮਣਾਂ ਦੇ ਹੱਥ ਕਰ ਦਿੱਤਾ ਤਾਂਕਿ ਉਹ ਪੂਰੀ ਤਰ੍ਹਾਂ ਉਸ ਨੂੰ ਪਰਖ ਲੈਣ। ਜਿਸ ਹੱਦ ਤਕ ਯਿਸੂ ਨੂੰ ਪਰਖਿਆ ਗਿਆ ਸੀ, ਉਸ ਹੱਦ ਤਕ ਕਦੇ ਵੀ ਕਿਸੇ ਇਨਸਾਨ ਨੂੰ ਨਹੀਂ ਪਰਖਿਆ ਗਿਆ। ਤੀਸਰੀ ਗੱਲ, ਇਨ੍ਹਾਂ ਸ਼ਬਦਾਂ ਤੋਂ ਸਾਬਤ ਹੁੰਦਾ ਹੈ ਕਿ ਯਿਸੂ ਨੇ ਅਜਿਹਾ ਕੋਈ ਵੀ ਕੰਮ ਨਹੀਂ ਕੀਤਾ ਸੀ ਜਿਸ ਕਰਕੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।
10. ਆਪਣੇ ਪਿਤਾ ਨੂੰ ਕਹੇ ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
10 ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਪਹਿਲਾਂ ਸਬਕ ਅਸੀਂ ਸਿੱਖਦੇ ਹਾਂ ਕਿ ਸਾਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਯਹੋਵਾਹ ਸਾਨੂੰ ਉਨ੍ਹਾਂ ਮੁਸ਼ਕਲਾਂ ਤੋਂ ਬਚਾਵੇਗਾ ਜਿਨ੍ਹਾਂ ਕਰਕੇ ਸਾਡੀ ਨਿਹਚਾ ਦੀ ਪਰਖ ਹੁੰਦੀ ਹੈ। ਯਿਸੂ ਦੀ ਪੂਰੀ ਹੱਦ ਤਕ ਪਰੀਖਿਆ ਲਈ ਗਈ ਸੀ। ਜੇ ਲੋੜ ਪਵੇ, ਤਾਂ ਸਾਨੂੰ ਵੀ ਮੌਤ ਤਕ ਆਪਣੀ ਵਫ਼ਾਦਾਰੀ ਸਾਬਤ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। (ਮੱਤੀ 16:24, 25) ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਸਾਨੂੰ ਉਸ ਹੱਦ ਤਕ ਪਰਖਣ ਨਹੀਂ ਦੇਵੇਗਾ ਜਿੰਨਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਹਾਂ। (1 ਕੁਰਿੰ. 10:13) ਇਕ ਹੋਰ ਸਬਕ ਅਸੀਂ ਸਿੱਖਦੇ ਹਾਂ ਕਿ ਯਿਸੂ ਵਾਂਗ ਸਾਨੂੰ ਵੀ ਬੇਇਨਸਾਫ਼ੀ ਝੱਲਣੀ ਪੈ ਸਕਦੀ ਹੈ। (1 ਪਤ. 2:19, 20) ਜੋ ਲੋਕ ਸਾਡਾ ਵਿਰੋਧ ਕਰਦੇ ਹਨ ਉਹ ਇਸ ਕਰਕੇ ਸਾਡਾ ਵਿਰੋਧ ਨਹੀਂ ਕਰਦੇ ਕਿਉਂਕਿ ਅਸੀਂ ਕੁਝ ਗ਼ਲਤ ਕੀਤਾ ਹੈ, ਸਗੋਂ ਇਸ ਕਰਕੇ ਕਰਦੇ ਹਨ ਕਿਉਂਕਿ ਅਸੀਂ ਦੁਨੀਆਂ ਦਾ ਹਿੱਸਾ ਨਹੀਂ ਹਾਂ ਅਤੇ ਸੱਚਾਈ ਬਾਰੇ ਗਵਾਹੀ ਦਿੰਦੇ ਹਾਂ। (ਯੂਹੰ. 17:14; 1 ਪਤ. 4:15, 16) ਯਿਸੂ ਜਾਣਦਾ ਸੀ ਕਿ ਯਹੋਵਾਹ ਨੇ ਉਸ ਨੂੰ ਕਿਉਂ ਦੁੱਖ ਝੱਲਣ ਦਿੱਤੇ ਹਨ। ਪਰ ਯਿਸੂ ਤੋਂ ਉਲਟ ਕੁਝ ਵਫ਼ਾਦਾਰ ਸੇਵਕ ਕਦੇ-ਕਦਾਈਂ ਸੋਚਦੇ ਹਨ ਕਿ ਯਹੋਵਾਹ ਨੇ ਉਨ੍ਹਾਂ ਨਾਲ ਇੱਦਾਂ ਕਿਉਂ ਹੋਣ ਦਿੱਤਾ? (ਹੱਬ. 1:3) ਸਾਡਾ ਦਇਆ ਕਰਨ ਵਾਲਾ ਅਤੇ ਧੀਰਜ ਰੱਖਣ ਵਾਲਾ ਪਰਮੇਸ਼ੁਰ ਸਮਝਦਾ ਹੈ ਕਿ ਅਜਿਹੇ ਸੇਵਕਾਂ ਵਿਚ ਨਿਹਚਾ ਦੀ ਘਾਟ ਨਹੀਂ ਹੈ, ਸਗੋਂ ਉਨ੍ਹਾਂ ਨੂੰ ਉਸ ਦਿਲਾਸੇ ਦੀ ਲੋੜ ਹੈ ਜੋ ਸਿਰਫ਼ ਉਹੀ ਦੇ ਸਕਦਾ ਹੈ।—2 ਕੁਰਿੰ. 1:3, 4.
“ਮੈਨੂੰ ਪਿਆਸ ਲੱਗੀ ਹੈ”
11. ਯਿਸੂ ਨੇ ਯੂਹੰਨਾ 19:28 ਵਿਚ ਲਿਖੇ ਸ਼ਬਦ ਕਿਉਂ ਕਹੇ ਸਨ?
11 ਯਿਸੂ ਨੇ ਕੀ ਕਿਹਾ ਸੀ? (ਯੂਹੰਨਾ 19:28 ਪੜ੍ਹੋ।) ਯਿਸੂ ਨੇ ਕਿਉਂ ਕਿਹਾ ਸੀ: “ਮੈਨੂੰ ਪਿਆਸ ਲੱਗੀ ਹੈ”? ਉਸ ਨੇ ਇਹ ਗੱਲ ਧਰਮ-ਗ੍ਰੰਥ ਵਿਚ ਲਿਖੀ ਗੱਲ ਪੂਰੀ ਕਰਨ ਲਈ ਕਹੀ ਸੀ ਯਾਨੀ ਜ਼ਬੂਰ 22:15 ਦੀ ਭਵਿੱਖਬਾਣੀ ਪੂਰੀ ਕਰਨ ਲਈ। ਇਸ ਆਇਤ ਵਿਚ ਲਿਖਿਆ ਹੈ: “ਮੇਰੀ ਤਾਕਤ ਇਕ ਠੀਕਰੇ ਵਾਂਗ ਸੁੱਕ ਗਈ ਹੈ; ਮੇਰੀ ਜੀਭ ਤਾਲੂ ਨਾਲ ਲੱਗ ਗਈ ਹੈ।” ਯਿਸੂ ਨੇ ਬਹੁਤ ਸਾਰੇ ਦੁੱਖ ਝੱਲੇ ਸਨ। ਤਸੀਹੇ ਦੀ ਸੂਲ਼ੀ ’ਤੇ ਤੜਫ਼ਦੇ ਵੇਲੇ ਉਸ ਨੂੰ ਜ਼ਰੂਰ ਪਿਆਸ ਲੱਗੀ ਹੋਣੀ। ਆਪਣੀ ਪਿਆਸ ਨੂੰ ਬੁਝਾਉਣ ਲਈ ਉਸ ਨੂੰ ਮਦਦ ਦੀ ਲੋੜ ਸੀ।
12. ਅਸੀਂ ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਕੀ ਸਿੱਖ ਸਕਦੇ ਹਾਂ, “ਮੈਨੂੰ ਪਿਆਸ ਲੱਗੀ ਹੈ”?
12 ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਯਿਸੂ ਨੇ ਇਹ ਨਹੀਂ ਸੀ ਸੋਚਿਆ ਕਿ ਦੂਸਰਿਆਂ ਤੋਂ ਮਦਦ ਮੰਗਣੀ ਕਮਜ਼ੋਰੀ ਦੀ ਨਿਸ਼ਾਨੀ ਹੈ ਤੇ ਨਾ ਹੀ ਸਾਨੂੰ ਇੱਦਾਂ ਸੋਚਣਾ ਚਾਹੀਦਾ ਹੈ। ਸਾਡੇ ਵਿੱਚੋਂ ਕਈਆਂ ਨੂੰ ਦੂਸਰਿਆਂ ਤੋਂ ਮਦਦ ਮੰਗਣੀ ਚੰਗੀ ਨਹੀਂ ਲੱਗਦੀ। ਪਰ ਜਦੋਂ ਸਾਨੂੰ ਮਦਦ ਦੀ ਲੋੜ ਹੁੰਦੀ ਹੈ, ਤਾਂ ਸਾਨੂੰ ਦੂਸਰਿਆਂ ਦੀ ਮਦਦ ਲੈਣ ਤੋਂ ਝਿਜਕਣਾ ਨਹੀਂ ਚਾਹੀਦਾ। ਮਿਸਾਲ ਲਈ, ਜੇ ਅਸੀਂ ਸਿਆਣੀ ਉਮਰ ਦੇ ਹਾਂ ਜਾਂ ਬੀਮਾਰ ਹਾਂ, ਤਾਂ ਅਸੀਂ ਆਪਣੇ ਕਿਸੇ ਦੋਸਤ ਤੋਂ ਕਰਿਆਨੇ ਦੀ ਦੁਕਾਨ ਜਾਂ ਡਾਕਟਰ ਕੋਲ ਜਾਣ ਲਈ ਮਦਦ ਮੰਗ ਸਕਦੇ ਹਾਂ। ਜੇ ਅਸੀਂ ਨਿਰਾਸ਼ ਹਾਂ, ਤਾਂ ਅਸੀਂ ਕਿਸੇ ਬਜ਼ੁਰਗ ਜਾਂ ਸਮਝਦਾਰ ਮਸੀਹੀ ਨੂੰ ਸਾਡੀ ਗੱਲ ਸੁਣਨ ਅਤੇ ਹੌਸਲਾ ਦੇਣ ਲਈ ਕਹਿ ਸਕਦੇ ਹਾਂ। (ਕਹਾ. 12:25) ਯਾਦ ਰੱਖੋ ਕਿ ਸਾਡੇ ਭੈਣ-ਭਰਾ ਸਾਨੂੰ ਪਿਆਰ ਕਰਦੇ ਹਨ ਅਤੇ “ਦੁੱਖ ਦੀ ਘੜੀ” ਵਿਚ ਸਾਡੀ ਮਦਦ ਕਰਨੀ ਚਾਹੁੰਦੇ ਹਨ। (ਕਹਾ. 17:17) ਪਰ ਉਹ ਸਾਡਾ ਮਨ ਨਹੀਂ ਪੜ੍ਹ ਸਕਦੇ। ਜਦੋਂ ਤਕ ਅਸੀਂ ਉਨ੍ਹਾਂ ਨੂੰ ਦੱਸਦੇ ਨਹੀਂ ਕਿ ਸਾਨੂੰ ਕਿਹੜੀ ਗੱਲ ਵਿਚ ਮਦਦ ਚਾਹੀਦੀ ਹੈ, ਉਦੋਂ ਤਕ ਉਹ ਸਾਡੀ ਮਦਦ ਨਹੀਂ ਕਰ ਸਕਦੇ।
“ਸਾਰਾ ਕੰਮ ਪੂਰਾ ਹੋਇਆ!”
13. ਯਿਸੂ ਨੇ ਮੌਤ ਤਕ ਆਪਣੀ ਵਫ਼ਾਦਾਰੀ ਬਣਾਈ ਰੱਖ ਕੇ ਕਿਹੜੇ ਕੰਮ ਪੂਰੇ ਕੀਤੇ?
13 ਯਿਸੂ ਨੇ ਕੀ ਕਿਹਾ ਸੀ? 14 ਨੀਸਾਨ ਦੀ ਦੁਪਹਿਰ ਦੇ ਲਗਭਗ ਤਿੰਨ ਕੁ ਵਜੇ ਯਿਸੂ ਨੇ ਉੱਚੀ ਆਵਾਜ਼ ਵਿਚ ਕਿਹਾ: “ਸਾਰਾ ਕੰਮ ਪੂਰਾ ਹੋਇਆ!” (ਯਹੂੰ. 19:30) ਦਮ ਤੋੜਨ ਤੋਂ ਕੁਝ ਸਮਾਂ ਪਹਿਲਾਂ ਯਿਸੂ ਨੇ ਉਹ ਸਭ ਕੁਝ ਪੂਰਾ ਕਰ ਲਿਆ ਸੀ ਜੋ ਯਹੋਵਾਹ ਉਸ ਤੋਂ ਚਾਹੁੰਦਾ ਸੀ। ਯਿਸੂ ਨੇ ਮੌਤ ਤਕ ਆਪਣੀ ਵਫ਼ਾਦਾਰੀ ਬਣਾਈ ਰੱਖ ਕੇ ਬਹੁਤ ਸਾਰੇ ਕੰਮ ਪੂਰੇ ਕੀਤੇ। ਪਹਿਲਾ, ਉਸ ਨੇ ਸ਼ੈਤਾਨ ਨੂੰ ਝੂਠਾ ਸਾਬਤ ਕੀਤਾ। ਉਸ ਨੇ ਦਿਖਾਇਆ ਕਿ ਇਕ ਮੁਕੰਮਲ ਇਨਸਾਨ ਸ਼ੈਤਾਨ ਵੱਲੋਂ ਆਉਂਦੀਆਂ ਮੁਸੀਬਤਾਂ ਦੇ ਬਾਵਜੂਦ ਵਫ਼ਾਦਾਰ ਰਹਿ ਸਕਦਾ ਹੈ। ਦੂਜਾ, ਯਿਸੂ ਨੇ ਆਪਣੀ ਜਾਨ ਰਿਹਾਈ ਦੀ ਕੀਮਤ ਵਜੋਂ ਦਿੱਤੀ। ਉਸ ਦੀ ਕੁਰਬਾਨੀ ਕਰਕੇ ਨਾਮੁਕੰਮਲ ਇਨਸਾਨਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਜੁੜਿਆ ਅਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲੀ ਹੈ। ਤੀਜਾ, ਯਿਸੂ ਨੇ ਸਾਬਤ ਕੀਤਾ ਕਿ ਯਹੋਵਾਹ ਨੂੰ ਹੀ ਰਾਜ ਕਰਨ ਦਾ ਹੱਕ ਹੈ ਅਤੇ ਉਸ ਨੇ ਆਪਣੇ ਪਿਤਾ ਦੇ ਨਾਂ ’ਤੇ ਲੱਗੇ ਕਲੰਕ ਨੂੰ ਮਿਟਾਇਆ।
14. ਹਰ ਦਿਨ ਅਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ? ਸਮਝਾਓ।
14 ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਸਾਨੂੰ ਹਰ ਦਿਨ ਆਪਣੀ ਵਫ਼ਾਦਾਰੀ ਬਣਾਈ ਰੱਖਣ ਲਈ ਪੂਰੀ ਵਾਹ ਲਾਉਣੀ ਚਾਹੀਦੀ ਹੈ। ਜ਼ਰਾ ਭਰਾ ਮੈਕਸਵੈੱਲ ਫ੍ਰੈਂਡ ਦੀ ਗੱਲ ਵੱਲ ਧਿਆਨ ਦਿਓ ਜੋ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਵਿਚ ਸਿਖਲਾਈ ਦਿੰਦੇ ਸਨ। ਅੰਤਰਰਾਸ਼ਟਰੀ ਸੰਮੇਲਨ ਵਿਚ ਵਫ਼ਾਦਾਰੀ ਬਾਰੇ ਭਾਸ਼ਣ ਦਿੰਦਿਆਂ ਉਨ੍ਹਾਂ ਨੇ ਕਿਹਾ: “ਜੋ ਕੰਮ ਤੁਸੀਂ ਅੱਜ ਕਰ ਸਕਦੇ ਹੋ ਉਸ ਨੂੰ ਕੱਲ੍ਹ ’ਤੇ ਨਾ ਪਾਓ। ਕੱਲ੍ਹ ਦਾ ਕੀ ਭਰੋਸਾ ਕਿ ਤੁਸੀਂ ਜੀਉਂਦੇ ਰਹੋਗੇ ਜਾਂ ਨਹੀਂ? ਇਸ ਲਈ ਹਰ ਦਿਨ ਇਸ ਤਰ੍ਹਾਂ ਜੀਓ ਜਿਵੇਂ ਕਿ ਤੁਹਾਡੇ ਕੋਲ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਇਹੀ ਆਖ਼ਰੀ ਮੌਕਾ ਹੋਵੇ।” ਫਿਰ ਭਾਵੇਂ ਅਸੀਂ ਮਰ ਵੀ ਜਾਈਏ, ਤਾਂ ਵੀ ਅਸੀਂ ਕਹਿ ਸਕਾਂਗੇ: “ਯਹੋਵਾਹ ਮੈਂ ਆਪਣੀ ਵਫ਼ਾਦਾਰੀ ਬਣਾਈ ਰੱਖਣ, ਸ਼ੈਤਾਨ ਨੂੰ ਝੂਠਾ ਸਾਬਤ ਕਰਨ, ਤੇਰੇ ਨਾਂ ਉੱਤੇ ਲੱਗੇ ਕਲੰਕ ਨੂੰ ਮਿਟਾਉਣ ਅਤੇ ਤੇਰੇ ਰਾਜ ਦੇ ਪੱਖ ਵਿਚ ਖੜ੍ਹਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ।”
“ਮੈਂ ਆਪਣੀ ਜਾਨ ਤੇਰੇ ਹੱਥਾਂ ਵਿਚ ਸੌਂਪਦਾ ਹਾਂ”
15. ਲੂਕਾ 23:46 ਮੁਤਾਬਕ ਯਿਸੂ ਨੂੰ ਕਿਸ ਗੱਲ ਦਾ ਭਰੋਸਾ ਸੀ?
15 ਯਿਸੂ ਨੇ ਕੀ ਕਿਹਾ ਸੀ? (ਲੂਕਾ 23:46 ਪੜ੍ਹੋ।) ਯਿਸੂ ਨੇ ਪੂਰੇ ਭਰੋਸੇ ਨਾਲ ਕਿਹਾ: “ਹੇ ਪਿਤਾ, ਮੈਂ ਆਪਣੀ ਜਾਨ ਤੇਰੇ ਹੱਥਾਂ ਵਿਚ ਸੌਂਪਦਾ ਹਾਂ।” ਯਿਸੂ ਜਾਣਦਾ ਸੀ ਕਿ ਉਸ ਦਾ ਭਵਿੱਖ ਯਹੋਵਾਹ ’ਤੇ ਨਿਰਭਰ ਕਰਦਾ ਹੈ ਅਤੇ ਉਸ ਨੂੰ ਪੂਰਾ ਯਕੀਨ ਸੀ ਕਿ ਉਸ ਦਾ ਪਿਤਾ ਉਸ ਨੂੰ ਚੇਤੇ ਰੱਖੇਗਾ।
16. ਤੁਸੀਂ ਭਰਾ ਜੋਸ਼ੂਆ ਦੇ ਤਜਰਬੇ ਤੋਂ ਕੀ ਸਿੱਖਿਆ?
16 ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਯਹੋਵਾਹ ਦੇ ਹੱਥਾਂ ਵਿਚ ਆਪਣੀ ਜ਼ਿੰਦਗੀ ਸੌਂਪਣ ਲਈ ਤਿਆਰ ਰਹੋ। ਇੱਦਾਂ ਕਰਨ ਲਈ ਤੁਹਾਨੂੰ “ਆਪਣੇ ਪੂਰੇ ਦਿਲ ਨਾਲ ਯਹੋਵਾਹ ’ਤੇ ਭਰੋਸਾ” ਰੱਖਣਾ ਚਾਹੀਦਾ ਹੈ। (ਕਹਾ. 3:5) ਜ਼ਰਾ ਭਰਾ ਜੋਸ਼ੂਆ ਦੀ ਮਿਸਾਲ ’ਤੇ ਧਿਆਨ ਦਿਓ। ਜਦੋਂ ਉਹ 15 ਸਾਲ ਦਾ ਸੀ, ਤਾਂ ਉਸ ਨੂੰ ਜਾਨਲੇਵਾ ਬੀਮਾਰੀ ਸੀ। ਉਸ ਨੇ ਅਜਿਹਾ ਇਲਾਜ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਜੋ ਪਰਮੇਸ਼ੁਰ ਦੇ ਕਾਨੂੰਨਾਂ ਦੇ ਖ਼ਿਲਾਫ਼ ਸੀ। ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਆਪਣੀ ਮੰਮੀ ਨੂੰ ਕਿਹਾ: “ਮੰਮੀ, ਮੈਂ ਯਹੋਵਾਹ ਦੇ ਹੱਥਾਂ ਵਿਚ ਹਾਂ। . . . ਮੈਂ ਇਹ ਗੱਲ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ। ਮੈਨੂੰ ਪਤਾ ਯਹੋਵਾਹ ਮੈਨੂੰ ਜ਼ਰੂਰ ਦੁਬਾਰਾ ਜੀਉਂਦਾ ਕਰੇਗਾ। ਉਹ ਮੇਰੀਆਂ ਸੋਚਾਂ ਤੇ ਭਾਵਨਾਵਾਂ ਜਾਣਦਾ ਹੈ। ਉਸ ਨੂੰ ਪਤਾ ਹੈ ਕਿ ਮੈਂ ਉਸ ਨੂੰ ਦਿਲੋਂ ਪਿਆਰ ਕਰਦਾ ਹਾਂ।” * ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਜੇ ਮੇਰੀ ਨਿਹਚਾ ਦੀ ਪਰਖ ਹੁੰਦੀ ਹੈ ਅਤੇ ਮੇਰੀ ਜਾਨ ’ਤੇ ਬਣ ਆਉਂਦੀ ਹੈ, ਤਾਂ ਕੀ ਮੈਂ ਆਪਣੀ ਜ਼ਿੰਦਗੀ ਯਹੋਵਾਹ ਦੇ ਹੱਥਾਂ ਵਿਚ ਸੌਂਪਾਂਗਾ? ਕੀ ਮੈਨੂੰ ਭਰੋਸਾ ਹੈ ਕਿ ਉਹ ਮੈਨੂੰ ਯਾਦ ਰੱਖੇਗਾ?’
17-18. ਇਸ ਲੇਖ ਵਿਚ ਅਸੀਂ ਕਿਹੜੀਆਂ ਗੱਲਾਂ ਸਿੱਖੀਆਂ? (“ ਯਿਸੂ ਦੇ ਆਖ਼ਰੀ ਸ਼ਬਦਾਂ ਤੋਂ ਅਸੀਂ ਕੀ ਸਿੱਖਦੇ ਹਾਂ?” ਨਾਂ ਦੀ ਡੱਬੀ ਦੇਖੋ।)
17 ਯਿਸੂ ਦੇ ਆਖ਼ਰੀ ਸ਼ਬਦਾਂ ਤੋਂ ਅਸੀਂ ਕਿੰਨੇ ਹੀ ਜ਼ਰੂਰੀ ਸਬਕ ਸਿੱਖੇ। ਸਾਨੂੰ ਯਾਦ ਕਰਾਇਆ ਗਿਆ ਕਿ ਸਾਨੂੰ ਦੂਸਰਿਆਂ ਨੂੰ ਮਾਫ਼ ਕਰਨਾ ਚਾਹੀਦਾ ਅਤੇ ਭਰੋਸਾ ਰੱਖਣਾ ਚਾਹੀਦਾ ਕਿ ਯਹੋਵਾਹ ਸਾਨੂੰ ਮਾਫ਼ ਕਰੇਗਾ। ਇਹ ਕਿੰਨੀ ਹੀ ਖ਼ੁਸ਼ੀ ਦੀ ਗੱਲ ਹੈ ਕਿ ਸਾਨੂੰ ਮੰਡਲੀ ਵਿਚ ਅਜਿਹੇ ਭੈਣ-ਭਰਾ ਦਿੱਤੇ ਗਏ ਹਨ ਜੋ ਸਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਪਰ ਜੇ ਸਾਨੂੰ ਮਦਦ ਦੀ ਲੋੜ ਹੈ, ਤਾਂ ਸਾਨੂੰ ਖ਼ੁਦ ਦੂਸਰਿਆਂ ਕੋਲੋਂ ਮਦਦ ਮੰਗਣੀ ਚਾਹੀਦੀ ਹੈ। ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਡੇ ਉੱਤੇ ਆਉਂਦੀ ਕਿਸੇ ਵੀ ਅਜ਼ਮਾਇਸ਼ ਨੂੰ ਪਾਰ ਕਰਨ ਵਿਚ ਸਾਡੀ ਮਦਦ ਕਰੇਗਾ। ਨਾਲੇ ਅਸੀਂ ਇਹ ਵੀ ਦੇਖਿਆ ਕਿ ਅਸੀਂ ਹਰ ਦਿਨ ਨੂੰ ਆਪਣੀ ਵਫ਼ਾਦਾਰੀ ਸਾਬਤ ਕਰਨ ਦਾ ਆਖ਼ਰੀ ਦਿਨ ਸਮਝੀਏ ਅਤੇ ਭਰੋਸਾ ਰੱਖੀਏ ਕਿ ਯਹੋਵਾਹ ਦੇ ਹੱਥਾਂ ਵਿਚ ਸਾਡੀ ਜ਼ਿੰਦਗੀ ਮਹਿਫੂਜ਼ ਹੈ।
18 ਸੱਚ-ਮੁੱਚ ਤਸੀਹੇ ਦੀ ਸੂਲ਼ੀ ਉੱਤੇ ਕਹੇ ਯਿਸੂ ਦੇ ਸ਼ਬਦਾਂ ਤੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ। ਸਿੱਖੀਆਂ ਗੱਲਾਂ ਲਾਗੂ ਕਰ ਕੇ ਅਸੀਂ ਯਹੋਵਾਹ ਵੱਲੋਂ ਕਹੇ ਇਨ੍ਹਾਂ ਸ਼ਬਦਾਂ ਨੂੰ ਮੰਨ ਰਹੇ ਹੋਵਾਂਗੇ: “[ਯਿਸੂ] ਦੀ ਗੱਲ ਸੁਣੋ।”—ਮੱਤੀ 17:5.
ਗੀਤ 43 ਖ਼ਬਰਦਾਰ ਰਹੋ, ਦਲੇਰ ਬਣ
^ ਪੈਰਾ 5 ਜਿਵੇਂ ਮੱਤੀ 17:5 ਵਿਚ ਦੱਸਿਆ ਗਿਆ ਹੈ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਪੁੱਤਰ ਦੀ ਗੱਲ ਸੁਣੀਏ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਜਦੋਂ ਯਿਸੂ ਤਸੀਹੇ ਦੀ ਸੂਲ਼ੀ ਉੱਤੇ ਟੰਗਿਆ ਹੋਇਆ ਸੀ, ਤਾਂ ਉਸ ਨੇ ਜੋ ਸ਼ਬਦ ਕਹੇ, ਉਨ੍ਹਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
^ ਪੈਰਾ 9 ਇਹ ਜਾਣਨ ਲਈ ਕਿ ਯਿਸੂ ਨੇ ਜ਼ਬੂਰ 22:1 ਦੇ ਸ਼ਬਦ ਕਿਉਂ ਕਹੇ ਸਨ, ਇਸ ਅੰਕ ਵਿਚ “ਪਾਠਕਾਂ ਵੱਲੋਂ ਸਵਾਲ” ਨਾਂ ਦਾ ਲੇਖ ਦੇਖੋ।
^ ਪੈਰਾ 16 ਭਰਾ ਜੋਸ਼ੂਆ ਬਾਰੇ ਹੋਰ ਜਾਣਨ ਲਈ 22 ਜਨਵਰੀ 1995 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 11-15 ਦੇਖੋ।