Skip to content

Skip to table of contents

ਅਧਿਐਨ ਲੇਖ 17

ਗੀਤ 99 ਲੱਖਾਂ-ਲੱਖ ਭੈਣ-ਭਰਾ

ਅਸੀਂ ਇਕੱਲੇ ਨਹੀਂ ਹਾਂ

ਅਸੀਂ ਇਕੱਲੇ ਨਹੀਂ ਹਾਂ

“ਮੈਂ ਤੇਰੀ ਮਦਦ ਕਰਾਂਗਾ।”​—ਯਸਾ. 41:10.

ਕੀ ਸਿੱਖਾਂਗੇ?

ਅਸੀਂ ਚਾਰ ਤਰੀਕੇ ਦੇਖਾਂਗੇ ਜਿਨ੍ਹਾਂ ਰਾਹੀਂ ਯਹੋਵਾਹ ਸਾਡਾ ਖ਼ਿਆਲ ਰੱਖਦਾ ਹੈ।

1-2. (ੳ) ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਮੁਸ਼ਕਲਾਂ ਦੌਰਾਨ ਅਸੀਂ ਕਦੇ ਵੀ ਇਕੱਲੇ ਨਹੀਂ ਹੁੰਦੇ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

 ਜਦੋਂ ਅਸੀਂ ਅਜ਼ਮਾਇਸ਼ਾਂ ਦੇ ਤੂਫ਼ਾਨ ਵਿਚ ਫਸ ਜਾਂਦੇ ਹਾਂ, ਤਾਂ ਸ਼ਾਇਦ ਸਾਨੂੰ ਲੱਗੇ ਕਿ ਅਸੀਂ ਬਿਲਕੁਲ ਇਕੱਲੇ ਹਾਂ। ਪਰ ਅਸੀਂ ਕਦੇ ਵੀ ਇਕੱਲੇ ਨਹੀਂ ਹੁੰਦੇ, ਸਗੋਂ ਯਹੋਵਾਹ ਹਮੇਸ਼ਾ ਸਾਡੇ ਨਾਲ ਹੁੰਦਾ ਹੈ। ਸਾਡਾ ਸਵਰਗੀ ਪਿਤਾ ਸਿਰਫ਼ ਇਹੀ ਨਹੀਂ ਦੇਖਦਾ ਕਿ ਅਸੀਂ ਕਿਹੜੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਹਾਂ, ਸਗੋਂ ਉਹ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰਨ ਦਾ ਵਾਅਦਾ ਵੀ ਕਰਦਾ ਹੈ। ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਇਹ ਭਰੋਸਾ ਦਿਵਾਉਂਦਾ ਹੈ: “ਮੈਂ ਤੇਰੀ ਮਦਦ ਕਰਾਂਗਾ।”​—ਯਸਾ. 41:10.

2 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ (1) ਸਾਡੀ ਅਗਵਾਈ ਕਰ ਕੇ, (2) ਸਾਡੀਆਂ ਲੋੜਾਂ ਪੂਰੀਆਂ ਕਰ ਕੇ, (3) ਸਾਡੀ ਰੱਖਿਆ ਕਰ ਕੇ ਅਤੇ (4) ਸਾਨੂੰ ਦਿਲਾਸਾ ਦੇ ਕੇ ਕਿਵੇਂ ਸਾਡੀ ਮਦਦ ਕਰਦਾ ਹੈ। ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਚਾਹੇ ਅਸੀਂ ਜਿਹੜੀ ਮਰਜ਼ੀ ਮੁਸ਼ਕਲ ਦਾ ਸਾਮ੍ਹਣਾ ਕਰਦੇ ਹੋਈਏ, ਉਹ ਨਾ ਤਾਂ ਸਾਨੂੰ ਕਦੇ ਭੁੱਲੇਗਾ ਤੇ ਨਾ ਹੀ ਕਦੇ ਤਿਆਗੇਗਾ। ਇਸ ਲਈ ਅਸੀਂ ਕਦੇ ਵੀ ਇਕੱਲੇ ਨਹੀਂ ਹੁੰਦੇ।

ਯਹੋਵਾਹ ਸਾਡੀ ਅਗਵਾਈ ਕਰਦਾ ਹੈ

3-4. ਯਹੋਵਾਹ ਸਾਡੀ ਅਗਵਾਈ ਕਿੱਦਾਂ ਕਰਦਾ ਹੈ? (ਜ਼ਬੂਰ 48:14)

3 ਜ਼ਬੂਰ 48:14 ਪੜ੍ਹੋ। ਯਹੋਵਾਹ ਜਾਣਦਾ ਹੈ ਕਿ ਅਸੀਂ ਖ਼ੁਦ ਆਪਣੀ ਅਗਵਾਈ ਨਹੀਂ ਕਰ ਸਕਦੇ ਅਤੇ ਸਾਨੂੰ ਉਸ ਦੀ ਅਗਵਾਈ ਦੀ ਲੋੜ ਹੈ। ਤਾਂ ਫਿਰ ਅੱਜ ਉਹ ਆਪਣੇ ਵਫ਼ਾਦਾਰ ਸੇਵਕਾਂ ਦੀ ਅਗਵਾਈ ਕਿਵੇਂ ਕਰਦਾ ਹੈ? ਇਕ ਤਰੀਕਾ ਹੈ, ਬਾਈਬਲ ਰਾਹੀਂ। (ਜ਼ਬੂ. 119:105) ਆਪਣੇ ਬਚਨ ਰਾਹੀਂ ਯਹੋਵਾਹ ਅਜਿਹੇ ਫ਼ੈਸਲੇ ਕਰਨ ਅਤੇ ਉਹ ਗੁਣ ਪੈਦਾ ਕਰਨ ਵਿਚ ਸਾਡੀ ਮਦਦ ਕਰਦਾ ਹੈ ਜਿਨ੍ਹਾਂ ਨਾਲ ਅਸੀਂ ਅੱਜ ਅਤੇ ਭਵਿੱਖ ਵਿਚ ਹਮੇਸ਼ਾ ਲਈ ਖ਼ੁਸ਼ ਰਹਿ ਸਕਦੇ ਹਾਂ। a ਮਿਸਾਲ ਲਈ, ਉਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਆਪਣੇ ਦਿਲ ਵਿਚ ਨਾਰਾਜ਼ਗੀ ਨਾ ਪਾਲ਼ੀਏ, ਹਰ ਕੰਮ ਈਮਾਨਦਾਰੀ ਨਾਲ ਕਰੀਏ ਅਤੇ ਦੂਜਿਆਂ ਨਾਲ ਦਿਲੋਂ ਗੂੜ੍ਹਾ ਪਿਆਰ ਕਰੀਏ। (ਜ਼ਬੂ. 37:8; ਇਬ. 13:18; 1 ਪਤ. 1:22) ਜਦੋਂ ਅਸੀਂ ਅਜਿਹੇ ਗੁਣ ਦਿਖਾਉਂਦੇ ਹਾਂ, ਤਾਂ ਅਸੀਂ ਚੰਗੇ ਮਾਪੇ, ਚੰਗੇ ਜੀਵਨ ਸਾਥੀ ਅਤੇ ਚੰਗੇ ਦੋਸਤ ਬਣਦੇ ਹਾਂ।

4 ਇਸ ਤੋਂ ਇਲਾਵਾ, ਯਹੋਵਾਹ ਨੇ ਆਪਣੇ ਬਚਨ ਵਿਚ ਅਜਿਹੇ ਲੋਕਾਂ ਦੇ ਤਜਰਬੇ ਲਿਖਵਾਏ ਹਨ ਜਿਨ੍ਹਾਂ ਨੇ ਸਾਡੇ ਵਾਂਗ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਅਤੇ ਜਿਨ੍ਹਾਂ ਵਿਚ ਸਾਡੇ ਵਰਗੀਆਂ ਭਾਵਨਾਵਾਂ ਸਨ। (1 ਕੁਰਿੰ. 10:13; ਯਾਕੂ. 5:17) ਜਦੋਂ ਅਸੀਂ ਉਨ੍ਹਾਂ ਦੇ ਤਜਰਬੇ ਪੜ੍ਹਦੇ ਹਾਂ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਹਾਂ, ਤਾਂ ਸਾਨੂੰ ਘੱਟੋ-ਘੱਟ ਦੋ ਫ਼ਾਇਦੇ ਹੁੰਦੇ ਹਨ। ਪਹਿਲਾ, ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਇਕੱਲੇ ਨਹੀਂ ਹਾਂ। ਦੂਜਿਆਂ ਨੇ ਵੀ ਸਾਡੇ ਵਾਂਗ ਅਜ਼ਮਾਇਸ਼ਾਂ ਝੱਲੀਆਂ ਹਨ ਅਤੇ ਸਫ਼ਲ ਹੋਏ ਹਨ। (1 ਪਤ. 5:9) ਦੂਜਾ, ਅਸੀਂ ਸਿੱਖਦੇ ਹਾਂ ਕਿ ਅਸੀਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਿੱਦਾਂ ਕਰ ਸਕਦੇ ਹਾਂ।​—ਰੋਮੀ. 15:4.

5. ਯਹੋਵਾਹ ਕਿਨ੍ਹਾਂ ਰਾਹੀਂ ਸਾਡੀ ਅਗਵਾਈ ਕਰਦਾ ਹੈ?

5 ਯਹੋਵਾਹ ਭੈਣਾਂ-ਭਰਾਵਾਂ ਰਾਹੀਂ ਵੀ ਸਾਡੀ ਅਗਵਾਈ ਕਰਦਾ ਹੈ। b ਮਿਸਾਲ ਲਈ, ਸਰਕਟ ਓਵਰਸੀਅਰ ਸਾਨੂੰ ਹੌਸਲਾ ਦੇਣ ਲਈ ਬਾਕਾਇਦਾ ਮੰਡਲੀਆਂ ਦਾ ਦੌਰਾ ਕਰਦੇ ਹਨ। ਉਨ੍ਹਾਂ ਦੇ ਭਾਸ਼ਣਾਂ ਤੋਂ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਏਕਤਾ ਬਣਾਈ ਰੱਖਣ ਵਿਚ ਸਾਡੀ ਮਦਦ ਹੁੰਦੀ ਹੈ। (ਰਸੂ. 15:40–16:5) ਮੰਡਲੀ ਦੇ ਬਜ਼ੁਰਗ ਵੀ ਹਰੇਕ ਭੈਣ-ਭਰਾ ਦੀ ਯਹੋਵਾਹ ਦੇ ਨੇੜੇ ਰਹਿਣ ਵਿਚ ਮਦਦ ਕਰਦੇ ਹਨ। (1 ਪਤ. 5:2, 3) ਮਾਪੇ ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ, ਚੰਗੇ ਫ਼ੈਸਲੇ ਕਰਨੇ ਅਤੇ ਚੰਗੀਆਂ ਆਦਤਾਂ ਸਿਖਾਉਂਦੇ ਹਨ। (ਕਹਾ. 22:6) ਸਮਝਦਾਰ ਭੈਣਾਂ ਚੰਗੀ ਮਿਸਾਲ ਰੱਖ ਕੇ, ਵਧੀਆ ਸਲਾਹਾਂ ਦੇ ਕੇ ਅਤੇ ਹੌਸਲਾ ਵਧਾ ਕੇ ਹੋਰ ਭੈਣਾਂ ਦੀ ਮਦਦ ਕਰਦੀਆਂ ਹਨ।​—ਤੀਤੁ. 2:3-5.

6. ਯਹੋਵਾਹ ਦੀ ਅਗਵਾਈ ਤੋਂ ਫ਼ਾਇਦਾ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

6 ਯਹੋਵਾਹ ਨੇ ਸਾਡੀ ਅਗਵਾਈ ਕਰਨ ਲਈ ਬਹੁਤ ਕੁਝ ਕੀਤਾ ਹੈ। ਪਰ ਇਸ ਤੋਂ ਫ਼ਾਇਦਾ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ? ਕਹਾਉਤਾਂ 3:5, 6 ਕਹਿੰਦਾ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ʼਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ।” ਜਦੋਂ ਅਸੀਂ ਇੱਦਾਂ ਕਰਾਂਗੇ, ਤਾਂ ‘ਉਹ ਸਾਡੇ ਰਾਹਾਂ ਨੂੰ ਸਿੱਧਾ ਕਰੇਗਾ।’ ਇਸ ਦਾ ਮਤਲਬ ਹੈ ਕਿ ਉਸ ਦੀ ਮਦਦ ਨਾਲ ਅਸੀਂ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚ ਸਕਾਂਗੇ ਅਤੇ ਖ਼ੁਸ਼ ਰਹਿ ਸਕਾਂਗੇ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਸਾਨੂੰ ਇੰਨੀਆਂ ਵਧੀਆ ਸਲਾਹਾਂ ਦਿੰਦਾ ਹੈ!​—ਜ਼ਬੂ. 32:8.

ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ

7. ਯਹੋਵਾਹ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ? (ਫ਼ਿਲਿੱਪੀਆਂ 4:19)

7 ਫ਼ਿਲਿੱਪੀਆਂ 4:19 ਪੜ੍ਹੋ। ਸਾਡੀ ਅਗਵਾਈ ਕਰਨ ਦੇ ਨਾਲ-ਨਾਲ ਯਹੋਵਾਹ ਸਾਡੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿਚ ਵੀ ਸਾਡੀ ਮਦਦ ਕਰਦਾ ਹੈ। ਅਸੀਂ ਰੋਟੀ, ਕੱਪੜਾ ਤੇ ਮਕਾਨ ਲਈ ਜੋ ਸਖ਼ਤ ਮਿਹਨਤ ਕਰਦੇ ਹਾਂ, ਉਹ ਉਸ ʼਤੇ ਬਰਕਤ ਪਾਉਂਦਾ ਹੈ। (ਮੱਤੀ 6:33; 2 ਥੱਸ. 3:12) ਚਾਹੇ ਕਿ ਇਨ੍ਹਾਂ ਚੀਜ਼ਾਂ ਦੀ ਚਿੰਤਾ ਹੋਣੀ ਆਮ ਹੈ, ਪਰ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਨ੍ਹਾਂ ਬਾਰੇ ਹੱਦੋਂ ਵੱਧ ਚਿੰਤਾ ਨਾ ਕਰੀਏ। (ਮੱਤੀ 6:25; ਹਿੰਦੀ ਦੀ ਅਧਿਐਨ ਬਾਈਬਲ ਵਿਚ ਇਸ ਆਇਤ ਨਾਲ ਦਿੱਤਾ ਸਟੱਡੀ ਨੋਟ ਦੇਖੋ।) ਕਿਉਂ? ਕਿਉਂਕਿ ਸਾਡਾ ਪਿਤਾ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਦੇ ਵੀ ਨਹੀਂ ਤਿਆਗੇਗਾ। (ਮੱਤੀ 6:8; ਇਬ. 13:5) ਉਹ ਸਾਡੀਆਂ ਲੋੜਾਂ ਪੂਰੀਆਂ ਕਰਨ ਦਾ ਵਾਅਦਾ ਕਰਦਾ ਹੈ ਅਤੇ ਅਸੀਂ ਉਸ ਦੇ ਇਸ ਵਾਅਦੇ ʼਤੇ ਪੂਰਾ ਭਰੋਸਾ ਰੱਖ ਸਕਦੇ ਹਾਂ।

8. ਯਹੋਵਾਹ ਨੇ ਦਾਊਦ ਲਈ ਕੀ ਕੀਤਾ ਸੀ?

8 ਧਿਆਨ ਦਿਓ ਕਿ ਯਹੋਵਾਹ ਨੇ ਦਾਊਦ ਦੀ ਕਿਵੇਂ ਮਦਦ ਕੀਤੀ। ਜਦੋਂ ਦਾਊਦ ਰਾਜਾ ਸ਼ਾਊਲ ਤੋਂ ਆਪਣੀ ਜਾਨ ਬਚਾ ਕੇ ਭੱਜ ਰਿਹਾ ਸੀ, ਤਾਂ ਉਨ੍ਹਾਂ ਸਾਲਾਂ ਦੌਰਾਨ ਯਹੋਵਾਹ ਨੇ ਦਾਊਦ ਅਤੇ ਉਸ ਦੇ ਆਦਮੀਆਂ ਦੀ ਦੇਖ-ਭਾਲ ਕੀਤੀ। ਅੱਗੇ ਚੱਲ ਕੇ ਜਦੋਂ ਦਾਊਦ ਨੇ ਇਸ ਬਾਰੇ ਸੋਚਿਆ ਕਿ ਯਹੋਵਾਹ ਨੇ ਸਾਲਾਂ ਦੌਰਾਨ ਕਿਵੇਂ ਉਸ ਨੂੰ ਸੰਭਾਲਿਆ ਸੀ, ਤਾਂ ਉਸ ਨੇ ਕਿਹਾ: “ਮੈਂ ਪਹਿਲਾਂ ਜਵਾਨ ਸੀ, ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਤਾਂ ਕਦੇ ਧਰਮੀ ਨੂੰ ਤਿਆਗਿਆ ਹੋਇਆ ਅਤੇ ਨਾ ਹੀ ਉਸ ਦੇ ਬੱਚਿਆਂ ਨੂੰ ਰੋਟੀ ਲਈ ਹੱਥ ਫੈਲਾਉਂਦੇ ਦੇਖਿਆ ਹੈ।” (ਜ਼ਬੂ. 37:25) ਦਾਊਦ ਵਾਂਗ ਤੁਸੀਂ ਵੀ ਇਹ ਜ਼ਰੂਰ ਦੇਖਿਆ ਹੋਣਾ ਕਿ ਔਖੇ ਸਮੇਂ ਦੌਰਾਨ ਯਹੋਵਾਹ ਨੇ ਕਿਵੇਂ ਤੁਹਾਡੀਆਂ ਜਾਂ ਹੋਰ ਭੈਣਾਂ-ਭਰਾਵਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਸਨ।

9. ਕਿਸੇ ਆਫ਼ਤ ਦੌਰਾਨ ਯਹੋਵਾਹ ਆਪਣੇ ਲੋਕਾਂ ਦੀਆਂ ਲੋੜਾਂ ਕਿਵੇਂ ਪੂਰੀਆਂ ਕਰਦਾ ਹੈ? (ਤਸਵੀਰਾਂ ਵੀ ਦੇਖੋ।)

9 ਯਹੋਵਾਹ ਕਿਸੇ ਆਫ਼ਤ ਦੌਰਾਨ ਵੀ ਆਪਣੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਮਿਸਾਲ ਲਈ, ਪਹਿਲੀ ਸਦੀ ਵਿਚ ਜਦੋਂ ਯਰੂਸ਼ਲਮ ਵਿਚ ਕਾਲ਼ ਪਿਆ, ਤਾਂ ਹੋਰ ਥਾਵਾਂ ʼਤੇ ਰਹਿੰਦੇ ਮਸੀਹੀਆਂ ਨੇ ਯਰੂਸ਼ਲਮ ਦੇ ਭੈਣਾਂ-ਭਰਾਵਾਂ ਲਈ ਰਾਹਤ ਦਾ ਸਾਮਾਨ ਭੇਜਿਆ। (ਰਸੂ. 11:27-30; ਰੋਮੀ. 15:25, 26) ਅੱਜ ਵੀ ਜਦੋਂ ਕੋਈ ਆਫ਼ਤ ਆਉਂਦੀ ਹੈ, ਤਾਂ ਯਹੋਵਾਹ ਦੇ ਲੋਕ ਦਿਲ ਖੋਲ੍ਹ ਕੇ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ। ਯਹੋਵਾਹ ਉਨ੍ਹਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਉਨ੍ਹਾਂ ਇਲਾਕਿਆਂ ਵਿਚ ਰਹਿੰਦੇ ਭੈਣਾਂ-ਭਰਾਵਾਂ ਨੂੰ ਜ਼ਰੂਰੀ ਚੀਜ਼ਾਂ ਘੱਲਣ, ਜਿਵੇਂ ਕਿ ਖਾਣ-ਪੀਣ ਦੀ ਚੀਜ਼ਾਂ, ਕੱਪੜੇ ਤੇ ਦਵਾਈਆਂ ਵਗੈਰਾ। ਉਸਾਰੀ ਕੰਮ ਵਿਚ ਹੱਥ ਵਟਾਉਣ ਵਾਲੇ ਭੈਣ-ਭਰਾ ਕਿੰਗਡਮ ਹਾਲਾਂ ਅਤੇ ਭੈਣਾਂ-ਭਰਾਵਾਂ ਦੇ ਘਰਾਂ ਦੀ ਮੁਰੰਮਤ ਕਰਦੇ ਹਨ। ਨਾਲੇ ਆਫ਼ਤਾਂ ਦੌਰਾਨ ਜਿਨ੍ਹਾਂ ਲੋਕਾਂ ਦੇ ਆਪਣਿਆਂ ਦੀ ਮੌਤ ਹੋ ਜਾਂਦੀ ਹੈ ਜਾਂ ਜੋ ਆਪਣੇ ਘਰ-ਬਾਰ ਗੁਆ ਬੈਠਦੇ ਹਨ, ਯਹੋਵਾਹ ਦੇ ਸੇਵਕ ਉਨ੍ਹਾਂ ਨੂੰ ਬਾਈਬਲ ਤੋਂ ਦਿਲਾਸਾ ਅਤੇ ਹੌਸਲਾ ਦਿੰਦੇ ਹਨ। c

ਕਿਸੇ ਆਫ਼ਤ ਦੌਰਾਨ ਯਹੋਵਾਹ ਸਾਨੂੰ ਦਿਲਾਸਾ ਕਿਵੇਂ ਦਿੰਦਾ ਹੈ? (ਪੈਰਾ 9 ਦੇਖੋ) e


10-11. ਤੁਸੀਂ ਬੋਰਿਸ ਦੇ ਤਜਰਬੇ ਤੋਂ ਕੀ ਸਿੱਖਿਆ?

10 ਯਹੋਵਾਹ ਉਨ੍ਹਾਂ ਲੋਕਾਂ ਦੀਆਂ ਵੀ ਖੁੱਲ੍ਹੇ ਦਿਲ ਨਾਲ ਲੋੜਾਂ ਪੂਰੀਆਂ ਕਰਦਾ ਹੈ ਜੋ ਉਸ ਨੂੰ ਨਹੀਂ ਮੰਨਦੇ। ਅਸੀਂ ਵੀ ਯਹੋਵਾਹ ਦੀ ਰੀਸ ਕਰਦੇ ਹਾਂ ਅਤੇ ਉਨ੍ਹਾਂ ਲੋਕਾਂ ਦੀ ਮਦਦ ਕਰਨ ਦੇ ਮੌਕੇ ਲੱਭਦੇ ਹਾਂ ਜੋ ਯਹੋਵਾਹ ਨੂੰ ਨਹੀਂ ਮੰਨਦੇ। (ਗਲਾ. 6:10) ਇੱਦਾਂ ਕਰ ਕੇ ਅਸੀਂ ਉਨ੍ਹਾਂ ਨੂੰ ਚੰਗੀ ਗਵਾਹੀ ਦਿੰਦੇ ਹਾਂ। ਜ਼ਰਾ ਬੋਰਿਸ ਦੇ ਤਜਰਬੇ ʼਤੇ ਗੌਰ ਕਰੋ ਜੋ ਯੂਕਰੇਨ ਵਿਚ ਇਕ ਸਕੂਲ ਦਾ ਪ੍ਰਿੰਸੀਪਲ ਹੈ। ਉਹ ਯਹੋਵਾਹ ਦਾ ਗਵਾਹ ਨਹੀਂ ਹੈ। ਪਰ ਉਹ ਆਪਣੇ ਸਕੂਲ ਵਿਚ ਪੜ੍ਹਦੇ ਗਵਾਹਾਂ ਨਾਲ ਹਮੇਸ਼ਾ ਪਿਆਰ ਨਾਲ ਪੇਸ਼ ਆਉਂਦਾ ਸੀ ਅਤੇ ਉਨ੍ਹਾਂ ਦੇ ਵਿਸ਼ਵਾਸਾਂ ਦੀ ਕਦਰ ਕਰਦਾ ਸੀ। ਜਦੋਂ ਯੁੱਧ ਕਰਕੇ ਬੋਰਿਸ ਨੂੰ ਆਪਣਾ ਪਿੰਡ ਛੱਡ ਕੇ ਜਾਣਾ ਪਿਆ, ਤਾਂ ਸਾਡੇ ਭਰਾਵਾਂ ਨੇ ਇਕ ਸੁਰੱਖਿਅਤ ਜਗ੍ਹਾ ਪਹੁੰਚਣ ਵਿਚ ਉਸ ਦੀ ਮਦਦ ਕੀਤੀ। ਬਾਅਦ ਵਿਚ ਬੋਰਿਸ ਮੈਮੋਰੀਅਲ ʼਤੇ ਹਾਜ਼ਰ ਹੋਇਆ। ਭਰਾਵਾਂ ਨੇ ਜਿਸ ਤਰ੍ਹਾਂ ਉਸ ਦੀ ਮਦਦ ਕੀਤੀ, ਉਸ ਬਾਰੇ ਬੋਰਿਸ ਕਹਿੰਦਾ ਹੈ: “ਗਵਾਹ ਮੇਰੇ ਨਾਲ ਬਹੁਤ ਪਿਆਰ ਨਾਲ ਪੇਸ਼ ਆਏ ਤੇ ਉਨ੍ਹਾਂ ਨੇ ਮੇਰਾ ਬਹੁਤ ਖ਼ਿਆਲ ਰੱਖਿਆ। ਮੈਂ ਯਹੋਵਾਹ ਦੇ ਗਵਾਹਾਂ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ।”

11 ਅਸੀਂ ਵੀ ਆਪਣੇ ਦਇਆਵਾਨ ਪਿਤਾ ਦੀ ਰੀਸ ਕਰ ਸਕਦੇ ਹਾਂ। ਉਹ ਕਿਵੇਂ? ਲੋੜਵੰਦਾਂ ਲਈ ਪਿਆਰ ਦਿਖਾ ਕੇ, ਫਿਰ ਚਾਹੇ ਉਹ ਗਵਾਹ ਹੋਣ ਜਾਂ ਨਾ। (ਲੂਕਾ 6:31, 36) ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਪਿਆਰ ਦੇਖ ਕੇ ਉਹ ਵੀ ਯਹੋਵਾਹ ਬਾਰੇ ਸਿੱਖਣ ਅਤੇ ਉਸ ਦੀ ਸੇਵਾ ਕਰਨ ਲਈ ਪ੍ਰੇਰਿਤ ਹੋਣ। (1 ਪਤ. 2:12) ਪਰ ਜੇ ਉਹ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਨਾ ਵੀ ਕਰਨ, ਤਾਂ ਵੀ ਸਾਨੂੰ ਉਨ੍ਹਾਂ ਦੀ ਮਦਦ ਕਰ ਕੇ ਖ਼ੁਸ਼ੀ ਮਿਲਦੀ ਹੈ ਕਿਉਂਕਿ ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।​—ਰਸੂ. 20:35.

ਯਹੋਵਾਹ ਸਾਡੀ ਰੱਖਿਆ ਕਰਦਾ ਹੈ

12. ਯਹੋਵਾਹ ਨੇ ਇਕ ਸਮੂਹ ਵਜੋਂ ਆਪਣੇ ਲੋਕਾਂ ਦੀ ਰੱਖਿਆ ਕਰਨ ਦਾ ਕਿਹੜਾ ਵਾਅਦਾ ਕੀਤਾ ਹੈ? (ਜ਼ਬੂਰ 91:1, 2, 14)

12 ਜ਼ਬੂਰ 91:1, 2, 14 ਪੜ੍ਹੋ। ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਲੋਕਾਂ ਦੀ ਹਰ ਉਸ ਚੀਜ਼ ਤੋਂ ਰੱਖਿਆ ਕਰੇਗਾ ਜਿਸ ਕਰਕੇ ਉਸ ਨਾਲ ਉਨ੍ਹਾਂ ਦਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ। ਉਹ ਕਦੇ ਵੀ ਸ਼ੈਤਾਨ ਨੂੰ ਸ਼ੁੱਧ ਭਗਤੀ ਨੂੰ ਭ੍ਰਿਸ਼ਟ ਨਹੀਂ ਕਰਨ ਦੇਵੇਗਾ। (ਯੂਹੰ. 17:15) ਇੰਨਾ ਹੀ ਨਹੀਂ, “ਮਹਾਂਕਸ਼ਟ” ਦੌਰਾਨ ਵੀ ਯਹੋਵਾਹ ਆਪਣੇ ਲੋਕਾਂ ਦੀ ਰੱਖਿਆ ਕਰਨ ਦਾ ਆਪਣਾ ਵਾਅਦਾ ਨਿਭਾਵੇਗਾ। ਕਿਵੇਂ? ਉਹ ਉਨ੍ਹਾਂ ਦੀ ਨਿਹਚਾ ਮਜ਼ਬੂਤ ਰੱਖਣ ਵਿਚ ਮਦਦ ਕਰੇਗਾ ਅਤੇ ਇਕ ਸਮੂਹ ਵਜੋਂ ਉਨ੍ਹਾਂ ਨੂੰ ਮਿਟਣ ਨਹੀਂ ਦੇਵੇਗਾ।​—ਪ੍ਰਕਾ. 7:9, 14.

13. ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਸਾਡੇ ਵਿੱਚੋਂ ਹਰੇਕ ਦੀ ਰੱਖਿਆ ਕਰਦਾ ਹੈ?

13 ਯਹੋਵਾਹ ਸਾਡੇ ਵਿੱਚੋਂ ਹਰੇਕ ਦੀ ਰੱਖਿਆ ਕਰਦਾ ਹੈ। ਉਹ ਕਿਵੇਂ? ਬਾਈਬਲ ਦੇ ਜ਼ਰੀਏ ਯਹੋਵਾਹ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਵਿਚ ਸਾਡੀ ਮਦਦ ਕਰਦਾ ਹੈ। (ਇਬ. 5:14) ਜਦੋਂ ਅਸੀਂ ਬਾਈਬਲ ਅਸੂਲਾਂ ਮੁਤਾਬਕ ਚੱਲਦੇ ਹਾਂ, ਤਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਵਧੀਆ ਬਣਿਆ ਰਹਿੰਦਾ ਹੈ, ਸਾਡੀ ਸਿਹਤ ਚੰਗੀ ਰਹਿੰਦੀ ਹੈ ਅਤੇ ਅਸੀਂ ਖ਼ੁਸ਼ ਰਹਿੰਦੇ ਹਾਂ। (ਜ਼ਬੂ. 91:4) ਯਹੋਵਾਹ ਮੰਡਲੀ ਰਾਹੀਂ ਵੀ ਸਾਡੀ ਰੱਖਿਆ ਕਰਦਾ ਹੈ। (ਯਸਾ. 32:1, 2) ਸਾਡੇ ਭੈਣ-ਭਰਾ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਅਸੂਲਾਂ ਮੁਤਾਬਕ ਚੱਲਦੇ ਹਨ। ਇਸ ਲਈ ਜਦੋਂ ਅਸੀਂ ਸਭਾਵਾਂ, ਪ੍ਰਚਾਰ ਅਤੇ ਹੋਰ ਮੌਕਿਆਂ ʼਤੇ ਉਨ੍ਹਾਂ ਨਾਲ ਸੰਗਤ ਕਰਦੇ ਹਾਂ, ਤਾਂ ਸਾਨੂੰ ਹੌਸਲਾ ਮਿਲਦਾ ਹੈ ਅਤੇ ਬੁਰੇ ਕੰਮਾਂ ਤੋਂ ਦੂਰ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ।​—ਕਹਾ. 13:20.

14. (ੳ) ਪਰਮੇਸ਼ੁਰ ਸਾਡੇ ʼਤੇ ਮੁਸ਼ਕਲਾਂ ਕਿਉਂ ਆਉਣ ਦਿੰਦਾ ਹੈ? (ਅ) ਜ਼ਬੂਰ 9:10 ਮੁਤਾਬਕ ਅਸੀਂ ਕਿਹੜੀ ਗੱਲ ਦਾ ਪੱਕਾ ਯਕੀਨ ਰੱਖ ਸਕਦੇ ਹਾਂ? (ਫੁਟਨੋਟ ਵੀ ਦੇਖੋ।)

14 ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਕੁਝ ਮੌਕਿਆਂ ʼਤੇ ਆਪਣੇ ਸੇਵਕਾਂ ਦੀ ਜਾਨ ਬਚਾਈ। ਪਰ ਉਸ ਨੇ ਹਮੇਸ਼ਾ ਇੱਦਾਂ ਨਹੀਂ ਕੀਤਾ। ਬਾਈਬਲ ਕਹਿੰਦੀ ਹੈ ਕਿ ਕਿਸੇ ਨਾਲ “ਅਚਾਨਕ ਕੁਝ ਵੀ ਵਾਪਰ” ਸਕਦਾ ਹੈ। (ਉਪ. 9:11) ਨਾਲੇ ਯਹੋਵਾਹ ਨੇ ਸ਼ੈਤਾਨ ਨੂੰ ਝੂਠਾ ਸਾਬਤ ਕਰਨ ਲਈ ਸ਼ੁਰੂ ਤੋਂ ਲੈ ਕੇ ਹੁਣ ਤਕ ਕਈ ਵਾਰ ਆਪਣੇ ਕੁਝ ਸੇਵਕਾਂ ʼਤੇ ਅਤਿਆਚਾਰ ਹੋਣ ਦਿੱਤੇ ਹਨ ਅਤੇ ਇੱਥੋਂ ਤਕ ਕਿ ਉਨ੍ਹਾਂ ਨੂੰ ਮਰਨ ਵੀ ਦਿੱਤਾ ਹੈ। (ਅੱਯੂ. 2:4-6; ਮੱਤੀ 23:34) ਸਾਡੇ ਨਾਲ ਵੀ ਇੱਦਾਂ ਹੋ ਸਕਦਾ ਹੈ। ਸ਼ਾਇਦ ਅੱਜ ਯਹੋਵਾਹ ਸਾਡੀਆਂ ਮੁਸ਼ਕਲਾਂ ਖ਼ਤਮ ਨਾ ਕਰੇ, ਪਰ ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਉਹ ਉਸ ਨਾਲ ਪਿਆਰ ਕਰਨ ਵਾਲਿਆਂ ਨੂੰ ਕਦੇ ਨਹੀਂ ਤਿਆਗੇਗਾ। d​—ਜ਼ਬੂ. 9:10.

ਯਹੋਵਾਹ ਸਾਨੂੰ ਦਿਲਾਸਾ ਦਿੰਦਾ ਹੈ

15. ਪ੍ਰਾਰਥਨਾ, ਬਾਈਬਲ ਅਤੇ ਭੈਣਾਂ-ਭਰਾਵਾਂ ਤੋਂ ਸਾਨੂੰ ਕਿਵੇਂ ਦਿਲਾਸਾ ਮਿਲਦਾ ਹੈ? (2 ਕੁਰਿੰਥੀਆਂ 1:3, 4)

15 2 ਕੁਰਿੰਥੀਆਂ 1:3, 4 ਪੜ੍ਹੋ। ਹੋ ਸਕਦਾ ਹੈ ਕਿ ਕਦੇ-ਕਦਾਈਂ ਅਸੀਂ ਬਹੁਤ ਜ਼ਿਆਦਾ ਦੁਖੀ ਜਾਂ ਨਿਰਾਸ਼ ਹੋ ਜਾਈਏ ਜਾਂ ਫਿਰ ਸਾਨੂੰ ਚਿੰਤਾਵਾਂ ਸਤਾਉਣ ਲੱਗਣ। ਕੀ ਤੁਸੀਂ ਵੀ ਕਿਸੇ ਮੁਸ਼ਕਲ ਵਿੱਚੋਂ ਲੰਘ ਰਹੇ ਹੋ ਜਾਂ ਇਕੱਲਾਪਣ ਮਹਿਸੂਸ ਕਰ ਰਹੇ ਹੋ? ਜੇ ਹਾਂ, ਤਾਂ ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਡੇ ʼਤੇ ਜੋ ਬੀਤ ਰਹੀ ਹੈ, ਉਹ ਕੋਈ ਨਹੀਂ ਸਮਝਦਾ। ਪਰ ਯਹੋਵਾਹ ਸਮਝਦਾ ਹੈ। ਉਹ ਨਾ ਸਿਰਫ਼ ਸਾਡਾ ਦਰਦ ਸਮਝਦਾ ਹੈ, ਸਗੋਂ “ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ” ਵੀ ਦਿੰਦਾ ਹੈ। ਕਿਵੇਂ? ਜਦੋਂ ਅਸੀਂ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਤਰਲੇ ਕਰਦੇ ਹਾਂ, ਤਾਂ ਸਾਨੂੰ ‘ਪਰਮੇਸ਼ੁਰ ਦੀ ਉਹ ਸ਼ਾਂਤੀ ਮਿਲਦੀ ਹੈ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।’ (ਫ਼ਿਲਿ. 4:6, 7) ਨਾਲੇ ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ, ਉਦੋਂ ਵੀ ਸਾਨੂੰ ਦਿਲਾਸਾ ਮਿਲਦਾ ਹੈ। ਬਾਈਬਲ ਵਿਚ ਯਹੋਵਾਹ ਸਾਨੂੰ ਦੱਸਦਾ ਹੈ ਕਿ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ, ਉਹ ਸਾਨੂੰ ਬੁੱਧੀਮਾਨ ਬਣਨਾ ਸਿਖਾਉਂਦਾ ਹੈ ਅਤੇ ਸਾਨੂੰ ਇਕ ਉਮੀਦ ਦਿੰਦਾ ਹੈ। ਇਸ ਤੋਂ ਇਲਾਵਾ, ਸਾਨੂੰ ਸਭਾਵਾਂ ਵਿਚ ਜਾ ਕੇ ਵੀ ਦਿਲਾਸਾ ਮਿਲਦਾ ਹੈ। ਉੱਥੇ ਅਸੀਂ ਬਾਈਬਲ ਤੋਂ ਹੌਸਲੇ ਭਰੀਆਂ ਗੱਲਾਂ ਸਿੱਖਦੇ ਹਾਂ ਅਤੇ ਉਨ੍ਹਾਂ ਭੈਣਾਂ-ਭਰਾਵਾਂ ਨਾਲ ਸੰਗਤ ਕਰਦੇ ਹਾਂ ਜੋ ਸਾਨੂੰ ਪਿਆਰ ਕਰਦੇ ਹਨ।

16. ਤੁਸੀਂ ਨੇਥਨ ਅਤੇ ਪ੍ਰਿਸਿਲਾ ਦੇ ਤਜਰਬੇ ਤੋਂ ਕੀ ਸਿੱਖਦੇ ਹੋ?

16 ਜ਼ਰਾ ਅਮਰੀਕਾ ਵਿਚ ਰਹਿੰਦੇ ਭਰਾ ਨੇਥਨ ਅਤੇ ਉਸ ਦੀ ਪਤਨੀ ਪ੍ਰਿਸਿਲਾ ਦੇ ਤਜਰਬੇ ʼਤੇ ਗੌਰ ਕਰੋ। ਉਨ੍ਹਾਂ ਦੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿਵੇਂ ਆਪਣੇ ਬਚਨ ਰਾਹੀਂ ਸਾਨੂੰ ਹੌਸਲਾ ਤੇ ਦਿਲਾਸਾ ਦਿੰਦਾ ਹੈ। ਕੁਝ ਸਾਲ ਪਹਿਲਾਂ ਨੇਥਨ ਅਤੇ ਪ੍ਰਿਸਿਲਾ ਨੇ ਉੱਥੇ ਜਾ ਕੇ ਸੇਵਾ ਕਰਨ ਦਾ ਫ਼ੈਸਲਾ ਕੀਤਾ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਨੇਥਨ ਕਹਿੰਦਾ ਹੈ: “ਸਾਨੂੰ ਪੱਕਾ ਭਰੋਸਾ ਸੀ ਕਿ ਯਹੋਵਾਹ ਸਾਡੀ ਮਿਹਨਤ ʼਤੇ ਬਰਕਤ ਪਾਵੇਗਾ।” ਪਰ ਜਦੋਂ ਉਨ੍ਹਾਂ ਨੇ ਉਸ ਜਗ੍ਹਾ ਜਾ ਕੇ ਸੇਵਾ ਕਰਨੀ ਸ਼ੁਰੂ ਕੀਤੀ, ਤਾਂ ਅਚਾਨਕ ਹਾਲਾਤ ਬਦਲ ਗਏ। ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਲੱਗ ਪਈ ਅਤੇ ਨੌਕਰੀ ਨਾ ਮਿਲਣ ਕਰਕੇ ਉਨ੍ਹਾਂ ਲਈ ਗੁਜ਼ਾਰਾ ਤੋਰਨਾ ਵੀ ਔਖਾ ਹੋਣ ਲੱਗ ਪਿਆ। ਇਸ ਲਈ ਉਨ੍ਹਾਂ ਨੂੰ ਆਪਣੇ ਸ਼ਹਿਰ ਵਾਪਸ ਆਉਣਾ ਪਿਆ, ਪਰ ਉੱਥੇ ਵੀ ਉਨ੍ਹਾਂ ਨੂੰ ਪੈਸੇ ਦੀ ਤੰਗੀ ਝੱਲਣੀ ਪਈ। ਉਸ ਸਮੇਂ ਨੂੰ ਯਾਦ ਕਰਦਿਆਂ ਨੇਥਨ ਕਹਿੰਦਾ ਹੈ: “ਮੈਂ ਸੋਚਣ ਲੱਗ ਪਿਆ ਕਿ ਯਹੋਵਾਹ ਨੇ ਸਾਡੀ ਮਿਹਨਤ ʼਤੇ ਉੱਦਾਂ ਬਰਕਤ ਕਿਉਂ ਨਹੀਂ ਪਾਈ ਜਿੱਦਾਂ ਅਸੀਂ ਸੋਚਿਆ ਸੀ। ਮੈਨੂੰ ਲੱਗਾ ਕਿ ਸ਼ਾਇਦ ਮੇਰੇ ਤੋਂ ਹੀ ਕੋਈ ਗ਼ਲਤੀ ਹੋ ਗਈ ਹੋਣੀ।” ਪਰ ਸਮੇਂ ਦੇ ਬੀਤਣ ਨਾਲ ਨੇਥਨ ਅਤੇ ਪ੍ਰਿਸਿਲਾ ਨੂੰ ਅਹਿਸਾਸ ਹੋ ਗਿਆ ਕਿ ਯਹੋਵਾਹ ਨੇ ਉਨ੍ਹਾਂ ਨੂੰ ਤਿਆਗਿਆ ਨਹੀਂ ਸੀ। ਨੇਥਨ ਦੱਸਦਾ ਹੈ: “ਮੁਸ਼ਕਲ ਸਮਿਆਂ ਦੌਰਾਨ ਬਾਈਬਲ ਨੇ ਇਕ ਦੋਸਤ ਵਾਂਗ ਸਾਡਾ ਹੌਸਲਾ ਵਧਾਇਆ ਅਤੇ ਸਾਨੂੰ ਸੇਧ ਦਿੱਤੀ। ਜਦੋਂ ਅਸੀਂ ਆਪਣਾ ਧਿਆਨ ਮੁਸ਼ਕਲਾਂ ਦੀ ਬਜਾਇ ਇਸ ਗੱਲ ʼਤੇ ਲਾਇਆ ਕਿ ਉਸ ਸਮੇਂ ਦੌਰਾਨ ਯਹੋਵਾਹ ਨੇ ਸਾਡੀ ਕਿਵੇਂ ਮਦਦ ਕੀਤੀ ਸੀ, ਤਾਂ ਸਾਡੀ ਨਿਹਚਾ ਹੋਰ ਪੱਕੀ ਹੋ ਗਈ ਕਿ ਭਵਿੱਖ ਵਿਚ ਵੀ ਯਹੋਵਾਹ ਜ਼ਰੂਰ ਸਾਡੀ ਮਦਦ ਕਰੇਗਾ।”

17. ਭੈਣ ਹੈਲਗਾ ਨੂੰ ਦਿਲਾਸਾ ਕਿਵੇਂ ਮਿਲਿਆ? (ਤਸਵੀਰ ਵੀ ਦੇਖੋ।)

17 ਭੈਣਾਂ-ਭਰਾਵਾਂ ਰਾਹੀਂ ਵੀ ਸਾਨੂੰ ਦਿਲਾਸਾ ਮਿਲ ਸਕਦਾ ਹੈ। ਕਿਵੇਂ? ਜ਼ਰਾ ਭੈਣ ਹੈਲਗਾ ਦੇ ਤਜਰਬੇ ʼਤੇ ਗੌਰ ਕਰੋ ਜੋ ਹੰਗਰੀ ਵਿਚ ਰਹਿੰਦੀ ਹੈ। ਕਈ ਸਾਲਾਂ ਤਕ ਉਸ ਨੂੰ ਅਲੱਗ-ਅਲੱਗ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਇਸ ਕਰਕੇ ਉਹ ਬਹੁਤ ਪਰੇਸ਼ਾਨ ਰਹਿੰਦੀ ਸੀ ਅਤੇ ਉਸ ਨੂੰ ਲੱਗਦਾ ਸੀ ਕਿ ਉਹ ਕਿਸੇ ਕੰਮ ਦੀ ਨਹੀਂ ਹੈ। ਬੀਤੇ ਸਮੇਂ ਨੂੰ ਯਾਦ ਕਰਦਿਆਂ ਉਸ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਕਿਵੇਂ ਭੈਣਾਂ-ਭਰਾਵਾਂ ਰਾਹੀਂ ਉਸ ਨੂੰ ਦਿਲਾਸਾ ਦਿੱਤਾ। ਉਹ ਦੱਸਦੀ ਹੈ: “ਮੈਂ ਨੌਕਰੀ ਕਰਦੀ ਸੀ, ਆਪਣੇ ਬੀਮਾਰ ਬੱਚੇ ਦੀ ਦੇਖ-ਭਾਲ ਕਰਦੀ ਸੀ ਅਤੇ ਹੋਰ ਮੁਸ਼ਕਲਾਂ ਦਾ ਵੀ ਸਾਮ੍ਹਣਾ ਕਰਦੀ ਸੀ। ਇਸ ਕਰਕੇ ਮੈਂ ਕਈ ਵਾਰ ਹਿੰਮਤ ਹਾਰ ਜਾਂਦੀ ਸੀ। ਉਦੋਂ ਯਹੋਵਾਹ ਫਿਰ ਤੋਂ ਮੇਰੇ ਵਿਚ ਤਾਕਤ ਭਰ ਦਿੰਦਾ ਸੀ। ਪਿਛਲੇ 30 ਸਾਲਾਂ ਦੌਰਾਨ ਇੱਦਾਂ ਦਾ ਇਕ ਵੀ ਦਿਨ ਨਹੀਂ ਗਿਆ ਜਦੋਂ ਯਹੋਵਾਹ ਨੇ ਮੈਨੂੰ ਦਿਲਾਸਾ ਦੇਣ ਦਾ ਆਪਣਾ ਵਾਅਦਾ ਪੂਰਾ ਨਾ ਕੀਤਾ ਹੋਵੇ। ਉਹ ਅਕਸਰ ਭੈਣਾਂ-ਭਰਾਵਾਂ ਦੇ ਹੌਸਲੇ ਭਰੇ ਸ਼ਬਦਾਂ ਰਾਹੀਂ ਮੈਨੂੰ ਤਾਕਤ ਦਿੰਦਾ ਹੈ। ਮੈਂ ਦੇਖਿਆ ਹੈ ਕਿ ਜਦੋਂ ਮੈਂ ਬਹੁਤ ਨਿਰਾਸ਼ ਹੁੰਦੀ ਹਾਂ, ਉਦੋਂ ਕੋਈ-ਨਾ-ਕੋਈ ਭੈਣ-ਭਰਾ ਮੈਨੂੰ ਮੈਸਿਜ ਭੇਜਦਾ ਹੈ, ਕਾਰਡ ਲਿਖ ਕੇ ਦਿੰਦਾ ਹੈ ਜਾਂ ਤਾਰੀਫ਼ ਦੇ ਦੋ ਸ਼ਬਦ ਕਹਿੰਦਾ ਹੈ।”

ਯਹੋਵਾਹ ਤੁਹਾਨੂੰ ਵਰਤ ਕੇ ਦੂਜਿਆਂ ਨੂੰ ਦਿਲਾਸਾ ਕਿਵੇਂ ਦੇ ਸਕਦਾ ਹੈ? (ਪੈਰਾ 17 ਦੇਖੋ)


18. ਅਸੀਂ ਦੂਜਿਆਂ ਨੂੰ ਦਿਲਾਸਾ ਕਿਵੇਂ ਦੇ ਸਕਦੇ ਹਾਂ?

18 ਆਪਣੇ ਪਰਮੇਸ਼ੁਰ ਦੀ ਰੀਸ ਕਰਦਿਆਂ ਅਸੀਂ ਵੀ ਦੂਜਿਆਂ ਨੂੰ ਦਿਲਾਸਾ ਦੇ ਸਕਦੇ ਹਾਂ। ਇਹ ਕਿੰਨੇ ਹੀ ਸਨਮਾਨ ਦੀ ਗੱਲ ਹੈ! ਪਰ ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਅਸੀਂ ਧੀਰਜ ਨਾਲ ਦੂਜਿਆਂ ਦੀ ਗੱਲ ਸੁਣ ਸਕਦੇ ਹਾਂ, ਆਪਣੀਆਂ ਗੱਲਾਂ ਰਾਹੀਂ ਉਨ੍ਹਾਂ ਨੂੰ ਤਸੱਲੀ ਦੇ ਸਕਦੇ ਹਾਂ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਜੋ ਸਾਡੇ ਹੱਥ-ਵੱਸ ਹੋਵੇ, ਉਹ ਕਰ ਸਕਦੇ ਹਾਂ। (ਕਹਾ. 3:27) ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰੇਕ ਨੂੰ ਦਿਲਾਸਾ ਦੇਈਏ, ਉਨ੍ਹਾਂ ਨੂੰ ਵੀ ਜੋ ਪਰਮੇਸ਼ੁਰ ਦੀ ਸੇਵਾ ਨਹੀਂ ਕਰਦੇ। ਜਦੋਂ ਕੋਈ ਬਹੁਤ ਦੁਖੀ, ਬੀਮਾਰ ਜਾਂ ਪਰੇਸ਼ਾਨ ਹੁੰਦਾ ਹੈ, ਤਾਂ ਅਸੀਂ ਉਸ ਨੂੰ ਮਿਲਣ ਜਾਂਦੇ ਹਾਂ, ਉਸ ਦੀ ਗੱਲ ਸੁਣਦੇ ਹਾਂ ਅਤੇ ਬਾਈਬਲ ਵਿੱਚੋਂ ਉਸ ਨੂੰ ਹੌਸਲੇ ਭਰੀਆਂ ਗੱਲਾਂ ਦੱਸਦੇ ਹਾਂ। ਜਦੋਂ ਅਸੀਂ “ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲੇ ਪਰਮੇਸ਼ੁਰ” ਯਹੋਵਾਹ ਦੀ ਰੀਸ ਕਰਦੇ ਹਾਂ, ਤਾਂ ਅਸੀਂ ਸਿਰਫ਼ ਅਜ਼ਮਾਇਸ਼ਾਂ ਸਹਿ ਰਹੇ ਭੈਣਾਂ-ਭਰਾਵਾਂ ਦੀ ਹੀ ਮਦਦ ਨਹੀਂ ਕਰਦੇ, ਸਗੋਂ ਉਨ੍ਹਾਂ ਲੋਕਾਂ ਦੀ ਵੀ ਮਦਦ ਕਰਦੇ ਹਾਂ ਜੋ ਯਹੋਵਾਹ ਦੀ ਸੇਵਾ ਨਹੀਂ ਕਰਦੇ। ਸ਼ਾਇਦ ਉਨ੍ਹਾਂ ʼਤੇ ਇਸ ਦਾ ਚੰਗਾ ਅਸਰ ਪਵੇ ਅਤੇ ਉਹ ਯਹੋਵਾਹ ਬਾਰੇ ਸਿੱਖਣਾ ਚਾਹੁਣ।​—ਮੱਤੀ 5:16.

ਯਹੋਵਾਹ ਹਮੇਸ਼ਾ ਸਾਡੇ ਨਾਲ ਹੈ

19. ਯਹੋਵਾਹ ਸਾਡੇ ਲਈ ਕੀ ਕਰਦਾ ਹੈ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

19 ਯਹੋਵਾਹ ਉਨ੍ਹਾਂ ਦਾ ਖ਼ਾਸ ਖ਼ਿਆਲ ਰੱਖਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ। ਜਦੋਂ ਅਸੀਂ ਮੁਸ਼ਕਲਾਂ ਨਾਲ ਘਿਰੇ ਹੁੰਦੇ ਹਾਂ, ਤਾਂ ਉਹ ਸਾਨੂੰ ਤਿਆਗਦਾ ਨਹੀਂ ਹੈ। ਜਿੱਦਾਂ ਮਾਪੇ ਪਿਆਰ ਨਾਲ ਆਪਣੇ ਬੱਚਿਆ ਦਾ ਖ਼ਿਆਲ ਰੱਖਦੇ ਹਨ, ਉੱਦਾਂ ਹੀ ਯਹੋਵਾਹ ਵੀ ਆਪਣੇ ਵਫ਼ਾਦਾਰ ਸੇਵਕਾ ਦਾ ਖ਼ਿਆਲ ਰੱਖਦਾ ਹੈ। ਉਹ ਸਾਡੀ ਅਗਵਾਈ ਕਰਦਾ ਹੈ, ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ, ਸਾਡੀ ਰੱਖਿਆ ਕਰਦਾ ਹੈ ਅਤੇ ਸਾਨੂੰ ਦਿਲਾਸਾ ਦਿੰਦਾ ਹੈ। ਅਸੀਂ ਵੀ ਆਪਣੇ ਪਿਆਰ ਕਰਨ ਵਾਲੇ ਸਵਰਗੀ ਪਿਤਾ ਦੀ ਰੀਸ ਕਰ ਸਕਦੇ ਹਾਂ। ਜਦੋਂ ਦੂਜੇ ਅਜ਼ਮਾਇਸ਼ਾਂ ਵਿੱਚੋਂ ਲੰਘਦੇ ਹਨ, ਤਾਂ ਅਸੀਂ ਉਨ੍ਹਾਂ ਦਾ ਸਾਥ ਦੇ ਸਕਦੇ ਹਾਂ ਅਤੇ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹਾਂ। ਹੋ ਸਕਦਾ ਹੈ ਕਿ ਸਾਨੂੰ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇ ਜਾਂ ਕਿਸੇ ਗੱਲ ਕਰਕੇ ਅਸੀਂ ਬਹੁਤ ਨਿਰਾਸ਼ ਹੋ ਜਾਈਏ, ਪਰ ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਨਾਲ ਹੈ। ਉਸ ਨੇ ਖ਼ੁਦ ਸਾਡੇ ਨਾਲ ਇਹ ਵਾਅਦਾ ਕੀਤਾ ਹੈ: “ਨਾ ਡਰ ਕਿਉਂਕਿ ਮੈਂ ਤੇਰੇ ਅੰਗ-ਸੰਗ ਹਾਂ।” (ਯਸਾ. 41:10) ਇਹ ਆਇਤ ਪੜ੍ਹ ਕੇ ਸਾਡਾ ਭਰੋਸਾ ਕਿੰਨਾ ਪੱਕਾ ਹੁੰਦਾ ਹੈ! ਸੱਚ-ਮੁੱਚ, ਯਹੋਵਾਹ ਸਾਨੂੰ ਕਦੇ ਵੀ ਇਕੱਲਾ ਨਹੀਂ ਛੱਡੇਗਾ।

ਗੀਤ 100 ਪਰਾਹੁਣਚਾਰੀ ਕਰਦੇ ਰਹੋ

a 15 ਅਪ੍ਰੈਲ 2011 ਦੇ ਪਹਿਰਾਬੁਰਜ ਵਿਚ “ਉਹ ਫ਼ੈਸਲੇ ਕਰੋ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ” ਨਾਂ ਦਾ ਲੇਖ ਦੇਖੋ।

b ਫਰਵਰੀ 2024 ਦੇ ਪਹਿਰਾਬੁਰਜ ਵਿਚ “ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਦੇ ਰਹੋ” ਨਾਂ ਦੇ ਲੇਖ ਦੇ ਪੈਰੇ 11-14 ਦੇਖੋ।

c ਤੁਸੀਂ ਇਸ ਬਾਰੇ ਹਾਲ ਹੀ ਵਿਚ ਆਈ ਜਾਣਕਾਰੀ jw.org/pa ʼਤੇ ਪੜ੍ਹ ਸਕਦੇ ਹੋ। ਇਸ ਵੈੱਬਸਾਈਟ ʼਤੇ ਲਾਇਬ੍ਰੇਰੀ > ਲੜੀਵਾਰ ਲੇਖ > ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ? > ਵਿਸ਼ਾ > ਕੁਦਰਤੀ ਆਫ਼ਤਾਂ ਦੌਰਾਨ ਰਾਹਤ ʼਤੇ ਜਾਓ।

d ਫਰਵਰੀ 2017 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਨਾਂ ਦਾ ਲੇਖ ਦੇਖੋ।

e ਤਸਵੀਰ ਬਾਰੇ ਜਾਣਕਾਰੀ: ਮਲਾਵੀ ਵਿਚ ਕੁਦਰਤੀ ਆਫ਼ਤ ਆਉਣ ਤੋਂ ਬਾਅਦ ਭੈਣਾਂ-ਭਰਾਵਾਂ ਨੂੰ ਖਾਣ-ਪੀਣ ਅਤੇ ਹੋਰ ਜ਼ਰੂਰੀ ਚੀਜ਼ਾਂ ਦੇ ਨਾਲ-ਨਾਲ ਬਾਈਬਲ ਤੋਂ ਹੌਸਲਾ ਵੀ ਦਿੱਤਾ ਜਾ ਰਿਹਾ ਹੈ।