Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨ ਨਿੱਜੀ ਵੈੱਬਸਾਈਟ ਜਾਂ ਸੋਸ਼ਲ ਮੀਡੀਆ ’ਤੇ ਪਾਉਣ ਦੀ ਇਜਾਜ਼ਤ ਕਿਉਂ ਨਹੀਂ ਹੈ?

ਅਸੀਂ ਬਾਈਬਲ-ਆਧਾਰਿਤ ਪ੍ਰਕਾਸ਼ਨ ਮੁਫ਼ਤ ਦਿੰਦੇ ਹਾਂ। ਇਸ ਲਈ ਕੁਝ ਲੋਕ ਸੋਚਦੇ ਹਨ ਕਿ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨ ਵੈੱਬਸਾਈਟਾਂ ਜਾਂ ਸੋਸ਼ਲ ਮੀਡੀਆ ’ਤੇ ਪਾਉਣ ਵਿਚ ਕੋਈ ਹਰਜ਼ ਨਹੀਂ ਹੈ। ਪਰ ਇਸ ਤਰ੍ਹਾਂ ਕਰ ਕੇ ਉਹ ਸਾਡੀ ਵੈੱਬਸਾਈਟ ਦੀ “ਵਰਤੋਂ ਦੀਆਂ ਸ਼ਰਤਾਂ * ਦੀ ਉਲੰਘਣਾ ਕਰਦੇ ਹਨ ਅਤੇ ਇਸ ਕਰਕੇ ਕਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋਈਆਂ ਹਨ। ਇਨ੍ਹਾਂ ਸ਼ਰਤਾਂ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ “ਤੁਸੀਂ ਇਸ ਵੈੱਬਸਾਈਟ ਤੋਂ ਤਸਵੀਰਾਂ, ਇਲੈਕਟ੍ਰਾਨਿਕ ਪ੍ਰਕਾਸ਼ਨ, ਟ੍ਰੇਡਮਾਰਕ, ਸੰਗੀਤ, ਫੋਟੋਆਂ, ਵੀਡੀਓ ਜਾਂ ਲੇਖ ਇੰਟਰਨੈੱਟ (ਵੈੱਬਸਾਈਟ, ਫਾਈਲ-ਸ਼ੇਅਰਿੰਗ ਸਾਈਟ, ਵੀਡੀਓ-ਸ਼ੇਅਰਿੰਗ ਸਾਈਟ ਜਾਂ ਸੋਸ਼ਲ ਨੈੱਟਵਰਕ) ’ਤੇ ਪੋਸਟ ਨਹੀਂ ਕਰ ਸਕਦੇ।” ਇੱਦਾਂ ਕਰਨ ਦੀ ਮਨਾਹੀ ਕਿਉਂ ਹੈ?

ਸਾਡੇ ਕਾਪੀਰਾਈਟਿਡ ਪ੍ਰਕਾਸ਼ਨਾਂ ਨੂੰ ਕੋਈ ਵੀ ਵਿਅਕਤੀ ਹੋਰ ਸਾਈਟਾਂ ’ਤੇ ਪੋਸਟ ਨਹੀਂ ਕਰ ਸਕਦਾ

ਵੈੱਬਸਾਈਟ ’ਤੇ ਸਾਡੀ ਸਾਰੀ ਜਾਣਕਾਰੀ ਕਾਪੀਰਾਈਟਿਡ ਹੈ। ਯਹੋਵਾਹ ਦੇ ਗਵਾਹਾਂ ਅਤੇ ਹੋਰ ਲੋਕਾਂ ਨੂੰ ਭਰਮਾਉਣ ਲਈ ਧਰਮ-ਤਿਆਗੀ ਅਤੇ ਕੁਝ ਦੂਸਰੇ ਵਿਰੋਧੀ ਆਪਣੀ ਵੈੱਬਸਾਈਟ ’ਤੇ ਸਾਡੇ ਪ੍ਰਕਾਸ਼ਨ ਪਾਉਂਦੇ ਹਨ। ਉਹ ਆਪਣੀਆਂ ਵੈੱਬਸਾਈਟਾਂ ਦੇ ਜ਼ਰੀਏ ਲੋਕਾਂ ਦੇ ਮਨਾਂ ਵਿਚ ਸ਼ੱਕ ਪੈਦਾ ਕਰਦੇ ਹਨ। (ਜ਼ਬੂ. 26:4; ਕਹਾ. 22:5) ਕੁਝ ਲੋਕਾਂ ਨੇ ਸਾਡੇ ਪ੍ਰਕਾਸ਼ਨਾਂ ਵਿਚ ਦਿੱਤੀ ਜਾਣਕਾਰੀ ਜਾਂ jw.org ਲੋਗੋ ਨੂੰ ਮਸ਼ਹੂਰੀਆਂ ਕਰਨ, ਆਪਣਾ ਸਾਮਾਨ ਵੇਚਣ ਅਤੇ ਮੋਬਾਇਲ ਐਪ ਲਈ ਵਰਤਿਆ ਹੈ। ਕਾਪੀਰਾਈਟ ਅਤੇ ਟ੍ਰੇਡਮਾਰਕ ਹੋਣ ਕਰਕੇ ਅਸੀਂ ਕਾਨੂੰਨੀ ਤੌਰ ਤੇ ਆਪਣੇ ਪ੍ਰਕਾਸ਼ਨਾਂ ਅਤੇ ਲੋਗੋ ਦੀ ਗ਼ਲਤ ਵਰਤੋਂ ਕਰਨ ’ਤੇ ਰੋਕ ਲਾ ਸਕਦੇ ਹਾਂ। (ਕਹਾ. 27:12) ਜੇ ਅਸੀਂ ਲੋਕਾਂ, ਇੱਥੋਂ ਤਕ ਕਿ ਆਪਣੇ ਭੈਣਾਂ-ਭਰਾਵਾਂ, ਨੂੰ ਸਾਡੀ ਵੈੱਬਸਾਈਟ ’ਤੇ ਦਿੱਤੀ ਜਾਣਕਾਰੀ ਨੂੰ ਦੂਸਰੀਆਂ ਵੈੱਬਸਾਈਟਾਂ ’ਤੇ ਪਾਉਣ ਦਿੰਦੇ ਹਾਂ ਜਾਂ jw.org ਟ੍ਰੇਡਮਾਰਕ ਨੂੰ ਵਪਾਰ ਲਈ ਵਰਤਣ ਦਿੰਦੇ ਹਾਂ, ਤਾਂ ਹੋ ਸਕਦਾ ਹੈ ਕਿ ਵਿਰੋਧੀਆਂ ਅਤੇ ਵਪਾਰਕ ਅਦਾਰਿਆਂ ਵਿਰੁੱਧ ਕੀਤੀਆਂ ਸਾਡੀਆਂ ਕਾਰਵਾਈਆਂ ਦਾ ਅਦਾਲਤਾਂ ਸਮਰਥਨ ਨਾ ਕਰਨ।

jw.org ਤੋਂ ਇਲਾਵਾ ਕਿਸੇ ਹੋਰ ਵੈੱਬਸਾਈਟ ਤੋਂ ਸਾਡੇ ਪ੍ਰਕਾਸ਼ਨਾਂ ਨੂੰ ਡਾਊਨਲੋਡ ਕਰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਯਹੋਵਾਹ ਨੇ ਸਹੀ ਸਮੇਂ ਤੇ ਭੋਜਨ ਦੇਣ ਦੀ ਜ਼ਿੰਮੇਵਾਰੀ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਦਿੱਤੀ ਹੈ। (ਮੱਤੀ 24:45) ਇਹ “ਨੌਕਰ” ਪਰਮੇਸ਼ੁਰੀ ਗਿਆਨ ਦੇਣ ਲਈ ਸਿਰਫ਼ ਆਪਣੀਆਂ ਵੈੱਬਸਾਈਟਾਂ www.jw.org, tv.jw.org ਅਤੇ wol.jw.org ਹੀ ਵਰਤਦਾ ਹੈ। ਨਾਲੇ ਮੋਬਾਇਲ ਵਗੈਰਾ ’ਤੇ ਚਲਾਉਣ ਲਈ ਤਿੰਨ ਐਪ ਹਨ, JW Language®, JW Library® ਅਤੇ JW Library Sign Language®. ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਇਨ੍ਹਾਂ ਵਿਚ ਕਿਸੇ ਤਰ੍ਹਾਂ ਦੀਆਂ ਮਸ਼ਹੂਰੀਆਂ ਨਹੀਂ ਹਨ ਜਾਂ ਇਨ੍ਹਾਂ ਵਿਚ ਦਿੱਤੀ ਜਾਣਕਾਰੀ ਵਿਚ ਸ਼ੈਤਾਨ ਦੀ ਦੁਨੀਆਂ ਦੁਆਰਾ ਕਿਸੇ ਵੀ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਕੀਤੀ ਗਈ ਹੈ। ਜੇ ਪਰਮੇਸ਼ੁਰੀ ਗਿਆਨ ਕਿਸੇ ਹੋਰ ਜ਼ਰੀਏ ਰਾਹੀਂ ਲਿਆ ਜਾਂਦਾ ਹੈ, ਤਾਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਉਸ ਜਾਣਕਾਰੀ ਵਿਚ ਫੇਰ-ਬਦਲ ਜਾਂ ਮਿਲਾਵਟ ਨਾ ਕੀਤੀ ਗਈ ਹੋਵੇ।​—ਜ਼ਬੂ. 18:26; 19:8.

ਜਿਨ੍ਹਾਂ ਵੈੱਬਸਾਈਟਾਂ ’ਤੇ ਟਿੱਪਣੀਆਂ ਲਿਖੀਆਂ ਜਾ ਸਕਦੀਆਂ ਹਨ, ਉਨ੍ਹਾਂ ’ਤੇ ਸਾਡੇ ਪ੍ਰਕਾਸ਼ਨ ਪਾਉਣ ਕਰਕੇ ਧਰਮ-ਤਿਆਗੀਆਂ ਤੇ ਹੋਰ ਆਲੋਚਕਾਂ ਨੂੰ ਆਪਣੀਆਂ ਗੱਲਾਂ ਦੁਆਰਾ ਯਹੋਵਾਹ ਦੇ ਸੰਗਠਨ ਪ੍ਰਤੀ ਸ਼ੱਕ ਦੇ ਬੀ ਬੀਜਣ ਦਾ ਮੌਕਾ ਮਿਲਦਾ ਹੈ। ਕੁਝ ਭੈਣ-ਭਰਾ ਆਨ-ਲਾਈਨ ਬਹਿਸਬਾਜ਼ੀ ਵਿਚ ਹਿੱਸਾ ਲੈਂਦੇ ਹਨ ਜਿਸ ਕਰਕੇ ਯਹੋਵਾਹ ਦੇ ਨਾਂ ਦੀ ਬਦਨਾਮੀ ਹੁੰਦੀ ਹੈ। ਪਰ ਆਨ-ਲਾਈਨ ਬਹਿਸਬਾਜ਼ੀ ਉਨ੍ਹਾਂ ਲੋਕਾਂ ਨੂੰ ‘ਨਰਮਾਈ ਨਾਲ ਸਿਖਾਉਣ’ ਦਾ ਸਹੀ ਜ਼ਰੀਆ ਨਹੀਂ ਹੈ “ਜਿਹੜੇ ਉਸ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦੇ।” (2 ਤਿਮੋ. 2:23-25; 1 ਤਿਮੋ. 6:3-5) ਇਹ ਵੀ ਦੇਖਿਆ ਗਿਆ ਹੈ ਕਿ ਸੰਗਠਨ, ਪ੍ਰਬੰਧਕ ਸਭਾ ਅਤੇ ਇਸ ਦੇ ਮੈਂਬਰਾਂ ਦੇ ਨਾਂ ’ਤੇ ਝੂਠੀਆਂ ਸੋਸ਼ਲ ਸਾਈਟਾਂ ਅਤੇ ਵੈੱਬਸਾਈਟਾਂ ਬਣਾਈਆਂ ਗਈਆਂ ਹਨ। ਪਰ ਪ੍ਰਬੰਧਕ ਸਭਾ ਦੇ ਕਿਸੇ ਵੀ ਮੈਂਬਰ ਦਾ ਕੋਈ ਆਪਣਾ ਵੈੱਬ-ਪੇਜ ਨਹੀਂ ਹੈ ਤੇ ਨਾ ਹੀ ਉਹ ਕਿਸੇ ਸੋਸ਼ਲ ਸਾਈਟ ’ਤੇ ਹਨ।

“ਖ਼ੁਸ਼ ਖ਼ਬਰੀ” ਫੈਲਾਉਣ ਲਈ ਲੋਕਾਂ ਨੂੰ jw.org ਬਾਰੇ ਦੱਸੋ। (ਮੱਤੀ 24:14) ਪ੍ਰਚਾਰ ਵਿਚ ਵਰਤੇ ਜਾਣ ਵਾਲੇ ਡਿਜੀਟਲ ਔਜ਼ਾਰਾਂ ਵਿਚ ਲਗਾਤਾਰ ਨਿਖਾਰ ਲਿਆਂਦਾ ਜਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੇ ਇਨ੍ਹਾਂ ਤੋਂ ਫ਼ਾਇਦਾ ਲੈਣ। ਇਸ ਲਈ “ਵਰਤੋਂ ਦੀਆਂ ਸ਼ਰਤਾਂ” ਵਿਚ ਦੱਸਿਆ ਗਿਆ ਹੈ ਕਿ ਤੁਸੀਂ ਦੂਜਿਆਂ ਨੂੰ ਪ੍ਰਕਾਸ਼ਨ ਦੀ ਇਲੈਕਟ੍ਰਾਨਿਕ ਕਾਪੀ ਭੇਜ ਸਕਦੇ ਹੋ ਜਾਂ jw.org ’ਤੇ ਪਾਏ ਜਾਂਦੇ ਕਿਸੇ ਵੀ ਪ੍ਰਕਾਸ਼ਨ ਜਾਂ ਵੀਡੀਓ ਦਾ ਲਿੰਕ ਭੇਜ ਸਕਦੇ ਹੋ। ਜਦੋਂ ਅਸੀਂ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਆਪਣੀ ਵੈੱਬਸਾਈਟ ਬਾਰੇ ਦੱਸਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਪਰਮੇਸ਼ੁਰੀ ਗਿਆਨ ਦੇਣ ਵਾਲੇ ਇੱਕੋ-ਇਕ ਜ਼ਰੀਏ ਯਾਨੀ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨਾਲ ਜੋੜ ਰਹੇ ਹੁੰਦੇ ਹਾਂ।

^ ਪੈਰਾ 1 ਤੁਸੀਂ jw.org ਦੇ ਮੁੱਖ ਪੰਨੇ ਦੇ ਹੇਠਾਂ “ਵਰਤੋਂ ਦੀਆਂ ਸ਼ਰਤਾਂ” ਲਈ ਲਿੰਕ ਦੇਖ ਸਕਦੇ ਹੋ। ਇਹ ਸ਼ਰਤਾਂ ਵੈੱਬਸਾਈਟ ਉੱਤੇ ਦਿੱਤੀ ਹਰ ਜਾਣਕਾਰੀ ’ਤੇ ਲਾਗੂ ਹੁੰਦੀਆਂ ਹਨ।